ਚੋਰ ਕੌਣ ਹੁੰਦਾ ਹੈ? ਜੋ ਕਿਸੇ ਦੀ ਕੋਈ ਚੀਜ਼, ਉਸ ਨੂੰ ਬਿਨਾ ਦੱਸੇ ਚੁੱਕ ਕੇ ਛੁਪਾ ਲਵੇ। ਛੋਟੇ ਹੁੰਦਿਆਂ ਮਨ ਵਿੱਚ ਚੋਰਾਂ ਬਾਰੇ ਇਹ ਵਿਚਾਰ ਸੀ ਕਿ ਜੋ ਕਿਸੇ ਦਾ ਰੁਪਿਆ- ਪੈਸਾ ਜਾਂ ਗਹਿਣਾ ਆਦਿ ਚੋਰੀ ਕਰੇ, ਉਹ ਚੋਰ ਹੁੰਦਾ ਹੈ। ਪਰ ਹੁਣ ਪਤਾ ਲੱਗਾ ਹੈ ਕਿ ਚੋਰ ਤਾਂ ਅਨੇਕ ਪ੍ਰਕਾਰ ਦੇ ਹੁੰਦੇ ਹਨ। ਇਹ ਦੁਨੀਆਂ ਤਾਂ ਚੋਰਾਂ ਨਾਲ ਭਰੀ ਪਈ ਹੈ। ਥਾਂ ਥਾਂ ਤੇ ਚੋਰ ਬੈਠੇ ਹਨ ਤੇ ਤੁਹਾਨੂੰ ਹਰ ਸਮੇਂ, ਹਰ ਜਗ੍ਹਾ ਇਹਨਾਂ ਚੋਰਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਇਹ ਚੋਰ ਦਿਨ ਦਿਹਾੜੇ ਡਾਕੇ ਮਾਰਦੇ ਹਨ ਤੇ ਸਾਨੂੰ ਪਤਾ ਵੀ ਨਹੀਂ ਲਗਦਾ। ਇਹਨਾਂ ਚੋਰਾਂ ਨੂੰ ਲੁਕਣ ਛਿਪਣ ਦੀ ਵੀ ਲੋੜ ਨਹੀਂ ਪੈਂਦੀ ਬਲਕਿ ਬਹੁਤੇ ਚੋਰ ਤਾਂ,ਸਾਡੇ ਸਭਨਾਂ ਦੇ ਵਿੱਚ ਹੀ ਵਿਚਰ ਰਹੇ ਹਨ ਜਾਂ ਸਾਡੇ ਆਸ ਪਾਸ ਬੜੀ ਸ਼ਾਨ ਨਾਲ ਘੁੰਮਦੇ ਰਹਿੰਦੇ ਹਨ।
ਲਓ ਸੁਣੋ- ਚੋਰਾਂ ਦੀਆਂ ਕੁੱਝ ਕਿਸਮਾਂ। ਇੱਕ ਕਿਸਮ ਦੇ ਚੋਰ ਤਾਂ ਉਹੀ ਹੁੰਦੇ ਹਨ ਜਿਹਨਾਂ ਨੂੰ ਤੁਸੀਂ ਸਾਰੇ ਜਾਣਦੇ ਹੀ ਹੋ। ਜੋ ਕਿਸੇ ਦੇ ਘਰ ਬਹੁਤਾ ਪੈਸਾ ਜਾਂ ਗਹਿਣਾ ਜਾਂ ਹੋਰ ਕੀਮਤੀ ਸਮਾਨ ਹੋਣ ਦੀ ਸੂਹ ਰੱਖਦੇ ਹਨ ਤੇ ਰਾਤ ਬਰਾਤੇ ਇਹ ਸਭ ਕੁੱਝ ਚੋਰੀ ਕਰ ਲੈਂਦੇ ਹਨ। ਕਈ ਵਾਰੀ ਮਾਲਕ ਦੇ ਜਾਗ ਜਾਣ ਜਾਂ ਵਿਰੋਧ ਕਰਨ ਤੇ aੁਸ ਦੀ ਹੱਤਿਆ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਇਹਨਾਂ ਤੋਂ ਬਚਣ ਦਾ ਤਾਂ ਇੱਕੋ ਇੱਕ ਉਪਾਅ ਹੈ ਕਿ ਘਰ ਵਿੱਚ ਪੈਸਾ ਗਹਿਣਾ ਬਹੁਤਾ ਨਾ ਰੱਖਿਆ ਜਾਵੇ। ਇਹਨਾਂ ਵਾਰਦਾਤਾਂ ਵਿੱਚ ਅਕਸਰ ਘਰ ਦੇ ਨੌਕਰ ਹੀ ਸੂਹ ਦਿੰਦੇ ਹਨ। ਸੋ ਨੌਕਰ ਕਿੰਨਾ ਵੀ ਭਰੋਸੇਮੰਦ ਕਿਉਂ ਨਾ ਹੋਵੇ, ਕਦੇ ਵੀ ਉਸ ਨੂੰ ਘਰ ਦਾ ਸਾਰਾ ਭੇਤ ਨਾ ਦੇਵੋ- ਇਸੇ ਵਿੱਚ ਹੀ ਸਿਆਣਪ ਹੈ।
ਅੱਜਕਲ ਇੱਕ ਹੋਰ ਗਰੁੱਪ ਦੇ ਚੋਰ ਵੀ ਤੁਰੇ ਫਿਰਦੇ ਹਨ- ਉਹ ਹਨ ਨਸ਼ੇ ਦੇ ਮਾਰੇ ਹੋਏ ਮੁੰਡੇ ਕੁੜੀਆਂ। ਇਹ ਆਪਣੇ ਨਸ਼ੇ ਦਾ ਝੱਸ ਪੂਰਾ ਕਰਨ ਲਈ, ਛੋਟੀਆਂ ਮੋਟੀਆਂ ਚੋਰੀਆਂ ਕਰਦੇ ਰਹਿੰਦੇ ਹਨ। ਇਹ ਜ਼ਿਆਦਾਤਰ ਸੀਨੀਅਰਜ਼ ਨੂੰ ਨਿਸ਼ਾਨਾ ਬਣਾਉਂਦੇ ਹਨ। ਪਿਛਲੇ ਮਹੀਨੇ ਦੀ ਗੱਲ ਹੈ- ਕਿ ਸੀਨੀਅਰ ਸੈਂਟਰ ਦੀ ਇੱਕ ਬੀਬੀ ਨੇ ਆ ਕੇ ਦੱਸਿਆ ਕਿ- ਉਹ ਘਰ ਤੋਂ ਪੈਦਲ ਗੁਰੁ ਘਰ ਵੱਲ ਜਾ ਰਹੀ ਸੀ, ਕਿ ਗੱਡੀ ਵਿੱਚ ਕੋਈ ਮੁੰਡਾ ਆਇਆ, ਉਸ ਦੇ ਬਰਾਬਰ ਆ ਕੇ ਗੱਡੀ ਸੜਕ ਦੇ ਕਿਨਾਰੇ ਪਾਰਕ ਕੀਤੀ ਤੇ ਤੇਜ਼ ਕਦਮੀ ਉਸ ਦੇ ਪਿੱਛੇ ਜਾ ਕੇ, ਦੋਹਾਂ ਹੱਥਾਂ ਨਾਲ ਉਸ ਦੀਆਂ ਵਾਲੀਆਂ ਖਿੱਚ ਕੇ, ਗੱਡੀ ਵਿੱਚ ਔਹ ਗਿਆ। ਉਹ ਵਿਚਾਰੀ ਰੌਲਾ ਪਾਉਂਦੀ ਹੀ ਰਹਿ ਗਈ। ਇਹ ਕਨੇਡਾ ਦਾ ਹਾਲ ਹੈ। ਸੋ ਮੇਰੀ ਆਪਣੀਆਂ ਭੈਣਾ ਨੂੰ ਬੇਨਤੀ ਹੈ- ਕਿ ਆਪਾਂ ਬਥੇਰਾ ਚਿਰ ਸੋਨਾ ਪਾ ਲਿਆ, ਹੁਣ ਨਾ ਵੀ ਪਾਇਆ ਤਾਂ ਕੁੱਝ ਘਟਣ ਨਹੀਂ ਲੱਗਾ। ਆਪਣੀ ਉਮਰ ਦੀਆਂ ਬੀਬੀਆਂ ਨੂੰ ਹੀ ਸੋਨੇ ਦਾ ਸ਼ੌਕ ਹੈ ਤੇ ਆਪਣੀ ਉਮਰ ਦੇ ਲੋਕ ਹੀ ਸੜਕਾਂ ਤੇ ਤੁਰਦੇ ਹਨ। ਨਵੀਂ ਪੀੜ੍ਹੀ ਤਾਂ, ਨਾ ਸੋਨਾ ਪਹਿਨਦੀ ਹੈ, ਤੇ ਨਾ ਹੀ ਗੱਡੀਆਂ ਤੋਂ ਹੇਠਾਂ ਪੈਰ ਲਾਹੁੰਦੀ ਹੈ। ਸੋ ੬੦ ਸਾਲ ਤੋਂ ਉੱਪਰ ਹੋ ਕੇ ਤਾਂ ਵੈਸੇ ਵੀ, ਇਸ ਤਰ੍ਹਾਂ ਦੇ ਚੋਰਾਂ ਦਾ ਮੁਕਾਬਲਾ ਕਰਨ ਦਾ ਜੁੱਸਾ ਵੀ ਨਹੀਂ ਰਹਿੰਦਾ। ਟੋਰਾਂਟੋ ਵਿਖੇ ਵੀ, ਰੇਡੀਓ ਤੇ ਵਾਰਨਿੰਗ ਦੇ ਰਹੇ ਸਨ, ਕਿ ਸ਼ਹਿਰ ਵਿੱਚ ਇੱਕ ਐਸਾ ਗਿਰੋਹ ਫਿਰ ਰਿਹਾ ਹੈ, ਜੋ ਗਰੌਸਰੀ ਆਦਿ ਕਰਨ ਬਾਅਦ, ਸੀਨੀਅਰਜ਼ ਦੇ ਕਾਰਡ ਦੇ ਕੋਡ ਭਰਨ ਦਾ ਧਿਆਨ ਰੱਖਦਾ ਹੈ ਤੇ ਫਿਰ ਕਿਸੇ ਤਰ੍ਹਾਂ ਪਰਸ ਚੋਰੀ ਕਰਕੇ, ਕਾਰਡ ਦੀ ਦੁਰਵਰਤੋਂ ਕਰਦਾ ਹੈ। ਸੋ ਸੀਨੀਅਰਜ਼ ਨੂੰ ਹਰ ਵੇਲੇ ਆਪਣੇ ਆਸ ਪਾਸ ਤੋਂ ਸੁਚੇਤ ਰਹਿਣ ਦੀ ਲੋੜ ਹੈ।
ਕੁੱਝ ਡਾਕਟਰ ਵੀ ਅੱਜਕਲ ਚੋਰੀਆਂ ਕਰ ਰਹੇ ਹਨ। ਤੁਸੀ ਹੈਰਾਨ ਹੋਵੋਗੇ- ਕਿ ਡਾਕਟਰ ਤੇ ਚੋਰ? ਜੀ ਹਾਂ- ਇਹਨਾਂ ਨੇ ਸਾਡੇ ਸਰੀਰ ਦੇ ਅੰਗਾਂ ਦੀਆਂ ਚੋਰੀਆਂ ਸ਼ੁਰੂ ਕਰ ਦਿੱਤੀਆਂ ਹਨ। ਕਈ ਡਾਕਟਰ (ਸਾਰੇ ਨਹੀਂ) ਮਰੀਜ਼ ਨੂੰ ਚੈੱਕ ਅੱਪ ਦੇ ਬਹਾਨੇ ਅੰਦਰ ਲੈ ਜਾਂਦੇ ਹਨ ਜਾਂ ਕੋਈ ਮਾਮੂਲੀ ਜਿਹੀ ਦਰਦ ਹੋਣ ਤੇ ਅਪਰੇਸ਼ਨ ਦੱਸ ਕੇ, ਅਪਰੇਸ਼ਨ ਥੀਏਟਰ ਲਿਜਾ ਕੇ ਗੁਰਦਾ ਕੱਢ ਲੈਂਦੇ ਹਨ। ਜਿਸ ਨੂੰ ਕਿਸੇ ਲੋੜਵੰਦ ਕੋਲ ਵੇਚ ਕੇ ਲੱਖਾਂ ਕਮਾ ਲੈਂਦੇ ਹਨ। ਜਿਸ ਦਾ ਪਤਾ ਮਰੀਜ਼ ਨੂੰ ਕਈ ਵਾਰੀ ਬੜੀ ਦੇਰ ਬਾਅਦ, ਕਿਸੇ ਹੋਰ ਡਾਕਟਰ ਕੋਲ ਜਾਣ ਅਤੇ ਅਲਟਰਾ ਸਾਊਂਡ ਕਰਾਉਣ ਤੋਂ ਬਾਅਦ ਲਗਦਾ ਹੈ। ਤੁਸੀਂ ਆਪ ਹੀ ਦੱਸੋ- ਕਿ ਬਿਨਾ ਦੱਸੇ ਕਿਸੇ ਦੇ ਸਰੀਰ ਦਾ ਅੰਗ ਕੱਢ ਲੈਣਾ- ਕੀ ਇਹ ਚੋਰੀ ਨਹੀਂ? ਇੱਧਰ ਦਾ ਅਜੇ ਮੈਂਨੂੰ ਬਹੁਤਾ ਪਤਾ ਨਹੀਂ- ਇੰਡੀਆ ਵਿੱਚ ਤਾਂ ਕਈ ਸਕੈਂਡਲ ਇਸ ਤਰ੍ਹਾਂ ਦੇ ਹੋਏ ਹਨ। ਡਾਕਟਰ ਤਾਂ ਰੱਬ ਦਾ ਰੂਪ ਹੁੰਦੇ ਹਨ- ਪਰ ਇਸ ਤਰ੍ਹਾਂ ਦੀਆਂ ਘਟਨਾਵਾਂ ਕਾਰਨ, ਹੁਣ ਤਾਂ ਇਹ ਵੀ ਚੋਰਾਂ ਦੀ ਸ਼੍ਰੇਣੀ ਵਿੱਚ ਸ਼ਾਮਲ ਹੋ ਗਏ ਹਨ।
