ਖ਼ਬਰਸਾਰ

  •    ਪਰਸ਼ੋਤਮ ਲਾਲ ਸਰੋਏ ਦੀ ਪੁਸਤਕ 'ਮਾਲਾ ਦੇ ਮਣਕੇ' ਰਿਲੀਜ਼ / ਪੰਜਾਬੀ ਲਿਖਾਰੀ ਸਭਾ (ਰਜਿ:), ਜਲੰਧਰ
  •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਵੱਲੋਂ ਸੈਮੀਨਾਰ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  •    ਭਾਈ ਸਾਧੂ ਸਿੰਘ ਧੰਮੂ ਦਾ ਸਨਮਾਨ / ਸਾਹਿਤ ਸਭਾ ਬਾਘਾ ਪੁਰਾਣਾ
  •    ਟਰਾਂਟੋ ਵਿੱਚ ਤਿੰਨ ਦਿਨਾਂ ਗ਼ਦਰ ਸ਼ਤਾਬਦੀ ਸਮਾਗਮ / ਪੰਜਾਬੀਮਾਂ ਬਿਓਰੋ
  •    ‘ਕੁੜੀਆਂ ਤੇ ਕਵਿਤਾਵਾਂ’ ਪੁਸਤਕ ਲੋਕ ਅਰਪਣ / ਪੰਜਾਬੀਮਾਂ ਬਿਓਰੋ
  •    ਤਨਦੀਪ ਤਮੰਨਾ ਦਾ ਕਾਵਿ-ਸੰਗ੍ਰਹਿ 'ਇਕ ਦੀਵਾ ਇਕ ਦਰਿਆ' ਰਿਲੀਜ਼ / ਪੰਜਾਬੀਮਾਂ ਬਿਓਰੋ
  •    ਬੀ ਸੀ ਕਲਚਰਲ ਫਾਊਂਡੇਸ਼ਨ ਵੱਲੋਂ ਪੁਸਤਕ ਰੀਲੀਜ਼ ਸਮਾਗਮ / ਬੀ ਸੀ ਕਲਚਰਲ ਫਾਊਂਡੇਸ਼ਨ
  •    ਜਾਰਜ ਮੈਕੀ ਲਾਇਬ੍ਰੇਰੀ ਡੈਲਟਾ ਵਿਚ ਇਕ ਰੰਗਲੀ ਕਾਵਿ-ਸ਼ਾਮ / ਪੰਜਾਬੀਮਾਂ ਬਿਓਰੋ
  •    ਪੰਜਾਬੀ ਸਾਹਿਤ ਸਭਾ, ਸੰਦੌੜ ਦੀ ਮਹੀਨਾਵਾਰ ਇਕੱਤਰਤਾ / ਪੰਜਾਬੀ ਸਾਹਿਤ ਸਭਾ, ਸੰਦੌੜ
  •    ਸਿਰਜਣਧਾਰਾ ਵੱਲੋਂ ਦੋ ਸਮਾਗਮਾਂ ਵਿਚ ਪੁਸਤਕਾਂ ਲੋਕ ਅਰਪਣ / ਸਿਰਜਣਧਾਰਾ
  •    ਪੰਜਾਬੀ ਸਾਹਿਤ ਅਕੈਡਮੀ ਨਿਊਯਾਰਕ ਦੀ ਸੱਤਵੀਂ ਵਰ੍ਹੇ-ਗੰਢ ਮਨਾਈ / ਪੰਜਾਬੀ ਸਾਹਿਤ ਅਕੈਡਮੀ,ਨਿਊਯਾਰਕ
  • ਇਕੱਲਤਾ ਤੋਂ ਬਚੋ (ਲੇਖ )

    ਗੁਰਸ਼ਰਨ ਸਿੰਘ ਕੁਮਾਰ   

    Email: gursharan1183@yahoo.in
    Cell: +91 94631 89432
    Address: 1183, ਫੇਜ਼-10
    ਮੁਹਾਲੀ India
