ਖ਼ਬਰਸਾਰ

  •    ਜਾਰਜ ਮੈਕੀ ਲਾਇਬ੍ਰੇਰੀ ਦੀ ਕਾਵਿ ਸ਼ਾਮ ਦਾ ਵਿਲੱਖਣ ਅੰਦਾਜ਼ / ਜਾਰਜ ਮੈਕੀ ਲਾਇਬ੍ਰੇਰੀ, ਡੈਲਟਾ
  •    ਦਸੂਹਾ ਸਾਹਤਿ ਸਭਾ ਦੀ ਮਾਸਕਿ ਇਕੱਤਰਤਾ ਹੋਈ / ਸਾਹਿਤ ਸਭਾ ਦਸੂਹਾ
  •    ਪੰਜਾਬੀ ਗ਼ਜ਼ਲ ਮੰਚ ਪੰਜਾਬ ਦੀ ਇਕੱਤਰਤਾ / ਗ਼ਜ਼ਲ ਮੰਚ ਫਿਲੌਰ (ਲੁਧਿਆਣਾ)
  •    ਕਾਫ਼ਲੇ ਵੱਲੋਂ ਉਪਕਾਰ ਸਿੰਘ ਪਾਤਰ ਨਾਲ਼ ਸੰਗੀਤਕ ਸ਼ਾਮ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਸਿਰਜਣਧਾਰਾ ਵੱਲੋਂ ਸਾਹਿਤ ਸਭਾ ਬਾਘਾਪੁਰਾਣਾ ਦਾ ਸਨਮਾਨ / ਸਾਹਿਤ ਸਭਾ ਬਾਘਾ ਪੁਰਾਣਾ
  •    'ਦਸ ਦਰਵਾਜ਼ੇ' ਦੀ ਘੁੰਡ ਚੁਕਾਈ ਤੇ ਹਰਜੀਤ ਅਟਵਾਲ ਦਾ ਸਨਮਾਨ / ਸਾਹਿਤ ਸਭਾ ਮੋਗਾ
  •    ਪੰਜਾਬੀ ਮਾਂ ਡਾਟ ਕਾਮ ਦੇ ਸੰਪਾਦਕ ਸਤਿੰਦਰਜੀਤ ਸਿੰਘ ਸੱਤੀ ਨਾਲ ਸਹਿਤਕ ਮਿਲਣੀ / ਤਾਈ ਨਿਹਾਲੀ ਸਾਹਿਤ ਕਲਾ ਮੰਚ,ਲੰਗੇਆਣਾ ਕਲਾਂ
  •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  • ਆਪਣੀ ਵੱਖਰੀ ਪਛਾਣ ਬਣਾਓ (ਲੇਖ )

    ਗੁਰਸ਼ਰਨ ਸਿੰਘ ਕੁਮਾਰ   

    Email: gursharan1183@yahoo.in
    Cell: +91 94631 89432
    Address: 1183, ਫੇਜ਼-10
    ਮੁਹਾਲੀ India
    ਗੁਰਸ਼ਰਨ ਸਿੰਘ ਕੁਮਾਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਹਰ ਮਨੁੱਖ ਦੇ ਅੰਦਰ ਹੀ ਅੰਦਰ ਇਹ ਖਾਹਿਸ਼ ਹੁੰਦੀ ਹੈ
    ਕਿ ਉਸਦਾ ਇਸ ਭਰੀ ਹੋਈ ਦੁਨੀਆਂ ਵਿਚ ਕੋਈ ਸਥਾਨ ਹੋਵੇ।
    ਉਸ ਵਿਚ ਵੀ ਕੋਈ ਖਾਸੀਅਤ ਹੋਵੇ
    ਜਿਸ ਕਰਕੇ ਸਾਰੀ ਦੁਨੀਆਂ ਵਿਚ ਉਸ ਦਾ ਨਾਮ ਹੋਵੇ।


    ਅੱਜ ਕੱਲ ਜਿੱਧਰ ਵੀ ਜਾਓ ਲੋਕਾਂ ਦੀ ਭੀੜ ਹੀ ਭੀੜ ਹੈ। ਹਰ ਤਰਫ ਲੋਕਾਂ ਦਾ ਅਥਾਹ ਸਮੁੰਦਰ ਠਾਠਾਂ ਮਾਰ ਰਿਹਾ ਹੈ।