ਖ਼ਬਰਸਾਰ

  •    ਪਰਸ਼ੋਤਮ ਲਾਲ ਸਰੋਏ ਦੀ ਪੁਸਤਕ 'ਮਾਲਾ ਦੇ ਮਣਕੇ' ਰਿਲੀਜ਼ / ਪੰਜਾਬੀ ਲਿਖਾਰੀ ਸਭਾ (ਰਜਿ:), ਜਲੰਧਰ
  •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਵੱਲੋਂ ਸੈਮੀਨਾਰ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  •    ਭਾਈ ਸਾਧੂ ਸਿੰਘ ਧੰਮੂ ਦਾ ਸਨਮਾਨ / ਸਾਹਿਤ ਸਭਾ ਬਾਘਾ ਪੁਰਾਣਾ
  •    ਟਰਾਂਟੋ ਵਿੱਚ ਤਿੰਨ ਦਿਨਾਂ ਗ਼ਦਰ ਸ਼ਤਾਬਦੀ ਸਮਾਗਮ / ਪੰਜਾਬੀਮਾਂ ਬਿਓਰੋ
  •    ‘ਕੁੜੀਆਂ ਤੇ ਕਵਿਤਾਵਾਂ’ ਪੁਸਤਕ ਲੋਕ ਅਰਪਣ / ਪੰਜਾਬੀਮਾਂ ਬਿਓਰੋ
  •    ਤਨਦੀਪ ਤਮੰਨਾ ਦਾ ਕਾਵਿ-ਸੰਗ੍ਰਹਿ 'ਇਕ ਦੀਵਾ ਇਕ ਦਰਿਆ' ਰਿਲੀਜ਼ / ਪੰਜਾਬੀਮਾਂ ਬਿਓਰੋ
  •    ਬੀ ਸੀ ਕਲਚਰਲ ਫਾਊਂਡੇਸ਼ਨ ਵੱਲੋਂ ਪੁਸਤਕ ਰੀਲੀਜ਼ ਸਮਾਗਮ / ਬੀ ਸੀ ਕਲਚਰਲ ਫਾਊਂਡੇਸ਼ਨ
  •    ਜਾਰਜ ਮੈਕੀ ਲਾਇਬ੍ਰੇਰੀ ਡੈਲਟਾ ਵਿਚ ਇਕ ਰੰਗਲੀ ਕਾਵਿ-ਸ਼ਾਮ / ਪੰਜਾਬੀਮਾਂ ਬਿਓਰੋ
  •    ਪੰਜਾਬੀ ਸਾਹਿਤ ਸਭਾ, ਸੰਦੌੜ ਦੀ ਮਹੀਨਾਵਾਰ ਇਕੱਤਰਤਾ / ਪੰਜਾਬੀ ਸਾਹਿਤ ਸਭਾ, ਸੰਦੌੜ
  •    ਸਿਰਜਣਧਾਰਾ ਵੱਲੋਂ ਦੋ ਸਮਾਗਮਾਂ ਵਿਚ ਪੁਸਤਕਾਂ ਲੋਕ ਅਰਪਣ / ਸਿਰਜਣਧਾਰਾ
  •    ਪੰਜਾਬੀ ਸਾਹਿਤ ਅਕੈਡਮੀ ਨਿਊਯਾਰਕ ਦੀ ਸੱਤਵੀਂ ਵਰ੍ਹੇ-ਗੰਢ ਮਨਾਈ / ਪੰਜਾਬੀ ਸਾਹਿਤ ਅਕੈਡਮੀ,ਨਿਊਯਾਰਕ
  • ਮਾਏ ਮੇਰੀਏ ਨੀ (ਕਹਾਣੀ)

    ਜਸਵਿੰਦਰ ਸਿੰਘ ਰੁਪਾਲ   

    Email: rupaljs@gmail.com
    Cell: +91 98147 15796
    Address: 162,ਗਲੀ ਨੰਬਰ 3, ਸ਼ਹੀਦ ਜਸਦੇਵ ਸਿੰਘ ਨਗਰ ਡਾਕ : ਗੁਰੂ ਨਾਨਕ ਇਜੀਨੀਅਰਿੰਗ ਕਾਲਜ, ਗਿੱਲ ਰੋਡ
    ਲੁਧਿਆਣਾ India 141006
    ਜਸਵਿੰਦਰ ਸਿੰਘ ਰੁਪਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਮਾਂ,ਮੇਰੀ ਪਿਆਰੀ ਮਾਂ,ਅੱਜ ਤੈਨੂੰ ਯਾਦ ਕਰ ਕਰ ਕੇ ਮੇਰੇ ਦਿਲੋਂ ਇੱਕ ਹੂਕ ਨਿਕਲਦੀ ਹੈ,ਪਰ ਮੈਂ ਆਪਣੇ ਦਰਦ ਨੂੰ ਸ਼ਬਦਾਂ ਵਿੱਚ ਬਿਆਨ ਕਿਵੇਂ ਕਰਾਂ ?ਇਹ ਅੱਗ ਦਿਨੋ ਦਿਨ ਤੇਜ ਕਿਉਂ ਹੁੰਦੀ ਜਾ ਰਹੀ ਹੈ ?ਇਹ ਸੇਕ ਹੁਣ ਮੈਥੋਂ ਹੋਰ ਸਹਿ ਨਹੀਂ ਹੁੰਦਾ।ਦਿਲ ਮਰ ਜਾਣ ਨੂੰ ਕਰਦਾ ਏ ਪਰ ਮੌਤ ਸਹੇੜਨੀ ਕਿਹੜਾ ਸੌਖਾ ਕੰਮ ਹੈ ?ਖਬਰੈ ਮੈਂ ਨਿਕਰਮਣ ਨੇ ਕੈਸੇ ਲੇਖ ਲਿਖਾਏ ਸਨ,ਜੋ ਅੱਜ ਇਹ ਹਾਲਤ ਦੇਖ ਰਹੀ ਹਾਂ।
                      ਮਾਂ!ਕੱਲ੍ਹ ਤੱਕ ਤੇਰੀ ਗੋਦ ਚ' ਗੁਜ਼ਾਰੇ ਦਿਨ ਮੈਨੂੰ ਬੁਰੀ ਤਰਾਂ ਯਾਦ ਆ ਰਹੇ ਹਨ। ਡੈਡੀ, ਵੀਰ,ਜੀਤੀ ਤੁਹਾਡੇ ਸਭ ਦਾ ਵਿਛੋੜਾ ਮੇਰੇ ਤੇ ਹਾਵੀ ਹੁੰਦਾ ਜਾ ਰਿਹਾ ਹੈ।ਹਾਇ,ਕਿਉਂ ਕੋਈ ਮੇਰੇ ਨੇੜੇ ਨਹੀਂ ਲੱਗਦਾ ?ਆਪਣੀ ਜਿੰਦਗੀ ਦੇ 20 ਵਰ੍ਹੇ,ਜੋ ਮੈਂ ਤੇਰੇ ਵਿਹੜੇ ਵਿੱਚ ਬਿਤਾਏ-ਉਨ੍ਹਾਂ ਵਰ੍ਹਿਆਂ ਦਾ ਇੱਕ ਇੱਕ ਪਲ ਮੈਨੂੰ ਕੱਲ ਵਾਂਗ ਚੇਤੇ ਹੈ।