    ਗੁਰਸ਼ਰਨ ਸਿੰਘ ਕੁਮਾਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਕੋਈ ਪੰਛੀ ਅਸਮਾਨ ਵਿਚ ਜਿੰਨਾਂ ਮਰਜੀ ਉੱਚਾ ਉੱਡ ਲਵੇ ਪਰ ਭੋਜਨ ਲੈਣ ਲਈ ਉਸਨੂੰ ਹੇਠਾਂ ਜਮੀਨ ਤੇ ਆਉਣਾ ਹੀ ਪਵੇਗਾ। ਇਸੇ ਤਰ੍ਹਾਂ ਕੋਈ ਮਨੁੱਖ ਆਪਣੇ ਧਨ ਕਰਕੇ, ਅਹੁਦੇ ਕਰਕੇ, ਬੁੱਧੀ ਕਰਕੇ ਜਾਂ ਅਧਿਆਤਮਿਕਤਾ ਕਰਕੇ ਜਿਨੀ੍ਹ ਮਰਜੀ ਉਨਤੀ ਕਰ ਲਵੇ, ਉਹ ਆਪਣੇ ਆਪ ਨੂੰ ਜਿਆਦਾ ਦੇਰ ਸਮਾਜ ਤੋਂ ਨਿਖੇੜ ਕੇ ਨਹੀਂ ਰੱਖ ਸਕਦਾ। ਜਿਤਨਾ ਉਹ ਸਮਾਜ ਤੋਂ ਦੂਰ ਹੋਵੇਗਾ ਉਤਨਾ ਹੀ ਉਹ ਦੁਖੀ ਹੋਵੇਗਾ। ਇਕੱਲਤਾ ਉਸਨੂੰ ਵੱਢ ਵੱਢ ਖਾਵੇਗੀ। ਮਨੁੱਖ ਦੀ ਕੋਈ ਵੀ ਪ੍ਰਾਪਤੀ ਸਾਰਥਕ ਨਹੀਂ ਮੰਨੀ ਜਾ ਸਕਦੀ ਜਿਤਨੀ ਦੇਰ ਉਸਦਾ ਸਬੰਧ ਸਮਾਜ ਨਾਲ ਨਾ ਹੋਵੇ। ਮੰਨ ਲਉ ਤੁਸੀਂ ਮਿਹਨਤ ਕਰਕੇ ਕੋਈ ਇਮਤਿਹਾਨ ਪਾਸ ਕਰਦੇ ਹੋ ਜਾਂ ਕੋਈ ਹੋਰ ਉੱਚੀ ਪ੍ਰਾਪਤੀ ਜਾਂ ਪ੍ਰਸਿਧੀ ਹਾਸਲ ਕਰਦੇ ਹੋ। ਤੁਹਾਡੀ ਇਹ ਪ੍ਰਾਪਤੀ ਤਾਂ ਹੀ ਪੂਰੀ ਸਮਝੀ ਜਾਵੇਗੀ ਜਦ ਤੁਸੀਂ ਇਸ ਖੁਸ਼ੀ ਦਾ ਜਸ਼ਨ ਸਮਾਜ ਵਿਚ ਮਨਾਵੋਗੇ। ਸਮਾਜ ਤੁਹਾਨੂੰ ਸਨਮਾਨਿਤ ਕਰੇਗਾ। ਤੁਹਾਡੀ ਪ੍ਰਾਪਤੀ ਦਾ ਮੁੱਲ ਪਾਵੇਗਾ ਨਹੀਂ ਤਾਂ ਇਕੱਲੇ ਆਦਮੀ ਦੀ ਖੁਸ਼ੀ ਜਾਂ ਪ੍ਰਾਪਤੀ ਕੋਈ ਮਾਇਨੇ ਨਹੀਂ ਰੱਖਦੀ। ਸਿਧਾਰਥ ਨੂੰ ਵੀ ਮਾਨਤਾ ਉਦੋਂ ਹੀ ਮਿਲੀ ਸੀ ਜਦ ਉਸਨੂੰ ਬੁੱਧ ਦਾ ਗਿਆਨ ਪ੍ਰਾਪਤ ਹੋ ਗਿਆ ਅਤੇ ਉਸਨੇ ਇਹ ਗਿਆਨ ਮਨੁੱਖਤਾ ਦੇ ਭਲੇ ਲਈ ਵਰਤਿਆ। ਨਹੀਂ ਤੇ ਉਸਦਾ ਰਾਜ-ਭਾਗ ਤਿਆਗਣਾ ਅਤੇ ਜੰਗਲਾਂ ਵਿਚ ਭਟਕਣਾ ਸਭ ਅਣਗੋਲਿਆ ਹੀ ਰਹਿ ਜਾਣਾ ਸੀ।

    ਬੱਚਾ ਜਦ ਜਨਮ ਲੈਂਦਾ ਹੈ ਤਾਂ ਸਭ ਤੋਂ ਪਹਿਲਾਂ ਉਹ ਪਰਿਵਾਰ ਦਾ ਭਾਗ ਬਣਦਾ ਹੈ। ਪਰਿਵਾਰ ਸਮਾਜ ਦੀ ਸਭ ਤੋਂ ਛੋਟੀ ਇਕਾਈ ਹੈ। ਸਮਾਜ ਵਿਚ ਪਲ ਕੇ ਹੀ ਬੱਚਾ ਵੱਡਾ ਹੁੰਦਾ ਹੈ। ਉਹ ਬੋਲਣਾ ਸਿਖਦਾ ਹੈ। ਆਪਣੇ ਪੈਰਾਂ ਤੇ ਖੜ੍ਹਾ ਹੋਣਾ ਤੇ ਤੁਰਨਾ ਸਿੱਖਦਾ ਹੈ। ਹੌਲੀ ਹੌਲੀ ਉਹ ਆਪਣੇ ਨਿੱਜੀ ਸਰੀਰਕ ਕੰਮ ਆਪ ਕਰਨਾ ਸਿੱਖਦਾ ਹੈ। ਪਰਿਵਾਰ ਤੇ ਸਮਾਜ ਵਿਚ ਹੀ ਉਸਨੂੰ ਚੰਗੇ ਸੰਸਕਾਰ ਮਿਲਦੇ ਹਨ। ਸਮਾਜ ਵਿਚੋਂ ਹੀ ਉਹ ਸਲੀਕਾ ਸਿੱਖਦਾ ਹੈ ਅਤੇ ਉਸਦੀ ਸ਼ਖਸੀਅਤ ਬਣਦੀ ਹੈ। ਉਹ ਆਤਮ-ਨਿਰਭਰ ਬਣਦਾ ਹੈ। ਇਸੇ ਲਈ ਕਹਿੰਦੇ ਹਨ ਕਿ ਮਨੁੱਖ ਇਕ ਸਮਾਜਿਕ ਪ੍ਰਾਣੀ ਹੈ। ਉਹ ਆਪਣੀ ਜਰੂਰਤ ਦੀਆਂ ਸਾਰੀਆਂ ਲੋੜਾਂ ਆਪ ਪੂਰੀਆਂ ਨਹੀਂ ਕਰ ਸਕਦਾ। ਉਸਨੂੰ ਜ਼ਿੰਦਗੀ ਵਿਚ ਕਦਮ ਕਦਮ ਤੇ ਦੂਸਰੇ ਸਾਥੀਆਂ ਦੀ ਜਰੂਰਤ ਪੈਂਦੀ ਹੈ। ਜ਼ਿੰਦਗੀ ਦੇ ਨਿਰਬਾਹ ਲਈ ਉਸਨੂੰ ਸਮਾਜ ਵਿਚ ਵਿਚਰਨਾ ਪੈਂਦਾ ਹੈ।

    ਸਾਡੇ ਸਾਰੇ ਤਿਉਹਾਰ—ਹੋਲੀ, ਵਿਸਾਖੀ ਅਤੇ ਦੀਵਾਲੀ ਆਦਿ ਰਲ ਕੇ ਹੀ ਮਨਾਏ ਜਾਂਦੇ ਹਨ। ਇਸੇ ਤਰਾਂਹ ਸਾਡੇ ਸਾਰੇ ਧਾਰਮਿਕ ਪ੍ਰੋਗਰਾਮ—ਕੀਰਤਨ, ਜਗਰਾਤੇ, ਈਦ ਤੇ ਕੁੰਬ ਦੇ ਮੇਲੇ ਆਦਿ ਵੀ ਰਲ ਕੇ ਹੀ ਮਨਾਏ ਜਾਂਦੇ ਹਨ। ਸਾਡੇ ਆਪਣੇ ਨਿੱਜੀ ਅਤੇ ਪਰਿਵਾਰ ਦੇ ਜਸ਼ਨ ਜਿਵੇਂ ਜਨਮਦਿਨ, ਮੁੰਡਨ, ਦਸਤਾਰਬੰਦੀ, ਮੰਗਣੀ, ਵਿਆਹ ਅਤੇ ਹੋਰ ਖੁਸ਼ੀ ਦੇ ਮੌਕੇ ਵੀ ਰਲ ਕੇ ਹੀ ਮਨਾਏ ਜਾਂਦੇ ਹਨ। ਇਥੋਂ ਤੱਕ ਕੇ ਮਰਨ ਉਪਰੰਤ ਅੰਤਿਮ ਸੰਸਕਾਰ ਵੇਲੇ ਦੀਆਂ ਰਸਮਾ ਵੀ ਰਲ ਕੇ ਹੀ ਪੂਰੀਆਂ ਕੀਤੀਆਂ ਜਾਂਦੀਆਂ ਹਨ। ਜਿਸ ਬੰਦੇ ਦੇ ਅੰਤਿਮ ਸੰਸਕਾਰ ਵੇਲੇ ਜਿਤਨਾ ਜਿਆਦਾ ਇੱਕਠ ਹੋਵੇ ਉਤਨਾ ਹੀ ਉਸ ਬੰਦੇ ਨੂੰ ਉੱਚੇ ਅਹੁਦੇ ਦਾ, ਧੰਨਾਢ ਜਾਂ ਮਿਲਾਪੜਾ ਗਿਣਿਆ ਜਾਂਦਾ ਹੈ। ਇਸਦੇ ਉਲਟ ਜਿਸ ਬੰਦੇ ਦੇ ਅੰਤਿਮ ਸੰਸਕਾਰ ਸਮੇਂ ਜਿਆਦਾ ਇੱਕਠ ਨਾਂ ਹੋਵੇ ਉਸ ਬੰਦੇ ਨੂੰ ਉਤਨਾ ਹੀ ਗਰੀਬ, ਅਸਮਾਜਿਕ, ਘਮੰਢੀ, ਇਕੱਲਾ ਅਤੇ ਅਭਾਗਾ ਗਿਣਿਆ ਜਾਂਦਾ ਹੈ।

    ਅੱਜ ਲੱਖਾਂ ਕਰੋੜਾਂ ਦੀ ਭੀੜ ਵਿਚ ਵੀ ਮਨੁੱਖ ਅੰਦਰੋਂ ਇਕੱਲਾ ਹੀ ਹੈ। ਇਸ ਇਕੱਲਤਾ ਦਾ ਦੁੱਖ ਵੀ ਉਹ ਆਪਣੀ ਆਤਮਾ ਤੇ ਇਕੱਲਾ ਹੀ ਹੰਢਾਉਂਦਾ ਹੈ। ਜਿਵੇਂ ਕੋਈ ਬੰਦਾ ਕੀਮਤੀ ਤੋਂ ਕੀਮਤੀ ਸੂਟ ਪਾ ਕੇ ਵੀ ਅੰਦਰੋਂ ਨੰਗਾ ਹੀ ਹੁੰਦਾ ਹੈ। ਲੋਕਾਂ ਤੇ ਤਾਂ ਉਸਦੇ ਵਧੀਆ ਸੂਟ ਦਾ ਪ੍ਰਭਾਵ ਪੈ ਸਕਦਾ ਹੈ ਪਰ ਉਸਨੂੰ ਅੰਦਰੋਂ ਆਪਣੇ ਨੰਗੇਜ ਦਾ ਅਹਿਸਾਸ ਹੁੰਦਾ ਹੈ। ਮਨੁੱਖ ਦੁੱਖ ਸੁੱਖ ਵਿਚ ਸਮਾਜ ਨਾਲ ਜੁੜਿਆ ਹੋਇਆ ਹੀ ਸੋਹਣਾ ਲਗਦਾ ਹੈ। ਇਸੇ ਵਿਚ ਹੀ ਉਸ ਦੀ ਸੁਰੱਖਿਆ ਹੈ। ਮਨੁੱਖ ਇਕੱਲਾ ਨਾ ਹੱਸਦਾ ਸੋਹਣਾ ਲਗਦਾ ਹੈ ਨਾ ਰੋਂਦਾ। ਖੁਸ਼ੀ ਵੰਡਣ ਨਾਲ ਦੁਗਣੀ ਹੋ ਜਾਂਦੀ ਹੈ ਅਤੇ ਦੁੱਖ ਵੰਡਣ ਨਾਲ ਅੱਧਾ ਰਹਿ ਜਾਂਦਾ ਹੈ।ਇਸ ਲਈ ਬੰਦਾ ਡਿਪਰੈਸ਼ਨ ਵਿਚ ਆਉਣ ਤੋਂ ਬਚ ਜਾਂਦਾ ਹੈ। ਸਮਾਜ ਵਿਚ ਉਸਦੇ ਮਾਨਸਿਕ ਜਖਮ ਜਲਦੀ ਭਰ ਜਾਂਦੇ ਹਨ। ਕਈ ਬੰਦਿਆਂ ਨੂੰ ਬਿਮਾਰ ਹੋਣ ਵਿਚ ਵੀ ਰਾਹਤ ਮਿਲਦੀ ਹੈ ਕਿਉਂਕਿ ਦੋ ਚਾਰ ਸਨੇਹੀ ਰੋਜਾਨਾ ਉਸਦਾ ਹਾਲ ਚਾਲ ਪੁੱਛਣ ਆਉਂਦੇ ਹਨ। ਉਸ ਬੰਦੇ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਦੁੱਖ ਦੀ ਘੜੀ ਉਹ ਦੁਨੀਆਂ ਵਿਚ ਇਕੱਲਾ ਨਹੀਂ। ਇਸ ਔਖੀ ਘੜੀ ਵਿਚ ਉਸਦੇ ਹਮਦਰਦ ਉਸ ਨਾਲ ਖੜ੍ਹੇ ਹਨ। ਇਸ ਤਰਾਂ੍ਹ ਉਸਨੂੰ ਇਕ ਅਜੀਬ ਜਿਹਾ ਸਕੂਨ ਮਿਲਦਾ ਹੈ ਜੋ ਉਸਨੂੰ ਸਮਾਜ ਨਾਲ ਜੋੜੀ ਰੱਖਦਾ ਹੈ। ਮਨੁੱਖ ਦੀ ਸ਼ਕਤੀ ਸੁਦੇ ਪਰਿਵਾਰ ਦੇ ਮੈਂਬਰ, ਯਾਰ ਦੋਸਤ ਤੇ ਰਿਸ਼ਤੇਦਾਰ  ਹੁੰਦੇ ਹਨ। ਮਨੁੱਖ ਦਾ ਸਮਾਜਿਕ ਘੇਰਾ ਜਿਤਨਾ ਵਿਸ਼ਾਲ ਹੋਵੇਗਾ ਉਤਨੀ ਹੀ ਉਸਦੀ ਜ਼ਿੰਦਗੀ ਸੌਖੀ ਹੋਵੇਗੀ। ਉਸਦੇ ਨਿੱਜੀ ਕੰਮ ਸੌਖੇ ਹੀ ਨਿਪਟ ਜਾਣਗੇ। ਹਰ ਕੋਈ ਉਸਦੀ ਮਦਦ ਨੂੰ ਤੱਤਪਰ ਹੋਵੇਗਾ। ਇਸ ਤੋਂ ਉਲਟ ਜਿਤਨਾ ਕਿਸੇ ਦਾ ਸਮਾਜਿਕ ਦਾਇਰਾ ਘੱਟ ਹੋਵੇਗਾ ਉਤਨੀ ਹੀ ਉਸਦੀ ਜ਼ਿੰਦਗੀ ਮੁਸ਼ਕਿਲ ਭਰੀ ਹੋਵੇਗੀ। ਉਹ ਹਰ ਕੰਮ ਵਿਚ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰੇਗਾ। ਉਸਦੇ ਛੋਟੇ ਛੋਟੇ ਕੰਮਾ ਵਿਚ ਵੀ ਰੁਕਾਵਟਾਂ ਆਉਣਗੀਆਂ। ਕੋਈ ਉਸ ਦੇ ਨੇੜੇ ਨਹੀਂ ਲਗੇਗਾ। ਉਸਨੂੰ ਛੋਟਾ ਜਿਹਾ ਕੰਮ ਵੀ ਪਹਾੜ ਜਿਹਾ ਵੱਡਾ ਜਾਪੇਗਾ। ਉਹ ਜਲਦੀ ਹੀ ਅੰਦਰੋਂ ਟੁੱਟ ਜਾਵੇਗਾ। ਇਸੇ ਲਈ ਕਹਿੰਦੇ ਹਨ ਇਕੱਲਾ ਤਾਂ ਰੁੱਖ ਵੀ ਨਾ ਹੋਵੇ। ਇਨਸਾਨ ਨੂੰ ਹਮੇਸ਼ਾਂ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ। ਜੇ ਅੱਜ ਤੁਸੀਂ ਕਿਸੇ ਦੇ ਕੰਮ ਆਵੋਗੇ ਤਾਂ ਹੀ ਕੱਲ ਨੂੰ ਜਰੂਰਤ ਸਮੇਂ ਕੋਈ ਤੁਹਾਡੀ ਮਦਦ ਨੂੰ ਪਹੁੰਚੇਗਾ। ਤੁਹਾਡੀ ਜ਼ਿੰਦਗੀ ਸੌਖੀ ਅਤੇ ਸੁਖੀ ਹੋਵੇਗੀ।

    ਜੇ ਤੁਸੀਂ ਕਿਸੇ ਉੱਚੇ ਅਹੁਦੇ ਤੇ ਹੋ ਅਤੇ ਤੁਸੀਂ ਘੁਮੰਢ ਵਿਚ ਆ ਜਾਂਦੇ ਹੇ ਅਤੇ ਆਪਣੇ ਆਪ ਨੂੰ ਦੂਜਿਆ ਨਾਲੋਂ ਬਹੁਤ ਉੱਚਾ ਸਮਝਦੇ ਹੋ ਤਾਂ ਵੀ ਤੁਸੀਂ ਜਲਦੀ ਹੀ ਇਕੱਲਤਾ ਦਾ ਸ਼ਿਕਾਰ ਹੋ ਜਾਵੋਗੇ। ਹੋ ਸਕਦਾ ਹੈ ਤੁਹਾਡੇ ਉੱਚੇ ਅੋਹਦੇ ਕਰਕੇ ਉਸ ਸਮੇਂ ਤੁਹਾਡੇ ਆਲੇ ਦੁਆਲੇ ਕਈ ਖੁਸ਼ਾਮਦੀ ਲੋਕ ਘੇਰਾ ਪਾਈ ਰੱਖਣ ਤੇ ਤੁਹਾਨੂੰ ਸਲਾਮਾਂ ਵੀ ਮਾਰਨ ਪਰ ਜਿਉਂ ਹੀ ਤੁਹਾਡੇ ਪੈਰਾਂ ਥੱਲਿਉਂ ਅਹੁਦਾ ਖਿਸਕਿਆ ਤਾਂ ਸਾਰੇ ਮਤਲਬਪਰਸਤ ਲੋਕ ਤੁਹਾਡੇ ਤੋਂ ਦੂਰ ਹੋ ਜਾਣਗੇ। ਤੁਸੀਂ ਇਕੱਲੇ ਰਹਿ ਜਾਵੋਗੇ। ਫਿਰ ਤੁਹਾਨੂੰ ਅਫਸੋਸ ਹੋਵੇਗਾ ਕਿ ਸਮਾਂ ਰਹਿੰਦਿਆਂ ਮੈਂ ਲੋਕਾਂ ਦੇ ਨਿਰ-ਸੁਆਰਥ ਕੰਮ ਕਿਉਂ ਨਹੀਂ ਆਇਆ ਪਰ ਅਬ ਪਛਤਾਇਆਂ ਕਿਆ ਹੋਤ ਜਬ ਚਿੜੀਆ ਚੁਗ ਗਈ ਖੇਤ।ਜੇ ਤੁਸੀਂ ਕਿਸੇ ਛੋਟੇ ਬੱਚੇ ਜਾਂ ਜਾਨਵਰ ਨੂੰ ਵੀ ਕੋਈ ਖੁਸ਼ੀ ਦਿੰਦੇ ਹੋ ਜਾਂ ਉਸਨੂੰ ਕੋਈ ਸੁੱਖ ਪਹੁਚਾਉਂਦੇ ਹੋ ਤਾਂ ਉਹ ਵੀ ਤੁਹਾਡੇ ਵਲ ਪਿਆਰ ਤੇ ਕ੍ਰਿਤਿਗਿਆ ਭਰੀਆਂ ਨਜਰਾਂ ਨਾਲ ਦੇਖਦਾ ਹੈ। ਇਸ ਨਾਲ ਤੁਹਾਡੇ ਮਨ ਨੂੰ ਸਕੂਨ ਮਿਲਦਾ ਹੈ।

    ਇਕੱਲੇ ਆਦਮੀ ਦੀ ਜ਼ਿੰਦਗੀ ਆਪਣੇ ਬਣਾਏ ਹੋਏ ਖੋਲ ਵਿਚ ਹੀ ਸੁੰਗੜ ਕੇ ਰਹਿ ਜਾਂਦੀ ਹੈ। ਉਸਨੂੰ ਕਿਸੇ ਦਾ ਸਾਥ ਪਸੰਦ ਨਹੀਂ ਆਉਂਦਾ। ਉਹ ਰਾਤ ਦਿਨ ਇਕੱਲਾ ਹੀ ਆਪਣੀਆਂ ਸਮੱਸਿਅਵਾਂ ਨਾਲ ਜੂਝਦਾ ਰਹਿੰਦਾ ਹੈ। ਉਸਨੂੰ ਕੋਈ ਪਸੰਦ ਨਹੀਂ ਕਰਦਾ ਕਿਉਂਕਿ ਸਮਾਜ ਵਿਚ ਉਸਦਾ ਕੋਈ ਯੋਗਦਾਨ ਨਹੀਂ ਹੁੰਦਾ। ਉਸਦੇ ਮਾਨਸਿਕ ਜਖਮ ਕਦੀ ਨਹੀਂ ਭਰਦੇ। ਉਹ ਡਿਪਰੈਸ਼ਨ ਅਤੇ ਅਲਰਜਾਈਮਰ ਆਦਿ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਉਸਦੀ ਯਾਦਾਸ਼ਤ ਕਮਜੋਰ ਹੋ ਜਾਂਦੀ ਹੈ ਅਤੇ ਉਹ ਛੋਟੀਆਂ ਛੋਟੀਆਂ ਗੱਲਾਂ ਨੁੰ ਭੁੱਲਣ ਲਗਦਾ ਹੈ ਅਤੇ ਦੁਖੀ ਹੁੰਦਾ ਹੈ। ਅਜਿਹੀਆਂ ਬਿਮਾਰੀਆਂ ਤੇ ਕੋਈ ਦਵਾਈ ਵੀ ਅਸਰ ਨਹੀਂ ਕਰਦੀ। ਅਜਿਹੇ ਬੰਦਿਆਂ ਦਾ ਇਕੋ ਹੀ ਇਲਾਜ ਹੈ ਕਿ ਉਹ ਇਕੱਲੇ ਨਾ ਰਹਿਣ।

    ਹਰ ਕੰਮ ਵਿਚ ਆਪਣੇ ਆਪ ਨੂੰ ਦੂਜਿਆਂ ਨਾਲੋਂ ਉੱਚਾ ਤੇ ਵਧੀਆ ਸਮਝਣਾ ਕਿਥੋਂ ਦੀ ਸਿਆਣਪ ਹੈ? ਅਜਿਹੇ ਬੰਦੇ ਨੂੰ ਕੋਈ ਪਸੰਦ ਨਹੀਂ ਕਰਦਾ ਇਸ ਲਈ ਉਹ ਜਲਦੀ ਹੀ ਇਕੱਲਤਾ ਦਾ ਸ਼ਿਕਾਰ ਹੋ ਜਾਂਦਾ ਹੈ। ਸਮਾਜ ਨਾਲੋਂ ਟੁੱਟ ਕੇ ਉਹ ਅਲੱਗ ਥਲੱਗ ਹੋ ਕੇ ਇਕੱਲਾ ਰਹਿ ਜਾਂਦਾ ਹੈ। ਕਹਿੰਦੇ ਹਨ –ਰੋਮ ਜਲ ਰਿਹਾ ਸੀ ਅਤੇ ਨੀਰੂ ਬੰਸਰੀ ਵਜਾ ਰਿਹਾ ਸੀ। ਇਕੱਲੇ ਮਨੁੱਖ ਦੀ ਖੁਸ਼ੀ ਕੁਝ ਇਸੇ ਤਰਾਂਹ ਦੀ ਹੀ ਹੈ। ਜੇ ਮਨੁੱਖ ਦੀ ਖੁਸ਼ੀ ਦਾ ਸਮਾਜੀਕਰਨ ਨਾ ਹੋਵੇ ਤਾਂ ਉਸ ਦੀ ਖੁਸ਼ੀ ਕਿਸੇ ਕੰਮ ਦੀ ਨਹੀਂ।ਕਈ ਲੋਕ ਜ਼ਿੰਦਗੀ ਵਿਚ ਆਪਣੇ ਆਪ ਨੂੰ ਇਤਨਾ ਇਕੱਲਾ ਕਰ ਲੈਂਦੇ ਹਨ ਕਿ ਉਹ ਦੁਖੀ ਹੋ ਕੇ ਖੁਦਕਸ਼ੀ ਦੇ ਰਾਹ ਤੇ ਤੁਰ ਪੈਂਦੇ ਹਨ ਪਰ ਮੌਤ ਕਿਸੇ ਸਮਸਿਆ ਦਾ ਹੱਲ ਨਹੀਂ। ਇਸੇ ਲਈ ਕਹਿੰਦੇ ਹਨ –ਜੇ ਮਰ ਕੇ ਵੀ ਚੈਨ ਨਾ ਪਾਇਆ ਤਾਂ ਫਿਰ ਕਿੱਥੇ ਜਾਵੋਗੇ?

    ਕਈ ਲੋਕ ਇਹ ਸੋਚਦੇ ਹਨ ਕਿ ਸਮਾਜ ਨੇ ਸਾਨੂੰ ਦਿੱਤਾ ਹੀ ਕੀ ਹੈ ਜੋ ਅਸੀਂ ਸਮਾਜ ਬਾਰੇ ਕੁਝ ਸੋਚੀਏ। ਉਨ੍ਹਾਂ ਦਾ ਇਹ ਖਿਆਲ ਗਲਤ ਹੈ। ਜੋ ਕੁਝ ਵੀ ਅੱਜ ਉਹ ਹਨ ਉਹ ਕੇਵਲ ਸਮਾਜ ਦਾ ਸਦਕਾ ਹੀ ਹਨ। ਜੇ ਸਮਾਜ ਨਾ ਹੁੰਦਾ ਤਾਂ ਉਨਾ੍ਹ ਨੇ ਕਦੋਂ ਦਾ ਕਾਵਾਂ, ਕੁੱਤਿਆਂ, ਸ਼ੇਰਾਂ ਅਤੇ ਬਘਿਆੜਾਂ ਦਾ ਭੋਜਨ ਬਣ ਚੁੱਕੇ ਹੋਣਾ ਸੀ। ਫਿਰ ਉਨਾਂ ਨੇ ਕਿੱਥੇ ਹੋਣਾ ਸੀ?

