ਸਭ ਰੰਗ

  •    ਮਾਈਆਂ ਰੱਬ ਰਜਾਈਆਂ / ਕਰਨ ਬਰਾੜ (ਲੇਖ )
  •    ਰੱਬ ਬਚਾਵੇ ਇਹਨਾਂ ਚੋਰਾਂ ਤੋਂ / ਗੁਰਦੀਸ਼ ਗਰੇਵਾਲ (ਲੇਖ )
  •    ਚੰਗੇ ਵਿਚਾਰਾਂ ਵਾਲੇ ਦੋਸਤਾਂ ਦੀ ਸੰਗਤ / ਮਨਜੀਤ ਤਿਆਗੀ (ਲੇਖ )
  •    ਸ਼ੇਰ ਸਿੰਘ ਕੰਵਲ ਵਿਚਾਰਧਾਰਾ ਤੇ ਮੂਲ ਪਾਠ / ਨਿਰੰਜਨ ਬੋਹਾ (ਪੁਸਤਕ ਪੜਚੋਲ )
  •    ਸਿਰਜਣਹਾਰੀਆਂ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਫ਼ਰਜ਼ ਤੇ ਅਧਿਕਾਰ / ਹਰਮਿੰਦਰ ਸਿੰਘ 'ਭੱਟ' (ਲੇਖ )
  •    ਛੁੱਟੀਆਂ - ਮੌਜ ਮਸਤੀ ਜਾਂ ਮਜਬੂਰੀ? / ਜੱਗਾ ਸਿੰਘ (ਲੇਖ )
  •    ਵਧ ਰਹੀ ਆਲਮੀ ਤਪਸ਼ / ਦਲਵੀਰ ਸਿੰਘ ਲੁਧਿਆਣਵੀ (ਲੇਖ )
  •    ਸਮਾਜਿਕ ਕਦਰਾਂ ਕੀਮਤਾਂ ਨਾਲ ਲਬਰੇਜ਼ - ਕਾਗਜ਼ / ਵਰਿੰਦਰ ਅਜ਼ਾਦ (ਪੁਸਤਕ ਪੜਚੋਲ )
  •    ਥੱਕੇ ਹੋਏ ਦਿਲ ਆਰਾਮ ਕਰ / ਹਰਬੀਰ ਸਿੰਘ ਭੰਵਰ (ਲੇਖ )
  •    ਜਨਮ-ਮਰਨ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗੁਰੂ ਗ੍ਰੰਥ ਸਾਹਿਬ ਜੀ ਦੇ ਭੱਟ / ਹਰਸਿਮਰਨ ਕੌਰ (ਲੇਖ )
  •    ਪੰਜਾਬੀ ਸਾਹਿਤ ਦੇ 'ਸਰਕਾਰੀ' ਸਲਾਹਕਾਰ / ਮਿੱਤਰ ਸੈਨ ਮੀਤ (ਲੇਖ )
  • ਸ਼ੇਰ ਸਿੰਘ ਕੰਵਲ ਵਿਚਾਰਧਾਰਾ ਤੇ ਮੂਲ ਪਾਠ (ਪੁਸਤਕ ਪੜਚੋਲ )

    ਨਿਰੰਜਨ ਬੋਹਾ    

    Email: niranjanboha@yahoo.com
    Cell: +91 89682 82700
    Address: ਪਿੰਡ ਤੇ ਡਾਕ- ਬੋਹਾ
    ਮਾਨਸਾ India
    ਨਿਰੰਜਨ ਬੋਹਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਸ਼ੇਰ ਸਿੰਘ ਕੰਵਲ ਵਿਚਾਰਧਾਰਾ ਤੇ ਮੂਲ ਪਾਠ
    ਸੰਪਾਦਕ –ਡਾ. ਭਗਵੰਤ ਸਿੰਘ ਡਾ. ਰਮਿੰਦਰ ਕੌਰ 
    ਪੰਨੇ--730        ਮੁੱਲ-999 ਰੁਪਏ
    ਤਰਲੋਚਨ ਪਬਲੀਸ਼ਰਜ਼ , ਚੰਡੀਗੜ
                           
      ਪਰਵਾਸੀ ਲੇਖਕ ਸ਼ੇਰ ਸਿੰਘ ਕੰਵਲ ਪਿੱਛਲੇ ਪੰਜ ਦਹਾਕਿਆਂ ਤੋਂ ਪੰਜਾਬੀ ਸਾਹਿਤ ਦੇ ਖੇਤਰ ਵਿਚ ਨਿਰੰਤਰ ਤੇ ਨਿਸ਼ਠਾ ਪੂਰਬਕ ਯੋਗਦਾਨ ਪਾ ਰਿਹਾ ਹੈ। ਸੰਨ 1970 ਤੋਂ ਲੈ ਕੇ ਸੰਨ  2013 ਤੱਕ ਉਸ ਪੰਜਾਬੀ ਸਾਹਿਤ ਦੇ ਖੇਤਰ ਵਿਚ 16 ਪੁਸਤਕਾਂ ਦਾ ਮਹੱਤਵਪੂਰਨ  ਗਿਣਾਤਮਕ ਤੇ ਗੁਣਾਤਮਕ ਯੋਗਦਾਨ ਪਾਇਆ ਹੈ। ਇਸ ਤੋਂ ਇਲਾਵਾਂ ਉਸ ਤ੍ਰੈ ਮਾਸਿਕ 'ਜਾਗੋ ਇੰਟਰਨੈਸਨਲ' ਰਾਹੀਂ ਵੀ ਪੰਜਾਬੀ  ਸਾਹਿਤ ਤੇ ਸਾਹਿਤਕਾਰਾਂ ਨਾਲ ਨੇੜਲਾ ਰਾਬਤਾ ਬਣਾਈ ਰੱਖਿਆ ਹੈ। ਡਾ: ਭਗਵੰਤ ਸਿੰਘ ਤੇ ਡਾ: ਰਮਿੰਦਰ ਵੱਲੋਂ ਸੰਪਾਦਿਤ ਹੱਥਲੀ ਵੱਡ ਅਕਾਰੀ ਪੁਸਤਕ 'ਸ਼ੇਰ ਸਿੰਘ ਕੰਵਲ ਵਿਚਾਰਧਾਰਾ ਤੇ ਮੂਲ ਪਾਠ'  ਉਸ ਦੀ ਸਮੁੱਚੀ ਸਾਹਿਤ ਸਿਰਜਣਾ  ਬਾਰੇ ਉਪਲਭਤ ਸਿਰਜਾਨਤਮਕ ਵਿਸ਼ਲੇਸ਼ਣ ਨੂੰ ਇੱਕ ਜਿਲਦ ਵਿਚ ਸੰਗ੍ਰਹਿਤ ਕਰਕੇ ਉਸਨੂੰ ਆਪਣੇ ਸਮੇਂ ਦਾ ਬਹੁ -ਪ੍ਰਤਿਭਾਸ਼ਾਲੀ   ਲੇਖਕ ਅਤੇ ਵਿਚਾਰਕ ਐਲਾਣਦੀ ਹੈ। ਇਸ ਪੁਸਤਕ ਦੇ  ਸੁਹਿਰਦ ਪਾਠ ਉਪਰੰਤ ਪਾਠਕੀ ਮਨ ਮਸ਼ਤੱਕ ਵਿੱਚ ਉਸ ਦੀ ਸਾਹਿਤ ਸਿਰਜਣਾ  ਬਾਰੇ ਉਪਜਿਆ ਸਮੁੱਚਾ ਪ੍ਰਭਾਵ ਉਸ ਨੂੰ ਲੋਕ ਭਾਵਨਾਵਾਂ ਦੇ ਸਫ਼ਲ ਤਰਜਮਾਨ ਹੋਣ ਦਾ ਮਾਣ ਵੀ ਦੇਂਦਾ ਹੈ ।
                           ਪੁਸਤਕ ਵਿਚ ਪੰਜਾਬੀ ਸਾਹਿਤ ਦੇ ਬਾਬਾ ਬੋਹੜ ਸੰਤ ਸਿੰਘ ਸੇਖੋਂ ਤੋਂ ਲੈ ਕੇ  ਭਿੰਦਰ  ਭੰਗੂ ਜਲਾਲਾਬਾਦੀ ਵਰਗੇ ਪਾਠਕ   ਤੱਕ 125 ਤੋਂ ਉਪਰ ਲੇਖਕਾਂ, ਆਲੋਚਕਾਂ ਤੇ ਪਾਠਕਾਂ ਨੇ ਉਸ ਦੇ ਸਾਹਿਤ ਸੰਸਾਰ ਬਾਰੇ ਆਪਣੀਆਂ ਵਿਆਖਿਆਤਮਕ ਤੇ ਅਲੋਚਨਾਤਮਕ ਟਿਪਣੀਆਂ ਦਰਜ਼ ਕਰਵਾਈਆਂ ਹਨ। ਉਸ ਦੇ ਕਾਵਿ ਸੰਗ੍ਰਹਿ 'ਕਾਸ਼ਨੀ ਦਾ ਫੁੱਲ' ਦਾ ਅਧਿਐਨ ਕਰਦਿਆ ਡਾ:ਇੱਛੂਪਾਲ  ਇਸਨੂੰ ਜੀਵਨ ਦੇ ਸਮਾਜਿਕ ਬੋਧ  ਦੀ ਕਵਿਤਾ ਕਰਾਰ ਦੇਂਦਾ ਹੈ ਤਾਂ  ਡਾ. ਰਮਿੰਦਰਕੌਰ ,ਡਾ. ਭਗਵੰਤ ਸਿੰਘ. ਡਾ. ਮਧੂਬਾਲਾ ਤੇ ਡਾ, ਸੁਖਮਿੰਦਰ ਸਿੰਘ ਸੇਖੋਂ ਦੇ ਲੇਖ ਇਸ ਵਿਚਲੇ ਸੌਂਦਰਯ ਬੋਧ ਦੇ ਪ੍ਰਸ਼ੰਸ਼ਕ ਹਨ। ਉਸ ਦੇ ਕਾਵਿ ਸੰਗ੍ਰਹਿ 'ਮਿੱਟੀ ਦੇ ਮੋਰ ਵਿਚਲੀ' ਕਾਵ ਸੰਵੇਦਨਾਂ ਦੀਆ ਪਰਤਾਂ ਫਰੋਲਣ ਵਾਲੇ  ਪ੍ਰਬੁੱਧ ਅਲੋਚਕ ਡਾ: ਅਮਰ ਕੋਮਲ, ਡਾ. ਤੇਜਾ ਸਿੰਘ ਤਿਲਕ, ਡਾ. ਭੁਪਿੰਦਰ ਕੌਰ, ਡਾ: ਦਵਿੰਦਰ ਸੈਫੀ ਡਾ. ਸਿਮਰਜੀਤ ਬਰਾੜ, ਡਾ: ਮੱਧੂਬਾਲਾ ਤੇ ਚੰਦਰ ਹਾਰਟਬੀਟ ਦਾ ਵਿਚਾਰ ਹੈ ਕਿ   ਪੁਸਤਕ ਦੇ ਪਾਠ ਰਾਹੀਂ  ਇਸ ਪਰਵਾਸੀ ਸ਼ਾਇਰ ਦੇ ਮਨ ਮਸ਼ਤੱਕ ਵਿਚ ਬੈਠਾ ਉਸਦਾ  ਪਿਛੋਕੜੀ ਪਿੰਡ ਆਪਣੀਆ ਸਮੁੱਚੀਆਂ ਸਭਿਆਚਾਰਕ ਰਵਾਇਤਾਂ ਸਮੇਤ ਰੂਪਮਾਨ ਹੋ ਉੱਠਦਾ ਹੈ। 
                       ਉਸਦਾ ਕਾਵਿ ਸੰਗ੍ਰਿਹ 'ਸੰਦਲੀ ਰੁੱਤ' ਵੀ ਪਰਵਾਸ ਤੇ ਇਸ ਨਾਲ ਜੁੜੀਆਂ ਮਨੋ- ਸਮਾਜਿਕ ਸੱਮਸਿਆਵਾਂ ਨੂੰ ਹੀ ਆਪਣੇ ਥੀਮਕ ਪਸਾਰ ਦਾ ਹਿੱਸਾ ਬਣਾਉਂਦਾ ਹੈ। ਇਸ ਪੁਸਤਕ ਬਾਰੇ ਪ੍ਰੋ: ਜਸਪਾਲ ਘਈ, ਚੰਦਰ ਹਾਰਟਬੀਟ, ਡਾ. ਅਰਵਿੰਦਰ ਕੌਰ ਕਾਕੜਾ, ਡਾ, ਮੱਧੁਬਾਲਾ,ਡਾ ਹਰਮਿੰਦਰ ਕੌਰ ਹਮਦਰਦਵੀਰ ਨੌਸ਼ਹਿਰਵੀ  ਤੇ ਸੁਲੱਖਣ ਸਰਹੱਦੀ ਆਦਿ ਵੱਲੋਂ ਲਿੱਖੇ ਲੇਖ ਕਵੀ ਦੇ ਆਪਣੇ ਪੂਰਵਜ਼ੀ ਪਿਛੋਕੜ  ਨਾਲੋਂ ਟੁੱਟਣ ਤੇ ਨਵੇ ਪੱਛਮੀ ਸਭਿਆਚਾਰ ਨਾਲ ਜੁੜਣ ਵੇਲੇ ਦੀਆ ਮਨੋ- ਸਥਿਤੀਆ  ਦੀ ਹੀ ਵਿਆਖਿਆ ਕਰਦੇ ਹਨ।  ਇਸੇ ਤਰਾਂ ਉਸਦਾ ਕਾਵਿ ਸੰਗ੍ਰਹਿ 'ਕੱਚ ਦੀਆ ਮੁੰਦਰਾਂ' ਵੀ ਅਚੇਤ ਤੇ ਸੁਚੇਤ ਪੱਧਰ ਤੇ ਦੌਹਰੀ ਜਿੰਦਗੀ ਜਿਉਂ ਰਹੇ ਪਰਵਾਸੀ ਭਾਰਤੀਆਂ ਦੇ ਮਨੋ- ਵਿਗਿਆਨ ਦੀ ਥਾਹ ਪਾਉਣ ਦੀ ਕੋਸ਼ਿਸ਼ ਵਿੱਚ ਹਨ। ਇਸ ਸੰਗ੍ਰਹਿ ਦੀਆ ਕਵਿਤਾਵਾਂ ਨੂੰ ਆਪਣੇ ਵਿਸਲੇਸ਼ਣੀ ਬੋਧ ਦਾ ਹਿੱਸਾ ਬਣਾਉਂਦੇ ਡਾ: ਪਰਮਜੀਤ ਕੌਰ ਸਰਹਿੰਦ , ਪ੍ਰੋ.