ਪਿੰਡ ਬੁਰਜ ਕਲਾਂ ਜ਼ਿਲਾ ਕਸੂਰ ਦੇ ਪ੍ਰਸਿਧ ਵਕੀਲ ਚੌਧਰੀ ਮੁਹੰਮਦ ਨਵਾਜ਼, ਨੂੰ ਮੈਂ 50 ਸਾਲ ਬਾਅਦ ਲਾਹੌਰ ਵਿਚ ਮਿਲਿਆ
ਪੰਜਾਹ ਸਾਲਾਂ ਬਾਅਦ ਮਿਲਣ ਦੀਆਂ ਤੇ ਬੀਤੇ ਜੀਵਨ ਦੇ ਸਫਰ ਦੀਆਂ ਗੱਲਾਂ ਹੋ ਰਹੀਆਂ ਸਨ। ਇਹਨਾਂ ਦਾ ਅੰਤ ਨਹੀਂ ਹੋ ਰਿਹਾ ਸੀ ਜਿਨ੍ਹਾਂ ਵਿਚ ਪਿਛਲੀਆਂ ਯਾਦਾਂ ਦੇ ਕੀਮਤੀ ਮੋਤੀ ਪਰੋਏ ਹੋਏ ਸਨ। ਰਾਤ ਬੀਤਦੀ ਜਾ ਰਹੀ ਸੀ। ਸਕਾਚ ਪੀ ਪੀ ਕੇ ਜਦ ਹੋਸ਼ ਗਵਾਚਨ ਲੱਗੀ ਤਾਂ ਨਵਾਜ਼ ਸਾਹਿਬ ਕਹਿਣ ਲੱਗੇ ਕਿ ਮੈਂ ਆਪਣੇ ਪਿੰਡ ਬੁਰਜ ਕਲਾਂ ਜਾ ਰਿਹਾ ਹਾਂ। ਸਵੇਰ ਤੋਂ ਤੁਹਾਡੀ ਖਿਦਮਤ ਤੇ ਸੈਰ ਸਪਾਟੇ ਲਈ ਡਰਾਈਵਰ ਮੁਨੀਰ ਤੇ ਗੱਡੀ ਤੁਹਾਡੇ ਹਵਾਲੇ ਹੋਵੇਗੀ। ਕੋਈ ਫਿਕਰ ਕਰਨ ਦੀ ਲੋੜ ਨਹੀਂ। ਮੈਂ ਕਦੀ ਰਾਤ ਬਾਹਰ ਨਹੀਂ ਰਿਹਾ, ਹਮੇਸ਼ਾ ਰਾਤੀਂ ਆਪਣੇ ਪਿੰਡ ਚਲਾ ਜਾਂਦਾ ਹਾਂ। ਆਪਾਂ ਪਰਸੋਂ ਮਿਲਾਂਗੇ। ਰਾਤ ਕਾਫੀ ਹੋ ਚੁਕੀ ਸੀ। ਮੈਂ ਆਸਫ ਰਜ਼ਾ ਨੂੰ ਕਿਹਾ ਕਿ ਤੂੰ ਵੀ ਏਥੇ ਹੀ ਸੌਂ ਰਹੁ, ਹੁਣ ਅਧੀ ਰਾਤੀਂ ਕਿਥੇ ਜਾਵੇਂਗਾ। ਡਰਾਈਵਰ ਮੁਨੀਰ ਸਾਨੂੰ ਦੋਵਾਂ ਨੂੰ ਉਪਰ ਕਮਰੇ ਵਿਚ ਲੈ ਆਇਆ ਜਿਥੇ ਡੱਬਲ ਬੈੱਡ ਲੱਗਾ ਹੋਇਆ ਸੀ।
ਅਜੇ ਪੂਰੀ ਤਰ੍ਹਾਂ ਨੀਂਦ ਨਹੀਂ ਸੀ ਆਈ ਕਿ ਮੈਂ ਮਹਿਸੂਸ ਕੀਤਾ ਕਿ ਮੇਰੀ ਪਾਈ ਹੋਈ ਕਮੀਜ਼ ਦੀ ਜੇਬ ਵਿਚੋਂ ਕੋਈ ਹੱਥ ਮੇਰਾ ਪਾਸਪੋਰਟ ਕਢ ਰਿਹਾ ਸੀ। ਮੈਂ ਹਰ ਵੇਲੇ ਪਾਸਪੋਰਟ ਆਪਣੀ ਕਮੀਜ਼ ਦੀ ਉਪਰਲੀ ਜੇਬ ਵਿਚ ਰੱਖਦਾ ਸਾਂ ਕਿਉਂਕਿ ਇਹ ਸਭ ਤੋਂ ਜ਼ਿਆਦਾ ਮਹਤਵ ਪੂਰਨ ਡਾਕੂਮੈਂਟ ਸੀ। ਪਰਾਏ ਦੇਸ਼ ਵਿਚ ਇਸ ਦੇ ਗਵਾਚਣ ਜਾਂ ਚੋਰੀ ਹੋਣ ਨਾਲ ਮੁਸੀਬਤਾਂ ਹੀ ਮੁਸੀਬਤਾਂ ਖੜ੍ਹੀਆਂ ਹੋ ਸਕਦੀਆਂ ਹਨ। ਇਹ ਹੱਥ ਆਸਫ ਰਜ਼ਾ ਦਾ ਸੀ ਜੋ ਮੈਨੂੰ ਬਹੁਤ ਨਾਗਵਾਰ ਲੱਗਾ। ਮੈਂ ਉਹਦੇ ਹਥੋਂ ਜੇਬ ਵਿਚੋਂ ਕਢਿਆ ਜਾ ਰਿਹਾ ਪਾਸਪੋਰਟ ਖੋਹ ਕੇ ਫਿਰ ਜੇਬ ਵਿਚ ਪਾ ਕੇ ਉਸਨੂੰ ਸਖਤ ਸ਼ਬਦਾਂ ਵਿਚ ਕਿਹਾ ਕਿ ਤੂੰ ਮੇਰੇ ਅਧ-ਸੁਤੇ ਦੀ ਜੇਬ ਵਿਚੋਂ ਮੇਰਾ ਪਾਸਪੋਰਟ ਕਿਉਂ ਕਢ ਰਿਹਾ ਸੈਂ। ਅਗੋਂ ਆਸਫ ਰਜਾæ ਆਖਣ ਲੱਗਾ ਕਿ ਮੈਂ ਕਿਹਾ ਤੁਸੀਂ ਬਜ਼ੁਰਗ ਬੰਦੇ ਹੋ ਤੇ ਤੁਹਾਨੂੰ ਰਾਤੀਂ ਸੁਤਿਆਂ ਨੂੰ ਇਹ ਚੁਭੇਗਾ। ਇਸ ਲਈ ਮੈਂ ਕਢ ਰਿਹਾ ਸਾਂ। ਮੈਂ ਕਿਹਾ ਮੈਂ ਤਾਂ ਰੋਜ਼ ਹੀ ਰਾਤ ਨੂੰ ਪਾਸਪੋਰਟ ਆਪਣੀ ਜੇਬ ਵਿਚ ਪਾ ਕੇ ਸੌਂਦਾ ਹਾਂ। ਇਸ ਪਾਸਪੋਰਟ ਵਿਚ ਪਾਕਿਸਤਾਨ ਅਤੇ ਹਿੰਦੋਸਤਾਨ ਦੇ ਵੀਜ਼ੇ ਲੱਗੇ ਹੋਏ ਹਨ ਅਤੇ ਇਸ ਦੀ ਹਿਫਾਜ਼ਤ ਮੇਰੇ ਲਈ ਸਭ ਤੋਂ ਵਧ ਜ਼ਰੂਰੀ ਹੈ। ਜੇ ਇਹ ਪਾਸਪੋਰਟ ਗੁੰਮ ਹੋ ਜਾਵੇ ਤਾਂ ਪਾਕਿਸਤਾਨ ਵਿਚ ਮੇਰੇ ਉਤੇ ਮੁਸੀਬਤਾਂ ਦੇ ਪਹਾੜ ਟੁੱਟ ਪੈਣਗੇ। ਏਜੰਸੀਆਂ ਮੇਰੇ ਮਗਰ ਲੱਗ ਜਾਣਗੀਆਂ। ਪੋਲੀਸ ਅਤੇ ਕੈਨੇਡੀਅਨ ਐਮਬੈਸੀ ਨੂੰ ਤੁਰਤ ਰੀਪੋਰਟ ਕਰਨੀ ਪਵੇਗੀ ਤੇ ਨਵਾਂ ਪਾਸਪੋਰਟ ਅਤੇ ਵੀਜ਼ੇ ਲੈਣੇ ਕੋਈ ਖਾਲਾ ਜੀ ਦਾ ਵਾੜਾ ਨਹੀਂ। ਤੂੰ ਜੋ ਮੇਰੀ ਜੇਬ ਵਿਚੋਂ ਪਾਸਪੋਰਟ ਕਢਣ ਦੀ ਹਰਕਤ ਕੀਤੀ ਹੈ, ਇਹ ਬਰਦਾਸ਼ਤ ਕਰਨ ਤੋਂ ਬਾਹਰ ਹੈ। ਰਾਤ ਨੂੰ ਤੂੰ ਮੇਰਾ ਗਲ ਵੀ ਘੁਟ ਸਕਦਾ ਹੈਂ। ਗੁਰਮੁਖੀ ਚੋਂ ਸ਼ਾਹਮੁਖੀ ਵਿਚ ਮੇਰੀ ਕਿਤਾਬ ਬਦਲਣ ਲਈ ਮੈਂ ਤੇਰਾ ਸ਼ੁਕਰਗੁਜ਼ਾਰ ਹਾਂ ਅਤੇ ਇਸ ਲਈ ਤੈਨੂੰ ਲੋੜੋਂ ਵਧ ਪੈਸੇ ਦਿਤੇ ਹਨ। ਤੇਰੀ ਖਿਦਮਤ ਕਰਨ ਲਈ ਜਜ਼ਬਾਤੀ ਹੋ ਕੇ ਮੈਂ ਤੈਨੂੰ ਆਪਣੇ ਦੋਸਤ ਦੀ ਮਹਿਮਾਨ-ਨਵਾਜ਼ੀ ਦਾ ਨਜ਼ਾਰਾ ਲੈਣ ਲਈ ਨਾਲ ਲੈ ਕੇ ਆਇਆ ਹਾਂ ਤੇ ਤੂੰ ਮੇਰਾ ਪਾਸਪੋਰਟ ਮੇਰੀ ਜੇਬ ਵਿਚੋਂ ਕਢਣ ਦੀ ਜੋ ਹਰਕਤ ਕੀਤੀ ਹੈ। ਮੈਂ ਮੁਆਫ ਨਹੀਂ ਕਰ ਸਕਦਾ। ਤੂੰ ਫੌਰਨ ਮੇਰੇ ਕਮਰੇ ਵਿਚੋਂ ਬਾਹਰ ਹੋ ਜਾ। ਸਵੇਰੇ ਜਦ ਚੌਧਰੀ ਮੁਹੰਮਦ ਨਵਾਜ਼ ਸਾਹਿਬ ਆਉਣਗੇ ਤਾਂ ਮੈਂ ਸਾਰੀ ਗੱਲ ਉਹਨਾਂ ਨੂੰ ਦੱਸਾਂਗਾ। ਡਰਾਈਵਰ ਮੁਨੀਰ ਜਿਸ ਨੂੰ ਚੌਧਰੀ ਸਾਹਿਬ ਨੇ ਮੇਰੀ ਖਿਦਮਤ ਕਰਨ ਦੀ ਡਿਊਟੀ ਲਾਈ ਸੀ, ਉਸ ਨੇ ਵੀ ਆਸਫ ਰਜ਼ਾ ਦੀ ਇਹ ਹਰਕਤ ਵੇਖ ਲਈ ਸੀ। ਬੇਸ਼ਕ ਉਸ ਨੇ ਮੇਰੀ ਸਵੈ-ਜੀਵਨੀ ਗੁਰਮੁਖੀ ਵਿਚੋਂ ਸ਼ਾਹਮੁਖੀ ਵਿਚ ਕਨਵਰਟ ਕੀਤੀ ਸੀ। ਸਾਂਝ ਪਬਲੀਕੇਸ਼ਨਜ਼ ਦੇ ਜਨਾਬ ਸਲੀਮ ਮਿਨਹਾਸ ਸਾਹਿਬ ਨੇ ਬੜੇ ਪਿਆਰ ਨਾਲ ਛਾਪੀ ਸੀ ਪਰ ਮੈਂ ਆਪਣੀ ਵਿੱਤ ਅਨੁਸਾਰ ਇਸ ਕੰਮ ਦਾ ਮੁਆਵਜ਼ਾ ਦਿਤਾ ਸੀ। ਸਲੀਮ ਸਾਹਿਬ ਜਦ ਇਸਲਾਮਾਬਾਦ ਛਪੀਆਂ ਕਿਤਾਬਾਂ ਦੇਣ ਆਏ ਸਨ ਤਾਂ ਉਸ ਵੇਲੇ ਉਹਨਾਂ ਦੇ ਨਾਲ ਨਜਮੀ ਬਾਬਾ ਅਤੇ ਆਸਫ ਰਜ਼ਾ ਵੀ ਕਾਰ ਵਿਚ ਨਾਲ ਆਇਆ ਸੀ। ਪਹਿਲੀ ਵਾਰ ਅਸੀਂ ਇਸਲਾਮਾਬਾਦ ਵਿਚ "ਸੂਫੀਇਜ਼ਮ ਐਂਡ ਪੀਸ" ਤੇ ਹੋ ਰਹੀ ਕਾਨਫਰੰਸ ਹਾਲ ਦੇ ਬਾਹਰ ਮਿਲੇ ਸਾਂ। ਹਾਂ ਆਸਫ ਰਜ਼ਾ ਨਾਲ ਕੈਨੇਡਾ ਤੋਂ ਈਮੇਲਜ਼ ਅਤੇ ਟੈਲੀਫੋਨ ਤੇ ਬਹੁਤ ਵਾਰ ਗੱਲ ਹੋਈ ਸੀ ਅਤੇ ਉਸਨੇ ਪਾਕਿਸਤਾਨ ਦੇ ਪ੍ਰਸਿਧ ਪੰਜਾਬੀ ਲੇਖਕ ਅਤੇ ਖੋਜ ਕਰਨ ਵਾਲੇ ਇਕਬਾਲ ਕੈਸਰ ਬਾਰੇ ਕੁਝ ਨਾਗਵਾਰ ਸ਼ਬਦ ਵੀ ਕਹੇ ਕਿ ਇਕਬਾਲ ਕੈਸਰ ਆਈ ਐਸ ਆਈ ਦਾ ਏਜੰਟ ਹੈ, ਜੋ ਮੈਨੂੰ ਚੰਗੇ ਨਹੀਂ ਲੱਗੇ ਸਨ।
ਰਾਤ ਅਧੀ ਬੀਤ ਚੁਕੀ ਸੀ। ਮੇਰੇ ਬਹੁਤ ਸਖਤੀ ਨਾਲ ਰਜ਼ਾ ਨੂੰ ਆਪਣੇ ਕਮਰੇ ਵਿਚੋਂ ਚਲੇ ਜਾਣ ਲਈ ਕਿਹਾ। ਮੈਂ ਉਹਦੇ ਕੋਲੋਂ ਡਰ ਗਿਆ ਸਾਂ। ਜਦ ਉਹ ਚਲਾ ਗਿਆ ਤੇ ਮੈਂ ਅੰਦਰੋਂ ਕੁੰਡੀ ਲਾ ਕੇ ਬਿਸਤਰੇ ਤੇ ਜਦ ਲੇਟਿਆ ਤਾਂ ਮੈਨੂੰ ਨੀਂਦ ਨਹੀਂ ਆ ਰਹੀ ਸੀ। ਇਹ ਮੇਰੇ ਨਾਲ ਕੀ ਹੋ ਗਿਆ ਸੀ। ਭਾਵੇਂ ਮੈਂ ਬਚ ਗਿਆ ਸਾਂ ਪਰ ਸਦਮੇ ਵਿਚੋਂ ਨਹੀਂ ਨਿਕਲ ਰਿਹਾ ਸਾਂ। ਜੇ ਮੇਰਾ ਪਾਸਪੋਰਟ ਚੋਰੀ ਹੋ ਜਾਂਦਾ ਤਾਂ ਪਾਕਿਸਤਾਨ ਵਿਚ ਮੇਰੇ ਨਾਲ ਪਤਾ ਨਹੀਂ ਕੀ ਕੀ ਹੋਣੀ ਸੀ। ਉਹ ਮੇਰਾ ਜਾਨੀ ਨੁਕਸਾਨ ਵੀ ਕਰ ਸਕਦਾ ਸੀ। ਸਵੇਰੇ ਉਠ ਕੇ ਹੀ ਚੌਧਰੀ ਮੁਹੰਮਦ ਨਵਾਜ਼, ਫਖਰ ਜ਼ਮਾਨ ਅਤੇ ਹੋਰ ਲੇਖਕਾਂ ਨੂੰ ਇਸ ਬਾਰੇ ਦਸਿਆ ਜਾ ਸਕਦਾ ਸੀ। ਚੌਧਰੀ ਸਾਹਿਬ ਨੇ ਦੋ ਦਿਨਾਂ ਬਾਅਦ ਪਿੰਡੋਂ ਲਾਹੌਰ ਆਉਣਾ ਸੀ।
ਸਵੇਰੇ ਉਠਿਆ ਤਾਂ ਫੋਨ ਤੇ ਫੋਨ ਆ ਰਹੇ ਸਨ। ਪਤਾ ਨਹੀਂ ਕਿਵੇਂ ਸਾਰੇ ਪਾਕਿਸਤਾਨ ਵਿਚ ਹੀ ਬਹੁਤ ਲੋਕਾਂ ਖਾਸਕਰ ਪੰਜਾਬੀ ਲੇਖਕਾਂ ਨੂੰ ਮੇਰੇ ਸੈੱਲ ਫੋਨ ਨੰਬਰ ਦਾ ਨੰਬਰ ਕਿਵੇਂ ਪਤਾ ਮਿਲ ਗਿਆ ਸੀ। ਉਂਜ ਤਾਂ ਸੈਂਕੜੇ ਲੇਖਕਾਂ ਨੇ ਇਸਲਾਮਾਬਾਦ ਹੀ ਮੇਰਾ ਫੋਨ ਨੰਬਰ ਨੋਟ ਕਰ ਲਿਆ ਸੀ। ਸਵੀਡਨ ਤੋਂ ਪਾਕਿਸਤਾਨ ਆਏ ਹੋਏ ਆਸਫ ਸ਼ਾਹਕਾਰ ਜੋ ਪਾਕਿਸਤਾਨ ਆਪਣੇ ਪਿੰਡ ਆਇਆ ਹੋਇਆ ਸੀ, ਦਾ ਫੋਨ ਵੀ ਆਇਆ ਅਤੇ ਲਾਹੌਰ ਰਹਿੰਦੇ ਇਕਬਾਲ ਕੈਸਰ ਦਾ ਵੀ। ਇਕਬਾਲ ਕੈਸਰ ਨਾਲ ਸਵੇਰੇ ਮੈਂ ਵਾਰਸ ਸ਼ਾਹ ਦੇ ਮਜ਼ਾਰ ਤੇ ਜੰਡਿਆਲਾ ਸ਼ੇਰ ਖਾਂ, ਫਿਰ ਗੁਰਦਵਾਰਾ ਸੱਚਾ ਸੌਦਾ, ਉਸ ਤੋਂ ਬਾਅਦ 1947 ਜ਼ਿਲਾ ਸ਼ੇਖੂਪੁਰਾ ਵਿਚ ਛਡੇ ਆਪਣੇ ਪਿੰਡ, ਆਪਣੇ ਘਰ, ਮੁਢਲੇ ਸਕੂਲ ਹੋ ਕੇ ਗੁਰਦਵਾਰਾ ਨਨਕਣਾ ਸਾਹਿਬ ਮਥਾ ਟੇਕ ਕੇ ਰਾਤ ਨੂੰ ਲਾਹੌਰ ਮੁੜ ਆਉਣ ਦਾ ਪਰੋਗਰਾਮ ਬਣਾ ਰਿਹਾ ਸਾਂ। ਇਕਬਾਲ ਕੈਸਰ 1975 ਤੋਂ ਮੇਰਾ ਦੋਸਤ ਸੀ ਅਤੇ ਕੁਝ ਵਰ੍ਹੇ ਪਹਿਲਾਂ ਜਦੋਂ ਕੈਨੇਡਾ ਆਇਆ ਸੀ ਤਾਂ ਟਰਾਂਟੋ ਵਿਚ ਮੈਂ ਤੇ ਹਰਦੇਵ ਆਰਟਿਸਟ ਨੇ ਕੁਝ ਸਮਾਂ ਇਕਬਾਲ ਕੈਸਰ ਨਾਲ ਇਕਠੇ ਗੁਜ਼ਾਰਿਆ ਸੀ। ਇਕਬਾਲ ਕੈਸਰ ਨੇ ਪਾਕਿਸਤਾਨ ਵਿਚ ਸਿੱਖਾਂ ਦੇ ਗੁਰਦਵਾਰਿਆਂ ਤੇ ਬੜਾ ਨਿੱਠ ਕੇ ਕੰਮ ਕੀਤਾ ਸੀ। ਉਹਦੀ ਬਹੁਤ ਸਾਰੇ ਸਿੱਖ ਗੁਰਦਵਾਰਿਆਂ ਬਾਰੇ ਗੁਰਮੁਖੀ ਅਤੇ ਅੰਗਰੇਜ਼ੀ ਵਿਚ ਵਡੇ ਆਕਾਰ ਦੀ ਬਹੁ ਮੁੱਲੀ ਰੰਗਦਾਰ ਛਪੀ ਕਿਤਾਬ ਇਕ ਸਾਂਭਣ ਯੋਗ ਦਸਤਾਵੇਜ਼ ਹੈ। ਮੈਂ ਤੇ ਇਕਬਾਲ ਕੈਸਰ ਨੇ 22 ਮਾਰਚ ਦੀ ਸਵੇਰ ਨੂੰ ਲਾਹੌਰ ਤੋਂ ਚਲਣ ਦਾ ਪਰੋਗਰਾਮ ਬਣਾ ਲਿਆ ਜਿਸ ਅਨੁਸਾਰ ਅਸੀਂ ਪਹਿਲਾਂ ਵਾਰਸ ਸ਼ਾਹ ਦੇ ਮਜ਼ਾਰ ਤੇ ਜੰਡਿਆਲਾ ਸ਼ੇਰ ਖਾਂ, ਗੁਰਦਵਾਰਾ ਸੱਚਾ ਸੌਦਾ, ਕੁਲਵੰਤ ਸਿੰਘ ਵਿਰਕ ਦੇ ਪਿੰਡ ਫੁਲਰਵਨ ਤੋਂ ਅਗੇ 47 ਵਿਚ ਛਡੇ ਆਪਣੇ ਪਿੰਡ ਨਵਾਂ ਪਿੰਡ ਚਕ ਨੰਬਰ 78, ਆਪਣੇ ਮੁਢਲੇ ਸਕੂਲ ਤੋਂ ਹੋ ਕੇ ਨਨਕਾਣਾ ਸਾਹਿਬ ਪੁਜਣਾ ਸੀ। ਸ਼ਾਮ ਨੂੰ ਲਾਹੌਰ ਪਰਤ ਆਉਣਾ ਸੀ। 21 ਮਾਰਚ ਦਾ ਦਿਨ ਜਿਥੇ ਆਰਾਮ ਕੀਤਾ, ਕਪੜੇ ਵਗੈਰਾ ਧੋਣ ਲਈ ਦਿਤੇ। ਕਈ ਫੋਨ ਸੁਣੇ ਤੇ ਕੀਤੇ। ਕੈਨੇਡਾ ਵਿਚ ਲਾਹੌਰ ਪਹੁੰਚਣ ਬਾਰੇ ਪਰਵਾਰ ਨੂੰ ਸੂਚਿਤ ਕੀਤਾ ਪਰ ਮਨ ਵਿਚੋਂ ਆਸਫ ਰਜ਼ਾ ਵੱਲੋਂ ਜੇਬ ਵਿਚੋਂ ਪਾਸਪੋਰਟ ਕਢਣ ਦੀ ਘਟਨਾ ਬੜਾ ਬੋਝ ਬਣੀ ਹੋਈ ਸੀ। ਡਰਾਈਵਰ ਮਨੀਰ ਸਾਰਾ ਦਿਨ ਖਿਦਮਤ ਵਿਚ ਹਾਜ਼ਰ ਰਿਹਾ।
ਵਾਰਸ ਸ਼ਾਹ ਦੇ ਮਜ਼ਾਰ ਤੇ ਜੰਡਿਆਲਾ ਸ਼ੇਰ ਖਾਂ
