'ਕੱਲਾ ਪੰਜਾਬ ਹੀ ਨਹੀਂ, ਸਗੋਂ ਸਾਰਾ ਉੱਤਰੀ ਭਾਰਤ ਤੰਦੂਰ ਵਾਂਗ ਤਪ ਰਿਹਾ ਹੈ। ਮਨੁੱਖ, ਪਸ਼ੂ-ਪੰਛੀ ਹੀ ਨਹੀਂ, ਬਲਕਿ ਕੰਮ-ਕਾਜ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਇਹ ਵੀ ਕਹਿਣਾ ਸੱਚ ਹੈ ਕਿ ਸੰਸਾਰ ਭਰ ਦਾ ਤਾਪਮਾਨ ਵੱਧ ਰਿਹਾ ਹੈ; ਜਿਸ ਦਾ ਖ਼ਮਿਆਜ਼ਾ ਸਾਨੁੰ ਭੁਗਤਣਾ ਹੀ ਪਵੇਗਾ, ਕਿਉਂਕਿ ਇਸ ਦੇ ਲਈ ਅਸੀਂ ਖ਼ੁਦ ਹੀ ਜ਼ਿੰਮੇਵਾਰ ਹਾਂ। ਇਹ ਸਾਰਾ ਕੁਝ ਕੁਦਰਤ ਨਾਲ ਛੇੜ-ਛਾੜ ਕਰਨ ਦੇ ਨਤੀਜੇ ਵਜੋਂ ਹੋ ਰਿਹਾ ਹੈ ।
ਤਪਸ਼ ਦਾ ਵਧਣਾ, ਭਾਵ ਵਾਤਾਵਰਣ ਦਾ ਪਲੀਤ ਹੋਣਾ। ਪਿਛਲੇ ਕੁਝ ਸਾਲਾਂ ਦੌਰਾਨ ਵਾਤਾਵਰਣ ਦਾ ਤਾਪਮਾਨ ੧.੫ ਡਿਗਰੀ ਸੈਲਸੀਅਸ ਵੱਧ ਗਿਆ ਹੈ। ਇਹ ਸਾਰਾ ਕੁਝ ਜੰਗਲਾਂ ਦੀ ਘਾਟ ਕਾਰਨ ਹੋ ਰਿਹਾ ਹੈ। ਜੇ ਇਸ ਤਰ੍ਹਾਂ ਹੀ ਚਲਦਾ ਰਿਹਾ ਤਾਂ ਆਉਣ ਵਾਲੇ ਕੁਝ ਸਾਲਾਂ ਵਿੱਚ ਧਰਤੀ ਦਾ ਤਾਪਮਾਨ ੪ ਤੋਂ ੯ ਡਿਗਰੀ ਸੈਲਸੀਅਸ ਵੱਧ ਜਾਣ ਦੀ ਸੰਭਾਵਨਾ ਹੈ, ਨਤੀਜੋਂ ਵਜੋਂ ਪਹਾੜਾਂ 'ਤੇ ਜੰਮੀ ਹੋਈ ਬਰਫ਼ ਭਾਰੀ ਮਾਤਰਾ ਵਿੱਚ ਪਿਘਲ ਜਾਵੇਗੀ ਅਤੇ ਹੜ੍ਹ ਵੀ ਵੱਧ ਆਉਣਗੇ।
ਮਈ ੨੦੧੪ ਵਿਚ ਵਿਸ਼ਵ ਸਿਹਤ ਸੰਗਠਨ ਵੱਲੋਂ ਵਿਸ਼ਵ ਦੇ ੯੧ ਮੁਲਕਾਂ ਦੇ ੧੬੦੦ ਸ਼ਹਿਰਾਂ ਦਾ ਅਧਿਐਨ ਕੀਤਾ ਗਿਆ, ਜਿਸ ਅਨੁਸਾਰ ਦੁਨੀਆਂ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਪਹਿਲੇ ੨੦ ਸ਼ਹਿਰਾਂ ਵਿਚ ੧੩ ਸਾਡੇ ਮੁਲਕ ਦੇ ਹਨ। ਹੋਰ ਤਾਂ ਹੋਰ, ਕੌਮੀ ਰਾਜਧਾਨੀ ਦਿੱਲੀ ਨੂੰ ਦੁਨੀਆਂ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਕਰਾਰ ਦਿੱਤਾ ਗਿਆ ਹੈ। ਦਿੱਲੀ ਦੀ ਹਵਾ ਵਿਚ ਪਲੀਤ ਕਣਾਂ ਦੀ ਸਾਲਾਨਾ ਔਸਤ ਮਾਤਰਾ ੧੫੩ ਮਾਈਕਰੋਗਰਾਮ ਦੱਸੀ ਗਈ ਹੈ, ਜੋ ਬਹੁਤ ਘਾਤਕ ਮੰਨੀ ਜਾਂਦੀ ਹੈ ਅਤੇ ਇਹ ਵਿਸ਼ਵ ਸਿਹਤ ਸੰਗਠਨ ਦਾ ਨਿਸ਼ਚਿਤ ਮਿਆਰ ੨੫ ਮਾਈਕਰੋਗਰਾਮ ਤੋਂ ੬ ਗੁਣਾਂ ਵੱਧ ਹੈ। ਰਿਪੋਰਟ ਅਨੁਸਾਰ ਪੰਜਾਬ ਦੇ ਅੰਮ੍ਰਿਤਸਸਰ, ਲੁਧਿਆਣਾ ਅਤੇ ਖੰਨਾ ਸ਼ਹਿਰ ਵੀ ਪ੍ਰਦੂਸ਼ਣ ਪੱਖੋਂ ਵਿਸ਼ਵ ਭਰ ਵਿਚ ਕਰਮਵਾਰ ੧੪ਵੇਂ, ੧੫ਵੇਂ ਅਤੇ ੨੦ਵੇਂ ਨੰਬਰ 'ਤੇ ਹਨ। ਹੋਰਨਾਂ ਪ੍ਰਦੂਸ਼ਿਤ ਮੁਲਕਾਂ ਵਿਚ ਪਾਕਿਸਤਾਨ ਅਤੇ ਬੰਗਲਾਦੇਸ਼ ਹਨ, ਜਦੋਂਕਿ ਸਭ ਤੋਂ ਘੱਟ ਪ੍ਰਦੂਸ਼ਣ ਪੱਧਰ ਵਾਲੇ ਮੁਲਕਾਂ ਵਿਚ ਕੈਨੇਡਾ, ਅਮਰੀਕਾ, ਫਿਨਲੈਂਡ, ਆਈਸਲੈਂਡ ਅਤੇ ਸਵੀਡਨ ਹਨ।
ਅੱਜ ਦੇ ਦੌਰ ਵਿਚ ਮੌਸਮ 'ਤੇ ਯਕੀਨ ਨਹੀਂ ਰਿਹਾ । ਕਦੇ ਅੱਤ ਦੀ ਗਰਮੀ, ਕਦੇ ਅੱਤ ਦੀ ਸਰਦੀ । ਕਦੇ ਹੜ੍ਹ, ਕਦੇ ਸੋਕਾ। ਕਦੇ ਨ੍ਹੇਰੀਆਂ, ਕਦੇ ਤੂਫ਼ਾਨ। ਇਸੇ ਕਰਕੇ ਹੀ ਕਿਸਾਨ ਵੀਰ ਖੇਤੀ ਖੇਤਰ ਵੱਲੋਂ ਮੂੰਹ ਮੋੜਦੇ ਜਾ ਰਹੇ ਨੇ । ਜੇ ਅੰਨਦਾਤਾ ਕਮਾਉਣੋ ਹੀ ਹੱਟ ਗਿਆ ਤਾਂ ਜੀਵ-ਜੰਤੂ ਕੀ ਖਾਣਗੇ? ਇਹ ਚਿੰਤਾ ਦਾ ਵਿਸ਼ਾ ਹੈ। ਇਸ ਲਈ ਖੇਤੀ ਪ੍ਰਤੀ ਵਾਤਾਵਰਣ ਦਾ ਅਨੁਕੂਲ ਹੋਣਾ ਬਹੁਤ ਜ਼ਰੂਰੀ ਹੈ।
ਭਾਵੇਂ ਸੰਸਾਰ ਇੱਕ ਘਰ ਬਣ ਗਿਆ ਹੈ, ਹਰ ਵਸਤੂ ਦੀ ਸਹੂਲਤ ਹੋ ਗਈ ਹੈ, ਪਰ ਸੋਚਣ ਵਾਲੀ ਗੱਲ ਇਹ ਹੈ ਕਿ ਅਜੇ ਤੱਕ ਅਸੀਂ ਪ੍ਰਦੂਸ਼ਣ 'ਤੇ ਕਾਬੂ ਨਹੀਂ ਪਾ ਸਕੇ; ਇਹ ਦਿਨ-ਬ-ਦਿਨ ਵਧਦਾ ਹੀ ਜਾ ਰਿਹਾ ਹੈ। ਲੋੜ ਤੋਂ ਵੱਧ ਖਾਦਾਂ ਅਤੇ ਕੀੜੇਮਾਰ ਦੀਵਾਈਆਂ ਦੀ ਵਰਤੋਂ ਕਾਰਨ ਧਰਤੀ ਹੇਠਲੇ ਪਾਣੀ ਵਿਚ ਨਾਈਟ੍ਰੇਟ, ਆਰਸੈਨਿਕ ਤੇ ਕੈਡਮੀਅਮ ਵਰਗੀਆਂ ਧਾਤਾਂ ਦੇ ਅੰਸ਼ ਘੱਟੋ-ਘੱਟ ਸਹਿਣਯੋਗ ਮਾਤਰਾ ਤੋਂ ਵੱਧ ਮਿਲ ਰਹੇ ਹਨ। ਮੌਜੂਦਾ ਸਮੇਂ ਦੌਰਾਨ ਪੰਜਾਬ ਦੇ ੧੨੪੨੩ ਪਿੰਡਾਂ ਵਿਚੋਂ ੧੧੮੪੯ ਪਿੰਡਾਂ ਦਾ ਪਾਣੀ ਪੀਣ ਦੇ ਮਾਪਦੰਡ 'ਤੇ ਖਰਾ ਨਹੀਂ ਉਤਰ ਰਿਹਾ। ਨਤੀਜੇ ਵਜੋਂ ਅੱਜ ਪੰਜਾਬ ਵਿਚ ਕੈਂਸਰ, ਗੁਰਦਿਆਂ ਦਾ ਫੇਲ੍ਹ ਹੋਣਾ ਅਤੇ ਮਾਨਸਿਕ ਬੀਮਾਰੀਆਂ ਵੱਡੇ ਪੱਧਰ 'ਤੇ ਪੈਰ ਪਸਾਰ ਰਹੀਆਂ ਹਨ।
ਅੰਕੜੇ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਪੰਜਾਬ, ਹਰਿਆਣਾ ਆਦਿ ਵਿਚ ਤਾਪਮਾਨ ੪੫-੪੬ ਡਿਗਰੀ ਸੈਲਸੀਅਸ ਤੀਕਰ ਪਹੁੰਚ ਜਾਂਦਾ ਹੈ, ਜਦਕਿ ਰਾਜਸਥਾਨ ਵਿੱਚ ਇਸ ਤੋਂ ਜ਼ਿਆਦਾ। ਇਹ ਤਪਸ਼ ਵਾਲਾ ਮਾਹੌਲ ਲੋਕਾਂ ਦਾ ਜਿਊਣਾ ਦੁੱਭਰ ਕਰ ਦਿੰਦਾ ਹੈ। ਫਿਰ ਤਾਂ ਇਉਂ ਜਾਪਦਾ ਹੈ ਜਿਉਂ ਸੂਰਜ ਦੀਆਂ ਕਿਰਨਾਂ ਨਾ ਹੋ ਕਿ ਅੱਗ ਦੇ ਗੋਲੇ ਡਿੱਗ ਰਹੇ ਹੋਣ। ਮਨੁੱਖ ਖਾਸ ਕਰਕੇ ਲੜਕੀਆਂ ਆਪਣਾ ਮੂੰਹ-ਸਿਰ ਲਪੇਟ ਕੇ ਹੀ ਇੱਧਰ-ਓਧਰ ਜਾਂਦੀਆਂ ਨੇ। ਪਸ਼ੂ-ਪੰਛੀ ਵੀ ਤਰਹਾ ਤਰਹਾ ਕਰਦੇ ਨੇ। 'ਕੱਲਾ ਮਨੁੱਖ ਹੀ ਨਹੀਂ, ਸਗੋਂ ਸਾਰੀ ਸ੍ਰਿਸ਼ਟੀ ਹੀ ਮੁਰਝਾ ਜਾਂਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਹ ਪੰਕਤੀ ਸੁਭਾਇਮਾਨ ਹੈ:
ਜਲ ਬਿਨੁ ਸਾਖ ਕੁਮਲਾਵਤੀ ਉਪਜਹਿ ਨਾਹੀ ਦਾਮ ॥
- (ਅੰਗ ੧੩੩)
ਕੌਮਾਂਤਰੀ ਪੱਧਰ 'ਤੇ ਵੀ ਦੂਸ਼ਿਤ ਵਾਤਾਵਰਣ ਦਾ ਮਸਲਾ ਗੰਭੀਰਤਾ ਨਾਲ ਉਠਾਇਆ ਗਿਆ ਹੈ। ੧੯੭੨ ਵਿਚ ਸਟਾਕਹੋਮ ਵਿਚ ਹੋਈ ਸੰਯੁਕਤ ਰਾਸ਼ਟਰ ਸੰਘ ਦੀ ਕਾਨਫਰੰਸ ਵਿੱਚ ਸਿਰਫ ਵਾਤਾਵਰਣ ਨੂੰ ਸੰਭਾਲਣ 'ਤੇ ਜ਼ੋਰ ਦਿਤਾ ਗਿਆ ਤੇ ਸਿੱਟ ਵਜੋਂ ੫ ਜੂਨ ਦੁਨੀਆਂ ਭਰ ਵਿਚ ਵਾਤਾਵਰਣ ਦਿਵਸ ਵਜੋਂ ਮਨਾਇਆ ਜਾਂਦਾ ਹੈ।
ਵੱਧ ਰਹੀ ਤਪਸ਼ ਲਈ ਕੁਝ ਹੇਠ ਲਿਖੇ ਤੱਥ ਜ਼ਿੰਮੇਵਾਰ ਹਨ, ਜਿਨ੍ਹਾਂ ਦਾ ਇਲਾਜ ਕਰਨਾ ਬਹੁਤ ਜ਼ਰੂਰੀ ਹੈ, ਤਾਂ ਹੀ ਜੀਵ-ਜੰਤੂਆਂ ਨੂੰ ਆਲਮੀ ਤਪਸ਼ ਅਤੇ ਲਾਇਲਾਜ ਬੀਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ:
• ਸਾਡੀ ਜ਼ਿੰਦਗੀ ਵਿੱਚ ਰਸਾਇਣਕ ਜ਼ਹਿਰਾਂ ਦੀ ਵੱਧ ਰਹੀ ਵਰਤੋਂ ਨੇ ਬ੍ਰਹਿਮੰਡ ਨੂੰ ਤਹਿਸ-ਨਹਿਸ ਕਰ ਕੇ ਓਜ਼ੋਨ ਦੀ ਪਰਤ ਨੂੰ ਛਲਣੀ-ਛਲਣੀ ਕਰ ਦਿੱਤਾ ਹੈ। ਇਹ ਓਹੀ ਪਰਤ ਹੈ, ਜੋ ਸੂਰਜ ਦੀਆਂ ਕਿਰਨਾਂ ਨੂੰ ਛਾਣ ਕੇ ਸਾਡੇ ਤੱਕ ਪਹੁੰਚਾਉਂਦੀ ਹੈ, ਭਾਵ 'ਰੱਖਿਆ ਕਵਚ' ਦਾ ਕੰਮ ਕਰਦੀ ਹੈ। ਇਸ ਛੱਤਰੀ ਦੇ ਛਲਣੀ ਹੋ ਜਾਣ ਦੇ ਕਾਰਨ ਹੀ ਸੂਰਜ ਦੀਆਂ ਕਿਰਨਾਂ ਸਿੱਧੀਆਂ ਧਰਤੀ 'ਤੇ ਆ ਰਹੀਆਂ ਹਨ, ਮਨੁੱਖੀ ਚਮੜੀ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ; ਇੱਥੋਂ ਤੱਕ ਕਿ ਚਮੜੀ ਦਾ ਕਂੈਸਰ ਵੀ ਹੋ ਸਕਦਾ ਹੈ । ਇਸ ਲਈ ਸਾਨੂੰ ਕੁਦਰਤੀ ਖੇਤੀ/ ਜੈਵਿਕ ਖੇਤੀ ਅਪਣਾਉਣੀ ਚਾਹੀਦੀ ਹੈ ਤਾਂ ਜੋ ਜ਼ਹਿਰ-ਮੁਕਤ ਉਤਪਾਦਨ ਹੀ ਨਹੀਂ, ਸਗੋਂ ਪਾਣੀ ਦੀ ਵੀ ਕਾਫ਼ੀ ਬੱਚਤ ਹੋ ਜਾਂਦੀ ਹੈ।
• ਸਾਡੀ ਸੁੱਖ-ਲਾਲਸਾ ਨੇ ਅੱਜ ਸਾਨੂੰ ਜ਼ਿੰਦਗੀ ਅਤੇ ਮੌਤ ਦੇ ਚੌਰਾਹੇ 'ਤੇ ਖੜਾ ਕਰ ਦਿੱਤਾ ਹੈ। ਏਅਰ-ਕੰਡੀਸ਼ਨਰ ਵਿੱਚ ਵਰਤੀ ਜਾਂਦੀ 'ਕਲੋਰੋ-ਫਲੋਰੋ-ਕਾਰਬਨ' ਨਾਂਅ ਦੀ ਗੈਸ, ਜੋ ਵਾਤਾਵਰਣ ਲਈ ਬਹੁਤ ਹੀ ਘਾਤਕ ਸਾਬਤ ਹੋ ਰਹੀ ਹੈ, ਨੇ ਓਜ਼ੋਨ ਪਰਤ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ। ਵਿਗਿਆਨੀਆਂ ਦਾ ਕਹਿਣਾ ਹੈ, ਜੇ ਅੱਜ ਵੀ ਇਸ ਗੈਸ ਦੀ ਵਰਤੋਂ ਬੰਦ ਕਰ ਦੇਈਏ ਤਾਂ ਅਗਲੇ ਕਈ ਸਾਲਾਂ ਤੱਕ ਇਸ ਗੈਸ ਦੁਆਰਾ ਫੈਲੇ ਹੋਏ ਅਣੂ ਓਜ਼ੋਨ ਪਰਤ ਨੂੰ ਨੁਕਸਾਨ ਪਹੁੰਚਾਉਂਦੇ ਰਹਿਣਗੇ ।