ਮੇਰਾ ਵੀਰੇ ਨਾਲ ਲੁਕਣਮੀਚੀ ਖੇਡਣਾ,ਅੱਖਾਂ ਮੀਚਣੀਆਂ,ਉਸਦਾ ਘਸੁੰਨ ਮਾਰਨਾ, ਰੁੱਸਣਾ  ਮਨਾਉਣਾ ਸਭ ਮੇਰੇ ਅੱਗੇ ਇਕ ਫਿਲਮ ਵਾਗੂੰ ਲੰਘ ਰਹੇ ਹਨ।ਜੀਤੀ ਦਾ ਪਿਆਰਾ ਮੁੱਖ ਅਜੇ ਵੀ ਮੈਨੂੰ ਸੁਪਨੇ ਚ' ਦਿਖਾਈ ਦੇ ਜਾਂਦਾ ਹੈ।ਹੁਣ ਤੱਕ ਤਾਂ ਉਸ ਲਈ ਕੋਈ 'ਵਰ' ਲੱਭ ਲਿਆ ਹੋਵੇਗਾ।ਮਾਂ!5 ਸਾਲ,ਮੈਨੂੰ ਵਿਛੜਿਆਂ ਹੋ ਗਏ ਨੇ ਪਰ ਕੋਈ ਸੁਖ ਸੁਨੇਹਾ ਤੱਕ ਵੀ ਨਹੀਂ ਮਿਲਿਆ।ਜੀਤੀ ਨਾਲ ਇਕਾਂਤ ਵਿਚ ਕੀਤੀਆਂ ਭੇਦ ਭਰੀਆਂ ਗੱਲਾਂ ਮੈਨੂੰ ਕੰਡੇ ਬਣ ਕੇ ਚੁਭ ਰਹੀਆਂ ਹਨ।
                        ਡੈਡੀ ਨੂੰ ਆਪਣੀ ਲਾਡੋ ਭੁੱਲੀ ਨਹੀਂ ਹੋਵੇਗੀ।ਅੱਜ ਉਨ੍ਹਾਂ ਦਾ ਵੀ ਕੋਈ ਵੱਸ ਨਹੀਂ ਚਲਦਾ ਹੋਣਾ।ਸਮੇਂ ਨੇ ਸਾਨੂੰ ਕਿੱਥੇ ਲਿਆ ਖੜਾ ਕੀਤਾ ਹੇ? ਇੱਕ ਆਈ ਪੀ ਐਸ ਅਫ਼ਸਰ ਵੀ ਸਮਾਜਿਕ ਰਸਮਾਂ ਅਤੇ ਚੰਦਰੀਆਂ ਰੀਤਾਂ ਨੂੰ ਤੋੜ ਨਹੀਂ ਸਕਿਆ ।ਕਿਸ ਨੇ ਬਣਾਈਆਂ ਨੇ ਇਹੋ ਜਿਹੀਆਂ ਭੈੜੀਆਂ ਅਤੇ ਨਿਰ-ਅਧਾਰ ਰਸਮਾਂ?
                        ਸੱਚ ਦੱਸੀਂ ਅੰਮੜੀਏ !ਕੀ ਤੇਰੇ ਦਿਲ ਚ' ਕਦੀ ਤੜਪ ਨਹੀਂ ਉੱਠਦੀ ?ਕੀ ਮੇਰੀ ਯਾਦ ਨੇ ਤੇਰਿਆਂ ਨੈਣਾਂ ਦੀ ਨੀਂਦ ਨਹੀਂ ਚੁਰਾਈ ?? ਜਰੂਰ ਚੁਰਾਈ ਹੋਵੇਗੀ।ਮਾਂ!ਮੈਨੂੰ ਯਕੀਨ ਹੈ ਕਿ ਤੂੰ ਵੀ ਮੇਰੇ ਵਾਂਗ ਹੀ ਯਾਦ ਕਰ ਕਰ ਕੇ ਰੋਂਦ ਿਰਹੀ ਹੋਵੇਂਗੀ,ਪਰ ਰੋਣ ਨਾਲ ਕੀ ਹੋ ਸਕਦੈ ,ਮਾਂ..?