    ਇਸੇ ਤਰ੍ਹਾਂ ਕੁਝ ਹੋਰ ਲੋਕ ਦੁਨੀਆਂ ਤੋਂ ਅੱਕ ਕੇ ਕਹਿੰਦੇ ਹਨ--ਅਸੀਂ ਸਾਧੂ ਜਾਂ ਸਨਿਆਸੀ ਬਣ ਗਏ ਹਾਂ। ਅਸੀਂ ਦੁਨੀਆਂ ਤੋਂ ਕੀ ਲੈਣਾ ਹੈ? ਉਹ ਦੁਨੀਆਂ ਨੂੰ ਦੁੱਖਾਂ ਦਾ ਘਰ ਦਸਦੇ ਹਨ। ਇਹ ਕੇਵਲ ਉਨਾਂ ਦਾ ਢੋਂਗ ਅਤੇ ਭਾਂਜਵਾਦ ਹੈ। ਅਜਿਹੇ ਲੋਕ ਸਮਾਜ ਨੂੰ ਤਿਆਗ ਕੇ ਵੀ ਸਮਾਜ ਤੋਂ ਦੂਰ ਨਹੀਂ ਰਹਿ ਸਕਦੇ। ਉਹ ਲੋਕ ਸਮਾਜ ਤੇ ਇਕ ਬੋਝ ਹਨ। ਉਨਾਂ ਨੂੰ ਆਪਣੀਆਂ ਕੁੱਲੀ, ਗੁੱਲੀ ਅਤੇ ਜੁੱਲੀ ਦਆਿਂ ਜਰੂਰਤਾਂ ਪੂਰੀਆਂ ਕਰਨ ਲਈ ਸਮਾਜ ਦੇ ਦਰ ਤੇ ਆਉਣਾ ਹੀ ਪੈਣਾ ਹੈ।ਫਿਰ ਸਮਾਜ ਨੂੰ ਛੱਡਣ ਦਾ ਕੀ ਲਾਭ। ਯਾਦ ਰੱਖੋ ਸਮਾਜ ਨੂੰ ਤਿਆਗਣਾ ਜਾਂ ਭੰਡਣਾ ਕਿਸੇ ਸਮਸਿਆ ਦਾ ਹੱਲ ਨਹੀਂ। ਸਮਸਿਆ ਨੂੰ ਸੁਲਝਾਉਣ ਲਈ ਤਕੜੇ ਹੋ ਕੇ ਹੌਸਲੇ ਨਾਲ ਮੁਕਾਬਲਾ ਕਰਨਾ ਪੈਂਦਾ ਹੈ। ਇਹ ਕਦੀ ਨਾ ਸੋਚੋ ਕੇ ਸਮਾਜ ਨੇ ਤੁਹਾਨੂੰ ਕੀ ਦਿੱਤਾ ਹੈ। ਸਮਾਜ ਨੇ ਤੁਹਾਨੂੰ ਜ਼ਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਦਿੱਤੀਆਂ ਹਨ। ਕੁਦਰਤ ਦੀਆਂ ਰਹਿਮਤਾਂ ਦੇ ਖਜਾਨੇ ਤੁਹਾਡੇ ਲਈ ਖੁੱਲ੍ਹੇ ਹਨ। ਤੁਸੀਂ ਆਪਣਾ ਹਿੱਸਾ ਲਉ ਤੇ ਅਨੰਦ ਮਾਣੋ। ਸਮਾਜ ਦੇ ਗੁਲਜਾਰ ਵਿਚ ਤੁਸੀਂ ਹਾਸਿਆਂ ਦੇ ਫੁੱਲ ਖਿੜਾਉਣੇ ਹਨ ਅਤੇ ਇਸ ਨੂੰ ਹੋਰ ਖੁਸ਼ ਤੇ ਖੁਸ਼ਹਾਲ ਬਣਾਉਣਾ ਹੈ ਤਾਂ ਹੀ ਤੁਹਾਡਾ ਇਸ ਦੁਨੀਆਂ ਵਿਚ ਆਉਣਾ ਸਫਲ ਹੈ।

    ਕਈ ਲੋਕ ਆਪਣੇ ਹਿਸਾਬ ਸਿਰ ਆਪਣੀ ਜ਼ਿੰਦਗੀ ਜਿਉਣਾ ਚਾਹੁੰਦੇ ਹਨ। ਉਹ ਕਿਸੇ ਉੱਚੇ ਆਦਰਸ਼ ਜਾਂ ਕਿਸੇ ਮਜਬੂਰੀ ਕਾਰਨ ਸ਼ਾਦੀ ਦੇ ਬੰਧਨ ਵਿਚ ਨਹੀਂ ਬੱਝਦੇ। ਉੇਹ ਵੀ ਆਪਣੇ ਆਪ ਨੂੰ ਸਮਾਜ ਨਾਲੋਂ ਕੁਝ ਹੱਦ ਤੱਕ ਟੁੱਟਾ ਹੋਇਆ ਹੀ ਮਹਿਸੂਸ ਕਰਦੇ ਹਨ ਅਤੇ ਛੇਤੀ ਹੀ ਇਕੱਲਤਾ ਦਾ ਸ਼ਿਕਾਰ ਹੋ ਜਾਂਦੇ ਹਨ। ਪਰ ਜੇ ਉਹ ਆਪਣੀ ਇਸ ਇਕੱਲਤਾ ਤੇ ਕਾਬੂ ਪਾ ਲੈਣ ਅਤੇ ਸਮਾਜ ਨਾਲ ਜੁੜੇ ਰਹਿਣ ਤਾਂ ਉਹ ਮਹਾਨ ਕੰਮ ਕਰ ਦਿਖਾਉਂਦੇ ਹਨ ਅਤੇ ਬੁਲੰਦੀਆਂ ਨੂੰ ਛੂੰਹਦੇ ਹਨ। ਸਾਡੇ ਦੇਸ਼ ਵਿਚ ਛੜੇ ਲੋਕਾਂ ਨੇ ਵੀ ਬਹੁਤ ਪ੍ਰਸਿਧੀ ਪ੍ਰਾਪਤ ਕੀਤੀ ਹੈ। ਮਾਨਯੋਗ ਅਟੱਲ ਬਿਹਾਰੀ ਵਾਜਪਾਈ ਜੀ ਆਪਣੀ ਮਿਹਨਤ ਅਤੇ ਦਿਆਨਤਦਾਰੀ ਸਦਕਾ ਹੀ ਦੇਸ਼ ਦੇ ਪ੍ਰਧਾਨ ਮੰਤਰੀ ਦੇ ਔਹਦੇ ਤੇ ਸੁਸ਼ੋਭਿਤ ਹੋਏ। ਮਹਾਨ ਵਿਗਿਆਨੀ ਏ ਪੀ ਜੇ ਅਬਦੁਲ ਕਲਾਮ ਰਾਸ਼ਟਰਪਤੀ ਦੇ ਦੇ ਸਭ ਤੋਂ ਉੱਚੇ ਪਦ ਤੇ ਬਿਰਾਜਮਾਨ ਹੋਏ।ਰਤਨਟਾਟਾ ਨੇ ਨਾ ਕੇਵਲ ਵਿਉਪਾਰ ਵਿਚ ਬੁਲੰਦੀਆਂ ਨੂੰ ਛੁਹਿਆ ਸਗੋਂ ਦੁਨੀਆਂ ਦੇ ਪ੍ਰਸਿੱਧ ਉਦਯੋਗਪਤੀ ਬਣੇ। ਮੈਡਮ ਮਾਇਆ ਵਤੀ ਨੇ ਬਹੁਜਨ ਸਮਾਜਪਾਰਟੀ ਦੀ ਵਾਗਡੋਰ ਸੰਭਾਲੀ ਅਤੇ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਦੇ ਪਦ ਤੇ ਵੀ ਰਹੀ। ਇਨਾਂ੍ਹ ਲੋਕਾਂ ਨੇ ਇਕੱਲਤਾ ਨੂੰ ਆਪਣੇ ਆਪ ਤੇ ਭਾਰੂ ਨਹੀਂ ਹੋਣ ਦਿੱਤਾ ਅਤੇ ਨਾ ਕੇਵਲ ਦੇਸ਼ ਤੇ ਸਮਾਜ ਦੀ ਉਨਤੀ ਵਿਚ ਭਰਭੂਰ ਹਿੱਸਾ ਪਾਇਆ ਸਗੋਂ ਦੁਨੀਆਂ ਤੇ ਆਪਣਾ ਨਾਮ ਵੀ ਚਮਕਾਇਆ।ਇਹ ਠੀਕ ਹੈ ਕਿ ਕਿਸੇ ਮਹਾਨ ਕੰਮ ਲਈ ਕਿਸੇ ਇੰਨਸਾਨ ਦੇ ਆਪਣੇ ਵੱਖਰੇ ਤੇ ਨਿਵੇਕਲੇ ਵਿਚਾਰ ਹੋ ਸਕਦੇ ਹਨ। ਹੋ ਸਕਦਾ ਹੈ ਉਸਦੀ ਦੂਰ ਦ੍ਰਿਸ਼ਟੀ ਆਮ ਆਦਮੀ ਤੋਂ ਜਿਆਦਾ ਹੋਵੇ। ਉਹ ਆਪਣੇ ਅਲੱਗ ਰਸਤੇ ਤੇ ਚਲ ਕੇ ਆਪਣੀ ਮੰਜ਼ਿਲ ਨੂੰ ਪ੍ਰਾਪਤ ਕਰ ਸਕਦਾ ਹੈ ਪਰ ਮੰਜ਼ਿਲ ਪ੍ਰਾਪਤੀ ਦੀ ਖੁਸ਼ੀ ਤਾਂ ਹੀ ਪੂਰੀ ਹੋਵੇਗੀ ਜਦ ਦੂਜੇ ਲੋਕ ਵੀ ਉਸਦੀ ਪ੍ਰਾਪਤੀ ਨੂੰ ਠੀਕ ਮੰਨ ਕੇ ਉਸਦੇ ਨਾਲ ਆ ਕੇ ਜੁੜਣਗੇ ਅਤੇ ਉਸ ਵਿਅਕਤੀ ਦੀ ਪ੍ਰਾਪਤੀ ਸਮਾਜ ਭਲਾਈ ਦੇ ਕੰਮ ਆਵੇਗੀ। ਇਸ ਲਈ ਹਮੇਸ਼ਾਂ ਸਮਾਜ ਦੇ ਅੰਗ ਬਣ ਕੇ ਰਹੋ। ਤੁਹਾਡਾ ਹਰ ਕੰਮ ਸਮਾਜ ਦੀ ਭਲਾਈ ਲਈ ਹੋਣਾ ਚਾਹੀਦਾ ਹੈ। ਇਸ ਤਰਾਂਹ ਤੁਸੀਂ ਆਪ ਵੀ ਸੁਖੀ ਹੋਵੋਗੇ ਤੇ ਤੁਹਾਡੇ ਨਾਲ ਵਾਲੇ ਵੀ ਸੁਖੀ ਰਹਿਣਗੇ। ਤੁਹਾਡੀ ਜ਼ਿੰਦਗੀ ਦਾ ਸਫਰ ਸਹਿਜ ਨਾਲ ਗੁਜਰੇਗਾ।