ਗੱਡੀਆਂ ਵਿਚ ਜਾਓ, ਬੱਸਾਂ ਵਿਚ ਜਾਓ ਲੋਕਾਂ ਦੀ ਭੀੜ ਕਾਰਨ ਤੁਹਾਨੂੰ ਟਿਕਟ ਲੈਣ ਵਿਚ ਅਤੇ ਬੈਠਣ ਵਿਚ ਦਿਕੱਤ ਹੁੰਦੀ ਹੈ। ਸੜਕਾਂ ਟ੍ਰੈਫਿਕ ਕਾਰਨ ਭਰੀਆਂ ਪਈਆਂ ਹਨ। ਹਜਾਰਾਂ ਲੋਕ ਰੋਜ ਸੜਕਾਂ ਤੇ ਕੁਚਲੇ ਜਾਂਦੇ ਹਨ ਫਿਰ ਵੀ ਭੀੜ ਘੱਟ ਨਹੀਂ ਹੁੰਦੀ। ਹਸਪਤਾਲ ਜਾਓ, ਸਿਨੇਮੇ ਜਾਓ ਜਾਂ ਸ਼ਰਾਬ-ਖਾਨੇ ਜਾਓ ਸਭ ਪਾਸੇ ਰਸ਼ ਹੀ ਰਸ਼ ਹੈ। ਮੰਦਰ, ਮਸਜਿਦ ਤੇ ਗੁਰਦਵਾਰੇ ਸ਼ਰਧਾਲੁਆਂ ਦੀ ਭੀੜ ਨਾਲ ਭਰੇ ਪਏ ਹਨ। ਹਰ ਸਾਲ ਕੁੰਭ ਦੇ ਮੇਲੇ ਤੇ ਹਜਾਰਾਂ ਲੋਕ ਭੀੜ ਵਿਚ ਦੱਬ ਕਿ ਮਰਦੇ ਹਨ ਪਰ ਲੋਕਾਂ ਦੀ ਭੀੜ ਫਿਰ ਵੀ ਖਤਮ ਨਹੀਂ ਹੁੰਦੀ। ਦੁਨੀਆਂ ਵਿਚ ਹਰ ਮਿੰਟ ਵਿਚ ੨੫੮ ਬੱਚੇ ਜਨਮ ਲੈਂਦੇ ਹਨ। ਹੁਣੇ ਜਿਹੇ ਮਨੁੱਖ ਦੀ ਅਬਾਦੀ ਨੇ ੭ ਅਰਬ ਦਾ ਆਂਕੜਾ ਪੂਰਾ ਕੀਤਾ ਹੈ ( ਜਿਸ ਵਿਚੋਂ ਭਾਰਤ ਦਾ ਹਿੱਸਾ ੧੨੧ ਕਰੌੜ ਤੋਂ ਉਪਰ ਹੈ ) । ਸੱਤ ਅਰਬ ਦੀ ਅਬਾਦੀ ਵਿਚ ਭਲਾ ਇਕੱਲੇ ਕਾਰੇ ਮਨੱਖ ਦੀ ਕੀ ਹੌਦ ਹੈ? ਇਤਨੀ ਕੁਰਬਲ ਕੁਰਬਲ ਵਿਚ ਵੀ ਮਨੁੱਖ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰ ਰਿਹਾ ਹੈ। ਇਸ ਇਕੱਲਤਾ ਦਾ ਡਰ ਮਨੁੱਖ ਨੂੰ ਅੰਦਰ ਹੀ ਅੰਦਰ ਖਾਈ ਜਾ ਰਿਹਾ ਹੈ। ਕਿਧਰੇ ਉਹ ਆਪਣੇ ਸਾਥੀਆਂ ਤੋਂ ਅਲੱਗ ਥਲੱਗ ਹੋ ਕਿ ਇਕੱਲਾ ਨਾ ਪੈ ਜਾਏ। ਕਿਧਰੇ ਉਸ ਦੀ ਹੌਂਦ ਹੀ ਨਾ ਖਤਮ ਹੋ ਜਾਏ। ਅੱਜ ਦਾ ਮਨੁੱਖ ਮੇਲੇ ਵਿਚ ਗੁਆਚੇ ਬੱਚੇ ਦੀ ਤਰਾਂ ਭਟਕ ਰਿਹਾ ਹੈ। ਭਟਕਿਆ ਹੋਇਆ ਰਾਹੀ ਕਦੀ ਮੰਜਿਲ ਤੇ ਨਹੀਂ ਪਹੁੰਚਦਾ।

    ਇਸ ਸਭ ਦੇ ਬਾਵਜੂਦ ਵੀ ਹਰ ਮਨੁੱਖ ਦੇ ਅੰਦਰ ਹੀ ਅੰਦਰ ਇਹ ਖਾਹਿਸ਼ ਹੁੰਦੀ ਹੈ ਕਿ ਉਸਦਾ ਇਸ ਭਰੀ ਹੋਈ ਦੁਨੀਆਂ ਵਿਚ ਕੋਈ ਸਥਾਨ ਹੋਵੇ। ਉਸ ਵਿਚ ਵੀ ਕੋਈ ਖਾਸੀਅਤ ਹੋਵੇ ਜਿਸ ਕਰਕੇ ਸਾਰੀ ਦੁਨੀਆਂ ਵਿਚ ਉਸ ਦਾ ਨਾਮ ਹੋਵੇ। ਇਥੋਂ ਤੱਕ ਕਿ ਮਰਨ ਤੋਂ ਬਾਅਦ ਵੀ ਉਹ ਦੁਨੀਆਂ ਵਿਚ ਆਪਣੇ ਨਾਮ ਕਰਕੇ ਜਾਣਿਆਂ ਜਾਵੇ। ਪਰ ਬਹੁਤ ਘੱਟ ਲੋਕ ਹੁੰਦੇ ਹਨ ਜਿਨਾਂ ਦੀ ਇਹ ਖਾਹਿਸ਼ ਪੂਰੀ ਹੁੰਦੀ ਹੈ। ਇਸ ਖਾਹਿਸ਼ ਦੇ ਪੂਰਾ ਨਾ ਹੋਣ ਦੇ ਦੋ ਵੱਡੇ ਕਰਨ ਹੁੰਦੇ ਹਨ। ਪਹਿਲਾ ਕਾਰਨ ਇਹ ਹੈ ਕਿ ਬਹੁਤੇ ਲੋਕਾਂ ਨੂੰ ਆਪਣਾ ਨਾਮ ਪੈਦਾ ਕਰਨ ਦੇ ਹਾਲਾਤ ਜਾਂ ਮੌਕੇ ਨਹੀਂ ਮਿਲਦੇ ਅਤੇ ਦੂਜਾ ਕਾਰਨ ਇਹ ਹੁੰਦਾ ਹੈ ਕਿ ਲੋਕ ਖੂਦ ਹੀ ਇਸ ਪਾਸੇ ਜਿਆਦਾ ਯਤਨ ਨਹੀਂ ਕਰਦੇ। ਇਸ ਲਈ ਉਹ ਦੂਜੇ ਲੋਕਾਂ ਤੋਂ ਪੱਛੜ ਜਾਂਦੇ ਹਨ। ਉਹ ਕਦੀ ਮਹਾਨ ਨਹੀਂ ਬਣ ਸਕਦੇ ਕਿਂਉਕਿ ਉਨਾਂ ਦੀ ਇਕ ਵੱਖਰੀ ਪਛਾਣ ਨਹੀਂ ਬਣਦੀ। ਇਸ ਲਈ ਉਹ ਲੋਕਾਂ ਦੀ ਭੀੜ ਵਿਚ ਗੁਆਚ ਜਾਂਦੇ ਹਨ ਅਤੇ ਇਕ ਦਿਨ ਉਨਾਂ ਦਾ ਨਾਮ ਵੀ ਇਸ ਦੁਨੀਆਂ ਤੋਂ ਸਦਾ ਲਈ ਅਲੋਪ ਹੋ ਜਾਂਦਾ ਹੈ।ਤੁਸੀ ਦੁਨੀਆਂ ਦੀ ਭੀੜ ਵਿਚ ਨਾ ਗੁਆਂਚੋ। ਆਪਣੀ ਇਕ ਵੱਖਰੀ ਪਛਾਣ ਬਣਾਓ। ਇਕ ਖਾਸ ਆਦਮੀ ਬਣੋ। ਮਹਾਨ ਬਣੋ। ਕੀ ਹੋਇਆ ਜੇ ਲੋਕ ਅੱਜ ਤੁਹਾਡੇ ਤੇ ਹੱਸਦੇ ਹਨ? ਤੁਹਾਡਾ ਮਜਾਕ ਉਡਾਉਂਦੇ ਹਨ। ਤੁਹਾਨੂੰ ਆਪਣੇ ਤੋਂ ਨੀਵਾਂ ਸਮਝਦੇ ਹਨ। ਤੁਸੀ ਇਨਾਂ ਲੋਕਾਂ ਦੀ ਪਰਵਾਹ ਨਾ ਕਰੋ। ਆਪਣੇ ਆਪ ਵਿਚ ਇਕ ਆਕਰਸ਼ਨ ਪੈਦਾ ਕਰੋ। ਕੱਲ ਨੂੰ ਇਹ ਹੀ ਲੋਕ ਤੁਹਾਡੇ ਪਿੱਛੇ ਪਿੱਛੇ ਫਿਰਨਗੇ। ਜਦ ਤੁਸੀ ਸਫਲਤਾ ਦੀ ਟੀਸੀ ਤੇ ਬੈਠੇ ਹੋਵੋਗੇ ਤਾਂ ਤੁਹਾਨੂੰ ਦੇਖਣ ਲਈ ਇਨਾਂ ਲੋਕਾਂ ਨੂੰ ਆਪਣੀਆਂ ਅੱਡੀਆਂ ਉਪਰ ਚੁੱਕਣੀਆਂ ਪੈਣਗੀਆਂ। ਫਿਰ ਦੇਖਣਾ ਤੁਸੀ ਆਪਣੀ ਸਫਲਤਾ ਦਾ ਸਰੂਰ। ਤੁਹਾਨੂੰ ਆਪਣੀ ਮਿਹਨਤ ਦਾ ਫਲ ਇਸੇ ਜਨਮ ਵਿਚ ਹੀ ਮਿਲੇਗਾ। ਤੁਹਾਡੀ ਮਿਹਨਤ ਜਾਇਆ ਨਹੀਂ ਜਾਵੇਗੀ।

    ਆਪਣੀ ਵੱਖਰੀ ਪਛਾਣ ਬਣਾਉਣ ਵਾਲਾ ਹੀ ਖਾਸ ਆਦਮੀ ਹੁੰਦਾ ਹੈ। ਉਸਦਾ ਹੀ ਦੁਨੀਆਂ ਵਿਚ ਨਾਮ ਹੁੰਦਾ ਹੈ। ਉਸਦੇ ਮਹਿਫਿਲ ਵਿਚ ਆਇਆਂ ਮਹਿਫਿਲ ਰੌਸ਼ਨ ਹੋ ਜਾਂਦੀ ਹੈ। ਇਕ ਖੁਸ਼ਬੂ ਜਿਹੀ ਫੈਲ੍ਹ ਜਾਂਦੀ ਹੈ। ਉਸਦੇ ਮਹਿਫਿਲ 'ਚਂੌ ਉਠ ਜਾਣ ਤੋਂ ਬਾਅਦ ਮਹਿਫਿਲ ਬੇਰੌਣਕੀ ਹੋ ਜਾਂਦੀ ਹੈ। ਲੋਕਾਂ ਦੇ ਦਿਲਾਂ ਦਾ ਉਤਸ਼ਾਹ ਠੰਡਾ ਪੈ ਜਾਂਦਾ ਹੈ। ਇਕ ਵੀਰਾਨੀ ਜਿਹੀ ਛਾ ਜਾਂਦੀ ਹੈ। ਇਕ ਚੁੱਪ ਜਹੀ ਵਰਤ ਜਾਂਦੀ ਹੈ।

