ਖ਼ਬਰਸਾਰ

  •    ਪਰਸ਼ੋਤਮ ਲਾਲ ਸਰੋਏ ਦੀ ਪੁਸਤਕ 'ਮਾਲਾ ਦੇ ਮਣਕੇ' ਰਿਲੀਜ਼ / ਪੰਜਾਬੀ ਲਿਖਾਰੀ ਸਭਾ (ਰਜਿ:), ਜਲੰਧਰ
  •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਵੱਲੋਂ ਸੈਮੀਨਾਰ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  •    ਭਾਈ ਸਾਧੂ ਸਿੰਘ ਧੰਮੂ ਦਾ ਸਨਮਾਨ / ਸਾਹਿਤ ਸਭਾ ਬਾਘਾ ਪੁਰਾਣਾ
  •    ਟਰਾਂਟੋ ਵਿੱਚ ਤਿੰਨ ਦਿਨਾਂ ਗ਼ਦਰ ਸ਼ਤਾਬਦੀ ਸਮਾਗਮ / ਪੰਜਾਬੀਮਾਂ ਬਿਓਰੋ
  •    ‘ਕੁੜੀਆਂ ਤੇ ਕਵਿਤਾਵਾਂ’ ਪੁਸਤਕ ਲੋਕ ਅਰਪਣ / ਪੰਜਾਬੀਮਾਂ ਬਿਓਰੋ
  •    ਤਨਦੀਪ ਤਮੰਨਾ ਦਾ ਕਾਵਿ-ਸੰਗ੍ਰਹਿ 'ਇਕ ਦੀਵਾ ਇਕ ਦਰਿਆ' ਰਿਲੀਜ਼ / ਪੰਜਾਬੀਮਾਂ ਬਿਓਰੋ
  •    ਬੀ ਸੀ ਕਲਚਰਲ ਫਾਊਂਡੇਸ਼ਨ ਵੱਲੋਂ ਪੁਸਤਕ ਰੀਲੀਜ਼ ਸਮਾਗਮ / ਬੀ ਸੀ ਕਲਚਰਲ ਫਾਊਂਡੇਸ਼ਨ
  •    ਜਾਰਜ ਮੈਕੀ ਲਾਇਬ੍ਰੇਰੀ ਡੈਲਟਾ ਵਿਚ ਇਕ ਰੰਗਲੀ ਕਾਵਿ-ਸ਼ਾਮ / ਪੰਜਾਬੀਮਾਂ ਬਿਓਰੋ
  •    ਪੰਜਾਬੀ ਸਾਹਿਤ ਸਭਾ, ਸੰਦੌੜ ਦੀ ਮਹੀਨਾਵਾਰ ਇਕੱਤਰਤਾ / ਪੰਜਾਬੀ ਸਾਹਿਤ ਸਭਾ, ਸੰਦੌੜ
  •    ਸਿਰਜਣਧਾਰਾ ਵੱਲੋਂ ਦੋ ਸਮਾਗਮਾਂ ਵਿਚ ਪੁਸਤਕਾਂ ਲੋਕ ਅਰਪਣ / ਸਿਰਜਣਧਾਰਾ
  •    ਪੰਜਾਬੀ ਸਾਹਿਤ ਅਕੈਡਮੀ ਨਿਊਯਾਰਕ ਦੀ ਸੱਤਵੀਂ ਵਰ੍ਹੇ-ਗੰਢ ਮਨਾਈ / ਪੰਜਾਬੀ ਸਾਹਿਤ ਅਕੈਡਮੀ,ਨਿਊਯਾਰਕ