ਸਾਹਿਤਕਾਰਾਂ ਬਾਰੇ ਤੁਹਾਡਾ ਕੀ ਖਿਆਲ ਹੈ? ਇਹ ਸਮਾਜ ਨੂੰ ਸੇਧ ਦੇਣ ਵਾਲੇ ਵਿਦਵਾਨ, ਬੁੱਧੀਜੀਵੀ ਲੋਕ ਤਾਂ ਚੋਰ ਨਹੀਂ ਹੋ ਸਕਦੇ ਨਾ! ਮੈਂ ਵੀ ਇਹੀ ਸੋਚਦੀ ਹੁੰਦੀ ਸੀ। ਪਰ ਕੁੱਝ ਇੱਕ ਸਾਲਾਂ ਤੋਂ ਸਾਹਿਤਕਾਰਾਂ ਵਿੱਚ ਵਿਚਰਨ ਤੇ ਪਤਾ ਲੱਗਾ ਕਿ ਇਹਨਾਂ ਵਿੱਚ ਵੀ ਕੁੱਝ (ਸਾਰੇ ਨਹੀਂ) ਅਜੇਹੇ ਲੇਖਕ ਹਨ- ਜੋ ਕਿਸੇ ਦੀ ਕਵਿਤਾ, ਕਹਾਣੀ ਜਾਂ ਲੇਖ, ਗੀਤ ਆਦਿ ਚੁਰਾ ਕੇ ਆਪਣਾ ਨਾਮ ਲਾ ਲੈਂਦੇ ਹਨ। ਇੱਕ ਵਾਰੀ ਇੱਕ ਸਾਹਿਤ ਸਭਾ ਵਿੱਚ, ਇੱਕ ਹੰਢੇ ਵਰਤੇ ਹੋਏ ਸਾਹਿਤਕਾਰ ਦੇ ਮੂੰਹੋਂ ਸੁਣਿਆਂ- "ਇਹ ਕਵਿਤਾ ਫਲਾਣੇ ਦੀ ਸੀ, ਪਰ ਫਲਾਣੇ ਨੇ ਆਪਣੇ ਨਾਮ ਤੇ ਛਪਾ ਲਈ" ਤਾਂ ਮੈਂ ਹੈਰਾਨ ਹੋ ਕੇ ਪੁੱਛਿਆ, "ਕੀ ਲਿਖਤਾਂ ਵੀ ਚੋਰੀ ਹੋ ਜਾਂਦੀਆਂ ਹਨ?" "ਸਾਹਿਤਕਾਰਾਂ ਨੇ ਹੋਰ ਕੀ ਚੋਰੀ ਕਰਨਾ ਹੈ, ਮੈਡਮ?" ਉਹ ਕਹਿਣ ਲੱਗੇ। ਨਾਲ ਹੀ ਉਹਨਾਂ ਹੋਰ ਵੀ ਕਈ ਲਿਖਤਾਂ ਦੀ ਚੋਰੀ ਬਾਰੇ ਚਾਨਣਾ ਪਾ ਦਿੱਤਾ।
ਕੁੱਝ ਦਿਨ ਪਹਿਲਾਂ ਦੀ ਗੱਲ ਹੈ, ਕਿ ਮੇਰੇ ਇੱਕ ਪਾਠਕ ਨੇ ਫੋਨ ਕੀਤਾ ਜੋ ਕਿਸੇ ਅਖਬਾਰ ਦਾ ਪੱਤਰਕਾਰ ਵੀ ਸੀ- ਉਸਨੇ ਮੇਰੀ ਕੋਈ ਕਵਿਤਾ ਇੰਡੀਆ ਦੇ ਕਿਸੇ ਪੇਪਰ ਵਿੱਚ ਪੜ੍ਹੀ ਸੀ। ਪ੍ਰਸ਼ੰਸਾ ਦੇ ਨਾਲ ਉਸਨੇ, ਉਸੇ ਵਿਸ਼ੇ ਤੇ ਆਪਣੀਆਂ ਲਿਖੀਆਂ ਕੁੱਝ ਸਤਰਾਂ ਵੀ ਸੁਣਾ ਦਿੱਤੀਆਂ। "ਤੁਸੀਂ ਤਾਂ ਕਮਾਲ ਦੇ ਸ਼ਾਇਰ ਹੋ, ਕੋਈ ਕਿਤਾਬ ਹੈ ਤੁਹਾਡੀ?" ਮੈਂ ਉਤਸੁਕਤਾ ਨਾਲ ਪੁੱਛਿਆ। "ਸ਼ਾਇਰੀ ਤਾਂ ਕਰਦਾ ਸਾਂ ਪਰ ਹੁਣ ਛੱਡ ਦਿੱਤੀ ਹੈ" ਉਹ ਉਦਾਸ ਹੋ ਕੇ ਕਹਿਣ ਲੱਗੇ। "ਕਿਉਂ ਕੀ ਗੱਲ ਹੋ ਗਈ?" ਮੈਂ ਫੇਰ ਪੁੱਛਿਆ। "ਕੀ ਦੱਸਾਂ ਮੈਡਮ- ਮੈਂ ਬੜੇ ਸ਼ੌਕ ਨਾਲ ਇੱਕ ਕਿਤਾਬ ਦਾ ਖਰੜਾ ਤਿਆਰ ਕੀਤਾ, ਤੇ ਇੱਕ ਮਹਾਨ ਸਾਹਿਤਕਾਰ ਨੂੰ ਨਿਗ੍ਹਾ ਮਾਰਨ ਤੇ ਮੁੱਖ ਬੰਦ ਲਿਖਣ ਲਈ ਦੇ ਦਿੱਤਾ। ਉਸ ਨੇ ਉਸ ਖਰੜੇ ਦੀ ਆਪਣੀ ਕਿਤਾਬ ਛਪਾ ਲਈ। ਸੋ ਮੇਰਾ ਤਾਂ ਹੁਣ ਦਿੱਲ ਹੀ ਟੁੱਟ ਗਿਆ ਹੈ- ਕੁੱਝ ਲਿਖਣ ਨੂੰ ਦਿੱਲ ਹੀ ਨਹੀਂ ਕਰਦਾ।" ਉਸ ਦੀ ਗੱਲ ਸੁਣ ਕੇ ਮੇਰੇ ਤਾਂ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। "ਸਾਡੇ ਸਾਹਿਤਕਾਰਾਂ ਨੂੰ ਭਲਾ ਇਹੋ ਜਿਹੇ ਨੀਚ ਕਾਰਜ ਸੋਭਦੇ ਹਨ? ਕਿਸੇ ਦੀ ਸਾਲਾਂ ਦੀ ਕਮਾਈ ਨੂੰ ਇਸ ਤਰ੍ਹਾਂ ਹੜੱਪ ਲੈਣਾ- ਕਿਸੇ ਦਾ ਦਿੱਲ ਤੋੜ ਕੇ ਆਪਣੀ ਵਾਹਵਾ ਕਰਾਉਣੀ- ਕਿੱਥੋਂ ਦੀ ਸਿਆਣਪ ਹੈ, ਇਸ ਚੋਰੀ ਵਿੱਚ?" ਮੈਂ ਕਈ ਦਿਨ ਸੋਚਦੀ ਰਹੀ।
ਸਰਮਾਏਦਾਰ ਤੇ ਵਪਾਰੀ ਵੀ ਘੱਟ ਚੋਰ ਨਹੀਂ ਹੁੰਦੇ। ਇਹ ਟੈਕਸ ਦੀ ਚੋਰੀ ਕਰਦੇ ਹਨ। ਅਪਣੀ ਆਮਦਨ ਨੂੰ ਹਰ ਵੇਲੇ ਲੁਕਾਉਣ ਦੀ ਕੋਸ਼ਿਸ਼ ਵਿੱਚ ਲੱਗੇ ਰਹਿੰਦੇ ਹਨ। ਜੇ ਇਹ ਲੋਕ ਆਪਣੀ ਕਮਾਈ ਦਾ ਪੂਰਾ ਹਿਸਾਬ ਕਿਤਾਬ ਦਿਖਾਣ ਤਾਂ ਇਹਨਾਂ ਦਾ ਸਰਕਾਰ ਨੂੰ ਦੇਣ ਵਾਲਾ ਟੈਕਸ ਹੀ, ਲੱਖਾਂ ਕ੍ਰੋੜਾਂ ਬਣ ਜਾਵੇ। ਸੋ ਟੈਕਸ ਤੋਂ ਬਚਣ ਲਈ, ਇਹ ਲੋਕ ਵੀ ਕਈ ਪਾਪੜ ਵੇਲਦੇ ਹਨ। ਸਾਡੇ ਦੇਸ਼ ਦੇ ਮਾਲਕ, ਵੀ ਕਈ ਵਾਰੀ ਚੋਰ ਦੀ ਭੂਮਿਕਾ ਹੀ ਨਿਭਾਉਂਦੇ ਹਨ। ਉਹ ਦੇਸ਼ ਦਾ ਕੀਮਤੀ ਸਰਮਾਇਆ ਵਿਦੇਸ਼ੀ ਕੰਪਨੀਆਂ ਦੀ ਭੇਟ ਚੜ੍ਹਾ ਦਿੰਦੇ ਹਨ। ਦੇਸ਼ ਦੇ ਅਮੀਰ ਕੁਦਰਤੀ ਸੋਮਿਆਂ ਦੀ ਦੁਰਵਰਤੋਂ ਕਰਦੇ ਹਨ। ਵਿਦੇਸ਼ੀ ਕੰਪਨੀਆਂ ਵਪਾਰ ਦੇ ਬਹਾਨੇ ਦੇਸ਼ ਦੀ ਲੁੱਟ ਖਸੁੱਟ ਕਰਦੀਆਂ ਹਨ। ਇਸ ਚੋਰੀ ਦਾ ਖਮਿਆਜ਼ਾ ਪੂਰੇ ਦੇਸ਼ ਨੂੰ ਭੁਗਤਣਾ ਪੈਂਦਾ ਹੈ। ਕਦੇ ਸਾਡਾ ਦੇਸ਼ ਸੋਨੇ ਦੀ ਚਿੜੀ ਹੁੰਦਾ ਸੀ- ਪਰ ਇਹਨਾਂ ਚੋਰਾਂ ਨੇ ਰਲ਼ ਕੇ ਇਸ ਨੂੰ ਹੁਣ ਆਟੇ ਦੀ ਚਿੜੀ ਵੀ ਨਹੀਂ ਰਹਿਣ ਦਿੱਤਾ। ਭ੍ਰਿਸ਼ਟਾਚਾਰ ਦੀ ਨੀਂਹ ਵੀ ਤਾਂ ਚੋਰੀ ਤੇ ਹੀ ਰੱਖੀ ਜਾਂਦੀ ਹੈ। ਕੋਈ ਚੋਰੀ ਛੁਪੇ ਦਿੰਦਾ ਹੈ ਤੇ ਕੋਈ ਲੁਕ ਛਿਪ ਕੇ ਲੈਂਦਾ ਹੈ। ਜੇ ਕਿਤੇ ਲੈਣ ਵਾਲਾ ਜਾਂ ਦੇਣ ਵਾਲਾ ਇਸ ਚੋਰੀ ਦੇ ਅੰਜ਼ਾਮ ਤੋਂ ਭੈਅ ਖਾਵੇ, ਤਾਂ ਇਹ ਜੁਰਮ ਵੀ ਰੁਕ ਸਕਦਾ ਹੈ।
ਪਤਾ ਲੱਗਾ ਹੈ ਕਿ ਇਸ ਮੁਲਕ ਵਿੱਚ ਵੀ ਸਾਡੇ ਲੋਕ, ਟੈਕਸ ਦੀ ਚੋਰੀ ਕਰਨ ਤੋਂ ਬਾਜ ਨਹੀਂ ਆਉਂਦੇ। ਟੈਕਸ ਤੋਂ ਬਚਣ ਲਈ ਤਰ੍ਹਾਂ ਤਰ੍ਹਾਂ ਦੇ ਪਾਪੜ ਵੇਲਦੇ ਹਨ। ਪਰ ਇਥੇ ਤਾਂ ਸਰਕਾਰ ਜੇ ਟੈਕਸ ਕੱਟਦੀ ਹੈ ਤਾਂ ਉਹ ਆਪਣੇ ਨਾਗਰਿਕਾਂ ਨੂੰ ਸੁੱਖ ਸਹੂਲਤਾਂ ਵੀ ਤਾਂ ਪ੍ਰਦਾਨ ਕਰਦੀ ਹੀ ਹੈ ਨਾ! ਮੁਫ਼ਤ ਸੇਹਤ ਸੇਵਾਵਾਂ, ਮੁਫ਼ਤ ਸਕੂਲ ਦੀ ਬੱਚਿਆਂ ਦੀ ਪੜ੍ਹਾਈ ਤੇ ਸੀਨੀਅਰਜ਼ ਲਈ ਵੀ ਢੇਰ ਸਾਰੀਆਂ ਸੇਵਾਵਾਂ- ਇਹ ਸਭ ਲੋਕਾਂ ਦੇ ਟੈਕਸ ਦੇਣ ਨਾਲ ਹੀ ਚਲਦੀਆਂ ਹਨ। ਸੋ ਮੇਰਾ ਖਿਆਲ ਹੈ ਕਿ ਜੇਕਰ ਅਸੀਂ, ਇਹ ਸਾਰੇ ਲਾਭ ਲੈਣ ਦੇ ਹੱਕਦਾਰ ਹਾਂ, ਤਾਂ ਸਾਨੂੰ ਟੈਕਸ ਦੇਣ ਦਾ ਫਰਜ਼ ਵੀ ਇਮਾਨਦਾਰੀ ਨਾਲ ਨਿਭਾਉਣ ਦੀ ਲੋੜ ਹੈ।