                  ਤੁਸੀਂ ਸਾਰੇ ,ਮੇਰੀਆਂ ਸਖੀਆਂ,ਮੇਰੇ ਰਿਸ਼ਤੇਦਾਰ ਅੱਜ ਸਭ ਮੈਥੋਂ ਕੋਹਾਂ ਦੂਰ ਨੇ।ਜੱਸੀ,ਪਾਲ੍ਹੀ ਤੇ ਦੀਪੀ ਸਭ ਕਿਸ ਤਰਾਂ ਨੇ ? ਮੈਨੂੰ ਯਾਦ ਕਰਦੀਆਂ ਹੁੰਦੀਆਂ ਨੇ ??ਮਾਂ!ਅੱਜ ਕਿਉਂ ਮੈਂ ਤੁਹਾਡੇ ਸਭ ਨਾਲ ਉਸੇ ਤਰਾਂ ਮਿਲ ਨਹੀਂ ਸਕਦੀ ?ਕਿਉਂ ?ਆਖਿਰ ਕਿਉਂ ?ਮੇਰੇ ਲਈ ਅੱਜ ਤੁਸੀਂ ਸਾਰੇ ਸਾਕ ਸੰਬੰਧੀ ਕਿਸੇ ਨਵੀਂ ਦੁਨੀਆਂ ਨਵੇਂ ਮੰਡਲ ਉਤੇ ਰਹਿ ਰਹੇ ਲਗਦੇ ਹੋ ।ਕੀ ਕਦੇ ਇਹ ਦੂਰੀਆਂ ਨਹੀਂ ਮਿਟ ਸਕਦੀਆਂ ?ਇਹ ਵਿੱਥਾਂ ,ਇਹ ਲੀਕਾਂ ਕਿਉਂ ? ਕਿਸ ਖਿੱਚੀਆਂ ਨੇ ਇਹ ਲੀਕਾਂ ?ਕਦੋਂ ਦੂਰ ਹੋਣਗੀਆਂ ਇਹ ਵਿੱਥਾਂ ?
    ਅੱਜ ਮੈਨੂੰ ਸੁਰੇਸ਼ ਬਹੁਤ ਯਾਦ ਆ ਰਿਹੈ। ਸੱਚ ਦੱਸਾਂ ਮਾਂ,ਉਹ ਮੈਨੂੰ ਬਹੁਤ ਪਿਆਰ ਕਰਦਾ ਸੀ।ਮੇਰੇ ਨਾਲ ਵਿਆਹ ਵੀ ਕਰਾਉਣਾ ਚਾਹੁੰਦਾ ਸੀ ,ਪਰ ਤੂੰ ਹੀ ਦੱਸ ਮੈਂ ਉਸ ਨੂੰ ਕਿਵੇਂ ਹਾਮੀ ਭਰ ਦਿੰਦੀ ?ਤੂੰ  ਸੋਚ ਕੇ ਦੱਸ ਮਾਂ ? ਕੀ ਇਹ ਸੰਭਵ ਸੀ ?ਕਦੇ ਵੀ ਨਹੀਂ ।ਭਾਵੇਂ ਉਹ ਮੈਨੂੰ ਬੇਵਫ਼ਾ ਹੀ ਸਮਝਦਾ ਹੋਵੇ,ਪਰ ਮੈ ਮਜ਼ਬੂਰ ਸੀ।ਮੈਂ ਤਾਂ ਅੱਜ ਵੀ ਆਪਣੇ ਦਿਲੋਂ,ਆਪਣੀ ਧੁਰ ਆਤਮਾ ਦੀ ਡੂੰਘਾਈ ਚੋਂ ਉਸ ਦੇ ਪਿਆਰ ਵਿਚ ਤੜਪ ਰਹੀ ਹਾਂ,ਪਰ ਮਾਂ,ਇਹ ਤੜਪ ਮੈਨੂੰ ਕਿਤੇ ਨਹੀਂ ਲਿਜਾ ਸਕਦੀ।ਮੈਂ ਉਸਨੂੰ ਇਹੀ ਕਹਿੰਦੀ ਰਹੀ ਕਿ 'ਵਿਆਹ'ਪਿਆਰ ਦੀ ਮੰਜਿਲ ਨਹੀਂ।ਹੋਰ ਕਰਦੀ ਵੀ ਕੀ ?ਉਸ ਨੂੰ ਕਿਹਾ ਕਿ ਉਹ ਹੋਰ ਕਿਧਰੇ ਵਿਆਹ ਕਰਵਾ ਲਵੇ,ਪਰ ਉਹ ਮੇਰੇ ਇੰਨਾ ਕਹਿਣ ਕਰਕੇ ਹੀ ਮੇਰੇ ਨਾਲ ਡਾਢਾ ਨਰਾਜ਼ ਹੋਇਆ ਸੀ।ਉਹ ਤਾਂ ਹਰ ਤਰਾਂ ਦੀਆ ਬੰਦਿਸ਼ਾਂ ਤੋੜਨ ਲਈ ਤਿਆਰ ਸੀ,ਪਰ ਮੈਂ ਕੀ ਕਰਦੀ ???ਕਾਸ਼ ਮੈਂ ਉਸ ਨੂੰ ਦੇਖ ਹੀ ਸਕਦੀ.......
