ਮੈਂ ਇਕ ਬੀਜ ਬਣ ਕੇ ਜੀਵਿਆ
ਤੇ ਬੀਜ ਅੱਗੇ ਤੁਰ ਪਿਆ:
ਪੁੱਤਰ…..ਪੋਤਰੀਆਂ…..ਪੋਤਰੇ…
ਮਿੱਟੀ, ਹਵਾ, ਆਕਾਸ਼, ਸੂਰਜ ਤੇ ਸਮੁੰਦਰ,
ਸਮੇਂ 'ਤੇ ਉੱਕਰੇ ਹੋਏ ਪੱਕੇ ਨਿਸ਼ਾਨ।
ਧਰਤੀ ਹਰ ਵਰ੍ਹੇ -
ਰੰਗ ਬਿਰੰਗ ਵਿਚ,
ਜਾਗਦੀ, ਜੰਮਦੀ ਰਹੀ -
ਸਮੇਂ ਨੂੰ ਇਤਿਹਾਸ ਦੀ।
ਤਲੀ 'ਤੇ, ਜੋ ਛਿਣ ਰੱਖਿਆ,
ਆਪਣੇ ਹੀ ਸੇਕ ਨਾਲ,
ਤ੍ਰੇਲ ਵਾਂਗੂੰ, ਭਾਫ ਬਣ ਕੇ, ਉੱਡ ਗਿਆ।
ਛਿਣ, ਛਿਣ ਜੋ ਜੋੜਿਆ,
ਉੰਗਲਾਂ 'ਚੋਂ, ਰੇਤ ਵਾਂਗੂੰ ਕਿਰ ਗਿਆ
ਪੁੱਤਰ……ਪੋਤਰੀਆਂ….ਪੋਤਰੇ…
ਮੈਂ ਉਨ੍ਹਾਂ ਦੇ ਭਰਮ ਦੇ ਵਿਚ ਘਿਰ ਗਿਆ।
ਭਰਮ ਦੇ ਇਹ ਦਾਇਰੇ,
ਸ਼ੱਚ-ਭਾਅ…..ਤਨ-ਰੂਪ ਵਿਚ,
ਦਿੰਦੀ ਰਹੀ ਹੈ ਹਰ ਨਸਲ,
ਅਗਲੀ ਨਸਲ ਨੂੰ, ਫੇਰ ਵੀ….
ਇਹ ਮਨੁੱਖ:
ਜਿਸਮ ਵਿਚ ਮੁੱਕਦਾ ਰਿਹਾ…
ਤੇ ਪੀੜ੍ਹੀਏਂ ਪੁੱਗਦਾ ਰਿਹਾ…..
ਬੀਜ ਦੇ ਨਸ਼ਟ ਹੋਣ ਵਿਚ ਹੀ,
ਕੁਦਰਤ ਦਾ ਹੱਲ ਹੈ।
ਖੁਦ ਨੂੰ ਮਾਰ, ਜੀਵਨ
ਅੱਗੇ ਤੋਰਨੇ ਦੀ ਗੱਲ ਹੈ।
ਧਰਤੀ, ਪੌਣ, ਪਾਣੀ ਤੇ ਬੀਜ,
ਜਿਸ ਸ੍ਰਿਸ਼ਟੀ ਦਾ ਰੂਪ ਹਨ,
ਉਹ ਸ੍ਰਿਸ਼ਟੀ ਮੇਰੀ ਹੈ।
ਮੈਂ ਇਕ ਬੀਜ ਬਣ ਕੇ ਜੀਵਿਆ
ਤੇ ਬੀਜ ਅੱਗੇ ਤੁਰ ਪਿਆ:
ਪੁੱਤਰ…..ਪੋਤਰੀਆਂ…..ਪੋਤਰੇ…