ਭਰੂਨ ਹੱਤਿਆ ਦੀ ਗੱਲ ਚਲੱਦਿਆਂ ਹੀ ਸਾਡਾ ਸਾਰਾ ਆਂਢ-ਗੁਵਾਂਢ ਅੱਖਾਂ ਅੱਗੇ ਆ ਜਾਂਦਾ ਹੈ।ਖਾਸ ਕਰਕੇ ਸਾਡੇ ਘਰ ਦੇ ਸੱਜੇ ਹੱਥ ਵਾਲਾ ਮਕਾਨ- ਮਾਲਕ, ਤੇ ਮੇਰੇ ਹਿਰਦੇ ਵਿਚੋਂ ਨਿਕਲਦਾ ਏ ਤੂੰ ਧੰਨ ਸੀ ਬੰਦਿਆ। ਇਸ ਦੇ ਅੱਠ ਧੀਆਂ ਸਨ ਜੇ ਮੈ ਨਾ ਭੁੱਲਾਂ ਤਾਂ ਛੇ ਸਾਲੀਆਂ ਅਤੇ ਛੇ ਭੈਣਾਂ ਸਨ। ਏਨੀ ਭਾਰੀ ਕਬੀਲਦਾਰੀ ਹੁੰਦਿਆ ਵੀ ਉਸ ਦੇ ਮੂੰਹ ਤੇ ਸਬਰ ਵਿਚ ਮਿਲੀ ਸ਼ਾਤੀ ਦੀ ਲਹਿਰ ਹੁੰਦੀ। ਉਸ ਦੇ ਘਰਵਾਲੀ ਵੀ ਬਿਲਕੁਲ ਉਹਦੇ ਵਰਗੀ।ਇਕ ਤਾਂ ਇਹ ਸਾਡੇ ਗੁਵਾਂਢੀ ਸਨ ਅਤੇ ਦੂਜਾ ਛੇਵੀ ਲੜਕੀ ਮੇਰੇ ਹਾਣ ਦੀ ਹੋਣ ਕਾਰਨ ਸਾਡਾ ਇਕ ਦੂਜੇ ਦੇ ਘਰ ਆਮ ਆਉਣਾ- ਜਾਣਾ ਸੀ।ਇਸ ਘਰ ਦਾ ਵਾਤਾਵਰਣ ਹਮੇਸ਼ਾਂ ਹੀ ਖੁਸ਼ੀ ਭਰਿਆ ਹੁੰਦਾ।ਲੜਾਈ- ਝਗੜਾ ਤਾਂ ਇਕ ਪਾਸੇ ਮੈ ਕਦੀ ਦੋਹਾਂ ਜੀਆਂ ਨੂੰ ਆਪ ਵਿਚ ਉੱਚੀ ਬੋਲਦੇ ਨਹੀ ਸੁਣਿਆ। ਜ਼ਮੀਨ ਵੀ ਉਨੀ ਕੀ ਸੀ ਫਿਰ ਵੀ ਸਾਰੇ ਖੁਸ਼। ਵਿਆਹ-ਸ਼ਾਦੀ ਜਾਂ ਅੰਖਡ-ਪਾਠ ਸਾਹਿਬ ਵੇਲੇ ਇਸ ਘਰ ਦਾ ਮਹੌਲ ਬਾਕੀ ਪਿੰਡ ਨਾਲੋ ਵੱਖਰਾ ਹੀ ਹੁੰਦਾ। ਜੋ ਰੌਣਕ ਇਸ ਘਰ ਵਿਚ ਹੁੰਦੀ ਸੀ ਅੱਜ ਤੱਕ ਉਹ ਰੌਣਕ ਮੈਨੂੰ ਕਿਤੇ ਵੀ ਨਹੀ ਲੱਭੀ। ਇਸ ਪਰੀਵਾਰ ਬਾਰੇ ਜਦੋਂ ਮੈ ਸੋਚਦੀ ਹਾਂ ਤਾਂ ਖਿਆਲ ਆਉਂਦਾ ਹੈ ਕਿ aਦੋਂ ਇਸ ਜੋੜੇ ਨੂੰ ਕੁੜੀਆਂ ਦੇ ਜਨਮ ਉੱਪਰ ਰੋਕ ਲਾਉਣ ਦੀ ਕੋਈ ਕੋਸ਼ਿਸ਼ ਕੀਤੀ ਹੋਵੇਗੀ ਜਾਂ ਨਹੀ। ਸਾਫ ਜਾਹਿਰ ਹੈ ਕਿ ਉਹਨਾਂ ਨੇ ਕੁਦਰਤ ਦੀ ਕਰਨੀ ਨੂੰ ਮੰਨ ਲਿਆ ਸੀ। ਕੁੜੀਆਂ ਨੇ ਡੱਟ ਕੇ ਖੇਤਾਂ ਵਿਚ ਕੰੰਮ ਕਰਨਾ। ਜਦੋਂ ਕਦੇ ਕਿਸੇ ਨੇ ਕਹਿਣਾ ਕਿ ਤੁਹਾਡੀਆਂ ਕੁੜੀਆਂ ਤਾਂ ਖੇਤਾਂ ਵਿਚ ਬਹੁਤ ਕੰੰਮ ਕਰਦੀਆਂ ਹਨ ਤਾਂ ਉਹਨਾਂ ਦੀ ਦਾਦੀ ਨੇ ਜ਼ਵਾਬ ਦੇਣਾ, " ਆਹੋ ਭਾਈ ਪੁੱਤਾ ਵਾਂਗ ਕੰਮ ਕਰਦੀਆਂ ਨੇ, ਉਦਾ ਵੀ ਚੋਰੀ- ਜਾਰੀ ਦਾ ਮਿਹਣਾ ਹੁੰਦਾ ਹੈ ਕੰੰਮ ਦਾ ਕਾਹਦਾ।"
ਸਾਰੀਆਂ ਭੈਣਾਂ ਜਿੱਥੇ ਸੁੱਨਖੀਆਂ ਸਨ ਉੱਥੇ ਮਿਹਨਤੀ ਵੀ।ਇੱਜ਼ਤ ਰੱਖਦੀਆਂ ਆਪਣੇ ਬਾਪ ਅਤੇ ਭਰਾ ਨਾਲ ਮੋਢਾ ਜੋੜ ਕੇ ਕੰੰਮ ਕਰਦੀਆ।ਉਹਨਾਂ ਦੇ ਵਿਆਹ ਵੀ ਮਾਂ-ਬਾਪ ਨੇ ਬਹੁਤ ਸਹੋਣੇ ਕੀਤੇ, ਸਰਦਾ-ਪੁੱਜਦਾ ਦਾਜ਼ ਵੀ ਦਿੱਤਾ।ਦੋ ਕੁੜੀਆਂ ਅੱਠਵੀ ਤੱਕ ਹੀ ਪੜ੍ਹੀਆਂ, ਪਰ ਬਾਕੀ ਸਭ ਦਸਵੀ ਕਰ ਗਈਆਂ।ਇਕ ਗੱਲ ਹੋਰ ਜੋ ਮੈਨੂੰ ਹੈਰਾਨੀ ਵੀ ਦੇਂਦੀ ਹੈ, ਇਹਨਾਂ ਕੁੜੀਆਂ ਦੀ ਮਾਤਾ ਜੀ ਸਾਲ ਵਿਚ ਦੋ ਵਾਰੀ ਆਂਢ-ਗੁਵਾਂਢ ਦੀਆਂ ਬਾਲੜੀਆਂ ਨੂੰ ਸੱਦ ਕੇ ਭੋਜਨ ਛਕਾਉਂਦੀ ਅਤੇ ਭੋਜਨ ਛਕਾਉਣ ਤੋਂ ਪਹਿਲਾਂ ਉਹਨਾਂ ਦੇ ਪੈਰ ਆਪਣੇ ਹੱਥਾਂ ਨਾਲ ਧੌਂਦੀ।ਇਸ ਬਾਰੇ ਮੈ ਆਪਣੇ ਦਾਦੀ ਜੀ ਨੂੰ ਪੁੱਛਣਾ ਤਾਂ ਉਹਨਾਂ ਦੱਸਣਾ ਕਿ ਉਹ ਕੁਆਰੀਆਂ ਕੰਨਿਆਂ ਦਾ ਸਤਿਕਾਰ ਕਰਦੀ ਉਹਨਾਂ ਨੂੰ ਪੂਜਦੀ ਹੈ ਤਾਂ ਜੋ ਉਹਨਾਂ ਦੇ ਘਰ ਰੱਬ ਦੀਆ ਰਹਿਮਤਾ ਰਹਿਣ, ਤੁਸੀ ਆਪ ਹੀ ਸੋਚ ਲਉ ਜਿਹੜੇ ਕੰਨਿਆ ਨੂੰ ਪੂਜਦੇ ਸਨ ਉਹਨਾਂ ਭਰੂਨ ਹੱਤਿਆਂ ਬਾਰੇ ਕੀ ਸੋਚਣਾ।ਅਸੀ ਇਹ ਵੀ ਨਹੀ ਕਹਿ ਸਕਦੇ ਕਿ aਦੋਂ ਜ਼ਮਾਨੇ ਵਿਚ ਇਹ ਘਟੀਆ ਸੋਚ ਵਾਲਾ ਰਿਵਾਜ਼ ਨਹੀ ਸੀ। ਕਿਉਂਕਿ ਉਸ ਤੋਂ ਪਹਿਲਾਂ ਤਾਂ ਕਈ ਲੋਕੀ ਜੰਮਦੀਆਂ ਬੱਚੀਆਂ ਹੀ ਮਾਰ ਦਿੰਦੇ ਸਨ।
ਸਾਡੇ ਘਰ ਦੇ ਪਿੱਛੇ ਇਕ ਹੋਰ ਘਰ ਹੁੰਦਾ ਸੀ, ਉਹਨਾਂ ਦੀਆਂ ਛੇ ਧੀਆ ਸਨ। ਉਹਨਾਂ ਦਾ ਪ੍ਰੀਵਾਰ ਤਾਂ ਗਰੀਬੀ ਦੀ ਰੇਖਾ ਤੋਂ ਵੀ ਥੱਲੇ ਆਉਂਦਾ ਸੀ।ਉਹਨਾਂ ਦੀ ਸਭ ਤੋਂ ਛੋਟੀ ਲੜਕੀ ਮੇਰੀ ਸਹੇਲੀ ਹੁੰਦੀ। ਇਹਨਾਂ ਕੁੜੀਆਂ ਦਾ ਤਾਂ ਪਿਉ ਵੀ ਗੁਜ਼ਰ ਗਿਆ ਸੀ, ਪਰ ਮੱਥੇ ਵੱਟ ਮੈ ਇਹਨਾਂ ਦੀ ਮਾਂ ਵੀ ਨਹੀ ਦੇਖਿਆ। ਮੇਰੇ ਦਾਦੀ ਜੀ ਇਸ ਪ੍ਰੀਵਾਰ ਦੀ ਗੁੜ-ਦਾਣੇ ਆਦਿ ਦੇ ਕੇ ਸਹਾਇਤਾ ਕਰਦੇ। ਸਾਡੇ ਘਰ ਦੇ ਸੱਜੇ ਹੱਥ ਖਤਰੀਆਂ ਦਾ ਘਰ ਹੁੰਦਾ ਸੀ, ਉਹਨਾਂ ਦੀਆ ਵੀ ਤਿੰਨ ਧੀਆਂ ਸਨ,ਸਭ ਤੋਂ ਛੋਟੀ ਸਾਡੇ ਘਰ ਆ ਕੇ ਮੇਰੇ ਨਾਲ ਖੇਡਦੀ ਰਹਿੰਦੀ।ਮੁੰਡੇ ਦੀ ਚਾਹਤ ਤਾਂ ਉਸ ਵੇਲੇ ਵੀ ਮੁੱਖ ਸੀ, ਪਰ ਲੋਕਾਂ ਵਿਚ ਅੱਜ ਵਾਂਗ ਫੋਕੀ ਦਿਖਾਵਾਗਿਰੀ, ਆਕੜ ਵਿਚ ਭੁਜੀ ਹਊਮੇ ਘੱਟ ਹੁੰਦੀ ਸੀ। ਕੋਈ ਘੱਟ ਹੀ ਇਹ ਗੱਲ ਸੋਚਦਾ ਸੀ ਕਿ ਇਸ ਗੁਵਾਂਢੀ ਨੇ ਮੈਨੂੰ ਆਪ ਤਾਂ ਬੁਲਾਇਆ ਨਹੀ, ਮੈ ਕਿਉਂ ਬੁਲਾਵਾਂ।ਨਾ ਹੀ ਇਹ ਦੌੜ ਹੁੰਦੀ ਸੀ ਕਿ ਜੇ ਗੁਵਾਂਢੀ ਨੇ ਸਵੇਰੇ ਟੈਲੀਵਿਯਨ ਲਿਆਂਦਾ ਹੈ ਤਾਂ ਮੈ ਸ਼ਾਂਮ ਨੂੰ ਜ਼ਰੂਰੀ ਹੀ ਲਿਆਉਣਾ ਹੈ।ਉਦੋਂ ਤਾਂ ਕਈ ਐਸੇ ਵੀ ਹੁੰਦੇ ਸਨ ਕਿ ਜੇ ਆਪਣੀ ਧੀ ਨੂੰ ਸਕੂਲ ਦੀ ਵਰਦੀ ਬਣਾ ਕੇ ਦਿੱਤੀ ਤਾਂ ਗਰੀਬ ਗੁਵਾਂਡੀ ਦੀ ਬੱਚੀ ਲਈ ਵੀ ਨਾਲ ਬਣਵਾ ਲੈਣੀ।ਸਾਰੇ ਪਿੰਡ ਦੀਆਂ ਧੀਆ ਸਾਂਝੀਆਂ ਮੰਂਨੀਆਂ ਜਾਂਦੀਆਂ ਸਨ। ਇਹਨਾਂ ਧੀਆਂ ਦੇ ਵਿਆਹਾਂ ਵੇਲੇ ਸਾਰਾ ਪਿੰਡ ਆਪਣੀਆਂ ਮੱਝਾ-ਗਾਂਵਾ ਦਾ ਦੁੱਧ ਡੇਰੀ ਭੇਜਣ ਦੀ ਥਾਂ, ਵਿਆਹ ਵਾਲੇ ਘਰ ਭੇਜਦਾ। ਮੇਰੀ ਭੂਆ ਜੀ ਦੇ ਵਿਆਹ ਵੇਲੇ ਘਰ ਵਿਚ ਇੰਨਾ ਦੁੱਧ ਆ ਗਿਆ ਸੀ ਕਿ ਪਤਾ ਨਹੀ ਸੀ ਲੱਗਦਾ ਕੀ ਕਰੀਏ, ਹਲਵਾਈ ਸਾਰੀ ਰਾਤ ਉਸ ਦਾ ਖੋਆ ਬਣਾਉਦਾ ਰਿਹਾ।ਇਸ ਲਈ ਧੀਆਂ ਨੂੰ ਬਚਾਉਣ ਵਿਚ ਸਮਾਜ ਦਾ ਵੀ ਵੱਡਾ ਹੱਥ ਹੈ।ਇਕੱਲੇ ਮਾਪਿਆ ਨੂੰ ਵੀ ਦੋਸ਼ੀ ਨਹੀ ਠਹਿਰਾ ਸਕਦੇ।ਦਾਜ਼ ਵਰਗੀਆਂ ਭੈੜੀਆਂ ਲਾਹਨਤਾਂ ਦੇ ਖਿਲਾਫ ਸਮਾਜ ਡੱਟ ਜਾਵੇ ਤਾਂ ਧੀਆਂ ਨੂੰ ਮਾਰਨ ਦਾ ਇਕ ਕਾਰਨ ਖਤਮ ਹੋ ਸਕਦਾ ਹੈ।
ਰਹੀ ਗੱਲ ਮੇਰੀ ਭਰੂਨ ਹੱਤਿਆ ਕਿਉਂ ਨਹੀ ਹੋਈ, ਇਹ ਸੋਚ ਤਾਂ ਵਿਚ ਹੀ ਰਹਿ ਜਾਂਦੀ, ਕਿaਂਕਿ ਮੈ ਤਾਂ ਇਹ ਹੀ ਸੋਚਦੀ ਰਹਿ ਜਾਂਦੀ ਹਾਂ ਸਾਡੇ ਸਾਰੇ ਆਂਢ-ਗੁਵਾਂਢ ਵਿਚ ਇਕ ਵੱਡੀ ਗਿਣਤੀ ਵਿਚ ਕੁੜੀਆਂ ਸਨ ਉਹਨਾਂ ਦੀ ਭਰੂਨ ਹੱਤਿਆ ਕਿਉਂ ਨਹੀ ਹੋਈ?