                   ਮਾਂ! ਇੱਥੇ ਸਭ ਕੁਝ ਹੈ।ਹਾਸੇ ਹਨ,ਗੀਤ ਹਨ,ਗਿੱਧਾ ਹੈ,..ਪਰ ਕੁਝ ਵੀ ਨਹੀਂ।ਮੇਰੇ ਲਈ ਇਹ 'ਖੇੜਿਆਂ ਦੇ ਸੁੱਖ' ਕੋਈ ਕੀਮਤ ਨਹੀਂ ਰੱਖਦੇ।ਮੇਰੀ ਅਸਲ ਖੁਸ਼ੀ ਮੈਥੋਂ ਬਹੁਤ ਦੂਰ ਹੈ।ਸ਼ਾਇਦ ਮੈਨੂੰ ਕਦੇ ਵੀ ਤ੍ਰਿਪਤੀ ਨਹੀਂ ਮਿਲ ਸਕੇਗੀ...।'ਖੁਸ਼ੀ' ਤਾਂ ਮੇਰੇ ਲੇਖਾਂ ਵਿੱਚ ਹੀ ਨਹੀਂ ਸੀ ਲਿਖੀ,ਮੇਰੇ ਜਨਮ ਸਮੇਂ ਤੋਂ ਹੀ ਮੇਰਾ ਖਾਨਾ ਖਾਲੀ ਹੈ,ਹੁਣ ਖੁਸ਼ੀ ਕਿੱਥੋਂ ?
                   ਮਾਂ ! ਕੀ ਤੂੰ ਮੈਨੂੰ ਆਪਣੇ ਕੋਲ ਨਹੀਂ ਸੀ ਰੱਖ ਸਕਦੀ ?ਇਨਾਂ ਡਾਢਿਆਂ ਕੋਲ ਤਾਂ ਨਾ ਭੇਜਦੀ।ਮੈਂ ਵਿਆਹ ਲਈ ਨਹੀਂ ਸੀ ਕਹਿੰਦੀ।ਸੁਰੇਸ਼ ਨੂੰ ਵੀ ਮੈਂ ਹਾਂ ਨਹੀਂ ਸੀ ਕੀਤੀ। ਫਰ ਮਾਂ ,ਮੈਂ ਸਾਰੀ ਉਮਰ ਕੁਆਰੀ ਰਹਿ ਲੈਂਦੀ।ਤੇਰਆਿਂ ਰੁੱਖੀਆਂ ਸੁੱਖੀਆਂ ਵੀ ਮਨਜ਼ੂਰ ਸਨ।ਇੱਥੇ ਆਉਣ ਨਾਲੋਂ ਤਾਂ ਲੋਕਾਂ ਦੇ ਘਰ ਕੰਮ ਕਰਨਾ ਮਨਜ਼ੂਰ ਸੀ ਮੈਨੂੰ,ਪਰ ਤੂੰ ਵੀ ਖਬਰੈ ਮਜ਼ਬੁਰ ਹੋ ਗਈ ਸੀ ।ਕੀ ਉਦੋਂ ਕੁਝ ਨਹੀਂ ਸੀ ਹੋ ਸਕਦਾ,ਜਦੋਂ ਇਹ ਡਾਢੇ ਮੈਨੂੰ ਲੈਣ ਆਏ ਸਨ ।ਕੀ ਇਸ ਹੋਣੀ ਨੂੰ ਟਾਲਿਆ ਨਹੀਂ ਸੀ ਜਾ ਸਕਦਾ ?ਡੈਡੀ ਦਾ ਤਹੁਦਾ ,ਅਪਰੋਚ ਸਭ ਸਿਫ਼ਰ ਹੋ ਕੇ ਰਹਿ ਗਏ ਸਨ ....
