ਖ਼ਬਰਸਾਰ

  •    ਪਰਸ਼ੋਤਮ ਲਾਲ ਸਰੋਏ ਦੀ ਪੁਸਤਕ 'ਮਾਲਾ ਦੇ ਮਣਕੇ' ਰਿਲੀਜ਼ / ਪੰਜਾਬੀ ਲਿਖਾਰੀ ਸਭਾ (ਰਜਿ:), ਜਲੰਧਰ
  •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਵੱਲੋਂ ਸੈਮੀਨਾਰ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  •    ਭਾਈ ਸਾਧੂ ਸਿੰਘ ਧੰਮੂ ਦਾ ਸਨਮਾਨ / ਸਾਹਿਤ ਸਭਾ ਬਾਘਾ ਪੁਰਾਣਾ
  •    ਟਰਾਂਟੋ ਵਿੱਚ ਤਿੰਨ ਦਿਨਾਂ ਗ਼ਦਰ ਸ਼ਤਾਬਦੀ ਸਮਾਗਮ / ਪੰਜਾਬੀਮਾਂ ਬਿਓਰੋ
  •    ‘ਕੁੜੀਆਂ ਤੇ ਕਵਿਤਾਵਾਂ’ ਪੁਸਤਕ ਲੋਕ ਅਰਪਣ / ਪੰਜਾਬੀਮਾਂ ਬਿਓਰੋ
  •    ਤਨਦੀਪ ਤਮੰਨਾ ਦਾ ਕਾਵਿ-ਸੰਗ੍ਰਹਿ 'ਇਕ ਦੀਵਾ ਇਕ ਦਰਿਆ' ਰਿਲੀਜ਼ / ਪੰਜਾਬੀਮਾਂ ਬਿਓਰੋ
  •    ਬੀ ਸੀ ਕਲਚਰਲ ਫਾਊਂਡੇਸ਼ਨ ਵੱਲੋਂ ਪੁਸਤਕ ਰੀਲੀਜ਼ ਸਮਾਗਮ / ਬੀ ਸੀ ਕਲਚਰਲ ਫਾਊਂਡੇਸ਼ਨ
  •    ਜਾਰਜ ਮੈਕੀ ਲਾਇਬ੍ਰੇਰੀ ਡੈਲਟਾ ਵਿਚ ਇਕ ਰੰਗਲੀ ਕਾਵਿ-ਸ਼ਾਮ / ਪੰਜਾਬੀਮਾਂ ਬਿਓਰੋ
  •    ਪੰਜਾਬੀ ਸਾਹਿਤ ਸਭਾ, ਸੰਦੌੜ ਦੀ ਮਹੀਨਾਵਾਰ ਇਕੱਤਰਤਾ / ਪੰਜਾਬੀ ਸਾਹਿਤ ਸਭਾ, ਸੰਦੌੜ
  •    ਸਿਰਜਣਧਾਰਾ ਵੱਲੋਂ ਦੋ ਸਮਾਗਮਾਂ ਵਿਚ ਪੁਸਤਕਾਂ ਲੋਕ ਅਰਪਣ / ਸਿਰਜਣਧਾਰਾ
  •    ਪੰਜਾਬੀ ਸਾਹਿਤ ਅਕੈਡਮੀ ਨਿਊਯਾਰਕ ਦੀ ਸੱਤਵੀਂ ਵਰ੍ਹੇ-ਗੰਢ ਮਨਾਈ / ਪੰਜਾਬੀ ਸਾਹਿਤ ਅਕੈਡਮੀ,ਨਿਊਯਾਰਕ
  • ਮੇਰੀਆਂ ਕਹਾਣੀਆਂ ਦੇ ਇਸਤਰੀ ਪਾਤਰ (ਲੇਖ )

    ਤਲਵਿੰਦਰ ਸਿੰਘ   

    Email: talwinderkahanikar@gmail.com
    Phone: +91 183 2425835
    Cell: +91 98721 78035
    Address: 61, ਫਰੈਂਡਜ਼ ਕਲੋਨੀ ਮਜੀਠਾ ਰੋਡ
    ਅੰਮ੍ਰਿਤਸਰ India
    ਤਲਵਿੰਦਰ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਇਕ ਦਿਨ ਕੈਨੇਡਾ ਦੇ ਸ਼ਹਿਰ ਕੈਲਗਰੀ ਤੋਂ ਸੋਨੀਆ ਨਾਂ ਦੀ ਪਾਠਕ ਦਾ ਫ਼ੋਨ ਆਇਆ। ਉਸਨੇ ਤਾਜ਼ੀ ਤਾਜ਼ੀ ਮੇਰੀ ਕਿਤਾਬ 'ਵਿਚਲੀ ਔਰਤ' ਦੀਆਂ ਕਹਾਣੀਆਂ ਪੜ੍ਹੀਆਂ ਸਨ। ਬੋਲੀ, 'ਤਲਵਿੰਦਰ ਜੀ, ਕਿਤਾਬ ਤਾਂ ਮੈਂ ਤੁਹਾਡੀ ਪਰਸੋਂ ਮੁਕਾ ਲਈ ਸੀ ਪਰ ਹਿੰਮਤ ਨਹੀਂ ਸੀ ਪੈ ਰਹੀ ਗੱਲ ਕਰਨ ਦੀ। ਕਹਾਣੀਆਂ ਨੇ ਮੈਨੂੰ ਸੁੰਨ ਹੀ ਕਰ ਦਿੱਤਾ। ਮੈਨੂੰ ਦੱਸੋ ਤੁਸੀਂ ਔਰਤਾਂ ਦੀ ਸੰਗਤ ਵਿਚ ਕਿੰਨਾ ਕੁ ਰਹਿੰਦੇ ਹੋ?'

    'ਕੁਝ ਖ਼ਾਸ ਨਹੀਂ। ਕਿਉਂ ਕੀ ਗੱਲ?' ਮੈਂ ਪੁੱਛਿਆ।

    'ਇਹ ਦੱਸੋ ਕਿ ਤੁਸੀਂ ਔਰਤਾਂ ਦੇ ਅੰਦਰਲੀਆਂ ਗੱਲਾਂ ਏਨੀ ਡੂੰਘਾਈ 'ਚ ਕਿਵੇਂ ਜਾਣਦੇ ਓ?'

    'ਬੱਸ ਐਵੇਂ ਈ, ਅਟਕਲਪੱਚੂ ਜਿਹਾ ਲਾ ਲਈਦਾ।' ਮੈਂ ਗੱਲ ਹਾਸੇ ਪਾਉਣੀ ਚਾਹੀ ਪਰ ਉਸਦੀ ਸੁਰ ਗੰਭੀਰ ਸੀ। ਕਹਿਣ ਲੱਗੀ, 'ਔਰਤ ਦੇ ਮਨ ਦੀ ਗੱਲ ਤਾਂ ਮੈਂ ਖ਼ੁਦ ਔਰਤ ਹੋਣ ਨਾਤੇ ਏਥੋਂ ਤੱਕ ਨਹੀਂ ਸਮਝ ਸਕਦੀ। ਬੇਸ਼ਕ ਮੈਂ ਦਾਅਵੇ ਨਾਲ ਨਹੀਂ ਕਹਿ ਸਕਦੀ ਪਰ ਸ਼ਾਇਦ ਕੋਈ ਹੀ ਲੇਖਕਾ ਔਰਤ ਦੀ ਸਾਈਕੀ ਨੂੰ ਇੰਜ ਬਿਆਨ ਕਰ ਸਕੇ।' ਇਸਤੋਂ ਬਾਅਦ ਉਹਨੇ ਪੌਣਾ ਘੰਟਾ ਇਕ ਇਕ ਕਹਾਣੀ ਦੀ ਪੁਣਛਾਣ ਕੀਤੀ।

    ਇਵੇਂ ਹੀ ਪਾਕਿਸਤਾਨ ਤੋਂ ਸ਼ਾਇਰਾ ਤੇ ਗਲਪ ਲੇਖਕਾ ਸਈਦਾ ਯੂਨਿਸ ਨੇ ਇਕ ਵਾਰ ਕਾਲ ਕੀਤੀ। ਕਹਿਣ ਲੱਗੀ, 'ਮੈਂ ਤੇਰੇ ਹੀ ਲਿਖੇ ਕਾਇਦੇ ਤੋਂ ਗੁਰਮੁਖੀ ਸਿੱਖੀ ਤੇ ਪਹਿਲੀ ਕਿਤਾਬ ਤੇਰੀ 'ਵਿਚਲੀ ਔਰਤ' ਪੜ੍ਹੀ ਹੈ। ਮੈਂ ਹੈਰਾਨ ਆਂ ਤੂੰ ਮਰਦ ਹੋ ਕੇ ਜ਼ਨਾਨੀਆਂ ਬਾਰੇ ਏਨਾ ਕਿਵੇਂ ਜਾਣਨਾ। ਏਨਾ ਤਾਂ ਸਾਨੂੰ ਨਹੀਂ ਪਤਾ…।'

    ਮੇਰੀ ਇਕ ਕਹਾਣੀ 'ਮਾਇਆ ਜਾਲ਼' ਲਾਹੌਰ ਦੇ ਇਕ ਉਰਦੂ ਰਸਾਲੇ ਵਿਚ ਅਨੁਵਾਦ ਹੋ ਕੇ ਛਪੀ। ਅਨੁਵਾਦ ਮੇਰੇ ਮਿੱਤਰ ਆਸ਼ਿਕ ਰਹੀਲ ਨੇ ਕੀਤਾ ਸੀ। ਉਹਦੀ ਬੀਵੀ ਰਸਾਲੇ ਦਾ ਉਹ ਅੰਕ ਆਪਣੇ ਸਕੂਲ ਲੈ ਗਈ ਜਿੱਥੇ ਉਹਦੀਆਂ ਕੁਲੀਗਜ਼ ਨੇ ਉਹ ਕਹਾਣੀ ਵਾਰੋ ਵਾਰੀ ਪੜ੍ਹੀ। ਬਹਿਸ ਮਗਰੋਂ ਉਨ੍ਹਾਂ ਸਿੱਟਾ ਇਹ ਕੱਢਿਆ ਕਿ ਪਾਕਿਸਤਾਨ ਦੀ ਕੋਈ ਜ਼ਨਾਨੀ ਨਾ ਏਦਾਂ ਸੋਚ ਸਕਦੀ ਹੈ ਨਾ ਕਰ ਸਕਦੀ ਹੈ, ਏਦਾਂ ਇੰਡੀਆ ਵਿਚ ਹੀ ਹੋ ਸਕਦਾ ਜਿੱਥੇ ਏਨੀ ਆਜ਼ਾਦੀ ਆ। ਇਥੇ ਤਾਂ ਜ਼ਨਾਨੀਆਂ ਦੇ ਸੁਪਨੇ ਵਿਚ ਵੀ ਅਜਿਹੇ ਮਸਾਇਲ ਨਹੀਂ ਆ ਸਕਦੇ।

    ਇਸਤਰ੍ਹਾਂ ਦੇ ਹੋਰ ਵੀ ਕਈ ਵਾਕਿਆਤ ਹੋਏ। ਕੁਝ ਫ਼ੋਨਾਂ 'ਤੇ, ਕੁਝ ਚਿੱਠੀ ਪੱਤਰੀ ਤੇ ਕੁਝ ਆਹਮੋ ਸਾਹਮਣੇ। ਕਿਸੇ ਦੀ ਰਾਏ ਵਿਚ ਇਹ ਕਹਾਣੀਆਂ ਇਸਤਰੀ ਮਨ ਦੇ ਅੰਤਰੀਵ ਨੂੰ ਫਰੋਲਣ ਤੇ ਅੰਦਰਲੇ ਸੱਚ ਨੂੰ ਉਜਾਗਰ ਕਰਨ ਦਾ ਸਬਬ ਬਣੀਆਂ ਤੇ ਕਈਆਂ ਨੂੰ ਇਹ ਜ਼ਨਾਨੀਆਂ ਬਾਰੇ ਮਹਿਜ਼ ਊਲ ਜਲੂਲ ਗੱਲਾਂ ਲੱਗੀਆਂ, ਉਨ੍ਹਾਂ ਨੂੰ ਇਨ੍ਹਾਂ 'ਚੋਂ ਅਸ਼ਲੀਲਤਾ ਨਜ਼ਰ ਆਈ। ਮੇਰੇ ਮਿੱਤਰ ਦੇਵ ਦਰਦ ਨੇ ਦੱਸਿਆ ਕਿ ਉਹਦੇ ਸਕੂਲ ਦੀਆਂ ਟੀਚਰਾਂ ਨੇ 'ਵਿਚਲੀ ਔਰਤ' ਕਿਤਾਬ ਨੂੰ ਵਾਰੋ ਵਾਰੀ ਪੜ੍ਹਿਆ। ਉਹ ਇਕ ਦੂਜੀ ਨੂੰ ਕਿਤਾਬ ਦੇਣ ਵੇਲੇ ਉਸਨੂੰ ਅਖ਼ਬਾਰ ਵਿਚ ਲਪੇਟ ਕੇ ਫੜਾਉਂਦੀਆਂ, ਜਿਵੇਂ ਕੋਈ ਪਾਬੰਦੀਸ਼ੁਦਾ ਦਸਤਾਵੇਜ਼ ਹੋਵੇ। 

    ਪ੍ਰੇਮ ਪ੍ਰਕਾਸ਼ ਨੇ ਮੇਰੇ ਕਹਾਣੀ ਸੰਗ੍ਰਹਿ 'ਇਸ ਵਾਰ' ਦੇ ਦੀਬਾਚੇ ਵਿਚ ਲਿਖਿਆ—ਉਸਦੀਆਂ ਕਹਾਣੀਆਂ ਪੜ੍ਹ ਕੇ ਮੈਨੂੰ ਹੈਰਾਨੀ ਭਰੀ ਖ਼ੁਸ਼ੀ ਹੋਈ। ਏਨੇ ਬਾਰੀਕ ਅਹਿਸਾਸਾਂ ਤੇ ਸੁਹਜ ਸੁਆਦਾਂ ਵਾਲੇ ਬਿਆਨ ਦੀਆਂ ਕਹਾਣੀਆਂ ਪੰਜਾਬੀ ਵਿਚ ਘੱਟ ਹੀ ਲਿਖੀਆਂ ਗਈਆਂ ਨੇ…ਉਸਨੇ ਔਰਤ ਮਰਦ ਦੇ ਬਦਲ ਰਹੇ ਸਮਾਜੀ ਰਿਸ਼ਤਿਆਂ ਬਾਰੇ ਖੁਭ ਕੇ ਲਿਖਿਆ ਹੈ।

    ਉਕਤ ਸੁਆਲਾਂ ਜਾਂ ਟਿੱਪਣੀਆਂ ਦੇ ਮੱਦੇਨਜ਼ਰ ਜਦੋਂ ਮੈਂ ਪਿੱਛੇ ਝਾਤ ਪਾ ਕੇ ਵੇਖਦਾ ਹਾਂ ਤਾਂ ਮੈਨੂੰ ਆਪਣੇ ਵਿਚ ਹੋਰ ਆਮ ਫ਼ਹਿਮ ਬੰਦਿਆਂ ਨਾਲੋਂ ਕੁਝ ਵੀ ਵੱਖਰਾ ਨਹੀਂ ਦਿਸਦਾ। ਇਕ ਸਾਧਾਰਨ ਹੇਠਲੀ ਮੱਧ ਸ਼੍ਰੇਣੀ ਦਾ ਜੰਮਪਲ। ਤੰਗੀਆਂ ਤੁਰਸ਼ੀਆਂ ਵਿਚ ਬੀਤਿਆ ਬਚਪਨ। ਹੋਰ ਸਾਧਨ ਸੰਪਨ ਆਪਣੇ ਹਾਣੀਆਂ ਵੱਲ ਵੇਖ ਸਮੇਂ ਮੁਤਾਬਕ ਹੋਰ ਬਹੁਤ ਕੁਝ ਵੇਖਣਾ, ਮਾਣਨਾ, ਚੱਖਣਾ ਚਾਹੁੰਦਾ ਸਾਂ ਪਰ ਘਰੇਲੂ ਸੀਮਾਵਾਂ ਹਮੇਸ਼ਾ ਦਰਪੇਸ਼ ਰਹੀਆਂ। ਇਸਦੇ ਵਿਚ ਹੀ ਉਹ ਸਮਾਜਕ ਮਰਿਆਦਾਵਾਂ ਵੀ ਪੇਸ਼ ਪੇਸ਼ ਸਨ ਜਿਨ੍ਹਾਂ ਕਦੇ ਕਿਸੇ ਹਾਣ ਪ੍ਰਵਾਣ ਨਾਲ ਕੋਈ ਨਾਤਾ ਗੰਢਣੋ ਵਰਜੀ ਰੱਖਿਆ। ਇਨ੍ਹਾਂ ਵਲਗਣਾਂ ਨੇ ਮਨ ਦੀ ਦੁਨੀਆ ਨੂੰ ਦੋਂਹ ਹਿੱਸਿਆਂ ਵਿਚ ਵੰਡ ਛੱਡਿਆ। ਜਿਸਦਾ ਇਕ ਰੂਪ ਵਲਗਣਾਂ ਦੇ ਅਸਰਾਂ ਥੱਲੇ ਆਦਰਸ਼ਕ ਰੰਗ ਗ੍ਰਹਿਣ ਕਰ ਗਿਆ ਤੇ ਦੂਜਾ ਟੁੱਟੀਆਂ ਤੇ ਦੱਬੀਆਂ ਰੀਝਾਂ ਦੇ ਮਾਤਮ ਵਿਚ ਤੜਫਦਾ ਤੇ ਵਿਰਲਾਪ ਕਰਦਾ। ਉਹ ਸੀਮਾਵਾਂ ਤੋਂ ਬਾਹਰ ਪਏ ਸੁੱਖਾਂ ਨੂੰ ਤਾਂਘਦਾ ਤੇ ਛਟਪਟਾਉਂਦਾ। ਮਨ ਦੇ ਇਸ ਰੂਪ ਨੇ ਲੰਮਾ ਸਮਾਂ ਆਦਰਸ਼ਕ ਮਨ ਦੇ ਤਸ਼ੱਦਦ ਨੂੰ ਸਹਾਰਿਆ। ਦੋਸਤਾਂ ਮਿੱਤਰਾਂ ਦੀ ਸੰਗਤ ਵਿਚ ਇਹ ਪਹਿਲਾ ਰੂਪ ਭਾਰੂ ਹੋ ਕੇ ਪ੍ਰਵਚਨੀ ਸੁਰ ਗ੍ਰਹਿਣ ਕਰਦਾ ਪਰ ਜਿਓਂ ਹੀ ਆਪਣੇ ਆਪ ਦੇ ਰੂਬਰੂ ਹੁੰਦਾ ਤਾਂ ਮਨ ਦਾ ਦੂਜਾ ਰੂਪ ਆਪਣੇ ਤਮਾਮ ਦਰਦ ਲੈ ਕੇ ਉਦੈ ਹੋ ਜਾਂਦਾ ਤੇ ਰਾਤਾਂ ਦੀ ਨੀਂਦ ਹਰਾਮ ਹੋ ਜਾਂਦੀ। ਆਪਣੇ ਸਕੂਲ, ਆਂਢ ਗੁਆਂਢ ਤੇ ਰਿਸ਼ਤੇਦਾਰੀ ਦੀਆਂ ਹਾਣੀ ਕੁੜੀਆਂ ਮੇਰੇ ਇਸ ਅਵਚੇਤਨੀ ਧਰਾਤਲ 'ਤੇ ਕਿੱਕਲੀ ਪਾਉਂਦੀਆਂ ਤੇ ਮੇਰਾ ਸਰੀਰ ਮੁੜ੍ਹਕੇ ਨਾਲ ਭਿੱਜ ਜਾਂਦਾ।

    ਸਕੂਲ ਦੇ ਆਖਰੀ ਤੇ ਕਾਲਜ ਦੇ ਮੁੱਢਲੇ ਦਿਨੀਂ ਮੈਂ ਇਸ ਡੋਲਦੀ ਕੰਬਦੀ ਮਾਨਸਿਕਤਾ ਨੂੰ ਕਾਗ਼ਜ਼ਾਂ 'ਤੇ ਉਤਾਰ ਕੇ ਮਨ ਦੀ ਸ਼ਾਂਤੀ ਲੱਭਣ ਲੱਗਾ ਸਾਂ। ਸ਼ਬਦ ਅਧੂਰੀਆਂ ਖ਼ਾਹਸ਼ਾਂ ਤੇ ਅਤ੍ਰਿਪਤ ਚੇਸ਼ਟਾਵਾਂ ਦੀ ਸ਼ਰਨਗਾਹ ਬਣਨ ਲੱਗੇ ਸਨ। ਉਹੀ ਦਿਨ ਵਿਦਿਆਰਥੀ ਜਥੇਬੰਦੀਆਂ ਦੇ ਉਭਾਰ ਦੇ ਸਨ। ਕਾਲਜ ਦਾ ਮਾਹੌਲ ਵਿਚਾਰਧਾਰਕ ਉਤੇਜਨਾਵਾਂ ਵਾਲਾ ਸੀ। ਸੀਨੀਅਰ ਵਿਦਿਆਰਥੀ ਆਏ ਦਿਨ ਹੜਤਾਲ ਕਰਵਾ ਦਿੰਦੇ। ਪ੍ਰੋਫ਼ੈਸਰ ਇਨਕਲਾਬ ਦਾ ਸਬਕ ਦਿੰਦੇ ਤਾਂ ਮਨ ਦਾ ਆਦਰਸ਼ਕ ਰੂਪ ਸ਼ੇਰ ਹੋ ਜਾਂਦਾ। ਚੇਤਨਾ ਫਿਰ ਦੋਹਾਂ ਧਿਰਾਂ ਵਿਚਾਲੇ ਤਿਰਸ਼ੰਕੂ ਬਣ ਲਟਕ ਜਾਂਦੀ। ਜੁਆਨੀ ਦੇ ਉਹ ਦਿਨ ਇਸ ਟੁੱਟ ਭੱਜ ਦੇ ਬਹੁਤ ਬੁਰੀ ਤਰ੍ਹਾਂ ਸ਼ਿਕਾਰ ਰਹੇ। ਦਿਨ ਦਾ ਰੂਪ ਹੋਰ, ਰਾਤ ਦਾ ਹੋਰ। ਸੁਚੇਤ ਮਨ ਹੋਰ, ਅਚੇਤ ਹੋਰ। ਬਾਹਰ ਹੋਰ, ਅੰਦਰ ਹੋਰ। ਵਿਡੰਬਨਾਵਾਂ ਦਾ ਇਹ ਸਫ਼ਰ ਬਹੁਤ ਲੰਮਾ ਰਿਹਾ। ਦੋ ਪਰਸਪਰ ਵਿਰੋਧੀ ਜੁਟ ਨਾਲੋ ਨਾਲ ਤੁਰੇ। ਸ਼ਾਇਦ ਅੱਜ ਵੀ ਮੈਂ ਇਸ ਦਵੰਦ ਤੋਂ ਮੁਕਤ ਨਹੀਂ ਹਾਂ। ਇਸੇ ਦਵੰਦ ਨੇ ਇਕ ਤੀਜੀ ਡਾਇਮੈਨਸ਼ਨ ਨੂੰ ਜਨਮ ਦਿੱਤਾ ਹੈ। ਉਸ ਧਰਾਤਲ ਤੇ ਰਹਿ ਕੇ ਮੈਂ ਆਪਣੇ ਮਨ ਵਿਚ ਵਿਚਰਦੇ ਕੁਝ ਪਾਤਰਾਂ ਦੇ ਹਾਵ ਭਾਵ ਫੜਨ ਵਿਚ ਕਾਮਯਾਬ ਹੋਇਆ। ਜਾਂ ਸ਼ਾਇਦ ਉਹ ਮੇਰੀਆਂ ਹੀ ਦੁਬਿਧਾਵਾਂ ਦਾ ਮਨੋਵਿਗਿਆਨ ਸੀ। ਜਿਵੇਂ ਮੈਂ ਵਿਪਰੀਤ ਸਥਿਤੀਆਂ ਵਿਚ ਆਪਣੇ ਮਨ ਦੀ ਦਿਸ਼ਾ ਨਿਰਧਾਰਤ ਕਰਦਾ ਸਾਂ। ਆਪਣੇ ਅਤ੍ਰਿਪਤ ਮਨ ਦੀ ਕਿਸੇ ਗੁੱਠ ਵਿਚ ਬੈਠੀ ਕਿਸੇ ਔਰਤ ਦੇ ਮਨ ਦੀ ਅੱਕਾਸੀ ਕਰਦਾ ਸਾਂ ਕਿ ਕਿਸੇ ਖ਼ਾਸ ਮੌਕੇ ਉਸਦਾ ਕੀ ਮਾਨਸਿਕ ਪ੍ਰਤੀਕਰਮ ਬਣੇਗਾ? ਕੋਈ ਔਰਤ ਕਿਸੇ ਵਿਸ਼ੇਸ਼ ਮੌਕੇ ਕਿਵੇਂ ਸੋਚਦੀ ਹੈ ਇਹ ਨਿਰੋਲ ਮੇਰੇ ਮਨ ਦੀ ਪੈਦਾਵਾਰ ਸੀ ਨਾ ਕਿ ਕਿਸੇ ਕੋਲੋਂ ਪੁੱਛੇ ਉਸ ਪ੍ਰਸਥਿਤੀ ਦੇ ਸੁਆਲ ਦਾ ਪ੍ਰਤੀਉੱਤਰ।

     ਘਰ ਵਿਚਲੇ ਮਾਹੌਲ ਤੋਂ ਬਾਹਰ ਬਹੁਤ ਘੱਟ ਅਜਿਹੀਆਂ ਔਰਤਾਂ ਨਾਲ ਵਾਹ ਵਾਸਤਾ ਪਿਆ ਜੋ ਮੇਰੇ ਸਾਹਿਤਕ ਕਾਰਜ ਵਿਚ ਭਾਰੂ ਭੂਮਿਕਾ ਲੈ ਕੇ ਆਈਆਂ ਹੋਣ। ਮੈਨੂੰ ਯਾਦ ਹੈ ਸਾਡੇ ਗੁਆਂਢ ਇਕ ਕੁੜੀ ਹੁੰਦੀ ਸੀ ਜੋ ਬਹੁਤਾ ਪੜ੍ਹੀ ਲਿਖੀ ਨਹੀਂ ਸੀ। ਉਹ ਸੁਹਣੀ ਤੇ ਭਰ ਜੁਆਨ ਸੀ। ਘਰ ਚਾਦਰਾਂ ਸਿਰਹਾਣੇ ਕੱਢਦੀ ਜਾਂ ਵਿਹਲੀ ਗੱਪਾਂ ਮਾਰਦੀ। ਬੇਸ਼ਕ ਬਾਹਰੀ ਤੌਰ 'ਤੇ ਮੇਰੀ ਉਸ ਵਿਚ ਕੋਈ ਦਿਲਚਸਪੀ ਨਹੀਂ ਸੀ ਪਰ ਅੰਦਰੋਂ ਉਹ ਮੈਨੂੰ ਚੰਗੀ ਲੱਗਦੀ ਸੀ। ਉਹ ਜਦ ਕਦੇ ਸਾਡੇ ਘਰ ਆਉਂਦੀ ਮੈਂ ਪੜ੍ਹਾਈ ਲਿਖਾਈ ਦੇ ਬਹਾਨੇ ਉਹਦੇ ਨਾਲ ਗੱਲ ਕਰਦਾ। ਮੇਰੀ ਮਾਂ ਸ਼ੱਕੀ ਸੁਭਾਅ ਦੀ ਹੁੰਦੀ ਹੋਈ ਵੀ ਉਸ ਕੁੜੀ ਦੇ ਘਰ ਆਉਣ ਤੇ ਮੇਰੇ ਨਾਲ ਜ਼ੁਬਾਨ ਸਾਂਝੀ ਕਰਨ ਦਾ ਬੁਰਾ ਨਹੀਂ ਸੀ ਮਨਾਉਂਦੀ। ਮੈਂ ਉਸ ਕੁੜੀ ਦੀ ਮਾਨਸਿਕਤਾ ਸਮਝਣ ਦੀ ਕੋਸ਼ਿਸ਼ ਕਰਦਾ ਸਾਂ ਪਰ ਮਨ ਇੱਛਤ ਸੁਆਲ ਉਹਦੇ ਅੱਗੇ ਪਾਉਣ ਦੀ ਹਿੰਮਤ ਨਹੀਂ ਸਾਂ ਜੁਟਾ ਪਾਉਂਦਾ। ਉਸ ਕੁੜੀ ਨੂੰ ਸ਼ਾਇਦ ਹਿਸਟੀਰੀਆ ਹੋ ਗਿਆ। ਅਚਾਨਕ ਉਹਨੂੰ ਦੌਰੇ ਪੈਣ ਲੱਗ ਪਏ। ਉਹ ਹਿੰਸਕ ਹੋਣ ਲੱਗੀ। ਉਦੋਂ ਮੈਂ ਬੀ.ਏ. ਦੇ ਪੇਪਰ ਦੇ ਕੇ ਵਿਹਲਾ ਸਾਂ ਜਦ ਇਕ ਦਿਨ ਉਹ ਅਚਾਨਕ ਭੜਕ ਪਈ ਤੇ ਘਰੋਂ ਸਾਰਿਆਂ ਨੂੰ ਧੱਕੇ ਮਾਰ ਭੱਜ ਕੇ ਗਲੀ ਵਿਚ ਆ ਗਈ। ਉਹਦਾ ਪਿਓ ਮਗਰ ਦੌੜਿਆ। ਸਬੱਬੀਂ ਆਪਣੇ ਘਰ ਦੇ ਦਰਵਾਜ਼ੇ ਮੈਂ ਖਲੋਤਾ ਸਾਂ ਕਿ ਉਹ ਕੂਕਿਆ, 'ਕਾਕਾ ਫੜੀਂ ਇਹਨੂੰ।' ਮੈਂ ਅਗਾਂਹ ਹੋ ਕੇ ਉਹਦੀ ਬਾਂਹ ਫੜੀ ਤਾਂ ਉਹਦਾ ਗ਼ੁਸੈਲ ਤੇ ਹਿੰਸਕ ਚਿਹਰਾ ਅਚਾਨਕ ਢਿੱਲਾ ਪੈ ਗਿਆ। ਮੈਂ ਕਿਹਾ, 'ਚੱਲ ਦੀਪਾਂ, ਘਰ ਚੱਲ।' ਉਹ ਆਗਿਆਕਾਰ ਬੱਚੇ ਵਾਂਗ ਆਪਣੇ ਪਿਓ ਦੇ ਅੱਗੇ ਲੱਗ ਕੇ ਤੁਰ ਪਈ। ਮੈਂ ਇਸ ਪ੍ਰਤੀਕਰਮ ਦੇ ਕਾਰਨ ਲੱਭਦਾ ਰਿਹਾ। ਉਹ ਘਰੋਂ ਵਿਹਲੀ ਹੁੰਦੀ ਤਾਂ ਸਾਡੇ ਵੱਲ ਆ ਜਾਂਦੀ। ਉਦੋਂ ਮੈਂ ਪਿਛਲੇ ਕਮਰੇ ਵਿਚ ਕੁਰਸੀ ਮੇਜ਼ ਡਾਹ ਕੁਝ ਨਾ ਕੁਝ ਪੜ੍ਹਦਾ ਜਾਂ ਲਿਖਣ ਦੀ ਕੋਸ਼ਿਸ਼ ਕਰਦਾ ਸਾਂ। ਦੀਪਾਂ ਆ ਜਾਂਦੀ ਤੇ ਮੇਰੇ ਲਾਗੇ ਫ਼ਰਸ਼ 'ਤੇ ਆ ਕੇ ਬਹਿ ਜਾਂਦੀ। ਬਹੁਤੀ ਵਾਰ ਮੇਰੀ ਮਾਂ ਲਾਗੇ ਹੁੰਦੀ। ਜਦੋਂ ਉਰੇ ਪਰ੍ਹੇ ਗਈ ਹੁੰਦੀ ਤਾਂ ਮੈਂ ਹੇਠ ਫ਼ਰਸ਼ 'ਤੇ ਲੇਟੀ ਜਾਂ ਸੌਂ ਚੁਕੀ ਹੁੰਦੀ ਦੀਪਾਂ ਵੱਲ ਇਕ ਟੱਕ ਵੇਖਦਾ ਤੇ ਆਪਣੇ ਅੰਦਰਲੀ ਸੀਤ ਜੰਗ ਲੜਦਾ। ਉਹ ਜੋ ਮੇਰੇ ਤੋਂ ਸਿਰਫ਼ ਇਕ ਇਸ਼ਾਰੇ ਦੀ ਵਿੱਥ 'ਤੇ ਹੁੰਦੀ ਕਿੰਨਾ ਕਿੰਨਾ ਚਿਰ ਲੇਟ ਬਹਿ ਕੇ ਚਲੀ ਜਾਂਦੀ। ਸ਼ਾਇਦ ਮੇਰੇ ਲਾਗੇ ਬਹਿ ਕੇ ਉਹਦੀ ਕੋਈ ਤ੍ਰਿਪਤੀ ਹੁੰਦੀ ਜਾਂ ਭਟਕਣਾ ਵਧਦੀ, ਮੈਂ ਕੋਈ ਫ਼ੈਸਲਾ ਨਾ ਕਰ ਪਾਉਂਦਾ। ਇਕ ਦਿਨ ਐਸਾ ਵੀ ਆਇਆ ਕਿ ਉਹ ਸਾਡੇ ਘਰ ਨਾ ਆਈ, ਫਿਰ ਕਈ ਦਿਨ ਲੰਘੇ ਉਹਦਾ ਆਉਣ ਨਾ ਹੋਇਆ। ਅਗਲੀ ਵਾਰ ਉਹਨੂੰ ਫਿਰ ਦੌਰਾ ਪਿਆ। ਉਸ ਵਾਰ ਵੀ ਉਹ ਘਰ ਦੇ ਜੀਆਂ ਨੂੰ ਧੱਕੇ ਮਾਰ ਕੇ ਦੌੜੀ। ਉਸ ਵਾਰ ਵੀ ਸਬੱਬੀਂ ਮੈਂ ਦਰਵਾਜ਼ੇ ਵਿਚ ਖਲੋਤਾ ਸਾਂ। ਉਹਦੇ ਮਾਂ ਨੇ ਲਗਪਗ ਪਹਿਲਾਂ ਜਿਹੀ ਆਵਾਜ਼ ਮੈਨੂੰ ਲਾਈ ਸੀ ਤੇ ਮੈਂ ਅਗਾਂਹ ਹੋ ਕੇ ਉਸਨੂੰ ਫੜਨ ਦੀ ਕੋਸ਼ਿਸ਼ ਕੀਤੀ ਸੀ ਕਿ ਉਹ ਮੈਨੂੰ ਵੀ ਧੱਕਾ ਮਾਰ ਗਈ ਸੀ। ਗਲੀ ਦੇ ਅਗਲੇ ਮੋੜ 'ਤੇ ਸੁੱਖੇ ਫੌਜੀ ਨੇ ਉਸਨੂੰ ਜੱਫਾ ਮਾਰ ਕੇ ਕਾਬੂ ਕੀਤਾ ਸੀ।

    ਇਵੇਂ ਹੀ ਇਕ ਹੋਰ ਘਟਨਾ ਵਾਪਰੀ। ਸਾਡੇ ਗੁਆਂਢ ਇਕ ਪ੍ਰਾਹੁਣੀ ਕੁੜੀ ਆਪਣੀ ਮਾਮੀ ਦਾ ਜਣੇਪਾ ਕਟਾਉਣ ਆਈ ਸੀ। ਉਦੋਂ ਸ਼ਾਇਦ ਮੈਂ ਐੱਮ.ਏ. ਪ੍ਰੀਵੀਅਸ ਦੇ ਇਮਤਿਹਾਨ ਦੇ ਕੇ ਹਟਿਆ ਸਾਂ। ਮਈ ਜੂਨ ਦੇ ਗਰਮ ਜਿਹੇ ਦਿਨ ਸਨ। ਅਸਾਂ ਦੋਹਾਂ ਘਰਾਂ ਨੇ ਸਾਂਝੀ ਕੰਧ ਵਿਚ ਇਕ ਗਲ਼ਾ ਰੱਖਿਆ ਹੋਇਆ ਸੀ ਜਿਸ ਰਾਹੀਂ ਦੋਵੇਂ ਘਰ ਇਕ ਦੂਜੇ ਨੂੰ ਕੋਈ ਚੀਜ਼ ਫੜਾ ਦਿੰਦੇ ਜਾਂ ਲੈ ਲੈਂਦੇ। ਉਹ ਕੁੜੀ ਦਸਵੀਂ ਦੇ ਪੇਪਰ ਦੇ ਕੇ ਆਈ ਸੀ। ਸਾਂਵਲੀ, ਤਿੱਖੇ ਨਕਸ਼ਾਂ ਵਾਲੀ, ਪਤਲੀ ਤੇ ਚੁਸਤ। ਇਕ ਦਿਨ ਮੈਂ ਮਹਿਸੂਸ ਕੀਤਾ ਕਿ ਉਹ ਉਸ ਗਲ਼ੇ ਰਾਹੀਂ ਲੰਘਦੀ ਵੜਦੀ ਮੇਰੇ ਵੱਲ ਵੇਖਦੀ ਸੀ। ਅਚਾਨਕ ਮੇਰੀ ਵੀ ਦਿਲਚਸਪੀ ਉਸ ਵਿਚ ਜਾਗ ਪਈ। ਫਿਰ ਉਹ ਮੁਸਕਰਾਉਣ ਵੀ ਲੱਗ ਪਈ। ਮੈਂ ਫਿਰ ਹੋਣ ਜਾਂ ਨਾ ਹੋਣ ਦੇ ਦਵੰਦ ਵਿਚ ਘਿਰ ਗਿਆ। ਉਸ ਘਰ ਕੋਠੇ ਚੜ੍ਹਨ ਲਈ ਪੌੜੀ ਨਹੀਂ ਸੀ ਤੇ ਉਹ ਕੁੜੀ ਕੋਠੇ 'ਤੇ ਕੱਪੜੇ ਵਗੈਰਾ ਸੁਕਣੇ ਪਾਉਣ ਸਾਡੀ ਪੌੜੀ ਚੜ੍ਹਨ ਆ ਜਾਂਦੀ। ਉਹ ਮੇਰੇ ਲਾਗੋਂ ਲੰਘਦਿਆਂ ਲੱਕ ਨੂੰ ਮਰੋੜਾ ਜਿਹਾ ਦੇ ਕੇ ਗੁੱਤ ਨੂੰ ਹੁਲਾਰਾ ਦਿੰਦੀ ਤੇ ਮੁੜਦਿਆਂ ਵੀ ਤਿਰਛੀ ਜਿਹੀ ਤੱਕਣੀ ਮੇਰੇ 'ਤੇ ਸੁੱਟ ਚਲੀ ਜਾਂਦੀ। ਮੈਂ ਫੱਟੜ ਹਾਲਤ ਵਿਚ ਸੋਚਾਂ ਦੀ ਘੁੰਮਣਘੇਰੀ ਵਿਚ ਗੋਤੇ ਖਾਂਦਾ ਪਰ ਉਸ ਡਾਵਾਂਡੋਲ ਅਵਸਥਾ 'ਚੋਂ ਉੱਭਰ ਨਾ ਪਾਉਂਦਾ। ਉਹੀ ਦਵੰਦ ਤੇ ਉਹੀ ਪਾਰੇ ਵਾਂਗ ਡੋਲਦੀ ਕੰਬਦੀ ਮਾਨਸਿਕਤਾ। ਫਿਰ ਇਸ ਘਟਨਾ ਦਾ ਸਿਖ਼ਰ ਵੀ ਇੰਜ ਹੀ ਸਿਰਜਿਆ ਗਿਆ। ਉਸ ਦਿਨ ਮੈਂ ਘਰ ਇਕੱਲਾ ਸਾਂ। ਉਹ ਉਵੇਂ ਮਟਕ ਨਾਲ ਆਈ। ਉਹਦੀਆਂ ਅੱਖਾਂ ਵਿਚ ਕੋਈ ਸਾਗਰ ਖ਼ੌਲ ਰਿਹਾ ਸੀ। ਕੋਈ ਬੰਨ੍ਹ ਵੱਜਾ ਸੀ ਅੱਗੇ। ਉਸਨੂੰ ਪਤਾ ਸੀ ਘਰ ਮੇਰੇ ਤੋਂ ਸਿਵਾ ਹੋਰ ਕੋਈ ਨਹੀਂ। ਉਹ ਮੇਰੇ ਅੱਗੇ ਸੁਆਲ ਬਣ ਕੇ ਖੜੀ ਸੀ। ਬੋਲੀ, 'ਮੈਂ ਅੱਜ ਸ਼ਾਮ ਚਲੀ ਜਾਣਾ, ਆਪਾਂ ਕੁਝ ਕਰੀਏ।' ਪਰ ਮੈਂ ਉੱਤਰ ਵਿਹੂਣਾ ਹੋ ਗਿਆ। ਕਿਹਾ, 'ਹੁਣ ਤੂੰ ਚੱਲ, ਮੈਂ ਤੈਨੂੰ ਬਾਅਦ 'ਚ ਦੱਸਦਾਂ।'

    ਉਹ ਚਲੀ ਗਈ। ਬਿਨਾ ਅੱਖ ਮਿਲਾਏ। ਜਦੋਂ ਉਹ ਗਈ, ਮੈਂ ਦਰਵਾਜ਼ੇ ਵਿਚ ਖਲੋਤਾ ਸਾਂ। ਪਰ ਉਹ ਦੂਜੇ ਪਾਸੇ ਤੱਕਦੀ ਅਗਾਂਹ ਨਿਕਲ ਗਈ।

    ਅਜਿਹੀ ਹੀ ਇਕ ਹੋਰ ਘਟਨਾ ਕਸੀਰ ਵਾਂਗ ਮੇਰੀ ਚੇਤਨਾ ਵਿਚ ਅੱਜ ਵੀ ਰੜਕਦੀ ਹੈ। ਮੈਂ ਨਵਾਂ ਨਵਾਂ ਨੌਕਰੀ ਲੱਗਾ ਸਾਂ ਤੇ ਜਲੰਧਰ ਪੋਸਟਡ ਸਾਂ। ਲਾਡੋਵਾਲੀ ਰੋਡ 'ਤੇ ਇਕ ਪ੍ਰੋਫ਼ੈਸਰ ਦੇ ਘਰ ਕਿਰਾਏ ਦਾ ਕਮਰਾ ਲੈ ਕੇ ਰਹਿੰਦਾ ਸਾਂ। ਮੇਰਾ ਇਕ ਕੁਲੀਗ ਸੀ ਜਿਹਦੀ ਆਪਣੇ ਭਣੇਵੇਂ ਨਾਲ ਗੂੜ੍ਹੀ ਯਾਰੀ ਸੀ। ਉਨ੍ਹਾਂ ਦੇ ਇਸ਼ਕ ਵੀ ਸਾਂਝੇ ਸਨ। ਉਹਦਾ ਭਾਣਜਾ ਕਿਉਂਕਿ ਅਕਸਰ ਦਫ਼ਤਰ ਆ ਜਾਂਦਾ ਸੀ, ਇਸਲਈ ਮੇਰਾ ਵੀ ਮਿੱਤਰ ਬਣ ਗਿਆ ਸੀ। ਇਕ ਦਿਨ ਮੇਰਾ ਕੁਲੀਗ ਮੈਨੂੰ ਕਹਿਣ ਲੱਗਾ, ਚੱਲ ਤੇਰੇ ਕਮਰੇ ਵਿਚ ਚੱਲੀਏ। ਅਸੀਂ ਉਹਦੇ ਮੋਟਰ ਸਾਇਕਲ 'ਤੇ ਬੈਠੇ ਤੇ ਕਮਰੇ ਵਿਚ ਚਲੇ ਗਏ। ਅੱਗੇ ਉਹਦਾ ਭਾਣਜਾ ਇਕ ਜ਼ਨਾਨੀ ਲਈ ਖੜਾ ਸੀ। ਕਮਰੇ ਵਿਚ ਅਸੀਂ ਜਾ ਬੈਠੇ। ਉਹ ਔਰਤ ਹਸਪਤਾਲ ਦੇ ਵਿਚ ਨਰਸ ਸੀ ਤੇ ਉਨ੍ਹਾਂ ਦੋਹਾਂ—ਮਾਮੇ ਭਣੇਵੇਂ ਦੀ ਸਾਂਝੀ ਬੇਲਣ ਸੀ। ਕਮਰਾ ਮੁਹੱਈਆ ਕਰਨ ਦੇ ਇਵਜ਼ਾਨੇ ਵਿਚ ਉਨ੍ਹਾਂ ਮੈਨੂੰ ਬਾਰ ਬਾਰ ਕਿਹਾ ਕਿ ਮੈਂ ਵੀ ਉਸ ਔਰਤ ਕੋਲ ਜਾਵਾਂ ਪਰ ਮੈਂ ਹਿੰਮਤ ਨਾ ਜੁਟਾ ਪਾਇਆ। ਉਸ ਔਰਤ ਨੇ ਵੀ ਮੈਨੂੰ ਪੇਸ਼ਕਸ਼ ਕੀਤੀ ਪਰ ਮੈਂ ਨਾ ਮੰਨਿਆ। ਜਾਂਦੀ ਹੋਈ ਉਹ ਔਰਤ ਮੇਰੇ ਕੁਲੀਗ ਤੇ ਉਹਦੇ ਭਾਣਜੇ ਨੂੰ ਕਹਿਣ ਲੱਗੀ, 'ਇਹ ਤਾਂ ਬਾਹਲਾ ਈ ਸਾਊ ਆ, ਇਹਦਾ ਧਿਆਨ ਰੱਖਿਓ।'

    ਪਤਾ ਨਹੀਂ ਇਹ ਟਿੱਪਣੀ ਮੇਰੀ ਸਿਫ਼ਤ ਸੀ ਜਾਂ ਕੋਈ ਗੁੱਝੀ ਟਕੋਰ। ਪਰ ਇਹ ਘਟਨਾ ਵੀ ਕੰਡੇ ਵਾਂਗ ਮੇਰੀ ਮਾਨਸਿਕਤਾ ਦਾ ਹਿੱਸਾ ਬਣੀ। 'ਤਾੜੀ' ਕਹਾਣੀ ਵਿਚਲੇ ਦੱਬੂ ਕਿਸਮ ਦੇ ਮਰਦ ਪਾਤਰ ਦੀ ਹੋਣੀ ਨੂੰ ਚਿਤਰਤ ਕਰਦਿਆਂ ਮੈਂ ਸਹਿਵਨ ਹੀ ਅਮਨ, ਤਾਰੀ, ਅਨੁਰਾਗ ਤੇ ਰਜਨੀ ਜਿਹੇ ਔਰਤ ਪਾਤਰਾਂ ਦੀ ਉਸਾਰੀ ਕਰ ਸਕਿਆ। ਇਹ ਸਾਰੀਆਂ ਔਰਤ ਪਾਤਰਾਂ ਆਪਣੇ ਮਨਾਂ ਦੇ ਵੇਗ ਨੂੰ ਅਚੇਤ ਸੁਚੇਤ ਪ੍ਰਗਟ ਕਰਦੀਆਂ ਪਰ 'ਅਣਭੋਲ' ਮਰਦ ਪਾਤਰ ਦਾ ਹੁੰਗਾਰਾ ਨਾ ਪਾ ਕੇ ਕਿਸੇ 'ਹੋਰ' ਰਾਹ ਦੀਆਂ ਰਾਹੀ ਬਣੀਆਂ। 'ਰੂਹਾਂ ਬਦਰੂਹਾਂ' ਦੀਆਂ ਔਰਤ ਪਾਤਰਾਂ ਦੀ ਕਾਮੁਕ ਭੁੱਖ ਨਿਪੁੰਸਕ ਮਰਦ ਸਾਹਮਣੇ ਹੋਰ ਤਿੱਖੀ ਹੁੰਦੀ ਹੈ। ਉਨ੍ਹਾਂ ਦੀ ਹਿੰਸਕ ਪ੍ਰਵਿਰਤੀ ਵੀ ਇਸੇ ਵਿਹਾਰ 'ਚੋਂ ਉਪਜਦੀ ਹੈ। ਮੇਰੇ ਇਕ ਬਹੁਤ ਹੀ ਨਜ਼ਦੀਕੀ ਪ੍ਰੋਫ਼ੈਸਰ ਦੋਸਤ ਨਾਲ ਵੀ ਕੁਝ ਇੰਜ ਹੀ ਘਟਿਆ। ਜਿਸਮਾਨੀ ਤੌਰ ਤੇ 'ਕਮਜ਼ੋਰ' ਉਹ ਮਿੱਤਰ ਆਪਣੀ ਖ਼ੂਬਸੂਰਤ ਤੇ ਜ਼ਹੀਨ ਪਤਨੀ ਦੇ ਸਾਥ ਤੋਂ ਵਿਰਵਾ ਹੋ ਗਿਆ। ਉਹ ਜ਼ਹੀਨ ਔਰਤ ਹਿੰਸਾ ਦੀ ਮੂਰਤ ਬਣ ਗਈ ਤੇ ਭਰੀ ਅਦਾਲਤ ਵਿਚ ਮਿੱਤਰ ਨੂੰ ਨਮਰਦ ਗਰਦਾਨ ਕੇ ਤਲਾਕ ਲੈ ਗਈ। 'ਰੂਹਾਂ ਬਦਰੂਹਾਂ' ਦੀ ਪਤਨੀ ਨਿੰਦਰ ਦਾ ਚਿਤਰਣ ਕਰਦਿਆਂ ਮੈਨੂੰ ਬਹੁਤ ਕੁਝ ਕਲਪਨਾ 'ਚੋਂ ਲੈਣਾ ਹੀ ਨਾ ਪਿਆ। ਇਸ ਮਾਨਸਿਕਤਾ ਨੂੰ ਪ੍ਰਚੰਡ ਕਰਨ ਲਈ ਮੈਂ ਕਹਾਣੀ ਦੇ ਮੈਂ ਪਾਤਰ ਦੇ ਜੀਵਨ ਵਿਚ ਅਜਿਹੀਆਂ ਔਰਤਾਂ ਦੀ 'ਦਹਿਸ਼ਤ' ਪਾਉਣ ਲਈ ਸਹਾਇਕ ਪਾਤਰਾਂ ਵੀ ਘੜੀਆਂ ਜਿਨ੍ਹਾਂ ਵਿਚ ਇਕ ਪਾਤਰ ਉਹ ਵੀ ਹੈ ਜਿਸਨੂੰ ਮੈਂ ਆਪ ਨਹੀਂ ਸਾਂ ਮਿਲਿਆ, ਮੇਰਾ ਬਠਿੰਡੇ ਦਫ਼ਤਰ ਦਾ ਇਕ ਕੁਲੀਗ ਮਿਲਿਆ ਸੀ। ਉਹ ਔਰਤ ਅੱਧੀ ਰਾਤ ਅਰਧ ਨਗਨ ਹਾਲਤ ਵਿਚ ਘਰ ਦੇ ਦਰਵਾਜ਼ੇ ਸਾਹਮਣੇ ਖੜੀ ਸੀ। ਉਸ ਮਿੱਤਰ ਨੂੰ ਉਸਨੇ ਆਪਣੀ ਅਤ੍ਰਿਪਤ ਖ਼ਾਹਸ਼ ਦੀ ਪੂਰਤੀ ਲਈ ਹਾਕ ਲਾਈ ਸੀ ਪਰ ਉਹ ਉਸਦੀ ਇੱਛਾ ਸਮਝੇ ਸੁਣੇ ਬਗ਼ੈਰ ਉੱਥੋਂ ਨਿਕਲ ਅਇਆ ਸੀ। ਕਹਾਣੀ ਲਿਖਦਿਆਂ ਉਹ ਬੇਨਾਮ ਜਿਹਾ ਪਾਤਰ ਅਚਾਨਕ ਆ ਪ੍ਰਗਟ ਹੋਇਆ ਸੀ।

    ਮਰਦ ਮਾਨਸਿਕਤਾ ਨੂੰ ਫਰੋਲਦਿਆਂ ਮੈਂ ਦੂਜੀ ਧਿਰ ਦੀਆਂ ਚੇਸ਼ਟਾਵਾਂ ਦੀ ਨਿਸ਼ਾਨਦੇਹੀ ਵਿਚ ਜੁਟਦਾ ਤਾਂ ਮੈਨੂੰ ਕਹਾਣੀਆਂ ਵਿਚਲੀਆਂ ਪਾਤਰਾਂ ਦੀਆਂ ਮਨੋਅਕਾਂਖਿਆਵਾਂ ਨਾਲ ਜੁੜੇ ਕਈ ਹਵਾਲੇ ਲੱਭਣ ਲੱਗਦੇ। ਸੁਆਲਾਂ ਦੇ ਜੁਆਬ ਲੱਭਦੇ ਵੀ ਤੇ ਅਹੁੜਦੇ ਵੀ। ਅਸਾਵੇਂ ਰਿਸ਼ਤੇ ਤੇ ਵਿਆਹ ਬਾਹਰੇ ਸਬੰਧਾਂ ਦੇ ਕਾਰਨ ਸਮਝ ਆਉਂਦੇ। ਸਾਡੇ ਲਾਗੇ, ਮੁਹੱਲੇ ਵਿਚ ਹੀ ਇਕ ਬੰਦੇ ਦਾ ਕਤਲ ਹੋ ਗਿਆ। ਪਤਾ ਲੱਗਾ ਕਿ ਉਹਦੀ ਘਰਵਾਲੀ ਨੇ ਕਿਸੇ ਹੋਰ ਆਦਮੀ ਨਾਲ ਰਲ਼ ਕੇ ਆਪਣੇ ਘਰਵਾਲੇ ਦੀ ਧੌਣ ਮੰਜੇ ਦੇ ਪਾਵੇ ਹੇਠ ਦੇ ਕੇ ਉਹਦੀ ਹੱਤਿਆ ਕੀਤੀ। ਬਾਅਦ ਵਿਚ ਪੁਲਿਸ ਤੇ ਅਦਾਲਤੀ ਕਾਰਵਾਈ ਵਿਚ ਬਥੇਰਾ ਕੁਝ ਹੋਇਆ ਪਰ ਜਿਹੜੀ ਗੰਢ ਮੇਰੀ ਮਾਨਸਿਕਤਾ ਵਿਚ ਬੱਝ ਗਈ ਉਸਨੂੰ ਖੋਲ੍ਹਣ ਲਈ ਮੈਨੂੰ ਔਰਤ ਦੇ ਜਿਸਮਾਨੀ, ਆਰਥਕ ਤੇ ਸਮਾਜਕ ਪਹਿਲੂਆਂ ਨੂੰ ਸੋਚ ਅਧੀਨ ਲਿਆਉਣ ਦੀ ਲੋੜ ਪਈ। ਇਵੇਂ ਹੀ ਅਮ੍ਰਿਤਸਰ ਇਕ ਘਟਨਾ ਵਾਪਰੀ ਜਿਸਨੇ ਮੈਨੂੰ ਇਸ ਮਸਲੇ ਨੂੰ ਫਰੋਲਣ ਲਈ ਅਗਾਂਹ ਹੋਰ ਉਤੇਜਤ ਕੀਤਾ। ਇਕ ਔਰਤ ਆਪਣੇ ਸੱਤ ਸਾਲ ਦੇ ਬੱਚੇ ਨੂੰ ਇਸ ਕਾਰਨ ਕਤਲ ਕਰ ਦਿੰਦੀ ਹੈ ਕਿਉਂਕਿ ਉਸ ਬੱਚੇ ਨੇ ਆਪਣੀ ਮਾਂ ਨੂੰ ਕਿਸੇ ਹੋਰ ਮਰਦ ਨਾਲ ਹਮਬਿਸਤਰੀ ਕਰਦਿਆਂ ਵੇਖ ਲਿਆ। ਉਹ ਬੱਚੇ ਨੂੰ 'ਸਮਝਾਉਂਦੀ' ਹੈ ਪਰ ਬੱਚਾ ਬਜ਼ਿਦ ਹੈ ਕਿ ਉਹ 'ਇਹ' ਗੱਲ ਆਪਣੇ ਪਾਪਾ ਨੂੰ ਦੱਸੇਗਾ। ਕਿਸ ਮਾਨਸਿਕ ਧਰਾਤਲ 'ਤੇ ਖਲੋਤੀ ਉਹ ਔਰਤ ਆਪਣੇ ਇਕਲੌਤੇ ਬੱਚੇ ਨੂੰ ਕਤਲ ਕਰਨ ਬਾਰੇ ਸੋਚਦੀ ਹੈ। ਬਿਨਾਸ਼ੱਕ ਉਹ ਸਮਾਜ ਕਾਨੂੰਨ ਦੀ ਨਿਗ਼ਾਹ ਵਿਚ ਮੁਜ਼ਰਿਮ ਹੈ ਪਰ ਉਸਦੇ ਇਸ ਕਾਰੇ ਪਿੱਛੇ ਕਿਹੜੇ ਕਾਰਨ ਮੌਜੂਦ ਹਨ। ਉਹਦੀ ਇਸ ਕਾਤਲਾਨਾ ਮਾਨਸਿਕਤਾ ਨੂੰ ਕਿਸ ਚੀਜ਼ ਨੇ ਉਕਸਾਇਆ ਹੈ? ਇਸ ਸੁਆਲ ਦਾ ਜੁਆਬ ਲੱਭਣ ਲਈ ਮੈਨੂੰ ਕਹਾਣੀਆਂ ਵਿਚ ਅਜਿਹੀ ਮਾਨਸਿਕਤਾ ਨਾਲ ਜੁੜੀਆਂ ਔਰਤ ਪਾਤਰਾਂ ਦੀ ਉਸਾਰੀ ਕਰਨੀ ਪਈ। ਵਿਆਹ ਬਾਹਰੇ ਸਬੰਧਾਂ ਵਿਚੋਂ ਹੋਣ ਵਾਲੀ 'ਤ੍ਰਿਪਤੀ' ਤੇ ਬਾਅਦ ਵਿਚ ਉਪਜਣ ਵਾਲੇ ਦੁਖਾਂਤ ਦਾ ਚਿਤਰਣ ਮੈਂ ਕਹਾਣੀ 'ਮਾਇਆ ਜਾਲ' ਦੀ ਪਾਤਰ ਮੈਡਮ ਸੇਖੋਂ ਦੇ ਉਸ ਕਿਰਦਾਰ ਵਿਚੋਂ ਉਘਾੜ ਕੇ ਕੀਤਾ ਜੋ ਇਨ੍ਹਾਂ ਸਬੰਧਾਂ ਦੀ ਤਿਲਕਣਬਾਜ਼ੀ ਵਿਚ ਘਿਰੀ ਹੈ। ਕੁਝ ਚਾਹੁੰਦਿਆਂ ਕੁਝ ਨਾ ਚਾਹੁੰਦਿਆਂ। ਇਨ੍ਹਾਂ ਸਬੰਧਾਂ ਵਿਚ ਸੁਆਦ ਵੀ ਹੈ, ਖਟਾਸ ਵੀ ਤੇ ਕੁੜੱਤਣ ਵੀ। ਉਹ ਪਤੀ ਪ੍ਰਤੀ ਵੀ ਸੰਵੇਦਨਸ਼ੀਲ਼ ਹੈ ਤੇ ਪ੍ਰੇਮੀ ਦੀ ਵੀ ਵਫ਼ਾਦਾਰ। ਸਮਾਜਕ ਮਰਿਆਦਾ ਇਕ ਤੀਜੀ ਧਿਰ ਹੈ ਜੋ ਸਭ ਤੋਂ ਤਾਕਤਵਰ ਹੈ। ਸਬੰਧਾਂ ਦੇ ਐਕਸਪੋਜ਼ ਹੋਣ ਦਾ ਖ਼ੌਫ਼ ਮਾਨਸਿਕ ਧਰਾਤਲ 'ਤੇ ਡੂੰਘੇ ਮਾਨਸਿਕ ਵਿਸ਼ਾਦ ਦਾ ਕਾਰਨ ਬਣਦਾ ਹੈ। ਇਸ ਐਕਸਪੋਜ਼ਰ ਤੋਂ ਬਚਣਾ ਤੇ ਆਪਣੀ ਸਮਾਜਕ ਹੋਂਦ ਨੂੰ ਬਚਾਉਣਾ ਇਕ ਵੱਡੀ ਚੁਣੌਤੀ ਬਣਦਾ ਹੈ। ਇਸ 'ਬਚਾਅ' ਲਈ ਕਿਸੇ ਨੂੰ 'ਲਾਂਭੇ' ਕਰਨਾ 'ਸਸਤਾ ਸੌਦਾ' ਲੱਗਦਾ ਹੈ। ਇਹ ਔਰਤ ਮਾਨਸਿਕਤਾ ਦੀ ਅਜੀਬ ਵਿਡੰਬਨਾ ਹੈ। ਇਹ ਘਟਨਾ ਆਏ ਦਿਨ ਰੀਪੀਟ ਹੁੰਦੀ ਹੈ। ਸਬੰਧਾਂ ਦਾ ਅੰਜਾਮ ਵੀ ਪਤਾ ਹੈ ਤੇ ਇਸ ਅੰਜਾਮ ਤੋਂ ਬਾਅਦ ਵਾਲੇ ਸਿੱਟੇ ਵੀ ਸਭ ਨੂੰ ਪਤਾ ਹਨ ਫਿਰ ਵੀ ਦੁਹਰਾਓ ਹੋ ਰਿਹਾ ਹੈ। 'ਮਾਇਆ ਜਾਲ' ਦੀ ਮੈਡਮ ਸੇਖੋਂ ਦੀ ਮਾਨਸਿਕਤਾ ਇਨ੍ਹਾਂ ਦਵੰਦਮਈ ਵਿਚਾਰਾਂ ਨਾਲ ਓਤਪੋਤ ਹੈ। ਸੁਆਦ, ਖਟਾਸ, ਕੁੜੱਤਣ ਤੇ ਵਿਸ਼ਾਦ ਸਭ ਗੱਡਮੱਡ ਹਨ। ਵਿਆਹ ਬਾਹਰੇ ਸਬੰਧਾਂ ਦੇ ਇਸ ਮਕੜਜਾਲ ਵਿਚ 'ਅਮਰ ਕਥਾ' ਦੀ ਸੁਲੋਚਨਾ ਵੀ ਘਿਰੀ ਹੈ, 'ਹੈਲੋ ਮੈਂ ਕਿੱਟੀ ਬੋਲ ਰਹੀ ਆਂ' ਦੀ ਕਿੱਟੀ ਆਨੰਦ ਤੇ ਰੂਪਾ ਵੀ। 'ਜਲਧਾਰਾ' ਦੀ ਤਮੰਨਾ ਮਲਹੋਤਰਾ ਵੀ ਤੇ 'ਵਿਸਰਜਨ' ਦੀ ਰਸ਼ਮੀ ਵੀ। ਇਨ੍ਹਾਂ ਸਬੰਧਾਂ ਨੂੰ 'ਨੀਲਾ ਪਾਣੀ' ਦੀਆਂ ਫਿਰੋਜ਼ਾ, ਮਨਮੀਨ ਤੇ ਰਜਨੀ ਵੀ ਮਾਣ ਰਹੀਆਂ ਨੇ ਤੇ 'ਖ਼ਾਲੀ ਮਕਾਨ' ਦੀ ਮੈਂ ਪਾਤਰ ਵੀ। 'ਗਲੇਸ਼ੀਅਰ' ਦੀ ਸਵਰਾਜ ਦੋ ਦੋਸਤਾਂ ਦੀ ਸਾਂਝੀ ਮੁਹੱਬਤ ਭੋਗਦੀ ਹੈ। ਇਨ੍ਹਾਂ ਸਭਨਾਂ ਦੀ ਮਾਨਸਿਕ ਸ਼ੇਡ ਵਿਭਿੰਨ ਹੈ। ਸੁਲੋਚਨਾ ਨੂੰ ਨੌਕਰੀ ਦੇ ਸਟੇਸ਼ਨ ਬਦਲੀ ਦੀ ਜ਼ਰੂਰਤ ਵਿਆਹ ਬਾਹਰੇ ਸਬੰਧਾਂ ਦੇ ਸੰਸਾਰ ਵਿਚ ਲੈ ਜਾਂਦੀ ਹੈ। ਕਿੱਟੀ ਆਨੰਦ ਨੂੰ ਰਾਜਨੀਤਕ ਖੇਤਰ ਵਿਚ ਉਭਰਨ ਦਾ ਸ਼ੌਕ ਉਸ ਪਾਸੇ ਲੈ ਜਾਂਦਾ ਹੈ। ਇਓਂ ਹੀ ਰੂਪਾ ਆਪਣੇ ਪਤੀ ਦੇ ਜਾਣੂ ਬੈਂਕ ਅਫ਼ਸਰ ਦੇ ਚੁੰਗਲ ਵਿਚ ਜਾ ਫ਼ਸਦੀ ਹੈ। ਤਮੰਨਾ ਮਲਹੋਤਰਾ ਅੱਡ ਕਿਸਮ ਦੀ ਮਾਨਸਿਕਤਾ ਦੀ ਮਾਲਕ ਹੈ। ਉਹ ਬਿਨਾ ਕਿਸੇ ਮਾਨਸਿਕ ਦੁਬਿਧਾ ਦੇ ਇਨ੍ਹਾਂ ਸਬੰਧਾਂ ਨੂੰ ਸਹਿਜ ਰੂਪ ਵਿਚ ਭੋਗਦੀ ਹੈ। ਉਸ ਵਿਚ ਕੋਈ ਹੀਣ ਭਾਵਨਾ ਨਹੀਂ, ਕਿਸੇ ਦੋਸ਼ ਦਾ ਅਹਿਸਾਸ ਨਹੀਂ। ਇਕ ਬਹੁਤ ਹੀ ਖ਼ੁਸ਼ਮਿਜਾਜ਼ ਔਰਤ ਦੇ ਸਾਥ ਵਿਚ ਮੈਨੂੰ ਇੰਜ ਹੀ ਮਹਿਸੂਸ ਹੋਇਆ, ਜਿੱਥੇ ਮੁਹੱਬਤ ਬਿਨਾ ਕਿਸੇ ਸੁਆਰਥ ਦੇ ਪ੍ਰਵਾਨ ਚੜ੍ਹਦੀ। ਇਕ ਖ਼ੁਸ਼ਨੁਮਾ ਅਹਿਸਾਸ, ਬਿਨਾ ਕਿਸੇ ਮਾਨਸਿਕ ਬੋਝ ਦੇ। ਇੰਜ ਹੀ ਸਵਰਾਜ ਕਰਦੀ ਹੈ। ਆਪਣੀਆਂ ਕਲਾਤਮਕ ਰੁਚੀਆਂ ਨੂੰ ਉਭਾਰਨ ਹਿੱਤ ਉਹ ਮੈਂ ਪਾਤਰ ਤੇ ਉਸਦੇ ਦੋਸਤ ਦੀਪਰ ਦੀ ਸਾਂਝੀ ਪ੍ਰੇਮਕਾ ਬਣਦੀ ਹੈ।ਮੇਰੇ ਇਕ ਮਿੱਤਰ ਨੇ ਦੱਸਿਆ ਕਿ ਇਕ ਟੀਚਰ ਆਪਣੀ ਬਦਲੀ ਦੇ ਚੱਕਰ ਵਿਚ ਡੀ.ਈ.ਓ. ਨਾਲ ਦੋ ਦਿਨ ਧਰਮਸ਼ਾਲਾ ਰਹਿ ਕੇ ਆਈ। ਮੇਰੇ ਕਰੀਬੀ ਦਾਇਰੇ ਦੀ ਇਕ ਔਰਤ ਨੇ ਦੱਸਿਆ ਕਿ ਉਹਦਾ ਵਿਆਹ ਸਿਆਣੀ ਉਮਰ ਦੇ ਅਮੀਰ ਬੰਦੇ ਨਾਲ ਉਦੋਂ ਹੋਇਆ ਜਦੋਂ ਉਹ ਅਜੇ ਨਿਆਣੀ ਸੀ। ਮਾਪਿਆਂ ਗ਼ਰੀਬੀ ਕਾਰਨ ਅਜਿਹਾ ਕੀਤਾ ਸੀ। ਜਦੋਂ ਉਹ ਜਵਾਨੀ ਦੀ ਭਰਪੂਰਤਾ ਵਿਚ ਆਈ ਉਹ ਬੁੱਢਾ ਹੋ ਗਿਆ ਸੀ। ਉਹਦੀ ਲੋਚਾ ਸਿਖ਼ਰ ਤੇ ਹੁੰਦੀ ਜਦ ਕਿ ਉਹ ਮਰਦ ਹਾਰੇ ਹੋਏ ਖਿਡਾਰੀ ਵਾਂਗ ਇਕ ਪਾਸੇ ਦੁਬਕ ਕੇ ਪਿਆ  ਹੁੰਦਾ। ਇਕ ਰਾਤ ਆਪਣੇ ਨਾਲ ਬੇਵਜ੍ਹਾ ਘੁਲਦੇ ਉਸ ਮਰਦ ਨੂੰ ਉਸ ਔਰਤ ਨੇ ਐਸਾ ਕਰਾਰਾ ਥੱਪੜ ਜੜਿਆ ਕਿ ਉਹਦੇ ਹੋਸ਼ ਭੁੱਲ ਗਏ। ਮੈਨੂੰ ਮਹਿਸੂਸ ਹੋਇਆ ਕਿ ਬੇਮੇਲ ਸਾਥ ਸਾਥ ਤੇ ਅਧੂਰੇ ਜਿਸਮਾਨੀ ਤ੍ਰਿਪਤੀ ਦੇ ਅਹਿਸਾਸ ਨੇ ਉਸਨੂੰ ਵਿਹਾਰ ਪੱਖੋਂ ਵਿਚਲਿਤ ਕਰ ਦਿਤਾ ਹੈ। ਉਹ ਡਾਵਾਂਡੋਲ ਮਾਨਸਿਕ ਧਰਾਤਲ ਤੇ ਖਲੋਤੀ ਹਿੰਸਕ ਹੋ ਗਈ ਹੈ। ਇਵੇਂ ਹੀ ਆਪਣੀਆਂ ਲੋੜਾਂ ਗਰਜਾਂ ਖ਼ਾਤਰ ਸਬੰਧਾਂ ਦਾ ਉਸਰਨਾ ਤੇ ਢਹਿਣਾ ਮੈਨੂੰ ਨਜ਼ਰ ਆਇਆ। ਮੁਹੱਬਤ, ਮਾਨਸਿਕਤਾ, ਮਰਿਆਦਾਵਾਂ ਤੇ ਸਮਾਜ ਗੁੱਥਮਗੁੱਥਾ ਹੁੰਦੇ। ਨਿਯਮ, ਆਚਾਰ ਵਿਹਾਰ ਤੇ ਕੁਦਰਤੀ ਜਜ਼ਬੇ ਆਪਸ ਵਿਚੀਂ ਖਹਿਸਰਦੇ ਟਕਰਾਉਂਦੇ। ਆਸੇ ਪਾਸੇ ਦਾ ਵਰਤਾਰਾ ਤਲਖ਼ ਤੇ ਦੁਖਦਾਇਕ ਰੰਗਾਂ ਵਿਚ ਰੰਗਿਆ ਦਿਸਿਆ।

    ਰਿਸ਼ਤਿਆਂ ਦੀ ਵਿਡੰਬਨਾ ਨੂੰ ਮੈਂ ਭੈਣ-ਭਰਾ ਦਾ ਦੁਨਿਆਵੀ ਵਿਖਾਵਾ ਬਣਾ ਕੇ ਲੁਕਵੀਂ ਮੁਹੱਬਤ ਭੋਗਦੇ ਦੋਹਰਾ ਕਿਰਦਾਰ ਨਿਭਾਉਂਦੇ ਆਪਣੀ ਦੂਰ ਦੀ ਸਾਕਾਦਾਰੀ ਵਿਚੋਂ ਇਕ ਔਰਤ ਰਾਹੀਂ ਵੇਖ ਸਕਿਆ। ਇਕ ਲੰਮਾ ਸਮਾਂ ਇਹ ਮੁਹੱਬਤ ਇੰਜ ਹੀ ਕੰਧਾਂ ਕੌਲ਼ਿਆਂ ਉਹਲੇ ਪ੍ਰਵਾਨ ਚੜ੍ਹਦੀ ਰਹੀ। ਇਸ ਰਿਸ਼ਤੇ ਦੀ ਭਿਣਕ ਨੇ ਦੋਹਾਂ ਪਰਿਵਾਰਾਂ ਵਿਚ ਟੁੱਟ ਭੱਜ ਨੂੰ ਅੰਜਾਮ ਦਿੱਤਾ ਪਰ ਮੁਹੱਬਤ ਦਾ ਇਹ ਮਿੱਠਾ ਮਹੁਰਾ ਇਓਂ ਹੀ ਚੱਖਿਆ ਜਾਂਦਾ ਰਿਹਾ। ਇਨ੍ਹਾਂ ਸਬੰਧਾਂ ਦੇ ਆਧਾਰ 'ਤੇ ਹੀ ਮੈਂ 'ਵਾਵਰੋਲੇ' ਦੀ ਜੋਤੀ ਦੇ ਪਾਤਰ ਦੀ ਸਿਰਜਣਾ ਹੋਈ। ਜੋਤੀ ਬਿਨਾ ਆਪਣੇ ਅੰਦਰ ਦੋਸ਼ ਦੀ ਭਾਵਨਾ ਲਈ ਇਸ ਰਿਸ਼ਤੇ ਨੂੰ ਭੋਗਦੀ ਤੁਰੀ ਜਾਂਦੀ ਹੈ।

    ਆਪਣੇ ਬਹੁਤ ਹੀ ਸੁਖਾਵੇਂ ਪਰਿਵਾਰਕ ਮਾਹੌਲ ਵਿਚ ਆਪਣੀ ਪਤਨੀ ਦੇ ਆਦਰਸ਼ਕ ਸੁਭਾਅ ਨੂੰ ਮੈਂ ਬਹੁਤ ਕਹਾਣੀਆਂ ਵਿਚ ਚਿਤਰਿਆ। ਵਿਆਹ ਦੇ ਸ਼ੁਰੂਆਤੀ ਸਾਲਾਂ ਵਿਚ ਮੇਰੀ ਮਾਂ ਤੇ ਪਤਨੀ ਦੇ ਅਣਸੁਖਾਵੇਂ ਸਬੰਧਾਂ ਵਿਚੋਂ ਉਪਜੇ ਪਰਿਵਾਰਕ ਕਲੇਸ਼ ਨੂੰ ਮੈਂ 'ਪੋਟਾ ਪੋਟਾ ਦਰਦ'  ਕਹਾਣੀ ਵਿਚ ਆਪਣੇ ਹੀ ਘਰੇਲੂ ਪਾਤਰ ਲੈ ਕੇ ਲਿਖਿਆ। ਘਰੋਂ ਅਲਹਿਦਾ ਹੋ ਕੇ ਅਮ੍ਰਿਤਸਰ ਆ ਵੱਸਣਾ, ਭਾਰੀ ਆਰਥਕ ਤੰਗੀ ਦਾ ਸ਼ਿਕਾਰ ਹੋਣਾ ਤੇ ਕਦੇ ਕਦੇ ਪਤਨੀ ਦਾ ਤਲਖ਼ ਰਵੱਈਆ ਅਖ਼ਤਿਆਰ ਕਰ ਲੈਣਾ ਵੀ ਮੇਰੀਆਂ ਪਹਿਲ ਪਲੇਠੀਆਂ ਕਹਾਣੀਆਂ ਦੀ ਪਤਨੀ ਪਾਤਰ ਦੀ ਮਾਨਸਿਕਤਾ ਦਾ ਹਿੱਸਾ ਬਣਿਆ। ਉਹ ਸਾਊ ਤੇ ਸੁਘੜ ਔਰਤ ਆਰਥਕ- ਪਰਿਵਾਰਕ ਬੋਝ ਥੱਲੇ ਦੱਬੀ, ਛੋਟੇ ਜੁਆਕਾਂ ਨੂੰ ਸਾਂਭਦੀ ਵਿਚ ਵਾਰ ਗੁਸੈਲ ਰਵੱਈਆ ਅਖ਼ਤਿਆਰ ਕਰਦੀ ਹੈ। 'ਵਾਰਸ' ਦੀ ਪਤਨੀ ਜਸਬੀਰ, 'ਮਲਬਾ' ਤੇ 'ਸਤਰੰਗੀ ਪੀਘ' ਦੀਆਂ ਪਤਨੀਆਂ ਅਜਿਹੇ ਹੀ ਆਰਥਕ ਸਮਾਜਕ ਹਾਲਾਤ ਵਿਚ ਵਿਚਰਦੀਆਂ ਹਨ।

    ਪਤਨੀ ਦੇ ਪਾਤਰ ਵਿਚ ਇਕ ਹੋਰ ਪੱਖ ਮੈਂ ਜੋੜਦਾ ਰਿਹਾ। ਕਾਲਜ ਵੇਲੇ ਮੈਂ ਇਕ ਕੁੜੀ ਤੋਂ ਬਹੁਤ ਪ੍ਰਭਾਵਤ ਰਿਹਾ ਜੋ ਸ਼ਾਇਦ ਐੱਸ.ਐੱਫ.ਆਈ. ਵਿਚ ਕੰਮ ਕਰਦੀ ਸੀ। ਉਹਦੇ ਨਾਲ ਬੇਸ਼ਕ ਸਿੱਧਾ ਵਾਸਤਾ ਕੋਈ ਨਹੀਂ ਸੀ ਪਰ ਉਹ ਜਦੋਂ ਕੋਈ ਵਿਦਿਆਰਥੀਆਂ ਦਾ ਇਕੱਠ ਹੁੰਦਾ ਜ਼ਰੂਰ ਬੋਲਦੀ। ਨਿਧੜਕ ਤੇ ਬੇਖ਼ੌਫ਼। ਉਹ ਬਹੁਤ ਸਾਦੇ ਪਹਿਰਾਵੇ ਵਿਚ ਹੁੰਦੀ। ਮੈਂ ਕਾਲਜ ਮੈਗ਼ਜ਼ੀਨ ਦਾ ਪੰਜਾਬੀ ਸੈਕਸ਼ਨ ਦਾ ਵਿਦਿਆਰਥੀ ਸੰਪਾਦਕ ਬਣਿਆ ਤਾਂ ਉਹ ਆਪਣੀਆਂ ਜੁਝਾਰੂ ਕਵਿਤਾਵਾਂ ਲੈ ਕੇ ਮੇਰੇ ਕੋਲ ਆਈ। ਪ੍ਰੋਫ਼ੈਸਰ ਰਤਨ ਸਿੰਘ ਚਾਹਲ ਸਾਡੇ ਅਧਿਆਪਕ ਸੰਪਾਦਕ ਸਨ। ਕਵਿਤਾਵਾਂ ਦੀ ਪੜਚੋਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਕੁੜੀ ਵਿਚ ਬਹੁਤ ਸੰਭਾਵਨਾਵਾਂ ਹਨ। ਬੀ.ਏ. ਦੀ ਪੜ੍ਹਾਈ ਮੁਕਦਿਆਂ ਹੀ ਉਹ ਕੁੜੀ ਵੀ ਭੁੱਲ ਭੁਲਾ ਗਈ। ਛੇ ਜਾਂ ਸੱਤ ਸਾਲ ਬਾਅਦ, ਜਦ ਮੈਂ ਜਲੰਧਰ ਪੋਸਟਡ ਸਾਂ ਤਾਂ ਵਿਭਾਗ ਦੇ ਇਕ ਸਰਵੇ ਦੌਰਾਨ ਇਕ ਘਰ ਦੇ ਵੇਰਵੇ ਲਿਖਦਿਆਂ ਮੈਂ ਉਸ ਕੁੜੀ ਦੇ ਨਕਸ਼ ਪਛਾਣੇ। ਪਰ ਇਸਤੋਂ ਪਹਿਲਾਂ ਕਿ ਮੇਰੀ ਪਛਾਣ ਪੂਰੀ ਹੁੰਦੀ, ਉਹ ਬੋਲੀ, 'ਤੁਸੀਂ ਤਲਵਿੰਦਰ ਤਾਂ ਨਹੀਂ? ਬੇਰਿੰਗ ਕਾਲਜ ਬਟਾਲੇ ਵਾਲੇ।'

    'ਹਾਂ ਉਹੀ, ਤੇ ਤੁਸੀਂ…।' ਮੈਨੂੰ ਸੱਚੀਓਂ ਉਹਦਾ ਨਾਂ ਵਿੱਸਰ ਗਿਆ ਸੀ। 'ਮੈਂ ਸੀਤਲ ਆਂ।' ਉਸ ਦੱਸਿਆ।

    ਉਸ ਮੈਨੂੰ ਬਿਠਾਇਆ। ਚਾਹ ਪਾਣੀ ਪਿਆਇਆ। ਘੰਟਾ ਭਰ ਕਾਲਜ ਦੀਆਂ ਗੱਲਾਂ ਕਰਦੀ ਰਹੀ। ਮੈਂ ਪ੍ਰੋਫ਼ੈਸਰ ਦੀ ਉਸ ਬਾਰੇ ਕੀਤੀ ਟਿੱਪਣੀ ਵੀ ਦੱਸੀ। ਪਰਿਵਾਰਕ ਗੱਲਾਂ ਕਰਦੀ ਉਹ ਬਹੁਤ ਉਦਾਸ ਹੋ ਗਈ। ਆਪਣੇ ਪਤੀ ਦੇ ਰੁੱਖੇ ਤੇ ਪਦਾਰਥਕ ਸੋਚ ਵਾਲੇ ਰਵੱਈਏ ਤੇ ਝੂਰਦੀ ਰਹੀ। ਉਸ ਦੱਸਿਆ ਕਿ ਉਹਦੇ ਪਤੀ ਦੀ ਸੋਚ ਪਹਿਲਾਂ ਪ੍ਰੋਗਰੈੱਸਿਵ ਸੀ ਪਰ ਕੁਰੱਪਟ ਮਹਿਕਮੇ ਵਿਚ ਪੈ ਕੇ ਉਹਦੀ ਸੋਚ ਤੇ ਖ਼ਿਆਲ ਬਿਲਕੁਲ ਬਦਲ ਗਏ। ਉਸਦੇ ਸੁਭਾਅ ਦੇ ਬਿਲਕੁਲ ਉਲਟ ਹੈ ਉਹ। ਮੈਂ ਕਿਹਾ, ਤੁਹਾਡਾ ਘਰ ਚੰਗਾ ਹੈ। ਸੋਹਣੀ ਲੋਕੈਲਿਟੀ ਹੈ। ਪਤੀ ਦੀ ਨੌਕਰੀ ਚੰਗੀ ਹੈ, ਪੈਸਾ ਵੀ ਹੈ, ਫਿਰ ਕੀ ਕਮੀ ਹੈ? ਉਹ ਕਹਿਣ ਲੱਗੀ, ਬੰਦੇ ਲਈ ਇਹ ਸੁਖ ਹੀ ਤਾਂ ਸਭ ਕੁਝ ਨਹੀਂ ਹੁੰਦੇ। ਉਹਦੇ ਹੋਰ ਵੀ ਕੋਈ ਸਰੋਕਾਰ ਹੁੰਦੇ ਨੇ। ਮੈਂ ਕਿਸੇ ਹੋਰ ਖੇਤਰ ਵਿਚ ਗਰੋਅ ਕਰਨਾ ਚਾਹੁੰਦੀ ਸਾਂ ਪਰ ਇਸ ਬੰਦੇ ਨੇ ਸਭ ਪਾਸੇ ਰੋਕਾਂ ਲਾ ਦਿੱਤੀਆਂ। ਜੀਵਨ ਦੇ ਕਈ ਮਸਲੇ ਉਹਨੇ ਮੇਰੇ ਨਾਲ ਇੰਜ ਫਰੋਲੇ ਜਿਵੇਂ ਅਸੀਂ ਬਹੁਤ ਗਹਿਰੇ ਦੋਸਤ ਸਾਂ। ਤੁਰਨ ਵੇਲੇ ਉਹਨੇ ਮੈਨੂੰ ਫੇਰ ਵੀ ਆਉਣ ਲਈ ਕਿਹਾ। ਮੈਂ ਸ਼ਾਇਦ ਇਕ ਅੱਧ ਵਾਰ ਉਹਨੂੰ ਦੁਬਾਰਾ ਮਿਲਿਆ। ਉਹਦੀਆਂ ਗੱਲਾਂ ਵਿਚ ਉਹੀ ਰੁਦਨ ਸੀ। ਸਭ ਸਹੂਲਤਾਂ ਦੇ ਬਾਵਜੂਦ ਵੀ ਕੁਝ ਖ਼ਾਲੀਪਨ। ਆਪਣੀਆਂ ਸੋਚਾਂ ਤੇ ਚਾਹਤ ਤੋਂ ਟੁੱਟੀ ਹੋਈ ਉਸ ਔਰਤ ਦੇ ਪਾਤਰ ਨੂੰ ਮੈਂ 'ਨਾਇਕ ਦੀ ਮੌਤ' ਵਿਚਲੇ ਪਤਨੀ ਤੇ 'ਵਾਵਰੋਲੇ' ਦੀ ਜਿੰਦਰ ਦੇ ਪਾਤਰਾਂ ਰਾਹੀਂ ਚਿਤਰਿਆ। ਇਹ ਦੋਹਾਂ ਕਹਾਣੀਆਂ ਵਿਚਲੀਆਂ ਔਰਤ ਪਾਤਰਾਂ ਅਜਿਹੇ ਹੀ ਮਾਨਸਿਕ ਵਿਸ਼ਾਦ 'ਚੋਂ ਗੁਜ਼ਰਦੀਆਂ ਹਨ।

    ਇਸਦੇ ਸਮਾਂਤਰ ਹੀ ਮੈਂ ਉਨ੍ਹਾਂ ਸੁਆਣੀਆਂ ਦੇ ਸੰਪਰਕ ਵਿਚ ਆਇਆ ਜੋ ਇਮਾਨਦਾਰ ਪਤੀਆਂ ਦੀਆਂ ਤਨਖ਼ਾਹਾਂ ਨਾਲ ਸੰਤੁਸ਼ਟ ਨਹੀਂ ਸਨ। ਉਨ੍ਹਾਂ 'ਤੇ ਬਾਜ਼ਾਰ ਦਾ ਪ੍ਰਭਾਵ ਪ੍ਰਬਲ ਹੈ ਤੇ ਦੁਨਿਆਵੀ ਸੁੱਖਾਂ ਨੂੰ ਭੋਗਣ ਦੀ ਲਾਲਸਾ ਰੱਖਦੀਆਂ ਨੇ। ਉਹ ਬੱਚਿਆਂ ਦੀ 'ਚੰਗੀ' ਪੜ੍ਹਾਈ ਲਈ ਚਿੰਤਤ ਹਨ। ਸਾਊ ਪਤੀਆਂ ਤੋਂ ਉਲਟ ਦਿਸ਼ਾ ਵਿਚ ਖੜੀਆਂ ਹਨ। 'ਦਰਸ਼ਕ' ਦੀ ਪਤਨੀ ਪਾਤਰ ਕਮਲਾ ਪਤੀ ਦੀ ਤਨਖ਼ਾਹ ਨਾਲ ਸੰਤੁਸ਼ਟ ਨਹੀਂ। ਉਹਨੂੰ ਪਤੀ ਦੇ ਵਿਭਾਗ ਵਾਲੇ ਦੋ ਨੰਬਰ ਦੀ ਕਮਾਈ ਵਾਲੇ ਕੁਲੀਗ ਠੀਕ ਲੱਗਦੇ ਹਨ। 'ਤਾੜੀ' ਦੀ ਕੰਵਲ ਵੀ ਅਜਿਹੀ ਹੀ ਸੋਚ ਦੀ ਧਾਰਨੀ ਹੈ। ਇਨ੍ਹਾਂ ਦੀ ਸੋਚ ਉਪਰ ਮੰਡੀ ਕਲਚਰ ਭਾਰੂ ਹੈ। ਮੰਡੀ ਕਲਚਰ ਵਿਚ ਵਿਲੀਨ ਹੋ ਰਹੀ ਨੌਜਵਾਨ ਪੀੜ੍ਹੀ ਨੂੰ ਸੰਕੇਤਕ ਢੰਗ ਨਾਲ ਮੈਂ 'ਲੇਜ਼ਰ ਸ਼ੋ' ਦੀ ਮਾਇਆ ਨਾਂ ਦੀ ਕੁੜੀ ਦੇ ਕਿਰਦਾਰ ਰਾਹੀਂ ਚਿਤਰਿਤ ਕਰਨ ਦਾ ਯਤਨ ਕੀਤਾ। ਨੌਜਵਾਨ ਪੀੜ੍ਹੀ ਸਾਹਮਣੇ ਤਲਿਸਮੀ ਸੰਸਾਰ ਹੈ ਜੋ ਵੰਨ ਸੁਵੰਨੀਆਂ ਰੋਸ਼ਨੀਆਂ ਦਿਖਾ ਕੇ ਬੁਲਾ ਰਿਹਾ ਹੈ। ਇਥੇ ਸੱਪ-ਪੌੜੀ ਦੀ ਖੇਡ ਹੈ। ਵਸਤਾਂ ਦਾ ਭੰਡਾਰ ਹੈ। ਬਿਨਾਂ ਸਿਰਾਂ ਤੋਂ ਧੜ ਹਨ। ਸੋਚ ਵਿਹੂਣੇ ਲੋਕਾਂ ਦਾ ਜੰਗਲ ਹੈ। ਇਸ ਜੰਗਲ ਵਿਚ ਗੁਆਚਣ ਲਈ ਮਾਇਆ ਦਾ ਪਾਤਰ ਪੇਸ਼ ਹੈ।

    ਔਰਤਾਂ ਪ੍ਰਤੀ ਕਿਸੇ ਦੱਬੀ ਹੋਈ ਖਿੱਚ ਦੇ ਅਹਿਸਾਸ ਨੇ ਮੈਨੂੰ ਉਨ੍ਹਾਂ ਬਾਰੇ ਹੋਰ ਨਿੱਠ ਕੇ ਲਿਖਣ ਲਈ ਪ੍ਰੇਰਤ ਕੀਤਾ। ਮੈਂ ਲਿਖ ਕੇ ਤ੍ਰਿਪਤੀ ਜਿਹੀ ਮਹਿਸੂਸ ਕਰਦਾ। ਉਨ੍ਹਾਂ ਦੇ ਮਸਲੇ ਮੈਨੂੰ ਲੁਭਾਉਂਦੇ। ਮੇਰੇ ਮਿੱਤਰ ਸੁਰਿੰਦਰ ਸ਼ਾਂਤ ਨੇ ਆਪਣੇ ਪਿੰਡ ਨੇੜੇ ਇਕ ਜੁਆਨ ਵਿਧਵਾ ਦੀ ਮੈਨੂੰ ਗੱਲ ਸੁਣਾਈ। ਉਹ ਸਬਰ ਸੰਤੋਖ ਵਿਚ ਰਹਿ ਕੇ ਜੀਣ ਵਾਲੀ ਔਰਤ ਸੀ ਤੇ ਮਰਦ ਸਾਥ ਤੋਂ ਬਿਨਾ ਹੀ ਪਹਾੜ ਜਿੱਡੀ ਜ਼ਿੰਦਗੀ ਜੀਣ ਦਾ ਤਹੱਈਆ ਕਰੀ ਬੈਠੀ ਸੀ। ਸ਼ਾਂਤ ਨੇ ਮੈਨੂੰ ਕਿਹਾ ਕਿ ਮੈਂ ਕਦੇ ਆ ਕੇ ਉਸ ਕੁੜੀ ਨੂੰ ਮਿਲਾਂ। ਮੈਂ ਮਿਲ ਤਾਂ ਭਾਵੇਂ ਨਾ ਸਕਿਆ ਪਰ ਬਹੁਤ ਚਿਰ ਉਸ ਬਾਰੇ ਸੋਚਿਆ ਕਿ ਇਹ ਸਬਰ ਉਹ ਕਿੰਨਾ ਚਿਰ ਨਿਭਾ ਪਾਏਗੀ? ਜਿਸਮਾਨੀ ਲੋੜਾਂ ਦੇ ਨਾਲ ਨਾਲ ਸਮਾਜਕ ਵਲਗਣਾਂ ਤੇ ਨੈਤਿਕ ਮੁੱਲ ਵੀ ਆੜੇ ਸਨ। ਜਜ਼ਬਿਆਂ ਤੇ ਬੰਧਨਾਂ ਦੇ ਪੁੜਾਂ ਵਿਚ ਜੀਣਾ ਉਸ ਔਰਤ ਨੂੰ ਕਿੱਥੇ ਲੈ ਜਾਏਗਾ? ਇਨ੍ਹਾਂ ਮਸਲਿਆਂ ਦੇ ਵਿਚੋ ਵਿਚੀ 'ਵਿਚਲੀ ਔਰਤ' ਦੀ ਰਵਿੰਦਰ ਨਿਕਲੀ। ਉਹ ਚੇਤਨ ਤੇ ਅਵਚੇਤਨ ਨੂੰ ਇਕ ਸੁਰ ਕਰਦੀ ਹੈ। ਸਮਾਜਕ ਮਰਿਆਦਾਵਾਂ ਤੇ ਜਿਨਸੀ ਲੋੜਾਂ ਨੂੰ ਇਕ ਪੱਧਰ ਤੇ ਲਿਆਉਂਦੀ ਹੈ। ਉਹ ਆਪਣੀਆਂ ਦਿੱਤੀਆਂ ਗੰਢਾਂ ਖੋਲ੍ਹਦੀ ਤੇ ਨਵੇਂ ਰਾਹ ਸਿਰਜਦੀ ਹੈ। ਇਸੇ ਹੀ ਤਰਜ਼ ਤੇ 'ਰਾਤ ਚਾਨਣੀ' ਦੀ ਅੰਬੋ ਜੋ ਕਿ ਇਕ ਨਸ਼ੇੜੀ ਬੰਦੇ ਦੀ ਜੁਆਨ ਵਿਧਵਾ ਹੈ ਨੂੰ ਟਿਕੀ ਰਾਤ ਵਿਚ ਆਪਣੇ ਘਰ ਤੋਂ ਸਰਵਣ ਦੇ ਘਰ ਤੱਕ ਦਾ ਰਾਹ ਸਾਫ਼ ਨਜ਼ਰੀਂ ਆਉਂਦਾ ਹੈ। ਦੱਬ ਦੱਬ ਕੇ ਜੀਣ ਨਾਲੋਂ ਇਹ ਇਨਕਲਾਬ ਇਨ੍ਹਾਂ ਪਾਤਰਾਂ ਨੂੰ ਸਾਰਥਕ ਲੱਗਦਾ ਹੈ।