• ਜਿਸ ਰਫ਼ਤਾਰ ਨਾਲ ਅੱਜ ਸਾਡੀ ਆਬਾਦੀ ਵੱਧ ਰਹੀ ਹੈ, ਉਸ ਰਫ਼ਤਾਰ ਨਾਲ ਕੁਦਰਤੀ ਸ੍ਰੋਤ ਅਤੇ ਹੋਰ ਸਾਧਨਾਂ ਵਿੱਚ ਵਾਧਾ ਨਹੀਂ ਹੋ ਰਿਹਾ, ਅਰਥਾਤ ਮੰਗ ਵੱਧ ਰਹੀ ਹੈ, ਸਪਲਾਈ ਘੱਟ ਰਹੀ ਹੈ । ਇਸੇ ਕਰ ਕੇ ਹੀ ਧਰਤੀ ਹੇਠਲਾਂ ਪਾਣੀ ਹੋਰ ਹੇਠਾਂ ਜਾ ਰਿਹਾ ਹੈ, ਜੰਗਲਾਂ ਦੀ ਕਟਾਈ ਵੱਧ ਹੋ ਰਹੀ ਹੈ, ਖ਼ੁਰਾਕੀ ਪਦਾਰਥਾਂ ਦੀ ਮੰਗ ਨੂੰ ਪੂਰਾ ਕਰਨ ਲਈ ਵੱਧ ਤੋਂ ਵੱਧ ਰਸਾਇਣਕ ਜ਼ਹਿਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ, ਜੋ ਖ਼ਤਰਨਾਕ ਰੁਝਾਨ ਹੈ। ਸੜਕਾਂ 'ਤੇ ਭੀੜ-ਭੜੱਕਾ ਵੱਧ ਰਿਹਾ ਹੈ, ਸਵੱਛ ਹਵਾ ਘੱਟ ਰਹੀ ਹੈ, ਸਿੱਟੇ ਵਜੋਂ ਮਨੁੱਖ ਬਿਮਾਰੀਆਂ ਦੀ ਲਪੇਟ ਵਿੱਚ ਆ ਗਿਆ ਹੈ। ਇਸ ਕਰ ਕੇ ਸਾਨੂੰ ਵਧਦੀ ਆਬਾਦੀ 'ਤੇ ਕਾਬੂ ਪਾਉਣਾ ਚਾਹੀਦਾ ਹੈ, ਇਹ ਸਭ ਤੋਂ ਅਹਿਮ ਮਸਲਾ ਹੈ ।
• ਫ਼ੈਕਟਰੀਆਂ ਤੇ ਮੋਟਰ-ਕਾਰਾਂ ਦੇ ਧੂੰਏਂ ਨੇ ਤਾਂ ਦਰੱਖਤਾਂ ਦਾ ਵਜੂਦ ਹੀ ਬਦਲ ਦਿੱਤਾ ਹੈ । ਰੁੱਖਾਂ ਦੇ ਕਾਲੇ-ਪੀਲੇ ਹੋਣ ਕਰ ਕੇ ਹੀ ਵਾਤਾਵਰਣ ਵਿੱਚ ਤਪਸ਼ ਵੱਧ ਰਹੀ ਹੈ । ਰਹਿੰਦੀ-ਖੂੰਹਦੀ ਕਸਰ ਦੂਸ਼ਿਤ ਪਾਣੀ ਨੇ ਕੱਢ ਦਿੱਤੀ ਹੈ, ਜੋ ਸੜ੍ਹਿਆਂਦ ਮਾਰਦਾ ਅਤੇ ਕਈ ਤਰ੍ਹਾਂ ਦੀਆਂ ਜ਼ਹਿਰਲੀਆਂ ਗੈਸਾਂ ਤੇ ਲਾਇਲਾਜ ਬਿਮਾਰੀਆਂ ਨੂੰ ਜਨਮ ਦਿੰਦਾ ਹੈ। ਇਸ ਕਰ ਕੇ ਸਾਨੂੰ ਕੁਦਰਤੀ ਸੋਮਿਆਂ ਨੂੰ ਵੱਧ ਤੋਂ ਵੱਧ ਸਵੱਛ ਰੱਖਣਾ ਚਾਹੀਦਾ ਹੈ ਅਤੇ ਇਨ੍ਹਾਂ ਦੀ ਸਾਂਭ-ਸੰਭਾਲ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ । ਸਰਕਾਰ ਨੂੰ ਚਾਹੀਦਾ ਹੈ ਕਿ ਉਹ ਦਿੱਲੀ ਸ਼ਹਿਰ ਵਾਂਗ ਸੀ ਐੱਨ ਜੀ ਗੈਸ ਲੋਕਾਂ ਨੂੰ ਉਪਲੱਬਧ ਕਰਾਵੇ ਅਤੇ ਮੈਟਰੋ ਟਰੇਨ ਦੀ ਵਿਵਸਥਾ ਕਰੇ, ਤਾਂ ਜੁ ਵਾਤਾਵਰਣ ਨੂੰ ਹੋਰ ਪਲੀਤ ਹੋਣ ਤੋਂ ਬਚਾਇਆ ਜਾ ਸਕੇ ।
• ਸੰਸਾਰ ਪੱਧਰ ਤੇ ਆ ਰਹੀਆਂ ਤਬਦੀਲੀਆਂ ਕਾਰਨ ਸੰਸਾਰ ਭਰ ਦੇ ਦੇਸ਼ ਦੂਸ਼ਿਤ ਵਾਤਾਵਰਣ ਦੇ ਵਿਸ਼ੇ 'ਤੇ ਕਾਫ਼ੀ ਗੰਭੀਰ ਹਨ। ਇਸ ਨੂੰ ਮੱਦੇਨਜ਼ਰ ਰੱਖ ਕੇ ਕੋਪਨਹੇਗਨ ਵਿਖੇ ੭ ਦਸੰਬਰ, ੨੦੦੯ ਨੂੰ ਇੱਕ ਕੌਮਾਂਤਰੀ ਕਾਨਫ਼ਰੰਸ ਆਯੋਜਿਤ ਕੀਤੀ ਗਈ। ਇੱਕ ਗੱਲ ਜੋ ਉਭਰ ਕੇ ਸਾਹਮਣੇ ਆਈ ਹੈ ਕਿ ਜੇ ਵਾਤਾਵਰਣ ਨੂੰ ਸਾਫ ਤੇ ਸਵੱਛ ਬਣਾ ਕੇ ਰੱਖਣਾ ਹੈ ਤਾਂ ਊਰਜਾ ਪੈਦਾ ਕਰਨ ਲਈ ਸਾਨੂੰ ਕੁਦਰਤੀ ਸੋਮਿਆਂ ਨੂੰ ਵਰਤੋਂ ਵਿੱਚ ਲਿਆਉਣਾ ਚਾਹੀਦਾ ਹੈ। ਸੋ, ਸਭ ਦਾ ਇਹੀ ਫਰਜ਼ ਬਣਦਾ ਹੈ ਕਿ ਉਹ ਊਰਜਾ ਪ੍ਰਾਪਤੀ ਲਈ ਸੂਰਜੀ ਊਰਜਾ ਅਤੇ ਬਾਇਓ ਗੈਸ ਨੂੰ ਵੱਧ ਤੋਂ ਵੱਧ ਵਰਤੋਂ ਵਿੱਚ ਲਿਆਵੇ ਤਾਂ ਹੀ ਸਭ ਨੂੰ ਸਾਫ਼ ਤੇ ਸਵੱਛ ਵਾਤਾਵਰਣ ਮਿਲੇਗਾ ।
• ਸਾਰੇ ਸੰਸਾਰ ਵਿੱਚ ਹੀ ਪ੍ਰਮਾਣੂ ਸ਼ਕਤੀ ਸੰਪੰਨ ਬਣਨ ਦੀ ਦੌੜ ਲੱਗੀ ਹੋਈ ਹੈ। ਇਸ ਨੂੰ ਰੋਕਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਵਾਤਾਵਰਣ ਹੋਰ ਦੂਸ਼ਿਤ ਹੁੰਦਾ ਜਾਏਗਾ।
