ਤਰ ਜਾਂਦਾ ਹੈ ਆਪ, 'ਤੇ ਕੁਲ ਵੀ ਤਰ ਜਾਂਦੀ
ਜ਼ਿੰਦਗੀ ਚਾਂਵਾਂ, ਖੁਸ਼ੀਆਂ ਦੇ ਨਾਲ ਭਰ ਜਾਂਦੀ
ਫਿਰ ਚੱਕਰਾਂ ਵਿਚ ਪੈਂਦਾ ਨਹੀਂ ਉਹ 'ਫੀਮ, ਸ਼ਰਾਬਾਂ ਦੇ
ਹੋ ਜਾਵੇ ਜੇ ਇਸ਼ਕ ਬੰਦੇ ਨੂੰ ਨਾਲ ਕਿਤਾਬਾਂ ਦੇ
ਰਾਹ ਤਰੱਕੀ ਦੇ ਓਸ ਲਈ ਆਪੇ ਖੁੱਲ ਜਾਂਦੇ
ਜਾਗ ਪੈਂਦੀ ਹੈ ਕਿਸਮਤ 'ਤੇ ਝੰਡੇ ਨੇ ਝੁੱਲ ਜਾਂਦੇ
ਚੱਟਣੇ ਪੈਂਦੇ ਪੈਰ ਨਾ ਰੋਜ਼ੀ ਲਈ 'ਨਵਾਬਾਂ' ਦੇ
ਹੋ ਜਾਵੇ ਜੇ ਇਸ਼ਕ ਬੰਦੇ ਨੂੰ ਨਾਲ ਕਿਤਾਬਾਂ ਦੇ
ਇਕੱਲ ਦੇ ਵਿਚ ਭੀ ਰਹਿ ਕੇ ਚਿੱਤ ਪਰਚਾਈ ਰੱਖਦਾ ਹੈ
ਆਪਣੇ ਅੰਦਰ ਦੁਨੀਆਂ ਨਵੀਂ ਵਸਾਈ ਰੱਖਦਾ ਹੈ
ਬਿਨਾ ਦੁਆਨੀ ਖਰਚੇ ਝੂਟੇ ਲਵੇ ਜਹਾਜਾਂ ਦੇ
ਹੋ ਜਾਵੇ ਜੇ ਇਸ਼ਕ ਬੰਦੇ ਨੂੰ ਨਾਲ ਕਿਤਾਬਾਂ ਦੇ
ਪਿਛਲੱਗ ਬਣਕੇ ਭੇਡ ਵਾਂਗ ਨਾ ਕਦੇ ਜਿਉਂਦਾ ਹੈ
ਤਰਕ, ਸਿਆਣਪ ਦੇ ਨਾਲ ਹਰ ਮਸਲਾ ਸੁਲਝਾਉਂਦਾ ਹੈ
ਪਾ ਲੈਂਦਾ ਹੈ ਮੰਜ਼ਿਲ ਦਿਸਦੀ ਜੋ ਵਿਚ ਖਾਬਾਂ ਦੇ
ਹੋ ਜਾਵੇ ਜੇ ਇਸ਼ਕ ਬੰਦੇ ਨੂੰ ਨਾਲ ਕਿਤਾਬਾਂ ਦੇ
ਲਿੰਕਨ,ਕਲਾਮ, ਉਬਾਮਾ ਜਿਹੇ, ਨਾ ਰੁਤਬਾ ਐਡਾ ਪਾਉਂਦੇ
ਇਸ਼ਕ ਕਿਤਾਬਾਂ ਦੇ ਨਾਲ ਕਰਕੇ, ਜੇ ਨਾ ਤੋੜ ਨਿਭਾਉਂਦੇ
ਨਹੀਂ ਦਰਸ਼ਨ ਸੀ ਹੋਣੇ ਵਣ ਵਿਚ ਖਿੜੇ ਗੁਲਾਬਾਂ ਦੇ
ਹੋ ਜਾਵੇ ਜੇ ਇਸ਼ਕ ਬੰਦੇ ਨੂੰ ਨਾਲ ਕਿਤਾਬਾਂ ਦੇ
ਕਿੰਨੇ ਲੱਖ ਕੋਠੀ ਤੇ ਖਰਚੇ, ਰੱਖਿਆ ਕੋਈ ਹਿਸਾਬ ਨਹੀਂ
ਪਰ ਇਸ ਕੋਠੀ ਅੰਦਰ ਰੱਖੀ, ਸਹਿਤ ਦੀ ਕੋਈ ਕਿਤਾਬ ਨਹੀਂ
ਉਂਜ ਕੁੱਤੇ-ਬਿੱਲੇ ਬੜੇ ਰੱਖੇ, ਹੋਏ ਨੇ ਸਹਬਾਂ ਦੇ
ਨਹੀਂ ਹੁੰਦਾ ਹੈ ਇਸ਼ਕ ਬੰਦੇ ਨੂੰ ਨਾਲ ਕਿਤਾਬਾਂ ਦੇ
ਜਦ ਸੋਚ ਸਿਮਟ ਕੇ ਰਹਿ ਜਾਂਦੀ ਵਿਚ ਸੂਟ,ਜੁਰਾਬਾਂ ਦੇ ।