ਨਿਊਯਾਰਕ- 'ਮੈਂ ਅੱਜ ਤੱਕ ਇਹੋ ਜਿਹਾ ਆਨੰਦ ਪਹਿਲਾਂ ਕਦੇ ਮਹਿਸੂਸ ਨਹੀਂ ਕੀਤਾ, ਜਿਹੋ ਜਿਹਾ ਅੱਜ ਇਸ ਪ੍ਰੋਗਰਾਮ ਨੂੰ ਦੇਖਦਿਆਂ ਕੀਤਾ ਹੈ।' ਇਹ ਸ਼ਬਦ ਹਨ, ਸਿੱਖ ਧਾਰਮਿਕ ਵਿਦਵਾਨ ਡਾ. ਸਰੂਪ ਸਿੰਘ ਅਲੱਗ ਦੇ, ਜੋ ਉਹਨਾਂ ਨੇ ਪੰਜਾਬੀ ਸਾਹਿਤ ਅਕੈਡਮੀ ਨਿਊਯਾਰਕ ਦੀ 7ਵੀਂ ਵਰ੍ਹੇ-ਗੰਢ ਮੌਕੇ, ਆਪਣੇ ਪ੍ਰਧਾਨਗੀ ਭਾਸ਼ਣ ਸਮੇਂ ਆਖੇ।
ਇਥੇ ਬੈਲਰੋਜ਼ (ਨਿਊਯਾਰਕ) ਦੇ ਹਾਈ ਸਕੂਲ ਦੇ ਖ਼ੂਬਸੂਰਤ ਆਡੀਟੋਰੀਅਮ ਵਿਚ ਪੰਜਾਬੀ ਸਾਹਿਤ ਅਕੈਡਮੀ ਦੀ 7ਵੀਂ ਵਰ੍ਹੇ-ਗੰਢ ਮੌਕੇ ਮਨਾਈ ਗਈ 'ਸੰਗੀਤਮਈ ਸ਼ਾਮ-ਪਰਗਟ ਸਿੰਘ ਪੰਜਾਬੀ ਦੇ ਨਾਮ' ਸੱਚਮੁੱਚ ਹੀ ਅਨੇਕ ਪਹਿਲੂਆਂ ਤੋਂ ਮਹੱਤਵਪੂਰਨ ਸਾਬਿਤ ਹੋਈ ਸੀ।
ਸਭ ਤੋਂ ਪਹਿਲਾਂ ਡਾ. ਰਾਮਜੀ ਦਾਸ ਸੇਠੀ ਹੋਰਾਂ ਨੇ ਆਏ ਸਾਹਿਤ ਪ੍ਰੇਮੀਆਂ ਨੂੰ 'ਜੀ ਆਇਆਂ' ਕਿਹਾ।
ਉਂਕਾਰ ਸਿੰਘ ਡੁਮੇਲੀ ਨੇ ਸੰਗੀਤ ਤੇ ਸਮਾਜ ਦੇ ਰਿਸ਼ਤੇ ਦੀ ਗੱਲ ਛੋਹੀ।
ਨਿਊਯਾਰਕ ਦੇ ਦਾਨਿਸ਼ਵਰ ਮੁਸ਼ਤਾਕ ਸੂਫ਼ੀ ਨੇ ਸੰਗੀਤ ਦੇ ਮਨੁੱਖੀ ਮਨ 'ਤੇ ਪੈਂਦੇ ਪ੍ਰਭਾਵਾਂ ਦੀ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਵਿਆਖਿਆ ਕੀਤੀ। ਉਸਨੇ ਸੰਗੀਤਕ ਸੁਹਜ ਦੇ ਸਹਿਜੀਲੇ, ਸੁਰੀਲੇ ਤੇ ਸੁਪਨੀਲੇ ਰੰਗਾਂ ਦੀ ਵਿਆਖਿਆ ਕਾਵਿਕ ਅੰਦਾਜ਼ ਵਿਚ ਕੀਤੀ।