ਅਵਤਾਰ ਜੌੜਾ,ਪ੍ਰੋ.ਨੀਤੂ ਬਾਲਾ ,ਕੇ.ਐਲ ਗਰਗ ਤੇ ਡਾ.ਰਮਿੰਦਰ ਕੌਰ ਤੇ   ਨਿਰੰਜਣ ਬੋਹਾ, ਆਦਿ ਦੇ ਲੇਖ ਦੱਸਦੇ ਹਨ ਕਿ ਇਹ ਪਰਵਾਸੀ ਲੋਕ ਸੁਚੇਤ ਰੂਪ ਵਿਚ ਸੱਤ ਸਮੂੰਦਰੋ ਪਾਰ ਦੇ ਪੱਛਮੀ ਮੁਲਕਾਂ ਦੀ ਜੀਵਨ ਜਾਂਚ ਦਾ ਅਨੁਸਰਨ ਕਰ ਰਹੇ ਹਨ ਪਰ ਉਨ•ਾਂ  ਦੇ ਅਵਚੇਤਨ ਵਿਚ ਪਏ ਪੂਰਵਜ਼ੀ ਸੰਸਕਾਰ ਉਹਨਾਂ ਨੂੰ ਵਾਰ ਵਾਰ ਉਹਨਾਂ ਦੇ ਅਤੀਤ ਵੱਲ ਖਿੱਚਦੇ ਹਨ। ਪਿਛੋਕੜੀ ਪਿੰਡ ਦੇ ਮੋਹ ਵੰਤੇ ਪਾਤਰ ਹੁਣ ਵੀ ਅਚੇਤ ਰੂਪ ਵਿਚ ਉਹਨਾਂ ਦੇ ਨਾਲ ਨਾਲ ਵਿਚਰਦੇ ਹਨ ਤੇ  ਉਹਨਾਂ ਦੀਆ ਸੋਚਾਂ ਤੇ ਵਰਤੋ ਵਿਹਾਰ ਨੂੰ ਪੂਰੀ ਤਰਾਂ ਪ੍ਰਭਾਵਿਤ ਕਰਦੇ ਹਨ। ਉਸ ਵੱਲੋਂ ਲਿੱਖੀ ਕਾਵਿ ਚਿੱਤਰਾਂ 'ਚੀਨੇ ਕਬੂਤਰ' ਪਿੰਡ ਦੇ ਉਹਨਾਂ ਸਧਾਰਣ ਵਿਖਾਈ ਦੇਂਦੇ ਪਾਤਰਾਂ ਅੰਦਰ ਛੁਪੀ ਅਸਧਾਰਣਤਾ ਨੂੰ ਪੇਸ਼ ਕਰਦੀ ਹੈ ਜਿਹੜੇ ਲੇਖਕ ਦੇ ਬਚਪਨ ਕਾਲ ਨੂੰ ਟੁੰਬਦੇ ਤੇ ਪ੍ਰਭਾਵਿਤ ਕਰਦੇ ਰਹੇ ਹਨ।
                            ਉਸ ਦੀ ਪੁਸਤਕ 'ਕਿੱਸਾ ਪ੍ਰਦੇਸ਼ੀ ਰਾਂਝਣ' ਪੰਜਾਬੀ ਕਵਿਤਾ ਦੇ ਪੁਰਾਤਨ ਕਿੱਸਾਕਾਰੀ ਰੂਪ ਰਾਹੀਂ ਜੀਵਨ ਦੇ ਆਧੋਨਿਕ ਭਾਵ ਬੋਧ ਦੀ ਪੇਸ਼ਕਾਰੀ ਕਰਨ ਦਾ ਨਿਵੇਲਕਲਾ ਤਜਰਬਾ ਕਰਦੀ ਹੈ।  