ਅੱਜਕਲ ਬੱਚਿਆਂ ਦੀ ਚੋਰੀ ਦਾ ਪੇਸ਼ਾ ਵੀ ਕੁੱਝ ਚੋਰਾਂ ਨੇ ਅਪਣਾਇਆ ਹੋਇਆ ਹੈ। ਕਿਸੇ ਦਾ ਬੱਚਾ 'ਕੱਲਾ ਦੁਕੱਲਾ ਦੇਖ ਕੇ ਅਗਵਾ ਕਰ ਲੈਣਾ- ਤੇ ਫਿਰ ਮਾਪਿਆਂ ਤੋਂ ਮੋਟੀ ਰਕਮ ਵਸੂਲਣਾ- ਇਹਨਾਂ ਦਾ ਕਿੱਤਾ ਹੈ। ਸੋ ਕੋਸ਼ਿਸ਼ ਕਰੋ ਕਿ ਛੋਟੇ ਬੱਚੇ ਨੂੰ ਕਿਸੇ ਅਨਜਾਣ ਜਾਂ ਸੁੰਨਸਾਨ ਜਗ੍ਹਾ ਤੇ ਇਕੱਲੇ ਨਾ ਛੱਡਿਆ ਜਾਵੇ। ਕਿਧਰੇ ਵੀ ਜਾਓ, ਬੱਚੇ ਦਾ ਪੂਰਾ ਧਿਆਨ ਰੱਖੋ।
ਸਾਡੇ ਵਿਦਿਆਰਥੀਆਂ ਵਿੱਚ ਵੀ ਚੋਰੀ ਦੀ ਆਦਤ ਹੈ। ਉਹ ਦੂਜੇ ਦਾ ਉੱਤਰ ਚੋਰੀ ਕਰ ਲੈਂਦੇ ਹਨ- ਭਾਵ ਨਕਲ ਕਰਦੇ ਹਨ। ਬਚਪਨ ਵਿੱਚ ਸੁਣਿਆਂ ਹੋਇਆ ਹੈ ਕਿ- ਵਿਦਿਆ ਐਸਾ ਧਨ ਹੈ ਜਿਸ ਨੂੰ ਕੋਈ ਚੁਰਾ ਨਹੀਂ ਸਕਦਾ। ਪਰ ਕਈ ਵਾਰੀ ਵਿਦਿਆਰਥੀਆਂ ਦੇ ਰਿਜ਼ਲਟ ਦੇ ਐਸੇ ਕੇਸ ਵੀ ਸੁਣੇ ਹਨ ਕਿ ਇੱਕ ਹੁਸ਼ਿਆਰ ਵਿਦਿਆਰਥੀ ਫੇਲ੍ਹ ਹੋ ਜਾਂਦਾ ਹੈ ਜਦ ਕਿ ਉਸੇ ਨਾਮ ਦਾ ਨਲਾਇਕ, ਚੰਗੇ ਨੰਬਰ ਲੈ ਕੇ ਪਾਸ ਹੁੰਦਾ ਹੈ। ਇਨਕੁਆਰੀ ਕਰਨ ਤੇ ਪਤਾ ਲੱਗਦਾ ਹੈ ਕਿ ਇੱਕੋ ਜਿਹੇ ਨਾਵਾਂ ਦੇ ਰਿਜ਼ਲਟ ਪੈਸੇ ਲੈ ਕੇ ਬਦਲ ਦਿੱਤੇ ਜਾਂਦੇ ਹਨ। ਇਹ ਮੇਹਨਤੀ ਵਿਦਿਆਰਥੀ ਨਾਲ ਤਾਂ ਧੋਖਾ ਹੀ ਹੋਇਆ ਨਾ- ਜਿਸ ਦੇ ਪ੍ਰਾਪਤ ਅੰਕ ਹੀ ਚੋਰੀ ਹੋ ਗਏ। ਇਸੇ ਤਰ੍ਹਾਂ ਜਾਅਲੀ ਡਿਗਰੀਆਂ ਦੇਣੀਆਂ ਵੀ ਤਾਂ, ਚੋਰੀ ਦਾ ਮਾਲ ਹੀ ਹੁੰਦਾ ਹੈ।
