ਗੱਲ ਹੋਰ ਤੇ ਕਿਰਦਾਰ ਹੋਰ ਪਤਾ ਨਾ ਲੱਗਾ ਰਾਹਵਾਂ ਦਾ
ਸੱਭ ਹੀਜ ਪਿਆਰ ਡੁੱਲ ਗਿਆ ਗਲ ਪਾਈਆਂ ਬਾਹਵਾਂ ਦਾ
ਦਿਲ ਦੇਣ ਤੇ ਦਿਲ ਲੈਣ ਦੀਆਂ ਸੱਭੋ ਕਸਮਾਂ ਟੁੱਟ ਗਈਆਂ
ਵਾਅਦੇ ਵਫਾ ਕਾਫੂਰ ਹੋਏੇ ਦਿਨ ਆਇਆ ਜਦ ਲਾਵਾਂ ਦਾ
ਕੱਲ ਬੀਤੀਆਂ ਨਾਲ ਅਸਾਡੇ ਬੀਤੇ ਦੀਆਂ ਗੱਲਾਂ ਹੋਈਆਂ
ਪਰ ਖੂਨ ਰਿਸਣੋ ਨਹੀਂ ਹਟਦਾ ਕੀਤੇ ਡੂੰਘੇ ਘਾਵਾਂ ਦਾ
ਉਸ ਡੋਲੇ ਦੀ ਖੈਰ ਕਿਵੇਂ ਜੇ ਜਾਂਜੀ ਲੁਟੇਰਿਆਂ ਨਾਲ ਰਲੇ
ਜੇ ਰਣ ਵਿੱਚ ਪਿੱਛਾ ਦੇ ਜਾਵਣ ਕੀ ਸਾਕ ਸਕਿਆਂ ਭਰਾਵਾਂ ਦਾ
ਗੱਲ ਆਈ ਗਈ ਕਰਨੀ ਜੇ ਸੌਂ ਰਹਿਣਾ ਲੰਮੀ ਤਾਣ ਸਦਾ
ਲੂਹ ਜਾਣਾ ਪਿੰਡਾ ਪੌਣਾ ਨੇ ਰੁਖ ਮੁੜਣਾ ਨਹੀਂ ਹਵਾਵਾ ਦਾ
ਸਹਿਮ ਨਿਗੂਣਾ ਕੰਡਿਆਂ ਦਾ ਇਸ਼ਕ ਦੀ ਬਾਜੀ ਖੇਡਣ ਲਈ
ਜਿੰਦ ਦੇ ਕੇ ਮੰਜਲ ਮਿਲਦੀ ਹੈ ਡਰ ਛੱਡਣਾ ਸਖਤ ਸਜਾਵਾਂ ਦਾ
ਮਰ ਗਏ ਆਸ਼ਕ ਲੋਕਾਂ ਲਈ ਸੰਗਰਾਮ ਨਿਰੰਤਰ ਜਾਰੀ ਹੈ
ਕੁੱਝ ਬਹਿ ਤਮਾਸ਼ਾ ਵੇਂਹਦੇ ਨੇ ਪਤਾ ਰੱਖਣ ਸਿਰ ਦੇ ਭਾਵਾਂ ਦਾ
ਬੱਦਲ ਤਾਂ ਉਡਦੇ ਫਿਰਦੇ ਨੇ ਭਾਲ ਹੈ ਠੰਡੀਆਂ ਪੌਣਾਂ ਦੀ
ਹਿੱਕ ਠਰਨੀ ਤਪਦੀ ਧਰਤੀ ਦੀ ਜਦ ਚੜਿਆਂ ਜੋਰ ਘਟਾਵਾਂ ਦਾ
ਇਹ ਹਵਾ ਰੁਮਕਦੀ ਹੌਲੀ ਜੋ ਮਤਲਬ ਨਹੀਂ ਕਿ ਮਰ ਰਹੀ ਏ
ਤੂਫਾਨ ਜੋਰ ਦਾ ਪਿੱਛੇ ਹੈ ਰੁੱਖ ਪੁੱਟਣਾ ਜਿਸ ਵਬਾਵਾਂ ਦਾ