ਸੱਜਣ ਆਏ ਸ਼ਾਮ ਸੁਹਾਨੀ ਹੋ ਗਈ
ਹਰ ਪੱਤਾ, ਹਰ ਸ਼ਾਖ ਦੀਵਾਨੀ ਹੋ ਗਈ।
ਜ਼ਰਾ ਜ਼ਰਾ ਮਸਤੀ ਦੇ ਵਿੱਚ ਝੂਮ ਰਿਹੈ,
ਮੁਲਾਕਾਤ ਦੀ ਘੜੀ ਲਾਸਾਨੀ ਹੋ ਗਈ।
ਮੁਦੱਤ ਪਿਛੋਂ ਮੁੜਕੇ ਦਸਤਕ ਦਿੱਤੀ ਏ,
ਪਤਾ ਨਹੀਂ ਸਾਥੋਂ ਕੀ ਨਦਾਨੀ ਹੋ ਗਈ।
ਆਉਣ ਤੋਂ ਪਹਿਲਾਂ ਹਾੜ੍ਹ ਵਾਂਗ ਜੋ ਤਪਦੀ ਸੀ,
ਰੁੱਤ ਸਾਵਨ ਵਾਂਗੂੰ ਅੱਜ ਮਸਤਾਨੀ ਹੋ ਗਈ।
ਮਹਿਫ਼ਿਲ ਦੀ ਜ਼ਿੰਦ ਜਾਨ ਕਦੇ ਉਹ ਹੁੰਦਾ ਸੀ,
ਅੱਜ ਬੈਠਾ ਦੇਖ ਖ਼ਾਮੋਸ਼ ਹੈਰਾਨੀ ਹੋ ਗਈ।