    ਇਹ ਠੀਕ ਹੈ ਕਿ ਹੁਸਨ, ਦੌਲਤ ਅਤੇ ਸ਼ੌਹਰਤ ਦੂਜੇ ਲੋਕਾਂ ਨੂੰ ਆਪਣੇ ਵੱਲ ਖਿੱਚਦੇ ਹਨ। ਉਸਨੂੰ ਆਮ ਤੋਂ ਖਾਸ ਆਦਮੀ ਬਣਾਉਣ ਵਿਚ ਸਹਾਈ ਹੁੰਦੇ ਹਨ। ਜੇ ਤੁਹਾਡੇ ਪਾਸ ਇਨਾਂ ੰਿਤੰਨਾ ਚੀਜਾਂ ਵਿਚੋਂ ਕੋਈ ਵੀ ਚੀਜ ਨਹੀ ਤਾਂ ਵੀ ਘਬਰਉਣ ਦੀ ਕੋਈ ਲੋੜ ਨਹੀਂ ਕਿਉਂਕਿ ਇਨਸਾਨ ਜਨਮ ਤੋਂ ਨਹੀਂ ਸਗੋਂ ਕਰਮ ਤੋਂ ਪਛਾਣਿਆ ਜਾਂਦਾ ਹੈ। ਤੁਸੀ ਆਪਣੇ ਕਿਸੇ ਵਿਸ਼ੇਸ਼ ਗੁਣ ਦਵਾਰਾ ਆਪਣੀ ਇਕ ਵੱਖਰੀ ਪਛਾਣ ਬਣਾ ਸਕਦੇ ਹੋ। ਤੁਸੀ ਲੋਕਾਂ ਵਿਚ ਖਿੱਚ ਦਾ ਕੇਂਦਰ ਬਣ ਸਕਦੇ ਹੋ। ਆਪਣੇ ਸਰਕਲ ਵਿਚ ਜਾਂ ਉਸਤੋਂ ਵੀ ਬਾਹਰ ਹਰਮਨ ਪਿਆਰੇ ਬਣ ਸਕਦੇ ਹੋ। ਤੁਹਾਡੀ ਸਫਲਤਾ ਅਤੇ ਤਰੱਕੀ ਦੇ ਨਵੇਂ ਰਾਹ ਖੁਲ੍ਹ ਸਕਦੇ ਹਨ। ਤੁਸੀ ਵੀ ਮਹਾਨ ਬਣ ਸਕਦੇ ਹੋ। ਜਿਵੇਂ ਇਕ ਛੋਟੇ ਜਹੇ ਬੀਜ ਵਿਚ ਇਕ ਵੱਡਾ ਦਰਖਤ ਛੁਪਿਆ ਹੁੰਦਾ ਹੈ। ਉਸੇ ਤਰਾਂ ਹਰ ਮਨੁੱਖ ਵਿਚ ਮਹਾਨ ਬਣਨ ਦੀਆਂ ਸੰਭਾਨਾਵਾਂ ਛੁਪੀਆਂ ਹੁੰਦੀਆਂ ਹਨ। ਬੀਜ ਨੂੰ ਜਦ ਧਰਤੀ ਤੇ ਸਮੇ ਸਿਰ ਮਿੱਟੀ, ਪਾਣੀ ਅਤੇ ਖਾਦ ਆਦਿ ਮਿਲਦੇ ਹਨ ਤਾਂ ਉਹ ਧਰਤੀ ਤੇ ਪੁੰਘਰਦਾ ਅਤੇ ਮੌਲਦਾ ਹੈ। ਸਮਾ ਪਾ ਕਿ ਉਹ ਇਕ ਸੰਪੂਰਨ ਬੂਟਾ ਬਣਦਾ ਹੈ। ਇਸੇ ਤਰਾਂ ਹਰ ਵਿਅਕਤੀ ਵਿਚ ਕੋਈ ਨਾਂ ਕੋਈ ਗੁਣ ਛੁਪਿਆ ਹੁੰਦਾ ਹੈ। ਮਨੁੱਖ ਥੋਹੜੀ ਜਹੀ ਮਿਹਨਤ ਅਤੇ ਲਗਨ ਦਵਾਰਾ ਆਪਣੇ ਇਸ ਗੁਣ ਨੂੰ ਉਭਾਰ ਕਿ ਮਹਾਨ ਬਣ ਸਕਦਾ ਹੈ।

    ਆਮ ਆਦਮੀ ਤੋਂ ਖਾਸ ਆਦਮੀ ਬਣਨ ਲਈ ਬੜੀ ਸਾਵਧਾਨੀ ਦੀ ਜਰੂਰਤ ਹੁੰਦੀ ਹੈ। ਅਸੀ ਆਪਣੇ ਗੁਣਾ ਨੂੰ ਉਭਾਰਨਾ ਹੈ ਨਾ ਕਿ ਆਪਣੇ ਔਗੁਣਾ ਨੂੰ। ਕਈ ਲੋਕ ਕਹਿੰਦੇ ਸੁਣੇ ਗਏ ਹਨ :- ਬਦਨਾਮ ਹੋਂਗੇ ਤੋ ਕਿਆ ਨਾਮ ਨਾ ਹੋਗਾ। ਅਸੀ ਐਸਾ ਨਾਮ ਪੈਦਾ ਕਰਕੇ ਖਾਸ ਆਦਮੀ ਨਹੀਂ ਬਣਨਾ। ਵੱਡੇ ਵੱਡੇ ਚੋਰ, ਸਮਗਲਰ, ਡਾਕੂ, ਕਾਤਿਲ ਅਤੇ ਭਰਿਸ਼ਟ ਆਦਮੀ ਵੀ ਖਾਸ ਬਣਦੇ ਹਨ। ਉਨਾਂ ਦੀ ਵੀ ਇਕ ਵੱਖਰੀ ਪਛਾਣ ਬਣਦੀ ਹੈ। ਪਰ ਉਹ ਕਿਸੇ ਚੰਗੇ ਵਿਅਕਤੀ ਦੇ ਆਦਰਸ਼ ਨਹੀਂ ਹੋ ਸਕਦੇ। ਅਸੀ ਆਪਣੇ ਆਪ ਨੂੰ ਅਤੇ ਆਪਣੇ ਆਲੇ ਦੁਆਲੇ ਨੂੰ ਸੁੰਦਰ ਅਤੇ ਸਵੱਛ ਬਣਾਉਣਾ ਹੈ। ਅਸੀ ਦੁਨੀਆਂ ਵਿਚ ਗੰਦਗੀ ਨਹੀਂ ਫੈਲਾਉਣੀ। ਅਸੀ ਵਾਤਾਵਰਨ ਨੂੰ ਮਨਮੋਹਣਾ ਬਣਾਉਣਾ ਹੈ। ਅਸੀ ਸਭ ਪਾਸੇ ਮਹਿਕ ਫੈਲਾਉਣੀ ਹੈ। ਰਸਤੇ ਵਿਚੋਂ ਕੰਡੇ ਸਾਫ ਕਰਕੇ ਲੋਕਾਂ ਦੇ ਸਫਰ ਨੂੰ ਸੁਖਾਵਾਂ ਬਣਾਉਣਾ ਹੈ। ਆਪ ਸੁਖੀ ਹੋਣਾ ਹੈ ਅਤੇ ਦੂਜਿਆਂ ਨੂੰ ਵੀ ਸੁੱਖ ਪਹੁੰਚਾਉਣਾ ਹੈ।

