ਸਭ ਰੰਗ

  •    ਮਾਈਆਂ ਰੱਬ ਰਜਾਈਆਂ / ਕਰਨ ਬਰਾੜ (ਲੇਖ )
  •    ਰੱਬ ਬਚਾਵੇ ਇਹਨਾਂ ਚੋਰਾਂ ਤੋਂ / ਗੁਰਦੀਸ਼ ਗਰੇਵਾਲ (ਲੇਖ )
  •    ਚੰਗੇ ਵਿਚਾਰਾਂ ਵਾਲੇ ਦੋਸਤਾਂ ਦੀ ਸੰਗਤ / ਮਨਜੀਤ ਤਿਆਗੀ (ਲੇਖ )
  •    ਸ਼ੇਰ ਸਿੰਘ ਕੰਵਲ ਵਿਚਾਰਧਾਰਾ ਤੇ ਮੂਲ ਪਾਠ / ਨਿਰੰਜਨ ਬੋਹਾ (ਪੁਸਤਕ ਪੜਚੋਲ )
  •    ਸਿਰਜਣਹਾਰੀਆਂ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਫ਼ਰਜ਼ ਤੇ ਅਧਿਕਾਰ / ਹਰਮਿੰਦਰ ਸਿੰਘ 'ਭੱਟ' (ਲੇਖ )
  •    ਛੁੱਟੀਆਂ - ਮੌਜ ਮਸਤੀ ਜਾਂ ਮਜਬੂਰੀ? / ਜੱਗਾ ਸਿੰਘ (ਲੇਖ )
  •    ਵਧ ਰਹੀ ਆਲਮੀ ਤਪਸ਼ / ਦਲਵੀਰ ਸਿੰਘ ਲੁਧਿਆਣਵੀ (ਲੇਖ )
  •    ਸਮਾਜਿਕ ਕਦਰਾਂ ਕੀਮਤਾਂ ਨਾਲ ਲਬਰੇਜ਼ - ਕਾਗਜ਼ / ਵਰਿੰਦਰ ਅਜ਼ਾਦ (ਪੁਸਤਕ ਪੜਚੋਲ )
  •    ਥੱਕੇ ਹੋਏ ਦਿਲ ਆਰਾਮ ਕਰ / ਹਰਬੀਰ ਸਿੰਘ ਭੰਵਰ (ਲੇਖ )
  •    ਜਨਮ-ਮਰਨ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗੁਰੂ ਗ੍ਰੰਥ ਸਾਹਿਬ ਜੀ ਦੇ ਭੱਟ / ਹਰਸਿਮਰਨ ਕੌਰ (ਲੇਖ )
  •    ਪੰਜਾਬੀ ਸਾਹਿਤ ਦੇ 'ਸਰਕਾਰੀ' ਸਲਾਹਕਾਰ / ਮਿੱਤਰ ਸੈਨ ਮੀਤ (ਲੇਖ )
  • ਚੰਗੇ ਵਿਚਾਰਾਂ ਵਾਲੇ ਦੋਸਤਾਂ ਦੀ ਸੰਗਤ (ਲੇਖ )

    ਮਨਜੀਤ ਤਿਆਗੀ   

    Email: englishcollege@rocketmail.com
    Cell: +91 98140 96108
    Address:
    ਮਲੇਰਕੋਟਲਾ India
