ਨੇਤਾ ਜੀ ਦਾ ਸਰਪੰਚ ਸਾਹਿਬ ਨੂੰ ਫੋਨ ਆਇਆ, " ਸਰਪੰਚ ਸਾਹਿਬ, ਰੈਲੀ ਅਨਾਉਂਸ ਹੋ ਗਈ ਹੈ। ਇਸ ਕਰਕੇ ਤਿਆਰੂ ਖਿੱਚੋ"।
ਸਰਪੰਚ ਸਾਹਿਬ ਨੇ ਉਤਸ਼ਾਹ ਦਾ ਮਾਹੌਲ ਬਣਾaਦੇ ਹੋਏ ਜਵਾਬ ਦਿੱਤਾ, " ਨੇਤਾ ਜੀ, ਫਿਕਰ ਨਾ ਕਰੋ, ਇਸ ਵਾਰੀ ਆਪਣੀ ਪਿੰਡ ਵਿੱਚ ਪੂਰੀ ਇੱਜ਼ਤ ਬਣ ਚੁੱਕੀ ਹੈ, ਇੱਕ ਇਸ਼ਾਰੇ ਤੇ ਸਾਰਾ ਪਿੰਡ ਨਾਲ ਉਠ ਖੜ੍ਹਦਾ ਹੈ। ਤੁਸੀਂ ਚਿੰਤਾਂ ਨਾ ਕਰੋ"।
ਸਰਪੰਚ ਸਾਹਿਬ ਫੋਨ ਰੱਖ ਕੇ ਚਿੰਤਾ ਵਿੱਚ ਡੁੱਬ ਗਿਆ।ਕਿਉਂ ਕਿ ਅਜੇ ਕੱਲ੍ਹ ਹੀ ਸਰਪੰਚ ਸਾਹਿਬ ਨੇ ਪਿੰਡ ਦੇ ਇੱਕ ਗਰੀਬ ਪਰਿਵਾਰ ਤੇ ਝੂਠਾ ਪਰਚਾ ਦਰਜ ਕਰਵਾਇਆ ਸੀ। ਜਿਸ ਕਰਕੇ ਪਿੰਡ ਦੇ ਜਿਆਦਾਤਰ ਅਤੇ ਚੰਗੀ ਸੋਚ ਰੱਖਣ ਵਾਲੇ ਲੋਕ ਇਸ ਗੱਲ ਦਾ ਅੰਦਰੋ ਅੰਦਰੀ ਵਿਰੋਧ ਕਰ ਰਹੇ ਸਨ। ਭਾਵੇਂ ਇਹਨਾਂ ਲੋਕਾਂ ਨੇ ਹੀ ਪਹਿਲਾਂ ਸਰਪੰਚ ਨੂੰ ਜਿਤਾਇਆ ਸੀ।
ਸਰਪੰਚ ਸਾਹਿਬ ਚਿੰਤਾ ਵਿਚ ਹੀ ਜੋੜ ਘਟਾਉ ਕਰਨ ਲੱਗਾ।
ਆਪਣੇ ਸੀਰੀ ਨੂੰ ਅਵਾਜ਼ ਮਾਰੀ, " ਸ਼ਿੰਦਰ, ਜਾ ਪ੍ਰਧਾਨ ਅਤੇ ਜੈਲਦਾਰਾਂ ਦੇ ਕਾਕੇ ਨੂੰ ਬੁਲਾ ਕੇ ਲਿਆ"।
ਰੈਲੀ ਦਾ ਦਿਨ ਆ ਗਿਆ। ਸਰਪੰਚ ਸਾਹਿਬ ਨੂੰ ਰੈਲੀ ਤੇ ਲਿਜਾਣ ਲਈ ਬੰਦੇ ਨਹੀਂ ਸਨ ਮਿਲ ਰਹੇ। ਇਸ ਕਰਕੇ ਉਸ ਨੇ ਆਪਣੀ ਇੱਜ਼ਤ ਬਚਾਉਣ ਲਈ ਕੁੱਝ ਦਿਹਾੜੀਦਾਰ ਮਜਦੂਰਾਂ ਨੂੰ ਬੁਲਾਇਆ।
ਸਰਪੰਚ ਸਾਹਿਬ ਨੇ ਇਕ ਦਿਹਾੜੀਦਾਰ ਮਜ਼ਦੂਰ ਨਾਲ ਹੀ ਗੱਲ ਕਰਨ ਵਿੱਚ ਸਿਆਣਪ ਸਮਝੀ।ਉਸ ਨੇ ਕਿਹਾ , " ਮੱਘਰ ਿਸੰਹਾਂ, ਆਪਾਂ ਰੈਲੀ ਤੇ ਜਾਣਾ"।
ਮੱਘਰ ਸਿੰਹਾਂ ਨੇ ਸਾਫ਼-ਸਾਫ਼ ਸ਼ਬਦਾ ਵਿੱਚ ਗੱਲ ਕਹਿਣ ਦੀ ਕੋਸ਼ਿਸ਼ ਕੀਤੀ, " ਦੇਖੋ, ਸਰਪੰਚ ਜੀ………..ਅਸੀਂ ਆ ਮਜ਼ਦੂਰ ਆਦਮੀ ਸਾਨੂੰ ਤਾਂ ਰੈਲੀ ਰੂਲੀ ਬਾਰੇ ਕੁੱਝ ਪਤਾ ਨਹੀਂ ਪਰ ਅਸੀਂ ਕਿਸੇ ਵੀ ਤਰ੍ਹਾਂ ਆਪਣੀ ਦਿਹਾੜੀ ਨਹੀਂ ਛੱਡ ਸਕਦੇ । ਅਸੀਂ ਤਾਂ ਉਹੀ ਕਮਾਉਣਾ ਉਹੀ ਖਾਣਾ"।
