ਨਾ ਇਥੇ ਕੋਈ ਧਰਮੀਂ ਦਿਸਦਾ, ਨਾ ਸੱਚਾ ਮਰਕਸਵਾਦੀ
ਦੱਸੀਂ ਵੀਰ ਭਗਤ ਸਿੰਆਂ ਸਾਡੇ ਪਿੰਡ ਕਦ ਆਊ ਅਜ਼ਾਦੀ
ਅਜ਼ਾਦੀ ਹੀਰ ਸਲੇਟੀ ਸਾਡੀ, ਅਮੀਰਾਂ ਰਖੇਲ ਬਣਾ ਲਈ
ਕਤਲ ਕਰਨਾਂ, ਡਾਕੇ ਮਾਰਨਾਂ ਲੀਡਰਾਂ ਖੇਲ ਬਣਾ ਲਈ
ਕਰਮ ਵੇਚਦੇ, ਧਰਮ ਵੇਚਦੇ, ਭੁੱਲਦੇ ਦੇਸ਼ ਲਈ ਸੌਂਹ ਖਾਧੀ
ਦੱਸੀਂ ਵੀਰ ਭਗਤ ਸਿੰਆਂ………
ਅਖਬਾਰਾਂ ਟੀ ਵੀ ਰਿਸ਼ਵਤ ਖੋਰੇ, ਕੀਹਨੂੰ ਸੱਚ ਸੁਣਾਈਏ
ਖਾਧ ਖੁਰਾਕਾਂ ਸਭ ਬਣਨ ਬਨਾਉਟੀ ਕਿਥੋਂ ਚੰਗਾ ਖਾਈਏ
ਚੋਰਾਂ ਨੂੰ ਮਾਂਹ ਫਿੱਟ ਬੈਠਗੇ, ਜਨਤਾ ਨੂੰ ਕਰ ਗਏ ਵਾਦੀ
ਦੱਸੀਂ ਵੀਰ ਭਗਤ ਸਿੰਆਂ………
ਗਲ਼ਾਂ ਵਿੱਚ ਟਾਇਰ ਪਾ, ਇਨਸਾਨਾਂ ਨੂੰ ਇਨਸਾਨ ਸਾੜਦੇ
ਧਰਮਾਂ ਨਾæ ਧਰਮ ਲੜਾ, ਧਰਮੀਂ ਥਾਵਾਂ 'ਤੇ ਫੌਜਾਂ ਚਾੜ੍ਹਦੇ
ਰੱਬ ਦੇ ਨਾਂ 'ਤੇ ਖੋਲ੍ਹ ਦੁਕਾਨਾਂ, ਦੇਸ਼ ਦੀ ਕਰਨ ਬਰਬਾਦੀ
ਦੱਸੀਂ ਵੀਰ ਭਗਤ ਸਿੰਆਂ………
ਜੱਟ ਦੇ ਪੈਰੀਂ ਬਿਆਈਆਂ, ਜੱਟੀ ਦੇ ਹੱਥ ਸਿੱਕਰੀਆਂ ਪਾੜੇ
ਅਣ-ਜੰਮੀਆਂ ਧੀਆਂ ਮਾਰਨ ਇਥੇ ਮੁੱਲ ਵਿੱਕਦੇ ਹਨ ਲਾੜੇ
ਕੋਠੇ ਜਿੱਡੀ ਧੀ ਸੀਰੀ ਦੀ, ਪੈਸੇ ਖੁਣੋ ਰੁਕ ਜਾਂਦੀ ਹੈ ਸ਼ਾਦੀ
ਦੱਸੀਂ ਵੀਰ ਭਗਤ ਸਿੰਆਂ………
ਵਪਾਰੀ ਲੁੱਟਕੇ ਖਾਗੇ, ਕੋਈ ਨਾ ਸੁਣਦਾ ਕ੍ਰਿਤੀ ਦੀਆਂ ਧਾਹਾਂ
ਝੂਠੇ ਪੁਲਿਸ ਮੁਕਾਬਲੇ ਪੁੱਤ ਮਾਰਤੇ ਕੌਣ ਵਿਰਾਵੇ ਰਂੋਦੀਆਂ ਮਾਵਾਂ
ਧੰਨ ਧੰਨ ਝੂਠ ਦੀ ਹੋਵੇ ਇਥੇ ਸੱਚਾ ਰਹਿੰਦਾ ਸਦਾ ਹੀ ਫਾਡੀ
ਦੱਸੀਂ ਵੀਰ ਭਗਤ ਸਿੰਆਂ ਸਾਡੇ ਪਿੰਡ ਕਦ ਆਊ ਅਜ਼ਾਦੀ
ਨਾ ਇਥੇ ਕੋਈ ਧਰਮੀਂ ਦਿਸਦਾ, ਨਾ ਸੱਚਾ ਮਰਕਸਵਾਦੀ
ਦੱਸੀਂ ਵੀਰ ਭਗਤ ਸਿੰਆਂ ਸਾਡੇ ਪਿੰਡ ਕਦ ਆਊ ਅਜ਼ਾਦੀ