    ਹਰ ਇਨਸਾਨ ਦਾ ਕਿਸੇ ਵੀ ਕੰਮ ਕਰਨ ਦਾ ਆਪਣਾ ਹੀ ਅੰਦਾਜ ਹੁੰਦਾ ਹੈ। ਇਕ ਸਲੀਕਾ ਹੁੰਦਾ ਹੈ ਜਿਸ ਨਾਲ ਉਸ ਇਨਸਾਨ ਦਾ ਦੁਨੀਆਂ ਵਿਚ ਆਪਣਾ ਇਮੇਜ ਬਣਦਾ ਹੈ। ਜੋ ਉਸਦੀ ਇਕ ਵੱਖਰੀ ਪਛਾਣ ਬਣਾਉਂਦਾ ਹੈ। ਇਹ ਪਛਾਣ ਛੋਟੇ ਛੋਟੇ ਕੰਮਾ ਵਿਚੋਂ ਹੀ ਪ੍ਰਗਟ ਹੁੰਦੀ ਹੈ। ਜਿਵੇਂ ਕਿਸੇ ਦਾ ਕੱਪੜੇ ਪਾਣ ਦਾ ਢੰਗ ਆਪਣਾ ਹੈ ਤੇ ਕਿਸੇ ਦਾ ਵਾਲਾਂ ਦਾ ਸਟਾਈਲ ਆਪਣਾ ਹੈ। ਕੋਈ ਚੰਗਾ ਖਾਣਾ ਬਣਾਉਣਾ ਜਾਣਦਾ ਹੈ ਤੇ ਕਿਸੇ ਦੇ ਉੱਠਣ ਬੈਠਣ ਦਾ ਢੰਗ ਨਿਰਲਾ ਹੈ। ਕੋਈ ਗੱਲ ਬਾਤ ਸੋਹਣੀ ਤਰਾਂ ਕਰਨਾ ਜਾਣਦਾ ਹੈ। ਨਜਰ ਮਿਲਾ ਕਿ ਪਿਆਰ ਦੀ ਤੱਕਣੀ ਅਤੇ ਉਪਰੋਂ ਮਿੱਠ-ਬੋਲੜਾ ਹੋਣਾ ਦੂਜੇ ਦਾ ਮਨ ਜਿੱਤ ਲੈਂਦਾ ਹੈ। ਦੂਜੇ ਦੀ ਗੱਲ ਨੂੰ ਧਿਆਨ ਨਾਲ ਸੁਣਨਾ ਵੀ ਇਕ ਗੁਣ ਹੈ। ਦੂਜੇ ਨੂੰ ਇੱਜਤ ਨਾਲ ਜੀ ਕਰਕੇ ਬੁਲਾਉਣਾ ਵੀ ਚੰਗੇ ਸਲੀਕੇ ਦਾ ਲਖਾਇਕ ਹੈ। ਇਸ ਤਰਾਂ ਕਈ ਬੰਦੇ ਲਿਖਦੇ ਬਹੁਤ ਸੋਹਣਾ ਹਨ। ਕਈ ਖੇਡਾਂ ਵਿਚ ਅੱਵਲ ਹਨ ਤਾਂ ਉਹ ਬਾਜੀ ਮਾਰ ਲੈਂਦੇ ਹਨ। ਦੂਜੇ ਪੜਾਈ ਵਿਚ ਹੁਸ਼ਿਆਰ ਹਨ ਤਾਂ ਉਹ ਉੱਚੀ ਪਦਵੀ ਤੇ ਪਹੁੰਚ ਕਿ ਆਪਣੇ ਹੁਨਰ ਦਾ ਪ੍ਰਗਟਾਵਾ ਕਰ ਜਾਂਦੇ ਹਨ। ਚੰਗੇ ਬੁਲਾਰੇ ਰਾਜਨੀਤੀ ਵਿਚ ਜਾ ਕਿ ਨਾਮਣਾ ਖੱਟ ਜਾਂਦੇ ਹਨ। ਸੋ ਜਦ ਵੀ ਤੁਸੀ ਕੋਈ ਕੰਮ ਕਰੋ ਤਾਂ ਦਿਲ ਲਾ ਕੇ ਸਲੀਕੇ ਨਾਲ ਕਰੋ। ਤੁਹਾਡੇ ਕੰਮ ਵਿਚੋਂ ਤੁਹਾਡੀ ਪ੍ਰਸਨੈਲਟੀ ਦੀ ਝਲਕ ਪੈਣੀ ਚਾਹੀਦੀ ਹੈ। ਤੁਹਾਡਾ ਕੰਮ ਖੁਦ ਬੋਲੇ ਕਿ ਮੈਨੂੰ ਕਿਸੇ ਖਾਸ ਬੰਦੇ ਨੇ ਕੀਤਾ ਹੈ। ਆਮ ਆਦਮੀ ਤੋਂ ਖਾਸ ਆਦਮੀ ਬਣਨ ਲਈ ਤੁਹਾਨੂੰ ਮੌਕਿਆਂ ਨੂੰ ਲੱਭਣ ਦੀ ਜਰੂਰਤ ਨਹੀਂ। ਤੁਸੀ ਕਿਸੇ ਵੀ ਕੰਮ ਨੂੰ ਸੋਹਣੀ ਤਰਾਂ ਕਰਕੇ ਲੋਕਾਂ ਨੂੰ ਆਪਣੀ ਤਰਫ ਆਕਰਸ਼ਿਤ ਕਰ ਸਕਦੇ ਹੋ। ਇਥੋਂ ਤੱਕ ਕਿ ਤੁਹਾਡੇ ਬੂਟ ਪਾਲਿਸ਼ ਕਰਨ ਦੇ ਢੰਗ ਵਿਚੋਂ ਵੀ ਉਹਾਡੀ ਪ੍ਰਸਨੈਲਿਟੀ ਝਲਕ ਸਕਦੀ ਹੈ। ਆਪਣੇ ਗੁਣਾ ਨੂੰ ਉਭਾਰੋ। ਕਿਸੇ ਦੀ ਖਿੱਚ ਦਾ ਕੇਂਦਰ ਬਣੋ। ਹਰਮਨ ਪਿਆਰੇ ਬਣੋ। ਇਕ ਦਿਨ ਤੁਸੀ ਜਰੂਰ ਮਹਾਨ ਬਣ ਜਾਵੋਗੇ। ਲੋਕ ਦੇਖਦੇ ਰਹਿ ਜਾਣਗੇ।

    ਹਮੇਸ਼ਾਂ ਆਪਣੇ ਬਚਨਾਂ ਤੇ ਪੂਰੇ ਉਤਰੋ। ਲੋਕਾਂ ਨੂੰ ਐਂਵੇ ਮਿੱਠੀਆਂ ਗੋਲੀਆਂ ਹੀ ਨਾ ਦਿੰਦੇ ਰਹੋ। ਝੂਠੇ ਲਾਰੇ ਲਾ ਕੇ ਤੁਸੀ ਦੂਸਰੇ ਦੀਆਂ ਨਜ਼ਰਾਂ ਵਿਚੋਂ ਹਮੇਸ਼ਾਂ ਲਈ ਗਿਰ ਜਾਂਦੇ ਹੋ। ਤੁਸੀ ਉਸ ਨਾਲ ਦੁਬਾਰਾ ਅੱਖ ਨਹੀਂ ਮਿਲਾ ਸਕਦੇ। ਆਪਣਾ ਇਤਬਾਰ ਸਦਾ ਲਈ ਗੁਆ ਲੈਂਦੇ ਹੋ। ਜੇ ਤੁਸੀ ਦੂਸਰੇ ਦਾ ਕੰਮ ਨਹੀਂ ਕਰ ਸਕਦੇ ਤਾਂ ਆਪਣੀ ਮਜਬੂਰੀ ਉਸ ਨੂੰ ਸਾਫ ਦਸ ਦਿਓ। ਦੂਸਰਾ ਤੁਹਾਡੀ ਮਜਬੂਰੀ ਨੂੰ ਸਮਝਦੇ ਹੋਏ ਇਤਨਾ ਬੁਰਾ ਨਹੀਂ ਮਨਾਇਗਾ ਜਿਤਨਾ ਤੁਹਾਡੀ ਜੁਬਾਨ ਤੇ ਪੁਰਾ ਨਾ ਉਤਰਨ ਤੇ ਉਸਨੂੰ ਦੁੱਖ ਹੋਵੇਗਾ ਅਤੇ ਉਸਨੂੰ ਤੁਹਾਡੇ ਤੇ ਬੇਇਤਬਾਰੀ ਪੈਦਾ ਹੋ ਜਾਵੇਗੀ।ਇਸ ਸਬੰਧ ਵਿਚ ਸਵੇਟ ਮਾਰਡਨ ਲਿਖਦਾ ਹੈ –" ਇਹ ਗੱਲ ਪੱਕੀ ਹੋਣੀ ਚਾਹੀਦੀ ਹੈ ਕਿ ਤੁਸੀਂ ਜਿਸ ਨਾਲ ਜੋ ਵਾਅਦਾ ਕਰੋ ਉਹ ਪੂਰਾ ਕਰ ਦਿਓਗੇ। ਤੁਸੀਂ ਜੋ ਕਹਿ ਦਿੱਤਾ ਉਹ ਹੋ ਕੇ ਰਹੇਗਾ ਤੁਸੀਂ ਜਿਸ ਕੰਮ ਨੂੰ ਵੀ ਹੱਥ ਵਿਚ ਲੈ ਲਿਆ ਉਸਨੂੰ ਤੁਸੀਂ ਪੂਰਾ ਕਰਕੇ ਹੀ ਛੱਡੋਗੇ। ਇਸ ਤਰਾਂ ਲੋਕ ਤੁਹਾਨੂੰ ਇੱਕ ਵਿਸ਼ਵਾਸਯੋਗ ਵਿਅਕਤੀ ਦੇ ਰੂਪ ਵਿਚ ਜਣਨਗੇ।" ਸੋ ਆਪਣੇ ਬਚਨਾਂ ਤੇ ਪੂਰੇ ਉਤਰਨ ਨਾਲ ਵੀ ਤੁਹਾਡੀ ਇਕ ਵੱਖਰੀ ਪਛਾਣ ਬਣੇਗੀ।

    ਜੇ ਤੁਸੀ ਭੀੜ ਦੇ ਮਗਰ ਲਗੋਗੇ ਥਾਂ ਕੇਵਲ ਭੀੜ ਜਿਤਨੀ ਹੀ ਦੂਰੀ ਤਹਿ ਕਰ ਪਾਵੋਗੇ ਪਰ ਜੇ ਤੁਸੀ ਆਪਣਾ ਵੱਖਰਾ ਰਸਤਾ ਅਪਣਾ ਕੇ ਅਲੱਗ ਚਲੋਗੇ ਤਾਂ ਭੀੜ ਤੋਂ ਕਿਤੇ ਅੱਗੇ ਲੰਘ ਜਾਵੋਗੇ ਅਤੇ ਮਨ ਚਾਹੀ ਮੰਜ਼ਿਲ ਤੇ ਪਹੁੰਚ ਸਕੋਗੇ। ਜੇ ਤੁਹਾਡੇ ਮਨ ਵਿਚ ਵੀ ਜ਼ਿੰਦਗੀ ਵਿਚ ਕੁਝ ਕਰਕੇ ਦਿਖਾਣ ਦੀ ਇੱਛਾ ਹੈ, ਤੁਸੀ ਕੁਝ ਬਣਨਾ ਚਾਹੁੰਦੇ ਹੋ ਤਾਂ ਅੱਜ ਹੀ ਇਸ ਆਪਣੇ ਨਿਸ਼ਾਨੇ ਨੂੰ ਸਾਹਮਣੇ ਰੱਖ ਕਿ ਇਸ ਦੀ ਪ੍ਰਾਪਤੀ ਲਈ ਮਿਹਨਤ ਕਰਨੀ ਸ਼ੁਰੂ ਕਰ ਦਿਓ। ਜੇ ਰਸਤੇ ਵਿਚ ਅਸਫਲਤਾ ਆਵੇ ਤਾਂ ਘਬਰਾਉਣ ਦੀ ਲੋੜ ਨਹੀਂ। ਜ਼ਿੰਦਗੀ ਵਿਚ ਸਫਲਤਾ ਅਤੇ ਅਸਫਲਤਾ ਨਾਲ ਹੀ ਚਲਦੀ ਹੈ। ਜ਼ਿੰਦਗੀ ਦਾ ਇਕ ਦਰਵਾਜਾ ਬੰਦ ਹੁੰਦਾ ਹੈ ਤੇ ਚਾਰ ਦਰਵਾਜੇ ਖੁਲ੍ਹਦੇ ਹਨ। ਜੇ ਇਕ ਫੁੱਲ ਮੁਰਝਾਉਂਦਾ ਹੈ ਤੇ ਚਾਰ ਨਵੇਂ ਫੁੱਲ ਖਿੜਦੇ ਹਨ। ਸੋ ਸਫਲਤਾ ਦੀ ਪੌੜੀ ਲਈ ਸਾਨੂੰ ਅਸਫਲਤਾ ਦੇ ਦਰਵਾਜੇ ਵਿਚੋਂ ਹੋ ਕੇ ਹੀ ਲੰਘਣਾ ਪੈਂਦਾ ਹੈ। ਸਫਲਤਾ ਦੀ ਦੇਵੀ ਦਾ ਸੋਹਣਾ ਮੁੱਖ ਦੇਖਣ ਲਈ ਸਾਨੂੰ ਕਈ ਹਾਰਾਂ ਤੇ ਦੁਸ਼ਵਾਰੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਇਨਾਂ ਹਾਰਾਂ ਤੇ ਦੁਸ਼ਵਾਰੀਆਂ ਦੀ ਪਰਵਾਹ ਨਾ ਕਰੋ।ਕਹਿੰਦੇ ਹਨ ਕਿ ਚਲਣਾ ਹੀ ਜ਼ਿੰਦਗੀ ਹੈ ਕਿਉਂਕਿ ਖੜੇ ਪੈਰੀਂ ਇਨਸਾਨ ਕਿਧਰੇ ਵੀ ਨਹੀਂ ਪਹੁੰਚਦਾ। ਇਸ ਲਈ ਆਪਣੀ ਮੰਜਿਲ ਵਲ ਲਗਾਤਾਰ ਵਧਦੇ ਜਾਓ। ਕਦੀ ਹੌਸਲਾ ਨਾ ਛੱਡੋ। ਜਦ ਮੱਨੁਖ ਹੌਸਲਾ ਛੱਡ ਜਾਂਦਾ ਹੈ ਤਾਂ ਸੰਭਵ ਕੰਮ ਵੀ ਅਸੰਭਵ ਹੋ ਜਾਂਦਾ ਹੈ। ਹੌਸਲੇ ਵਾਲਾ ਮੱਨੁਖ ਅਸੰਭਵ ਕੰਮ ਨੂੰ ਵੀ ਸੰਭਵ ਬਣਾ ਲੈਂਦਾ ਹੈ। ਜੇ ਕਿਧਰੇ ਤੁਹਾਡੀ ਅਸਫਲ਼ਤਾ ਦੇਖ ਕੇ ਲੋਕ ਤੁਹਾਡੇ ਤੇ ਹੱਸਦੇ ਹਨ ਤਾਂ ਉਨਾਂ ਦੀ ਪ੍ਰਵਾਹ ਨਾ ਕਰੋ। ਸਦਾ ਆਪਣੀ ਚਾਲੇ ਵਿਸ਼ਵਾਸ ਨਾਲ ਚਲਦੇ ਜਾਓ। ਮੰਜਿਲ ਤੋਂ ਉਰੇ ਤੁਹਾਡਾ ਮੁਕਾਮ ਨਹੀਂ ਹੋਣਾ ਚਾਹੀਦਾ। ਜਦ ਹਾਥੀ ਚਲਦੇ ਹਨ ਤਾਂ ਰਸਤੇ ਦੇ ਕੁੱਤੇ ਭੌਂਕਦੇ ਹੀ ਹਨ। ਹਾਥੀ ਉਨਾਂ ਦੀ ਪ੍ਰਵਾਹ ਨਹੀਂ ਕਰਦੇ ਸਗੋਂ ਆਪਣੀ ਮਸਤ ਚਾਲੇ ਚਲਦੇ ਰਹਿੰਦੇ ਹਨ। ਹਨੇਰੀਆਂ ਰਾਤਾਂ ਦੇ ਤੁਫਾਨਾ ਵਿਚ ਅੰਦਰਲੀ  ਰੌਸ਼ਨੀ ਕਦੀ ਨਾ ਬੁੱਝਣ ਦਿਓ। ਜਲਦੀ ਹੀ ਇਹ ਤੁਫਾਨ ਸ਼ੌਰ ਕਰਕੇ ਖਤਮ ਹੋ ਜਾਣਗੇ। ਤੁਹਾਡੀ ਮਸ਼ਾਲ ਜਲਦੀ ਰਹੇਗੀ ਜੋ ਤੁਹਾਨੂੰ ਲਗਾਤਾਰ ਅੱਗੇ ਵਧਣ ਲਈ ਸਹਾਈ ਹੋਵੇਗੀ।

