ਖ਼ਬਰਸਾਰ

  •    ਪਰਸ਼ੋਤਮ ਲਾਲ ਸਰੋਏ ਦੀ ਪੁਸਤਕ 'ਮਾਲਾ ਦੇ ਮਣਕੇ' ਰਿਲੀਜ਼ / ਪੰਜਾਬੀ ਲਿਖਾਰੀ ਸਭਾ (ਰਜਿ:), ਜਲੰਧਰ
  •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਵੱਲੋਂ ਸੈਮੀਨਾਰ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  •    ਭਾਈ ਸਾਧੂ ਸਿੰਘ ਧੰਮੂ ਦਾ ਸਨਮਾਨ / ਸਾਹਿਤ ਸਭਾ ਬਾਘਾ ਪੁਰਾਣਾ
  •    ਟਰਾਂਟੋ ਵਿੱਚ ਤਿੰਨ ਦਿਨਾਂ ਗ਼ਦਰ ਸ਼ਤਾਬਦੀ ਸਮਾਗਮ / ਪੰਜਾਬੀਮਾਂ ਬਿਓਰੋ
  •    ‘ਕੁੜੀਆਂ ਤੇ ਕਵਿਤਾਵਾਂ’ ਪੁਸਤਕ ਲੋਕ ਅਰਪਣ / ਪੰਜਾਬੀਮਾਂ ਬਿਓਰੋ
  •    ਤਨਦੀਪ ਤਮੰਨਾ ਦਾ ਕਾਵਿ-ਸੰਗ੍ਰਹਿ 'ਇਕ ਦੀਵਾ ਇਕ ਦਰਿਆ' ਰਿਲੀਜ਼ / ਪੰਜਾਬੀਮਾਂ ਬਿਓਰੋ
  •    ਬੀ ਸੀ ਕਲਚਰਲ ਫਾਊਂਡੇਸ਼ਨ ਵੱਲੋਂ ਪੁਸਤਕ ਰੀਲੀਜ਼ ਸਮਾਗਮ / ਬੀ ਸੀ ਕਲਚਰਲ ਫਾਊਂਡੇਸ਼ਨ
  •    ਜਾਰਜ ਮੈਕੀ ਲਾਇਬ੍ਰੇਰੀ ਡੈਲਟਾ ਵਿਚ ਇਕ ਰੰਗਲੀ ਕਾਵਿ-ਸ਼ਾਮ / ਪੰਜਾਬੀਮਾਂ ਬਿਓਰੋ
  •    ਪੰਜਾਬੀ ਸਾਹਿਤ ਸਭਾ, ਸੰਦੌੜ ਦੀ ਮਹੀਨਾਵਾਰ ਇਕੱਤਰਤਾ / ਪੰਜਾਬੀ ਸਾਹਿਤ ਸਭਾ, ਸੰਦੌੜ
  •    ਸਿਰਜਣਧਾਰਾ ਵੱਲੋਂ ਦੋ ਸਮਾਗਮਾਂ ਵਿਚ ਪੁਸਤਕਾਂ ਲੋਕ ਅਰਪਣ / ਸਿਰਜਣਧਾਰਾ
  •    ਪੰਜਾਬੀ ਸਾਹਿਤ ਅਕੈਡਮੀ ਨਿਊਯਾਰਕ ਦੀ ਸੱਤਵੀਂ ਵਰ੍ਹੇ-ਗੰਢ ਮਨਾਈ / ਪੰਜਾਬੀ ਸਾਹਿਤ ਅਕੈਡਮੀ,ਨਿਊਯਾਰਕ
  • ਟਰਾਂਟੋ ਵਿੱਚ ਤਿੰਨ ਦਿਨਾਂ ਗ਼ਦਰ ਸ਼ਤਾਬਦੀ ਸਮਾਗਮ (ਖ਼ਬਰਸਾਰ)


    ਟਰਾਂਟੋ -- ਗ਼ਦਰ ਪਾਰਟੀ ਦੀ ਸਥਾਪਨਾ ਸ਼ਤਾਬਦੀ ਨੂੰ ਮਨਾਉਣ ਲਈ 'ਗ਼ਦਰ ਸ਼ਤਾਬਦੀ ਕਮੇਟੀ ਟਰਾਂਟੋ' ਵਲੋਂ ਉਲੀਕੇ ਤਿੰਨ ਦਿਨਾਂ ਸਮਾਗਮ 1 ਜੁਲਾਈ 2013 ਨੂੰ ਬੇਹੱਦ ਸਫ਼ਲਤਾ ਨਾਲ ਸੰਪਨ ਹੋਏ। ਸਮਾਗਮਾਂ ਦਾ ਆਰੰਭ 29 ਜੂਨ ਦੀ ਸਵੇਰ ਨੂੰ ਇਤਿਹਾਸਕ ਗ਼ਦਰ ਮਾਰਚ ਨਾਲ ਹੋਇਆ। ਹਿੰਦੁਸਤਾਨ ਤੋਂ ਬਾਹਰ ਇਹ ਪਹਿਲੀ ਵੇਰ ਸੀ ਜਦੋਂ 'ਗ਼ਦਰੀ ਬਾਬਿਆਂ' ਦੀ ਯਾਦ 'ਚ ਅਜਿਹਾ ਨਗਰ ਮਾਰਚ ਨਿਕਲਣਾ ਸੀ ਖਾਸ ਕਰ ਉਹਨਾਂ ਬਾਬਿਆਂ ਦੀ ਯਾਦ 'ਚ ਜਿਹਨਾਂ ਦਾ ਕਦੇ ਕੈਨੇਡਾ ਦੀਆਂ ਸੜਕਾਂ ਤੇ ਤੁਰਨਾ ਖਤਰੇ ਤੋਂ ਖਾਲੀ ਨਹੀਂ ਸੀ ਅਤੇ ਉਹਨਾਂ ਨੂੰ ਪੈਰ ਪੈਰ ਤੇ ਨਸਲਵਾਦ ਦਾ ਸ਼ਿਕਾਰ ਹੋਣਾ ਪੈਂਦਾ ਸੀ। ਟਰਾਂਟੋ ਅਤੇ ਆਸ-ਪਾਸ ਦੇ ਸ਼ਹਿਰਾਂ ਤੋਂ ਲੋਕ ਸਵੇਰੇ 9 ਵਜੇ ਤੋਂ ਇਸ ਇਤਿਹਾਸਕ ਮਾਰਚ ਵਾਸਤੇ ਮਾਲਟਨ ਕਮਿਊਨਟੀ ਸੈਂਟਰ ਦੇ ਸਾਹਮਣਲੀ ਪਾਰਕਿੰਗ 'ਚ ਇਕੱਤਰ ਹੋਣੇ ਸ਼ੁਰੂ ਹੋ ਗਏ ਅਤੇ 11:30 ਵਜਦੇ ਨੂੰ ਲੋਕਾਂ ਦੀ ਭਰਵੀਂ ਹਾਜ਼ਰੀ 'ਚ ਗ਼ਦਰ ਪਾਰਟੀ ਦੇ ਝੰਡੇ ਦੀ ਅਗਵਾਈ ਹੇਠ ਮਾਰਚ ਦਾ ਆਰੰਭ ਹੋਇਆ। 
