ਆਪਣੇ ਨਾਂ ਨਾਲ ਤੀਸਰਾ ਸ਼ਬਦ ਜੋੜਨ ਦਾ ਫੈਸਲਾ ਆਖਿ਼ਰ ਕਰ ਹੀ ਲਿਆ ਮੋਹਨ ਲਾਲ ਨੇ । ਮਜ਼ਬੂਰਨ ।
ਹੁਣ ਤੱਕ ਬਚਿਆ ਰਿਹਾ ਸੀ ਉਹ । ਅਵੱਲ ਬਚਾਈ ਰੱਖਿਆ ਸੀ ਉਸਨੇ ਆਪਣੇ ਆਪ ਨੂੰ । ਢੇਰ ਸਾਰੇ ਯਤਨ ਕਰਨੇ ਪਏ ਸਨ ਉਸਨੂੰ ਇਉਂ ਕਰਨ ਲਈ । ਉਸ ਨੂੰ ਪਤਾ ਵੀ ਸੀ ਸ਼ਬਦ ਕਿਨਾਂ ਗੁਣਕਾਰੀ ਸੀ । ਕਿੰਨਾਂ ਕੁਝ ਪ੍ਰਾਪਤ ਕਰ ਸਕਦਾ ਸੀ ਉਸ ਲਈ । ਨੌਕਰੀ ਤਰੱਕੀ ਤੋਂ ਲੈ ਕੇ ਉੱਚੀ ਅਹੁਦੇਦਾਰੀ ,ਵੱਡੀ ਅਫ਼ਸਰੀ ਤੱਕ ਵੀ ।ਇਵੇਂ ਹੀ ਵਾਪਰਦਾ ਰਿਹਾ ਸੀ ਉਸ ਆਸ ਪਾਸ । ਉਸ ਤੋਂ ਪਿੱਛੋਂ ਤੁਰੇ ਕਿੰਨੇ ਸਾਰੇ ਅੱਗੇ ਲੰਘ ਗਏ ਸਨ ।ਰਾਜਧਾਨੀ ਤੱਕ ਜਾ ਪੁੱਜੇ ਸਨ । ਕੋਠੀਆਂ-ਬੰਗਲੇ ਉਸਾਰ ਲਏ ਸਨ ਵੱਡੇ ਸ਼ਹਿਰੀਂ , ਤੀਸਰੇ ਸ਼ਬਦ ਦੀ ਬਦੌਲਤ।ਪਰ , ਉਸਦਾ ਇਉਂ ਕਰਨ ਨੂੰ ਮੰਨ ਹੀ ਨਾ ਮੰਨਿਆ । ਉਮਰ ਭਰ ਨਹੀਂ ਸੀ ਮੰਨਿਆ ।
ਹੁਣ , ਉਸਦੇ ਮਨ ਉਸਦੇ ਦਿਲ-ਦਿਮਾਗ਼ ਨੇ ਕੋਈ ਉਜਰ ਕੀਤੀ ਵੀ ਤਾਂ ਵੀ ਉਸ ਨੇ ਸਮਝਾ-ਬੁਝਾ ਲਿਆ ਸੀ ਇਸ ਨੁੰ ।
ਕਿੰਨਾ ਕੁਝ ਗੁਆ ਆਇਆ ਸੀ ਉਹ ਬੀਤੇ ਕਈ ਸਾਰੇ ਵਰ੍ਹਿਆਂ ਦੀਆਂ ਪੰਗਡੰਡੀਆਂ 'ਤੇ ਤੁਰਦਾ । ਇਹ ਪਗਡੰਡੀਆਂ ,ਵਿਚ-ਵਾਰ ਪੱਕੇ-ਰਾਹਾਂ ,ਛਾਂ-ਦਾਰ ਸੜਕਾਂ ਅੰਦਰ ਤਬਦੀਲ ਹੋ ਕੇ ਉਸ ਅੱਗੇ ਵਿਛੀਆਂ ਵੀ । ਇਸ ਦਾ ਵੀ ਉਸ ਉੱਤੇ ਕੋਈ ਅਸਰ ਨਹੀਂ ਸੀ ਹੋਇਆ ।
ਆਪਣੇ ਸਿਰ ਤੇ ਆਪਣੀ ਛੱਤ ਹੋਣ ਦੀ ਸੱਧਰ ਵੀ ਕਿਧਰੇ ਮਸਾਂ ਪੂਰੀ ਹੋਈ ਸੀ , ਅਖੀਰਲੀ ਉਮਰੇ ।
ਹੁਣ , ਆਪਣੇ ਸਿਰ ‘ ਤੇ ਆਪਣੇ ਛੱਤ ਹੇਠਾਂ ਬੈਠੇ ਦੀ ਉਸਦੀ ਦ੍ਰਿੜਤਾ ਇਕ ਤਰ੍ਹਾਂ ਨਾਲ ਝੋਲਾ ਮਾਰ ਗਈ ।
ਉਸ ਨੇ ਆਪਣੇ ਨਾਂ ਨਾਲ ਤੀਸਰਾ ਸ਼ਬਦ ਜੋੜਨ ਦਾ ਫੈਸਲਾ ਕਰ ਹੀ ਲਿਆ ।
ਰੰਗ-ਬੁਰਸ਼ ਉਸਦੇ ਪਾਸ ਸਨ । ਪਲੱਸਤਰ ਕੀਤੇ ਪੀਲ-ਪਾਵੇ ਉਸਦੇ ਸਾਹਮਣੇ ਸਨ । ਉਸਨੇ ਬੱਸ ਇਕ ਡੱਬੀ ਬਣਾਉਣੀ ਸੀ ਚੌਰਸ ਜਾਂ ਆਇਤਕਾਰ । ਹੇਠਾਂ ਗਰਾਂਉਡ ਭਰਨੀ ਸੀ ਚਿੱਟੀ ਜਾਂ ਬੋਨ –ਵਾਈਟ । ਇਸ ਅੰਦਰ ਨਾਂ ਲਿਖਣਾ ਸੀ ਆਪਣਾ ਕਾਲੇ ਰੰਗ ਨਾਲ । ਉਸ ਨੂੰ ਇਹੀ ਰੰਗ-ਤਰਤੀਬ ਚੰਗੀ ਲੱਗੀ ।ਇਹੀ ਰੰਗ ਤਰਤੀਬ ਉਸਦੀ ਮਾਂ ਵੀ ਚੁਣਿਆ ਕਰਦੀ ਸੀ ।....ਭਰਵੀਂ ਬਰਸਾਤ ਮੁੱਕਣ ਤੇ ਉਹਨਾਂ ਦਾ ਕੱਚਾ ਘਰ-ਵਾਗਲਾ ਹਰ ਵਰ੍ਹੇ ਨਵੇਂ ਸਿਰਿਉਂ ਲਿੱਪ-ਪੋਚ ਹੁੰਦਾ । ਲਾਗਲੇ ਛੱਪੜ ‘ਚ ਗੋਈ ਚੀਕਣੀ ਮਿੱਟੀ ਉਹ ਸਿਰ‘ਤੇ ਢੋਅ ਲਿਆਉਂਦਾ ਤਸਲੇ-ਪਰਾਤ ‘ਚ ਭਰ ਕੇ । ਕੱਚੇ ਭਿੱਤਾਂ ਤੋਂ ਉੱਖੜੇ ਖੱਪੜ ਲਾਹ- ਖੁਰਚ ਕੇ ਚਾੜ੍ਹੀ ਮੋਟੀ ਲੇਈ ਨਾਲ ਵੀ ਉਸਦੀ ਮਾਂ ਦਾ ਚਿੱਤ ਨਹੀਂ ਸੀ ਭਰਦਾ । ਥੋੜਾ ਕੁ ਆਠੁਰ ਜਾਣ ‘ਤੇ ਇਸ ਉੱਪਰ ਪਹਿਲਾਂ ਉਹ ਗੋਹੇ –ਮਿੱਟੀ ਦਾ ਪਤਲਾ-ਪਤਲਾ ਪੋਚਾ ਮਾਰਦੀ , ਫਿਰ ਈਸ਼ਰ ਘੋੜੀ ਵਾਲੇ ਤੋਂ ਕਣਕ ਵੱਟੇ ਅਗਾਊਂ ਖ਼ਰੀਦ ਰੱਖੇ ਸੇਰ-ਦੋ-ਸੇਰ ਚਿੱਟੇ ਪੀਲੇ ਗੋਲੂ ਦਾ ਸੰਘਣਾ ਘੋਲ ਚੁੱਲੇ ਚੌਂਕੇ ਸਮੇਤ ਸਾਰੇ ਓਟੇ ਤੇ ਫੇਰਦੀ । ਇਸ ਦੇ ਅੰਦਰ-ਬਾਹਰ । ਰਹਿੰਦਾ –ਬਚਦਾ ਘੋਲ਼ ਦਾਣਿਆਂ ਵਾਲੀ ਭੜੋਲੀ ਤੇ ਵੀ ਪੋਚ ਹੁੰਦਾ ।
ਪਿਛਲੇ ਅੰਦਰ ਪਈ ਭੜੋਲੀ ਤਾਂ ਲੁਕੀ ਛਿਪੀ ਰਹਿੰਦੀ ਸੀ । ਉਹਲੇ-ਹਨੇਰੇ ‘ਚ , ਪਰ ਵਿਹੜੇ ਵਿਚਲਾ ਓਟਾ ਚਿੱਟੀ-ਪੀਲੀ ਭਾਅ ਮਾਰਦਾ ਪੂਰੀ ਤਰਾਂ ਲਿਸ਼ਕਣ ਲੱਗ ਪੈਂਦਾ । ਇਸ ਦੇ ਕੋਣੇ ਕਿਨਾਰੇ ਸ਼ਾਹ-ਕਾਲਾ ਹਾਸ਼ੀਆ ਵੱਜਣ ਤੇ ਹੋਰ ਵੀ ਉੱਘੜ ਆਉਂਦੇ । ਵਲ੍ਹ-ਵਲੇਵੇਂ ਖਾਂਦੀ ਹਾਸ਼ੀਆ ਵੇਲ੍ਹ ਪੱਤੀ , ਉਸਦੇ ਬਾਲ ਮੰਨ ਉੱਤੇ ਵੀ ਜਿਵੇਂ ਉਸੇ ਤਰ੍ਹਾਂ ਛੱਪ ਜਾਂਦੀ । ਉਹ ਇਸ ਦੀ ਨਕਲ-ਛਾਪ ਕਦੀ ਆਪਣੀ ਕਾਪੀ ਦੇ ਚੌਰਸ ਜਿਹੇ ਸਫੇ਼ ‘ਤੇ ਉਤਾਰ ਲੈਂਦਾ , ਕਦੀ ਆਇਤਕਾਰ ਵਰਗੀ ਸਲੇਟ ‘ਤੇ ।
ਨਵੇਂ ਘਰ ਦੇ ਬਾਹਰਲੇ ਪੀਲ-ਪਾਵੇ ‘ਤੇ ਅਪਣਾ ਨਾਂ-ਸਰਨਾਵਾਂ ਲਿਖਣ ਲਈ , ਹੁਣ ਵੀ ਉਸਨੇ ਇਕ ਡੱਬੀ ਬਣਾਉਣੀ ਸੀ ਚੌਰਸ ਜਾਂ ਫਿਰ ਆਇਤਕਾਰ । ਉਹ ਝੱਟ ਦੇਣੀ ਉੱਠਿਆ । ਝੱਟ ਦੇਣੀ ਅੰਦਰ ਵਲ਼ ਨੂੰ ਹੋ ਤੁਰਿਆ । ਝੱਟ ਦੇਣੀ ਉਸਦੇ ਪੈਰ ਬਾਹਰ ਵਲ਼ ਨੂੰ ਨਿਕਲ ਆਏ । ਪਰ ,ਚਾਨਚੱਕ ਫਿਰ ਰੁਕ ਗਏ ,
ਧੁੱਪ ਸੇਕਣ ਲਈ ਡਿੱਠੀ ਕੁਰਸੀ ਉਸਨੇ ਕੰਧ ਦੇ ਹੋਰ ਨੇੜੇ ਵਲ਼ ਨੂੰ ਸਰਕਾ ਲਈ ।
