ਕੁਲਜੀਤ ਕੌਰ ਗ਼ਜ਼ਲ ਦੀਆਂ ਦੋ ਪੁਸਤਕਾਂ 'ਰਾਗ ਮੁਹੱਬਤ' ਤੇ 'ਤਰੇਲ ਜਿਹੇ ਮੋਤੀ' ਰਿਲੀਜ਼

ਲੁਧਿਆਣਾ -- ਸਾਹਿਤਕ ਸੰਸਥਾ ਸਿਰਜਣਧਾਰਾ ਵੱਲੋਂ ਪੰਜਾਬੀ ਸਾਹਿਤ ਅਕਾਡਮੀ ਦੇ ਸਹਿਯੋਗ ਨਾਲ ਪੰਜਾਬੀ ਭਵਨ ਵਿਖੇ ਪੁਸਤਕ ਰਿਲੀਜ਼ ਸਮਾਗਮ ਤੇ ਤ੍ਰੈਭਾਸ਼ੀ ਸਾਵਣ ਕਵੀ ਦਰਬਾਰ ਕਰਵਾਇਆ ਗਿਆ | ਪਹਿਲੇ ਸੈਸ਼ਨ 'ਚ ਪ੍ਰਵਾਸੀ ਨੌਜਵਾਨ ਸ਼ਾਇਰਾ ਕੁਲਜੀਤ ਕੌਰ ਗ਼ਜ਼ਲ ਦੀਆਂ ਦੋ ਪੁਸਤਕਾਂ 'ਰਾਗ ਮੁਹੱਬਤ' (ਕਾਵਿ ਸੰਗ੍ਰਹਿ) ਤੇ 'ਤਰੇਲ ਜਿਹੇ ਮੋਤੀ' (ਗ਼ਜ਼ਲ ਸੰਗ੍ਰਹਿ ਦੂਸਰਾ ਐਡੀਸ਼ਨ) ਰਿਲੀਜ਼ ਕੀਤੀਆਂ ਗਈਆਂ | ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪਦਮ ਸ੍ਰੀ ਸੁਰਜੀਤ ਪਾਤਰ ਸ਼ਾਮਿਲ ਹੋਏ ਜਦੋਂਕਿ ਪ੍ਰਧਾਨਗੀ ਮੰਡਲ 'ਚ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ, ਭਾਸ਼ਾ ਵਿਭਾਗ ਦੇ ਵਧੀਕ ਨਿਰਦੇਸ਼ਕ ਚੇਤਨ ਸਿੰਘ, ਸਰਦਾਰ ਪੰਛੀ, ਕਰਮਜੀਤ ਸਿੰਘ ਔਜਲਾ, ਗੁਰਚਰਨ ਕੌਰ ਕੋਚਰ, ਸੁਰਿੰਦਰਜੀਤ ਕੌਰ, ਜਤਿੰਦਰ ਹਾਂਸ, ਸਿਮਰਤ ਸੁਮੈਹਿਰਾ ਸ਼ਾਮਿਲ ਹੋਏ | ਪੁਸਤਕਾਂ ਬਾਰੇ ਡਾ. ਗੁਲਜ਼ਾਰ ਪੰਧੇਰ ਨੇ ਭਾਵਪੂਰਤ ਪਰਚਾ ਪੜਿ੍ਹਆ | ਪ੍ਰੋ. ਸੁਰਜੀਤ ਪਾਤਰ ਨੇ ਕਿਹਾ ਕਿ ਲੇਖਕ ਹੀ ਸਮਾਜ ਦੇ ਮਿਆਰਾਂ ਨੂੰ ਆਪਣੀ ਕਸਵੱਟੀ 'ਤੇ ਪਰਖਦੇ ਹਨ | ਜਿਹੜੇ ਮਿਆਰ ਚੰਗੇ ਹੁੰਦੇ ਹਨ, ਉਨ੍ਹਾਂ ਨੂੰ ਵਿਕਸਿਤ ਕਰਦੇ ਤੇ ਅੱਗੇ ਤੋਰਦੇ ਹਨ ਤੇ ਜਿਹੜੇ ਬਦਲਣਯੋਗ ਹੁੰਦੇ ਹਨ, ਉਨ੍ਹਾਂ ਨੂੰ ਬਦਲ ਦਿੰਦੇ ਹਨ | ਕੁਲਜੀਤ ਕੌਰ ਗ਼ਜ਼ਲ ਨੇ ਪੁਰਾਣੀਆਂ ਪ੍ਰੰਪਰਾਵਾਂ ਤੇ ਮਿਆਰਾਂ ਨੂੰ ਤੋੜਿਆ ਹੈ | ਪ੍ਰੋ. ਗੁਰਭਜਨ ਗਿੱਲ ਨੇ ਆਪਣੇ ਪ੍ਰਧਾਨਗੀ ਭਾਸ਼ਣ 'ਚ ਕਿਹਾ ਕਿ ਕੁਲਜੀਤ ਦੀ ਗ਼ਜ਼ਲ ਵਿਚ ਰਾਗ ਵੀ ਹੈ, ਮੁਹੱਬਤ ਵੀ ਹੈ ਤੇ ਇਸ ਵਿਚ ਪੰਜਾਬ ਦੀ ਧਰਤੀ ਦੀ ਮਹਿਕ ਵੀ ਮੌਜੂਦ ਹੈ | ਸਿਰਜਣਧਾਰਾ ਦੀ ਜਨਰਲ ਸਕੱਤਰ ਗੁਰਚਰਨ ਕੌਰ ਕੋਚਰ ਤੇ ਭਾਸ਼ਾ ਵਿਭਾਗ ਦੇ ਵਧੀਕ ਨਿਰਦੇਸ਼ਕ ਚੇਤਨ ਸਿੰਘ ਨੇ ਕਿਹਾ ਕਿ ਕੁਲਜੀਤ ਦੀ ਸ਼ਾਇਰੀ ਤੋਂ ਉੱਚੀਆਂ ਆਸਾਂ ਹਨ | ਸੁਰਿੰਦਰਜੀਤ ਕੌਰ ਅਤੇ ਜਤਿੰਦਰ ਕੌਰ ਹਾਂਸ ਨੇ ਵੀ ਪੁਸਤਕਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ, ਜਦੋਂਕਿ ਸ਼ਾਇਰਾ ਕੁਲਜੀਤ ਕੌਰ ਗ਼ਜ਼ਲ ਨੇ ਸਰੋਤਿਆਂ ਨਾਲ ਆਪਣੀਆਂ ਕੁਝ ਰਚਨਾਵਾਂ ਸਾਂਝੀਆਂ ਕੀਤੀਆਂ | ਸਿਰਜਣਧਾਰਾ ਵੱਲੋਂ ਪ੍ਰਧਾਨ ਕਰਮਜੀਤ ਸਿੰਘ ਔਜਲਾ ਅਤੇ ਹੋਰ ਅਹੁਦੇਦਾਰਾਂ ਨੇ ਕੁਲਜੀਤ ਕੌਰ ਗ਼ਜ਼ਲ ਨੂੰ ਸਨਮਾਨਿਤ ਵੀ ਕੀਤਾ | ਸਮਾਗਮ ਦੇ ਦੂਸਰੇ ਸੈਸ਼ਨ 'ਚ ਤ੍ਰੈਭਾਸ਼ੀ ਸਾਵਣ ਕਵੀ ਦਰਬਾਰ ਕਰਵਾਇਆ, ਜਿਸ ਵਿਚ ਪੰਜਾਬ ਭਰ ਤੋਂ ਆਏ ਕਵੀਆਂ ਤੇ ਕਵਿੱਤਰੀਆਂ ਨੇ ਭਾਗ ਲਿਆ | ਤ੍ਰੈਲੋਚਨ ਲੋਚੀ, ਤਰਸੇਮ ਨੂਰ, ਅਮਰ ਸੂਫ਼ੀ, ਮਨਜਿੰਦਰ ਸਿੰਘ ਧਨੋਆ, ਪਰਮਜੀਤ ਕੌਰ ਮਹਿਕ, ਪਿ੍ੰ. ਹਰੀ ਕ੍ਰਿਸ਼ਨ ਮਾਇਰ, ਪਿ੍ੰ. ਨਿਰਮਲ ਸਤਪਾਲ, ਅਮਰਜੀਤ ਕੌਰ ਹਿਰਦੈ, ਹਰਬੰਸ ਮਾਲਵਾ, ਸੁਨੀਲਮ ਮੰਡ, ਹਰਮੀਤ ਵਿਦਿਆਰਥੀ, ਜਸਪ੍ਰੀਤ ਕੌਰ ਫ਼ਲਕ, ਜੈ ਕਿਸ਼ਨ ਸੰਗਵੀਰ, ਰਜਿੰਦਰ ਪ੍ਰਦੇਸੀ, ਜਾਗੀਰ ਸਿੰਘ ਪ੍ਰੀਤ, ਮਲਕੀਅਤ ਸਿੰਘ ਮਾਨ, ਪਿ੍ੰ. ਸੁਲੱਖਣਮੀਤ, ਦੀਪ ਜ਼ੀਰਵੀ, ਦੇਸ ਰਾਜ ਜੀਤ, ਰੂਪ ਦਬੁਰਜੀ, ਸੁਲਤਾਨ ਭਾਰਤੀ, ਸ਼ਿਵ ਰਾਜ ਲੁਧਿਆਣਵੀ, ਗੁਰਨਾਮ ਸਿੰਘ ਬਿਜਲੀ, ਰਵਿੰਦਰ ਰਵੀ, ਪਾਲ ਸੰਸਾਰਪੁਰੀ, ਗੁਰਵਿੰਦਰ ਸਿੰਘ ਸ਼ੇਰਗਿੱਲ, ਵਰਿੰਦਰ ਕੌਰ ਪੰਨੂੰ ਆਦਿ ਸ਼ਾਇਰਾਂ ਨੇ ਆਪਣੀਆਂ ਰਚਨਾਵਾਂ ਨਾਲ ਸਮਾਂ ਬੰਨਿ੍ਹਆਂ | ਮੰਚ ਸੰਚਾਲਨ ਡਾ. ਸਤੀਸ਼ ਸੋਨੀ ਨੇ ਕੀਤਾ, ਜਦੋਂ ਕਿ ਸਿਰਜਣਧਾਰਾ ਦੇ ਮੀਤ ਪ੍ਰਧਾਨ ਦਵਿੰਦਰ ਸੇਖਾ ਨੇ ਪੁੱਜੇ ਕਵੀਆਂ ਤੇ ਕਵਿੱਤਰੀਆਂ ਦਾ ਧੰਨਵਾਦ ਕੀਤਾ |
----------------------------
ਡਾ. ਰਾਜ ਕੁਮਾਰ ਗਰਗ ਦਾ ਅੰਗਰੇਜ਼ੀ ਨਾਵਲ 'ਅਰਜੁਨਾ ਐਟ ਕਰਾਸ ਰੋਡਜ਼' ਲੋਕ ਅਰਪਣ

ਸਿਰਜਣਧਾਰਾ ਵੱਲੋਂ ਪੰਜਾਬੀ ਸਾਹਿਤ ਅਕਾਡਮੀ ਦੇ ਸਹਿਯੋਗ ਨਾਲ ਪੰਜਾਬੀ ਭਵਨ ਲੁਧਿਆਣਾ ਵਿਖੇ ਕਰਵਾਏ ਗਏ ਸਮਾਗਮ ਵਿਚ ਡਾ: ਰਾਜ ਕੁਮਾਰ ਗਰਗ ਦੇ ਪੰਜਾਬੀ ਭਾਸ਼ਾ 'ਚ ਲਿਖੇ ਗਏ ਨਾਵਲ ਦਾ ਅੰਗਰੇਜ਼ੀ ਅਨੁਵਾਦ ਅਰਜੁਨਾ ਐਟ ਕਰਾਸ ਰੋਡਜ਼' ਲੋਕ ਅਰਪਣ ਕੀਤਾ ਗਿਆ | ਸਮਾਗਮ ਦੀ ਪ੍ਰਧਾਨਗੀ ਉਘੇ ਨਾਵਲਕਾਰ ਮਿੱਤਰ ਸੈਨ ਮੀਤ ਨੇ ਕੀਤੀ | ਉਨ੍ਹਾਂ ਨਾਲ ਡਾ: ਜੋਗਿੰਦਰ ਸਿੰਘ ਨਿਰਾਲਾ, ਡਾ: ਜਗੀਰ ਸਿੰਘ ਜਗਤਾਰ, ਕਰਮਜੀਤ ਸਿੰਘ ਔਜਲਾ, ਡਾ: ਗਰਗ, ਗੁਰਚਰਨ ਕੌਰ ਕੋਚਰ ਅਤੇ ਦਵਿੰਦਰ ਸੇਖਾ ਵੀ ਸ਼ਾਮਿਲ ਹੋਏ | ਸਭਾ ਦੇ ਪ੍ਰਧਾਨ ਸ: ਔਜਲਾ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਹਿੰਦਿਆਂ ਆਖਿਆ ਕਿ ਗਰਗ ਨੇ ਆਪਣੇ ਪੰਜਾਬੀ ਨਾਵਲ ਦਾ ਅੰਗਰੇਜ਼ੀ ਵਿਚ ਅਨੁਵਾਦ ਕਰਕੇ ਬਹੁਤ ਸ਼ਲਾਘਾਯੋਗ ਕੰਮ ਕੀਤਾ ਹੈ | ਸਭਾ ਦੀ ਜਨਰਲ ਸਕੱਤਰ ਗੁਰਚਰਨ ਕੌਰ ਕੋਚਰ ਨੇ ਡਾ: ਗਰਗ ਦੇ ਸਾਹਿਤਿਕ ਸਫ਼ਰ ਬਾਰੇ ਗਿਆਨ ਭਰਪੂਰ ਚਾਨਣਾ ਪਾਉਂਦਿਆਂ ਕਿਹਾ ਕਿ ਇਹ ਨਾਵਲ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਦੀ ਤਰਜ਼ਮਾਨੀ ਕਰਦਾ ਹੈ | ਪੰਜਾਬੀ ਸਾਹਿਤ ਅਕਾਡਮੀ ਦੇ ਮੀਤ ਪ੍ਰਧਾਨ ਡਾ: ਨਿਰਾਲਾ ਨੇ ਨਾਵਲ ਬਾਰੇ ਪਰਚਾ ਪੜਿ੍ਹਆ | ਮੀਤ ਨੇ ਆਪਣੇ ਪ੍ਰਧਾਨਗੀ ਭਾਸ਼ਨ 'ਚ ਕਿਹਾ ਕਿ ਲੇਖਕ ਨੇ ਇਸ ਨਾਵਲ ਰਾਹੀਂ ਆਪਣੇ ਹੱਡ ਬੀਤੇ ਜੱਗ ਬੀਤੇ ਤਜ਼ਰਬਿਆਂ ਨੂੰ ਬੜੀ ਹੀ ਖੂਬਸੂਰਤੀ ਨਾਲ ਉਜਾਗਰ ਕੀਤਾ ਹੈ | ਨਾਵਲ ਤੇ ਹੋਰ ਵਿਚਾਰ ਚਰਚਾ ਵਿਚ ਡਾ: ਜਗਤਾਰ, ਮੇਜਰ ਸਿੰਘ ਗਿੱਲ ਤੇ ਪਿ੍ੰ: ਇੰਦਰਜੀਤ ਪਾਲ ਕੌਰ ਭਿੰਡਰ ਨੇ ਹਿੱਸਾ ਲਿਆ | ਸਮਾਗਮ ਦੇ ਦੂਸਰੇ ਦੌਰ 'ਚ ਕਰਵਾਏ ਗਏ ਕਵੀ ਦਰਬਾਰ ਵਿਚ ਬਲਵੰਤ ਸਿੰਘ ਗਿਆਸਪੁਰਾ, ਰਜਿੰਦਰ ਵਰਮਾ, ਬੁੱਧ ਸਿੰਘ ਨੀਲੋਂ, ਇੰਜ: ਸੁਰਜਨ ਸਿੰਘ ਸੁਰਜਨ, ਜਗਸ਼ਰਨ ਸਿੰਘ ਛੀਨਾ, ਰਘਬੀਰ ਸਿੰਘ ਸੰਧੂ, ਐਡਵੋਕੇਟ ਦਰਸ਼ਨ ਸਿੰਘ ਰਾਏ, ਸ਼ਿਵ ਰਾਜ ਲੁਧਿਆਣਵੀਂ, ਪ੍ਰਗਟ ਸਿੰਘ ਇਕੋਲਾਹਾ ਅਤੇ ਗੁਰਮੁੱਖ ਸਿੰਘ ਚਾਨਾ ਆਦਿ ਕਵੀਆਂ ਨੇ ਆਪੋ ਆਪਣੀਆਂ ਤਾਜ਼ਾ ਕਵਿਤਾਵਾਂ ਸੁਣਾਈਆਂ |ਸਿਰਜਣਧਾਰਾ ਦੇ ਮੀਤ ਪ੍ਰਧਾਨ ਦਵਿੰਦਰ ਸੇਖਾ ਨੇ ਪੁੱਜੇ ਮੇਹਮਾਨਾ ਦਾ ਧੰਨਵਾਦ ਕੀਤਾ |