• ਕੂੜੇ ਦੇ ਢੇਰ, ਔਰਤਾਂ ਦੇ ਸ਼ਿੰਗਾਰ ਵਿੱਚ ਵਰਤੀ ਜਾਂਦੀ ਗ਼ੈਰ-ਕੁਦਰਤੀ ਸਮੱਗਰੀ ਜਿਵੇਂ ਪਰਫਿਊਮ ਆਦਿ, ਘਾਹ-ਫੂਸ ਨੂੰ ਸਾੜਨਾ, ਝੋਨੇ ਦੀ ਅਗੇਤੀ ਲਵਾਈ ਕਰਨੀ, ਆਦਿ ਵੀ ਵਾਤਾਵਰਣ ਵਿੱਚ ਅਨੇਕਾਂ ਜ਼ਹਿਰਲੀਆਂ ਗੈਸਾਂ ਵਿੱਚ ਵਾਧਾ ਕਰਕੇ ਆਲਮੀ ਤਪਸ਼ ਨੂੰ ਹੋਰ ਵਧਾਉਂਦੇ ਹਨ। ਇਹਨਾਂ ਨੂੰ ਰੋਕਣ ਲਈ ਸਰਕਾਰ ਨੂੰ ਸਖ਼ਤ ਕਨੂੰਨ ਲਾਗੂ ਕਰਨੇ ਚਾਹੀਦੇ ਹਨ ਤਾਂ ਜੋ ਮਨੁੱਖ ਨੂੰ ਸੁੱਖ ਦਾ ਸਾਹ ਮਿਲ ਸਕੇ।
ਜੇ ਅਸੀਂ ਕੁਦਰਤੀ ਸੋਮਿਆਂ ਦੀ ਸੰਭਾਲ ਨਾ ਕੀਤੀ ਤਾਂ ਕੁਦਰਤੀ ਆਫ਼ਤਾਂ ਤੋਂ ਬਚਣਾ ਅਸੰਭਵ ਹੈ। ਇਸ ਕਰ ਕੇ ਸਾਨੂੰ ਗ਼ੈਰ-ਕੁਦਰਤੀ ਚੀਜ਼ਾਂ ਛੱਡ ਕੇ ਕੁਦਰਤ ਨਾਲ ਸਾਂਝ ਪਾਉਣੀ ਚਾਹੀਦੀ ਹੈ। ਕੁਦਰਤੀ ਖੇਤੀ ਕਰਨੀ, ਜੰਗਲਾਂ ਹੇਠ ਰਕਬਾ ਵਧਾਉਣਾ ਅਤੇ ਵੱਧ ਰਹੀ ਆਬਾਦੀ 'ਤੇ ਕਾਬੂ ਪਾਉਣਾ ਚਾਹੀਦਾ ਹੈ । ਇਸ ਦੇ ਨਾਲ ਹੀ ਏਅਰ-ਕੰਡੀਸ਼ਨਰ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ । ਜਿਉਂ- ਜਿਉਂ ਅਸੀਂ ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ ਕਰਾਂਗੇ, ਤਿਉਂ-ਤਿਉਂ ਹੀ ਵਾਤਾਵਰਣ ਵਿੱਚ ਤਪਸ਼ ਘਟਦੀ ਜਾਏਗੀ, ਤਾਂ ਜਾ ਕੇ ਮਨੁੱਖ ਆਪਣੀ ਫੁੱਲਾਂ ਜਿਹੀ ਜ਼ਿੰਦਗੀ ਦਾ ਆਨੰਦ ਮਾਣ ਸਕੇਗਾ ।