ਇਕ ਵਾਰ ਫਿਰ ਉਹ ਆਪਣੇ ਪਿੰਡ ਵਾਲੇ ਕੱਚੇ ਘਰ ‘ਚ ਸੀ ,.......ਉਸ ਦਿਨ ਉਹ ਵਿਹੜੇ ‘ਚ ਬੈਠਾ ਸੀ ,ਬੋਰੀ ਵਿਛਾਈ , ਆਸ ਪਾਸ ਕਿਤਾਬਾਂ ਕਾਪੀਆਂ । ਸਾਹਮਣੇ ਨੜੇ-ਕਾਨਿਆਂ ਦੀ ਛੱਤ ਵਾਲੇ ਕਾਣ-ਸੂਤੇ ਛੱਤੜੇ ਹੇਠ ਉਸਦਾ ਪਿਓ ਹੁੱਕੀ ਪੀ ਰਿਹਾ ਸੀ , ਗਠੜੀ ਜਿਹੀ ਬਣਿਆ ।ਉਸ ਲਾਗੇ , ਪਾਟੀ-ਪੁਰਾਣੀ ਦਰੀ ਤੇ ਤਰਤੀਬ ਸਿਰ ਪਏ ਉਸਦੇ ਸੰਦ-ਉਜ਼ਾਰ ਉਸਨੇ ਅਜੇ ‘ਰਾਜ ਤੋਂ ’ ਨਹੀਂ ਸੀ ਉਠਾਲੇ ਕਈ ਸਾਰੇ ਜੁੱਤੀਆਂ-ਜੋੜੇ ਵੀ ਉਸਦੇ ਆਸ ਪਾਸ ਪਏ ਸਨ , ਟੁੱਟੇ-ਉੱਖੜੇ ਇਕ ਪਾਸੇ ਗੰਢੇ ਸੁਆਰੇ ਇਕ ਪਾਸੇ । ਨਾਲ ਦੇ ਘਰੋਂ ਉਸਦਾ ਤਾਇਆ ਲੱਗਦਾ ਸ਼ਿੱਬੂ ਸਿੱਧਾ ਉਸਦੇ ਪਿਓ ਲਾਗੇ ਆ ਬੈਠਾ , ਫੱਟੀ ‘ਤੇ । ਬੈਠਦਿਆਂ ਸਾਰ ਉਸਨੇ ਅੰਦਰਲਾ ਗੁਬਾਰ ਇਕੋ-ਸਾਹ ਢੇਰੀ ਕਰ ਦਿੱਤਾ “ ਕਰਤਾਰਿਆ , ਆਹ ਨਮੀਓ ਮੁਸੀਬਤ ਕਿੱਥੋਂ ਜੰਮ ਪੀ ! ਸੁਣਿਆ ,ਬਾਬਿਆ ਦੇ ਵਾੜੇ ਤੋਂ ਲੈ ਕੇ ਛੱਪੜ ਤੱਕ ਦੀ ਸਾਰੀ ਥਾਂ , ਉਨ੍ਹਾਂ ਦੇ ਕਿਸੇ ਵੱਡੇਰੇ ਕੇਹਰੂ ਦੇ ਨਾਂ ਬੋਲਦੀ ਆ । ਉਦ੍ਹੇ ਕਿਸੇ ਪੇਏ –ਦਾਦੇ ਨੇ ਦਾਨ ਦਿੱਤੀ ਸੀ ਕੰਮੀਂ-ਕਮੀਨਾਂ ਨੂੰ, ਕੋਠੇ-ਢਾਰੇ ਬਣਾਉਣ ਲਈ ਕਿਸੇ ਟੈਮ....।“
“ ਆਹੋ ਜ਼ਾਰ ........ਏਹ ਗੱਲ ਤਾਂ ਮੈਂ ............ਮੈਨੂੰ ਵੀ ਦੱਸੀ ਆ ..........ਇੰਦਰ ਬਾਬੇ ਨੇ ਕਈ ਵੇਰਾਂ .......ਮੈਂ ਈ ਸੱਚੀ ਗੱਲ ਆ .......ਅੱਗੇ ਨੀ ਕੀਤੀ ਏਹ.......ਕਿਸੇ ਨਾ ਬੀ ਨਹੀਂ ਕੀਤੀ । ..........ਮੈਂ ਸੋਚਿਆ , ਮਿੱਟੀ ਪਾਓ ਏਹਤੇ......ਏਦ੍ਹੇ ‘ਚੋਂ ਕੀ ਕੱਢਣਾ –ਪਉਣਾ ! .......ਆਪਾਂ ਸਾਰੇ ਰੈਹੀ ਜਾਨੇਂ ਆਂ......ਕੰਧਾਂ ਕੋਠੇ ਬਣੇ ਵੇ ਆ .........ਕੈਹ ਕੋਈ ਸਕਦਾ ਨਈਂ.......ਉੱਠੋ ਇਥੋਂ ਥਾਂ ਸਾਡੀ ਆ, “ ਦਮਾਂ ਮਾਰੇ ਸਾਹਾਂ ਨੂੰ ਸੂਤ-ਸਿਰ ਰੱਖਦੇ ਉਸਦੇ ਪਿਓ ਤੋਂ ਏਨੀਂ ਕੁ ਗੱਲ ਮਸਾਂ ਆਖ ਹੋਈ ਸੀ ।
ਇਸ ਨਾਲ ਵੀ ਸ਼ਿੱਬੂ ਦੀ ਤਲਖ਼ੀ ਨਹੀਂ ਸੀ ਘਟੀ । ਅਵੱਲ ਹੋਰ ਵਧ ਗਈ ਸੀ ਕਰਤਾਰੇ ਦੀ ਸੁਣ ਕੇ ।ਉਸਦੇ ਗੁਸੈਲੇ ਬੋਲ ਹੋਰ ਵੀ ਉੱਚੇ ਹੋ ਗਏ । “ ਕੈਹ ਵੀ ਦੇਣ ਤਾਂ ਮੂੰਹ ਫੜ ਲੈਣਾਂ ਕਿਸੇ ਦਾ ! ਕੈਹ ਈ ਦਿੱਤਾ ਪੁੱਟਆਰਖ਼ਾਨੇ ਆਲਿਆਂ, “ ਜ਼ਰਾ ਰੁਕ ਕੇ ਉਸਨੇ ਜ਼ਰਾ ਕੁ ਰੋਕੀ ਵਾਰਤਾ ਪੂਰੀ ਕਹੀ ਸੁਣਾਈ , “ ਗੱਲ ਏਹ ਆ ਭਰਾਵਾ , ਪਈ ਪਾਸ਼ੇ ਸਾਡੇ ਦਾ ਤਾਂ ਤੈਨੂੰ ਪਤਾਅ ਈ ਆ । ਨਪੈਥਰ ਆ ਸਿਰੇ ਦਾ । ਉਦ੍ਹੀ ਘਰ ਆਲੀ ਸਾਨੂੰ ਊਈਂ ਦੇਖ ਕੇ ਰਾਜ਼ੀ ਨਈਂ ਦੋਨਾਂ ਜੀਆਂ ਨੂੰ । ਹਰ ਟੈਮ ਖਾਊਂ ਵੱਡੂੰ ਕਰੀ ਰੱਖਦੀ ਆ । ਵਿੱਚੇ ਸਾਨੂੰ ਵਿੱਚੇ ਈ ਪਾਸ਼ੇ ਨੂੰ । ਛੋਟਾ ਬੰਸਾ ਆ ਨਾ ਮੇਰਾ ,ਸ਼ਪਾਈ !ਉਨ੍ਹੇ ਸਲਾਹ ਦਿੱਤੀ ਪਈ –“ ਮੇਰਾ ਹੈਥੇ ਆਲਾ ਜਿੰਨਾਂ ਕੁਥਾਂ ਹੈਗਾ , ਵੇਚ ਕੇ ਐਥੇ ਆ ਜੇ ਮੇਰੇ ਕੋਲ ਸ਼ੈਹਰ । ਐਥੇ ਲੈ ਲੈਨੇਂ ਆ ਕੋਈ ਛੋਟਾ ਮੋਟਾ ਘਰ ਬਣਿਆ-ਬਣਾਇਆ । ਜਾਂ ਕੋਈ ਪਲਾਟ ਖਰੀਦ ਲੈਨੇ ਆ ਨੇੜੇ-ਤੇੜੇ ।ਬੜ੍ਹੀਆਂ ਕਲੋਨੀਆਂ ਕੱਟ ਹੋਣ ਡੈਈਆਂ ਆ ਐਥੇ ........। “ ਐਨਾ ਕੁਝ ਆਖ-ਦੱਸ ਕੇ ਵੀ ਉਹ ਅਜੇ ਪੂਰਾ ਸਹਿਜ ਨਹੀਂ ਸੀ ਹੋਇਆ , “ ਸੱਚ ਦਸਾਂ ਕਰਤਾਰਿਆਂ , ਮੈਨੂੰ ਉਦ੍ਹੀ ਸਕੀਮ ਵਾਹਲੀਓ ਖ਼ਰੀ ਲੱਗੀ । ਮੈਂ ਪਿੰਡ ਆਲੇ ਪੁਟਆਰੀ ਤੋਂ ਕਾਗ਼ਤ ਜਾ ਮੰਗੇ । ਉਨ੍ਹੇ ਵਿਚੋਂ ਹਾਅ ਘੁੰਨਤਰ ਕੱਢ ਮਾਰੀ । ਅਖੇ-ਰੈਹੀ ਤਾਂ ਜਾਓ ਭਾਮੇਂ ਜਿੰਨਾ ਚਿਰ ਮਰਜ਼ੀ ਆ , ਪਰ ਵੇਚ ਨੀਂ ਸਕਦਾ ਤੁਹਾਡੇ ‘ਚੋਂ ਕੋਈ ਵੀ ਜਣਾ .......।“ ਛੱਤੜੇ ਹੇਠ ਬੈਠੇ ਉਸਦੇ ਪਿਓ ਦੀ ਹੁੱਕੀ ਗੁੜ-ਗੁੜ ਕਰਨੋਂ ਉਸੇ ਵੇਲੇ ਬੰਦ ਹੋ ਗਈ ਸੀ । ਨਿਮੋਂਝਾਣ ਹੋਇਆ ਤਾਇਆ ਸ਼ਿਬੂ ਸੋਟੀ ਆਸਰੇ ਉੱਠਿਆ , ਡੋਲਦੀ ਚਾਲੇ ਬਾਹਰ ਵਲ੍ਹ ਨੂੰ ਨਿਕਲ ਤੁਰਿਆ ਸੀ । ਪਰ ਕੱਚੀ ਕੰਧ ਨਾਲ ਢੋਅ ਲਾਈ ਬੈਠੇ ਮੋਹਣੇ ਦੀ ਹੋਂਦ-ਹੋਣੀਂ ਜਿਵੇਂ ਹਵਾ ਵਿਚ ਲਟਕਦੀ ਹੋ ਗਈ ।
ਅਪਣਾ ਪਿੰਡ ਘਰ ,ਥਾਂ ਗਰਾਂ ਉਸਨੂੰ ਓਪਰੇ-ਪਰਾਏ ਲੱਗਣ ਲੱਗ ਪਏ ਸਨ ।
ਉਪਰਾਮ ਤਾਂ ਪਹਿਲੋਂ ਵੀ ਹੁੰਦਾ ਰਿਹਾ ਸੀ ਉਹ । ਹੇਠੀ ਤਾਂ ਪਹਿਲੋਂ ਵੀ ਕਈ ਵਾਰ ਹੁੰਦੀ ਦੇਖੀ ਸੀ ਉਸਦੇ ਵਿਹੜੇ ਦੀ । ਪਿੰਡ ਦੀ ਕਿਸੇ ਵੀ ਸਭਾ-ਸੋਸੈਟੀ , ਕੱਠ-ਵੱਠ ‘ਚ ਫ਼ਾਲਤੂ ਗਿਣ ਹੁੰਦੇ , ਨੁੱਕਰੇ ਲੱਗੇ ਉਸਦੇ ਤਾਏ-ਚਾਚੇ ਪਹਿਲੋਂ ਵੀ ਚੁੱਭਦੇ ਰਹੇ ਸਨ ਉਸਨੂੰ , ਪਰ ਅਗਲੇ ਹੀ ਦਿਨ ਖੇਤਾਂ-ਘਰਾਂ , ਕੰਮਾਂ-ਕਾਰਾਂ ‘ਚ ਬਣੀ ਦਿੱਸਦੀ ਨੇੜਤਾ ਉਸਨੂੰ ਹੋਇਆ-ਬੀਤਿਆ ਸਭ ਕੁਝ ਭੁਲਦਾ ਕਰ ਦਿੰਦੀ ।