  • ਬੀ ਸੀ ਕਲਚਰਲ ਫਾਊਂਡੇਸ਼ਨ ਵੱਲੋਂ ਪੁਸਤਕ ਰੀਲੀਜ਼ ਸਮਾਗਮ (ਖ਼ਬਰਸਾਰ)


    ਸਰੀ -- 20 ਜੁਲਾਈ, ਸ਼ਨਿੱਚਰਵਾਰ ਨੂੰ ਬੀ ਸੀ ਕਲਚਰਲ ਫਾਊਂਡੇਸ਼ਨ ਵੈਨਕੂਵਰ ਵੱਲੋਂ ਚੇਤਨਾ ਪਰਕਾਸ਼ਨ ਲੁਧਿਆਣਾ ਦੇ ਸਹਿਯੋਗ ਨਾਲ ਇਕ ਪੁਸਤਕ ਰੀਲੀਜ਼ ਸਮਾਗਮ ਕਰਵਾਇਆ ਗਿਆ। ਰੀਲੀਜ਼ ਹੋਣ ਵਾਲੀਆਂ ਤਿੰਨ ਪੁਸਤਕਾਂ ਸਨ, ਨਦੀਮ ਪਰਮਾਰ ਦੇ ਨਾਵਲ 'ਇੰਦਰ ਜਲ' ਦਾ ਦੂਜਾ ਅਡੀਸ਼ਨ। ਡਾ. ਸੁਰਜੀਤ ਬਰਾੜ ਵੱਲੋਂ ਸੰਪਾਦਿਤ ਕੀਤੀ ਹੋਈ ਅਲੋਚਨਾ ਦੀ ਪੁਸਤਕ 'ਨਦੀਮ ਪਰਮਾਰ ਦੇ ਨਾਵਲ, ਵਿਭਿਨ ਪਾਸਾਰ ਤੇ ਸਰੋਕਾਰ' ਅਤੇ ਡਾ. ਹਰਸਿਮਰਨ ਸਿੰਘ ਰੰਧਾਵਾ ਦੀ ਸੰਪਾਦਿਤ ਪੁਸਤਕ, 'ਜਰਨੈਲ ਸਿੰਘ ਸੇਖਾ ਦੇ ਨਾਵਲ- ਸਰੋਕਾਰ ਅਤੇ ਵਿਧੀ ਵਿਧਾਨ'। ਪ੍ਰਧਾਨਗੀ ਮੰਡਲ ਵਿਚ ਜਰਨੈਲ ਸਿੰਘ ਆਰਟਿਸਟ, ਵਿਸ਼ੇਸ਼ ਮਹਿਮਾਨ ਨਾਮਵਰ ਸ਼ਾਇਰ ਪਰਮਿੰਦਰ ਸੋਢੀ (ਜਪਾਨ), ਮੁਖ ਮਹਿਮਾਨ ਪ੍ਰਸਿੱਧ ਗਾਇਕ ਸੁਰਿੰਦਰ ਸ਼ਿੰਦਾ, ਨਦੀਮ ਪਰਮਾਰ ਤੇ ਜਰਨੈਲ ਸਿੰਘ ਸੇਖਾ ਬੈਠੇ। ਸਟੇਜ ਦੀ ਕਾਰਵਾਈ ਸਤੀਸ਼ ਗੁਲਾਟੀ ਤੇ ਮੋਹਨ ਗਿੱਲ ਨੇ ਚਲਾਈ।

      ਨਦੀਮ ਪਰਮਾਰ ਨੇ ਆਪਣੀ ਗ਼ਜ਼ਲ ਗਾ ਕੇ ਸਮਾਗਮ ਨੂੰ ਆਰੰਭ ਕੀਤਾ। ਪ੍ਰੋ. ਗੁਰਵਿੰਦਰ ਸਿੰਘ ਧਾਲੀਵਾਲ ਨੇ ਤਿੰਨਾਂ ਪੁਸਤਕਾਂ ਦੀ ਗੱਲ ਕਰਨ ਮਗਰੋਂ ਸੇਖਾ ਜੀ ਨੂੰ ਵਧੀਆ ਨਾਵਲਕਾਰ ਕਹਿੰਦਿਆਂ ਨਦੀਮ ਜੀ ਨੂੰ ਗ਼ਜ਼ਲ ਤੋਂ ਨਾਵਲ ਤੀਕ ਦੇ ਸਫਰ ਨੂੰ ਇਕ ਵੱਡਾ ਕਦਮ ਕਿਹਾ। ਦੋਹਾਂ ਨਾਵਲਕਾਰਾਂ ਦੇ ਨਾਵਲਾਂ ਨੂੰ ਵਿਸ਼ੇ ਪੱਖ ਤੋਂ ਬਹੁਤ ਚੰਗੇ ਨਾਵਲ ਆਖਿਆ ਤੇ ਸਤੀਸ਼ ਗੁਲਾਟੀ ਨੂੰ ਅਜੇਹਾ ਸਾਹਿਤ ਛਾਪਣ 'ਤੇ ਵਧਾਈ ਦਿੱਤੀ। ਇੰਦਰਜੀਤ ਧਾਮੀ ਨੇ ਦੋਹਾਂ ਨਾਵਲਕਾਰਾਂ ਨੂੰ ਵਧਾਈ ਦੇਣ ਉਪਰੰਤ ਨਾਵਲਕਾਰਾਂ ਨਾਲ ਸਬੰਧਤ ਕਵਿਤਾ ਸੁਣਾਈ। ਪ੍ਰਿੰ. ਸੁਰਿੰਦਰਪਾਲ ਕੌਰ ਬਰਾੜ ਨੇ ਜਰਨੈਲ ਸਿੰਘ ਸੇਖਾ ਦੇ ਨਾਵਲਾਂ ਦੀ ਬੋਲੀ ਤੇ ਸ਼ੈਲੀ ਪੱਖੋਂ ਸੇਖਾ ਨੂੰ ਸਮਰੱਥ ਨਾਵਲਕਾਰ ਕਿਹਾ ਤੇ ਨਦੀਮ ਪਰਮਾਰ ਦੇ ਨਾਵਲਾਂ ਦੇ ਦਾਇਰੇ ਦੀ ਵਿਸ਼ਾਲਤਾ ਦਾ ਜ਼ਿਕਰ ਕੀਤਾ। ਇੰਦਰਜੀਤ ਕੌਰ ਸਿੱਧੂ ਨੇ ਕਿਹਾ ਕਿ ਦੋਵਾਂ ਨਾਵਲਕਾਰਾਂ ਨੇ ਆਪਣੀ ਕਲਮ ਨਾਲ ਵੱਡਾ ਸੁਨੇਹਾ ਦਿੱਤਾ ਹੈ। ਬਰਜਿੰਦਰ ਢਿੱਲੋਂ ਨੇ ਦੋਹਾਂ ਨਾਵਲਕਾਰਾਂ ਨੂੰ ਵਧਾਈ ਦੇਣ ਮਗਰੋਂ ਆਪਣੇ ਪਰਚੇ ਵਿਚ ਕਿਹਾ ਕਿ ਇੰਦਰਜਲ ਨਾਵਲ ਦੇ ਸਾਰੇ ਪਾਤਰ ਤੁਰਦੇ ਫਿਰਦੇ ਤੇ ਜਾਣੇ ਪਹਿਚਾਣੇ ਲਗਦੇ ਹਨ। ਡਾ. ਪ੍ਰਿਥੀਪਾਲ ਸੋਹੀ ਨੇ ਦੋਹਾਂ ਨਾਵਲਕਾਰਾਂ ਦੇ ਨਾਵਲਾਂ ਨੂੰ ਗੌਲਣਯੋਗ ਕਹਿ ਕੇ ਉਹਨਾਂ ਦੇ ਨਾਵਲਾਂ ਦੀ ਤਾਰੀਫ ਕੀਤੀ ਤੇ ਨਾਲ ਹੀ ਇਸ ਗੱਲ ਉਪਰ ਜੋਰ ਦਿੱਤਾ ਕਿ ਇਥੋਂ ਦੇ ਜੰਮਪਲ ਬੱਚਿਆਂ ਨੂੰ ਪੰਜਾਬੀ ਸਾਹਿਤ ਨਾਲ ਜੋੜਨ ਲਈ ਯਤਨ ਕਰਨੇ ਚਾਹੀਦੇ ਹਨ। ਮੋਹਨ ਗਿੱਲ ਨੇ ਦੋਹਾਂ ਨਾਵਲਕਾਰਾਂ ਦੇ ਨਾਵਲਾਂ ਵਿਚ ਆਏ ਪਾਤਰਾਂ ਦੀ ਪਾਤਰ ਉਸਾਰੀ ਦੀ ਸ਼ਲਾਘਾ ਕੀਤੀ। ਅਮਰੀਕ ਪਲਾਹੀ ਨੇ ਦੋਹਾਂ ਨਾਵਲਕਾਰਾਂ ਨੂੰ ਜ਼ਿੰਦਗੀ ਦੇ ਯਥਾਰਥ ਨੂੰ ਚਿਤਰਨ ਵਾਲੇ ਕਿਹਾ। ਐਸ. ਅਸ਼ੋਕ ਭੌਰਾ ਨੇ, 'ਚੰਗੇ ਨਾਵਲਾਂ ਉਪਰ ਹੀ ਅਲੋਚਨਾ ਦੀਆਂ ਪੁਸਤਕਾਂ ਛਪਦੀਆਂ ਹਨ', ਕਹਿ ਕੇ ਦੋਹਾਂ ਨਾਵਲਕਾਰਾਂ ਨੂੰ ਵਧਾਈ ਦਿੱਤੀ ਤੇ ਫਿਰ ਕੁਝ ਵਿਅੰਗਾਤਮਿਕ ਕਾਵਿ ਟੋਟਕੇ ਸੁਣਾਏ। ਦੋਹਾਂ ਨਾਵਲਕਾਰਾਂ ਨੂੰ ਵਿਧਾਈਆਂ ਦੇਣ ਵਾਲਿਆਂ ਵਿਚ ਹਿੰਦੀ ਲਿਟਰੇਰੀ ਸੁਸਾਇਟੀ ਦੇ ਪ੍ਰਧਾਨ ਅਚਾਰੀਆ ਦੱਵੇਦੀ, ਪੱਤਰਕਾਰ ਬਖ਼ਸ਼ਿੰਦਰ, ਨਾਵਲਕਾਰ ਹਰਭਜਨ ਹਾਂਸ, ਅਜਾਇਬ ਸਿੰਘ ਹਾਂਸ, ਪਿੰ. ਹਰਚਰਨ ਸਿੰਘ ਪੂਨੀਆ, ਮੋਤਾ ਸਿੰਘ, ਸੁਰਿੰਦਰ ਸਹੋਤਾ, ਨਿਮਰਲ ਗਿੱਲ, ਮੁਹਿੰਦਰ ਸੂਮਲ ਤੇ ਕਈ ਹੋਰ ਸਨ।

    Photo
       ਦੋਹਾਂ ਨਾਵਲਕਾਰਾਂ ਨੂੰ ਵਧਾਈ ਦੇਣ ਦੇ ਨਾਲ ਨਾਲ ਆਪਣੀ ਕਵਿਤਾ ਸੁਣਾਉਣ ਵਾਲੇ ਸ਼ਾਇਰ ਸਨ, ਨਾਮਵਰ ਗ਼ਜ਼ਲਗੋ ਕ੍ਰਿਸ਼ਨ ਭਨੋਟ, ਗਿੱਲ ਮੋਰਾਂ ਵਾਲੀ, ਬਿੱਕਰ ਸਿੰਘ ਖੋਸਾ ਤੇ ਦਵਿੰਦਰ ਪੂਨੀਆ। ਰੁਪਿੰਦਰ ਕੌਰ ਰੂਪੀ ਨੇ ਆਪਣੀ ਸੁਰੀਲੀ ਆਵਾਜ਼ ਵਿਚ ਧਰਤੀ ਤੋਂ ਪ੍ਰਦੂਸ਼ਣ ਨੂੰ ਖਤਮ ਕਰਨ ਦਾ ਸੁਨੇਹਾ ਦਿੰਦਾ ਗੀਤ ਗਾਇਆ। ਦਰਸ਼ਨ ਸੰਘਾ ਨੇ ਆਪਣੀਆਂ ਵਿਅੰਗਾਤਮਿਕ ਬੋਲੀਆਂ ਸੁਣਾ ਕੇ ਸਮਾਗਮ ਵਿਚ ਵੱਖਰਾ ਰੰਗ ਭਰ ਦਿੱਤਾ। ਅੰਗਰੇਜ਼ ਬਰਾੜ ਦੀ ਕਵਿਤਾ ਸਮੇਂ ਦੇ ਸੱਚ ਨੂੰ ਬਿਆਨ ਕਰਦੀ ਸੀ।