    ਦੁਨੀਆਂ ਵਿਚ ਜਿਤਨੇ ਵੀ ਵੱਡੇ ਵੱਡੇ ਲੋਕ ਹੋਏ ਹਨ ਉਨਾਂ ਨੂੰ ਵੀ ਸਫਲ ਹੋਣ ਲਈ ਕਈ ਅਸਫਲਤਾਵਾਂ ਦਾ ਸਾਹਮਣਾ ਕਰਨਾ ਪਿਆ ਪਰ ਉਹ ਹਾਰੇ ਨਹੀਂ। ਇਕ ਦਿਨ ਉਹ ਉਹ ਆਪਣੀ ਮੰਜਿਲ ਤੇ ਪਹੁੰਚ ਹੀ ਗਏ। ਉਨਾਂ ਨੇ ਨਾ ਕੇਵਲ ਆਪਣਾ ਨਾਮ ਰੌਸ਼ਨ ਕੀਤਾ ਸਗੋਂ ਸਮਾਜ ਲਈ ਸੁੱਖਾਂ ਦੇ ਸਾਧਨ ਵੀ ਪੈਦਾ ਕੀਤੇ। ਰਾਈਟਸ ਬਰਦਰਜ ਨੇ ਹਵਾਈ ਜਹਾਜ ਬਣਾ ਕੇ ਮਨੁੱਖ ਨੂੰ ਅਸਮਾਨ ਵਿਚ ਉਡਾਰੀਆਂ ਲਵਾਈਆਂ।ਐਡੀਸਨ ਨੇ ਬਿਜਲੀ ਦਾ ਬਲਬ ਬਣਾ ਕੇ ਹਨੇਰੀ ਦੁਨੀਆਂ ਨੂੰ ਰੌਸ਼ਨ ਕੀਤਾ। ਅਲੈਗਜੈਂਡਰ ਗਰਾਮ ਬੈਲ਼ ਨੇ ਟੈਲੀਫੂਨ ਦਾ ਅਵੀਸ਼ਕਾਰ ਕਰਕੇ ਦੁਨੀਆਂ ਨੂੰ ਇਕ ਦੁਸਰੇ ਦੇ ਨੇੜੇ ਲਿਆਉਂਦਾ। ਜੋਹਨ ਲੋਗੀਆ ਬੈਰਡ  ਨੇ ਕਲਰ ਟੈਲੀਵੀਜ਼ਨ ਬਣਾ ਕੇ ਦੁਨੀਆਂ ਨੂੰ ਇਕ ਦਮ ਆਹਮਣੇ ਸਾਹਮਣੇ ਕਰ ਦਿੱਤਾ। ਇਹ ਸਭ ਅਟੁੱਟ ਲਗਨ ਅਤੇ ਮਿਹਨਤ ਦੇ ਹੀ ਨਤੀਜੇ ਹਨ। ਤੁਸੀ ਵੀ ਆਪਣੀ ਮੰਜਿਲ ਤੇ ਪਹੁੰਚ ਸਕਦੇ ਹੋ ਅਤੇ ਅਸਮਾਨ ਵਿਚ ਧਰੂ ਤਾਰੇ ਦੀ ਤਰਾਂ ਚਮਕ ਸਕਦੇ ਹੋ।

    ਆਪਣੀ ਪ੍ਰਾਪਤੀ ਤੇ ਕਦੀ ਘੁਮੰਢ ਵਿਚ ਨਾ ਆਓ। ਪ੍ਰਮਾਤਮਾ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰੀਆ ਕਰੋ। ਸਬਰ ਰੱਖੋ। ਆਪਣੇ ਤੋਂ ਉੱਪਰ ਵਾਲਿਆਂ ਵਲ ਦੇਖ ਕੇ ਨਾ ਝੂਰੋ। ਆਪਣੇ ਤੋਂ ਥੱਲੇ ਵਾਲਿਆਂ ਵੱਲ ਵੀ ਝਾਤੀ ਮਾਰੋ। ਫਿਰ ਦੇਖੋ ਪ੍ਰਮਾਤਮਾ ਨੇ ਤੁਹਾਨੂੰ ਲੱਖਾਂ ਲੋਕਾਂ ਨਾਲੋਂ ਵੱਧ ਨਿਆਮਤਾਂ ਦਿੱਤੀਆਂ ਹਨ। ਤੁਹਾਡੇ ਪਾਸ ਜੋ ਵੀ ਸਾਧਨ ਹਨ ਉਨਾਂ ਨਾਲ ਹੀ ਆਪਣੀ ਮੰਜਿਲ ਵੱਲ ਵਧੋ। ਚੰਗੇ ਭਵਿਖ ਅਤੇ ਸਫਲਤਾ ਲਈ ਇਮਾਨਦਾਰੀ ਨਾਲ ਲਗਾਤਾਰ ਮਿਹਨਤ ਕਰੋ। ਆਪਣੇ ਆਪ ਹਨੇਰੇ ਰਸਤੇ ਰੌਸ਼ਨ ਹੋ ਜਾਣਗੇ। ਤੁਸੀ ਅੱਗੇ ਵਧਦੇ ਜਾਵੋਗੇ। ਇਸ ਤਰਾਂ ਤੁਸੀ ਆਪਣੀ ਮੰਜਿਲ ਤੇ ਪਹੁੰਚ ਜਾਵੋਗੇ। ਤੁਸੀ ਆਮ ਆਦਮੀ ਤੋਂ ਖਾਸ ਆਦਮੀ ਬਣ ਜਾਵੋਗੇ। ਤੁਹਾਡੀ ਇਕ ਵੱਖਰੀ ਪਛਾਣ ਬਣੇਗੀ। ਤੁਹਾਡੀ ਸਫਲਤਾ ਦੇ ਜਲਾਲ ਨਾਲ ਦੁਨੀਆਂ ਦੀਆਂ ਅੱਖਾਂ ਚੁੰਧਿਆ ਜਾਣਗੀਆਂ। ਲੋਕ ਦੰਗ ਹੋ ਕੇ ਦੇਖਦੇ ਰਹਿ ਜਾਣਗੇ। ਕੀ ਇਹ ਉਹ ਹੀ ਮਾਮੁਲੀ ਆਦਮੀ ਹੈ ਜਿਹੜਾ ਕੱਲ ਸਾਡੇ ਨਾਲ ਹੁੰਦਾ ਸੀ। ਅੱਜ ਉਹ ਕਿੱਥੇ ਪਹੁੰਚ ਗਿਆ ਹੈ?