ਸਾਰੇ ਮਹਿਕਮਿਆਂ ਵਿੱਚ ਬਹੁਤ ਸਾਰੇ ਮੁਲਾਜ਼ਮ ਵੀ ਚੋਰ ਹੁੰਦੇ ਹਨ। ਪਤਾ ਕਿਹੜੇ ਚੋਰ..? -ਕੰਮ ਚੋਰ। ਜੋ ਕੰਮ ਦੇ ਸਮੇਂ ਵਿੱਚ ਈਮਾਨਦਾਰੀ ਨਾਲ ਕੰਮ ਨਹੀਂ ਕਰਦੇ- ਸਗੋਂ ਟਾਈਮ ਪਾਸ ਕਰਦੇ ਹਨ। ਕਈ ਵਾਰੀ, ਬਿਨਾ ਵਜ੍ਹਾ ਬੌਸ ਦੀਆਂ ਝਿੜਕਾਂ, ਜਾਂ ਅਚਾਨਕ ਨੌਕਰੀ ਤੋਂ ਕੱਢ ਦੇਣ ਨਾਲ, ਜਾਂ ਕਿਸੇ ਵਲੋਂ ਦਿੱਲ ਦੁਖਾਉਣ ਵਾਲੀ ਕਹੀ ਹੋਈ ਕੋਈ ਗੱਲ ਵੀ- ਸਾਡੇ ਮਨ ਦਾ ਚੈਨ ਚੁਰਾ ਲੈਂਦੀ ਹੈ। ਵੈਸੇ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਤੇ ਸਾਡੇ ਮਨ ਦੀ ਸ਼ਾਂਤੀ ਨੂੰ ਚੁਰਾਉਣ ਵਾਲੇ ਚੋਰ ਤਾਂ ਸਾਨੂੰ - ਘਰ ਪਰਿਵਾਰ, ਰਿਸ਼ਤੇਦਾਰੀ, ਸਮਾਜ ਤੇ ਦੇਸ਼ ਵਿਦੇਸ਼ ਵਿੱਚ, ਹਰ ਥਾਂ ਮਿਲ ਜਾਂਦੇ ਹਨ।
ਚਲੋ ਬਾਕੀ ਚੋਰਾਂ ਦੀ ਪਛਾਣ ਤੁਸੀਂ ਆਪ ਕਰ ਲੈਣਾ! ਹੁਣ ਮੈਂ ਚੋਰਾਂ ਨਾਲ ਵੀ ਇੱਕ ਗੱਲ ਕਰ ਲਵਾਂ। ਮੈਂ ਪੁੱਛਦੀ ਹਾਂ ਇਹਨਾਂ ਸਾਰਿਆਂ ਤੋਂ- ਕਿ ਤੁਸੀਂ ਇਹ ਚੋਰੀਆਂ, ਲੋਕਾਂ ਤੋਂ ਨਜ਼ਰਾਂ ਬਚਾ ਕੇ ਜਾਂ ਜ਼ਮੀਰ ਦੀ ਆਵਾਜ਼ ਨੂੰ ਦਬਾ ਕੇ ਕਰਦੇ ਹੋ। ਪਰ ਕੀ ਕਦੇ ਸੋਚਿਆ ਹੈ- ਕਿ ਜੋ ਸਾਡੇ ਤੁਹਾਡੇ ਅੰਦਰ ਬੈਠਾ ਹੈ, ਉਸ ਤੋਂ ਕੁੱਝ ਨਹੀਂ ਲੁਕਾ ਸਕਦੇ, ਉਹ ਪਲ ਪਲ ਦੇ ਕੀਤੇ ਕਰਮਾਂ ਦਾ ਹਿਸਾਬ ਰੱਖਦਾ ਹੈ। ਉਸ ਨੇ ਇਹਨਾਂ ਕੀਤੇ ਕਰਮਾਂ ਦਾ ਲੇਖਾ ਜੋਖਾ ਵੀ ਮੰਗਣਾ ਹੈ। ਉਹ ਤੁਹਾਡੀ ਜ਼ਮੀਰ ਰਾਹੀਂ, ਤੁਹਾਨੂੰ ਹਰ ਤਰ੍ਹਾਂ ਦੀ ਚੋਰੀ ਕਰਨ ਤੋਂ ਰੋਕਣ ਦਾ ਯਤਨ ਕਰਦਾ ਹੈ- ਪਰ ਤੁਹਾਡਾ ਸ਼ੈਤਾਨ ਮਨ ਇਸ ਆਵਾਜ਼ ਨੂੰ ਦਬਾ ਦਿੰਦਾ ਹੈ। ਤੁਸੀਂ ਕਿਸ ਦੇ ਆਖੇ ਲੱਗਣਾ ਹੈ - ਇਸ ਸ਼ੈਤਾਨ ਮਨ ਦੇ ਜਾਂ ਆਪਣੀ ਜ਼ਮੀਰ ਦੇ?- ਫੈਸਲਾ ਤੁਹਾਡੇ ਹੱਥ ਹੈ।