ਕਿੰਝ ਬੂਹਾ ਢੋਹਕੇ ਤੂੰ ਕਿਹੜੇ ਰਾਹੀਂ ਤੁਰ ਗਿਆ ,
ਵਾਪਸੀ ਦਾ ਰਾਹ ਤੇਰੇ ਚੇਤਿਆਂ 'ਚੋਂ ਭੁੱਲਿਆ ।
ਲੰਮੀਆਂ ਉਡੀਕਾਂ ਵਿੱਚ ਖੁਦ ਵੀ ਉਡੀਕ ਬਣੀ ,
ਝੂਠ ਜਹੀ ਜਿੰਦਗੀ ਦਾ ਅੱਗਾ ਪਿੱਛਾ ਰੁੱਲਿਆ ।
ਕਾਵਾਂ ਦੀਆਂ ਡਾਰਾਂ ਮੇਰੇ ਵੇਹੜੇ ਉਤੋਂ ਲੰਘ ਗਈਆਂ ,
ਢਹਿੰਦਿਆਂ ਬਨੇਰਿਆਂ 'ਤੇ ਕਾਂ ਵੀ ਨਹੀ ਬੋਲਦੇ ।
ਰਾਹਾਂ ਵਿੱਚ ਮਿੱਟੀ ਉੱਡੇ ਆਉਂਦਾ ਜਾਂਦਾ ਦਿਸਦਾ ਨਹੀਂ ,
ਨੈਣ ਪਰਛਾਵਿਆਂ 'ਚੋਂ ਸੱਚ ਪਏ ਟੋਲਦੇ ।
ਚੁੱਪ ਦੇ ਸੁਨੇਹਿਆਂ ਦਾ ਕੋਈ ਨਹੀਂ ਜਵਾਬ ਦੇਂਦਾ ,
ਲੱਮੀਆਂ ਖਾਮੋਸ਼ੀਆਂ ਤਾਂ ਜਿੰਦਗੀ ਦੀ ਹਾਰ ਏ ।
ਮੰਨ ਦਿਆਂ ਰੋੱਗਾਂ ਲਈ ਕੋਈ ਵੀ ਹਕੀਮ ਨਹੀਂ ,
ਗਿਆਨ ਦਾ ਵੀ ਲੇਖਾ ਸਾਰਾ ਲਗਦਾ ਬੀਮਾਰ ਏ ।
ਚੰਨ ਅਤੇ ਸੂਰਜ ਦੀਆਂ ਦੂਰੀਆਂ ਨੂੰ ਨਾਪਿਆ ,
ਦਿੱਲ ਦੀਆਂ ਦੂਰੀਆਂ ਦਾ ਕੋਈ ਵਿਗਿਆਨ ਨਹੀਂ ।
ਕਿਹੜੀ ਗੱਲੋਂ ਮਾਹੀ ਰਾਹਾਂ 'ਚ ਗਵਾਚ ਜਾਂਦੇ ,
ਕਿਸੇ ਵੀ ਕਿਤਾਬ ਵਿਚ ਇਸ ਦਾ ਗਿਆਨ ਨਹੀਂ ।
ਸੱਚ ਦੀ ਅਵਾਜ਼ ਲਾਈ ਕਿਸੇ ਨਾਂ ਧਿਆਨ ਦਿੱਤਾ ,
ਝੂਠ ਦੇ ਬਹਾਨਿਆਂ 'ਤੇ ਜਿੰਦਗੀ ਨੂੰ ਕੱਟਣਾ ।
ਪਾਣੀ ਉੱਤੇ ਅੱਖਰਾਂ ਦਾ ਕੋਈ ਵੀ ਵਜੂਦ ਨਹੀਂ ,
ਜੀਉਣ ਦਾ ਹਿਸਾਬ ਬੱਸ ਪੱਥਰਾਂ ਨੂੰ ਚੱਟਣਾ ।
ਸਿਖਰ ਦੁਪਹਿਰ ਵੇਲੇ ਦੁੱਪਾਂ ਨੂੰ ਸੀ ਮਾਣਿਆਂ ,
ਸ਼ਾਮ ਵੇਲੇ ਜ਼ਿੰਦਗੀ ਨੇ ਖੇਡ ਸਮਝਾਈ ਏ ।
ਦੂਰ ਖੜਾ ਯਾਰ ਹੱਸੇ ਹੱਥ ਨਹੀਂ ਫੜਾਉਂਦਾ ਹੁਣ ,
ਕੱਚੇ ਰੰਗ ਕੱਚਿਆਂ ਨੇ ਫਿੱਕ ਹੀ ਕਮਾਈ ਏ ।