ਕਦੇ ਸੀ ਇਹ ਬੜੀ ਸੁੰਦਰ ਤੇਰੀ ਨਗਰੀ ਤੇਰੀ ਨਗਰੀ ।।
ਦਿਸੇ ਬਰਬਾਦ ਹੁੰਦੀ ਪਰ ਤੇਰੀ ਨਗਰੀ ਤੇਰੀ ਨਗਰੀ ।।
ਅਨੇਕਾਂ ਮਹਿਲ ਉਸਰੇ ਨੇ ਅਨੇਕਾਂ ਬਸਤੀਆਂ ਏਥੇ ,
ਸਕੀ ਨਾ ਦੇ ਅਸਾਂ ਨੂੰ ਘਰ ਤੇਰੀ ਨਗਰੀ ਤੇਰੀ ਨਗਰੀ ।।
ਬੜੀ ਬੇ ਤਰਸ ਹਾਲਤ ਹੈ ,ਲਹੂ ਸਿਮਦਾ ਹੈ ਥਾਂ ਥਾਂ ਤੋਂ ,
ਹੈ ਚੂੰਡੀ ਜਾ ਰਹੇ ਅਫਸਰ ਤੇਰੀ ਨਗਰੀ ਤੇਰੀ ਨਗਰੀ ।।
ਮੇਰੇ ਤੇ ਦੋਸ਼ ਲਗਦਾ ਹੈ, ਇਨੂੰ ਮੈਂ ਚੁੱਕ ਦਿੰਦਾ ਹਾਂ ,
ਚੁਕੰਨੀ ਹੈ ਮੈਂ ਦਿੱਤੀ ਕਰ ਤੇਰੀ ਨਗਰੀ ਤੇਰੀ ਨਗਰੀ ।।
ਗੁਲਾਬਾਂ ਦੀ ਜਗਾਹ ਲੋਕਾਂ ਉਗਾਏ ਥੋਰ੍ਹ ਨੇ ਘਰ ਘਰ,
ਗਈ ਹੈ ਕੰਡਿਆਂ ਥੀਂ ਭਰ, ਤੇਰੀ ਨਗਰੀ ਤੇਰੀ ਨਗਰੀ ।।
ਤੁਸੀਂ ਪਰਵਾਹ ਨਹੀਂ ਕਰਦੇ, ਨਤੀਜਾ ਭੀ ਬੁਰਾ ਨਿਕਲੂ,
ਇਹ ਡੁੱਬੇਗੀ ਨ ਸਕਣੀ ਤਰ, ਤੇਰੀ ਨਗਰੀ ਤੇਰੀ ਨਗਰੀ ।।
ਸ਼ਰਾਫਤ ਲੋੜ ਤੋਂ ਬਹੁਤੀ , ਜੇ ਮਿੱਤਰਾ ਏਸ ਨਾ ਛੱਡੀ ,
ਲੁਹਾ ਬੈਠੂ ਤਨੋਂ ਬਸਤਰ , ਤੇਰੀ ਨਗਰੀ ਤੇਰੀ ਨਗਰੀ ।।
ਭਰਿਸਟਾਚਾਰ ਹੈ ਏਥੇ , ਘੁਟਾਲੇ ਤੇ ਘੁਟਾਲਾ ਹੈ ,
ਕਿਵੇ ਸਭ ਕੁਝ ਰਹੀ ਹੈ ਜਰ , ਤੇਰੀ ਨਗਰੀ ਤੇਰੀ ਨਗਰੀ ।।
ਨ ਛੱਡੇ ਦਿਲ ਕਰੇ ਹਿੰਮਤ, ਮਿਲੇਗੀ ਫਿਰ ਮਿਥੀ ਮੰਜਿਲ ,
ਨ ਬੈਠੇ ਹੱਥ ਤੇ ਹੱਥ ਧਰ, ਤੇਰੀ ਨਗਰੀ ਤੇਰੀ ਨਗਰੀ ।।
ਅਨੋਖੀ ਸਾਂਝ ਦਾ ਰਿਸਤਾ, ਇਦ੍ਹੇ ਸੰਗ ਜੁੜ ਗਿਐ ਮੇਰਾ ,
ਨਾ ਭੁੱਲੇਗੀ ਇਹ ਜੀਵਨ ਭਰ, ਤੇਰੀ ਨਗਰੀ ਤੇਰੀ ਨਗਰੀ ।।
ਖੁਦਾ ਹਾਫਿਜ਼ ਖੁਦਾ ਹਾਫਿਜ਼ ,ਸਦਾ ਹੀ ਸੁੱਖ ਇਹ ਮਾਣੇਂ ,
ਕਿਆਮਤ ਤੱਕ ਵਸੇ 'ਠਾਕਰ', ਤੇਰੀ ਨਗਰੀ ਤੇਰੀ ਨਗਰੀ ।।