ਇੱਕ ਭੁੱਬ ਮੇਰੀ ਹਿੱਕ ਵਿੱਚ ਅਟਕੀ
ਨਿੱਕਲੀ ਜੱਦ ਗਲ ਥਾਨੀ
ਕਿ ਕੁੱਝ ਮੇਰੀ ਦੇਹ ਤੇ ਛੱਡ ਗਈ
ਜਾਣ ਲੱਗੀ ਮਰਜਾਨੀ
ਸਿਸਕੀਆਂ ਦੀ ਓ ਤਾਰ ਛੇੜ ਗਈ
ਡੁੱਲ ਪਈ ਅੱਖਾਂ ਥਾਨੀ
ਕਾਂਬਾ ਰੂਹ ਨੂੰ ਛੱਲੀ ਕਰ ਗਿਆ
ਵਿਲਕੇ ਜਿੰਦ ਨਿਮਾਣੀ
ਨਾ ਕਿਸੇ ਮੈਨੂੰ ਗਲ ਨਾਲ ਲਾ ਕੇ
ਪੂੰਝੇਆ ਅੱਖ ਦਾ ਪਾਣੀ
ਖੈਰ ਖੁਆ ਮੇਰੇ ਜਿਉਂਦੇ ਮਰ ਗਏ
ਕਿਸੇ ਨਾ ਬਾਤ ਪਛਾਣੀ
ਦਮ ਦੀ ਤਾਉੜੀ ਹਿਜਰ ਦਾ ਜਾਗ
ਹੰਝੂਆਂ ਵਿੱਚ ਮਧਾਣੀ
ਰਿੜਕਿਆ ਅੱਖਾਂ ਵਿਚ ਘਸੁੰਨ ਦੇ
ਪਾਣੀ ਆਖਿਰ ਪਾਣੀ
ਇਹ ਦੋ ਦੀਦੇ ਅੰਨੇ ਹੋ ਗਏ
ਤੀਜੀ ਅੱਖ ਵੀ ਨਿਕਲੀ ਕਾਣੀ