ਪੁਸਤਕ ਪੂਰਬੀ ਮੁਲਕਾਂ ਦੇ ਲੋਕਾਂ ਅੰਦਰ ਪੱਛਮੀ ਮੁਲਕਾਂ ਦੇ ਡਾਲਰਾਂ ਦੀ ਮੱਦਦ ਨਾਲ ਛੇਤੀ ਅਮੀਰ ਬਨਣ ਦੀ ਲਾਲਸਾ ਤੇ ਇਸ ਦੇ ਵਿਨਾਸ਼ਕ ਸਿੱਟਿਆਂ ਦੀ ਸ਼ਫਲ ਨਿਸ਼ਾਨਦੇਹੀ ਕਰਦੀ ਹੈ।ਪੁਸਤਕ ਅਨੁਸਾਰ ਪੱਛਮੀ ਮੁਲਕਾਂ ਦੀਆ ਪਦਾਰਥਕ ਸੁੱਖ- ਸੁਵਿਧਾਵਾਂ ਗਰੀਬ ਤੇ ਵਿਕਾਸਸ਼ੀਲ ਮੁਲਕਾਂ ਦੇ ਲੋਕਾਂ ਲਈ ਮਿਕਨਾਤੀਸ਼ੀ ਖਿੱਚ ਰੱਖਦੀਆਂ ਹਨ ਪਰ ਬਿਗਾਨੇ ਮੁਲਕਾਂ ਵਿਚ ਆਰਥਿਕ ਜੜ•ਾ ਲਾਉਣ ਦਾ ਸੰਘਰਸ਼ ਇਹਨਾਂ ਦੇ ਉਹਨਾ ਦੇ ਜੀਵਨ ਦੇ  ਸਾਰੇ ਸੁੱਖ ਚੈਨ ਤੇ ਅਰਾਮ ਨੂੰ ਖੋਹ ਲੈਂਦਾ ਹੈ। ਇਸ ਪੁਸਤਕ ਬਾਰੇ ਚਰਚਾ ਕਰਦਿਆ ਬੰਤ ਸਿੰਘ ਚੱਠਾ,ਡਾ: ਹਰਜੀਤ ਕੌਰ , ਡਾ: ਜਸਬੀਰ ਕੌਰ, ਲਖਵੀਰ ਚੰਦ ਆਦਿ ਵਿਦਵਾਨ  ਲੇਖਕਾਂ ਦੀ ਹਾਂ ਵਿਚ ਹਾਂ ਮਿਲਾਉਦਿਆਂ ਇਸ ਗੱਲ ਤੇ ਜੋਰ ਦੇਂਦੇ ਹਨ ਕਿ ਉੱਥੇ ਗਏ ਪਰਵਾਸੀ ਭਾਰਤੀ ਨਾਂ ਤਾਂ ਬਿਗਾਨੇ ਮੁਲਕਾਂ ਦੇ ਸਭਿਆਚਾਰ ਨੂੰ  ਹੀ ਆਪਣੀ ਮਾਨਸਿਕ ਸਵਕ੍ਰਿਤੀ ਦੇ ਸਕਦੇ ਹਨ ਤੇ ਨਾਂ ਹੀ ਠੀਕ ਤਰਾਂ ਆਪਣੇ ਪਿਛੋਕੜੀ  ਸਭਿਆਚਾਰ ਨਾਲ ਜੁੜੇ ਰਹਿ ਸਕਦੇ ਹਨ।
                           ' ਮੇਲ-ਮੁਲਾਕਾਤਾਂ ਤੇ  ਮੁੰਹਾਦਰੇ' ਅਤੇ 'ਪੰਜਾਬ ਦੇ ਲੋਕ ਮੇਲੇ' ਪੁਸਤਕਾਂ  ਸਾਨੂੰ ਕੰਵਲ ਦੀ ਵਾਰਤਕ ਕਲਾਂ ਬਾਰੇ ਚਰਚਾ ਕਰਨ ਦਾ ਮੌਕਾ ਪ੍ਰਦਾਨ ਕਰਦੀਆਂ ਹਨ ।