    ਆਪਣੀ ਬਹੁਤ ਹੀ ਜ਼ਹੀਨ ਬੇਟੀ ਨੂੰ ਮੈਂ ਜਿੱਥੇ ਕਿਤੇ ਵੀ ਧੀ ਦਾ ਪਾਤਰ ਘੜਨ ਦੀ ਲੋੜ ਪਈ ਇਕ ਪੜ੍ਹਨ ਲਿਖਣ ਵਾਲੀ ਤੇ ਅਗਾਂਹਵਧੂ ਸੋਚ ਵਾਲੀ ਬੱਚੀ ਦੇ ਰੂਪ ਵਿਚ ਚਿਤਰਿਆ। 'ਤਾੜੀ' ਦੀ ਅਕੀਦਾ, 'ਵਿਸ਼ ਕੰਨਿਆ' ਦੀ ਸਿਲਕੀ, 'ਜਲਧਾਰਾ' ਦੀ ਆਭਾ, 'ਤ੍ਰਿੰਜਣ' ਦੀ ਸੀਰਤ, 'ਕਸੀਰ' ਦੀ ਮਨੀਸ਼ਾ, 'ਗ਼ੁਬਾਰ' ਦੀ ਅਮਨ, 'ਨੀਲੀਆਂ ਅੱਖਾਂ' ਦੀ ਸੁਲੇਖਾ, 'ਦਰਸ਼ਕ' ਦੀ ਰੂਪਾ ਆਦਿ ਜਾਗਰਤ ਸੋਚ ਵਾਲੀਆਂ ਧੀਆਂ ਹਨ। ਇਹ ਪਿਓ ਦਾ ਪੱਖ ਪੂਰਦੀਆਂ, ਘਰਾਂ ਦੀ ਰੌਣਕ ਤੇ ਆਪਣੇ ਮਿਸ਼ਨ ਪ੍ਰਤੀ ਸੁਚੇਤ ਹਨ। ਮੈਂ ਇਨ੍ਹਾਂ ਵਿਚੋਂ ਔਰਤ ਦੇ ਰੌਸ਼ਨ ਭਵਿੱਖ ਦੀ ਨਿਸ਼ਾਨਦੇਹੀ ਕੀਤੀ। ਮੈਂ ਸੋਚਦਾ ਆਉਣ ਵਾਲੀ ਨੌਜਵਾਨ ਪੀੜ੍ਹੀ ਆਪਣੇ ਹੱਕਾਂ ਫ਼ਰਜ਼ਾਂ ਤੋਂ ਪੂਰੀ ਤਰ੍ਹਾਂ ਸੁਚੇਤ ਹੋਵੇਗੀ ਤੇ ਹਰ ਤਰ੍ਹਾਂ ਦੇ ਅਨਿਆਂ ਖ਼ਿਲਾਫ਼ ਡਟ ਜਾਏਗੀ।

     ਜ਼ਿੰਦਗੀ ਦੇ ਰਹੱਸਾਂ ਤੇ ਰਿਸ਼ਤਿਆਂ ਦੇ ਤਾਣੇਬਾਣੇ ਨੂੰ ਸਮਝਣ ਵਿਚ ਕਈ ਨੁਕਤੇ ਮੈਂ ਆਪਣੇ ਮਿੱਤਰ ਦੇਵ ਪਾਸੋਂ ਜਿਉਂ ਦੇ ਤਿਉਂ ਫੜ ਲਏ। ਇਸ਼ਕ ਦੇ ਪ੍ਰਸੰਗਾਂ ਵਿਚ ਉਹਦੀ ਦੀਦਾ ਦਲੇਰੀ ਮੈਨੂੰ ਹੈਰਾਨ ਕਰਦੀ। ਅਸੀਂ ਮੁਹੱਬਤ ਦਾ ਵਿਸ਼ਾ ਫੜ ਕੇ ਲੰਮੀਆਂ ਕਹਾਣੀਆਂ ਪਾਉਂਦੇ। ਇਸ ਆਦਾਨ ਪ੍ਰਦਾਨ ਵਿਚੋਂ ਜਿਨਸੀ ਰਿਸ਼ਤਿਆਂ ਦੇ ਕਈ ਪਾਸਾਰ ਨਜ਼ਰੀ ਪੈਂਦੇ। ਮੈਂ ਆਪਣੀ ਜ਼ਿੰਦਗੀ ਵਿਚ ਪਹਿਲੀ ਵਾਰ ਬੰਬਈ ਤੇ ਗੋਆ ਦਾ ਰੈੱਡ ਲਾਈਟ ਏਰੀਆ ਉਹਦੇ ਸਾਥ ਵਿਚ ਵੇਖਿਆ। ਜੇ ਉਹ ਫ਼ਾਰਸ ਰੋਡ ਦੀ ਨੀਤੂ ਨਾਲ ਨਾ ਮਿਲਾਉਂਦਾ ਤਾਂ 'ਨੀਲੀਆਂ ਅੱਖਾਂ' ਕਹਾਣੀ ਨਹੀਂ ਸੀ ਲਿਖੀ ਜਾ ਸਕਦੀ। ਅਸੀਂ ਦੋ ਪਰਿਵਾਰ—ਮੇਰਾ ਤੇ ਦੇਵ ਦਰਦ ਦਾ, ਮੁੰਬਈ ਗਏ ਸਾਂ। ਉਥੇ ਇਕ ਲੋਕਲ ਟਰੇਨ ਵਿਚ ਅਸਾਂ ਸਭ ਨੇ ਚੜ੍ਹਨਾ ਸੀ। ਗੱਡੀ ਦਾ ਠਹਿਰਾਓ ਏਨਾ ਘੱਟ ਸੀ ਕਿ ਕਾਹਲੀ ਵਿਚ ਬੱਚਿਆਂ ਤੇ ਬੀਵੀਆਂ ਨੂੰ ਚੜ੍ਹਾਉਂਦਿਆਂ ਅਸੀਂ ਉਹਨਾਂ ਤੋਂ ਨਿੱਖੜ ਗਏ। ਮੈਂ ਤੇ ਦੇਵ ਸਟੇਸ਼ਨ 'ਤੇ ਖੜੇ ਰਹਿ ਗਏ ਤੇ ਗੱਡੀ ਕਿਤੇ ਦੀ ਕਿਤੇ ਨਿਕਲ ਗਈ। ਮੇਰੇ ਮਨ ਮਸਤਕ 'ਤੇ ਹੋਰ ਕਿਸੇ ਵੀ ਤਣਾਓ ਤੋਂ ਵੱਧ ਇਹ ਸੀ ਮੇਰੀ ਸਤਵੀਂ ਜਮਾਤ ਵਿਚ ਪੜ੍ਹਦੀ ਬੇਟੀ ਕਿਥੇ ਹੋਵੇਗੀ? ਉਹ ਆਪਣੀ ਮੰਮੀ ਦੇ ਨਾਲ ਹੋਏਗੀ ਜਾਂ ਇਕੱਲੀ? ਜੇ ਉਹ ਕਿਸੇ ਹੋਰ ਸਟੇਸ਼ਨ ਤੇ ਉਤਰ ਗਈ ਤਾਂ ਕੀ ਬਣੇਗਾ? ਅਗਲੀ ਗੱਡੀ ਵਿਚ ਬਹਿਣ ਤੋਂ ਮਿਥੇ ਟਿਕਾਣੇ ਪਹੁੰਚਣ ਤੱਕ ਮੈਂ ਜੋ ਜੋ ਕਿਆਸ ਕਰ ਸਕਿਆ, ਇਸ ਕਹਾਣੀ ਵਿਚ ਹੈ। ਕੁਝ ਗੱਲਾਂ ਕਹਾਣੀ ਤੋਰਨ ਲਈ ਵੱਧ ਪਾਈਆਂ ਨੇ। ਇਹ ਕਹਾਣੀ ਮਹਾਨਗਰਾਂ ਵਿਚ ਪੈਦਾ ਹੁੰਦੀ ਵੇਸਵਾਗਮਨੀ ਦੇ ਕਾਰਨਾਂ ਨਾਲ ਜੁੜ ਗਈ। ਮੈਂ ਉਸ ਘਟਨਾ ਨੂੰ ਜੀਵੇ ਬਿਨਾ ਇਹ ਕਹਾਣੀ ਨਹੀਂ ਸੀ ਲਿਖ ਸਕਦਾ ਨਾ ਹੀ ਨੀਤੂ ਦੇ ਪਾਤਰ ਨੂੰ ਸਜੀਵ ਢੰਗ ਨਾਲ ਪੇਸ਼ ਕਰ ਸਕਦਾ ਸਾਂ।

    ਸਮੂਹਕ ਬਲਾਤਕਾਰ ਦੀ ਸ਼ਿਕਾਰ ਮੁਲਤਾਨ ਜ਼ਿਲ੍ਹੇ ਦੀ ਮੁਖਤਾਰਾਂ ਮਾਈ ਦੇ ਕਿਰਦਾਰ ਨੂੰ ਮੈਂ 'ਨਿੱਕੀ ਇੱਟ ਵਾਲੀ ਹਵੇਲੀ' ਵਿਚ ਨਸੀਬੋ ਅਤੇ ਰਜ਼ੀਆ ਦੇ ਪਾਤਰਾਂ ਰਾਹੀਂ ਜਗੀਰੂ ਸਿਸਟਮ ਦੇ ਵਿਰੋਧ ਵਿਚ ਰੱਖ ਕੇ ਪੇਸ਼ ਕੀਤਾ। ਆਪਣੇ ਪਾਕਿਸਤਾਨੀ ਮਿੱਤਰਾਂ ਨਾਲ ਸਾਂਝ ਨੇੜਤਾ ਵਿਚੋਂ ਮੈਂ ਕਹਾਣੀ 'ਨੋ-ਮੈਨਜ਼ ਲੈਂਡ' ਦੀ ਇਕ ਰਿਸਰਚ ਸਕਾਲਰ ਪਾਤਰ ਤਹਿਮੀਨਾ ਦਾ ਪਾਤਰ ਘੜਿਆ। ਉਹ ਵੰਡ ਦੇ ਦੁਖਾਂਤ ਨੂੰ ਆਪਣੇ ਮਾਪਿਆਂ ਰਾਹੀਂ ਸਹਿਣ ਦੇ ਬਾਵਜੂਦ ਵੀ ਸਾਂਝਾਂ ਦੀ ਮੁਦੱਈ ਹੈ। ਪਿਛਲੇ ਸਾਲਾਂ ਵਿਚ ਪਾਕਿਸਤਾਨ ਵਿਚ ਸਈਦਾ ਦੀਪ, ਨਸਰੀਨ ਅੰਜੁਮ ਭੱਟੀ, ਪਰਵੀਨ ਮਲਿਕ ਆਦਿ ਕੋਲੋਂ ਭੈਣਾਂ ਜਿਹਾ ਪਿਆਰ ਮਿਲਣ ਅਤੇ ਆਪਣੇ ਮਿੱਤਰ ਇਕਬਾਲ ਕੈਸਰ ਦੇ ਪਰਿਵਾਰ ਨਾਲ ਨਿੱਘੀ ਸਾਂਝ ਵਿਚੋਂ ਮੈਂ ਆਪਣੀ ਕਹਾਣੀ 'ਪਾਂਡੀ' ਦੀ ਭੈਣ ਬਰਕਤੇ ਦਾ ਪਾਤਰ ਸਿਰਜ ਸਕਿਆ।