ਉਸਦੀ ਮਾਂ ਬਿਸ਼ਨੀ ਬਾਬਿਆਂ ਦੀ ਅੱਲ ‘ਚੋਂ ਆਪਣੇ ਸਾਂਝੀ ਇੰਦਰ ਬਾਬੇ ਦੇ ਘਰ-ਵਾੜੇ ਦਾ ਗੋਹਾ-ਕੂੜਾ ਕਰਨ‘ਚ ਰੁੱਝੀ ਹੁੰਦੀ,ਪਿਓ ਕਰਤਾਰਾ ਡੰਗਰਾਂ-ਪਸ਼ੂਆਂ ਦੇ ਪੱਠੇ ਦੱਬੇ ‘ਚ ਸਾਂਭ ਸੰਭਾਲ ‘ਚ । ਉਹਨਾਂ ਦਾ ਛਾਹ ਵੇਲਾ,ਲੌਢਾ ਵੇਲਾ , ਉਥੇ । ਪਰ , ਭਾਂਡੇ ਵੱਖਰੇ ਹੁੰਦੇ ਸਨ ਉਹਨਾਂ ਦੇ ਕਿਸੇ ਵੀ ਆਲੇ-ਮੋਘੇ ‘ਚ ਧਰੇ –ਟਿਕਾਏ ।
ਛੁੱਟੀ ਵਾਲੇ ਦਿਨ ਉਸਦਾ ਵੀ ਲੱਸੀ ਪਾਣੀ ਇੰਦਰ ਬਾਬੇ ਦੇ ਘਰ ।ਉਸ ਵਾਰ ਵੀ ਇਉਂ ਹੀ ਹੋਇਆ । ਨਿੱਕੀ ਮੋਟੀ ਚੱਕ-ਥੱਲ ਮੁਕਾ ਕੇ , ਉਹ ਅਜੇ ਬੈਠਣ ਹੀ ਲੱਗਾ ਸੀ ਇਕੱਲਵੰਜੇ ਹੋ ਕੇ । ਉਸਦੀਆਂ ਕਿਤਾਬਾਂ ਕਾਪੀਆਂ ਵੀ ਅਜੇ ਉਸਦੇ ਮੋਢੇ ਲਟਕਦੇ ਤਣੀਆਂ ਵਾਲੇ ਝੋਲੇ ‘ਚੋਂ ਬਾਹਰ ਨਹੀਂ ਸੀ ਆਈਆ । ਕਿ , ਦੁੜਕੀ ਪਏ ਇੰਦਰ ਬਾਬੇ ਦ ਦੋਨੋਂ ਛੋਹਰ ਉਸਨੂੰ ਜ਼ੋਰ-ਜਬਰੀ ਬਾਹਰ ਵਲ੍ਹ ਨੂੰ ਧੂਹ ਲਗਏ । ਦਿਨ ਛਿੱਪਦੇ ਤੱਕ ਉਹ ਕੋਡ-ਕਬੱਡੀ , ਛੂਹ-ਛੂਹਾਈ,ਲੁਕਣ-ਮਿਚੀ ਜੋ ਵੀ ਮੰਨ ਚਿੱਤ ਆਈ ਖੇਡਦੇ ਰਹੇ ।
ਉਸ ਦਿਨ ਉਹ ਖੁਸ਼ ਪ੍ਰਸੰਨ ਰਿਹਾ ਸੀ ਸਾਰਾ ਦਿਨ । ਘਰ-ਵਿਹੜੇ ਨਾਲ ਜੁੜਿਆ ਕਮੀਂ ਕਮੀਣ ਸ਼ਬਦ ਉਸਨੂੰ ਰਤੀ ਭਰ ਵੀ ਯਾਦ ਚਿੱਤ ਨਹੀ਼ ਸੀ ਰਿਹਾ । ਪਰ ,ਸ਼ਾਮੀਂ ਘਰ ਪਰਤੇ ਨੂੰ ਸ਼ਿੱਬੂ ਤਾਏ ਦੇ ਬੋਲ ਉਸ ਨੂੰ ਜਿਵੇਂ ਫਿਰ ਤੋਂ ਸੁਣਾਈ ਦੇਣ ਲੱਗ ਪਏ , “.....ਬਾਬਿਆਂ ਦੇ ਵਾੜੇ ਤੋਂ ਲੈ ਕੇ ਛੰਪੜ ਤੱਕ ਸਾਰੀ ਥਾਂ ਇੰਦਰ ਬਾਬੇ ਦੇ ਕਿਸੇ ਵਡੇਰੇ ਕੇਹਰੂ ਦੇ ਨਾਂ ਬੋਲਦੀ ਆ । ਉਦ੍ਹੇ ਕਿਸੇ ਪਿਓ-ਦਾਦੇ ਨੇ ਦਾਨ ਦਿੱਤੀ ਸੀ ਕਮੀਂ ਕਮੀਣਾਂ ਨੂੰ ਕੋਠੇ –ਢਾਰੇ ਖੜੇ ਕਰਨ ਲਈ ......।“
ਉਸ ਰਾਤ ਮੁੜ ਉਹ ਪਹਿਲੋਂ ਜਿਹਾ ਬੇਚੈਨ ਸੀ ।
ਕਈ ਦਿਨ ਫਿਰ ਘੋਰ-ਸੰਘਣੀ ਉਦਾਸੀ ਉਸਦੇ ਮਨ ਮਸਤੱਕ ਸਮੇਤ ਉਸਦੇ ਸਾਰੇ ਵਜ਼ੂਦ ਤੇ ਛਾਈ ਰਹੀ । ਪਿੰਡ ਦੇ ਹਮ-ਉਮਰ, ਹਮ-ਜਮਾਤੀਆਂ ਤੇ ਦਰਾਂ ਮੂਹਰਿਉਂ ਲੰਘਦੇ ਦਾ ਉਸਦਾ ਅੰਦਰ ਇਕ ਤਰ੍ਹਾਂ ਨਾਲ ਜਿਵੇਂ ਟੁੱਟਦਾ-ਭੁਰਦਾ ਰਿਹਾ । ਤਾਂ ਵੀ ਨਾ ਤਾਂ ਉਸ ਨੇ ਆਪਣੀ ਸਕੂਲੀ ਪੜ੍ਹਾਈ ਨੂੰ ਕਿਸੇ ਤਰ੍ਹਾਂ ਦੀ ਆਂਚ ਆਉਣ ਦਿੱਤੀ ਸੀ ਨਾ ਇੰਦਰ ਬਾਬੇ ਦੇ ਘਰ-ਖੇਤੀ ਜਾਣੋਂ ਆਉਣੋਂ ਰੁਕਿਆ ਸੀ ।
...ਦਸਵੀਂ ਜਮਾਤ ਦੇ ਸਲਾਨਾ ਪਰਚੇ ਖ਼ਤਮ ਹੋ ਗਏ ਸਨ ।ਨਤੀਜੇ ਦੀ ਉਡੀਕ ਲਈ ਡੇੜ ਦੋ ਮਹੀਨੇ ਦਾ ਵਕਫ਼ਾ ਸੀ । ਉਸਦੀ ਮਾਂ ਸਵੇਰੇ ਲੋਅ ਲੱਗਦਿਆਂ ਸਾਰ ਸਿੱਟੇ ਚੁੱਗਣ ਨਿਕਲੀ , ਕਿਧਰੇ ਭਖੇ-ਤਪੇ ਛਾਹ ਵੇਲੇ ਮੁੜਦੀ । ਉਹ ਬੇ-ਚੈਨ ਹੋਇਆ ਰਹਿੰਦਾ , ਘਰ । ਆਖਿ਼ਰ ਉਸ ਨੇ ਵੀ ਇਕ ਦਿਨ ਝੋਲੀ ਲੰਮਕਦੀ ਕਰ ਲਈ ਆਪਣੇ ਮੋਢੇ ਨਾਲ । ਉਸ ਦੇ ਚੁਗੇ ਸਿੱਟੇ ਮਾਂ ਦੇ ਚੁਗੇ ਸਿੱਟਿਆ ‘ਚ ਜਮਾਂ ਹੋ ਕੇ ਵੱਡੀ ਢੇਰੀ ਬਨਣ ਲੱਗ ਪਏ ।
“ ਹਾਅ ਕੰਮ ਤਾਂ ਬਿਸ਼ਨੀ ‘ਕੱਲੀ ਨੇ ਵੀ ਕਰੀ-ਕੁਰੀ ਜਾਣਾਂ , ਤੂੰ ਐਧਰ ਆ ਮੇਰੇ ਨਾਲ । ਆਹ ਫੜ ਦਾਤੀ , ਲਾਵੀ ਬਣ ਜਾ ਲਾਵੀ । ਭਾਪੇ ਆਪਣੇ ਵਰਗਾ । ਉਹ ਕੋੜ੍ਹੀ ਦਾ ਤਾਂ ਬੱਸ ਦਿਨਾਂ ‘ਚ ਈ ਜੁੜ ਗਿਆ । ਪਤਆ ਨਹੀਂ ਕੀ ਹੋਇਆ ਉਨੂੰ । ਪਰੂੰ ਖ਼ਰਾ-ਭਲਾ ਸੀ । ਉਨ੍ਹੇ ‘ਕੱਲੇ ਨੇ ਈ ਸਾਂਭ ਲਈ ਸੀ ਸਾਰੀ ਰੌਂਅ । ਤੀਲ੍ਹੇ ਵੀ ਹਾਲ੍ਹੀ ਵਿਰਲੇ ਈ ਸੀਂ ਬਾਹਲੇ । ਮੀਂਹ ਨਈ ਸੀ ਪਿਆ ਖ਼ਰੀ ਤਰ੍ਹਾਂ । ਇਸ ਵਾਰ ਤਾਂ ਉੱਪਰ ਆਲਾ ਵੀ ਮੇਰ੍ਹਬਾਨ ਈ ਰਿਹਾ ਜੱਟਾਂ ਤੇ ......।“ ਇੰਦਰ ਬਾਬਾ ਬਿਨਾਂ ਰੁਕੇ ਉਸਨੂੰ ਕਿੰਨਾਂ ਕੁਝ ਆਖ-ਦੱਸ ਗਿਆ ਸੀ ।
ਉਹ ਜੇ-ਜੱਕ ‘ਚ ਫਸਿਆ ਥੋੜਾ ਕੁ ਚਿਰ ਖੜਾ ਰਿਹਾ ਸੀ । ਚੁੱਪ ਦਾ ਚੁੱਪ ।
ਉਸਦੀ ਅੱਧੀ ਕੁ ਹਾਂ ਜਾਚ ਕੇ , ਇੰਦਰ ਨੇ ਫਿਰ ਤੋਂ ਹੱਲਾ-ਸ਼ੇਰੀ ਦਿੱਤੀ ਸੀ ਉਸਨੂੰ , “ ਕੰਮ ਕੋਈ ਵੀ ਔਖਾ ਨਹੀਂ ਹੁੰਦਾ ਮੋਹਣਿਆ , ਬੱਸ ਹਿੰਮਤ ਫੜਨ ਦੀ ਲੋੜ ਹੁੰਦੀ ਰਤਾ-ਮਾਸਾ ।“
ਇਸ ਵਾਰ ਉਸਦੇ ਪਿਓ ਦੀ ਲਾਚਾਰਗੀ ਨੇ ਉਸਨੂੰ ਦੁਬਿਧਾ ‘ਚੋਂ ਬਾਹਰ ਕੱਢ ਲਿਆ । ਉਸਨੇ ਉਸੇ ਦਿਨ ਤੋਂ ਹੀ ਦਾਤੀ ਸਾਂਭ ਲਈ ਸੀ , ਵਾਢੀ ਕਰਨ ਲਈ ।
ਦੋ ਕੁ ਦਿਨ ਉਸ ਨੂੰ ਤੱਪਦੀ ਰੇਤ ਤੇ ਪੈਰਾਂ ਭਾਰ ਤੁਰਨਾ , ਬੇ-ਹੱਦ ਔਖਾ ਲੱਗਾ । ਔਖਾ ਤੇ ਅਕਾਊ ਵੀ ।ਥੋੜੇ ਕੁ ਛਾਲੇ ਵੀ ਉੱਭਰ ਆਏ ਸਨ ਉਸਦੇ ਹੱਥਾਂ ‘ਤੇ ਦਾਤੀ ਸੱਥਰ ਸਾਂਭਦੇ ਕੱਟਦੇ ਦੇ । ਤਾਂ ਵੀ ਉਸ ਨੇ ਹਿੰਮਤ ਨਹੀਂ ਸੀ ਹਾਰੀ । ਡਟਿਆ ਰਿਹਾ ਸੀ ਤਕੜਾ ਹੋ ਕੇ । ਤਰਕਾਲੀਂ ਘਰ ਪੁੱਜ ਕੇ ਗਰਮ ਪਾਣੀ ਨਾਲ ਧੋਤੇ ਹੱਥ-ਮੂੰਹ ਤੋਂ ਮਿਲਦੀ ਰਾਹਤ ਉਸਨੂੰ ਅਗਲੇ ਦਿਨ ਦੀ ਮੁਸ਼ਕੱਤ ਲਈ ਫਿਰ ਤੋਂ ਰਮਾਂ ਕਰਦੀ ਰਹੀ । ਦੁਪਹਿਰ ਵੇਲੇ ਤੱਕ ਉਹ ਪੂਰਾ ਦੰਮ ਰੱਖਦਾ । ਦੂਜੇ ਵੇਲੇ ਜੇ ਕਿਧਰੇ ਉਸ ਦੀ ਪਰਾਤ ਪੱਛੜ ਵੀ ਜਾਂਦੀ , ਇੰਦਰ ਉਸਨੂੰ ਆਪਣੇ ਨਾਲ ਮੇਚਦਾ ਕਰ ਲੈਂਦਾ । ਪੂਰੇ ਪੰਦਰਾਂ ਦਿਨਾਂ ‘ਚ ਰੌਂਅ ਪੱਟੀ ਦੇ ਸਵਾ ਛੇ ਖੇਤ ਵੱਢ-ਸੰਭਾਲ ਲਏ ਸਨ , ਉਹਨਾਂ ਦੋਨਾਂ ਨੇ ।