                   ਹਾਇ ! ਕਿੰਨਾ ਚੰਗਾ ਹੁੰਦਾ ਜੇ ਤੂੰ ਮੇਰਾ ਜੰਮਦੀ ਦਾ ਹੀ ਗਲ਼ ਘੁੱਟ ਦਿੰਦੀ।ਪਰ ਤੈਥੋਂ ਅੁਹ ਵੀ ਨਾ ਸਰਿਆ।ਇਹ ਮੋਹ ਦਆਿਂ ਤੰਦਾਂ ਇੰਨੀਆਂ ਪੀਡੀਆਂ ਕਿਉਂ ਕੀਤੀਆਂ ਸਨ ਮੇਰੀ ਅੰਮੜੀਏ ?ਕੁਝ ਵੀ ਕਰਦੀ,ਇਨਾਂ ਵੈਰੀਆ ਦੇ ਗਲ਼ ਤਾਂ ਨਾ ਲਾਉਂਦੀ।ਮੈਨੂੰ ਤੇਰੇ ਘਰ ਦੇ ਦੁੱਖ ਸੁੱਖ ਪਿਆਰੇ ਸਨ। ਮਾਂ,ਉਸ ਦਿਨ ਹੀ ਮਹੁਰਾ ਚਟਾ ਦਿੰਦੀ,ਜਿਸ ਦਿਨ ਇਹ ਤੇਰੇ ਦਰ ਤੇ ਆਏ ਖੜੇ ਸਨ ?
                  ਮਾਂ,ਅੱਜ ਮੈਨੂੰ ਤੁਸੀਂ ਸਭ ,ਮੇਰਾ ਪਿੰਡ ਅਤੇ ਪਿੰਡ ਦੇ ਲੋਕ ਸਭ ਯਾਦ ਆ ਰਹੇ ਹਨ।ਪਰ ਮੇਰਾ ਤੱਤੜੀ ਦਾ ਕੋਈ ਵੱਸ ਨਹੀਂ ਚਲਦਾ।ਮੈਂ ਕੱਲ੍ਹ ਵੀ ਹੱਸਦੀ ਸਾਂ,ਅੱਜ ਵੀ ਹੱਸਦੀ ਹਾਂ।ਕੱਲ੍ਹ ਵੀ ਨੱਚਦੀ,ਟੱਪਦੀ ਅਤੇ ਗਿੱਧਾ ਪਾਉਂਦੀ ਸਾ,ਅੱਜ ਵੀ ਇਹ ਸਭ ਕੁਝ ਮੇਰੇ ਨਿਤਾਪ੍ਰਤਿ ਜੀਵਨ ਦਾ ਇੱਕ ਅੰਗ ਹੈ।ਪਰ ਸੋਚ "ਕੱਲ੍ਹ" ਅਤੇ "ਅੱਜ" ਵਿੱਚ ਕਿੰਨਾ ਫ਼ਰਕ ਹੈ।ਕਿੰਨਾ ਅੰਤਰ ?ਆਹ ! ਇਹ ਧੂੰਆਂ ਕਿਹਾ ਉੱਠ ਰਿਹੈ ,ਮਾਂ ?