22 ਮਾਰਚ ਦੀ ਸਵੇਰ ਨੂੰ ਲਾਹੌਰ ਤੋਂ ਮੈਂ ਜਿੰਨਾ ਜਲਦੀ ਵਾਰਸ ਸ਼ਾਹ ਦੇ ਮਜ਼ਾਰ ਤੇ ਪਹੁੰਚਣਾ ਚਹੁੰਦਾ ਸਾਂ, ਓਨਾ ਈ ਜ਼ਿਆਦਾ ਲੇਟ ਹੋ ਰਿਹਾ ਸਾਂ। ਕਾਰਨ ਇਸ ਸੀ ਕਿ ਮੁਨੀਰ ਨੂੰ ਗੱਡੀ ਠੀਕ ਕਰਾਉਣ ਵਿਚ ਦੇਰ ਲਗ ਗਈ ਸੀ। ਮਾਰਚ ਦਾ ਅੰਤ ਹੋਣ ਕਰ ਕੇ ਬਾਹਰ ਗਰਮੀ ਵੀ ਕਾਫੀ ਹੋ ਗਈ ਸੀ। ਜਿਸ ਥਾਂ ਤੇ ਇਕਬਾਲ ਕੈਸਰ ਨੇ ਸਾਨੂੰ ਮਿਲਣਾ ਸੀ, ਉਹਦੇ ਫੋਨ ਆ ਰਹੇ ਸਨ ਕਿ ਓਥੇ ਪਹੁੰਚ ਕੇ ਉਹ ਸਾਡੀ ਉਡੀਕ ਕਰ ਰਿਹਾ ਸੀ। ਸਾਡਾ ਪਰੋਗਰਾਮ ਅੱਜ ਵਾਰਸ ਸ਼ਾਹ ਦੇ ਮਜ਼ਾਰ ਦੀ ਜ਼ਿਆਰਤ ਕਰਨ ਤੋਂ ਬਾਅਦ ਗੁਰਦਵਾਰਾ ਸੱਚਾ ਸੌਦਾ ਪਹੁੰਚਣਾ ਸੀ। ਓਸ ਤੋਂ ਬਾਅਦ ਲਾਗੇ ਪੈਂਦੇ ਪੰਜਾਬੀ ਦੇ ਸਿਰਮੌਰ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਦੇ ਪਿੰਡ ਫੁੱਲਰਵਨ ਉਹਦੇ 1947 ਵਿਚ ਛਡੇ ਘਰ ਹੋ ਕੇ, ਉਸ ਤੋਂ ਕੁਝ ਮੀਲ ਅਗੇ ਆਪਣੇ ਪਿੰਡ 'ਨਵਾਂ ਪਿੰਡ' ਚੱਕ ਨੰਬਰ 78, ਪਿੰਡ ਦੇ ਹਾਈ ਸਕੂਲ ਜੋ ਮੈਂ ਅਗਸਤ 1947 ਵਿਚ ਅਠਵੀਂ ਜਮਾਤ ਵਿਚ ਪੜ੍ਹਦਿਆਂ ਪਾਕਿਸਤਾਨ ਬਣਨ ਤੇ ਛਡ ਆਇਆ ਸਾਂ, ਵਿਖੇ ਪਹੁੰਚਣਾ ਸੀ। ਇਸ ਤੋਂ ਬਾਅਦ ਗੁਰਦਵਾਰਾ ਨਨਕਾਣਾ ਸਾਹਿਬ ਦੇ ਦਰਸ਼ਨ ਕਰਨੇ ਸਨ। ਇਹ ਸਾਰੀਆਂ ਥਾਵਾਂ ਜ਼ਿਲਾ ਸ਼ੇਖੂਪੁਰਾ ਵਿਚ ਸਨ ਜੋ ਪਾਕਿਸਤਾਨ ਬਨਣ ਤੋਂ ਪਹਿਲਾਂ ਸਾਡਾ ਜ਼ਿਲਾ ਹੁੰਦਾ ਸੀ। ਇਥੇ ਮੇਰਾ ਬਚਪਨ ਬੀਤਨ ਕਾਰਨ ਇਸ ਇਲਾਕੇ ਵਿਚ ਮੇਰੀਆਂ ਜੜ੍ਹਾਂ ਸਨ। ਬੰਦਾ ਕਿਤੇ ਵੀ ਚਲਾ ਜਾਵੇ ਅਤੇ ਭਾਵੇਂ ਕਿੰਨਾ ਵੱਡਾ ਵੀ ਕਿਉਂ ਨਾ ਬਣ ਜਾਵੇ, ਆਪਣੀਆਂ ਜੜ੍ਹਾਂ ਅਤੇ ਬਚਪਨ ਨਾਲੋਂ ਨਹੀਂ ਟੁੱਟ ਸਕਦਾ। ਅਕਸਰ ਲੋਕ ਆਪਣੇ ਬਚਪਨ ਅਤੇ ਆਪਣੇ ਪਹਿਲੇ ਪਿਆਰ ਨੂੰ ਕਦੇ ਨਹੀਂ ਭੁੱਲਦੇ।

ਲੇਖਕ ਵਾਰਸ ਸ਼ਾਹ ਦੇ ਮਕਬਰੇ ਦੇ ਬਾਹਰਵਾਰ
ਖੈਰ ਮੁਨੀਰ ਗੱਡੀ ਲੈ ਕੇ ਆਇਆ ਅਤੇ ਅਸੀਂ ਜਲਦੀ ਤੋਂ ਜਲਦੀ ਹਸਪਤਾਲ ਵਿਚ ਮਿਸਜ਼ ਨਜ਼ੀਰ ਨੂੰ ਫੁੱਲਾਂ ਦਾ ਗੁਲਦਸਤਾ ਭੇਟਾ ਕਰ ਕੇ, ਉਹਦੇ ਤੇ ਉਹਦੇ ਖਾਵੰਦ ਅਤੇ ਬੱਚਿਆਂ ਨਾਲ ਫੋਟੋਜ਼ ਲੁਹਾ ਕੇ ਜਲਦੀ ਵਿਹਲੇ ਹੋਣਾ ਚਹੁੰਦੇ ਸਾਂ ਪਰ ਨਜ਼ੀਰ ਸਾਹਿਬ ਦੀ ਜਿੱæਦ ਸੀ ਕਿ ਮੈਂ ਹਸਪਤਾਲ ਦੀ ਕਨਟੀਨ ਵਿਚ ਜਾ ਕੇ ਉਹਦੇ ਨਾਲ ਚਾਹ ਦਾ ਕੱਪ ਜ਼ਰੂਰ ਪੀਵਾਂ। ਹਸਪਤਾਲ ਵਿਚੋਂ ਬਾਹਰ ਨਿਕਲ ਰਹੇ ਸਾਂ ਕਿ ਇਕ ਉਮਰ ਰਸੀਦਾ ਖਾਤੂਨ ਨੇ ਬੜੇ ਆਦਰ ਨਲ ਮੇਰੇ ਹਥ ਫੜ ਕੇ ਚੁੰਮੇ ਅਤੇ ਕਹਿਣ ਲੱਗੀ ਕਿ ਮੈਂ ਇਕ ਕਾਲਜ ਦੀ ਰੀਟਾਇਰਡ ਪ੍ਰਿੰਸੀਪਲ ਹਾਂ, ਉਰਦੂ ਦੀ ਸ਼ਾਇਰਾ ਹਾਂ, ਤੁਸੀਂ ਮੇਰੇ ਘਰ ਜ਼ਰੂਰ ਤਸ਼ਰੀਫ ਲਿਆਓ। ਇਕ ਸਰਦਾਰ ਨੂੰ ਆਪਣੇ ਘਰ ਸੱਦ ਕੇ ਮੈਨੂੰ ਜੋ ਖੁਸ਼ੀ ਹੋਵੇਗੀ, ਉਸਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਮੈਂ ਮਹਿਸੂਸ ਕੀਤਾ ਕਿ ਜਜ਼ਬਾਤੀ ਹੋਣ ਲਈ ਉਮਰ ਦੀ ਕੋਈ ਬੰਦਸ਼ ਨਹੀਂ ਹੁੰਦੀ। ਲਾਹੌਰ ਵਿਚ ਰਹਿਣ ਵਾਲੀ ਇਹ ਪੜ੍ਹੀ ਲਿਖੀ ਔਰਤ ਉਹਨਾਂ ਸਮਿਆਂ ਦੇ ਹਾਣ ਦੀ ਹੈ ਜਦੋਂ ਲਾਹੌਰ ਵਿਚ ਸਾਰੇ ਹਿੰਦੂ, ਸਿੱਖ ਅਤੇ ਮੁਸਲਮਾਨ ਵਸਦੇ ਸਨ।
ਆਖਰ ਇਕਬਲ ਕੈਸਰ ਨੂੰ ਇੰਤਜ਼ਾਰ ਕਰਨ ਵਾਲੀ ਥਾਂ ਤੋਂ ਚੁੱਕ ਗੱਡੀ ਵਿਚ ਬਿਠਾਇਆ ਅਤੇ ਗੱਡੀ ਸ਼ੇਖੂਪੁਰੇ ਨੂੰ ਜਾਂਦੀ ਸੜਕੇ ਪਾ ਲਈ। ਲਾਹੌਰ ਸ਼ਹਿਰ ਏਨਾ ਜ਼ਿਆਦਾ ਵਧ ਚੁਕਾ ਸੀ ਕਿ ਸ਼ਹਿਰ ਵਿਚੋਂ ਲੰਘਦਿਆਂ ਲੰਘਦਿਆਂ ਕਾਫੀ ਦੇਰ ਲੱਗ ਗਈ। ਪਾਕਿਸਤਾਨ ਵਿਚ ਬਾਹਰ ਹਾਈ ਵੇ ਤੇ ਐਨੀਆਂ ਨਵੀਆਂ ਨਵੀਆਂ ਸੜਕਾਂ ਬਣ ਗਈਆਂ ਹਨ ਕਿ ਕਿਸੇ ਗਲਤ ਪਾਸੇ ਮੁੜਨ ਦਾ ਮਤਲਬ ਦਰਜਨਾਂ ਮੀਲ ਏਧਰ ਓਧਰ ਹੋ ਜਾਣਾ ਸੀ। ਸ਼ੇਖੂਪੁਰਾ ਅਤੇ ਲਾਇਲਪੁਰ ਨੂੰ ਜਾਂਦੀਆਂ ਸੜਕਾਂ ਦੇ ਸਾਈਨ ਨਾਲ ਨਾਲ ਨਜ਼ਰ ਆ ਰਹੇ ਸਨ। ਕਿਸੇ ਨੂੰ ਪੁਛਿਆ ਤਾਂ ਓਸ ਦਸਿਆ ਕਿ ਲਾਇਲਪੁਰ ਵਾਲੀ ਸੜਕ ਨੇ ਬਾਹਰੋਂ ਬਾਹਰ ਲੰਘ ਜਾਣਾ ਹੈ ਤੇ ਅਸੀਂ ਸ਼ੁਖੂਪੁਰੇ ਨੂੰ ਜਾਂਦੀ ਸੜਕ ਹੀ ਲਈਏ। ਓਸ ਦੇ ਦੱਸਣ ਤੇ ਅਸੀਂ ਗਡੀ ਸ਼ੇਖੂਪੁਰੇ ਨੂੰ ਜਾਂਦੀ ਸੜਕੇ ਪਾ ਲਈ। ਮੇਰੇ ਦਿਲ ਵਿਚ ਆਸਫ ਰਜ਼ਾ ਵੱਲੋਂ 20 ਮਾਰਚ ਦੀ ਰਾਤ ਨੂੰ ਸੌਣ ਵੇਲੇ ਮੇਰੀ ਜੇਬ ਵਿਚੋਂ ਮੇਰਾ ਕੈਨੇਡੀਅਨ ਪਾਸਪੋਰਟ ਕਢਣ ਦੀ ਹਰਕਤ ਮੈਨੂੰ ਬੁਰੀ ਤਰ੍ਹਾਂ ਚੁਭ ਰਹੀ ਸੀ। ਸ਼ੁਕਰ ਰੱਬ ਦਾ ਕਿ ਜਦ ਓਸ ਮੇਰਾ ਪਾਸਪੋਰਟ ਕਢਿਆ ਤੇ ਮੈਨੂੰ ਜਾਗ ਆ ਗਈ ਤੇ ਮੈਂ ਉਹਦੇ ਹਥੋਂ ਪਾਸਪਰਟ ਖੋਹ ਕੇ ਫਿਰ ਆਪਣੀ ਕਮੀਜ਼ ਦੀ ਸਾਹਮਣੀ ਜੇਬ ਵਿਚ ਪਾ ਲਿਆ ਤੇ ਓਸ ਨੂੰ ਆਪਣੇ ਬੈੱਡ ਰੂਮ ਵਿਚੋਂ ਬਾਹਰ ਕਢ ਦਿਤਾ ਸੀ। ਮੈਂ ਆਪਣਾ ਪਾਸਪੋਰਟ ਹਰ ਵੇਲੇ ਆਪਣੀ ਕਮੀਜ਼ ਦੀ ਸਾਹਮਣੀ ਜੇਬ ਵਿਚ ਪਾ ਕੇ ਰਖਦਾ ਸਾਂ ਅਤੇ ਸੌਣ ਵੇਲੇ ਵੀ। ਇਕਬਾਲ ਕੈਸਰ ਨੇ ਜਦ ਇਹ ਗੱਲ ਸੁਣੀ ਤਾਂ ਉਹਦੀਆਂ ਅਖਾਂ ਵਿਚ ਖੂੰਨ ਉਤਰ ਆਇਆ ਤੇ ਓਸ ਤੁਰਤ ਕਈ ਪਾਸੇ ਆਸਫ ਰਜ਼ਾ ਦੀ ਕੋਝੀ ਹਰਕਤ ਕਰਨ ਤੇ ਫੋਨ ਖੜਕਾ ਦਿਤੇ ਅਤੇ ਸ਼ਾਮ ਤਕ ਸਾਰੇ ਪਾਕਿਸਤਾਨ ਦੇ ਪੰਜਾਬੀ ਲੇਖਕਾਂ, ਇਥੋਂ ਤਕ ਕਿ ਫਖਰ ਜ਼ਮਾਨ ਤਕ ਵੀ ਇਸ ਹਰਕਤ ਦੀ ਖਬਰ ਪਹੁੰਚ ਗਈ। ਇਕਬਾਲ ਨੇ ਦਸਿਆ ਕਿ ਕੱਲ ਰਾਤੀਂ ਸਾਂਝ ਪਬਲੀਕੇਸ਼ਨਜ਼ ਦੇ ਮਾਲਕ ਅਮਜਦ ਸਲੀਮ ਮਿਨਹਾਸ ਜਿਸ ਪਾਕਿਸਤਾਨ ਵਿਚ ਮੇਰੀ ਸਵੈ ਜੀਵਨੀ ਛਾਪੀ ਸੀ, ਦੇ ਘਰ ਲੇਖਕਾਂ ਦੀ ਮੀਟਿੰਗ ਵਿਚ ਇਸ ਮਸਲੇ ਤੇ ਖੁਲ੍ਹ ਕੇ ਵਿਚਾਰ ਕੀਤੀ ਜਾਵੇਗੀ। ਇਕਬਾਲ ਕੈਸਰ ਨਾਲ ਗੱਲ ਕਰਨ ਨਾਲ ਮੇਰਾ ਮਨ ਕਾਫੀ ਹਲਕਾ ਹੋ ਗਿਆ ਸੀ ਅਤੇ ਧਿਆਨ ਮੁੜ ਅਜ ਦੀ ਯਾਤਰਾ ਵੱਲ ਮੁੜ ਆਇਆ ਸੀ। ਹੁਣ ਸ਼ੇਖੂਪੁਰਾ ਰੇਲਵੇ ਸਟੇਸ਼ਨ ਦੇ ਅਗੋਂ ਜਾਂਦੀ ਸੜਕ ਤੇ ਓਸ ਪਾਸੇ ਜਾ ਰਹੇ ਸਾਂ ਜਿਥੋਂ ਜੰਡਿਆਲਾ ਸ਼ੇਰ ਖਾਂ ਨੂੰ ਸੜਕ ਜਾਂਦੀ ਸੀ। ਸ਼ਹਿਰ ਹੁਣ ਬਹੁਤ ਵਧ ਗਿਆ ਸੀ ਅਤੇ ਭਾਰੀ ਟਰੈਫਿਕ ਕਾਰਨ ਥਾਂ ਥਾਂ ਤੇ ਨਾ ਚਹੁੰਦੇ ਹੋਏ ਵੀ ਬੜੀ ਦੇਰ ਲੱਗ ਰਹੀ ਸੀ। ਜਦ ਵਾਰਸ ਸ਼ਾਹ ਦੇ ਪਿੰਡ ਜੰਡਿਆਲਾ ਸ਼ੇਰ ਖਾਂ ਨੂੰ ਜਾਂਦੀ ਸੜਕੇ ਪੈਣ ਲਗੇ ਤਾਂ ਰੇਲ ਦਾ ਫਾਟਕ ਬੰਦ ਸੀ। ਫਾਟਕ ਦੇ ਦੋਹੀਂ ਪਾਸੀਂ ਬੜੀ ਭੀੜ ਜੁੜ ਗਈ ਸੀ। ਸ਼ੇਖੂਪੁਰਾ ਸਟੇਸ਼ਨ ਤੋਂ ਸਾਂਗਲਾ ਹਿਲਜ਼ ਨੂੰ ਜਾ ਰਹੀ ਟਰੇਨ ਕਾਰਨ ਫਾਟਕ ਬੰਦ ਕੀਤਾ ਹੋਇਆ ਸੀ। ਰੇਲਵੇ ਫਾਟਕ ਦੇ ਦੋਹੀਂ ਪਾਸੀਂ ਵਡੀਆਂ ਛੋਟੀਆਂ ਗਡੀਆਂ, ਤਾਂਗੇ ਅਤੇ ਮੋਟਰਸਾਈਕਲਜ਼ ਵਾਲੇ ਫਸੇ ਹੋਏ ਸਨ। ਆਖਰ ਇਕ ਚਹੁੰ ਕੁ ਡੱਬਿਆਂ ਦੀ ਗੱਡੀ ਲੰਘੀ ਤੇ ਫਾਟਕ ਖੁਲ੍ਹ ਗਿਆ। ਮੈਂ ਯਾਦ ਕੀਤੇ ਬਿਨਾ ਨਾ ਰਹਿ ਸਕਿਆ ਕਿ ਜਿੰæਦਗੀ ਦੇ ਪਹਿਲੇ 12 ਸਾਲ ਮੈਂ ਇਸ ਲਾਈਨ ਤੇ ਆਪਣੇ ਮਾਂ ਪਿਓ ਨਾਲ ਆਪਣੇ ਪਿੰਡੋਂ ਰੇਲਵੇ ਸਟੇਸ਼ਨ ਮੰਡੀ ਢਾਬਾਂ ਸਿੰਘ ਤੋਂ ਅਕਸਰ ਗੱਡੀ ਚੜ੍ਹ ਕੇ ਲਾਹੌਰ ਜਾਂਦਿਆਂ ਤੇ ਮੁੜਦਿਆਂ ਬਹੁਤ ਵਾਰ ਸਫਰ ਕੀਤਾ ਸੀ। ਸਾਡੇ ਪਿੰਡ ਨੂੰ ਲਗਦਾ ਰੇਲਵੇ ਸਟੇਸ਼ਨ ਮੰਡੀ ਢਾਬਾਂ ਸਿੰਘ ਇਸ ਸ਼ੇਖੂਪੁਰਾ ਸਟੇਸ਼ਨ ਤੋਂ ਚੌਥਾ ਜਾਂ ਪੰਜਵਾਂ ਸਟੇਸ਼ਨ ਸੀ। ਅਗੇ ਪਿੰਡ ਤਿੰਨ ਕੁ ਮੀਲ ਦੂਰ ਸੀ ਤੇ ਰਸਤਾ ਪੈਰੀਂ ਚੜ੍ਹਿਆ ਹੋਇਆ ਸੀ। ਰਾਹ ਵਿਚ ਵਡੀ ਨਹਿਰ ਵਿਚੋਂ ਛੋਟੀ ਨਹਿਰ ਨਿਕਲਦੀ ਸੀ, ਜਿਥੇ ਸਾਡੇ ਮੁਰੱਬੇ ਪੈਂਦੇ ਸਨ। ਨਿੱਕੀ ਨਹਿਰ ਵਿਚੋਂ ਨਿਕਲੇ ਪਹਿਲੇ ਮੋਘੇ ਦਾ ਪਾਣੀ ਸਾਡੀ ਉਪਜਾਊ ਜ਼ਮੀਨ ਵਾਲੇ ਮੁਰੱਬਿਆਂ ਨੂੰ ਲੱਗਦਾ ਸੀ। ਰੇਲਵੇ ਲਾਈਨ ਦਾ ਫਾਟਕ ਟੱਪ ਕੇ ਸਾਡੀ ਗੱਡੀ ਵਾਰਸ ਸ਼ਾਹ ਦੇ ਪਿੰਡ ਜੰਡਿਆਲਾ ਸ਼ੇਰ ਖਾਂ ਨੂੰ ਜਾ ਰਹੀ ਪਕੀ ਸੜਕ ਤੇ ਪੈ ਗਈ। ਸ਼ੇਖੂਪੁਰੇ ਤੋਂ ਜੰਡਿਆਲਾ ਸ਼ੇਰ ਖਾਂ 9 ਮੀਲ ਦੂਰ ਹੈ ਅਤੇ ਪਾਕਿਸਤਾਨ ਬਨਣ ਤੋਂ ਪਹਿਲਾਂ ਵੀ ਇਥੇ ਪਕੀ ਸੜਕ ਹੁੰਦੀ ਸੀ ਤੇ ਲੋਕ ਟਾਂਗਿਆਂ ਤੇ ਵਾਰਸ ਸ਼ਾਹ ਦੇ ਮਜ਼ਾਰ ਤੇ ਜ਼ਿਆਰਤ ਲਈ ਆਇਆ ਕਰਦੇ ਸਨ।

ਜੰਡਿਆਲਾ ਸ਼ੇਰ ਖਾਂ ਵਿਖੇ ਮਕਬਰੇ ਦੇ ਅੰਦਰਵਾਰ ਵਾਰਸ ਸ਼ਾਹ ਦੀ ਕਬਰ ਤੇ ਮੈਂ ਪਾਕਿਸਤਾਨੀ ਲੇਖਕ ਇਕਬਾਲ ਕੈਸਰ ਨਾਲ। ਵਾਰਸ ਸ਼ਾਹ ਦੀ ਕਬਰ ਦੇ ਸੱਜੇ ਖੱਬੇ ਉਸਦੇ ਪਿਤਾ ਅਤੇ ਭਰਾ ਦੀਆਂ ਕਬਰਾਂ ਹਨ।
ਸੜਕ ਦੇ ਆਸੇ ਪਾਸੇ ਸਿੱਟੇ ਕਢੀਆਂ ਕਣਕਾਂ ਦੀਆਂ ਫਸਲਾਂ ਪੂਰੇ ਜੋਬਨ ਤੇ ਸਨ। ਜਿਥੇ ਕਿਤੇ ਵੀ ਮੱਝਾਂ ਨਜ਼ਰ ਆਉਂਦੀਆਂ ਸਨ ਤਾਂ ਚੰਗੀਆਂ ਪਲੀਆਂ ਤੇ ਰੱਜੀਆਂ ਮੱਝਾਂ ਦੀਆਂ ਕੁੱਖਾਂ ਤੋਂ ਮੱਖੀ ਤਿਲਕਦੀ ਸੀ। ਮੈਂ ਕੋਈ ਮੱਝ ਲਿੱਸੀ, ਭੁੱਖੀ ਜਾਂ ਅੰਦਰ ਨੂੰੰ ਵੜੀ ਕੁੱਖ ਵਾਲੀ ਨਾ ਵੇਖੀ। ਮੱਝਾਂ ਦੇ ਮੁਕਾਬਲੇ ਗਾਵਾਂ ਘੱਟ ਸਨ। ਦੂਰ ਦੂਰ ਤਕ ਜ਼ਰਖੇਜ਼ ਪਧਰੀ ਜ਼ਮੀਨ ਤੇ ਸਿੱਟੇ ਕਢੀਆਂ ਕਣਕਾਂ ਅਲ੍ਹੜ ਮੁਟਿਆਰਾਂ ਵਾਂਗ ਖਿਲਖਿਲੀਆਂ ਹੱਸ ਰਹੀਆਂ ਸਨ। ਸੜਕ ਦੇ ਖਬੇ ਪਾਸੇ ਸੂਏ ਵਰਗਾ ਖਾਲ ਵਗ ਰਿਹਾ ਸੀ ਜਿਸ ਵਿਚ ਫਸਲਾਂ ਨੂੰ ਪਾਣੀ ਦੇਣ ਲਈ ਪਾਣੀ ਦੀ ਮਿਕਦਾਰ ਕਾਫੀ ਸੀ। ਵਾਰਸ ਸ਼ਾਹ ਦੇ ਪਿੰਡ ਜੰਡਿਆਲਾ ਸ਼ੇਰ ਖਾਂ ਨੂੰ ਜਾਂਦੀ ਸੜਕ ਦੇ ਖੱਬੇ ਪਾਸੇ ਮੁਗਲ ਹੁਕਮਰਾਨ ਜਹਾਂਗੀਰ ਦੇ ਵੇਲੇ ਦਾ ਬਣਿਆ ਹੋਇਆ ਕਿਲਾ ਨੁਮਾ ਹਰਨ ਮੁਨਾਰਾ ਵੀ ਨਾਲ ਨਾਲ ਦਿਸ ਰਿਹਾ ਸੀ। ਇਸ ਦੇ ਬਾਹਰਵਾਰ ਡੂੰਘੀ ਤੇ ਚੌੜੀ ਖਾਈ ਪੁਟੀ ਹੋਈ ਸੀ ਤੇ ਕਾਫੀ ਸੰਘਣੇ ਰੁੱਖ ਵੀ ਸਨ। ਮੇਰਾ ਬਹੁਤ ਜੀਅ ਕਰ ਰਿਹਾ ਸੀ ਕਿ ਮੈਂ ਇਹ ਹਰਨ ਮੁਨਾਰਾ ਅੰਦਰ ਜਾ ਕੇ ਵੇਖਾਂ ਜੋ 1947 ਤੋਂ ਪਹਿਲਾਂ ਮੈਂ ਆਪਣੇ ਬਾਪੂ ਨਾਲ ਵੇਖਿਆ ਸੀ ਪਰ ਪਤਾ ਨਹੀਂ ਕਿਉਂ ਇਕਬਾਲ ਕੈਸਰ ਜੋ ਪਾਕਿਸਤਾਨ ਦਾ ਪੰਜਾਬੀ ਲੇਖਕ ਅਤੇ ਪਾਕਿਸਤਾਨ ਦੇ ਸਾਰੇ ਸਿੱਖ ਗੁਰਦਵਾਰਿਆਂ ਦਾ ਪ੍ਰਸਿਧ ਖੋਜੀ ਹੋਣ ਤੋਂ ਇਲਾਵਾ ਪੰਜਾਬੀ ਖੋਜ ਗੜ੍ਹ ਦਾ ਸੰਚਾਲਕ ਹੈ, ਹਾਂ ਪਖੀ ਹੁੰਗਾਰਾ ਨਹੀਂ ਭਰ ਰਿਹਾ ਸੀ। ਅਗਲੇ ਵੀਹ ਕੁ ਮਿੰਟਾਂ ਵਿਚ ਸਾਡੀ ਕਾਰ ਵਾਰਸ ਸ਼ਾਹ ਦੇ ਮਜ਼ਾਰ ਦੇ ਬਾਹਰ ਪਹੁੰਚ ਗਈ। ਮੈਂ ਜਜ਼ਬਾਤੀ ਹੁੰਦਾ ਜਾ ਰਿਹਾ ਸਾਂ। ਵਾਰਸ ਸ਼ਾਹ ਨਾਲ ਮੇਰੀ ਬੜੀ ਉਨਸ ਦੀ। ਮਜ਼ਾਰ ਦੇ ਬਾਹਰਵਾਰ ਗੇਟ ਅੰਦਰ ਦਾਖਲ ਹੋਣ ਤੋਂ ਪਹਿਲਾਂ ਕਈ ਦੁਕਾਨਾਂ ਸਨ ਜਿਥੇ ਟੇਪਾਂ ਤੇ ਸੀ ਡੀਜ਼ ਆਦਿ ਵਿਕ ਰਹੀਆਂ ਸਨ। ਇਕ ਪਾਸੇ ਕਾਰਾਂ ਖੜ੍ਹੀਆਂ ਕਰਨ ਲਈ ਪਾਰਕਿੰਗ ਲਾਟ ਬਣਿਆ ਹੋਇਆ ਸੀ। ਮਕਬਰੇ ਦੇ ਬਾਹਰਵਾਰ ਵੀ ਕਈ ਕਬਰਾਂ ਸਨ ਅਤੇ ਮਕਬਰੇ ਦੇ ਵਿਹੜੇ ਵਿਚ ਵੀ ਕਬਰਾਂ ਬਣੀਆਂ ਹੋਈਆਂ ਸਨ। ਕਰੀਬ ਛੇ ਕਨਾਲ ਰਕਬੇ ਵਿਚ ਬਣੇ ਇਸ ਮਜ਼ਾਰ ਦੇ ਬਾਹਰ ਦੀਆਂ ਫੁੱਲਾਂ ਦੀਆਂ ਕਿਆਰੀਆਂ ਅਤੇ ਘਾਹ ਨੂੰ ਮੋਟੀਆਂ ਨਾਲੀਆਂ ਨਾਲ ਪਾਣੀ ਦਿਤਾ ਜਾ ਰਿਹਾ ਸੀ। ਗੇਟ ਵੜਦਿਆਂ ਸੱਜੀ ਨੁਕਰੇ ਇਸ ਮਜ਼ਾਰ ਦੇ ਕੇਅਰਟੇਕਰ ਦਾ ਦਫਤਰ ਬਣਿਆ ਸੀ ਜੋ ਆਏ ਗਏ ਨੂੰ ਲੋੜੀਂਦੀ ਅਗਵਾਈ ਦੇਂਦਾ ਸੀ। ਵਾਰਸ ਸ਼ਾਹ ਦਾ ਬਹੁਤ ਸ਼ਾਨਦਾਰ ਰੰਗਦਾਰ ਮਕਬਰਾ ਇਸਲਾਮਿਕ ਇਮਾਰਤਸਾਜ਼ੀ ਦੇ ਹੁਨਰ ਦੀ ਦਾਦ ਦੇ ਰਿਹਾ ਸੀ। ਅਸੀਂ ਆਪਣੇ ਜੋੜੇ ਲਾਹ ਕੇ ਬੜੇ ਸਤਿਕਾਰ ਨਾਲ ਮਕਬਰੇ ਦੇ ਅੰਦਰ ਗਏ। ਅੰਦਰ ਵੜਨ ਵੇਲੇ ਲੋਹੇ ਦੀ ਜਿੰਦਰੇ ਲੱਗੀ ਗੋਲਕ ਪਈ ਸੀ ਜਿਥੇ ਸ਼ਰਧਾਲੂ ਆਪਣੀ ਸ਼ਰਧਾ ਅਨੁਸਾਰ ਪੈਸੇ ਪਾ ਕੇ ਦੋਵੇਂ ਹਥ ਖੋਲ੍ਹ ਕੇ ਦੁਆਵਾਂ ਮੰਗ ਰਹੇ ਸਨ। ਮੈਂ ਇਕਬਾਲ ਕੈਸਰ ਨੂੰ ਪੁਛਿਆ ਕਿ ਕਿੰਨਾ ਮਥਾ ਟੇਕਿਆ ਜਾਵੇ ਤਾਂ ਉਸਦਾ ਜਵਾਬ ਸੀ ਕਿ ਦਸ ਵੀਹ ਰੁਪੈ ਕਾਫੀ ਹੋਣਗੇ। ਪੰਜਾਬੀ ਦੇ ਇਕ ਐਡੇ ਵਡੇ ਮਹਾਨ ਸ਼ਾਇਰ ਦੀ ਕਬਰ ਤੇ ਮੈਂ ਘਟੋ ਘਟ ਪੰਜ ਸੌ ਰੁਪੈ ਮਥਾ ਟੇਕਣਾ ਚਹੁੰਦਾ ਸਾਂ ਅਤੇ ਮੇਰੇ ਕੋਲ ਹਜ਼ਾਰ ਹਜ਼ਾਰ ਰੁਪੈ ਦੇ ਪਾਕਿਸਤਾਨੀ ਨੋਟ ਸਨ। ਕੇਅਰਟੇਕਰ ਹਜ਼ਾਰ ਰੁਪੈ ਦਾ ਨੋਟ ਲੈ ਕੇ ਪੰਜ ਪੰਜ ਸੌ ਦੇ ਦੋ ਨੋਟ ਲੈ ਆਇਆ ਅਤੇ ਮੈਂ ਲੋਹੇ ਦੀ ਗੋਲਕ ਵਿਚ ਪੰਜ ਸੌ ਰੁਪੈ ਦਾ ਨੋਟ ਪਾ ਕੇ ਪੰਜਾਬੀ ਦੇ ਮਹਾਨ ਸ਼ਾਇਰ ਵਾਰਸ ਸ਼ਾਹ ਦੀ ਕਬਰ ਤੇ ਮਥਾ ਟੇਕਿਆ। ਤਿੰਨ ਕਬਰਾਂ ਨਾਲ ਨਾਲ ਬਣੀਆਂ ਹੋਈਆਂ ਸਨ। ਵਿਚ੍ਹਕਾਰ ਵਾਰਸ ਸ਼ਾਹ ਦੀ ਕਬਰ ਸੀ ਅਤੇ ਸੱਜੇ ਉਸ ਦੇ ਬਾਪ ਸਈਦ ਗੁਲ ਸ਼ੇਰ ਸ਼ਾਹ ਅਤੇ ਖਬੇ ਭਰਾ ਸਈਅਦ ਕਾਸਮ ਸ਼ਾਹ ਦੀ ਕਬਰ ਸੀ। ਤਿੰਨਾਂ ਕਬਰਾਂ ਤੇ ਹਰੀਆਂ ਚਾਦਰਾਂ ਵਿਛੀਆਂ ਹੋਈਆਂ ਸਨ ਅਤੇ ਉਤੇ ਸੂਹੇ ਫੁੱਲ ਬਿਖਰੇ ਹੋਏ ਸਨ। ਭਰਾ ਅਤੇ ਪਿਓ ਦੀ ਕਬਰ ਨਾਲ ਨਾਲ ਵੇਖ ਮੈਨੂੰ ਦੁਨੀਆ ਦੇ ਮਸ਼ਹੂਰ ਡੱਚ ਪੇਂਟਰ ਵਿਨਸੈਂਟ ਵਾਨ ਗਾਗ ਦਾ ਖਿਆਲ ਆਇਆ ਕਿ ਉਸਦੀ ਅਤੇ ਉਸਦੇ ਭਰਾ ਲਿਊ ਗਾਗ ਦੀਆਂ ਕਬਰਾਂ ਵੀ ਨਾਲ ਨਾਲ ਬਣੀਆਂ ਹੋਈਆਂ ਹਨ। ਅਸੀਂ ਇਥੇ ਖਲੋ ਅੰਦਰੋਂ ਅਤੇ ਬਾਹਰੋਂ ਇਸ ਮਕਬਰੇ ਦੀਆਂ 25 ਤਸਵੀਰਾਂ ਖਿਚੀਆਂ ਜੋ ਮੇਰੇ ਲਈ ਇਕ ਅਮੁੱਲ ਖਜ਼ਾਨਾ ਬਣ ਗਈਆਂ। ਭਾਰਤ ਪੁਜਣ ਤੇ ਇਹਨਾਂ ਫੋਟੋਜ਼ ਦੀ ਅਹਿਮੀਅਤ ਨੂੰ ਭਾਪਦਿਆਂ ਵਾਘਾ ਬਾਰਡਰ ਦੇ ਕਸਟਮ ਸੁਪਰਡੰਟ ਹਰਪਾਲ ਸਿੰਘ, ਪ੍ਰਸਿਧ ਫੋਟੋਰਾਫਰ ਜਨਮੇਜਾ ਜੌਹਲ, ਮੇਰੀਆਂ ਕਹਾਣੀਆਂ ਤੇ ਪੀæ ਐਚæ ਡੀæ ਕਰ ਰਹੇ ਬਲਵਿੰਦਰ ਸਿੰਘ ਥਿੰਦ ਅਤੇ ਕੈਨੇਡਾ ਤੋਂ ਆਏ ਝਾਂਜਰ ਟੀ ਵੀ ਦੇ ਹੋਸਟ ਰਵਿੰਦਰ ਜੱਸਲ ਅਤੇ ਕਈ ਹੋਰਾਂ ਨੇ ਮੇਰੀ ਸਖਤ ਮਿਹਨਤ ਨਾਲ ਪਾਕਿਸਤਾਨ ਵਿਚ ਸੈਂਕੜਿਆਂ ਦੇ ਕਰੀਬ ਖਿੱਚੀਆਂ ਫੋਟੋਜ਼ ਆਪਣਿਆਂ ਕੰਪਿਊਟਰਜ਼ ਵਿਚ ਡਾਊਨਲੋਡ ਕਰ ਲਈਆਂ ਸਨ।
ਮਜ਼ਾਰ ਵਿਚੋਂ ਬਾਹਰ ਆ ਕੇ ਇਕ ਬਰਾਂਡੇ ਵਿਚ ਬੈਠੇ ਪੀਰਾਂ ਫਕੀਰਾਂ ਵਿਚ ਬੈਠ ਕੇ ਮੈਂ ਤਸਵੀਰਾਂ ਖਿਚਵਾਈਆਂ ਅਤੇ ਉਹਨਾਂ ਤੋਂ ਤਰਨੱਮ ਵਿਚ ਹੀਰ ਵੀ ਸੁਣੀ। ਫਿਰ ਕੇਅਰ ਟੇਕਰ ਦੇ ਦਫਤਰ ਵਿਚ ਆ ਕੇ ਚਾਹ ਪੀਤੀ ਅਤੇ ਵਿਜ਼ਟਰ ਬੁਕ ਤੇ ਆਪਣੇ ਰੀਮਾਰਕਸ ਲਖੇ। ਮੇਥੋਂ ਪਹਿਲਾਂ ਆਪਣੇ ਰੀਮਾਰਕਸ ਲਿਖਣ ਵਾਲਿਆਂ ਵਿਚ ਸ਼ ਸੁਖਬੀਰ ਸਿੰਘ ਬਾਦਲ, ਉਪ ਮੁਖ ਮੰਤਰੀ ਪੰਜਾਬ, ਸਾਬਕਾ ਮੁਖ ਮੰਤਰੀ ਹਰਿਆਣਾ ਓਮ ਪਰਕਾਸ਼ ਚੌਟਾਲਾ, ਬਲਦੇਵ ਸਿੰਘ ਮੋਗਾ, ਵਰਿਆਮ ਸੰਧੂ, ਪ੍ਰੋ: ਸਾਧਾ ਸਿੰਘ ਵੜੈਚ ਆਦਿ ਦੇ ਨਾਂ ਦਰਜ ਸਨ। ਇਹ ਵਿਅਕਤੀ ਵਾਰਸ ਸ਼ਾਹ ਦੇ ਮਕਬਰੇ ਦੀ ਜ਼ਿਆਰਤ ਲਈ ਆਏ ਅਤੇ ਇਹਨਾਂ ਨੇ ਆਪਣੇ ਰੀਮਾਰਕਸ ਲਿਖੇ ਸਨ। ਕੇਅਰਟੇਕਰ ਨੇ ਵਾਰਸ ਸ਼ਾਹ ਨਾਲ ਸਬੰਧਤ ਸਾਨੂੰ ਇਕ ਕਿਤਾਬਚਾ ਦਿਤਾ ਜੋ ਕਾਫੀ ਜਾਣਕਾਰੀ ਭਰਪੂਰ ਸੀ। ਇਹ ਕਿਤਾਬਚਾ ਭਾਰਤ ਆ ਕੇ ਮੇਰੇ ਕਾਗਜ਼ਾਂ ਵਿਚੋਂ ਗੁੰਮ ਹੋ ਗਿਆ ਅਤੇ ਕਾਫੀ ਲੱਭਣ ਤੇ ਵੀ ਨਹੀਂ ਲੱਭਾ। ਇਸ ਵਿਚ ਓਸ ਇਤਿਹਾਸਕ ਬਾਉਲੀ ਦਾ ਕਾਫੀ ਵਰਨਣ ਹੈ ਜੋ ਵਾਰਸ ਸ਼ਾਹ ਦੇ ਮਜ਼ਾਰ ਦੇ ਪਿਛਲੇ ਪਾਸੇ ਬਾਅਦ ਵਿਚ ਮੈਂ ਵੇਖੀ ਅਤੇ ਇਹ ਬਾਉਲੀ ਪੁਰਾਣੇ ਜ਼ਮਾਨਿਆਂ ਵਿਚ ਪੀਣ ਵਾਲੇ ਪਾਣੀ ਦਾ ਬੜਾ ਵਡਾ ਸਾਧਨ ਸੀ। ਕੇਅਰਟੇਕਰ ਤੋਂ ਅਸਾਂ ਗੁਰਦਵਾਰਾ ਸੱਚਾ ਸੌਦਾ ਦਾ ਸਿੱਧਾ ਰਾਹ ਪੁਛਿਆ ਤੇ ਓਸ ਦਸਿਆ ਕਿ ਜੇ ਤੁਸੀਂ ਵਾਇਆ ਸ਼ੇਖੂਪੁਰਾ ਜਾਓਗੇ ਤਾਂ ਸਫਰ ਲੰਮਾ ਪਵੇਗਾ ਅਤੇ ਜੇਕਰ ਪਿੰਡਾਂ ਦੇ ਵਿਚੋਂ ਦੀ ਜਾਓਗੇ ਤਾਂ ਜਲਦੀ ਮੰਡੀ ਫਾਰੂਖਾਬਾਦ (ਪੁਰਾਣਾ ਨਾਂ ਚੂਹੜਕਾਣਾ ਮੰਡੀ) ਪਹੁੰਚ ਜਾਉਗੇ ਅਤੇ ਨਹਿਰ ਟਪਦਿਆਂ ਹੀ ਖਬੇ ਹਥ ਗੁਰਦਵਾਰਾ ਸੱਚਾ ਸੌਦਾ ਆ ਜਾਏਗਾ। ਵਾਰਸ ਸ਼ਾਹ ਦੇ ਮਜ਼ਾਰ ਤੋਂ ਜਾਣ ਲਈ ਦਿਲ ਨਹੀਂ ਕਰਦਾ ਸੀ ਅਤੇ ਕੁਝ ਰਾਤਾਂ ਏਥੇ ਰਹਿ ਕੇ ਉਹਨਾਂ ਸਮਿਆਂ ਵਿਚ ਗਵਾਚ ਜਾਣਾ ਚਹੁੰਦਾ ਸਾਂ ਜਿਨ੍ਹਾਂ ਸਮਿਆਂ ਦਾ ਵਾਰਸ ਸ਼ਾਹ ਹਾਣੀ ਸੀ ਅਤੇ ਜਿਨ੍ਹਾਂ ਹਾਲਾਤਾਂ ਵਿਚ ਗ੍ਰੱਸ ਕੇ ਉਹਨੇ ਹੀਰ ਦਾ ਮਹਾਨ ਕਿੱਸਾ ਲਿਖਿਆ ਸੀ। ਬਰੈਂਪਟਨ ਦੇ ਐਵੇਨਿਊ ਆਪਟੀਕਲ ਦੇ ਸੁਹਿਰਦ ਮਾਲਕ ਵਿਜੇ ਸ਼ਰਮਾ ਦੇ ਘਰ ਜਾ ਕੇ ਵੀ ਉਹਨਾਂ ਦੇ ਘਰ ਦੀਆਂ ਫੋਟੋਜ਼ ਖਿਚਣਾ ਚਹੁੰਦਾ ਸਾਂ ਜਿਥੇ ਉਹਨਾਂ ਦੇ ਪਿਤਾ ਡਾ: ਗੋਪਾਲ ਕ੍ਰਿਸ਼ਨ ਸ਼ਰਮਾ ਸਾਹਿਬ ਵੰਡ ਤੋਂ ਪਹਿਲਾਂ ਰਿਹਾ ਕਰਦੇ ਸਨ। ਇਸੇ ਪਿੰਡ ਵਿਚ ਹੀ ਉਹਨਾਂ ਦਾ ਜਨਮ 2 ਸਤੰਬਰ, 1933 ਨੂੰ ਬੂਆ ਮਲ ਸ਼ਰਮਾ ਦੇ ਘਰ ਹੋਇਆ ਸੀ। ਉਹਨਾਂ ਦੇ ਪਿਤਾ ਬੂਆ ਮੱਲ ਸ਼ਰਮਾ ਵੀਹਵੀਂ ਸਦੀ ਦੇ ਸ਼ੁਰੂ ਵਿਚ ਪਿੰਡ ਨਾਰੋਵਾਲ ਜ਼ਿਲਾ ਸਿਆਲਕੋਟ ਤੋਂ ਉਠ ਕੇ ਵਾਰਸ ਸ਼ਾਹ ਦੇ ਪਿੰਡ ਜੰਡਿਆਲਾ ਸ਼ੇਰ ਖਾਂ ਆਣ ਵਸੇ ਸਨ। ਇਥੇ ਹੀ ਉਹ ਸਾਰੀ ਉਮਰ ਟੀਚਰ ਦੀ ਨੌਕਰੀ ਕਰਦੇ ਰਹੇ ਅਤੇ ਇਸ ਪਿੰਡ ਨੂੰ ਹੀ ਆਪਣਾ ਪੱਕਾ ਘਰ ਬਣਾ ਲਿਆ ਅਤੇ ਮੁਲਕ ਦੀ ਵੰਡ ਵੇਲੇ ਉਹਨਾਂ ਨੇ ਸ਼ੇਖੂਪੁਰਾ ਦੇ ਹਾਈ ਸਕੂਲ ਵਿਚੋਂ ਦਸਵੀਂ ਦਾ ਇਮਤਿਹਾਨ ਦਿਤਾ ਸੀ। ਜੰਡਿਆਲਾ ਸੇæਰ ਖਾਂ ਪਿੰਡ ਵਿਚੋਂ ਉਜੜ ਜਾਣ ਦੇ ਪਿਛੋਂ ਉਹਨਾਂ ਨੂੰ ਦਸਵੀਂ ਦਾ ਸਰਟੀਫਿਕੇਟ ਜੋ 1947 ਦੇ ਰੌਲੇ ਗੌਲਿਆਂ ਵਿਚ ਰੀਕਾਰਡ ਤਬਾਹ ਹੋ ਜਾਣ ਕਾਰਨ ਕਦੀ ਵੀ ਨਾ ਮਿਲ ਨਾ ਸਕਿਆ। ਡਾ: ਗੋਪਾਲ ਕ੍ਰਿਸ਼ਨ ਸ਼ਰਮਾ ਦਾ ਮੁਢਲਾ ਸਕੂਲ ਵਾਰਸ ਸ਼ਾਹ ਦੇ ਮਕਬਰੇ ਤੋਂ 200 ਗਜ਼ ਦੂਰ ਸੀ ਅਤੇ ਹਰ ਵੀਰਵਾਰ ਅਤੇ ਸ਼ੁਕਰਵਾਰ ਨੂੰ ਉਥੇ ਮੇਲਾ ਲਗਦਾ ਸੀ। ਮੁਸਲਮਾਨਾਂ ਤੋਂ ਇਲਾਵਾ ਸਾਰੇ ਹਿੰਦੂ, ਸਿੱਖ ਅਤੇ ਈਸਾਈ ਵਾਰਸ ਸ਼ਾਹ ਦੀ ਕਬਰ ਤੇ ਮਥੇ ਟੇਕਦੇ, ਕਵਾਲੀਆਂ ਅਤੇ ਬੈਂਤਾਂ ਵਿਚ ਗਾਈ ਹੀਰ ਸੁਣਿਆ ਕਰਦੇ ਸਨ। ਡਾ: ਸਾਹਿਬ ਦੇ ਦੱਸਣ ਅਨੁਸਾਰ ਵੰਡ ਤੋਂ ਪਹਿਲਾਂ ਜੰਡਿਆਲਾ ਸ਼ੇਰ ਖਾਂ ਵਿਖੇ ਹਿੰਦੂਆਂ ਦੇ 81 ਘਰ ਅਤੇ ਸਿੱਖਾਂ ਦੇ 42 ਘਰ ਸਨ। ਹਿੰਦੂ, ਮੁਸਲਮਾਨ ਅਤੇ ਸਿੱਖ ਸਾਰੇ ਬੜੇ ਪਿਆਰ ਨਾਲ ਰਹਿੰਦੇ ਸਨ। ਉਜੜਨ ਵੇਲੇ ਪਿੰਡ ਦੇ ਮੁਸਲਮਾਨਾਂ ਨੇ ਹਿੰਦੂ ਸਿੱਖਾਂ ਨੂੰ ਬੜੀ ਹਿਫਾਜ਼ਤ ਨਾਲ ਕੈਂਪਾਂ ਤਕ ਪੁਚਾਇਆ ਸੀ।
ਪਹੁੰਚਣਾ ਗੁਰਦਵਾਰਾ ਸੱਚਾ ਸੌਦਾ
ਮੁਦਤਾਂ ਤੋਂ ਵਾਰਸ ਸ਼ਾਹ ਦੇ ਮਕਬਰੇ ਦੀ ਮਨ ਵਿਚ ਸੁੱਖੀ ਜ਼ਿਆਰਤ ਕਰ ਕੇ ਅਤੇ ਸੁਹਿਰਦ ਕੇਅਰਟੇਕਰ ਦੇ ਦੱਸੇ ਅਨੁਸਾਰ ਜੰਡਿਆਲਾ ਸ਼ੇਰ ਖਾਂ ਤੋਂ ਪਿੰਡਾਂ ਥਾਣੀਂ ਹੁੰਦੇ ਹੋਏ, ਰਸਤੇ ਵਿਚ ਜ਼ਿਆਦਾ ਪੱਕੇ ਤੇ ਘੱਟ ਕੱਚੇ ਘਰ ਵੇਖਦੇ, ਜ਼ਰਖੇਜ਼ ਜ਼ਮੀਨਾਂ ਤੇ ਉਗੀਆਂ ਤੇ ਪੱਕਣ ਆਈਆਂ ਕਣਕਾਂ ਦੀ ਲਹਿਰਾਂ ਬਹਿਰਾਂ ਤਕਦੇ ਅਸੀਂ ਜਲਦੀ ਮੰਡੀ ਫਾਰੂਕਾਬਾਦ ਜਿਸਦਾ ਨਾਂ ਪਹਿਲਾਂ ਚੂਹੜਕਾਣਾ ਮੰਡੀ ਹੁੰਦਾ ਸੀ, ਠੀਕ ਓਸ ਬਹੁਤ ਵਡੀ ਨਹਿਰ ਕੰਢੇ ਪਹੁੰਚ ਗਏ ਜੋ ਗੁਰਦਵਾਰਾ ਸੱਚਾ ਸੌਦਾ ਤੇ ਮੰਡੀ ਚੂਹੜਕਾਣਾ (ਮੰਡੀ ਫਾਰੂਕਾਬਾਦ) ਨੂੰ ਵੰਡਦੀ ਸੀ। ਚੂਹੜਕਾਣਾ ਹੁਣ ਨਹਿਰ ਤਕ ਆਬਾਦ ਹੋ ਗਿਆ ਸੀ। ਇਹ ਉਹੀ ਨਹਿਰ ਸੀ ਜਿਸ ਦੇ ਕੰਢੇ ਅਗਸਤ 1947 ਵੇਲੇ ਲਾਗੇ ਪੈਂਦੇ ਪਿੰਡਾਂ ਵਿਚ ਰਹਿਣ ਵਾਲੇ ਘਰਾਂ ਤੋਂ ਉਜੜੇ ਦਸ ਲੱਖ ਤੋਂ ਵਧ ਹਿੰਦੂ ਸਿੱਖਾਂ ਦਾ ਕੈਂਪ ਲੱਗਾ ਸੀ। ਇਨ੍ਹਾਂ ਲੋਕਾਂ ਵਿਚ 12 ਸਾਲ ਦੀ ਉਮਰ ਬੱਚਾ ਮੈਂ ਵੀ ਸਾਂ ਜਿਸ ਦੀ ਆਪਣੇ ਪਿੰਡੋਂ ਟੁਰੇ ਕਾਫਲੇ ਵਿਚ ਆਪਣੀਆਂ ਜਾਨਾਂ ਬਚਾਉਂਦਿਆਂ ਸਿਰ ਦੀ ਪੱਗ ਤੇ ਪੈਰ ਦੀ ਜੁੱਤੀ ਵੀ ਗਵਾਚ ਗਈ ਸੀ। ਗਵਾਚੀ ਪੱਗ, ਪਤ ਤੇ ਜੁੱਤੀ ਨੂੰ ਲਭਨ ਲਈ ਮੈਂ 63 ਸਾਲਾਂ ਬਾਅਦ ਆਪਣੇ ਘਰਾਂ ਵਿਚੋਂ ਉਜੜ ਕੇ ਕੈਂਪ ਦੀ ਰਾਖੀ ਕਰ ਰਹੇ ਥੋੜ੍ਹੇ ਜਹੇ ਭਾਰਤੀ ਫੌਜੀਆਂ ਦੀ ਹਿਫਾਜ਼ਤ ਵਿਚ ਭਾਰਤ ਪਹੁੰਚਣ ਲਈ ਇਥੇ ਰੁਕੇ ਹੋਏ ਸਾਂ। ਨਹਿਰ ਦੇ ਪੁਲ ਤੋਂ ਕੁਝ ਦੂਰੀ ਤੇ ਰੇਲ ਦਾ ਪੁਲ ਦਿਸ ਰਿਹਾ ਸੀ। ਇਕਬਾਲ ਕੈਸਰ ਨੇ ਜਦ ਇਸ ਨਹਿਰ ਦੀ ਫੋਟੋ ਖਿੱਚੀ ਤਾਂ ਰੇਲ ਦਾ ਪੁਲ ਮੇਰੇ ਪਿਛੇ ਨਜ਼ਰ ਆਉਂਦਾ ਸੀ। ਨਹਿਰ ਦੇ ਕੰਢੇ ਖਿਚੀ ਦੂਜੀ ਫੋਟੋ ਵਿਚ ਨਹਿਰ ਤੋਂ ਲੰਘਦੀ ਸੜਕ ਵਾਲਾ ਦੂਜਾ ਪਾਸਾ ਨਜ਼ਰ ਅਉਂਦਾ ਸੀ ਜਿਸ ਦੇ ਕੰਢੇ ਖਲੋ ਕੇ ਮੈਂ 1947 ਵਿਚ 12 ਸਾਲ ਦੀ ਉਮਰੇ ਭਾਰਤ ਨੂੰ ਜਾ ਰਹੇ ਟਰੱਕਾਂ ਨੂੰ ਹੱਥ ਦਿੰਦਾ ਸਾਂ ਕਿ ਮੈਨੂੰ ਅਤੇ ਮਾਂ ਪਿਓ ਅਤੇ ਨਿੱਕੀਆਂ ਨਿੱਕੀਆਂ ਭੈਣਾਂ ਨੂੰ ਹਿੰਦੋਸਤਾਨ ਲੈ ਚਲੋ ਪਰ ਸਾਨੂੰ ਕਿਸੇ ਟਰੱਕ ਨੇ ਚੜ੍ਹਾਇਆ ਨਹੀਂ ਸੀ। ਇਸੇ ਨਹਿਰ ਵਿਚ ਰੁੜ੍ਹੇ ਜਾਂਦੇ ਮੁਰਦੇ ਤੇ ਕੁਲਵੰਤ ਸਿੰਘ ਵਿਰਕ ਨੇ ਆਪਣੀ ਮਸ਼ਹੂਰ ਕਹਾਣੀ "ਮੁਰਦੇ ਦੀ ਤਾਕਤ" ਲਿਖੀ ਸੀ।

ਲੇਖਕ ਗੁਰਦਵਾਰਾ ਸੱਚਾ ਸੌਦਾ ਦੇ ਸੇਵਾਦਾਰ ਗ੍ਰੰਥੀ ਸਿੰਘ ਤੇ ਉਸਦੀ ਪਤਨੀ ਨਾਲ
ਬਚਪਨ ਵਿਚ ਕਈ ਵਾਰ ਮੈਂ ਤੇ ਬਾਪੂ ਸੱਚਾ ਸੌਦਾ ਰੇਲਵੇ ਸਟੇਸ਼ਨ ਤੇ ਗੱਡੀ ਚੜ੍ਹਨ ਵਾਲਿਆਂ ਦੀ ਜ਼ਿਆਦਾ ਭੀੜ ਹੋਣ ਕਰਨ ਸੱਚਾ ਸੌਦਾ ਰੇਲਵੇ ਸਟੇਸ਼ਨ ਤੋਂ ਪੈਦਲ ਇਹ ਰੇਲ ਵਾਲਾ ਪੁਲ ਟੱਪ ਕੇ ਮੰਡੀ ਚੂਹੜਕਾਣਾ ਤੋਂ ਮੰਡੀ ਢਾਬਾਂ ਸਿੰਘ ਰੇਲਵੇ ਸਟੇਸ਼ਨ ਤੇ ਜਾਣ ਲਈ ਗੱਡੀ ਫੜਿਆ ਕਰਦੇ ਸਾਂ। ਸੱਚਾ ਸੌਦਾ ਬਹੁਤ ਛੋਟਾ ਸਟੇਸ਼ਨ ਸੀ ਅਤੇ ਮੇਲੇ ਦੀ ਜ਼ਿਆਦਾ ਭੀੜ ਕਾਰਨ ਕਈ ਮੁਸਾਫਰ ਗੱਡੀ ਚੜ੍ਹਨੋ ਰਹਿ ਜਾਂਦੇ ਸਨ। ਜਦੋਂ ਰੇਲ ਦੇ ਪੁਲ ਤੋਂ ਲੰਘਦੇ ਤਾਂ ਬੜਾ ਡਰ ਲਗਦਾ ਕਿਉਂ ਲੱਕੜ ਦੇ ਸ਼ਤੀਰਾਂ ਵਿਚ੍ਹਕਾਰ ਖਾਲੀ ਥਾਂ ਹੋਣ ਕਾਰਨ ਨਹਿਰ ਵਿਚ ਡਿੱਗਣ ਦਾ ਬੜਾ ਡਰ ਲਗਦਾ ਸੀ। ਨਹਿਰ ਬੜੀ ਡੂੰਘੀ ਅਤੇ ਚੌੜੀ ਹੋਣ ਕਾਰਨ ਮੌਤ ਹੋ ਸਕਦੀ ਸੀ। ਜਦ ਜਵਾਨੀ ਚੜ੍ਹਦੇ ਨਾਨਕ ਨੂੰ ਉਹਦੇ ਪਿਤਾ ਮਹਿਤਾ ਕਾਲੂ ਨੇ 20 ਰੁਪੈ ਦੇ ਕੇ ਸੱਚਾ ਸੌਦਾ ਕਰਨ ਲਈ ਕਿਹਾ ਸੀ ਤਾਂ ਨਾਨਕ ਨੇ ਇਸ ਮੰਡੀ ਚੂਹੜਕਾਣਾ ਤੋਂ ਰਸਦ ਲੈ ਕੇ ਹੁਣ ਵਾਲੀ ਥਾਂ ਸੱਚਾ ਸੌਦਾ ਵਿਖੇ ਬੈਠੇ ਭੁਖੇ ਸਾਧੂਆਂ ਨੂੰ ਭੋਜਨ ਛਕਾ ਦਿਤਾ ਸੀ ਕਿਉਂਕਿ ਉਹਦੀ ਸੋਚ ਅਨੁਸਾਰ ਭੁਖੇ ਨੂੰ ਭੋਜਨ ਛਕਾਉਣ ਤੇ ਇਸ ਤੋਂ ਚੰਗਾ ਸੱਚਾ ਸੌਦਾ ਹੋਰ ਕੀ ਹੋ ਸਕਦਾ ਸੀ। ਇਸ ਨਹਿਰ ਕੰਢੇ 63 ਸਾਲਾਂ ਬਾਅਦ ਆਇਆ ਸਾਂ। ਸੱਚਾ ਸੌਦਾ ਰੀਫਿਊਜੀ ਕੈਂਪ ਵਿਚ ਸਤੰਬਰ 1947 ਵਿਚ ਇਸ ਥਾਂ ਬੜੀ ਕਰੁਣਾਮਈ ਅਤੇ ਤਰਸਯੋਗ ਹਾਲਤ ਵਿਚ ਭੁਖੇ, ਪਿਆਸੇ ਤੇ ਭੁੰਜੇ ਸੌਣ ਦੇ ਦਿਨ ਸਦਾ ਮੇਰੇ ਸੀਨੇ ਵਿਚ ਰੜਕਦੇ ਰਹੇ ਸਨ। ਇਤਿਹਾਸ ਦਾ ਸੁਮੇਲ ਅਜ 22 ਮਾਰਚ, 2010 ਨੂੰ ਮੈਂਨੂੰ ਏਥੇ ਲੈ ਆਇਆ ਸੀ।