ਆਖ਼ਰੀ ਦਿਨ ਦੀ ਭਰੀ ਚੱਕਾਉਂਦੇ ਇੰਦਰ ਬਾਬੇ ਨੇ ਬੇ-ਹੱਦ ਮਾਣ ਨਾਲ ਕਿਹਾ ਸੀ ਉਸਨੂੰ – “ ਲੈਅ ਬਈ ਮੋਹਣਿਆਂ , ਸਾਵਾਂ ਤੁੱਲਿਆਂ ਤੂੰ ਮੇਰੇ ਨਾਲ ਐਨੇ ਦਿਨ । ਹੁਣ ....ਤੂੰ ਉਮਰ ਭਰ ਮਾਰ ਨਈਂ ਖਾਂਦਾ ਕਿਧਰੇ ਵੀ ।“
ਇੰਦਰ ਬਾਰੇ ਤੋਂ ਮਿਲੀ ਥਾਪੀ ਉਸ ਨੂੰ ਹੋਰ ਵੀ ਨਵਾਂ ਨਰੋਆ ਕਰ ਗਈ ਸੀ । ਆਪਣੇ ਅੰਗਾਂ ਪੈਰਾਂ ਦੀ ਸਮਰੱਥਾ ਆਪਣੀ ਯੋਗਤਾ ਆਪਣੀ ਕਾਬਲੀਅਤ ਦੀ ਹੇਠੀ ਨਹੀਂ ਸੀ ਹੋਣ ਦਿੱਤੀ ਉਸਨੇ , ਵਾਹ ਲੱਗਦੀ ਨੂੰ ਕਦੀ ਵੀ ।
ਪਰ ਹੁਣ , ਆਪਣੀ ਮਾਲਕੀ ਵਾਲੇ ਪੰਜ ਕੁ ਮਰਲੇ ਦੇ ਪੱਕੇ ਵਿਹੜੇ ‘ਚ ਬੈਠੇ ਦੀ ਉਸਦੀ ਸਮਰੱਥਾ-ਯੋਗਤਾ ਨੇ ਵੀ ਜਿਵੇਂ ਹਥਿਆਰ ਸੁੱਟ ਦਿੱਤੇ ਹੋਣ ।
.......ਬੈਠਕ ਅੰਦਰੋਂ ਲਿਆਂਦੀ ਲਿੱਖਣ ਸਮੱਗਰੀ , ਰੰਗ-ਬੁਰਸ਼ ਸਾਂਭ ਕੇ ਉਹ ਮੁੜ ਬਾਹਰਲੇ ਗੇਟ ਤੱਕ ਆ ਪੁੱਜਾ । ਦਿਨ ਅਜੇ ਖੜਾ ਸੀ । ਟਾਂਵੇ-ਟਾਵੇਂ ਅਗੜ-ਦੁਗੜ ਬਣੇ ਘਰਾਂ ਨੂੰ ਮੁੜਦੇ ਕਈ ਜਾਣ-ਪਛਾਣ ਵਾਲੇ ਉਸਨੂੰ ਸਾਬ-ਸਲਾਮ ਵੀ ਕਰਦੇ ਗਏ । ਉਸਨੇ ਗੇਟ ਦੇ ਪੀਲ ਪਾਵੇ ਨਾਲ ਲੱਗੀ ਨੇਮ ਪਲੇਟ ਉਤਾਰ ਦਿੱਤੀ । ਇਥੇ ਚਿਪਕੀ ਰਹੀ ਨੇ ਇਸ ਨੇ , ਉਸ ਦੇ ਸਾਦ-ਮੁਰਾਦੇ ਨਾਂ ਦਾ ਬਿਲਕੁਲ ਸਾਥ ਨਹੀਂ ਸੀ ਦਿੱਤਾ । ਉਸ ਤੱਕ ਪੁੱਜਣ ਵਾਲੀ ਚਿੱਠੀ ਕਦੀ ਮੋਹਣ ਲਾਲ ਸ਼ਾਸ਼ਤਰੀ ਘਰੋਂ ਘੁੰਮ ਕੇ ਮੁੜਦੀ , ਕਦੀ ਮੋਹਣ ਲਾਲ ਹਲਵਾਈ ਦੀ ਹੱਟੀਓ , ਕਦੀ ਕਮੇਟੀ ਘਰ ਵਾਲੇ ਮੋਹਨ ਲਾਲ ਦੀ ਬੈਠਕੋਂ ।
ਬਹੁਤੀ ਵਾਰ ਉਸਦੀ ਜ਼ਰੂਰੀ ਸ਼ਮੂਲੀਅਤ ਵਾਲੀਆ ਮਿਤੀਆਂ ਹੀ ਲੰਘ ਚੁੱਕੀਆਂ ਹੁੰਦੀਆਂ ।
ਇਸ ਵਾਰ ਇਹੋ ਕੁਝ ਵਾਪਰਿਆ ਸੀ ਉਸ ਨਾਲ । ਜ਼ਿਲਾ ਪੱਧਰੀ ਸੈਮੀਨਾਰ ਸੀ , ਉਸਦੀ ਤਿੱਖੀ ਪਕੜ ਵਾਲੇ ਵਿਸ਼ੇ ‘ਬੁੱਧ ਬਨਾਮ ਵੇਦਾਂਤ ’ ਤੇ’ ਮੁੱਖ ਬੁਲਾਰਾ ਭਾਵੇਂ ਨਹੀਂ ਸੀ ਉਹ , ਤਾਂ ਵੀ ਉਸਦੀ ਹਾਜ਼ਰੀ ਉਸਦੇ ਕਿੰਤੂ-ਪਰੰਤੂ ਅਹਿਮ ਨੁਕਤੇ ਉਭਾਰ ਸਕਦੇ ਸਨ । ਬਹਿਸ ਵਿਚਾਰ ਪ੍ਰਚੰਡ ਕਰ ਸਕਦੇ ਸਨ – ਰੱਬ,ਰੂਹ,ਰੂਹਾਨੀਅਤ , ਪਾਪ-ਪੁੰਨ,ਗਿਆਨ-ਧਿਆਨ,ਮੁਕਤੀ-ਭਗਤੀ,ਯੱਗ-ਬਲੀ ਵਰਗੀਆਂ ਪ੍ਰਚੱਲਤ ਮਨੌਤਾਂ ‘ਤੇ ।
ਪਰ ਨਹੀਂ ਸੀ ਜਾ ਸਕਿਆ । ਸੱਦਾ –ਪੱਤਰ ਪੱਛੜ ਕੇ ਪੁੱਜਾ ਸੀ ਕਿੰਨੇ ਸਾਰੇ ਦਿਨ ।
ਇਕ ਵਾਰ ਪਹਿਲੋਂ ਵੀ ਖੁੰਝਾ ਸੀ ਉਹ, ਇਕ ਅਹਿਮ ਸੰਮੇਲਣ ‘ਚ ਭਾਗ ਲੈਣੋਂ । ਉਸ ਵਾਰ ਮੁੱਦਾ ਵੀ ਉਸਨੇ ਆਪ ਦਿੱਤਾ ਸੀ ਸਮੇਲਣ ਪ੍ਰਬੰਧਕਾਂ ਨੂੰ । ਪੜ੍ਹਨਾ ਵੀ ਉਸਨੇ ਆਪ ਹੀ ਸੀ , ਕੁੰਜੀਵਤ ਭਾਸ਼ਣ ਵਜੋਂ । ਉਦੋਂ ਸੱਦੇ-ਪੱਤਰ ਨੇ , ਉਸਦੇ ਨੌਕਰੀ ਵਾਲੇ ਸ਼ਹਿਰੋਂ ਪਰਤੇ ਨੇ ਵੀ ਇਥੇ ਤਿੰਨਾਂ ਘਰਾਂ ‘ਚ ਤਸਤੱਕ ਦਿੱਤੀ ਸੀ , ਉਸ ਤੱਕ ਅੱਪੜਦਾ ਹੋਣ ਤੋਂ ਪਹਿਲਾਂ ।
ਤਦ ਤੱਕ ਨਿਸਚਿੱਤ ਮਿਤੀ ਲੰਘ ਚੁੱਕੀ ਸੀ ।
ਹੁਣ ਉਸਦੇ ਸਾਹਮਣੇ ਦੋ ਹੀ ਵਿਕਲਪ ਸਨ-ਜਾਂ ਤਾਂ ਆਪਣੇ ਦੋ-ਸ਼ਬਦੀ ਨਾਂ ਨਾਲ ਤੀਸਰਾ ਸ਼ਬਦ ਜੋੜੇ ਜਾਂ ਆਪਣੇ ਘਰ ਦੀ ਹੋਂਦ ਨੂੰ ਲਾਗੇ ਦੇ ਕਿਸੇ ਉੱਘੇ ਪ੍ਰਸਿੱਧ ਸਥਾਨ ਦੀ ਨੇੜਤਾ ਨਾਲ ਗੰਢੇ ।
ਉਸ ਨੇ ਆਸ-ਪਾਸ ਨਿਗਾਹ ਮਾਰੀ ।ਨਵੀਂ ਉਸੱਰਦੀ ਕਾਲੋਨੀ ‘ਚ ਅਜੇ ਨਾ ਕੋਈ ਮੰਦਰ ਉੱਸਰਿਆ ਸੀ ਨਾ ਗੁਰਦੁਆਰਾ । ਹਾਂ ਇਕ ਮਾਡਲ ਸਕੂਲ ਜ਼ਰੂਰ ਪ੍ਰਗਟ ਹੋਇਆ ਸੀ , ਇਕ ਛੋਟੇ ਜਿਹੇ ਇਹਾਤੇ ‘ਚ ।
ਉਸ ਨੇ ਸਤਾਈ-ਇੰਚ ਪੀਲ ਪਾਵੇ ਦਾ ਠੀਕ ਠੀਕ ਜਾਇਜ਼ਾ ਲਿਆ । ਕਾਫ਼ੀ ਖੁੱਲ੍ਹੀ ਥਾਂ ਸੀ । ਦੋਨੋਂ ਵਿਕਲਪ .ਇਕੱਲੇ-ਇਕੱਲੇ ਵੀ ਲਿਖੇ ਜਾ ਸਕਦੇ ਸਨ, ਇਕੱਠੇ ਵੀ । ਫੁੱਟਾ ਪੈਨਸਲ ਲੈ ਕੇ ਉਸਨੇ ਇਕ ਚੰਗੀ ਖੁੱਲ੍ਹੀ ਆਇਤਾਕਾਰ ਵਾਹੀ । ਕੁੱਲ ਅੱਖਰਾਂ ਦੀ ਗਿਣਤੀ –ਮਿਣਤੀ ਕਰਕੇ ਥਾਂ ਦੀ ਵੰਡ ਵੀ ਕਰ ਲਈ । ਲਿਖਤ ਦੀ ਕੱਚੀ ਰੂਪ-ਰੇਖਾ ਉਕੱਰਦਾ ਜਦ ਉਹ ‘ਨੇੜੇ’ ਸ਼ਬਦ ਤੇ ਪੁੱਜਾ , ਤਾਂ ਉਸਦਾ ਹੱਥ ਫਿਰ ਕੰਬ ਗਿਆ ।
ਉਸਦੀ ਰੂਹ ਜਾਨ ਨੂੰ ਉਸਦੇ ਅੰਦਰ ਨੂੰ ਇੱਕ ਜ਼ੋਰਦਾਰ ਝੁਣਝੁਣੀ ਆ ਗਈ ਸੀ ,ਉਸਦੀ ਆਤਮ-ਬਲਵਾਨਤਾ ਜਿਵੇ ਕੰਬੀ ਗਈ ਹੋਵੇ । ਉਸਦਾ ਚੌਥੀ ਵਾਰ ਬਦਲ ਹੋਇਆ ਸਿਰਨਾਵਾਂ ਮੁੜ ਉਸੇ ਰੰਗ-ਢੰਗ ‘ਚ ਲਿਖਣਾ ਪੈ ਰਿਹਾ ਸੀ ਉਸਨੂੰ ਨੇੜੇ ‘ਅਰਜਨ ਮਾਡਲ ਸਕੂਲ’ ।
