ਤੇਰੇ ਸ਼ਹਿਰ ' ਚ ਵੰਡ ਚਲਿਆ ਅਹਿਸਾਸਾਂ ਦੀ ਖੁਸ਼ਬੋ
ਚੁਗ ਲਈਂ ਮੇਰੀਆਂ ਪੀੜਾਂ ਅੜੀਏ ਦਿਲ ਵਿਚ ਪਾਉਂਦੀਆਂ ਖੋਹ।
ਯਾਰਾਂ ਦੀ ਸਰਦਲ ਤੇ ਹੁਣ ਮੈਂ ਸਿਜਦਾ ਕਿੰਝ ਕਰਾਂ
ਬੇ ਵਫਾਈਆਂ ਪਾ ਗਏ ਪੱਲੇ ਹੋ ਕੇ ਜੋ ਨਿਰਮੋਹ।
ਬੁੱਝਦੀ ਨਹੀਂ ਪਿਆਸ ਅਜੇ ਵੀ ਨਦੀ ਡੀਕ ਲਈ ਸਾਰੀ
ਆਸ ਲੰਮੇਰੀ ਹੁੰਦੀ ਜਾਏ ਨੈਣੀ ਘਟ ਗਈ ਲੋਅ।
ਭੌਰਿਆਂ ਨੂੰ ਕੀ ਤਾਹਨਾ ਦੇਵਾਂ ਕਲੀਆਂ ਨੂੰ ਜੋ ਲੁਟਦੇ
ਰੋਮ ਰੋਮ ਰੱਤ ਬਖਸ਼ੇ ਐਸੀ ਮਹਿਕਾਂ ਦੇ ਵਗਦੇ ਚੋਅ।
ਛਿੱਟਾ ਚਾਨਣ ਦਾ ਮੈਂ ਦੇਵਾਂ ਮਿਟ ਜਾਣ ਯਾਰ ਹਨ•ੇਰੇ
ਤੇਜ਼ ਹਵਾਵਾਂ ਵਿਚ ਵੀ ਧੜਕੇ ਦਿਲ ਦੀਵੇ ਦੀ ਲੋਅ।
ਹਿਜਰ ਤੇਰੇ ਚ ਤਪ ਤਪ ਅੜੀਏ ਰੰਗ ਹੋ ਗਿਆ ਸੂਹਾ
ਸੂਹੇ ਤੋਂ ਹੋ ਜਾਂ ਸੋਨ ਸੁਨਹਿਰੀ ਜੇ ਮਿਲੇ ਤੇਰੀ ਕਨਸੋਅ।
ਚਾਨਣ, ਪਿਆਰ, ਖੁਮਾਰ ਤੇ ਬਿਰਹਾ , ਰੱਬੀ ਰੂਹ ਦੇ ਨਗਮੇ
ਤਾਲ ਧਰਤ ਸੁਰ ਤੇਰਾ ਮੇਰਾ ਇਕ ਹੋ ਜਾਵਣ ਦਿਲ ਦੋ।