ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਵੱਲੋਂ ਸੈਮੀਨਾਰ
(ਖ਼ਬਰਸਾਰ)
ਲੁਧਿਆਣਾ -- ਬਲਰਾਜ ਸਾਹਨੀ ਨਾਲ ਮੇਰੀ ਵਿਚਾਰਾਂ ਦੀ ਸੰਗੀਤਾਤਮਕ ਸਾਂਝ ਕਰਕੇ ਹੀ ਮੈਂ ਉਸ ਨਾਲ ਜ਼ਿੰਦਗੀ ਭਰ ਜੁੜਿਆ ਰਿਹਾ ਹਾਂ ਅਤੇ ਉਹਨਾਂ ਦੇ ਨਾਮ ਤੇ ਇਨਾਮ ਸਥਾਪਤ ਕਰਕੇ ਜ਼ਿੰਦਗੀ ਤੋਂ ਬਾਅਦ ਵੀ ਜੁੜਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਇਹ ਵਿਚਾਰ ਵਿਸ਼ਵ ਪ੍ਰਸਿੱਧ ਨਾਵਲਕਾਰ ਡਾ ਜਸਵੰਤ ਸਿੰਘ ਕੰਵਲ ਨੇ ਸੰਗੀਤ ਤੇ ਸੈਮੀਨਾਰ ਦੌਰਾਨ ਕਹੇ ਸਨ। ਇਹ ਸੈਮੀਨਾਰ ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਵੱਲੋਂ ਪੰਜਾਬੀ ਭਵਨ ਲੁਧਿਆਣਾ ਵਿਖੇ ਕਰਵਾਇਆ ਗਿਆ।
ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਪ੍ਰੋ: ਗੁਰਭਜਨ ਗਿੱਲ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਸਾਹਿਤ ਨੂੰ ਰਾਗਾਂ ਰਾਹੀਂ ਸਮਝਣ ਤੇ ਆਤਮਸਾਤ ਕਰਨ ਦੀ ਲੋੜ ਹੈ।
ਗੁਰਸ਼ਬਦ ਸਗੀਤ ਅਕਾਡਮੀ ਦੇ ਪ੍ਰਿੰਸੀਪਲ ਭਾਈ ਸੁਖਵੰਤ ਸਿੰਘ ਨੇ ਕਿਹਾ ਕਿ ਸੰਗੀਤ ਜ਼ਿੰਦਗੀ ਦੇ ਤਣਾਓ ਘੱਟ ਕਰਦਾ ਹੈ।
ਉਘੀ ਨਾਵਲਕਾਰ ਡਾ. ਕੁਲਵਿੰਦਰ ਕੌਰ ਮਿਨਹਾਸ ਨੇ ਸੰਗੀਤ 'ਤੇ ਪਰਚਾ ਪੇਸ਼ ਕਰਦਿਆਂ ਕਿਹਾਂ ਕਿ ਸੰਗੀਤ ਰੂਹ ਦੀ ਖੁਰਾਕ ਹੈ, ਆਤਮਾ ਦੀ ਆਵਾਜ਼ ਹੈ, ਪਿਆਰ ਦੀ ਬੋਲੀ ਹੈ ਤੇ ਕੁਦਰਤ ਤੋਂ ਮਿਲਿਆ ਵਰਦਾਨ ਹੈ।