ਉਸ ਨੂੰ ਲੱਗਾ ਇਹ ਸ਼ਬਦ ਵੀ ਉਸਦੇ ਵਜੂਦ ਨੂੰ , ਉਸਦੀ ਪਛਾਣ ਨੂੰ ਲੰਗੜਾ ਹੀ ਨਹੀਂ ਇਕ ਤਰ੍ਹਾਂ ਨਾਲ ਸਿਫ਼ਰ ਕਰਨ ਤੇ ਤੁਲਿਆ ਰਿਹਾ ਹੈ । ਵਿਹੜੇ ਨਾਲ ਜੁੜੇ ਤੀਸਰੇ ਸ਼ਬਦ ਦੀ ਮਾਰ ਤੋਂ ਤਾਂ ਉਹ ਹੁਣ ਤੱਕ ਬਚਿਆ ਰਿਹਾ ਸੀ । ਅਵੱਲ ਬਚਾਈ ਰੱਖਿਆ ਸੀ ਆਪਣੇ ਆਪ ਨੂੰ ਪੂਰੀ ਸਿਦਕ-ਦਿੱਲੀ ਨਾਲ ।
ਖੜੇ ਖੜੋਤੇ ਦੇ ਉਸਦੇ ਕੰਨਾਂ ‘ਚ ਇੰਦਰ ਬਾਬੇ ਦੇ ਬੋਲ ਜਿਵੇਂ ਫਿਰ ਤੋਂ ਗੂੰਜੇ ਹੋਣ – “ ਲੈਅ ਬਈ ਮੋਹਣਿਆਂ , ਸਾਵਾਂ ਤੁਲਿਆ ਤੂੰ ਮੇਰੇ ਨਾਲ ਐਨੇ ਦਿਨ । ਬੱਸ .......ਹੁਣ ਉਮਰ ਭਰ ਮਾਰ ਨਹੀਂ ਖਾਂਦਾ ਕਿਧਰੇ ਵੀ ........। ‘
ਇੰਦਰ ਬਾਬੇ ਨਾਲ ਤੱਪਦੀ ਰੋਂਅ ‘ਚ ਬਿਤਾਏ ਬਾ-ਮਸ਼ਕੱਤ ਪੰਦਰਾਂ ਕੁ ਦਿਨ ਉਸਦੇ ਤਨ-ਬਦਨ ਨੂੰ , ਉਸਦੀ ਰੂਹ-ਜਾਨ ਨੂੰ ਜਾਗ ਦਾ ਕਰ ਗਏ ਸਨ । ਪੁਰਖਿਆ ਕਾਰਨ ਉਸਦੇ ਅੰਦਰ ਵਲ੍ਹ ਨੂੰ ਪੱਸਰ ਆਈ ਹੀਣਤਾ ਉਸ ਨੂੰ ਆਪ ਸਹੇੜੇ ਰੋਗ ਲੱਗਣ ਲੱਗ ਪਈ ਸੀ । ਇਸ ਤੋਂ ਬਚਦਾ ਹੋਣ ਲਈ ਉਸਦੀ ਕਿਸ਼ੋਰ ਉਮਰੀ ਭਾਵੁਕਤਾ ਅਜੀਬ ਤਰਾਂ ਦੇ ਔਖੇ ਓਜੜੇ ਰਾਹੀ ਤੁਰਦੀ ਰਹੀ । ਤੀਸਰੇ ਸ਼ਬਦ ਦੇ ਅਰਥ-ਸੰਚਾਰ ਤੋਂ ਉਸ ਨੇ ਉਮਰ ਭਰ ਤੋੜ ਵਿਛੋੜਾ ਕੀਤੀ ਰੱਖਿਆ ।
ਇਸ ਸਾਰੇ ਕੁਝ ਦਾ ਪਤਾ ਸੀ ਉਸਦੇ ਘਰ ਦੇ ਜੀਆਂ ਨੂੰ । ਇਕ ਵਾਰ ਨਹੀਂ ਕਈ ਵਾਰ ਦੱਸ ਚੁੱਕਾ ਸੀ , ਪਹਿਲਾਂ ਪਤਨੀ ਨੂੰ ਫਿਰ ਪੁੱਤਰ ਧੀ ਨੂੰ । ਉਹਨਾਂ ਨਾ ਕਦੀ ਉਸਦੀ ਰਮਜ਼ ਸਮਝੀ , ਨਾ ਉਸਦਾ ਸਾਥ ਦਿੱਤਾ । ਉਲਟਾ ਲੜਦੇ-ਝਗੜਦੇ ਹਰ ਤਰ੍ਹਾਂ ਦਾ ਨਿਰਾਦਰ ਕਰਦੇ ਰਹੇ ਸਨ ਉਸਦਾ ।
ਲੰਘੇ ਜੀਵਨ ਦੀ ਤਿਲਕਵੀਂ ਜਿਹੀ ਲਿਸ਼ਕੋਰ ਉਸਦੀ ਸਿਮਰਤੀ ‘ਚ ਆ ਲਿਸ਼ਕੀ । ......ਤਿੰਨ ਤਰ੍ਹਾਂ ਦੀ ਨੌਕਰੀ ਕਰਨੀ ਪਈ ਸੀ ਉਸਨੂੰ । ਸਰਕਾਰੀ , ਅਰਧ ਸਰਕਾਰੀ ਤੇ ਨਿਰੋਲ ਨਿੱਜੀ ਮਾਲਕਾਂ ਦੀ । ਉਸਦੀਆਂ ਕੰਮ ਕਾਜੀ ਉਲਝਣਾਂ ਉਸ ਲਈ ਬੀ.ਏ.ਐਮ.ਏ. ਕਰਨ ਦੇ ਰਾਹ ‘ਚ ਰੁਕਾਵਟਾਂ ਤਾਂ ਬਣੀਆਂ ਪਰ ਉਹ ਰੁਕਿਆ ਨਾ । ਨੌਵੀ ਦੱਸਵੀਂ ‘ਚ ਤੀਰਥ ਰਾਮ ਮਾਸਟਰ ਤੋਂ ਸਿੱਖੀ ਪੈਨਸਲ-ਬੁਰਸ਼ ਕਲਾ ਵੀ ਥੋੜੀ ਬਹੁਤ ਸਾਂਭੀ ਰੱਖੀ ਸੀ ਉਸਨੇ । ਇੰਦਰ ਬਾਬੇ ਦੇ ਬੋਲ ਵੀ ਇਕ ਤਰ੍ਹਾਂ ਦੀ ਊਰਜਾ ਭਰਦੇ ਰਹੇ ਸਨ ਉਸ ਅੰਦਰ ਬੀਤੇ ਚਾਲੀ ਪੰਜਤਾਲੀ ਵਰ੍ਹੇ ।
ਉਸਦੀ ਵੱਡੇ ਡੈਮ ਦੀ ਨੌਕਰੀ ਸਮੇਂ ਉਸਦਾ ਪਤਾ ‘ਬੈਰਕ ਨੰਬਰ ਅੱਠ ਕਮਰਾ ਨੰਬਰ ਚਾਲੀ ,ਨੇੜੇ ਡਬਲ ਐਫ ਬਲਾਕ ’ ਰਿਹਾ । ਫਿਰ ਸਨਅਤੀ ਸ਼ਹਿਰ ਦੀ ਠਹਿਰ ਸਮੇਂ ਇਹ ਕੋਠੀ ਬਨਾਰਸੀ ਦਾਸ ,ਨੇੜੇ ਕੇ.ਐਮ.ਵੀ ‘ ਬਣ ਗਿਆ । ਤੇ ....ਤੇ ਸਰਕਾਰੀ ਕਲਰਕੀ ਕਰਦਿਆਂ ਵੀ ਇਹ ਨਾਲੋਂ ‘ਨੇੜੇ ’ ਸ਼ਬਦ ਦੀ ਵਸਾਖ਼ੀ ਨਹੀਂ ਸੀ ਲੱਥੀ । ਇਸ ਸਮੇਂ ਇਹ ‘ਨੇੜੇ ਬੀ.ਡੀ.ਓ.ਦਫ਼ਤਰ ਲਿਖ ਹੁੰਦਾ ਰਿਹਾ ।
ਉਦੋਂ ਤਾਂ ਚਾਰਾ ਕੋਈ ਨਹੀਂ ਸੀ ਹੋਰ । ਬੇਗਾਨੇ ਘਰ ਸਨ,ਮਾਲਕੀ ਹੋਰਾਂ ਦੀ ਸੀ । ਉਹ ਜਾਂ ਤਾਂ ਕਰਾਏ ਦੇ ਮਕਾਨ ਸਨ , ਜਾਂ ਅਲਾਟ ਹੋਏ ਕਮਰੇ । ਪਰ ਹੁਣ ......ਹੁਣ ਤਾਂ ਉਸਦਾ ਆਪਣਾ ਘਰ ਸੀ , ਆਪਣੀ ਮਾਲਕੀ ਵਾਲੇ ਪੰਜ ਕੁ ਮਰਲੇ ਦਾ ਪੱਕਾ ਘਰ । ਲੋੜ ਅਨੁਸਾਰ ਉਸਾਰੇ ਦੋ ਕਮਰੇ , ਬੈਠਕ ,ਰਸੋਈ ,ਲੈਟਰੀਨ-ਬਾਥ । ਪੂਰੀ ਉਮਰ ਲਾ ਕੇ ਉਸਦੀ ਇਹ ਸੱਧਰ ਮਸਾਂ ਪੂਰੀ ਹੋਈ ਸੀ । ਕਿਧਰੇ ।
ਫਿਰ....ਫਿਰ ਇਸ ਨਾਲ ਵੀ ਆ ਜੁੜਿਆ ‘ਨੇੜੇ ’ ਸ਼ਬਦ ਉਸ ਅੰਦਰ ਤਿੱਖੀ ਲੰਮੀਂ ਸੂਲ ਵਾਂਗ ਖੁੱਭ ਗਿਆ ।
ਫੁੱਟਾ-ਪੈਨਸਲ,ਰੰਗ-ਬੁਰਸ਼ ਥਾਏਂ ਛੱਡ ਕੇ , ਉਹ ਮੁੜ ਕੁਰਸੀ ਤੇ ਆ ਬੈਠਾ , ਵਿਹੜੇ ‘ਚ ਡਿੱਠੀ ਪਾਲਸਟਕੀ ਕੁਰਸੀ ‘ਤੇ । ਬੈਠੇ ਬੈਠੇ ਨੂੰ ਉਸਨੂੰ ਜਿਵੇਂ ਕਿਸੇ ਨੇ ਆਵਾਜ਼ ਮਾਰੀ ਹੋਵੇ । ਉਸ ਨੇ ਆਸ-ਪਾਸ ਦੇਖਿਆ । ਕੋਈ ਵੀ ਨਹੀਂ ਸੀ ਨਾ ਬਾਹਰ ਨਾ ਅੰਦਰ । ਇਹ ਉਸਦੀ ਬੈਠਕ ਅੰਦਰਲਾ ਸਪੀਕਿੰਗ ਕਲਾਕ ਸੀ । ਪੰਜ ਵੱਜੇ ਹੋਣ ਦੀ ਸੂਚਨਾ ਬੋਲੀ ਸੀ ਇਸਨੇ । ਉਹ ਮੁੜ ਆਪਣੇ ਆਪ ਨਾਲ ਜੁੜ ਗਿਆ । ਪੰਜ ਵਜੇ ਤੱਕ ਤਾਂ ਮੁੜਨਾ ਚਾਹੀਦਾ ਸੀ , ਘਰ ਦੇ ਜੀਆਂ ਨੂੰ । ਪਿੰਡ ਗਏ ਸਨ ਉਹ ਸਵੇਰੇ ਸਵੱਖਤੇ । ਇਕ ਖ਼ਾਸ ਸਮਾਗਮ ਸੀ ਪਿੰਡ ਦ ਵੱਖਰੇ ਗੁਰਦੁਆਰੇ । ‘ਹਰਿ’ ਸ਼ਬਦ ਜੋੜਿਆ ਜਾਣਾ ਸੀ ਨਿਸ਼ਾਨ ਸਾਹਿਬ ਦੀ ਟੀਸੀ ਤੇ , ਖੰਡੇ ਦੀ ਥਾਂ । ਕਈ ਦਿਨ ਉਸਦੀ ਧੀ-ਪੁੱਤਰ ਨਾਲ , ਘਰ ਵਾਲੀ ਨਾਲ ਤਲਖ਼ ਕਲਾਮੀਂ ਹੁੰਦੀ ਰਹੀ । ਨਾ ਘਰ ਦੇ ਜੀਆਂ ਨੇ ਆਪਣਾ ਹੱਠ ਛੱਡਿਆ , ਨਾ ਮੁਖੀ ਨੇ । ਉਸਦਾ ਤਰਕ ਸੀ – “ਇਉਂ ਕਰਨ ਤੇ ਮੁੱਢਦਾ ਭਾਈਚਾਰਾ ਰਹਿੰਦਾ ਵੀ ਤਿੜਕ ਜਾਊ । ਮਨਾਂ ‘ਚ ਉੱਕਰ ਹੋਈ ਵੰਡ ਤਨਾਂ ਤੇ ਆ ਲਿਪਟੂ । “ ਦੂਜਾ ਬੰਨਾ ਮੁੜ ਪਹਿਲਾਂ ਵਾਲੀ ਅੜੀ ਤੇ ਕਾਇਮ ਸੀ –“ਤੁਹਾਡੀ ਹੈਸ ਮੁੱਚ-ਮੁੱਚ ਨੇ ਈ ਸਿਰ ਨਈਂ ਚੁੱਕਣ ਦਿੱਤਾ ਸਾਡੇ ਲੋਕਾਂ ਨੂੰ ! ਨਹੀਂ ਹੁਣ ਨੂੰ ਹੇਠਲੀ ਉਪਰ ਹੋਈ ਹੁੰਦੀ । “