ਭੁੱਖ ਚਮਕ ਪਈ ਸੀ ਤੇ ਅਸਾਂ ਮੰਡੀ (ਚੂਹੜਕਾਣਾ) ਹੁਣ ਫਾਰੂਕਾਬਾਦ ਵਿਚ ਨਹਿਰ ਕੰਢੇ ਇਕ ਢਾਬੇ ਤੋਂ ਦਾਲ ਨੂੰ ਤੜਕਾ ਲਵਾ ਕੇ ਤੰਦੂਰੀ ਰੋਟੀਆਂ ਖਾਧੀਆਂ। ਇਕਬਾਲ ਦਾ ਪੇਟ ਖਰਾਬ ਸੀ ਤੇ ਉਹਨੇ ਦਹੀਂ ਨਾਲ ਸਾਦਾ ਫੁਲਕਾ ਲਿਆ। ਮੇਰੀ ਐਨਿਕ ਦਾ ਸ਼ੀਸ਼ਾ ਪੇਚ ਨਿਕਲ ਜਾਣ ਕਰ ਡਿਗ ਪਿਆ ਸੀ। ਮੁਨੀਰ ਤੁਰਤ ਇਕ ਐਨਕਾਂ ਵਾਲੇ ਤੋਂ ਨਵਾਂ ਪੇਚ ਕਸਵਾ ਲਿਆਇਆ ਤੇ ਗਰੰਟੀ ਇਹ ਕਿ ਇਹ ਪੇਚ ਹੁਣ ਕਦੀ ਵੀ ਨਹੀਂ ਨਿਕਲੇਗਾ। ਅਗਲੇ ਕੁਝ ਮਿੰਟਾਂ ਵਿਚ ਅਸੀਂ ਨਹਿਰ ਟੱਪ ਕੇ ਗੁਰਦਵਾਰਾ ਸੱਚਾ ਸੌਦਾ ਪਹੁੰਚ ਗਏ। ਇਸ ਵਡੀ ਨਹਿਰ ਦੇ ਨਾਲ ਇਕ ਹੋਰ ਨਹਿਰ ਬਣ ਗਈ ਸੀ ਜੋ ਵੰਡ ਤੋਂ ਪਹਿਲਾਂ ਨਹੀਂ ਹੁੰਦੀ ਸੀ। ਮੈਂ 1947 ਤੋਂ ਬਾਅਦ ਪਹਿਲੀ ਵਾਰ ਏਸ ਗੁਰਦਵਾਰੇ ਜਾ ਰਿਹਾ ਸਾਂ। ਸੰਨ 1961 ਵਿਚ ਮੈਂ ਜਦ ਪਾਕਿਸਤਾਨ ਆਇਆ ਸਾਂ ਤੇ ਆਪਣੇ ਪਿੰਡ ਵੀ ਗਿਆ ਸਾਂ ਤਾਂ ਓਸ ਵੇਲੇ ਇਹ ਗੁਰਦਵਾਰਾ ਦਰਸ਼ਨਾਂ ਲਈ ਖੁਲ੍ਹਾ ਨਹੀਂ ਸੀ। ਜਿੰæਦਗੀ ਦੇ ਪਹਿਲੇ 12 ਸਾਲ ਤਾਂ ਮੈਂ ਏਥੇ ਸੈਂਕੜੇ ਵਾਰ ਆਇਆ ਸਾਂ। ਕਈ ਵਾਰ ਤਾਂ ਵਡੀ ਨਹਿਰ ਦੇ ਕੰਢੇ ਮਾਲ ਡੰਗਰ ਚਾਰਦਾ ਚਾਰਦਾ ਮੁਰੱਬੇ ਡੰਗਰ ਬੰਨ੍ਹ ਕੇ ਸ਼ੂਟ ਵੱਟ ਕੇ ਗੁਰਦਵਾਰੇ ਸੱਚੇ ਸੌਦੇ ਮੱਥਾ ਟੇਕ ਆਇਆ ਕਰਦਾ ਸਾਂ। ਗੁਰਦਵਾਰਾ ਸੱਚਾ ਸੌਦਾ ਸਾਡੇ ਪਿੰਡੋਂ ਮਸਾਂ 10 ਕੁ ਮੀਲ ਹੋਵੇਗਾ ਅਤੇ ਮੁਰੱਬੇ ਤੋਂ 7 ਕੁ ਮੀਲ। ਹਰ ਮਹੀਨੇ ਜਦ ਏਥੇ ਮਸਿਆ ਲਗਦੀ, ਦੀਵਾਨ ਸਜਦੇ, ਢਾਡੀ ਜਥੇ ਆਉਂਦੇ ਤੇ ਓਸ ਵੇਲੇ ਦੇ ਲੀਡਰ ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ, ਜਥੇਦਾਰ ਮਾਨ ਸਿੰਘ ਹੰਭੋ, ਮਾਸਟਰ ਸੁੰਦਰ ਸਿੰਘ ਲਾਇਲਪੁਰੀ, ਗਿਆਨੀ ਗਿਆਨ ਸਿੰਘ ਤੇ ਹੋਰ ਲੀਡਰ ਤਕਰੀਰਾਂ ਕਰਦੇ। ਓਸ ਵੇਲੇ ਇਸ ਗੁਰਦਵਾਰੇ ਵਿਚ ਵਿਰਕਾਂ ਦਾ ਲੰਗਰ ਬੜਾ ਮਸ਼ਹੂਰ ਸੀ। ਸ਼ਾਮਾਂ ਨੂੰ ਤਲੀ ਹੋਈ ਮਛੀ ਵਿਕਦੀ ਤੇ ਮਸਿਆ ਨਹਾਉਣ ਆਏ ਲੋਕ ਐਨੀ ਤਾਜ਼ਾ, ਸਵਾਦ ਤੇ ਕਰਾਰੀ ਮਛੀ ਖਾਣ ਲਈ ਟੁਟ ਕੇ ਪੈ ਜਾਂਦੇ। ਮੇਰੀ ਜੀਭ ਤੋਂ 63 ਸਾਲ ਬੀਤਣ ਤੇ ਵੀ ਬਚਪਨ ਵਿਚ ਖਾਧੀ ਇਸ ਥਾਂ ਦੀ ਖਾਧੀ ਮਛੀ ਦਾ ਸਵਾਦ ਅਜੇ ਤਕ ਗਿਆ ਨਹੀਂ ਸੀ।
ਦੇਸ਼ ਵੰਡ ਵੇਲੇ ਸਪਤੰਬਰ 1947 ਇਥੇ ਬਣੇ ਕੈਂਪ ਵਿਚ ਮਹੀਨਾ ਭਰ ਰਹਿਣ ਤੋਂ ਬਾਅਦ ਮੈਂ 22 ਮਾਰਚ, 2010 ਨੂੰ ਗੁਰਦਵਾਰਾ ਸੱਚਾ ਸੌਦਾ ਵਿਖੇ ਜਿਸ ਦੇ ਆਲੇ ਦਵਾਲੇ ਅਤੇ ਇਥੇ ਮੇਰਾ ਬਚਪਨ ਬੀਤਿਆ ਸੀ।
ਸੱਚੇ ਸੌਦੇ ਦੀ ਮਸਿਆ ਤੇ ਵਿਰਕ ਟੱਪਾ ਸਿਰਾਂ ਤੇ ਦੁੱਧ ਦੀਆਂ ਬਲ੍ਹਣੀਆਂ ਲੈ ਕੇ ਲੰਗਰ ਵਿਚ ਪੁਚਾਉਂਦਾ। ਸੱਚਾ ਸੌਦਾ ਗੁਰਦਵਾਰੇ ਦਾ ਸਰੋਵਰ ਬਦਲ ਕੇ ਇਕ ਪਾਸੇ ਕਰ ਦਿਤਾ ਗਿਆ ਸੀ ਜੋ ਬਿਲਕੁੱਲ ਸੁੱਕਾ ਪਿਆ ਸੀ। ਬਚਪਨ ਵਿਚ ਮੈਂ ਇਸ ਤਲਾਬ ਵਿਚ ਬਹੁਤ ਨਹਾਇਆ ਕਰਦਾ ਸਾਂ। ਹਰਿਆਵਲ ਪਹਿਲਾਂ ਨਾਲੋਂ ਜ਼ਿਆਦਾ ਸੀ ਤੇ ਗੁਰਦਵਾਰੇ ਨੂੰ ਚਾਰਦੀਵਾਰੀ ਕਰ ਦਿਤੀ ਗਈ ਸੀ। ਇਕਬਾਲ ਕੈਸਰ ਅਤੇ ਪਾਕਿਸਤਾਨ ਦੇ ਕੁਝ ਹੋਰ ਉਘੇ ਲੇਖਕਾਂ ਨੇ ਇਸ ਗੁਰਦਵਾਰੇ ਨੂੰ ਮਾਫੀਏ ਤੋਂ ਆਜ਼ਾਦ ਕਰਵਾਉਣ ਲਈ ਬੜੀਆਂ ਕੁਰਬਾਨੀਆਂ ਕੀਤੀਆਂ ਤੇ ਔਕੜਾਂ ਝੱਲੀਆਂ ਸਨ। ਗੁਰਦਵਾਰੇ ਦੀ ਬਿਲਡਿੰਗ ਪਹਿਲਾਂ ਵਾਂਗ ਹੀ ਲਿਸਕæ ਪੁਸ਼ਕ ਰਹੀ ਸੀ। ਬੂਟ ਉਤਾਰ ਕੇ ਪੈਰ ਧੋਤੇ ਅਤੇ ਮੂੰਹ ਹਥ ਧੋ ਮੈਂ ਤੇ ਇਕਬਾਲ ਪੌੜੀਆਂ ਚੜ੍ਹ ਕੇ ਉਪਰ ਗੁਰਦਵਾਰੇ ਵਿਚ ਚਲੇ ਗਏ। ਨੌਜਵਾਨ ਪਾਕਿਸਤਾਨੀ ਗ੍ਰੰਥੀ ਸਿੰਘ ਮਹਾਰਾਜ ਦੀ ਤਾਬਿਆ ਬੈਠਾ ਸੀ। ਮੈਂ ਆਪਣੇ ਪਰਵਾਰ ਅਤੇ ਫਿਰੋਜ਼ਪੁਰੋਂ ਕੈਨੇਡਾ ਜਾ ਵੱਸੇ ਪਰਵਾਸੀ ਜਰਨੈਲ ਸਿੰਘ ਜੋਸਨ ਵੱਲੋਂ ਪੰਜ ਸੌ ਰੁਪੇ ਗੋਲਕ ਵਿਚ ਪਾ ਕੇ ਮਥਾ ਟੇਕਿਆ ਤੇ ਪਰਸ਼ਾਦ ਲਿਆ। ਮਹਾਰਾਜ ਦੀ ਤਾਬਿਆ ਬੈਠ ਕੇ ਪਾਠ ਕੀਤਾ, ਪਰਕਰਮਾ ਕੀਤੀ ਅਤੇ ਬਾਹਰ ਆ ਗਏ। ਗੁਰਦਾਵਾਰੇ ਦੀ ਅਸਲ ਤੇ ਮੁਢਲੀ ਬਹੁਤ ਛੋਟੀ ਜਗ੍ਹਾ 1947 ਵਾਂਗ ਹੀ ਕਾਇਮ ਸੀ। ਬਾਹਰ ਬੇਰੀ ਦਾ ਪੁਰਾਣਾ ਰੁੱਖ ਅਤੇ ਨਿਸ਼ਾਨ ਸਾਹਿਬ ਵੀ ਪਹਿਲਾਂ ਵਾਂਗ ਕਾਇਮ ਸਨ। ਗੁਰਦਵਾਰੇ ਦੇ ਬਾਹਰ ਵਿਹੜੇ ਵਿਚ ਮੈਂ ਛੋਟਾ ਹੁੰਦਾ ਆਪਣੀ ਮਾਂ ਦੀ ਬੁਕਲ ਵਿਚ ਬੈਠ ਕੇ ਬੜੀ ਸ਼ਰਧਾ ਨਾਲ ਪਾਠ ਸੁਣਿਆ ਕਰਦਾ ਸਾਂ। ਸਭ ਯਾਦ ਆ ਗਿਆ ਤੇ ਮਨ ਬਾਰ ਬਾਰ ਭਰ ਰਿਹਾ ਪਰ ਮਨ ਨੂੰ ਤਕੜਾ ਕਰਨ ਦੀ ਬੜੀ ਲੋੜ ਸੀ। ਬਾਹਰ ਬੇਰੀ ਦੇ ਰੁੱਖ ਲਾਗੇ ਗੁਰਦਵਾਰੇ ਦੇ ਗ੍ਰੰਥੀ ਦੀ ਨੌਜਵਾਨ ਬੀਵੀ ਫਿਰ ਰਹੀ ਸੀ। ਉਹਨਾਂ ਦਾ ਨਵਾਂ ਨਵਾਂ ਵਿਆਹ ਹੋਇਆ ਸੀ। ਮੈਂ ਦੋ ਸੌ ਰੁਪੇ ਸਗਨ ਪਾ ਕੇ ਕੁੜੀ ਦੇ ਸਿਰ ਤੇ ਪਿਆਰ ਦਿਤਾ ਤੇ ਇਕਬਾਲ ਕੈਸਰ ਨੇ ਪੁਰਾਣੇ ਬੇਰ ਹੇਠਾਂ ਉਹਨਾਂ ਨਾਲ ਮੇਰੀ ਫੋਟੋ ਖਿਚੀ।