1.
ਬੜਾ ਗੁਸਤਾਖ ਹੈ ਇਹ ਸ਼ਹਿਰ ਤੇਰਾ |
ਕਿ ਜਿਥੇ ਸਹਿਮ ਕੇ ਚੜ੍ਹਦਾ ਸਵੇਰਾ |
ਨਗਰ ਨੂੰ ਨੀਂਦ ਏਨੀ ਕਿਓਂ ਪਿਆਰੀ,
ਚਿਰਾਗੋਂ ਸਖਣਾ ਹੈ ਹਰ ਬਨੇਰਾ |
ਹਵਾ ਨੂੰ , ਵਕਤ ਨੂੰ , ਮੁਠੀ 'ਚ ਲਈਏ ,
ਕਦੇ ਵੀ ਪਰਖ ਲੈ ਸਾਡਾ ਤੂੰ ਜ਼ੇਰਾ |
ਮੁਸੀਬਤ ਨੂੰ ਕਹੀਂ ਆਵੇ ਕਦੇ ਤਾਂ ,
ਪਛਾਣਾ ਕੌਣ ਹੈ ਹਮਦਰਦ ਹੈ ਮੇਰਾ |
ਗ਼ਜ਼ਲ ਵਿਚ ਪੀੜ ਓਹੀ, ਦਰਦ ਓਹੀ ,
ਬੜਾ ਪਰ ਖੂਬ ਹੈ ਅੰਦਾਜ਼ ਤੇਰਾ |
ਤੁਸੀਂ ਸ਼ਬਦਾਂ ਨੂੰ ਪਿਛੇ ਛੱਡ ਆਏ ,
ਤੁਹਾਡੇ ਸ਼ਹਿਰ ਵਿਚ ਤਾਂ ਹੀ ਹਨੇਰਾ ।
ਬਚਾਈਂ ਡੋਰ ਤੂੰ ਸਾਹਾਂ ਦੀ "ਲੋਚੀ"
ਚੁਫੇਰੇ ਲਾ ਲਿਐ ਨਾਗਾਂ ਨੇ ਡੇਰਾ |
2.
ਰਖੀਂ ਸੰਭਾਲ ਗ਼ਜ਼ਲਾਂ |
ਹੁੰਦੀਆਂ ਕਮਾਲ ਗ਼ਜ਼ਲਾਂ |
ਜਦ ਹਾਲ ਨਾ ਕੋਈ ਪੁਛੇ ,
ਪੁਛਣ ਇਹ ਹਾਲ ਗ਼ਜ਼ਲਾਂ |
ਇਹ ਤਾਂ ਘਰਾਂ 'ਚ ਵੱਸਣ ,
ਬਾਹਰੋਂ ਨਾ ਭਾਲ ਗ਼ਜ਼ਲਾਂ |
ਹੋਰਾਂ ਦੇ ਦੇਖ ਹੰਝੂ ,
ਹੁੰਦੀਆਂ ਬੇ-ਹਾਲ ਗ਼ਜ਼ਲਾਂ |
ਸ਼ੇਅਰਾਂ 'ਚ ਮਹਿਕ , ਤਾਂ ਹੀ ,
ਫੁੱਲਾਂ ਦੀ ਡਾਲ ਗ਼ਜ਼ਲਾਂ |
ਵਿਹੜੇ 'ਚ ਬੇਟੀਆਂ ਨੇ ,
ਪਾਵਣ ਧਮਾਲ ਗਜ਼ਲਾਂ |
ਮੈਂ ਸਾਜ਼ ਹੋ ਗਿਆ ਹਾਂ ,
ਤੁਰੀਆਂ ਕੀ ਨਾਲ ਗ਼ਜ਼ਲਾਂ |
3.
ਫੁੱਲਾਂ ਦੇ ਵਿਚਕਾਰ ਕਿਤੇ ਵੀ
ਚੁਭ ਸਕਦੇ ਨੇ ਖਾਰ ਕਿਤੇ ਵੀ
ਬੰਦਿਆਂ ਵਾਂਗੂੰ ਤੋੜ ਨਿਭਾਈਂ
ਕੀਤਾ ਜੇ ਇਕਰਾਰ ਕਿਤੇ ਵੇ
ਖੁਸ਼ਬੂ-ਖੁਸ਼ਬੂ ਹੋਣਾ ਚਾਹਾਂ
ਮਿਲ ਜਾਵੀਂ ਇੱਕ ਵਾਰ ਕਿਤੇ ਵੀ
ਹਾਲੇ ਏਨੇ ਲੋਕ ਨਈਂ ਮਾੜੇ
ਮਿਲ ਸਕਦਾ ਹੈ ਪਿਆਰ ਕਿਤੇ ਵੀ
ਘਰਾਂ 'ਚ , ਦਿਲਾਂ 'ਚ ਮੇਰਿਆ ਰੱਬਾ
ਉਸਰੇ ਨਾ ਦੀਵਾਰ ਕਿਤੇ ਵੀ
ਧਰਤੀ ਵਿਗਸੇ, ਅੰਬਰ ਲਿਸ਼ਕੇ
ਲਿਸ਼ਕੇ ਨਾ ਤਲਵਾਰ ਕਿਤੇ ਵੀ
ਛੱਡ ਤੂੰ "ਲੋਚੀ" ਹਵਾ 'ਚ ਉਡਣਾ
ਪੈ ਸਕਦੀ ਹੈ ਮਾਰ ਕਿਤੇ ਵੀ