ਹੇਠਲੀ ਉੱਪਰ ਲੜਾਈਆਂ-ਝਗੜਿਆਂ , ਜੰਗਾਂ-ਯੁੱਧਾਂ ਨੇ ਨਈਂ ਚਿੰਤਨ-ਚੇਤਨਾ ਨੇ ਕੀਤੀ ਐ । ਵਰਗ ਜਾਗ੍ਰਿਤੀ , ਵਰਗ ਸੰਘਰਸ਼ਾਂ ਰਾਹੀ ਹੁੰਦੀ ਆਈ ਆ । ਇਹ ਜੰਗ ਯੁੱਗ ਤਾਂ ਮਨੁੱਖੀ ਇਤਿਹਾਸ ਨੂੰ ਹੁਣ ਤੱਕ ਕਲੰਕਤ ਹੀ ਕਰਦੇ ਰਹੇ । ਹੋਰ ਤਾਂ ਹੋਰ ਇਹ ਵਸੀਲਾ ਰਹਿਤ ਹੱਥਾਂ ਦੀ ਕਿਰਤ ਸ਼ਕਤੀ , ਕਿਰਤ ਸਮਰੱਥਾ ਨੂੰ ਵੀ ਕੋਂਹਦੇ-ਨਪੀੜਦੇ ਰਹੇ ਆ । ਧਰਮਾਂ,ਜਾਤਾਂ,ਗੋਤਾਂ , ਰੰਗਾਂ , ਨਸਲਾਂ ਦੇ ਠੀਹੇਂ ਬਣਾ ਕੇ ।
ਉਸਦੀ ਗੌਰੀ-ਭਾਲੀ ਦਲੀਲ ਤਿੰਨਾਂ ‘ਚੋਂ ਕਿਸੇ ਨੇ ਵੀ ਨਹੀਂ ਸੀ ਸੁਣੀ ।
ਉਸਦੀ ਪਤਨੀ, ਉਸਦੇ ਪੜਾਕੂ ਧੀ-ਪੁੱਤਰ ਉੱਤੇ ਜਿਵੇਂ ਕੋਈ ਜਾਦੂ ਕਰ ਰੱਖਿਆ ਸੀ ਕਿਸੇ ਕਰਮਕਾਂਡੀ ਮੰਤਰ ਨੇ ।
ਸਵੇਰੇ ਝਗੜ-ਬੋਲ ਕੇ ਗਏ ਉਹ ਅਜੇ ਤੱਕ ਵਾਪਿਸ ਨਹੀਂ ਸੀ ਪਰਤੇ ।
ਸਿਆਲੂ ਦਿਨਾਂ ਦੀ ਠੰਡ ਵਿਹੜੇ ‘ਚ ਪਸਰਣ ਲੱਗ ਪਈ । ਉਸ ਨੇ ਗੇਟ ਲਾਗੇ ਰਖਿਆ ਨਿੱਕ ਸੁੱਕ ਚੁੱਕਿਆ ।ਕੁਰਸੀ ਸਮੇਤ ਅੰਦਰ ਚਲਾ ਗਿਆ । ਬੈਠਕ ‘ਚ ਪਈ ਲੋਈ ਦੀ ਬੁੱਕਲ ਮਾਰ ਕੇ ਉਹ ਦਰਵਾਜ਼ਾ ਬੰਦ ਕਰਨ ਹੀ ਲੱਗਾ ਸੀ ਕਿ ਬਾਹਰਲਾ ਗੇਟ ਖੜਕਿਆ । ਉੱਧੜੇ- ਉੱਖੜੇ ਤਿੰਨੋਂ ਜੀਆ ਵਿਹੜੇ ਅੰਦਰ ਲੰਘ ਆਏ ਸਨ । ਲੰਗੜਾ ਕੇ ਤੁਰਦਾ ਪੁੱਤਰ ਮਸਾਂ ਕਮਰੇ ਅੰਦਰ ਦਾਖਿਲ ਹੋਇਆ । ਇਕ ਡਾਂਗ ਉਸਦੀ ਲੱਤ ‘ਤੇ ਵੱਜੀ ਸੀ , ਦੋ ਤਿੰਨ ਮੌਰਾਂ ਤੇ । ਲੜਾਈ-ਝਗੜਾ ਹੋਇਆ ਸੀ ਪਿੰਡ, ਖ਼ੂਨ-ਖਰਾਬੇ ਵਰਗਾ ।
ਉਸਦਾ ਡਰ ਸੱਚ ਸਾਬਤ ਹੋਇਆ ।
ਇਉਂ ਹੋਣਾ ਹੀ ਹੋਣਾ ਸੀ । ਇਸ ਦਾ ਪੱਕਾ ਪਤਾ ਸੀ ਉਸਨੂੰ ।
ਇਸ ਦੀ ਸਿੱਧ-ਪੱਧਰੀ ਵਿਆਖਿਆ ਕਰਨ ਲਈ , ਉਸਨੇ ਕਹਿਣਾ ਸੀ , ’ਇਕ ਪਾਸੇ ‘ਖੰਡਾ ’ ਧਿਰ , ਦੂਜੇ ਪਾਸੇ‘ਹਰਿ’ ਸਮਰਥੱਕ । ਦੋਨਾਂ ਨੂੰ ਵਰਗਾਂ –ਜਾਤਾਂ ਦੀ ਜ਼ਹਿਰੀਲੀ ਪੁੱਠ । ਦੋਨਾਂ ਦੀ ਬੁੱਧ ਵਿਵੇਕ ਇਕ ਦਮ ਖੁੰਡੀ ਹੋਈ ਪਈ ਆ । ਅਵੱਲ ਗਿਰਵੀ ਕੀਤੀ ਪਈ ਆ ਕਿਸੇ ਤੀਸਰੀ ਧਿਰ ਨੇ । ਇਸ ਧਿਰ ਨੇ ਨਾ ਇਕ ਨੂੰ ਸੂਰਤ ਆਉਣ ਦੇਣੀ ਨਾ ਦੂਜੇ ਨੂੰ । .....ਹੁਣ ਤੱਕ ਇਹੀ ਕੁਝ ਹੁੰਦਾ ਰਿਹਾ । ਸਾਡਾ ਸਾਰਾ ਇਤਿਹਾਸ ਪੂਰੀ ਤਰ੍ਹਾਂ ਲਿੱਬੜਦਾ ਕੀਤਾ ਪਿਆ ਇਸ ਨੇ । ਇਸ ਦੇ ਧਰਮ ਤੰਤਰ ਨੇ । ਦੰਗੇ-ਫ਼ਸਾਦ,ਲੜਾਈਆਂ-ਝਗੜੇ ਖੂਨੀ ਜੰਗਾਂ ਇਕ ਤਰ੍ਹਾਂ ਦਾ ਸੁਗਲ ਮੇਲਾ ਐ ਇਸ ਦੀ ਸੁਆਰਥੀ ਬਿਰਤੀ ਲਈ , ਮੁਨਾਫ਼ਖੋਰ ਫਿਤਰਤ ਲਈ ।‘
ਪਰ ਉਹ ਕਹਿ ਨਾ ਸਕਿਆ , ਡੌਰ-ਭੌਰ ਦਿਸਦੇ ਤਿੰਨੋਂ ਜੀਅ ਉਸ ਅੰਦਰਲੇ ਉਬਾਲ ਨੂੰ , ਉਸ ਦੇ ਅੰਦਰ ਹੀ ਕਿਧਰੇ ਨੱਪਦਾ ਕਰ ਗਏ ।
ਉੰਝ , ਹਰ ਸਭਾ-ਸੋਸਾਇਟੀ , ਹਰ ਸੈਮੀਨਾਰ-ਸੰਮੇਲਨ ‘ਚ ਉਸ ਦੀ ਵਿਆਖਿਆ ਹੋਰ ਵੀ ਉੱਗੜਵੀਂ ਹੁੰਦੀ ਸੀ । ਉਸਦਾ ਸਾਰਾ ਤਾਣ ਇਸ ਤੀਜੀ ਧਿਰ ਨੂੰ ਨੰਗਿਆ ਕਰਨ ਤੇ , ਇਸ ਦੀ ਅਸਲ ਖ਼ਾਸੇ ਦੀ ਛਾਣ ਬੀਣ ਕਰਨ ਤੇ ਲੱਗਦਾ ਸੀ ।
ਇਹ ਸਾਰੇ ਤੱਥ ਉਸ ਦੇ ਧੀ-ਪੁੱਤਰ ਦੀ ਸੂਝ ਸਮਝ ਦਾ ਹਿੱਸਾ ਵੀ ਬਣਦੇ ਰਹੇ ਸਨ , ਅਕਸਰ । ਪਰ ਉਸਦੀ ਘਰ ਵਾਲੀ ਉਸਦੀ ਕੀਤੀ ਕੱਤਰੀ ਨੂੰ ਇਕ ਸਾਰ ਪੋਚਾ ਫੇਰ ਦਿਆ ਕਰਦੀ ।
ਇਸ ਵਾਰ ਵੀ ਉਸਦੀ ਚੁੰਗਲ ‘ਚ ਫਸੇ ਉਹ ਦੋਨੋਂ ਪਿੰਡ ਚਲੇ ਗਏ ਸਨ , ਛੁੱਟੀ ਵਾਲੇ ਦਿਨ । ਰੋਹ ਰੰਜ , ਨਫ਼ਰਤੀ ਭਾਵ ਹੋਰ ਵੀ ਉੱਭਰ ਆਏ ਦਿਸਦੇ ਸਨ ਉਹਨਾਂ ਸਭ ਦੇ ਚਿਹਰਿਆਂ ਤੇ ਸੰਘਣੀ ਤਰ੍ਹਾਂ ਪੱਸਰੇ ।
ਡਰੀ-ਸਹਿਮੀ ਉਸਦੀ ਪਤਨੀ ਸਿੱਧੀ ਪਿਛਲੇ ਅੰਦਰ ਵਿਛੇ ਬੈੱਡ ‘ਤੇ ਜਾ ਡਿੱਗੀ । ਤੇ ਉਹ...ਉਹ ਧੀ-ਪੁੱਤਰ ਨੂੰ ਪਿਆਰਦਾ ਪੁੱਚਕਾਰਦਾ ਵੱਡੇ ਕਮਰੇ ‘ਚ ਲੈ ਗਿਆ । ਉਹਨਾਂ ਦੋਨਾਂ ਨੂੰ ਵਗਲ੍ਹ ‘ਚ ਲੈਂਦੇ ਨੇ ਉਸਨੇ ਇਸ ਵਾਰ ਜਿਵੇਂ ਹਲਕੀ ਜਿਹੀ ਝਿੜਕ ਵੀ ਮਾਰੀ –“ਸਭ ਕੁਝ ਜਾਣ-ਦਿਆਂ ਬੁਝਦਿਆ ਵੀ ਆਪਾਂ ਸਾਧਾਂ ਦੀ ਸਿਆਸਤ ਨੂੰ ਇਲਾਹੀ ਹੁਕਮ ਮੰਨ ਲਿਆ । ਇਕ ਪਾਸੇ ਤਾਂ ਆਪਾਂ ਆਪਣੇ ਉੱਪਰ ਥੋਪੇ ਗਏ ਜਾਤ-ਪ੍ਰਬੰਧ ਤੋਂ ਜਾਤ-ਛਡਜੰਦ ਤੋਂ ਬਾਗੀ ਹੋਣ ਲਈ ਤਰਲੋਮੱਛੀ ਹੋਏ ਬੈਠੇ ਆ , ਦੂਜੇ ਪਾਸੇ ਉਹਨਾਂ ਵਰਗਾ ਹੀ ਜਾਤ-ਅਭਿਮਾਨ ਸਿਰ ਤੇ ਚੁੱਕੀ ਫਿਰਦੇ ਆ । ......ਬੱਸ ਐਸੇ ਗੱਲੋਂ ਮਾਰ ਖਾਨੇ ਆਂ ਅਸੀਂ ਲੋਕੀਂ ।