    ਮਨਜੀਤ ਤਿਆਗੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ।ਉਸਨੂੰ ਆਪਣੀਆਂ ਰੋਜ਼ਮਰਾ ਦੀਆਂ ਲੋੜਾਂ ਪੂਰੀਆਂ ਕਰਨ ਲਈ ਦੂਜੇ ਲੋਕਾਂ ਨਾਲ ਤਾਲਮੇਲ ਰੱਖਣਾ ਪੈਂਦਾ ਹੈ।ਇਹ ਸਮਾਜਿਕ ਦਾਇਰਾ ਹੀ ਉਸਦੀ ਸਖਸ਼ੀਅਤ ਨੂੰ ਨਿਖ਼ਾਰਨ ਜਾਂ ਨਿਘਾਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।ਦੋਸਤੀ ਦਾ ਰਿਸ਼ਤਾ ਊਚ-ਨੀਚ ਅਤੇ ਗ਼ਰੀਬੀ-ਅਮੀਰੀ  ਤੋਂ ਮੁਕਤ ਹੁੰਦਾ ਹੈ। ਉੱਚੀ ਸੋਚ ਵਾਲੇ ਬੰਦੇ ਵਿਚਾਰਾਂ 'ਤੇ ਵਿਚਾਰ ਕਰਦੇ ਹਨ। ਜਦੋਂ ਕਿ ਨੀਵੀਂ ਸੋਚ ਵਾਲੇ ਬੰਦੇ ਬੰਦਿਆਂ 'ਤੇ ਵਿਚਾਰ ਕਰਦੇ ਹਨ।ਇਸ ਲਈ ਦੋਸਤਾਂ ਦੀ ਚੋਣ ਧਿਆਨ ਨਾਲ ਕਰਨੀ ਚਾਹੀਦੀ ਹੈ।ਤੁਹਾਡੀ ਸੰਗਤ ਹੀ ਤੁਹਾਡੀ ਸ਼ਖ਼ਸੀਅਤ ਬਿਆਨ ਕਰ ਦਿੰਦੀ ਹੈ।
    ਅਸਲ ਦੋਸਤ ਉਹ ਹੁੰਦੇ ਹਨ ਜਿਹੜੇ ਪਿੱਠ ਪਿੱਛੇ ਵੀ ਕਿਸੇ ਨੂੰ ਆਪਣੇ ਅਜ਼ੀਜ ਬਾਰੇ ਲਾਹ-ਪੱਤ ਕਰਨੋਂ ਰੋਕਣ।ਉੱਚੀ ਸੋਚ ਵਾਲੇ ਦੋਸਤ ਤੁਹਾਡੀ ਸ਼ਾਨ ਅਤੇ ਸਰਮਾਇਆ ਹੁੰਦੇ ਹਨ।ਅਜਿਹੇ ਦੋਸਤਾਂ ਨਾਲ ਬਿਤਾਏ ਪਲ਼ਾਂ ਦਾ ਸੁੱਖ ਜ਼ਿੰਦਗੀ ਦਾ ਮਾਣ ਬਣਦਾ ਹੈ।ਆਪਣੇ ਆਪ ਨੂੰ ਸਤਰੰਗੀ ਪੀਂਘ ਤੇ ਦੌੜਨ ਦਾ ਅਹਿਸਾਸ ਹੁੰਦਾ ਹੈ।ਅਜਿਹੇ ਦੋਸਤ ਤੁਹਾਡੇ ਬੋਲਣ ਤੋਂ ਪਹਿਲਾਂ ਹੀ ਤੁਹਾਡੀ ਸਮੱਸਿਆ ਦਾ ਹੱਲ ਲੱਭਣ ਵਿੱਚ ਜੁੱਟ ਜਾਂਦੇ ਹਨ।ਬਹੁਤ ਸਾਰੀਆਂ ਗੁੰਝਲਦਾਰ ਸਮੱਸਿਆਵਾਂ ਦੇ ਹੱਲ ਆਪ ਹੀ ਸੁੱਝਣ ਲੱਗਦੇ ਹਨ ਤੇ ਤੁਹਾਨੂੰ ਕੁਝ ਚੰਗਾ ਕਰਨ ਦੀ ਪ੍ਰੇਰਨਾ ਮਿਲਦੀ ਹੈ।ਜਿਸ ਅਨੁਪਾਤ ਵਿਚ ਤੁਹਾਡੇ ਚੰਗੇ ਦੋਸਤ ਵਧਣਗੇ, ਉਸ ਅਨੁਪਾਤ ਵਿਚ ਹੀ ਤੁਹਾਡੇ ਜੀਵਨ ਦੀ ਬਗੀਚੀ ਵਿੱਚ ਪ੍ਰਾਪਤੀਆਂ ਦੇ ਫੁੱਲ ਖਿੜਨਗੇ।