ਸਭਾ ਦੇ ਪ੍ਰਧਾਨ ਪ੍ਰੀਤਮ ਪੰਧੇਰ ਨੇ ਆਪਣੇ ਵਿਚਾਰ ਰੱਖਦਿਆ ਕਿਹਾ ਕਿ ਸੁਗਮ ਸੰਗੀਤ ਰਾਹੀਂ ਪੰਜਾਬੀ ਵਿਚ ਲਿਖੀਆਂ ਕਵਿਤਾਵਾਂ, ਗੀਤਾਂ, ਗ਼ਜ਼ਲਾਂ ਦੀਆਂ ਕੈਸਿਟਾਂ, ਆਡਿਓ-ਵੀਡੀਓ ਬਣਾ ਕੇ ਪ੍ਰਸਤੁਤ ਕੀਤੀਆਂ ਜਾਣ ਤਾਂ ਜੋ ਪੰਜਾਬੀ ਮਾਂ ਬੋਲੀ ਤੇ ਸਾਹਿਤ ਦਾ ਵੱਧ ਪਸਾਰਾ ਹੋ ਸਕੇ।
ਦਲਵੀਰ ਸਿੰਘ ਲੁਧਿਆਣਵੀ ਨੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਨਿਭਾਉਂਦਿਆਂ ਕਿਹਾ ਕਿ ਕੋਈ ਵੀ ਸ਼ਖ਼ਸ ਐਸਾ ਨਹੀਂ ਹੋਵੇਗਾ ਜੋ ਸੰਗੀਤਕ ਤਰੰਗਾਂ ਸੁਣ ਕੇ ਸੰਗੀਤਮਈ ਨਾ ਹੋਇਆ ਹੋਵੇ।

ਇਸ ਵਿਸ਼ੇ 'ਤੇ ਵਿਚਾਰ ਪ੍ਰਸਤੁਤ ਕਰਨ ਵਾਲਿਆਂ ਵਿਚ ਡਾ ਗੁਲਜ਼ਾਰ ਪੰਧੇਰ, ਜਨਮੇਜਾ ਜੌਹਲ, ਸੁਰਿੰਦਰ ਕੈਲੇ, ਸ. ਕਰਮਜੀਤ ਸਿੰਘ ਔਜਲਾ ਆਦਿ ਸ਼ਾਮਿਲ ਸਨ। ਕਵੀ ਦਰਬਾਰ ਵਿਚ ਹਰਮਨਪ੍ਰੀਤ ਕੌਰ ਨੇ ਸ਼ਬਦ ਗਾਇਣ ਕੀਤਾ। ਉਘੀ ਗ਼ਜ਼ਲਕਾਰਾਂ ਗੁਰਚਰਨ ਕੌਰ ਕੋਚਰ, ਮਲਕੀਤ ਸਿੰਘ ਮਾਨ (ਕਾਦੀਆਂ), ਗ਼ਜ਼ਲਗੋ ਘਣੀਆ, ਪਰਮਜੀਤ ਕੌਰ ਮਹਿਕ, ਰਵਿੰਦਰ ਦੀਵਾਨਾ, ਅਮਰਜੀਤ ਸ਼ੇਰਪੁਰੀ, ਰਵਿੰਦਰ ਰਵੀ, ਜਗਸਰਨ ਸ਼ਿੰਘ ਛੀਨਾ, ਤਰਲੋਚਨ ਝਾਂਡੇ, ਰਜਿੰਦਰ ਵਰਮਾ, ਆਦਿ ਨੇ ਆਪੋ ਆਪਣੀਆਂ ਤਾਜਾ ਤਰੀਨ ਰਚਨਾਵਾਂ ਪੇਸ਼ ਕੀਤੀਆਂ।
ਉਘੇ ਨਾਟਕਰਮੀ ਤਰਲੋਚਨ ਸਿੰਘ, ਬਲਕੌਰ ਸਿੰਘ ਗਿੱਲ, ਬੁੱਧ ਸਿੰਘ ਨੀਲੋ, ਇੰਜ ਸੁਰਜਨ ਸਿੰਘ, ਆਤਮਾ ਮੁਕਤਸਰੀ ਦੇ ਇਲਾਵਾ ਬਹੁਤ ਸਾਰੇ ਸਿਖਿਆਰਥੀ ਇਸ ਸਮਾਗਮ ਦੀ ਸ਼ਾਨੋ-ਸ਼ੌਕਤ ਨੂੰ ਚਾਰ ਚੰਨ ਲਗਾਉਣ ਲਈ ਪਹੁੰਚੇ ਹੋਏ ਸਨ। ਸਭਾ ਵੱਲੋਂ ਡਾ ਜਸਵੰਤ ਸਿੰਘ ਕੰਵਲ, ਪ੍ਰੋ: ਗੁਰਭਜਨ ਗਿੱਲ ਅਤੇ ਡਾ ਕੁਲਵਿੰਦਰ ਕੌਰ ਮਿਨਹਾਸ ਦਾ ਸਨਮਾਨ ਕੀਤਾ ਗਿਆ।