    ਲੋਕਾਂ ਦਾ ਜੋਸ਼ ਅਤੇ ਉਤਸ਼ਾਹ ਠਾਠਾਂ ਮਾਰਦਾ ਹੋਇਆ ਕੈਨੇਡਾ ਦੇ ਪਹਿਲੇ ਗੁਰਦੁਆਰੇ 'ਦ ਸਿੱਖ ਟੈਂਪਲ'(ਵੈਨਕੂਵਰ) ਦੇ ਮਾਡਲ ਦੇ ਪਿੱਛੇ ਚੱਲ ਰਿਹਾ ਸੀ। ਇਹ ਉਸ 'ਅਸਲੀ ਗੁਰਦੁਆਰੇ' ਦਾ ਮਾਡਲ ਸੀ ਜਿੱਥੋਂ ਗ਼ਦਰੀ ਬਾਬਿਆਂ ਨੇ ਕੈਨੇਡਾ 'ਚ ਵਸਦੇ ਹਿੰਦੁਸਤਾਨੀਆਂ ਦੇ ਹੱਕਾਂ ਅਤੇ ਆਜ਼ਾਦ ਜੀਵਨ ਲਈ ਯੁੱਧ ਦਾ ਬਿਗਲ ਬਜਾਇਆ ਅਤੇ ਹਿੰਦੁਸਤਾਨ ਦੀ ਆਜ਼ਾਦੀ ਲਈ ਰਣ-ਤੱਤੇ 'ਚ ਨਿੱਤਰੇ। ਲੋਕਾਂ ਦੇ ਵਿਸ਼ਾਲ ਇੱਕਠ ਨੇ ਹੱਥਾਂ 'ਚ ਲਾਲ ਅੱਖਰਾਂ 'ਚ ਲਿਖੀਆਂ ਤਖ਼ਤੀਆਂ ਚੁੱਕੀਆਂ ਹੋਈਆਂ ਸਨ ਜਿਹਨਾਂ ਤੇ, 'ਗ਼ਦਰੀ ਬਾਬਿਆਂ ਦੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ','ਗ਼ਦਰੀ ਬਾਬੇ ਅਮਰ ਰਹਿਣ', 'ਕਰਤਾਰ ਸਿੰਘ ਸਰਾਭਾ ਅਮਰ ਰਹੇ' ਵਰਗੇ ਨਾਹਰੇ ਲਿਖੇ ਹੋਏ ਸਨ। ਲੋਕ ਲਗਾਤਾਰ ਇਹ ਨਾਹਰੇ ਉੱਚੀ ਉੱਚੀ ਦੁਹਰਾਉਂਦੇ ਜਾ ਰਹੇ ਸਨ। ਰਾਹ 'ਚ ਸੰਘਣੀ ਭਾਰਤੀ ਵਸੋਂ ਵਾਲੇ ਮਾਲਟਨ ਨਗਰ ਦੀਆਂ ਗਲੀਆਂ ਚੋਂ ਵੀ ਲੋਕ ਇਸ ਮਾਰਚ ਨਾਲ ਰਲਦੇ ਗਏ ਅਤੇ ਇਹ ਕਾਫ਼ਲਾ ਇੱਕ ਵਜਦੇ ਨੂੰ ਅਪਣੇ ਰੈਲੀ ਵਾਲੇ ਪੜਾਅ ਤੇ ਪੁੱਜਾ ਜਿੱਥੇ ਮਾਲਟਨ ਗੁਰਦੁਆਰੇ ਵਲੋਂ ਖੁੱਲੇ ਲੰਗਰ ਦਾ ਪ੍ਰਬੰਧ ਬਾਹਰ ਟੈਂਟ ਲਾ ਕੇ ਕੀਤਾ ਗਿਆ ਸੀ। ਇਨਕਲਾਬੀ ਸਾਹਿਤ ਪੁਸਤਕਾਂ ਦੇ ਸਟਾਲ, ਗ਼ਦਰੀ ਇਤਿਹਾਸ ਬਾਰੇ ਫੋਟੋ ਪ੍ਰਦਰਸ਼ਨੀ, ਚਾਹ ਪਕੌੜੇ ਜਲੇਬੀਆਂ ਦੇ ਸਟਾਲ ਅਤੇ ਗੁਰਦੁਆਰਾ ਸਿੱਖ ਲਹਿਰ ਸੈਂਟਰ ਵਲੋਂ ਛਬੀਲ ਵੀ ਲੱਗੀ ਹੋਈ ਸੀ।
    ਮਾਰਚ ਤੋਂ ਉਪਰੰਤ ਗਰੇਟਰ ਪੰਜਾਬ ਪਲਾਜ਼ੇ 'ਚ ਵਿਸ਼ਾਲ ਗ਼ਦਰ ਰੈਲੀ ਦਾ ਆਰੰਭ ਹੋਇਆ ਜਿਸਦੀ ਸਟੇਜ ਤੋਂ ਡਾ. ਵਰਿਆਮ ਸਿੰਘ ਸੰਧੂ, ਸ਼ਹੀਦ ਭਗਤ ਸਿੰਘ ਦੇ ਭਤੀਜੇ ਸ: ਕਿਰਨਜੀਤ ਸਿੰਘ, ਹਰਭਜਨ ਚੀਮਾਂ (ਬੀਸੀ) ਨਿਰਮਲ ਸਿੰਘ ਸੱਲ੍ਹਣ, ਡਾ. ਸੁਰਿੰਦਰ ਧੰਜਲ (ਕੈਮਲੂਪਸ), ਇਕਬਾਲ ਸੁੰਬਲ, ਜੁਗਿੰਦਰ ਗਰੇਵਾਲ ਵਰਗੇ ਬੁਲਾਰਿਆਂ ਨੇ ਜਿੱਥੇ ਲੋਕਾਂ ਨੂੰ ਗ਼ਦਰੀ ਇਤਹਾਸ ਨਾਲ ਜੋੜਿਆ ਓਥੇ ਭਮੱਦੀ ਕਲਾਂ ਵਾਲੇ ਢਾਡੀ ਜਥੇ, ਭਦੌੜ ਸੰਗੀਤ ਮੰਡਲੀ ਦੇ ਇਨਕਲਾਬੀ ਗੀਤ, ਇਕਬਾਲ ਰਾਮੂੰਵਾਲੀਆ ਦੀ ਕਵੀਸ਼ਰੀ ਦੇ ਨਾਲ ਨਾਲ ਜੱਸੀ ਧੰਜਲ ਵਰਗੇ ਗਾਇਕਾਂ ਨੇ ਲੋਕਪੱਖੀ ਗੀਤਾਂ ਨਾਲ ਭਰਪੂਰ ਰੰਗ ਬੰਨਿਆਂ। ਤਪਦੀ ਦੁਪਿਹਰ 'ਚ ਲੋਕ ਰੈਲੀ ਦੇ ਬੁਲਾਰਿਆਂ ਅਤੇ ਗੀਤ-ਸੰਗੀਤ ਨੂੰ ਸੁਣਦੇ ਰਹੇ ਅਤੇ ਭਰਪੂਰ ਸਮਰਥਨ ਦਿੰਦੇ ਰਹੇ। ਇਸ ਸਾਰੇ ਸਮਾਗਮ ਦੌਰਾਨ ਓਮਨੀ ਟੀਵੀ ਦੇ ਨਾਲ ਨਾਲ ਹੋਰ ਲੋਕਲ ਟੀਵੀ ਚੈਨਲ, ਰੇਡੀਓ ਪ੍ਰੋਗਰਾਮ ਅਤੇ ਅਖਬਾਰਾਂ ਵਾਲੇ ਸਮਾਗਮ ਨੂੰ ਕਵਰ ਕਰਦੇ ਰਹੇ। ਸਮਾਗਮ ਨੂੰ ਪ੍ਰਤੀਕ ਆਰਟਿਸਟ ਅਤੇ ਮਨਦੀਪ ਔਜਲਾ ਜੀ ਅਪਣੇ ਕੈਮਰੇ ਦੀ ਅੱਖ ਨਾਲ ਵੇਖ ਰਹੇ ਸਨ।

    Photo