ਜੇਕਰ ਤੁਹਾਡੀਆਂ ਬੁਨਿਆਦੀ ਲੋੜਾਂ ਵਿਚ ਤੁਹਾਡੇ ਦੋਸਤ ਵੀ ਸ਼ਾਮਿਲ ਹਨ ਤਾਂ ਤੁਸੀਂ  ਹਮੇਸ਼ਾ ਚੜਦੀ ਕਲਾ ਵਿਚ ਰਹੋਗੇ ਤੇ ਤੁਹਾਡੀ ਸੋਚ ਵਿਸ਼ਾਲ ਹੋ ਜਾਵੇਗੀ।ਦੋਸਤਾਂ ਨਾਲ ਰਹਿ  ਕੇ ਤੁਸੀਂ ਉਹ ਗੱਲਾਂ ਸਿੱਖਦੇ ਹੋਂ ਜੋ ਪਰਿਵਾਰ ਦੇ ਕਿਸੇ ਮੈਂਬਰ ਨਾਲ ਰਹਿ ਕੇ ਨਹੀਂ ਸਿੱਖ ਸਕਦੇ।ਉੱਚੀ ਸੋਚ ਵਾਲੇ ਦੋਸਤਾਂ ਦਾ ਜ਼ਿਕਰ ਕਰਕੇ ਅਸੀਂ ਉੱਚਾ ਮਹਿਸੂਸ ਕਰਦੇ ਹਾਂ। ਚੰਗੇ ਦੋਸਤ ਤੁਹਾਡੇ ਲਈ ਅਲਾਦੀਨ ਦਾ ਚਿਰਾਗ਼ ਹੋ ਨਿਬੜਦੇ ਹਨ। 
         ਇਸ ਤੋਂ ਉਲਟ ਘੋਰੀ, ਘਮੰਡੀ, ਘਰ ਘੁਸੜੂ ਅਤੇ ਘਪਲੇਬਾਜ਼ ਵਿਅਕਤੀਆਂ ਤੋਂ ਘੱਟੋ-ਘੱਟ ੨੦ ਫੁੱਟ ਦੀ ਦੂਰੀ ਬਣਾ ਕੇ ਰੱਖੋ, ਜੇ ਤੁਸੀਂ ਇਨ੍ਹਾਂ ਦੀ ਰੇਂਜ਼ ਵਿਚ ਆ ਗਏ ਤਾਂ ਇਹ ਉਤਸ਼ਾਹੀਣਤਾ ਦੇ ਕੀਟਾਣੂ ਤੁਹਾਡੇ ਤੇ ਛੱਡ ਦੇਣਗੇ ਤੇ ਤੁਹਾਡੀ ਜ਼ਿੰਦਗੀ ਦਾ ਹਾਰਮੋਨੀਅਮ ਕਈ ਦਿਨ ਬੇਸੁਰਾ ਵੱਜੇਗਾ। ਮਾੜੇ ਦੋਸਤਾਂ ਤੋਂ ਚੰਗਾ ਹੈ ਕਿ ਉਹ ਤੁਹਾਡੇ ਦੁਸ਼ਮਣ ਹੀ ਹੋਣ ਕਿਉਂਕਿ ਅਜਿਹੇ ਦੋਸਤ ਤੁਹਾਡਾ ਕੁਝ ਸੰਵਾਰ ਨਹੀਂ ਸਕਦੇ ਸਗੋਂ ਤੁਹਾਡੇ ਲਈ ਪਰੇਸ਼ਾਨੀ ਦਾ ਸਬੱਬ ਹੀ ਬਨਣਗੇ ਜੇ ਕੁਝ ਹੋਰ ਨਾ ਕਰ ਸਕੇ ਤਾਂ ਤੁਹਾਡੇ ਤੋਂ ਪੈਸੇ ਹੀ ਉਧਾਰ ਮੰਗ ਲੈਣਗੇ। ਕਈ ਵਾਰ ਮਾੜੇ ਦੋਸਤਾਂ ਦੀ ਸੰਗਤ ਦਾ ਖਮਿਆਜ਼ਾਂ ਆਉਣ ਵਾਲੀਆਂ ਪੁਸ਼ਤਾਂ ਨੂੰ ਵੀ ਭੁਗਤਣਾ ਪੈਂਦਾ ਹੈ।ਇਸੇ ਕਰਕੇ ਹੀ ਕਿਹਾ ਜਾਂਦਾ ਹੈ ਕਿ ਮਾੜੀ ਸੰਗਤ ਨਾਲੋ ਇਕੱਲਾ ਚੰਗਾ।ਚੰਗੀ ਸੋਚ ਵਾਲੇ ਦੋਸਤ ਭਾਵੇਂ ਘੱਟ ਹੋਣ ਪਰ ਵੱਧ ਗਿਣਤੀ ਮਾੜੀ ਸੋਚ ਵਾਲੇ ਦੋਸਤਾਂ ਤੋਂ ਜ਼ਿਆਦਾ ਮੱਦਦਗਾਰ ਹੁੰਦੇ ਹਨ।