       ਸਤੀਸ਼ ਗੁਲਾਟੀ ਨੇ ਰੇਡੀਉ ਹੋਸਟ ਗੁਰਪ੍ਰੀਤ ਸ਼ਿੰਘ ਦੀ ਸ਼ਹੀਦ ਮੇਵਾ ਸਿੰਘ ਬਾਰੇ ਲਿਖੀ ਨਵੀਂ ਪੁਸਤਕ ਦੇ ੨੮ ਜੁਲਾਈ ਨੂੰ, ਫਾਇਰ ਹਾਲ ਡੈਲਟਾ ਵਿਚ, ਹੋਣ ਵਾਲੇ ਰੀਲੀਜ਼ ਸਮਾਗਮ ਅਤੇ ਇੰਦਰਜੀਤ ਕੌਰ ਸਿੱਧੂ ਦੀ ਪੁਸਤਕ 'ਇਹ ਵੀ ਇਤਹਾਸ ਹੀ ਹੈ' ੩ ਅਗਸਤ ਨੂੰ ਪੁਸਤਕ ਮੇਲੇ ਵਾਲੀ ਥਾਂ ਰੀਲੀਜ਼ ਹੋਣ ਬਾਰੇ ਜਾਣਕਾਰੀ ਦਿੱਤੀ। ਫਿਰ ਜਾਪਾਨ ਤੋਂ ਵਿਸ਼ੇਸ਼ ਤੌਰ 'ਤੇ ਸਰੀ ਵਿਖੇ ਸਾਹਿਤ ਸਮਾਗਮਾਂ ਵਿਚ ਹਿੱਸਾ ਲੈਣ ਆਏ ਨਾਮਵਰ ਸ਼ਾਇਰ ਪਰਮਿੰਦਰ ਸੋਢੀ ਦੀ ਸਰੋਤਿਆਂ ਨਾਲ ਜਾਣ ਪਹਿਚਾਣ ਕਰਵਾਈ ਅਤੇ ਉਹਨਾਂ ਦੇ ਹਾਇਕੂ ਤੇ ਤਾਓਇਜ਼ਮ ਵਿਚ ਪਾਏ ਵਿਸ਼ੇਸ਼ ਯੋਗਦਾਨ ਦਾ ਜ਼ਿਕਰ ਵੀ ਕੀਤਾ। ਪਰਮਿੰਦਰ ਸੋਢੀ ਨੇ ਪੁਸਤਕ ਕਲਚਰ ਬਾਰੇ ਗੱਲ ਕਰਦਿਆਂ ਲੇਖਕਾਂ ਨੂੰ ਦੂਸਰੀਆਂ ਭਾਸ਼ਾਵਾਂ ਦੀਆਂ ਚੰਗੀਆਂ ਪੁਸਤਕਾਂ ਪੜ੍ਹਨ ਦਾ ਸੁਝਾ ਦਿੱਤਾ। ਫਿਰ ਉਹਨਾਂ ਦੋਹਾਂ ਨਾਵਲਕਾਰਾਂ ਅਤੇ ਵੱਡੀ ਗਿਣਤੀ ਵਿਚ ਆਏ ਸਰੋਤਿਆਂ ਨੂੰ ਵਧਾਈ ਦਿੱਤੀ ਜਿਹੜੇ ਹਰ ਇਕ ਬੁਲਾਰੇ ਨੂੰ ਬੜੇ ਧਿਆਨ ਨਾਲ ਸੁਣ ਰਹੇ ਸਨ।
      ਗਾਇਕ ਸੁਰਿੰਦਰ ਸ਼ਿੰਦਾ ਨੇ ਆਪਣੀ ਗੱਲ ਸ਼ੁਰੂ ਹੀ ਇਥੋਂ ਕੀਤੀ, "ਜਦੋਂ ਮੈਂ ਸੇਖਾ ਜੀ ਨੂੰ ਪਹਿਲੀ ਵਾਰ ਮਿਲਿਆ ਸੀ ਤਾਂ ਇਹ ਮੈਨੂੰ ਆਪਣੇ ਉਸਤਾਦ ਜਿਹੇ ਲੱਗੇ ਸਨ। ਨਦੀਮ ਜੀ ਦੀਆਂ ਗ਼ਜ਼ਲਾਂ ਤਾਂ ਉਸਤਾਦ ਗਵੱਈਆਂ ਨੇ ਗਾਈਆਂ ਹਨ, ਇਸ ਲਈ ਉਹ ਤਾਂ ਹਨ ਹੀ ਉਸਤਾਦਾਂ ਦੇ ਉਸਤਾਦ। ਦੋਹਾਂ ਲੇਖਕਾਂ ਨੇ ਹੀ ਕਮਾਲ ਦਾ ਲਿਖਿਆ ਹੈ।" ਆਪਣੀ ਗਾਇਕੀ ਦੀ ਸੰਖੇਪ ਜਾਣਕਾਰੀ ਦੇਣ ਮਗਰੋਂ ਉਹਨਾਂ ਆਪਣੀਆਂ ਕਾਵਿ-ਕ੍ਰਿਤਾਂ ਦੇ ਕੁਝ ਅੰਸ਼ ਸੁਣਾਏ ਅਤੇ ਆਪਣੀ ਗੱਲ ਨਦੀਮ ਪਰਮਾਰ ਦੀ ਉਰਦੂ ਗ਼ਜ਼ਲ ਦੇ ਇਸ ਸ਼ਿਅਰ, "ਤੂ ਜਿਸ ਕੇ ਕਾਂਧੋਂ ਪੇ ਪੰਛੀ ਬਨਾ ਸਾ ਉੜਤਾ ਹੈ, ਵਹੀ ਹਵਾ ਤੁਝੇ ਮੱਟੀ ਬਨਾ ਕੇ ਰੱਖ ਦੇਗੀ" ਨਾਲ ਸਮਾਪਤ ਕੀਤੀ।
      ਨਦੀਮ ਪਰਮਾਰ ਨੇ ਆਪਣੀ ਲਿਖਣ ਕਲਾ ਤੇ ਆਪਣੇ ਨਾਵਲਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ, ਖਾਸ ਕਰਕੇ ਆਪਣੇ ਪਾਤਰਾਂ ਬਾਰੇ ਕਿਹਾ ਕਿ ਪਾਤਰਾਂ ਦੀ ਅਸਲੀ ਜ਼ਿੰਦਗੀ ਦਾ ਭੇਦ ਰੱਖਣਾ ਨਾਵਲਕਾਰ ਦਾ ਫਰਜ਼ ਹੁੰਦਾ ਹੈ।
      ਜਰਨੈਲ ਸਿੰਘ ਸੇਖਾ ਨੇ ਨਿੱਕੇ ਨਿੱਕੇ ਕਦਮਾਂ ਨਾਲ ਤੁਰਦੀ ਤੇ ਅੱਗੇ ਵਧਦੀ ਆਪਣੀ ਲੇਖਣੀ ਬਾਰੇ ਸੰਖੇਪ ਜਾਣਕਾਰੀ ਦਿੱਤੀ ਅਤੇ ਆਪਣੀਆਂ ਪੁਸਤਕਾਂ ਦੇ ਪਾਠਕਾਂ ਦਾ ਖਾਸ ਤੌਰ 'ਤੇ ਧੰਨਵਾਦ ਕੀਤਾ।
      ਅੰਤ ਵਿਚ ਜਰਨੈਲ ਸਿੰਘ ਆਰਟਿਸਟ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਪੁਸਤਕ ਮੇਲੇ ਬਾਰੇ ਗੱਲ ਕਰਨ ਮਗਰੋਂ ਏਥੇ ਹੁੰਦੇ ਸਾਹਿਤਕ ਪ੍ਰੋਗਰਾਮਾਂ ਬਾਰੇ ਗੱਲ ਕੀਤੀ। ਉਹਨਾਂ ਨੇ ਦੋਹਾਂ ਲੇਖਕਾਂ, ਸਤੀਸ਼ ਗੁਲਾਟੀ ਅਤੇ ਸਮਾਗਮ ਵਿਚ ਆਈਆਂ ਸਭ ਨਾਮਵਰ ਸ਼ਖਸੀਅਤਾਂ ਦਾ ਧੰਨਵਾਦ ਕੀਤਾ। ਇਹ ਸਮਾਗਮ ਤਿੰਨ ਘੰਟੇ ਨਿਰਵਿਘਨ ਚਲਦਾ ਰਿਹਾ।

     

    ਬਿੱਕਰ ਸਿੰਘ ਖੋਸਾ