    ਗ਼ਦਰੀ ਯੋਧਿਆਂ ਦੇ ਲੋਕਾਂ ਦੀ ਆਨ ਸ਼ਾਨ, ਸਵੈਮਾਨ ਅਤੇ ਆਜ਼ਾਦੀ ਦੀ ਬਹਾਲੀ ਲਈ ਕੀਤੇ ਇਤਹਾਸਕ ਸੰਘਰਸ਼ ਨੂੰ ਯਾਦ ਕਰਦਾ ਅਤੇ ਉਹਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਦ੍ਰਿੜ ਸੰਕਲਪ ਲੈਂਦਾ ਇਹ ਮਾਰਚ ਅਤੇ ਰੈਲੀ ਪ੍ਰੋਗਰਾਮ ਸ਼ਾਮੀ 6 ਵਜੇ ਸਮਾਪਤ ਹੋਇਆ। ਦੂਜੇ ਦਿਨ ਦੇ ਸਮਾਗਮ ਬਰੈਂਪਟਨ ਦੇ ਰੋਜ਼ ਥੀਏਟਰ 'ਚ ਸਵੇਰੇ 10 ਵਜੇ ਆਰੰਭ ਹੋਏ। ਜਿੱਥੇ ਟਰਾਂਟੋ ਰੰਗਮੰਚ ਦੀਆਂ ਸਭ ਪ੍ਰਮੁੱਖ ਹਸਤੀਆਂ ਅਪਣੀਆਂ ਟੀਮਾਂ ਸਮੇਤ ਗ਼ਦਰ ਲਹਿਰ ਦੇ ਸਮੁੱਚੇ ਇਤਹਾਸ ਨੂੰ ਲੋਕਾਂ ਦੇ ਸਾਹਵੇਂ ਦ੍ਰਿਸ਼ਟੀਮਾਨ ਕਰਨ ਲਈ ਤਿਆਰ-ਬਰ-ਤਿਆਰ ਸਨ। 
    ਸ਼ਤਾਬਦੀ ਕਮੇਟੀ ਵਲੋਂ ਸਵਾਗਤੀ ਮੇਜ਼ਾਂ ਤੇ ਇਤਹਾਸਕ ਗ਼ਦਰ ਸ਼ਤਾਬਦੀ ਕੈਲੰਡਰ, ਗ਼ਦਰੀ ਬਾਬੇ ਕੌਣ ਸਨ? (ਅੰਗ੍ਰੇਜ਼ੀ/ਪੰਜਾਬੀ) ਪੁਸਤਕਾਂ, 'ਹਿੰਦ ਵਾਸੀਓ ਰੱਖਣਾ ਯਾਦ ਸਾਨੂੰ' ਡਾਕੂਮੈਂਟਰੀ ਅਤੇ ਹੋਰ ਗ਼ਦਰੀ ਸਾਹਿਤ ਨਾਲ ਸਬੰਧਤ ਪੁਸਤਕਾਂ ਅਤੇ ਸਾਹਿਤ ਲੋਕਾਂ ਲਈ ਹਾਜ਼ਰ ਸੀ। ਸਵੇਰੇ 11:30 ਵਜੇ ਇਸ ਇਤਹਾਸਕ ਗ਼ਦਰੀ ਨਾਟਕ ਮੇਲੇ ਦਾ ਆਰੰਭ 'ਚੇਤਨਾ ਕਲਾ ਮੰਚ' ਦੇ ਨਾਹਰ ਅਤੇ ਅਵਤਾਰ ਔਜਲਾ ਦੀ ਟੀਮ ਵਲੋਂ ਬੇਹੱਦ ਭਾਵਪੂਰਤ ਅਤੇ ਕਲਾਮਈ ਕੋਰੀਓਗ੍ਰਾਫ਼ੀ, 'ਹਿੰਦ ਵਾਸੀਓ ਰੱਖਣਾ ਯਾਦ ਸਾਨੂੰ' ਨਾਲ ਹੋਇਆ, ਜਿਸਨੇ ਸਮੁੱਚੇ ਗ਼ਦਰ ਇਤਹਾਸ ਦੇ ਨਾਲ ਨਾਲ ਇਸ ਦੁਆਰਾ ਲਏ ਸੁਪਨੇ ਦੇ ਅਜੋਕੇ ਹਾਲ ਦੀ ਝਲਕ ਵੀ ਦਿਖਾਈ ਜਿਸ ਨੂੰ ਲੋਕਾਂ ਨੇ ਬੇਹੱਦ ਪਸੰਦ ਕੀਤਾ। ਉਪਰੰਤ ਨਾਟ-ਮੰਚਣ ਦਾ ਆਰੰਭ ਹੋਇਆ ਜਿਸ 'ਚ 'ਹੈਟਸ ਅੱਪ' ਥੀਏਟਰ ਗਰੁੱਪ ਵਲੋਂ ਹੀਰਾ ਰੰਧਾਵਾ ਦੀ ਨਿਰਦੇਸ਼ਨਾ ਹੇਠ ਪ੍ਰਿਸੀਪਲ ਸੰਤ ਸਿੰਘ ਸੇਖੋ ਦੇ ਨਾਟਕ ਤੇ ਅਧਾਰਿਤ 'ਬੰਦਾ ਬਹਾਦਰ' ਨਾਟਕ ਪੇਸ਼ ਹੋਇਆ। ਇਸ ਨਾਟਕ ਨੇ ਗੁਰੂ ਕਾਲ ਅਤੇ ਉਸਤੋਂ ਮਗਰੋਂ ਤੀਕ ਦੇ ਸਮੇਂ ਦੌਰਾਨ ਜ਼ਬਰ ਜ਼ੁਲਮ ਖਿਲਾਫ਼ ਉਠੀ ਲੋਕ ਲਹਿਰ ਨੂੰ ਬੰਦਾ ਬਹਾਦਰ ਦੇ ਜੀਵਨ ਰਾਹੀਂ ਪੇਸ਼ ਕੀਤਾ। 
    ਕੁਲਵਿੰਦਰ ਖਹਿਰਾ ਦੁਆਰਾ ਲਿਖਿਆ ਦੂਸਰਾ ਨਾਟਕ 'ਲਰੇ ਦੀਨ ਕੇ ਹੇਤੁ' ਗੁਰਚਰਨ ਸਿੰਘ ਦੀ ਨਿਰਦੇਸ਼ਨਾ 'ਚ ਨੇਤੀ ਥੀਏਟਰ ਗਰੁੱਪ ਵਲੋਂ ਪੇਸ਼ ਹੋਇਆ। ਇਸ ਨਾਟਕ ਨੇ ਗ਼ਦਰੀ ਇਤਹਾਸ ਦੇ ਕੈਨੇਡੀਅਨ ਵਰਕਿਆਂ ਨੂੰ ਫਰੋਲਿਆ ਅਤੇ ਕੈਨੇਡਾ ਦੀ ਧਰਤੀ ਤੇ ਹੋਏ ਪਹਿਲੇ ਗ਼ਦਰੀ ਸ਼ਹੀਦ ਮੇਵਾ ਸਿੰਘ ਲੋਪੋਕੇ ਦੀ ਕੁਰਬਾਨੀ ਦੇ ਹਵਾਲੇ ਨਾਲ ਉਸ ਸਮੇਂ ਦੇ ਸਮੁੱਚੇ ਕੈਨੇਡੀਅਨ ਸੰਘਰਸ਼ ਦੀ ਤਸਵੀਰ ਲੋਕਾਂ ਸਾਹਵੇਂ ਰੱਖੀ।
