ਵਕਤ ਨੇ ਐਸਾ ਰੁਆਇਆ ਗੀਤ ਗਾਉਣਾ ਭੁਲ ਗਿਆ |
ਦਰਦ ਨੇ ਐਸਾ ਸਤਾਇਆ ਮੁਸਕਰਾਉਣਾ ਭੁਲ ਗਿਆ |
ਭੁਲ ਗਿਆ ਹੈ ਆਦਮੀ ਦੋ ਬੋਲ ਮਿੱਠੇ ਬੋਲਣੇ ,
ਜ਼ਿੰਦਗੀ ਨੂੰ ਜ਼ਿੰਦਗੀ ਵਾਂਗੂੰ ਹੰਢਾਉਣਾ ਭੁਲ ਗਿਆ |
ਫਾਸਲਾ ਕਿਉੁਂ ਰੱਖਦਾ ਹੈਂ ਯਾਰ ਬਣ ਕੇ ਯਾਰ ਤੋਂ ,
ਘੁੱਟ ਕੇ ਕਿਉਂ ਯਾਰ ਸੀਨੇ ਨਾਲ ਲਾਉਣਾ ਭੁਲ ਗਿਆ |
ਯਾਦ ਤੇਰੀ ਨੇ ਸਤਾਇਆ ਦੋਸਤਾ ਕੁਝ ਇਸ ਤਰ੍ਹਾਂ ,
ਖਾਣਾ ,ਪੀਣਾ, ਪਹਿਨਣਾ,ਹਸਣਾ ਹਸਾਉਣਾ ਭੁਲ ਗਿਆ |
ਨਫ਼ਰਤਾਂ ਦਾ ਨਾਗ ਜ਼ਹਿਰੀ ਉਸ ਜਗਾਇਆ ਕਾਸਤੋਂ ,
ਕਿਉਂ ਮੁਹੱਬਤ ਦਾ ਕੋਈ ਜਜ਼ਬਾ ਜਗਾਉਣਾ ਭੁਲ ਗਿਆ |
ਰੋਜ਼ ਹੀ ਰੁਜ਼ਗਾਰ ਖਾਤਿਰ ਭਟਕਦਾ ਸੈਂ ਦਰ -ਬ-ਦਰ ,
ਉਹ ਸਮਾਂ ਹੁਣ ਤੂੰ ਖਿਆਲਾਂ ਵਿਚ ਲਿਆਉਣਾ ਭੁਲ ਗਿਆ |
ਦੋਸਤਾ ਤੂੰ ਦੋਸਤੀ ਨੂੰ ਪਰਖਿਆ ਹੈ ਸਾਣ ਤੇ ,
ਦੋਸਤੀ ਨੂੰ ਦੋਸਤੀ ਵਾਗੂੰ ਨਿਭਾਉਣਾ ਭੁਲ ਗਿਆ |
ਭਾਅ ਆਟੇ ਦਾਲ਼ ਦਾ ਪੁਛਣਾ ਪਿਆ ਸੀ ਜਦ ਉਨੂੰ ,
ਬਸ ਉਦੋਂ ਤੋਂ ਹੀ ਵਿਚਾਰਾ ਮੁਸਕਰਾਉਣਾ ਭੁਲ ਗਿਆ |
ਬਾਪ ਦਾਦੇ ਦੀ ਕਮਾਈ ਜੋ ਜਨਮ ਤੋਂ ਖਾ ਰਿਹੈ ,
ਬਾਪ ਦਾਦੇ ਦਾ ਜਨਮ ਦਿਨ ਓਹ ਮਨਾਉਣਾ ਭੁਲ ਗਿਆ |
ਆਦਮੀ ਨੇ ਰਿਸ਼ਤਿਆਂ ਨੰ ਤੋੜਿਆ ਹੈ ਇਸ ਕਦਰ ,
ਜ਼ਿੰਦਗੀ ਵਿਚ ‘ ਤੂਰ ’ ਹੁਣ ਰੁਸਣਾ ਮਨਾਉਣਾ ਭੁਲ ਗਿਆ |