ਜਿਵੇਂ ੧੧ ਜ਼ੰਗ ਲੱਗੀਆਂ ਤੋਪਾਂ ਨਾਲੋ ਬੇਹਤਰ ਹੈ ਕਿ ਤੁਹਾਡੇ ਕੋਲ ਚੰਗੀ ਕੰਡੀਸ਼ਨ ਵਾਲੀ ਇੱਕ ਹੀ ਤੋਪ ਹੋਵੇ, ਘੱਟੋ-ਘੱਟ ਲੋੜ ਪੈਣ 'ਤੇ ਤੁਹਾਨੂੰ ਧੋਖਾ ਤਾਂ ਨਹੀਂ ਦੇਵੇਗੀ।ਅੱਜ ਕੱਲ ਜ਼ਿਆਦਾਤਰ ਲੋਕ ਆਪਣੇ ਖੀਸੇ ਪੱਥਰਾਂ ਨਾਲ ਹੀ ਭਰੀ ਰੱਖਦੇ ਹਨ।ਮੇਰਾ ਵਿਚਾਰ ਹੈ ਕਿ ਇੰਨੇ ਪੱਥਰ ਰੱਖਣ ਨਾਲੋਂ ਇਕ ਹੀਰਾ ਹੀ ਆਪਣੇ ਕੋਲ ਰੱਖ ਲਵੋ ਤਾਂ ਬੇਹਤਰ ਹੋਵੇਗਾ।ਕਾਬਲੀਅਤ ਹੋਣ ਦੇ ਬਾਵਜੂਦ ਵੀ ਬਹੁਤੇ ਲੋਕ ਇਸ ਲਈ ਅਸਫ਼ਲ ਹੋ ਜਾਂਦੇ ਹਨ ਕਿਉਂਕਿ ਉਨ੍ਹਾਂ ਨੂੰ ਨਿੱਗਰ ਸੋਚ ਵਾਲੇ ਦੋਸਤ ਨਹੀਂ ਮਿਲੇ ਹੁੰਦੇ।ਦੋਸਤਾਂ ਤੋਂ ਬਿਨਾਂ੍ਹ ਜ਼ਿੰਦਗੀ ਬੇਰੰਗ ਅਤੇ ਬੇਰਸ ਜਿਹੀ ਮਹਿਸੂਸ ਹੁੰਦੀ ਹੈ।
    ਜੇਕਰ ਤੁਸੀਂ ਜ਼ਿੰਦਗੀ ਨੂੰ ਜ਼ਿੰਦਾਦਿਲੀ ਨਾਲ ਜਿਉਣਾ ਚਾਹੁੰਦੇ ਹੋ ਤਾਂ ਚੰਗੇ ਵਿਚਾਰਾਂ ਵਾਲੇ ਦੋਸਤਾਂ ਦੇ ਸੰਪਰਕ ਵਿਚ ਰਹੋ।ਚੰਗੇ ਦੋਸਤ ਉਹ ਸ਼ੀਸ਼ਾ ਹਨ ਜਿਸ ਵਿਚੋਂ  ਦੀ ਤੱਕਿਆਂ ਤੁਹਾਡਾ ਜੀਵਨ ਤੇ ਇਸਦੇ ਸਾਰੇ ਪੱਖਾਂ ਦਾ ਹੂ-ਬ-ਹੂ ਝਲਕਾਰਾ  ਦਿਸਦਾ ਹੈ।ਜਿੰਨੀ ਉੱਚੀ ਸੋਚ ਵਾਲੇ ਦੋਸਤ ਤੁਹਾਡੇ ਸੰਪਰਕ ਵਿੱਚ ਹੋਣਗੇ ਉਨ੍ਹੀ ਹੀ ਜ਼ਿੰਦਗੀ ਵਿਚ ਤੁਹਾਨੂੰ ਘੱਟ ਪ੍ਰੇਸ਼ਾਨੀ ਹੋਵੇਗੀ।ਉੱਚੀ ਸੋਚ ਵਾਲੇ ਦੋਸਤਾਂ ਦੀ ਹਾਜ਼ਰੀ ਵਿੱਚ ਤੁਸੀਂ ਆਪਣੇ ਆਪ ਨੂੰ ਉੱਚਾ ਮਹਿਸੂਸ ਕਰਦੇ ਹੋ, ਤੁਹਾਡੀ ਰੂਹ ਤਰੋਤਾਜ਼ਾ ਹੋ ਜਾਂਦੀ ਹੈ, ਤੁਹਾਡੇ ਅੰਦਰ ਵਿਚਾਰਾਂ ਦੀਆਂ ਤਰੰਗਾਂ ਉਤਪੰਨ ਹੋ ਜਾਦੀਆਂ ਹਨ ਤੇ ਤੁਸੀਂ ਕੁੱਝ ਸਿਰਜਣ ਦੇ ਯੋਗ ਹੋ ਜਾਂਦੇ ਹੋ।