    ਇਵੇਂ ਹੀ ਉਥੋਂ ਦੇ ਪਹਿਲਾਂ ਸਿੱਖ ਤੇ ਵੰਡ ਤੋਂ ਬਾਅਦ ਵਿਚ ਮੁਸਲਮਾਨ ਹੋ ਗਏ ਕੁਝ ਬਜ਼ੁਰਗਾਂ ਦੀ ਨੇੜਤਾ ਵਿਚੋਂ ਮੈਂ ਕਹਾਣੀ 'ਖ਼ੁਸ਼ਬੂ' ਦੀ ਹਮੀਦਾਂ ਸਿਰਜ ਸਕਿਆ। ਅਸਲ ਵਿਚ ਹਮੀਦਾਂ ਨਾਲ ਘਟਦੀ ਘਟਨਾ, ਉਹਦਾ ਬਚਪਨ ਤੇ ਅੱਲੜ੍ਹ ਉਮਰ ਦੀ ਮੁਹੱਬਤ ਦੇ ਵੇਰਵੇ ਮੈਂ ਕਥਾਕਾਰ ਤਾਰਨ ਗੁਜਰਾਲ ਦੇ ਜੀਵਨ ਵਿਚੋਂ ਲਏ। ਅਟਾਰੀ ਵਿਚ ਆਪਣਾ ਬਚਪਨ ਤੇ ਇਕ ਸੂਖ਼ਮ ਜਿਹੀ ਮੁਹੱਬਤ ਦੀ ਬਾਤ ਸੁਣਾਉਣ ਵਾਲੀ ਤਾਰਨ ਦੇ ਜੀਵਨ ਦਾ ਇਹ ਹਿੱਸਾ ਏਨਾ ਸਜੀਵ ਤੇ ਦਿਲ ਨੂੰ ਟੁੰਬਣ ਵਾਲਾ ਸੀ ਕਿ ਅਨੇਕਾਂ ਨਿੱਕੇ ਨਿੱਕੇ ਵੇਰਵੇ ਇਕ ਥਾਂ ਇਕੱਠੇ ਹੋ ਗਏ। ਬਟਾਲੇ ਦੇ ਜਿਸ ਮੁਹੱਲੇ ਵਿਚ ਮੈਂ ਆਪਣਾ ਬਚਪਨ ਗੁਜ਼ਾਰਿਆ ਉਥੇ ਇਕ ਜ਼ਨਾਨੀ ਬਾਰੇ ਮੈਨੂੰ ਪਤਾ ਸੀ ਕਿ ਉਹ ਵੰਡ ਤੋਂ ਪਹਿਲਾਂ ਮੁਸਲਮਾਨ ਸੀ। ਮੈਂ ਸੋਚਿਆ ਕਰਦਾ ਕਿ ਬੇਸ਼ਕ ਇਹ ਸਿੱਖਾਂ ਦੇ ਘਰ ਵਿਚ ਰਹਿ ਰਹੀ ਐ ਇਹਨੂੰ ਆਪਣਾ ਧਰਮ ਅਵੱਸ਼ ਯਾਦ ਆਉਂਦਾ ਹੋਊ। ਇਕ ਦੋਸਤ ਨੇ ਦੱਸਿਆ ਕਿ ਪਾਕਿਸਤਾਨ ਦੇ ਇਕ ਘਰ ਵਿਚ ਹਾਲੇ ਵੀ ਇਕ ਨੌਕਰਾਣੀ ਕੰਮ ਕਰਦੀ ਹੈ ਜੋ ਵੰਡ ਤੋਂ ਪਹਿਲਾਂ ਸਿੱਖ ਸੀ। ਉਹ ਏਨਾ ਸਮਾਂ ਬੀਤਣ ਦੇ ਬਾਅਦ ਵੀ ਨਮਾਜ਼ ਦੇ ਵਕਤ ਜਪੁਜੀ ਦਾ ਪਾਠ ਕਰਦੀ ਹੈ। ਜਦ ਮੈਂ 'ਧਰਤ ਸੁਹਾਵੀ' ਲਿਖ ਰਿਹਾ ਸਾਂ ਤਾਂ ਸਹਿਵਨ ਹੀ ਸ਼ੀਦਾਂ ਦਾ ਪਾਤਰ ਸਿਰਜਿਆ ਗਿਆ। ਸ਼ੀਦਾਂ ਤੋਂ ਅਮ੍ਰਿਤ ਕੌਰ ਬਣੀ ਉਸ ਔਰਤ ਦੀ ਮਾਨਸਿਕਤਾ ਨੂੰ ਦੋਹਾਂ ਪਾਸਿਆਂ ਦੇ ਬਜ਼ੁਰਗਾਂ ਦੀਆਂ ਗੱਲਾਂ ਦੇ ਆਧਾਰ ਤੇ ਚਿਤਰ ਲਿਆ। ਇਵੇਂ ਹੀ 'ਪਾਂਡੀ' ਦੀ ਬਸ਼ੀਰਾਂ ਤੋਂ ਬੇਗ਼ਮ ਕੌਰ ਬਣੀ ਪਾਤਰ ਨੂੰ ਮੈਂ ਇਕਬਾਲ ਕੈਸਰ ਦੇ ਵੰਡ ਵੇਲੇ ਫਿਰੋਜ਼ਪੁਰ ਲਾਗੇ ਦੇ ਪਿੰਡ ਕੱਬਰਵੱਛੇ ਰਹਿ ਗਏ ਦਾਦੇ ਦੇ ਭਰਾ ਅੱਲ੍ਹਾ ਦਿੱਤੇ ਦੀ ਬੀਵੀ ਬੇਗਮੋ ਦੇ ਕਿਰਦਾਰ ਨੂੰ ਇੰਨ ਬਿੰਨ ਚਿਤਰ ਲਿਆ।

    ਬੇਸ਼ਕ ਪੇਂਡੂ ਜੀਵਨ ਨਾਲ ਮੇਰਾ ਸਿੱਧਾ ਵਾਸਤਾ ਕਦੇ ਵੀ ਨਹੀਂ ਰਿਹਾ ਪਰ ਫਿਰ ਵੀ ਆਪਣੇ ਨਾਨਕੇ ਪਿੰਡ ਕੋਟਲੀ ਢੋਲੇ ਸ਼ਾਹ ਮੈਂ ਬਚਪਨ ਵਿਚ ਤਕਰੀਬਨ ਹਰ ਛੁੱਟੀਆਂ ਵਿਚ ਜਾਂਦਾ ਰਿਹਾ। ਉਥੋਂ ਦਾ ਪਰਸਪਰ ਨਿਰਭਰਤਾ ਵਾਲਾ ਮਾਹੌਲ ਮੈਨੂੰ ਹਮੇਸ਼ਾ ਟੁੰਬਦਾ। ਮੇਰੀ ਨਾਨੀ ਤੇ ਵੱਡੀ ਮਾਮੀ ਮੇਰੇ ਲਈ ਪੇਂਡੂ ਸੱਭਿਆਚਾਰ ਦੀ ਨੁਮਾਇੰਦਗੀ ਕਰਨ ਵਾਲੀਆਂ ਆਦਰਸ਼ਕ ਔਰਤਾਂ ਲੱਗਦੀਆਂ। ਸਵੇਰ ਤੋਂ ਸ਼ਾਮ ਤੱਕ ਖਿੜੇ ਮੱਥੇ ਘਰ ਦੇ ਕੰਮਾਂ ਵਿਚ ਰੁੱਝੇ ਰਹਿਣਾ। ਸਾਡੇ ਬਟਾਲੇ ਦੇ ਨੀਮ ਸ਼ਹਿਰੀ ਜੀਵਨ ਨਾਲੋਂ ਪਿੰਡ ਦੀ ਇਹ ਜੀਵਨਧਾਰਾ ਮੈਨੂੰ ਟੁੰਬਦੀ। 'ਵਾਰਸ' ਕਹਾਣੀ ਲਿਖੀ ਤਾਂ ਬੇਬੇ ਦੇ ਪਾਤਰ ਨੂੰ ਮੈਂ ਆਪਣੀ ਨਾਨੀ ਦੇ ਆਚਾਰ ਵਿਹਾਰ ਨੂੰ ਪੂਰੀ ਰੀਝ ਨਾਲ ਚਿਤਰਿਆ।ਬੇਬੇ ਦਾ ਪਾਤਰ ਇਕੋ ਵੇਲੇ ਘਰੇਲੂ ਫ਼ਰਜ਼ ਵੀ ਨਿਭਾਉਂਦਾ, ਸਮਾਜਕ ਕੰਮਾਂ ਵਿਚ ਵੀ ਭੂਮਿਕਾ ਅਦਾ ਕਰਦਾ ਤੇ ਲੋਕ ਸੱਭਿਆਚਾਰ ਨਾਲ ਵੀ ਡੂੰਘਾ ਲਗਾਓ ਰੱਖਦਾ। ਉਹਦੇ ਵਿਚੋਂ ਮੈਨੂੰ ਪੰਜਾਬੀਅਤ ਦੇ ਨਕਸ਼ ਦਿਸਦੇ।

    ਔਰਤ ਦੇ ਜ਼ੁਲਮ ਸਹਿਣ ਤੇ ਜ਼ੁਲਮ ਖ਼ਿਲਾਫ਼ ਡਟ ਜਾਣ ਦੇ ਦੋਵੇਂ ਰੂਪ ਮੇਰੀ ਦ੍ਰਿਸ਼ਟੀ ਵਿਚ ਰਹੇ ਤੇ ਦੋਹਾਂ ਰੂਪਾਂ ਨੂੰ ਮੈਂ ਕਿਵੇਂ ਨਾ ਕਿਵੇਂ ਕਹਾਣੀਆਂ ਦਾ ਹਿੱਸਾ ਬਣਾਇਆ। ਬਟਾਲੇ ਸਾਡੀ ਆਬਾਦੀ ਤੋਂ ਥੋੜ੍ਹਾ ਹਟਵਾਂ ਇਕ ਪਰਿਵਾਰ ਸੀ ਜਿਨ੍ਹਾਂ ਦੀ ਕੁੜੀ ਬੇਹੱਦ ਸੰਗਾਊ ਸੁਭਾ ਦੀ ਸੀ। ਉਹ ਪੜ੍ਹਨ ਵਿਚ ਹੁਸ਼ਿਆਰ ਸੀ। ਉਹ ਕਦੇ ਕਦਾਈਂ ਕੋਈ ਪੜ੍ਹਨ ਲਿਖਣ ਵਾਲੀ ਗੱਲ ਪੁੱਛਣ ਮੇਰੇ ਕੋਲ ਆਉਂਦੀ। ਉਹ ਕਿਸੇ ਤਰ੍ਹਾਂ ਕਿਸੇ ਅਜਿਹੇ ਮੁੰਡੇ ਦੇ ਸੰਪਰਕ ਵਿਚ ਆ ਗਈ ਜਿਸਨੇ ਉਸਨੂੰ ਵਰਗਲਾ ਲਿਆ। ਉਸ ਕੁੜੀ ਦੇ ਗਰਭਵਤੀ ਹੋਣ 'ਤੇ ਉਹਦੇ ਪਿਓ ਤੇ ਭਰਾਵਾਂ ਰਾਤੋ ਰਾਤ ਮਾਰ ਕੇ ਫੂਕ ਦਿੱਤਾ। ਅਜਿਹੀ ਹੀ ਇਕ ਘਟਨਾ ਅਮ੍ਰਿਤਸਰ ਵਾਪਰੀ ਜਿੱਥੇ ਵਿਆਹ ਤੋਂ ਹਫ਼ਤਾ ਬਾਅਦ ਹੀ ਸਹੁਰੇ ਪਰਿਵਾਰ ਨੇ ਕੁੜੀ ਨੂੰ ਮਾਰ ਮੁਕਾਇਆ। ਜਿਸ ਵੇਲੇ ਸੂਹੇ ਜੋੜੇ ਤੇ ਲਾਲ ਚੂੜੇ ਵਿਚ ਉਸਦਾ ਸਸਕਾਰ ਸ਼ਮਸ਼ਾਨ ਘਾਟ ਵਿਚ ਹੋ ਰਿਹਾ ਸੀ ਤਾਂ ਸਾਰਾ ਆਸਾ ਪਾਸਾ ਸੁੰਨ ਸੀ। ਇਸ ਘਟਨਾਂ ਨੇ ਔਰਤ ਦੇ ਸਮਾਜਕ ਰੁਤਬੇ ਨੂੰ ਸਮਝਣ ਲਈ ਬਹੁਤ ਸੋਚਣ ਲਈ ਮਜਬੂਰ ਕੀਤਾ। 'ਤ੍ਰਿੰਜਣ' ਦੀਆਂ ਔਰਤ ਪਾਤਰਾਂ ਕੇਸਰੋ, ਸਿੰਦਰ, ਚੰਦਰਿਕਾ ਤੇ ਸਰੋਜ ਸਮਾਜ ਦੇ ਵੱਖ ਵੱਖ ਵਰਤਾਰਿਆਂ ਵਿਚੋਂ ਮਾਰ ਝੱਲਦੀਆਂ ਤੇ ਅੰਤ ਮਰਦੀਆਂ ਨੇ। 'ਵਿਸ਼ ਕੰਨਿਆ' ਦੀ ਕਿਰਨਾ ਆਪਣੇ ਰੌਸ਼ਨ ਖ਼ਿਆਲਾਤ ਕਾਰਨ ਮਰਦ ਪ੍ਰਧਾਨ ਸਮਾਜ ਨੂੰ ਪ੍ਰਵਾਨ ਨਹੀਂ। ਉਹਦਾ ਅਗਾਂਵਧੂ ਰਵੱਈਆ ਦਕਿਆਨੂਸੀ ਸੋਚ ਤੋਂ ਬਹੁਤ ਅੱਗੇ ਹੈ ਜਿਸ ਕਾਰਨ ਉਹ ਸਵੀਕਾਰੇ ਜਾਣ ਯੋਗ ਨਹੀਂ। ਅੰਤ ਉਸਨੂੰ ਵੀ ਮਰਨਾ ਪੈਂਦਾ ਹੈ। ਇਸੇ ਕਹਾਣੀ ਦੀ ਮੁੱਖ ਪਾਤਰ ਨਿਰਮਲਾ ਮਰਦੀ ਭਾਵੇਂ ਨਹੀਂ ਪਰ ਪਤੀ ਦਾ ਤਸ਼ੱਦਦ ਤੇ ਤ੍ਰਿਸਕਾਰ ਉਹ ਲਗਾਤਾਰ ਸਹਾਰਦੀ ਹੈ। ਇਸਦੇ ਵਿਪਰੀਤ 'ਕਰੂੰਬਲਾਂ' ਦੀ ਗੇਜੋ, 'ਸੰਕਲਪ' ਦੀ ਮੀਤੋ, 'ਖੁਸ਼ੀ ਦਾ ਦਿਨ' ਦੀ ਰੇਖਾ ਆਪਣੇ ਪ੍ਰਤੀਕੂਲ ਹਾਲਾਤ ਵਿਚੋਂ ਵੀ ਨਵੇਂ ਦਿਸਹੱਦੇ ਸਿਰਜਦੀਆਂ ਹਨ।

    ਮੈਂ ਔਰਤ ਦੀ ਮਾਨਸਿਕਤਾ ਨੂੰ ਮੌਜੂਦਾ ਸਮਾਜਕ ਵਰਤਾਰਿਆਂ ਨਾਲੋਂ ਤੋੜ ਕੇ ਨਹੀਂ ਵੇਖਦਾ। ਇਕੋ ਸਮੇਂ ਤੇ ਸਥਾਨ ਤੇ ਦੋ ਔਰਤਾਂ ਦਾ ਅਚਾਰ ਵਿਹਾਰ ਮੈਨੂੰ ਫਰਕ ਨਜ਼ਰ ਆਊਂਦਾ ਹੈ। ਇਕ ਔਰਤ ਦੋ ਸਥਿਤੀਆਂ ਤੇ ਸਮਿਆਂ ਵਿਚ ਅੱਡ ਅੱਡ ਤਰ੍ਹਾਂ ਸੋਚਦੀ ਤੇ ਵਿਹਾਰ ਕਰਦੀ ਹੈ। ਲੇਖਕ ਆਪਣੀ ਸਮਝ ਤੇ ਲਿਖਣ ਯੋਗਤਾ ਦੇ ਬਲਬੂਤੇ ਹੀ ਪ੍ਰਚਲਤ ਵਰਤਾਰਿਆਂ ਨੂੰ ਸਮਝਣ ਜੋਗਾ ਹੁੰਦਾ ਹੈ ਤੇ ਇਹੀ ਤੱਥ ਮੇਰੇ ਉਪਰ ਢੁਕਦਾ ਹੈ। ਉਂਜ ਕਦੇ ਕਦੇ ਆਪਣੇ ਹੀ ਲਿਖੇ ਨੂੰ ਪੜ੍ਹ ਕੇ ਅਚੰਭਾ ਵੀ ਹੁੰਦਾ ਹੈ ਕਿ ਜਿਨ੍ਹਾਂ ਘਟਨਾਵਾਂ 'ਚੋਂ ਕਦੇ ਗੁਜ਼ਰੇ ਹੀ ਨਹੀਂ, ਜੋ ਦ੍ਰਿਸ਼ ਕਦੇ ਤੱਕੇ ਹੀ ਨਹੀਂ, ਜਿਨ੍ਹਾਂ ਲੋਕਾਂ ਨੂੰ ਕਦੇ ਮਿਲੇ ਹੀ ਨਹੀਂ ਉਨ੍ਹਾਂ ਨੂੰ ਸ਼ਬਦਾਂ ਵਿਚ ਕਿਵੇਂ ਢਾਲ ਲਿਆ। ਇਹ ਕੋਈ ਅਮੂਰਤ ਜਿਹਾ ਅਹਿਸਾਸ ਹੀ ਹੈ, ਕੋਈ ਲੁਕਵੀਂ ਜਿਹੀ ਸੈਨਤ ਦੇ ਕੇ ਪਾਸੇ ਹੋ ਜਾਂਦਾ ਹੈ। ਜੋ ਮੁੜ ਹੱਥ ਨਹੀਂ ਆਉਂਦਾ। ਇੰਜ ਕੁਝ ਲਿਖ ਹੋ ਜਾਂਦਾ ਹੈ ਜੋ ਸਾਹਿਤ ਸੰਸਾਰ ਦਾ ਹਿੱਸਾ ਬਣ ਜਾਂਦਾ, ਵਰਨਾ ਸਾਡੀ ਔਕਾਤ ਹੈ ਹੀ ਕੀ?