    ਉਂਕਾਰਪ੍ਰੀਤ ਦਾ ਲਿਖਿਆ ਤੀਜਾ ਨਾਟਕ, 'ਆਜ਼ਾਦੀ ਦੇ ਜਹਾਜ਼', ਉਨਟਾਰੀਓ ਪੰਜਾਬੀ ਥੀeਟਰ ਐਂਡ ਆਰਟਸ ਦੀ ਟੀਮ ਵਲੋਂ ਉੱਘੇ ਰੰਗਕਰਮੀ ਅਤੇ ਨਿਰਦੇਸ਼ਕ ਜਸਪਾਲ ਢਿੱਲੋਂ ਵਲੋਂ ਖੇਡਿਆ ਗਿਆ। ਕਾਮਾਗਾਟਾਮਾਰੂ ਕਾਂਡ ਉਪਰੰਤ ਹਿੰਦੁਸਤਾਨ ਦੀ ਆਜ਼ਾਦੀ ਲਈ ਗ਼ਦਰੀ ਬਾਬਿਆਂ ਵਲੋਂ ਵਹੀਰਾਂ ਘੱਤ ਕੇ ਦੇਸ਼ ਵੱਲ ਧਾਈ, ਬੀਬੀ ਗੁਲਾਬ ਕੌਰ ਵਰਗੀਆਂ ਵੀਰਾਂਗਣਾ ਦੀ ਕੁਰਬਾਨੀ,ਕਰਤਾਰ ਸਿੰਘ ਸਰਾਭਾ ਦੀ ਸ਼ਹਾਦਤ ਅਤੇ ਭਗਤ ਸਿੰਘ ਵਲੋਂ ਸਾਂਭੀ ਸਰਾਭੇ ਦੀ ਬਾਲ਼ੀ ਮਸ਼ਾਲ ਦੀ ਰੌਸ਼ਨੀ 'ਚ ਇਹ ਨਾਟਕ 1947 ਤੀਕ ਦੇ ਸਮੇਂ ਦੀ ਬਾਤ ਪਾ ਗਿਆ। ਚੌਥਾ ਅਤੇ ਅੰਤਮ ਨਾਟਕ 'ਇੱਕ ਸੁਪਨੇ ਦਾ ਪੁਲੀਟਿਕਲ ਮਰਡਰ' ਪਾਲੀ ਭੁਪਿੰਦਰ ਵਲੋਂ ਲਿਖਿਆ ਹੋਇਆ ਸੀ ਜਿਸ ਨੂੰ ਰੰਗਕਰਮੀ ਬਲਜਿੰਦਰ ਲੇਲ੍ਹਣਾ ਦੀ ਨਿਰਦੇਸ਼ਨਾ ਹੇਠ 'ਪੰਜਾਬੀ ਆਰਟਸ ਐਸੋਸੀਏਸ਼ਨ' ਦੀ ਟੀਮ ਵਲੋਂ ਪੇਸ਼ ਕੀਤਾ ਗਿਆ। ਬੰਦਾ ਬਹਾਦਰ ਵਲੋਂ ਲਏ ਗਏ ਲੋਕਰਾਜ ਤੇ ਸਮਾਜ ਦੇ ਸੰਕਲਪ, ਉਪਰੰਤ 'ਪੂਰਨ ਮਨੁੱਖੀ ਆਜ਼ਾਦੀ' ਦੇ ਸੁਪਨੇ ਦੀ ਪੂਰਤੀ ਲਈ ਗ਼ਦਰੀ ਸੰਘਰਸ਼ ਦੀ 1947 ਬਾਦ ਹੋਈ ਦੁਰਦਸ਼ਾ ਨੂੰ ਇਸ ਨਾਟਕ ਨੇ ਬਾਖੂਬੀ ਉਜਾਗਰ ਕੀਤਾ।
    ਨਾਟਕਾਂ ਦੌਰਾਨ ਹੋਈ ਸੰਖੇਪ ਬਰੇਕ ਦੌਰਨ ਗ਼ਦਰ ਸ਼ਤਾਬਦੀ ਕਮੇਟੀ ਵਲੋਂ ਤਿਆਰ ਕਰਵਾਈ ਗਈ ਇਤਿਹਾਸਕ ਡਾਕੂਮੈਂਟਰੀ ਫ਼ਿਲਮ, 'ਹਿੰਦ ਵਾਸੀਓ ਰੱਖਣਾ ਯਾਦ ਸਾਨੂੰ, ਰਿਲੀਜ਼ ਕੀਤੀ ਗਈ। ਇਸ ਡਾਕੂਮੈਂਟਰੀ ਨੂੰ ਉੱਘੇ ਸ਼ਾਇਰ ਅਤੇ ਫ਼ਿਲਮਸਾਜ਼ ਜਸਵੰਤ ਦੀਦ ਹੁਰਾਂ ਵਲੋਂ ਤਿਆਰ ਕੀਤਾ ਗਿਆ ਹੈ। ਡਾਕੂਮੈਂਟਰੀ ਦੀ ਸੰਖੇਪ ਜਾਣ-ਪਛਾਣ ਅਤੇ ਇਸ ਬਾਰੇ ਸਵਾਗਤੀ ਸ਼ਬਦ ਡਾ. ਵਰਿਆਮ ਸਿੰਘ ਸੰਧੂ ਹੁਰਾਂ ਨੇ ਕਹੇ। ਰਿਲੀਜ਼ ਕਰਨ ਦੀ ਰਸਮ ਦੌਰਾਨ ਜਸਵੰਤ ਦੀਦ ਤੋਂ ਇਲਾਵਾ ਗ਼ਦਰ ਸ਼ਤਾਬਦੀ ਕਮੇਟੀ ਦੇ ਮੈਂਬਰ ਅਤੇ ਬਾਹਰੋਂ ਆਏ ਵਿਦਵਾਨ ਮਹਿਮਾਨ ਵੀ ਹਾਜ਼ਰ ਸਨ। 
    ਤੀਜੇ ਦਿਨ ਦੇ ਸਮਾਗਮ ਵਜੋਂ ਗ਼ਦਰ ਕਾਨਫ਼ਰੰਸ ਦਾ ਆਯੋਜਨ ਕੀਤਾ ਗਿਆ। ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਬਰੈਂਪਟਨ ਦੇ ਲੋਫ਼ਰਜ਼ ਲੇਕ ਆਡੀਟੋਰੀਅਮ ਵਿਖੇ ਹੋਈ ਇਸ ਇਤਿਹਾਸਕ ਕਾਨਫ਼ਰੰਸ ਨੂੰ ਗ਼ਦਰੀ ਵਿਚਾਰਧਾਰਾ, ਪੱਤਰਕਾਰੀ, ਕਵਿਤਾ ਅਤੇ ਕਵੀ ਦਰਬਾਰ ਰੂਪੀ ਚਾਰ ਹਿੱਸਿਆਂ 'ਚ ਵੰਡਿਆ ਗਿਆ ਸੀ।
    ਗ਼ਦਰ ਲਹਿਰ ਦੀ ਸਿਆਸੀ ਵਿਚਾਰਧਾਰਾ ਵਾਲੇ ਪਹਿਲੇ ਭਾਗ ਦੇ ਮੁੱਖ ਬੁਲਾਰੇ ਸਨ ਡਾ.ਵਰਿਆਮ ਸਿੰਘ ਸੰਧੂ। ਡਾ. ਸੰਧੂ ਨੇ ਅਪਣੇ ਸੰਬੋਧਨ 'ਚ ਗ਼ਦਰ ਲਹਿਰ ਦੀ ਵਿਚਾਰਧਾਰਾ ਤੇ ਭਰਪੂਰ ਰੌਸ਼ਨੀ ਪਾਈ ਅਤੇ ਅਪਣੀਆਂ ਲਾ-ਮਿਸਾਲ ਦਲੀਲਾਂ ਰਾਹੀਂ ਗ਼ਦਰੀ ਇਤਹਾਸ ਦੇ ਹਵਾਲੇ ਨਾਲ ਸਪੱਸ਼ਟ ਕੀਤਾ ਕਿ ਗ਼ਦਰ ਪਾਰਟੀ ਦੀ ਸਿਆਸੀ ਵਿਚਾਰਧਾਰਾ ਸ਼ੁੱਧ ਸੈਕੂਲਰ, ਲੋਕ-ਪੱਖੀ ਅਤੇ ਸਰਬਤ ਦੇ ਭਲੇ ਨੂੰ ਸਮਰਪਿਤ ਸੀ। ਜਿਸ ਵਿੱਚ ਜਾਤ, ਧਰਮ ਰੂਪੀ ਵੰਡੀਆਂ ਲਈ ਕੋਈ ਜਗਾ ਨਹੀਂ ਸੀ। ਗ਼ਦਰ ਪਾਰਟੀ ਦੁਆਰਾ ਮਿਥਿਆ ਆਜ਼ਾਦ ਹਿੰਦੁਸਤਾਨ ਦਾ ਸੁਪਨਾ ਅਜਿਹੇ ਰਾਜ ਦਾ ਸੀ ਜਿਸ ਵਿੱਚ ਲੋਕਾਂ ਨੂੰ 'ਪੂਰਨ ਆਜ਼ਾਦੀ' ਮਿਲਣੀ ਸੀ ਅਤੇ ਬੰਦੇ ਹੱਥੋਂ ਬੰਦੇ ਦੀ ਲੁੱਟ ਦਾ ਅੰਤ ਹੋ ਕੇ ਸ਼ੁੱਧ ਸੋਸ਼ਲਿਸਟ ਰਾਜਨੀਤੀ ਦਾ ਬੋਲਬਾਲਾ ਹੋਣਾ ਸੀ। ਗ਼ਦਰੀ ਬਾਬਿਆਂ ਵਲੋਂ ਐਸੇ ਮਹਾਨ ਅਤੇ ਵਿਸ਼ਾਲ ਆਸ਼ੇ ਨੂੰ ਲੈ ਕੇ ਕੀਤੇ ਸੰਘਰਸ਼ ਨੂੰ ਅੱਜ ਕੁਝ ਲੋਕਾਂ ਵਲੋਂ ਫਿਰਕੂ ਰੰਗਤ ਦੇਣ ਦੀ ਕੋਸ਼ਿਸ਼ ਅਤੇ ਉਹਨਾਂ ਦੇ ਰਾਜ-ਸੰਕਲਪ ਨੂੰ ਕਿਸੇ ਸੌੜੇ ਇਲਾਕਾਈ ਸੰਕਲਪ ਨਾਲ ਜੋੜਨਾ ਨਿੰਦਣਯੋਗ ਅਤੇ ਭੁਲੇਖਾਪਾਊ ਹੈ। ਸਵਾਲ-ਜਵਾਬ ਦੇ ਸੈਸ਼ਨ ਦੌਰਾਨ ਡਾ. ਵਰਿਆਮ ਸੰਧੂ ਹੁਰਾਂ ਨੇ ਸਪੱਸ਼ਟ ਕੀਤਾ ਕਿ ਸੱਚੇ ਹਿੰਦੂ, ਮੁਸਲਮਾਨ ਜਾਂ ਸਿੱਖ ਹੋਣਾ ਇੱਕ ਸੱਚੇ ਸਮਾਜਵਾਦੀ ਇਨਸਾਨ ਬਣਨ 'ਚ ਕੋਈ ਰੁਕਾਵਟ ਨਹੀਂ ਜਿਵੇਂ ਕਿ ਗ਼ਦਰੀ ਯੋਧੇ ਬਾਬਿਆਂ ਚੋਂ ਬਹੁਤ ਸਾਰੇ ਪੂਰਨ ਗੁਰਸਿੱਖ ਹੋਣ ਦੇ ਨਾਲ ਨਾਲ ਸ਼ੁੱਧ ਸਮਾਜਵਾਦੀ ਕਾਰਕੁੰਨ ਅਤੇ ਲੀਡਰ ਵੀ ਸਨ ਜੋ ਖਿੱਤੇ,ਜਾਤ, ਧਰਮ ਤੋਂ ਉੱਪਰ ਉਠ ਕੇ ਸਰਬਤ ਦੇ ਭਲੇ ਦੇ ਆਸ਼ਿਆ ਵਾਲੇ ਹਿੰਦੁਸਤਾਨੀ ਰਾਜ ਲਈ ਕੁਰਬਾਨ ਹੋਏ। ਇਸ ਸੈਸ਼ਨ ਦੌਰਾਨ ਬਹਿਸ ਦਾ ਆਰੰਭ ਇਕਬਾਲ ਰਾਮੂੰਵਾਲੀਆ ਹੁਰਾਂ ਨੇ ਅਪਣੀਆਂ ਟਿੱਪਣੀਆਂ ਨਾਲ ਕੀਤਾ ਅਤੇ ਸਟੇਜ ਦੀ ਸੰਚਾਲਨਾ ਉਂਕਾਰਪ੍ਰੀਤ ਨੇ ਨਿਭਾਈ।
    ਗ਼ਦਰ ਲਹਿਰ ਦੀ ਪੱਤਰਕਾਰੀ ਨੂੰ ਸਮਰਪਿਤ ਦੂਜੇ ਭਾਗ ਦੇ ਮੁੱਖ ਬੁਲਾਰੇ ਸਨ ਡਾ. ਰਘੁਬੀਰ ਸਿੰਘ ਸਿਰਜਣਾ ਜੋ ਕਿ ਲੱਗਭਗ ਅੱਧੀ ਸਦੀ ਤੋਂ ਲੋਕ-ਪੱਖੀ ਵਿਚਾਰਧਾਰਾ ਨੂੰ ਸਮਰਪਿਤ ਸਾਹਿਤਕ ਪਰਚਾ 'ਸਿਰਜਣਾ' ਚੰਡੀਗੜ੍ਹ ਤੋਂ ਕੱਢ ਰਹੇ ਹਨ। ਉਹਨਾਂ ਨੇ ਅਪਣੇ ਖੋਜ ਭਰਪੂਰ ਸੰਬੋਧਨ 'ਚ ਜਿੱਥੇ ਹਿੰਦੁਸਤਾਨ ਤੋਂ ਬਾਹਰਲੀ ਪੱਤਰਕਾਰੀ ਬਾਰੇ ਮੁੱਲਵਾਨ ਟਿੱਪਣੀਆਂ ਕੀਤੀਆਂ ਓਥੇ ਗ਼ਦਰ ਪਾਰਟੀ ਦੇ ਸਪਤਾਹਿਕ ਪਰਚੇ 'ਗ਼ਦਰ' ਨਾਲ ਜੁੜੇ ਇਤਿਹਾਸ, ਉਦੇਸ਼ ਅਤੇ ਨਿਸ਼ਾਨਿਆਂ ਬਾਰੇ ਵੀ ਭਰਪੂਰ ਚਾਨਣਾ ਪਾਇਆ। ਉਹਨਾਂ ਸਪੱਸ਼ਟ ਕੀਤਾ ਕਿ ਇਹ 'ਗ਼ਦਰ' ਪਰਚੇ ਦਾ ਹਰਮਨ ਪਿਆਰਾ ਹੋਣਾ ਹੀ ਸੀ ਜਿਸ ਕਾਰਨ ਗ਼ਦਰੀਆਂ ਦੀ ਜਥੇਬੰਦੀ, ਹਿੰਦੀ ਐਸੌਸੀਏਸ਼ਨ ਆਫ਼ ਪੈਸਿਫਕ ਕੋਸਟ ਦਾ ਨਾਮ 'ਗ਼ਦਰ ਪਾਰਟੀ' ਹੋ ਗਿਆ। ਉਹਨਾਂ ਦੱਸਿਆ ਕਿ ਗ਼ਦਰ ਪਰਚਾ ਇੱਕ ਧਰਮ-ਨਿਰਪੱਖ, ਅਫਿਰਕੂ ਤੇ ਇਨਕਲਾਬੀ ਜਮਹੂਰੀ ਅਖਬਾਰ ਸੀ ਜੋ ਹਜ਼ਾਰਾਂ ਦੀ ਗਿਣਤੀ 'ਚ ਛਪਦਾ ਸੀ ਅਤੇ ਇਕ ਸਮੇਂ ਲੱਗਭੱਗ 1ਲੱਖ ਦੀ ਗਿਣਤੀ ਨੇੜੇ ਪੁੱਜ ਗਿਆ ਸੀ। ਗ਼ਦਰ ਦੇ ਪਾਠਕ ਵਰਗ ਦਾ ਘੇਰਾ ਅਮਰੀਕਾ ਦੇ ਇੱਕ ਦੋ ਦੇਸ਼ਾਂ ਤੱਕ ਹੀ ਸੀਮਤ ਨਹੀਂ ਸੀ ਸਗੋਂ ਸੰਸਾਰ ਦੇ ਉਹਨਾਂ ਸਭ ਦੇਸ਼ਾਂ ਤੱਕ ਪਸਰਿਆ ਹੋਇਆ ਸੀ ਜਿੱਥੇ ਰਹਿੰਦੇ ਭਾਰਤੀ ਮਜ਼ਦੂਰੀ ਜਾਂ ਹੋਰ ਕੰਮ-ਕਾਰ ਕਰਦੇ ਸਨ। ਉਹਨਾਂ ਦੱਸਿਆ ਕਿ ਮਗਰੋਂ ਜਾ ਕੇ ਭਾਵੇਂ ਪਾਰਟੀ 'ਚ ਕਾਰਜਕਾਰੀ ਪੱਧਰ ਤੇ ਦੋ ਧੜੇ ਬਣ ਜਾਣ ਕਾਰਨ 'ਗਦਰ' ਪਰਚਾ ਇੱਕ ਤੋਂ ਦੋ ਹੋ ਗਿਆ ਪਰ ਇਸਦੀ ਵਿਚਾਰਧਾਰਾ ਅਤੇ ਨਿਸ਼ਾਨਿਆਂ 'ਚ ਸਦਾ ਇਕਸੁਰਤਾ ਰਹੀ। ਇਸ ਸੈਸ਼ਨ ਦੌਰਾਨ ਬਹਿਸ ਦਾ ਆਰੰਭ ਪ੍ਰਿੰਸੀਪਲ ਸਰਵਣ ਸਿੰਘ ਹੁਰਾਂ ਨੇ ਅਪਣੀਆਂ ਟਿੱਪਣੀਆਂ ਨਾਲ ਕੀਤਾ ਅਤੇ ਸਟੇਜ ਦੀ ਸੰਚਾਲਨਾ ਪ੍ਰੋ: ਜਾਗੀਰ ਕਾਹਲੋਂ ਜੀ ਨੇ ਕੀਤੀ।
    ਗ਼ਦਰ ਲਹਿਰ ਦੀ ਕਵਿਤਾ ਬਾਰੇ ਜਦੋਂ ਵੈਨਕੂਵਰ ਤੋਂ ਪੁੱਜੇ ਵਿਦਵਾਨ ਡਾ. ਸਾਧੂ ਸਿੰਘ ਹੁਰਾਂ ਨੇ ਅਪਣੇ ਕੀਲਣੇ-ਕਾਵਿਮਈ ਅੰਦਾਜ਼ 'ਚ ਗੱਲ ਛੋਹੀ ਤਾਂ ਹਾਲ 'ਚ ਮੌਜੂਦ ਸਰੋਤੇ ਮੰਤਰ-ਮੁਗਧ ਹੋ ਗਏ ਜਾਪੇ। ਡਾ. ਸਾਧੂ ਸਿੰਘ ਹੁਰਾਂ ਨੇ ਜਿੱਥੇ ਗ਼ਦਰੀ ਕਵਿਤਾ ਵਿਚਲੀ ਵਿਚਾਰਧਾਰਾ ਅਤੇ ਪਹੁੰਚ ਬਾਰੇ ਵਿਦਵਤ ਖੁਲਾਸੇ ਕੀਤੇ ਓਥੇ ਉਹਨਾਂ ਨੇ ਇਸ ਵਿਚਲੀ ਕਾਵਿਕਤਾ ਨੂੰ ਸਮੇਂ ਦੇ ਦਿਲ ਚੋਂ ਨਿਕਲੀ ਹੂਕ ਵਜੋਂ ਸਥਾਪਿਤ ਕਰਦਿਆਂ ਇਸਦੇ ਗ਼ਦਰ ਪਾਰਟੀ ਪਰਚਾਰ ਲਈ ਕਿਸੇ ਕਾਰਗਰ ਹਥਿਆਰ ਵਰਗੀ ਹੋਣ ਦੀ ਬਾਤ ਵੀ ਪਾਈ। ਪਹਿਲੇ ਸਾਲ ਭਰ ਦੇ ਅੰਕਾਂ 'ਚ ਛਪੀਆਂ ਕਵਿਤਾਵਾਂ ਨੂੰ ਕਰਤਾਰ ਸਿੰਘ ਸਰਾਭਾ ਦੀ ਹਥ-ਲਿਖਤ 'ਚ 'ਗ਼ਦਰ ਦੀ ਗੂੰਜ' ਨਾਮ ਹੇਠ ਕਿਤਾਬਚੇ ਦੀ ਸ਼ਕਲ ਦਿੱਤੀ ਗਈ ਜਿਸ ਦੀਆਂ ਪਹਿਲੀਆਂ 10ਹਜ਼ਾਰ ਕਾਪੀਆਂ ਹੱਥੋ ਹੱਥੀ ਵਿਕ ਗਈਆਂ। ਇਹਨਾਂ ਸਭ ਕਵਿਤਾਵਾਂ 'ਚ ਗ਼ਦਰ ਪਾਰਟੀ ਦੀ ਨੀਤੀ ਅਤੇ ਨਿਸ਼ਾਨਿਆਂ ਦੀ ਸਾਂਝੀ ਤੰਦ ਪ੍ਰਤੱਖ ਸੀ ਅਤੇ ਕਿਸੇ ਵੀ ਕਵੀ ਨੇ ਅਪਣਾ ਅਸਲੀ ਨਾਮ ਵਰਤਣ ਦੀ ਥਾਂ ਗ਼ਦਰੀ ਯੁੱਧ ਨੂੰ ਹੋਰ ਪ੍ਰਚੰਡ ਕਰਨ ਲਈ ਜੰਗਜੂ ਅਤੇ ਬਾਗੀ ਉਪਨਾਮਾਂ ਨੂੰ ਤਰਜ਼ੀਹ ਦਿੱਤੀ। ਕੁਝ ਲੋਕ ਜੋ ਓਦੋਂ ਤੇ ਹੁਣ ਗ਼ਦਰ ਕਾਵਿ ਵਿਚਲੀਆਂ ਕਵਿਤਾਵਾਂ ਦੀ ਖੁਰਧਰੀ, ਪੇਂਡੂ ਬੋਲੀ ਤੇ ਇਤਰਾਜ਼ ਕਰਦੇ ਹਨ ਉਹ ਇਹ ਭੁੱਲ ਜਾਂਦੇ ਹਨ ਕਿ ਉਹੀ ਬੰਦਾ ਜਿਸਨੇ ਕੈਨੇਡੀਅਨ ਤੇ ਅਮਰੀਕੀ ਸਰਕਾਰਾਂ ਵਲੋਂ ਤਿੱਖੀ ਬੇਇੱਜ਼ਤੀ, ਅਪਮਾਨਜਨਕ ਨਮੋਸ਼ੀ ਦੇ ਨਸ਼ਤਰ ਖੁਦ ਸਹੇ ਹੋਣ ਉਸਦੀ ਹੂਕ ਵਿਚਲਾ ਖੁਰਧਰਾਪਨ ਤਾਂ ਖਾਲਿਸ ਰੂਪ 'ਚ ਆਜ਼ਾਦੀ ਪ੍ਰਾਪਤੀ ਲਈ ਦੁਰਵਰਤਾਓ ਦਾ ਪ੍ਰਤੀਉੱਤਰ ਸੀ, ਮਨੁੱਖੀ ਅਣਖ ਤੇ ਹੱਕ ਸੱਚ ਦੀ ਆਵਾਜ਼ ਸੀ। ਇਸ ਸੈਸ਼ਨ ਦੌਰਾਨ ਬਹਿਸ ਦਾ ਆਰੰਭ ਡਾ. ਸੁਰਿੰਦਰ ਧੰਜਲ ਨੇ ਅਪਣੀਆਂ ਟਿੱਪਣੀਆਂ ਨਾਲ ਕੀਤਾ ਅਤੇ ਸਟੇਜ ਦੀ ਸੰਚਾਲਨਾ ਕੁਲਵਿੰਦਰ ਖਹਿਰਾ ਜੀ ਨੇ ਸੰਭਾਲੀ।
