ਹਨ੍ਹੇਰਿਆਂ ਦੀ ਹਿੱਕ 'ਤੇ
ਪੋਲੇ-ਪੋਲੇ ਪੱਬ ਧਰਦੀ ਕੁੜੀਏ
ਅੱਖ ਬਚਾ ਕੇ ਕੋਠੇ ਚੜ੍ਹ
ਚੰਨ ਨੂੰ ਤੱਕਦੀ ਕੁੜੀਏ ।
ਨੀ ਤੂੰ ਵਾਰੇ-ਵਾਰੇ ਜਾਂਵਦੀ
ਤੱਕ-ਤੱਕ ਨਿਹਾਰਦੀ
ਪੋਹ ਮਹੀਨੇ ਨੰਗੇ ਪੈਰੀਂ
ਕਾਹਤੋਂ ਠਰਦੀ ਕੁੜੀਏ
ਉਹਲੇ ਕੋਨੇ ਵਿੱਚ ਬਹਿ ਕੇ
ਸੂਹੇ-ਸੂਹੇ ਰੇਸ਼ਮ ਲੈ ਕੇ
ਫੁਲਕਾਰੀ 'ਤੇ ਕੀਹਦੇ ਨਾਂ ਦੇ
ਤੋਪੇ ਭਰਦੀ ਕੁੜੀਏ
ਬੁੱਲ੍ਹੀਂ ਕੋਈ ਨਾਂ ਬੋਲਦਾ
ਨੀਰ ਕਈ ਰਾਜ਼ ਖੋਲਦਾ
ਕੀਹਨੂੰ ਚੇਤੇ ਕਰ-ਕਰ
ਠੰਢੇ ਹਿਟਕੋਰੇ ਭਰਦੀ ਕੁੜੀਏ
ਨਾ ਬਖੇਰ ਮੁਹੱਬਤੀ ਰੰਗ
ਕੋਈ ਨੀਂ ਹੋਣਾ ਤੇਰੇ ਸੰਗ
ਬੁੱਤ ਨਾ ਕਦੀ ਪਿਘਲੇ
ਐਂਵੇ ਪੱਥਰਾਂ 'ਤੇ ਵਰ੍ਹਦੀ ਕੁੜੀਏ
ਹੋ ਜਾਦੈਂ ਮੁਹੱਬਤ ਦਾ ਕਤਲ
ਨਫ਼ਰਤਾਂ ਦੀ ਹੈ ਦਲਦਲ
ਪਰਦੇ 'ਚ ਰਹਿੰਦੀ
ਝੂਠੀ ਤਸੱਲੀ 'ਚ ਪਲਦੀ ਕੁੜੀਏ