ਸਰਪੰਚ ਸਾਹਿਬ ਰਮਜ਼ ਸਮਝ ਗਏ।ਉਸ ਨੇ ਮੱਘਰ ਸਿੰਘ ਨੂੰ ਕਿਹਾ, " ਦੱਸੋ ? ਕਿੰਨਾਂ ਰੁਪਏ ਦਿਹਾੜੀ ਲਵੋਗੇ"।
ਮੱਘਰ ਸਿੰਘ ਨੇ ਆਪਣੀ ਕਰੜੀ-ਬਰੜੀ ਦਾਹੜੀ ਵਿੱਚ ਖਾਜ਼ ਕਰਦੇ ਹੋਏ ਜਵਾਬ ਦਿੱਤਾ, " ੨੫੦ ਰੁਪਏ ਦਿਹਾੜੀ ਚਲਦੀ ਹੈ"।
ਸਰਪੰਚ ਸਾਹਿਬ ਨੇ ਨਰਮ ਜਿਹੀ ਅਵਾਜ਼ ਵਿੱਚ ਕਿਹਾ, " ਦੇਖੋ, ਉੱਥੇ ਤੁਸੀਂ ਕੋਈ ਕੰਮ ਨਹੀਂ ਜੇ ਕਰਨਾ, ਸਿਰਫ ਬਸ ਵਿੱਚ ਨਹਾ ਧੋ ਕੇ ਵਧੀਆ ਕੱਪੜੇ ਪਾ ਕੇ ਬੈਠ ਜਾਣਾ। ਉੱਥੇ ਜਾ ਕੇ ਵੀ ਤੁਸੀਂ ਕੁਰਸੀਆਂ ਤੇ ਬੈਠ ਜਾਣਾ। ਬਸ ਲੈ ਕੇ ਜਾਵੇਗੀ , ਬੱਸ ਛੱਡ ਕੇ ਜਾਵੇਗੀ। ਇਸ ਕਰਕੇ ਮੈਂ ਸਾਰੇ ਬੰਦਿਆਂ ਨੂੰ ੧੦੦ ਰੁਪਏ ਦੇ ਹਿਸਾਬ ਨਾਲ ਪੈਸੇ ਦੇਵਾਂਗਾ। ਨਾਲੇ ਉੱਥੇ ਕਿਹੜਾ ਸਾਰੀ ਦਿਹਾੜੀ ਲੱਗਣੀ ਆ ਆਪਾਂ ਤਾਂ ੨ ਵਜਦੇ ਨੂੰ ਘਰ ਮੁੜ ਆਉਣਾ"।
ਮਘਰ ਸਿੰਹਾਂ ਨੇ ਫੇਰ ਆਪਣੀ ਕਰੜੀ-ਬਰੜੀ ਦਾਹੜੀ ਵਿੱਚ ਹੱਥ ਫੇਰਦੇ ਹੋਏ ਅਤੇ ਆਪਣੀ ਜੋਸ਼ ਨੂੰ ਇੱਕਠਾ ਕਰਕੇ ਕਿਹਾ, " ਦੇਖੋ, ਸਰਪੰਚ ਜੀ………ਅਸੀਂ ਤਾਂ ਦਿਹਾੜੀ ਲਵਾਂਗੇ ੨੫੦ ਰੁਪਏ ਹੀ , ਚਾਹੇ ਸਾਨੂੰ ਬਿਠਾਏਉ……….ਚਾਹੇ ਸਾਥੌਂ ਕੰਮ ਕਰਵਾਏਉ, ਸਾਨੂੰ ਵਿਹਲੇ ਰਹਿਣ ਦੀ ਆਦਤ ਨਹੀਂ।ਜਦੋਂ ਇੱਕ ਵਾਰ ਘਰੋਂ ਚੱਲ ਪਏ ਫੇਰ ਸਾਡਾ ਟਾਈਮ ਨਾਲ ਕੋਈ ਸਬੰਧ ਨਹੀਂ । ਇਸ ਕਰਕੇ ਸਾਨੂੰ ਦੱਸੋ ਕਿਉਂ ਕਿ ਅਸੀਂ ਨਹੀਂ ਸਭ ਨੇ ਕੰਮ ਤੇ ਜਾਣੇ ਜੇ……….ਅਸੀਂ ਦਿਹਾੜੌ ਦੇ ਮਾਮਲੇ ਵਿੱਚ ਸਮਝੋਤਾ ਨਹੀਂ ਕਰਨਾ"।
ਦੂਰੋ ਆ ਰਹੇ ਜੈਲਦਾਰਾਂ ਦੇ ਕਾਕੇ ਅਤੇ ਪ੍ਰਧਾਨ ਨੇ ਤਾੜੀ ਮਾਰੀ। ਸਰਪਂੰਚਾ ਇਸ ਵਾਰ ਤੈਂ ਕਮਾਲ ਹੀ ਕਰ ਦਿੱਤੀ ਇੰਨੇ ਬੰਦੇ ਅੱਜ ਤੱਕ ਨੀਂ ਰੈਲੀ ਤੇ ਜਾਣ ਲਈ ਇੱਕਠੇ ਹੋਏ।
ਸਭ ਬਸ ਵਿੱਚ ਬੈਠ ਕੇ "ਰੈਲੀ" ਤੇ ਚੱਲ ਪਏ।ਸਰਪੰਚ ਦੇ ਚਿਹਰੇ ਤੇ ਅਜੇ ਵੀ ਚਿੰਤਾਂ ਸੀ।