ਪਹਿਲੀ ਪੁਸਤਕ ਜਿੱਥੇ ਪੰਜਾਬ ਦੇ ਮੇਲਿਆਂ ਤੇ ਤਿੱਥ ਤਿਉਹਾਰਾਂ ਨਾਲ ਜੁੜੀ ਉਸ ਦੀ ਭਾਵੁਕ ਸਾਂਝ ਨੂੰ ਰੂਪਮਾਨ ਕਰਦੀ ਹੈ ਤਾਂ  ਦੂਜੀ ਪੁਸਤਕ ਉਸ ਨੂੰ ਪ੍ਰੋਢ ਤੇ ਪਰਪੱਕ ਦ੍ਰਿਸ਼ਟੀ ਦਾ ਸਿਆਸਤਦਤਾਨ ਤੇ ਖੋਜ਼ੀ ਠਹਿਰਾਉਂਦੀ  ਹੈ। ਇਹਨਾਂ  ਪੁਸਤਕਾਂ ਬਾਰੇ ਡਾ. ਨਿਰਮਲ ਜੌੜਾ ਪ੍ਰੋ.ਡਾ.ਰਾਜਵਿੰਦਰ ਕੌਰ ਆਦਿ ਵੱਲੋਂ   ਲਿੱਖੇ ਲੇਖ  ਉਸ ਦੀ ਵਾਰਤਕ ਕਲਾ ਦੀਆ ਵਿਸ਼ੇਸ਼ਤਾਈਆਂ ਨੂੰ ਵੀ ਉਭਾਰਦੇ ਹਨ ਤੇ ਉਸਦੀ ਬੇਬਾਕ ਤੇ ਨਿਰਪੱਖ ਕਿਸਮ ਦੀ ਵਿਸ਼ਲੇਸ਼ਣੀ ਸਮਰੱਥਾ ਦਾ ਵੀ ਮੁੱਲ ਪਾਉਂਦੇ ਹਨ । ਉਸ ਦੀ ਸਮੁਚੀ ਸਾਹਿਤ ਸਿਰਜਣਾ ਦੇ  ਸਾਰ ਤੱਤ ਨੂੰ ਸ਼ੁਧ ਰੂਪ ਵਿਚ ਪਾਠਕਾਂ ਤੱਕ ਪੁੱਜਦਾ ਕਰਨ ਲਈ ਹਰ ਪੁਸਤਕ ਦੀਆ ਚੋਣਵੀਆਂ ਰਚਨਾਵਾਂ ਦਾ ਮੂਲ ਪਾਠ ਵੀ ਇਸ ਪੁਸਤਕ ਵਿਚ ਸ਼ਾਮਿਲ ਕੀਤਾ ਗਿਆ ਹੈ। ਲੇਖਕ ਸਮੇਂ ਸਮੇਂ ਤੇ ਇਕ ਆਲੋਚਕ ਤੇ ਸਮੀਖਿਆਕਾਰ  ਦੀ ਵੀ ਭੂਮਿਕਾ ਵੀ  ਨਿਭਾਉਂਦਾ ਰਿਹਾ ਹੈ, ਇਸ ਲਈ ਉਸ ਵੱਲੋਂ ਬਹੁਤ ਸਾਰੀਆਂ ਪੁਸਤਕਾਂ ਦੀ ਕੀਤੀ ਸਾਹਿਤਕ ਪੜਚੋਲ ਵੀ ਇਸ ਪੁਸਤਕ ਵਿਚ ਸ਼ਾਮਿਲ ਕੀਤੀ ਗਈ ਹੈ। ਕੁਲ ਮਿਲਾ ਕਿ ਡਾ: ਭਗਵੰਤ ਸਿੰਘ ਤੇ ਡਾ: ਰਮਿੰਦਰ ਕੌਰ ਵੱਲੋਂ ਇਸ ਪੁਸਤਕ ਦੀ ਸੰਪਾਦਨ  ਸਬੰਧੀ  ਕੀਤੀ ਮਿਹਨਤ  ਆਪਣੀ ਸਾਰਥਿਕਤਾ ਸਾਬਿਤ ਕਰਨ ਵਿਚ ਸਫ਼ਲ ਰਹੀ ਹੈ।  ਇਸ ਨਾਮਵਰ ਲੇਖਕ ਦੀ ਸਾਹਿਤ ਸਿਰਜਣਾ ਦੀ ਖੋਜ਼ ਕਰਨ ਦੀ ਇੱਛਾ ਰੱਖਦੇ ਨਵੇਂ ਖੋਜ਼ਾਰਥੀਆਂ ਲਈ ਇਸ ਪੁਸਤਕ ਦਾ ਪਾਠ ਬਹੁਤ ਲਾਹੇਵੰਦ ਰਹੇਗਾ।