ਲਗਦੇ ਹੱਥ ਹੀ ਉਸਨੇ ਹੱਡੀ ਹੰਢਾਏ ਅਭਿਆਸ ਦੀ ਵੀ ਥੋੜੀ ਕੁ ਜਿੰਨੀ ਵਿਥਿਆ ਕਹਿ ਸੁਣਾਈ । ਨਾਲ ਦੀ ਨਾਲ ਆਪਣਾ ਹੱਠ-ਧਰਮ,ਨਾਲ ਦੀ ਨਾਲ ਸੱਤੇ –ਗੀਬੇ ਦੀ ਕਥਾ –ਕਹਾਣੀ । ਇੰਦਰ ਬਾਬੇ ਦੇ ਮੁੰਡਿਆ ਦਾ ਹਾਲ ਹਵਾਲ ।
ਉਸ ਨੇ ਥੋੜਾ ਕੁ ਸਹਿਜ ਹੁੰਦੇ ਨੇ ਦੱਸਿਆ ਸੀ ਆਪਣੇ ਧੀ-ਪੁੱਤਰ ਨੂੰ ਕਿ ‘ਸੀਗੇ ਤਾਂ ਉਹ ਮੇਰੇ ਯਾਰ-ਬੇਲੀ । ਹੱਸਣ ਖੇਲਣ ਵੀ ਖੁੱਲਾ ਸੀ ਉਹਨਾਂ ਨਾਲ । ਪਰ ਦੋਨਾਂ ‘ਚੋਂ ਕੋਈ ਵੀ ਤਣ-ਪੱਤਣ ਨਹੀਂ ਸੀ ਲੱਗਾ । ਸੱਤੇ ਨੇ ਅਠਵੀਂ ‘ਚ ਗੋਡੇ ਟੇਕ ਦਿੱਤੇ ,ਛੋਟੇ ਗੀਬੇ ਦੀਆਂ ਦਸਵੀਂ ‘ਚੋਂ ਦੋ ਵਾਰ ਗੋਟਣੀਆ ਲੱਗੀਆ । ਹਾਰ ਕੇ ਜੰਘੀ ਫੜ ਲਈ ਦੋਨਾਂ ਨੇ । ਪਿਓ ਨਾਲ ਆਡਾ ਲਾ ਕੇ ਖੇਤ ਬੰਨਾ ਵੀ ਵੰਡ ਲਿਆ। ਭਲੀ-ਚੰਗੀ ਤੁਰਦੀ ਤੋਰ ਲੀਹੋਂ ਉੱਤਰ ਗਈ । ਊਂ ਟੈ-ਟੱਸ ਰਤਾ ਮਾਸਾ ਵੀ ਮੱਠੀ ਨਾ ਪਈ ।
ਕਦੇ ਕਦਾਈਂ ਪਿੰਡ ਗਏ ਨੂੰ ਉਹ ਮੈਨੂੰ ਮਿਲਿਆ ਗਿਲਿਆ ਵੀ ਕਰਨ । ਬਾਤ-ਚੀਤ ਵੀ ਕਰਿਆ ਕਰਨ । ਪਰ , ਐਮੇਂ ਕਿਮੇਂ ਦੀ ਉਪਰੀ ਜਿਹੀ ਰੜਕਵੀਂ ਜਿਹੀ । ਕਦੀ ਕਿਹਾ ਕਰਨ-ਜ਼ਾਰ ਤੂੰ ਤਾਂ ਨਿੱਖਰ ਈ ਬੜਾ ਗਿਆ ਸ਼ਹਿਰ ਜਾ ਕੇ ਕੀ ਖਾਨਾਂ ਹੁੰਨਾ !’ ਕਦੀ ਆਖਿਆ ਕਰਨ ‘ਤੇਰੀ ਤਾਂ ਮੋਹਣਿਆਂ ਗੋਗੜ ਈ ‘ਗਾਆਂ ਨੂੰ ਤੁਰੀ ਆਉਂਦੀ ਆ , ਤੈਨੂੰ ਹੁਣ ਲਾਵੀ ਦਿਹਾੜੀ ਕੌਣ ਲਜਾਊ ! ਮੈਨੂੰ ,ਆਪਣੇ ਵਾੜੇ ਲਾਗਿਉਂ ਦੀ ਲੰਘਦਾ ਦੇਖ ਕੇ , ਇਕ ਵਾਰ ਤਾਂ ਗੀਬੇ ਮੂੰਹੋਂ ਸਪਾਟ ਈ ਨਿਕਲ ਗਿਆ –‘ਦੇਖ ਸਾਲੀ ਚਮਾੜਲੀ ਕਿੱਦਾਂ ਮੇਲ੍ਹਦੀ ਫਿਰਦੀ ਆ ਬਣ-ਸੰਵਰ ਕੇ । ਸਾਡੇ ਭਾਅ ਦਾ ਤਾਂ ਏਹ ਹਜੇ ਵੀ ਉਹੀ ਆ ਕਮੀਂ ਕਮੀਣ । ਕਰਤਾਰੇ ਮੋਚੀ ਦਾ ਮੁੰਡਾ ਮੋਹਣੂ-ਕੋਹਣੂ ।‘
ਉਸਦੀ ਬਾਤ ਵਾਰਤਾ ਸੁਣਦੇ , ਉਸਦੇ ਪੁੱਤਰ-ਧੀ ਦੇ ਚਿਹਰੇ ਇਕ ਦਮ ਕੱਸੇ ਗਏ ਸਨ ।ਪਰ ,ਉਹਨਾਂ ਕੇ ਕੁਝ ਵੀ ਕਹਿਣ ਤੋਂ ਪਹਿਲਾਂ ਉਸਨੇ ਝੱਟ ਪੈਂਤੜਾ ਸਾਂਭ ਲਿਆ ਸੀ –“ਮੈਂ ਓਸਲੇ ਤਾਂ ਉਸਨੂੰ ਕੋਈ ਜਵਾਬ ਨਾ ਦਿੱਤਾ । ਜੇ ਦਿੰਦਾ ਵੀ ਤਾਂ ਭੌਂ ਮਾਲਕੀ ਫਿੱਤਰਤ ਤੋਂ ਸਹਾਰ ਨਹੀਂ ਸੀ ਹੋਣਾ । ਪਰ ,ਅਗਲੇ ਹੀ ਦਿਨ , ਉਸਨੂੰ ਗੱਡਾ ਹਿੱਕੀ ਆਉਂਦੇ ਨੂੰ ਵੱਡੇ ਚੁਰਾਹੇ ‘ਚ ਰੋਕ ਕੇ ਮੈਂ ਉਸਦੀ ਹੋਂਦ ਹੋਣੀ ਦਾ ਸ਼ੀਸ਼ਾ ਐਨ ਉਸਦੇ ਸਾਹਮਣੇ ਕਰ ਦਿੱਤਾ–“ ਸੁਣਾ ਬਈ ਗੀਬਾ ਸਿਆਂ , ਬੜਾ ਰੋਲ –ਮਧੋਲ ਹੋਇਆ ! ਕੀ ਗੱਲ ਢਾਅ ਲਿਆ ਸੰਧੂ ਸਰਦਾਰ ਨੂੰ ਕਿਸੇ ਲਹਿਣੇਦਾਰ ਨੇ ਹਲ ਵਾਹੁੰਦੇ ਨੂੰ , ਜਾਂ ਊਈਂ ਬੱਸ ਹੋਈ ਪਈ ਆ ਨਸ਼ੇ ਪੱਤੇ ਕਰਦੇ ਦੀ !”
ਉਸਨੇ ਅੱਗੇ ਦਸਿਆ ਸੀ ਆਪਣੇ ਧੀ-ਪੁੱਤਰ ਨੂੰ –“ਇਸ ਤੋਂ ਵੱਧ ਉਸਨੂੰ ਕੁਝ ਨਹੀਂ ਸੀ ਕਿਹਾ । ਜੇ ਕਹਿੰਦਾ ਤਾਂ ਮੇਰਾ ਆਪਣਾ ਅਹਿਦ ਟੁੱਟਦਾ ਸੀ । ਮੇਰੇ ਅੰਦਰ ਦੂਰ ਕਿਧਰੇ ਨੱਪ ਘੁੱਟ ਹੋਈ ਕਮੀਂ ਕਮੀਣ ਹਊਂ ਮੁੜ ਤੋਂ ਜ਼ਰਬ ਖਾਂਦੀ ਸੀ । ਤੇ ....ਤੇ ਸਿੱਟਾ ਉਹ ਨਿਕਲਦਾ ਜਿਹੜਾ ਅੱਜ ਕੱਢ ਕੇ ਆਏ ਓ ਤੁਸੀਂ ।
ਇਸ ਵਾਰ ਉਸਨੂੰ ਲੱਗਾ ਸੀ ਕਿ ਲੱਗੀਆਂ ਸੱਟਾਂ ਉੱਤੇ ਗਰਮ ਪਾਣੀ ਦੇ ਫੈਹੇ ਸਹਿੰਦੇ ਸਹਾਰਦੇ ਉਸਦੇ ਪੁੱਤਰ ਨੇ ਵੀ ਉਸਦੀ ਬਾਤ ਵਾਰਤਾ ਧਿਆਨ ਨਾਲ ਸੁਣੀ ਸੀ । ਤੇ ਲਾਗੇ ਬੈਠੀ ਉਸਦੀ ਧੀ ਨੇ ਵੀ ।
ਫਿਰ,ਦੂਜੇ ਚੌਥੇ ਉਹ ਦੋਨੋਂ ਕਲਾਸ ਸਲੇਬਸਾਂ ਤੋਂ ਬਾਹਰ ਵਾਪਰਦਾ ‘ਸੱਚ’ ਜਾਨਣ ਲਈ ਉਸ ਦੇ ਹੋਰ ਨੇੜੇ ਬੈਠਣ ਲੱਗ ਪਏ । ਉਹ ਖੁਸ਼-ਪ੍ਰਸੰਨ ਸੀ ਹੁਣ । ਉਸ ਦੇ ਵੱਡੀਆਂ ਜਮਾਤਾਂ ਪੜ੍ਹਦੇ ਬੱਚੇ ਉਸਨੂੰ ਜਾਨਣ ਲੱਗ ਪਏ ਸਨ । ਉਸਦੀ ਪੈੜ-ਚਾਲ ਪਛਾਨਣ ਲੱਗ ਪਏ ਸਨ । ਹੁਣ ਉਹਨਾਂ ਕਦੀ ਉਸਦੇ ‘ਫੇਰੇ ਤੋਰੇ ’ ਤੇ ਬੇ-ਲੋੜੀ ਟੋਕ-ਟਕਾਈ ਨਹੀਂ ਸੀ ਕੀਤੀ । ਫਾਲਤੂ ਦਾ ਕਿੰਤੂ –ਪ੍ਰੰਤੂ ਨਹੀਂ ਸੀ ਕੀਤਾ । ਨਹੀਂ ਪਹਿਲੋਂ ਘਰ ਦੀ ਤੰਗੀ –ਤੁਰਛੀ ਤੋਂ ਅੱਕੀ ਉਸਦੀ ਪਤਨੀ ਰੀਸੇ ਉਹ ਵੀ ਉਸ ਨੂੰ ਨਿਖੱਟੂ-ਨਿਕੰਮਾਂ ਵਰਗੇ ਪ੍ਰਵਚਨਾਂ ਨਾਲ ਨਿਵਾਜ਼ ਦਿਆ ਕਰਦੇ ਸਨ । ਤੀਜੇ ਸ਼ਬਦ ਨੂੰ ਛੱਡ ਤਿਆਗ ਕੇ ਹੋਏ ਝੱਲੇ ਢੇਰ ਸਾਰੇ ਮਾਇਕ ਨੁਕਸਾਨ ਦਾ ਮੁੱਖ ਦੋਸ਼ੀ ਉਸ ਨੂੰ ਗਰਦਾਨਦਿਆਂ ਇਥੋਂ ਤੱਕ ਕਹਿ ਦਿਆ ਕਰਦੇ ਸਨ , “ ਤੁਹਾਨੂੰ ਪਤੀ-ਪਿਤਾ ਨਹੀਂ ਸੀ ਬਨਣਾ ਚਾਹੀਦਾ । ਸਗੋਂ ਸੰਨਿਆਸੀ ਬਨਣਾ ਚਾਹੀਦਾ ਸੀ , ਦੁਨੀਆਂਦਾਰੀ ਤੋਂ ਦੂਰੀ ਰਹਿਣ ਵਾਲਾ ਇਕ ਤਰ੍ਹਾਂ ਦਾ ਜੰਗਲੀ ਜੀਵ । ਉਸਦੀ ਪਤਨੀ ਦੇ ਤਿੱਖੇ ਤੇਵਰ ਤਾਂ ਆਏ ਦਿਨ ਉਹਦੇ ਵਲ ਨੂੰ ਅਗਨ ਬਾਣ ਛੱਡਦੇ ਹੀ ਰਹਿੰਦੇ । ਖਿਝੀ ਖਪੀ ਕਈ ਵਾਰ ਅਪ ਸ਼ਬਦ ਵੀ ਬੋਲ ਜਾਂਦੀ । ਜ਼ਰਾ ਕੁ ਜਿੰਨੀ ਤੰਗੀ ਤੁਰਛੀ ਨੂੰ ਕਿੰਨਾ ਸਾਰਾ ਵਧਾ ਚੜ੍ਹਾ ਕੇ ਉਹ ਉਸ ਉੱਤੇ ਜਿਵੇਂ ਵਰ੍ਹ ਹੀ ਪੈਂਦੀ –“ ਏਸ ਝੁੱਡੂ ਜੇਏ ਨੇ ਘਰ ‘ਚ ਵੀ ਭੁੱਖ ਨੰਗ ਵਰਤਾਈ ਰੱਖੀ ਆ , ਤੇ ਆਪੂੰ ਵੀ ਸਾਰੀ ਉਮਰ ਆਹੀ ਲੀਰਾਂ ਲੰਮਕਾਈ ਰੱਖੀਆਂ ਆਪਣ ਦੁਆਲੇ ।“ ਉਸਦੇ ਕੁੜਤੇ-ਪਜਾਮੇਂ ਦੀ ਪਸੰਦ ਨੂੰ ਉਹ ‘ਲੀਰਾਂ ’ਦੀ ਸੰਗਿਆ ਦਿਆ ਕਰਦੀ ਸੀ ।
ਕਰਾਏ ਦੇ ਮਕਾਨਾਂ ਦੀ ਔਖ-ਔਖਿਆਈ ਕੱਟਦੀ ਉਹ ਹੋਰ ਵੀ ਚਿੜਦੀ ਰਹੀ ਸੀ । ਉਸਦਾ ਗਿਲਾ ਹੁੰਦਾ-“ਏਦੇ, ਨਾਲ ਦੇ ਕਿਤੇ ਦੇ ਕਿਤੇ ਪੁੱਜਿਓ ਆ । ਕੋਈ ਜ਼ਿਲਾ ਅਫ਼ਸਰ ਬਣਿਆ ਪਿਆ , ਕਿਸੇ ਨੇ ਚੰਦੀਗੜ੍ਹ ਤੱਕ ਮਾਰ ਮਾਰੀ ਪਈ ਆ । ਤੇ ਏਹ ਸਾਧੜਾ ਜਿਹਾ ਐਥੇ ਈ ਧੱਕੇ ਖਾਈ ਜਾਂਦਾ , ਪਿੰਡਾਂ ਥਾਵਾਂ ਤੇ ਸਕੂਲੀ ਦਫ਼ਤਰਾਂ ‘ਚ ........।“
ਪਤਨੀ ਦੇ ਬੋਲ-ਕਬੋਲ ਉਸ ਨੂੰ ਤੰਕ-ਪ੍ਰੇਸ਼ਾਨ ਤਾਂ ਕਰਦੇ , ਪਰ ਉਹ ਖਿਝਦਾ ਖੱਪਦਾ ਨਾ ।
ਇੰਦਰ ਬਾਬੇ ਦਾ ਜੁੱਟ ਬਣ ਕੇ ਬਰਦਾਸ਼ਤ ਕੀਤੀ ਪੰਦਰਾਂ ਕੁ ਦਿਨਾਂ ਦੀ ਔਖ ਮੁਸ਼ਕਲ ਨੇ , ਉਸ ਅੰਦਰ ਆਤਮ ਵਿਸ਼ਵਾਸ਼ ਵਰਗਾ ਟਿਕਵੀਂ ਤਰਾ ਦਾ ਠਹਿਰਾਅ ਵੀ ਭਰਦਾ ਕਰ ਦਿੱਤਾ ਸੀ ।
ਉਸ ਦੇ ਨਰਮ ਨਾਜ਼ੁਕ ਹੱਥਾਂ ਪੈਰਾਂ ‘ਚ ਖੁੱਭੇ ਕਿਸਾਰ ਖੁੰਗੇ ਉਸਨੂੰ ਚਾਰ ਛੇ ਦਿਨਾਂ ‘ਚ ਭੁਲ ਭੁਲਾ ਗਏ ਸਨ ।
ਉਸਦੀ ਸਿੱਟੇ ਚੁਗਦੀ ਮਾਂ, ਜੁੱਤੀਆਂ ਗੰਢਦੇ ਪਿਓ ਦੇ ਘਰ ਉਸ ਵਾਰ ਵੀਹ-ਤੀਹ ਸੇਰ ਕਣਕ ਦੀ ਥਾਂ ,ਪੰਜ-ਛੇ ਮਣ ਦਾਣ ਵੀ ਪੁੱਜਦੇ ਹੋਏ ਸਨ ।
ਪਰ, ਉਸਦੀ ਚੜ੍ਹਦੀ ਪੂੰਗਰਦੀ ਉਮਰ , ਇੰਦਰਕਿਆਂ ਦੇ ਕਿਸੇ ਵੱਡੇ ਵਡੇਰੇ ਤੋਂ ਉਸਦੇ ਕਿਸੇ ਬਾਬੇ ਪੜਦਾਦੇ ਨੂੰ ਦਾਨ-ਪੁੰਨ ‘ਚ ਮਿਲੇ ਘਰ ਕੋਠੇ ‘ਚ ਰਹਿਣ ਤੋਂ ਇਨਕਾਰੀ ਹੁੰਦੀ ਗਈ ।
ਵਿਹੜੇ ਨਾਲ ਜੁੜੇ ਕਮੀਂ ਕਮੀਨ ਸ਼ਬਦ ਨੂੰ ਅਲਵਿਦਾ ਕਹਿ ਕੇ ਉਹ ਉਮਰ ਭਰ ਨਾ ਆਪਣੇ ਸਾਹਮਣੇ ਆਪ ਹੀਣ ਹੋਇਆ ਸੀ ,ਨਾ ਕਿਸੇ ਵੀ ਖੱਬੀਖਾਨ ਸਾਹਮਣੇ ਝੁਕਿਆ-ਲਿਫਿਆ ਸੀ ।
ਪਰ, ਹੁਣ...ਹੁਣ ਅਠਵੰਜਾ ਸੱਠ ਸਾਲ ਦੀ ਉਮਰ ‘ਚ ਸੇਵਾ ਮੁਕਤ ਹੋ ਕੇ , ਆਪਣੇ ਘਰ ਆਪਣੇ ਮਕਾਨ ‘ਚ ਪੁੱਜੇ ਦਾ ਉਸਦਾ ਕਿੰਨਾਂ ਸਾਰਾ ਵਜੂਦ ਜਿਵੇਂ ਭੁਰ ਕਿਰ ਗਿਆ । ਉਸਦਾ ਘਰ, ਉਸਦਾ ਨਵਾਂ ਉਸਰਿਆ ਮਕਾਨ , ਮੁੜ‘ਨੇੜੇ’ ਸ਼ਬਦ ਦੀ ਗੁਲਾਮੀ ਸਹੇੜਦਾ ਉਸ ਤੋਂ ਬਰਦਾਸ਼ਤ ਨਹੀਂ ਸੀ ਹੋਇਆ ।
ਉਹ ਨਹੀਂ ਸੀ ਚਾਹੁੰਦਾ , ਇਹ ਸ਼ਬਦ ਉਸਦੇ ਧੀ-ਪੁੱਤਰ ਨੂੰ ਵੀ ਉਸ ਵਾਂਗ ਦਾਗ਼ਦਾਰ ਕਰੀ ਰੱਖੇ । ਉਹਨਾਂ ਦੇ ਥੌਹ ਪਤੇ ਨੂੰ ਵੀ ਲੰਗੜਾ ਬਣਾਈ ਰੱਖੇ । ਉਹਨਾਂ ਤਾਂ ਅਜੇ ਸ਼ੁਰੂਆਤ ਹੀ ਕੀਤੀ ਸੀ । ਉਹਨਾਂ ਦਾ ਤਾਂ ਸਾਰਾ ਭਵਿੱਖ ਖੜਾ ਸੀ ਉਹਨਾਂ ਸਾਹਮਣੇ । ਉਹਨਾਂ ਦੇ ਨੰਬਰ-ਨਤੀਜੇ , ਅਰਜੀਆਂ-ਇੰਟਰਵਿਊਆਂ ਸਭ ਏਸੇ ਪਤੇ ਤੇ ਆਉਣੀਆਂ-ਪੁੱਜਣੀਆਂ ਸਨ ।
ਇਹ ਸਾਰੇ , ਉਸਦੇ ਚਿੱਠੀ-ਪੱਤਰ ਵਾਂਗ ਹੋਰਨੀਂ ਘਰੀਂ ਘੁੰਮ ਕੇ ਪੁੱਜਣ ! ਉਸ ਤੋਂ ਇਹ ਨਿਮੋਸ਼ੀ ਬਿਲਕੁਲ ਸਹਿਣ ਨਹੀਂ ਸੀ ਹੋਣੀ । ਉਹ ਆਲੋਕਰ ਤਰ੍ਹਾਂ ਦੀ ਸ਼ਸ਼ੋਪੰਜ ‘ਚ ਜਕੜਿਆ ਗਿਆ ।ਇਕ ਪਾਸੇ ਉਸਦਾ ਛਡਿਆ ਤਿਆਗਿਆ ਜਾਤੀ ਸੂਚਕ ਵਿਸ਼ੇਸ਼ਣ, ਦੂਜੇ ਪਾਸੇ ਉਮਰ ਭਰ ਉਸਦੀ ਪੀੜ-ਚੀਸ ਦ ਕਾਰਨ ਬਣਦਾ ਰਿਹਾ ਸੰਯੋਜਕ ।
ਦੋਨਾਂ ‘ਚ ਕੋਈ ਇਕ ਤਾਂ ਲਿਖਣਾ ਹੀ ਪੈਣਾ ਸੀ ਬਾਹਰਲੇ ਗੇਟ ‘ਤੇ । ਘਰ ਦੀ ਪਹਿਚਾਣ ਲਈ । ਇਸ ਦੀ ਹੋਂਦ ਨੂੰ ਉਜਾਗਰ ਕਰਨ ਲਈ । ਆਪਣੇ ਨਾਂ ਨੂੰ ਹੋਰਨਾਂ ਸਰਨਾਮਿਆਂ ਤੋਂ ਵੱਖਰਾ ਦਰਸਾਉਣ ਲਈ ।
ਕਿੰਨੇ ਹੀ ਦਿਨ ਉਹ ਇਹਨਾਂ ਦੋ ਪੁੜਾਂ ਵਰਗੇ ਸ਼ਬਦਾਂ ‘ਚ ਫਸਿਆ ਰਗੜ ਹੁੰਦਾ ਰਿਹਾ ।
ਆਖਿਰ ਉਸਦੇ ਘਰ ਪਰਿਵਾਰ ਦੀ , ਉਸਦੇ ਧੀ-ਪੁੱਤਰ ਦੀ ਵਫ਼ਾ ਉਸਦੀ ਚੋਣ ਤੇ ਭਾਰੂ ਹੋ ਗਈ ।
ਬਾਹਰਲੇ ਗੇਟ ਦੇ ਪੀਲ ਪਾਵੇ ਤੇ ਵਾਹੀ ਆਇਤਕਾਰ ‘ਚ ਉੱਕਰੇ ‘ਨੇੜੇ ’ ਸ਼ਬਦ ਨੂੰ ਮੇਟ-ਮੇਸ ਕੇ ਉਸ ਨੇ ਆਪਣੇ ਨਾਂ ਮੋਹਨ ਲਾਲ ਨਾਲ ਜੁੜਵਾਂ ਸ਼ਬਦ ‘ਬੰਗੜ ’ ਲਿਖਣ ਲਈ ਮੁੜ ਤੋਂ ਮਿਣਤੀ-ਗਿਣਤੀ ਕਰ ਲਈ । ਭਾਵੇਂ ਕੰਬਦੇ ਹੱਥਾਂ ਨਾਲ ਹੀ !!