ਸੁਰਿੰਦਰ ਸੋਹਲ ਵਲੋਂ ਅਕੈਡਮੀ ਦੀਆਂ ਸੱਤ ਵਰ੍ਹਿਆਂ ਦੀ ਪ੍ਰਾਪਤੀਆਂ ਦਾ ਲੇਖਾ-ਜੋਖਾ ਪੇਸ਼ ਕੀਤਾ ਗਿਆ।
ਹਰਸਿਮਰਨ ਸਿੰਘ ਸੱਭਰਵਾਲ ਦੀ ਕਿਤਾਬ ਰਲੀਜ਼ ਕਰਨ ਦੀ ਰਸਮ ਮਗਰੋਂ ਸੰਗੀਤਮਈ ਸ਼ਾਮ ਦਾ ਆਗ਼ਾਜ਼ ਹੋਇਆ।
ਸਭ ਤੋਂ ਪਹਿਲਾਂ ਰਮਨਜੀਤ ਸਿੰਘ ਕਲਸੀ ਨੇ ਸ਼ਿਵ ਕੁਮਾਰ ਦੇ ਗੀਤ ਨਾਲ ਪ੍ਰੋਗਰਾਮ ਦਾ ਆਰੰਭ ਕੀਤਾ।
ਪਰਗਟ ਸਿੰਘ ਦੇ ਬੇਟੇ ਜਗਜੀਤ ਸਿੰਘ ਦੇ ਸਿਤਾਰ ਵਾਦਨ ਅਤੇ ਜਸ਼ਨਪ੍ਰੀਤ ਦੇ ਤਬਲੇ ਦੇ ਸੁਮੇਲ ਨਾਲ ਪੇਸ਼ ਕੀਤੀ ਗਈ ਆਈਟਮ ਨੇ ਸਰੋਤਿਆਂ ਨੂੰ ਵਾਰ ਵਾਰ ਤਾੜੀਆਂ ਮਾਰਨ ਲਈ ਮਜਬੂਰ ਕਰ ਦਿੱਤਾ। ਕਲਾਸਕੀ ਸੁਰਾਂ ਦੀਆਂ ਮਹਿਕਾਂ ਵਿਚ ਲਬਰੇਜ਼ ਹਾਲ ਵਿਚ ਸਰੋਤੇ ਮੰਤਰ-ਮੁਗਧ ਹੋ ਗਏ। ਜਿਵੇਂ ਜਿਵੇਂ ਇਹ ਆਈਟਮ ਆਪਣੇ ਸਿਖਰ ਵੱਲ ਵਧਦੀ ਗਈ, ਸਰੋਤੇ ਇਕਾਗਰ ਚਿੱਤ ਹੁੰਦੇ ਗਏ। ਪੇਸ਼ਕਸ਼ ਖ਼ਤਮ ਹੁੰਦੇ ਹੀ ਸਰੋਤਿਆਂ ਨੇ ਖੜ੍ਹੇ ਹੋ ਕੇ ਲਗਾਤਾਰ ਤਾੜੀਆਂ ਵਜਾ ਕੇ ਆਪਣੇ ਦਿਲ ਦੀ ਪ੍ਰਸੰਸਾ ਅਤੇ ਪ੍ਰਸੰਨਤਾ ਪਰਗਟ ਕੀਤੀ।
ਇਸ ਸ਼ਾਮ ਦਾ ਮੁੱਖ ਆਕਰਸ਼ਣ ਪਰਗਟ ਸਿੰਘ ਹੀ ਸਨ। ਉਹ ਕਲਾਸਕੀ ਸੰਗੀਤ ਦੇ ਗਿਆਤਾ ਹੀ ਨਹੀਂ, ਉਂਗਲੀਆਂ 'ਤੇ ਗਿਣੇ ਜਾਣ ਵਾਲੇ ਕਲਾਸੀਕਲ ਗਾਇਕਾਂ ਵਿਚੋਂ ਇਕ ਹਨ। ਗੁਰਬਾਣੀ ਨੂੰ ਨਿਰਧਾਰਤ ਰਾਗਾਂ ਵਿਚ ਗਾਉਣ ਵਾਲੇ ਉਹ ਵਿਰਲੇ ਕੀਰਤਨੀਏ ਹਨ। ਇਹ ਸ਼ਾਮ ਤਾਂ ਉਹਨਾਂ ਦੇ ਨਾਮ ਹੀ ਸੀ। ਇਸ ਸ਼ਾਮ ਗੁਰਬਾਣੀ ਦਾ ਸ਼ਬਦ ਆਪਣੇ ਮੌਲਿਕ ਰੰਗ ਤੇ ਅੰਦਾਜ਼ ਵਿਚ ਸਰੋਤਿਆਂ ਸਾਹਮਣੇ 'ਪਰਗਟ' ਹੋਇਆ। ਉਸ ਸ਼ਾਮ ਬੂੰਦਾ ਬਾਂਦੀ ਹੋ ਰਹੀ ਸੀ। ਸ. ਪਰਗਟ ਸਿੰਘ ਹੋਰਾਂ ਨੇ ਸ਼ੁਰੂ ਹੀ ਮਲਹਾਰ ਰਾਗ ਨਾਲ ਕੀਤਾ ਤੇ ਆਡੀਟੋਰੀਅਮ ਵਿਚ ਬੈਠਿਆਂ ਨੂੰ ਵੀ ਸੰਗੀਤਕ ਬਰਸਾਤ ਦਾ ਆਨੰਦ ਮਹਿਸੂਸ ਕਰਵਾ ਦਿੱਤਾ। ਉਹਨਾਂ ਦੇ ਅਗਲੇ ਰਾਗ ਦਾ ਵਿਸ਼ਾ ਕ੍ਰਿਸ਼ਨ-ਸੁਦਾਮਾ ਦਾ ਉਹ ਪ੍ਰਸੰਗ ਸੀ, ਜਦ ਸੁਦਾਮਾ ਕ੍ਰਿਸ਼ਨ ਪਾਸ ਰਹਿਣ ਤੋਂ ਬਾਦ ਆਪਣੀ ਕੁਟੀਆ ਕੋਲ ਪੁਜਦਾ ਹੈ ਤੇ ਝੁੱਗੀ ਦੀ ਥਾਂ ਮਹਿਲ ਦੇਖ ਕੇ ਸ਼ਸ਼ੋਪੰਜ ਵਿਚ ਪੈ ਜਾਂਦਾ ਹੈ। ਸ. ਪਰਗਟ ਸਿੰਘ ਹੋਰਾਂ ਨੇ ਰਾਗ ਦੀਆਂ ਬਾਰੀਕੀਆਂ ਨਾਲ ਸਰੋਤਿਆਂ ਇਹ ਦ੍ਰਿਸ਼ ਪੂਰੀ ਸਮੁੱਚਤਾ ਨਾਲ ਪਰਗਟ ਕਰਨ ਦਾ ਕਮਾਲ ਕੀਤਾ।
ਸ਼ਾਮ ਦੀ ਸਿਖਰ ਉਸ ਵੇਲੇ ਹੋਈ, ਜਦ ਸਰੋਤਿਆਂ ਦੀ ਧੁਰ ਅੰਦਰਲੀ ਮੁਰਾਦ ਨੂੰ ਭਾਂਪਦਿਆਂ ਉਹਨਾਂ ਨੇ ਗੁਰਬਾਣੀ ਦਾ ਸ਼ਬਦ ਛੇੜਿਆ। 'ਐਸੀ ਲਾਲ ਤੁਝ ਬਿਨ ਕਉਨ ਕਰੇ..' ਸ਼ਬਦ ਪਰਗਟ ਸਿੰਘ ਹੋਰਾਂ ਦੀ ਕਲਾ ਦਾ ਜਾਮਾ ਪਹਿਨ ਕੇ, ਸਰੋਤਿਆਂ 'ਤੇ ਇੰਞ ਤਾਰੀ ਹੋ ਰਿਹਾ ਸੀ, ਜਿਵੇਂ ਉਹ ਗੰਗਾ 'ਚ ਇਸ਼ਨਾਨ ਕਰਕੇ ਨਿਕਲੀ ਕਿਸੇ ਭਗਤ ਦੀ ਆਵਾਜ਼ ਸੁਣ ਰਹੇ ਹੋਣ।
ਰਾਗਾਂ ਦੀਆਂ ਰੀਤਾਂ ਪੇਸ਼ ਕਰਕੇ ਪਰਗਟ ਸਿੰਘ ਪੰਜਾਬੀ ਨੇ ਆਪਣੇ ਅੰਦਰਲੀ ਪ੍ਰਤਿਭਾ ਨੂੰ ਬੇਹੱਦ ਸਫ਼ਲਤਾ ਨਾਲ ਸਰੋਤਿਆਂ ਦੇ ਸਨਮੁਖ ਕੀਤਾ। ਉਹਨਾਂ ਨਾਲ ਸਾਰੰਗੀ 'ਤੇ ਸਾਥ ਜਗਤ-ਪ੍ਰਸਿੱਧ ਸ਼ਖ਼ਸੀਅਤ ਉਸਤਾਦ ਪੰਡਿਤ ਰਮੇਸ਼ ਮਿਸ਼ਰਾ ਜੀ ਦੇ ਰਹੇ ਸਨ। ਤਬਲੇ 'ਤੇ ਸਾਥ ਜਸ਼ਨਪ੍ਰੀਤ ਸਿੰਘ ਨੇ ਦਿੱਤਾ ਅਤੇ ਹਰਮੋਨੀਅਮ 'ਤੇ ਕਮਲਜੀਤ ਸਿੰਘ ਹੋਰਾਂ ਨੇ।
ਜਦ ਇਹ ਸ਼ਬਦ ਸਮਾਪਤ ਹੋਇਆ ਤਾਂ ਸਰੋਤਿਆਂ ਨੂੰ ਇੰਞ ਮਹਿਸੂਸ ਹੋ ਰਿਹਾ ਸੀ, ਜਿਵੇਂ ਉਹ ਕੋਈ ਤੀਰਥ ਕਰਕੇ ਪਰਤ ਰਹੇ ਹੋਣ। ਇਤਨੀ ਇਕਾਗਰਤਾ ਕਦੇ ਕਿਸੇ ਗੁਰਦੁਆਰੇ ਵਿਚ ਵੀ ਦੇਖਣੀ ਨਸੀਬ ਨਹੀਂ ਸੀ ਹੋਈ। ਇਹੀ ਇਕਾਗਰਤਾ ਪਰਗਟ ਸਿੰਘ ਪੰਜਾਬੀ ਦੀ ਕਾਮਯਾਬੀ ਸਾਬਿਤ ਕਰ ਰਹੀ ਸੀ।
ਅਖ਼ੀਰ ਵਿਚ ਰਮਨਜੀਤ ਸਿੰਘ ਕਲਸੀ, ਜਗਜੀਤ ਸਿੰਘ, ਜਸ਼ਨਪ੍ਰੀਤ, ਕਮਲਜੀਤ ਸਿੰਘ ਨੂੰ ਫੁੱਲਾਂ ਦੇ ਗੁਲਦਸਤੇ ਸਰਬਜੀਤ ਕੌਰ, ਸਤਨਾਮ ਕੌਰ, ਪਰਮਜੀਤ ਕੌਰ, ਅਜੀਤ ਕੌਰ ਸੋਂਧੀ ਵਲੋਂ ਭੇਂਟ ਕੀਤੇ ਗਏ। ਪੰਡਿਤ ਰਮੇਸ਼ ਮਿਸ਼ਰਾ ਦਾ ਸਨਮਾਨ ਅਕੈਡਮੀ ਦੀ ਉਮਰ ਭਰ ਦੀ ਪ੍ਰਧਾਨ ਬੀਬੀ ਮਨੋਹਰ ਸਿੰਘ ਮਾਰਕੋ ਵਲੋਂ ਕੀਤਾ ਗਿਆ। ਪਰਗਟ ਸਿੰਘ ਪੰਜਾਬੀ ਦਾ ਸਨਮਾਨ ਪ੍ਰਸਿੱਧ ਸਿੱਖ ਵਿਦਵਾਨ ਸਰੂਪ ਸਿੰਘ ਅਲਗ ਹੋਰਾਂ ਵਲੋਂ ਕੀਤਾ ਗਿਆ। ਇਸ ਪ੍ਰੋਗਰਾਮ ਬਾਰੇ ਬੋਲਦੇ ਹੋਏ ਸਰੂਪ ਸਿੰਘ ਅਲਗ ਹੋਰਾਂ ਨੇ ਕਿਹਾ ਕਿ ਇਸ ਤਰ੍ਹਾਂ ਦਾ ਆਤਮਕ ਆਨੰਦ ਉਹਨਾਂ ਨੇ ਜ਼ਿੰਦਗੀ ਵਿਚ ਪਹਿਲੀ ਵਾਰ ਮਹਿਸੂਸ ਕੀਤਾ ਹੈ।
ਇਸ ਪ੍ਰੋਗਰਾਮ ਸਫ਼ਲ ਬਣਾਉਣ ਵਿਚ ਦਲਜੀਤ ਮੋਖਾ, ਡੁਮੇਲੀ ਭਰਾ, ਰਾਜਿੰਦਰ ਜਿੰਦ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਪੀ ਟੀ ਸੀ ਵਲੋਂ ਗੁਰਿੰਦਰ ਸਿੰਘ ਹੋਠੀ, ਸੂਰਤ ਸਿੰਘ ਪੱਡਾ (ਆਵਾਜ਼ ਪੰਜਾਬ ਦੀ), ਬਲਦੇਵ ਸਿੰਘ ਗਰੇਵਾਲ (ਸ਼ੇਰ-ਏ-ਪੰਜਾਬ), ਸਿੱਖ ਕਲਚਰਲ ਸੁਸਾਇਟੀ ਵਲੋਂ ਭੁਪਿੰਦਰ ਸਿੰਘ ਅਟਵਾਲ, ਧੰਨ ਧੰਨ ਬਾਬਾ ਦਲੀਪ ਸਿੰਘ ਵੈਲਫ਼ੇਅਰ ਸੁਸਾਇਟੀ ਤੋਂ ਤੇਜਿੰਦਰ ਨੰਗਲ, ਪ੍ਰਸਿੱਧ ਸ਼ਾਇਰ ਸ਼ਸ਼ੀ ਕਾਂਤ ਉੱਪਲ, ਪਰਮਜੀਤ ਸਾਗਰ, ਹਰੰਿਜਦਰ ਦੁਸਾਂਝ, ਜੀਤ ਚੰਦਨ ਵਿਸ਼ੇਸ਼ ਤੌਰ 'ਤੇ ਹਾਜ਼ਿਰ ਸਨ।
ਪ੍ਰੋਗਰਾਮ ਦੀ ਕਾਰਵਾਈ ਸੁਰਿੰਦਰ ਸੋਹਲ ਅਤੇ ਰਾਣੀ ਨਗਿੰਦਰ ਵਲੋਂ ਸਾਂਝੇ ਤੌਰ 'ਤੇ ਚਲਾਈ ਗਈ।
ਸੁਰਿੰਦਰ ਸੋਹਲ, ਰਾਣੀ ਨਗਿੰਦਰ, ਡਾ. ਸਰੂਪ ਸਿੰਘ ਅਲੱਗ, ਪਰਗਟ ਸਿੰਘ ਪੰਜਾਬੀ, ਰਾਜਿੰਦਰ ਜਿੰਦ (ਅਕੈਡਮੀ ਦੇ ਪ੍ਰਧਾਨ), ਰਮਨਜੀਤ ਸਿੰਘ ਕਲਸੀ, ਜਗਜੀਤ ਸਿੰਘ, ਉਸਤਾਦ ਸਾਰੰਗੀ ਮਾਸਟਰ ਪੰਡਿਤ ਰਮੇਸ਼ ਮਿਸ਼ਰਾ, ਜਸ਼ਨਪ੍ਰੀਤ ਸਿੰਘ ਅਤੇ ਕਮਲਜੀਤ ਸਿੰਘ।