    ਲੰਚ ਬਰੇਕ ਮਗਰੋਂ ਗ਼ਦਰ ਸ਼ਤਾਬਦੀ ਕਮੇਟੀ ਟਰਾਂਟੋ ਵਲੋਂ ਪ੍ਰਕਾਸ਼ਿਤ ਦੋ ਪੁਸਤਕਾਂ 'ਗ਼ਦਰੀ ਬਾਬੇ ਕੌਣ ਸਨ?' ਅੰਗ੍ਰੇਜ਼ੀ ਅਤੇ ਪੰਜਾਬੀ ਰਿਲੀਜ਼ ਕੀਤੀਆਂ ਗਈਆਂ। ਪੁਸਤਕਾਂ ਨੂੰ ਸ਼ਤਾਬਦੀ ਕਮੇਟੀ ਮੈਂਬਰਾਂ ਅਤੇ ਬਾਹਰੋਂ ਆਏ ਮਹਿਮਾਨਾਂ ਨੇ ਰਲਕੇ ਰਿਲੀਜ਼ ਕੀਤਾ। ਵਰਨਣਯੋਗ ਹੈ ਕਿ ਜਿੱਥੇ 'ਗ਼ਦਰੀ ਬਾਬੇ ਕੌਣ ਸਨ?' ਪੁਸਤਕ ਨੂੰ ਮੂਲ ਰੂਪ 'ਚ ਡਾ.ਵਰਿਆਮ ਸਿੰਘ ਸੰਧੂ ਹੁਰਾਂ ਵਲੋਂ ਲਿਖਿਆ ਗਿਆ ਹੈ ਓਥੇ ਇਸਦਾ ਅੰਗ੍ਰੇਜ਼ੀ ਅਨੁਵਾਦ ਪ੍ਰਸਿੱਧ ਕਵੀ ਅਤੇ ਲੇਖਕ ਇਕਬਾਲ ਰਾਮੂੰਵਾਲੀਆ ਵਲੋਂ ਕੀਤਾ ਗਿਆ ਹੈ। ਸਮਾਗਮ ਦੌਰਾਨ ਸ਼ਤਾਬਦੀ ਕਮੇਟੀ ਵਲੋਂ ਇਕਬਾਲ ਸੁੰਬਲ ਹੁਰਾਂ ਨੇ ਤਿੰਨ ਮਤੇ ਵੀ ਲੋਕਾਂ ਸਾਹਵੇਂ ਰੱਖੇ ਗਏ ਜਿਹਨਾਂ ਦੀ ਪ੍ਰਵਾਨਗੀ ਸਭਨਾਂ ਨੇ ਦਿੱਤੀ। ਇਹ ਮਤੇ ਸਨ:
    1. ਕੈਨੇਡਾ ਦੀ ਹਾਰਪਰ ਸਰਕਾਰ ਦੇ ਇੰਮੀਗਰੇਸ਼ਨ ਮੰਤਰੀ ਜੇਸਨ ਕੈਨੀ ਨੇ ਜੋ ਨਵਾਂ ਕਾਨੂੰਨ ਲਾਗੂ ਕੀਤਾ ਹੈ ਉਹ ਸਪੱਸ਼ਟ ਰੂਪ 'ਚ ਨਸਲਵਾਦੀ ਹੈ। ਇਸ ਅਨੁਸਾਰ 1 ਲੱਖ 65 ਹਜ਼ਾਰ ਅਰਜੀਆਂ ਦੋ ਸਾਲ ਲਈ ਮੁਲਤਵੀ ਕਰਨਾ, ਸੁਪਰਵੀਜ਼ਾ ਲਾਗੂ ਕਰਨਾ ਅਤੇ ਪਰਵਾਸੀ ਬਣਨ ਲਈ ਸਖ਼ਤ ਸ਼ਰਤਾਂ ਨਿੰਦਣਯੋਗ ਹਨ। ਇਹਨਾਂ ਅਨੁਸਾਰ ਪਰਿਵਾਰਾਂ ਨੂੰ ਏਥੇ ਮੰਗਵਾਉਣ ਦੀ ਪਾਲਿਸੀ 1908 ਦੇ ਸਮੇਂ ਦੀ ਯਾਦ ਦੁਆਉਂਦੀ ਹੈ ਜਿਸਦੇ ਵਿਰੁੱਧ ਗ਼ਦਰ ਪਾਰਟੀ ਨੇ ਸੰਘਰਸ਼ ਲੜਿਆ ਅਤੇ ਜਿੱਤਿਆ। ਅੱਜ ਵੀ ਉਸੇ ਘੋਲ ਦੀ ਲੋੜ ਹੈ। ਅਸੀਂ ਏਕਤਾ ਸਹਿਤ ਇਸ ਕਾਨੂੰਨ ਦੀ ਨਿਖੇਧੀ ਕਰਦੇ ਹੋਏ ਅੱਜ ਦੀ ਇਸ ਇੱਕਤਰਤਾ ਰਾਹੀਂ ਇਸ ਕਾਨੂੰਨ ਵਿੱਚ ਤਬਦੀਲੀ ਦੀ ਮੰਗ ਕਰਦੇ ਹਾਂ।
    2. ਇਹ ਹਕੀਕਤ ਹੈ ਕਿ ਗ਼ਦਰੀ ਬਾਬਿਆਂ ਦੇ ਸੁਪਨਿਆਂ ਦਾ ਰਾਜ ਤੇ ਸਮਾਜ ਅੱਜ ਤੀਕ ਕਾਇਮ ਨਹੀਂ ਹੋ ਸਕਿਆ। ਅੱਜ ਵੀ ਸਥਾਪਤੀ ਵਲੋਂ ਘੱਟ-ਗਿਣਤੀਆਂ, ਕੌਮੀਅਤਾਂ ਅਤੇ ਕੈਨੇਡਾ ਦੇ ਮੂਲਵਾਸੀ ਲੋਕਾਂ (ਨੇਟਿਵ ਕੈਨੇਡੀਅਨਜ਼) ਦੀਆਂ ਇੱਛਾਵਾਂ ਅਤੇ ਘੋਲਾਂ ਨੂੰ ਦਬਾਇਆ ਜਾ ਰਿਹਾ ਹੈ। ਅੱਜ ਦੀ ਇਕੱਤਰਤਾ ਇਹਨਾਂ ਘੋਲਾਂ ਦਾ ਸਮਰਥਨ ਕਰਦੀ ਹੈ।
    3. ਕੈਨੇਡਾ ਦੇ ਆਦਿ-ਵਾਸੀ ਲੋਕ ਏਥੇ ਹਜ਼ਾਰਾਂ ਸਾਲਾਂ ਤੋਂ ਰਹਿ ਰਹੇ ਹਨ ਅਤੇ ਉਹਨਾਂ ਦਾ ਇਤਹਾਸ ਓਨਾਂ ਹੀ ਪੁਰਾਣਾ ਹੈ। ਬਰਤਾਨਵੀ ਬਸਤੀਵਾਦੀਆਂ ਵਲੋਂ ਉਹਨਾਂ ਤੇ ਅਤਿਅੰਤ ਅਤਿਆਚਾਰਾਂ ਰਾਹੀਂ ਉਹਨਾਂ ਨੂੰ ਅਪਣੀਆਂ ਜਾਇਦਾਦਾਂ ਤੇ ਹੱਕਾਂ ਤੋਂ ਵਾਂਝੇ ਕੀਤਾ ਗਿਆ ਹੈ। ਏਥੋਂ ਤੱਕ ਕਿ ਉਹਨਾਂ ਦੀਆਂ ਕਿਸੇ ਸਮੇਂ ਪ੍ਰਫੁੱਲਤ 52 ਜ਼ੁਬਾਨਾਂ ਵਿੱਚੋਂ ਸਿਰਫ਼ 8 ਹੀ ਰਹਿ ਗਈਆਂ ਹਨ। ਨਸਲਕੁਸ਼ੀ ਰਾਹੀਂ ਉਹਨਾਂ ਦੀਆਂ ਕਈ ਪੀੜ੍ਹੀਆਂ ਦਾ ਘਾਣ ਕਰ ਦਿੱਤਾ ਗਿਆ ਹੈ। ਅੱਜ ਦੀ ਇਹ ਇਕੱਤਰਤਾ ਕੈਨੇਡੀਅਨ ਆਦਿ-ਵਾਸੀ ਲੋਕਾਂ ਵਲੋਂ ਅਪਣੇ ਹੱਕਾਂ ਲਈ ਕੀਤੇ ਜਾ ਰਹੇ ਸੰਘਰਸ਼ ਦੀ ਹਮਾਇਤ ਕਰਦੀ ਹੈ ਅਤੇ ਅਸੀਂ ਇਹ ਆਸ ਰੱਖਦੇ ਹਾਂ ਕਿ ਉਹ ਅਪਣੇ ਸੰਘਰਸ਼ ਨੂੰ ਜਾਰੀ ਰੱਖਣ।