                            ਮੇਰਾ ਦਿਲ ਬਾਹਰ ਆ ਰਿਹਾ ਹੈ ।ਮੇਰੇ ਨੈਣ ਛਲਕ ਰਹੇ ਹਨ। ਮੇਰਾ ਜਿਸਮ ਕੰਬ ਰਿਹਾ ਹੈ।ਮੈਂ ਸਾਰੀ ਦੀ ਸਾਰੀ ਧੜਕ ਰਹੀ ਹਾਂ,ਤੜਪ ਰਹੀ ਹਾਂ ,ਪਰ ਕੀ ਕਰਾਂ / ਨਾ ਤਾਂ ਜੀ ਸਕਦੀ ਹਾਂ,ਨਾ ਮਰ ਸਕਦੀ ਹਾਂ।ਮੈਂ ਮਰੀ ਹੋਈ ਵੀ "ਜੀਊਂਦੀ ਹੋਣ" ਦਾ ਵਿਖਾਵਾ ਕਰ ਰਹੀ ਹਾਂ ।ਰੋਜ਼ ਮੈਂ ਮਣਾਂਮੂੰਹੀਂ ਅੱਥਰੂਆਂ ਨੂੰ ਲੁਕਾ ਕੇ ਹੱਸਦੀ ਹਾਂ ।ਲਹੂ ਦੇ ਘੁੱਟ ਭਰ ਕੇ ਗਾਉਂਦੀ ਹਾਂ।ਗਿੱਧਾ ਪਾਉਂਦੀ ਦੀਆ ਮੇਰੀਆਂ ਤਲ਼ੀਆਂ ਦੁਖਣ ਲੱਗ ਗਈਆ ਹਨ ।ਮੇਰੇ ਪੈਰ,ਸਮਾਜ ਦੇ ਇਸ਼ਾਰਿਆਂ ਤੇ ਹੋ ਰਹੇ ਤਾਂਡਵ ਨਾਚ ਨੱਚਦੇ ਅੰਬ ਗਏ ਹਨ।ਇਹ ਗੀਤ ਰੋਜ ਤੀਜੇ ਦਿਨ ਗਾ ਗਾ ਕੇ ਅੱਕ ਗਈ ਹਾਂ -

    "ਮੇਰਾ ਦਿਨ ਵਡਭਾਗੀ ਆਇਆ।
    ਨੀ ਮੇਰਾ ਦਿਨ ਵਡਭਾਗੀ ਆਇਆ।"

                     ਪਰ ਕੋਈ ਦਿਨ ਵੀ ਮੇਰੇ ਲਈ ਵਡਭਾਗਾ ਨਹੀਂ ਹੁੰਦਾ।ਹੋ ਵੀ ਕਿਵੇਂ ਸਕਦਾ ਏ ?......ਰੋਜ਼ ਤੀਜ਼ੇ ਦਿਨ ਇੱਕ ਬੱਚਾ ਮੇਰੀਆਂ ਬਾਹਾਂ ਵਿਚ ਹੁੰਦਾ ਹੈ,ਪਰ ਮੇਰਾ ਆਪਣਾ ਕੁਝ ਨਹੀਂ ਹੁੰਦਾ।ਮੈਂ ਉਸ ਨੂੰ ਚੁੱਕਦੀ ਹਾਂ,ਚੁੰਮਦੀ ਹਾਂ,ਪਰ....ਹਾਇ, ਕੀ ਦੱਸਾਂ  ਉਦੋਂ ਮੇਰੀ ਹਾਲਤ ਕੀ ਹੁੰਦੀ ਏ ?
        ਇੱਕ ਕਸਕ ਉੱਠ ਰਹੀ ਹੈ ਕਲੇਜਿਓਂ - ਹੁਣ ਹੋਰ ਕੁਝ ਨਹੀਂ ਲਿਖਿਆ ਜਾਣਾ।ਦੂਜੇ ਸਮਾਂ ਵੀ ਹੋ ਚਲਿਐ।ਗਵਾਂਢ ਪਿੰਡ ਚ' ਕਿਸੇ ਘਰੋਂ ਵਧਾਈ ਲੈਣ ਜਾਣਾ ਹੈ।ਅੱਛਾ ਮਾਂ ,ਇੰਨਾ ਹੀ ਕਾਫ਼ੀ ਸਮਝੀਂ।ਹੁਣ ਤੇਰੀ ਦੁਨੀਆਂ ਹੋਰ ਹੈ ਤੇ ਮੇਰੀ ਦੁਨੀਆਂ ਹੋਰ ।ਤੇ ਤੁਸੀਂ ਆਪਣੀ "ਪੂਰਨ ਇਨਸਾਨਾਂ ਦੀ ਦੁਨੀਆਂ" ਚ' ਸਦਾ ਹੱਸਦੇ ਵੱਸਦੇ ਰਹੋ।ਇਹੀ ਮੇਰੀ ਦੁਆ ਹੈ।