    ਛੋਟੇ ਜਿਹੇ ਵਕਫੇ ਉਪਰੰਤ ਕਵੀ ਦਰਬਾਰ ਦਾ ਆਰੰਭ ਹੋਇਆ ਜਿਸ ਦੀ ਪ੍ਰਧਾਨਗੀ ਸ਼ਹੀਦ ਭਗਤ ਸਿਂਘ ਹੁਰਾਂ ਦੇ ਭਤੀਜੇ ਕਿਰਨਜੀਤ ਸਿੰਘ (ਭਾਰਤ), ਡਾ. ਰਘੁਬੀਰ ਸਿਰਜਣਾ (ਚੰਡੀਗੜ੍ਹ), ਡਾ. ਸਾਧੂ ਸਿੰਘ (ਬੀ.ਸੀ), ਡਾ. ਸੁਰਿੰਦਰ ਧੰਜਲ (ਕੈਮਲੂਪਸ) ਨੇ ਸਾਂਝੇ ਤੌਰ ਤੇ ਕੀਤੀ। ਪੇਸ਼ ਹੋਏ ਕਵੀਆਂ 'ਚ ਟਰਾਂਟੋ ਅਤੇ ਆਸ ਪਾਸ ਦੇ ਸ਼ਾਇਰਾਂ ਦੇ ਨਾਲ ਨਾਲ ਬਾਹਰੋਂ ਆਏ ਮਹਿਮਾਨ ਸ਼ਾਇਰਾਂ ਨੇ ਵੀ ਅਪਣੀਆਂ ਕਵਿਤਾਵਾਂ ਪੇਸ਼ ਕੀਤੀਆਂ ਜਿਹਨਾਂ 'ਚ, ਹਰਚੰਦ ਬਾਸੀ, ਗੁਰਦੇਵ ਚੌਹਾਨ,ਇਕਬਾਲ ਰਾਮੂੰਵਾਲੀਆ, ਸੁਰਿੰਦਰ ਧੰਜਲ, ਹਰਜੀਤ ਬੇਦੀ, ਨੀਟਾ ਬਲਵਿੰਦਰ, ਸੁਰਜੀਤ ਕੌਰ, ਰਾਜਪਾਲ ਬੋਪਾਰਾਏ,ਮਲੂਕ ਕਾਹਲੋਂ, ਜਾਗੀਰ ਕਾਹਲੋਂ, ਬੀ.ਐਸ ਧਾਲੀਵਾਲ, ਗੁਰਬਚਨ ਚਿੰਤਕ, ਸੁਖਮਿੰਦਰ ਰਾਮਪੁਰੀ, ਡਾ. ਬਲਜਿੰਦਰ ਸੇਖੋਂ, ਅਵਤਾਰ ਸਿੰਘ ਅਰਸ਼ੀ, ਹਰਜੀਤ ਭੰਵਰਾ, ਹਰਮੇਸ਼ ਸਿੰਘ, ਐਡਵੋਕੇਟ ਬੁੱਟਰ, ਪਰਮਜੀਤ ਢਿੱਲੋਂ, ਵਰਿਆਮ ਸਿੰਘ ਸੰਧੂ ਅਤੇ ਉਂਕਾਰਪ੍ਰੀਤ ਆਦਿ ਸ਼ਾਮਿਲ ਸਨ। ਇਸ ਦੌਰਾਨ ਸਟੇਜ ਦੀ ਜ਼ਿੰਮੇਂਵਾਰੀ ਕੁਲਵਿੰਦਰ ਖਹਿਰਾ ਨੇ ਕੀਤੀ।
    ਸਵੇਰੇ 9 ਵਜੇ ਸ਼ੁਰੂ ਹੋਈ ਇਹ ਇਤਹਾਸਕ ਗ਼ਦਰੀ ਕਾਨਫ਼ਰੰਸ ਸ਼ਾਮੀਂ 6 ਵਜੇ ਤੀਕ ਚੱਲੀ ਜਿਸ 'ਚ ਟਰਾਂਟੋ ਅਤੇ ਆਸ ਪਾਸ ਦੇ ਲੇਖਕ, ਚਿੰਤਕ, ਕਲਾਕਾਰ, ਮੀਡੀਆਕਾਰ, ਵੱਖ ਵੱਖ ਅਗਾਂਹਵਧੂ ਜਥੇਬੰਦੀਆਂ ਦੇ ਮੈਂਬਰ ਅਤੇ ਕਾਰਕੁੰਨ ਹੁਮ-ਹੁਮਾ ਕੇ ਪੁੱਜੇ। ਕਾਨਫਰੰਸ ਜੋਗਿੰਦਰ ਗਰੇਵਾਲ ਦੇ ਧੰਨਵਾਦੀ ਸੰਬੋਧਨ ਨਾਲ ਸਮਾਪਿਤ ਹੋਈ। ਪ੍ਰੋਗਰਾਮ ਦੌਰਾਨ ਪੁਸਤਕਾਂ ਦੇ ਸਟਾਲਾਂ ਤੇ ਭਰਪੂਰ ਗਹਿਮਾ ਗਹਿਮੀ ਰਹੀ। ਚਾਹ ਪਾਣੀ ਅਤੇ ਲੰਗਰ ਦਾ ਅਤੁੱਟ ਪ੍ਰਵਾਹ ਸਾਰਾ ਦਿਨ ਚਲਦਾ ਰਿਹਾ।
    ਕੁੱਲ ਮਿਲਾ ਕੇ ਗ਼ਦਰ ਸ਼ਤਾਬਦੀ ਕਮੇਟੀ ਵਲੋਂ ਆਯੋਜਿਤ ਇਹ ਤਿੰਨ ਦਿਨਾ ਸਮਾਗਮ ਲੋਕਾਂ ਦੇ ਚੇਤਿਆਂ 'ਚ ਗ਼ਦਰੀ ਸੰਘਰਸ਼ ਨੂੰ ਉਭਾਰਨ ਅਤੇ ਨਵਿਆਉਣ ਵਿੱਚ ਬੇਹੱਦ ਸਫ਼ਲ ਰਹੇ। ਇਤਹਾਸਕ ਅਤੇ ਵਿਰਾਸਤੀ ਇਨਕਲਾਬੀ ਚੇਤਨਾ ਦੇ ਨਾਲ ਨਾਲ ਇਹਨਾਂ ਸਮਾਗਮਾਂ ਨੇ ਇਸ ਚੇਤਨਾ ਦੀ ਅਜੋਕੇ ਸਮੇਂ 'ਚ ਸਾਰਥਕਤਾ ਅਤੇ ਲੋੜ ਨੂੰ ਬਾਖੂਬੀ ਉਜਾਗਰ ਕਰਕੇ ਲੋੜੀਂਦੇ ਲੋਕ-ਪੱਖੀ ਸੰਘਰਸ਼ ਲਈ ਇੱਕ ਸਾਂਝਾ ਮੰਚ ਵੀ ਤਿਆਰ ਕੀਤਾ। ਗ਼ਦਰ ਪਾਰਟੀ ਦੇ ਸ਼ਤਾਬਦੀ ਸਥਾਪਨਾ ਵਰ੍ਹੇ ਨੂੰ ਸਮਰਪਿਤ ਇਸ ਇਤਹਾਸਕ ਸਮਾਗਮ ਦੇ ਵਰਕੇ ਸਦਾ ਲਈ ਲੋਕ ਚੇਤਿਆਂ 'ਚ ਅਪਣੇ ਮਾਣਮੱਤੇ ਇਨਕਲਾਬੀ ਵਿਰਸੇ ਦੀ ਬਾਤ ਪਾਉਂਦੇ ਰਹਿਣਗੇ।

    ਉਂਕਾਰਪ੍ਰੀਤ