ਖ਼ਬਰਸਾਰ

  •    ਜਾਰਜ ਮੈਕੀ ਲਾਇਬ੍ਰੇਰੀ ਦੀ ਕਾਵਿ ਸ਼ਾਮ ਦਾ ਵਿਲੱਖਣ ਅੰਦਾਜ਼ / ਜਾਰਜ ਮੈਕੀ ਲਾਇਬ੍ਰੇਰੀ, ਡੈਲਟਾ
  •    ਦਸੂਹਾ ਸਾਹਤਿ ਸਭਾ ਦੀ ਮਾਸਕਿ ਇਕੱਤਰਤਾ ਹੋਈ / ਸਾਹਿਤ ਸਭਾ ਦਸੂਹਾ
  •    ਪੰਜਾਬੀ ਗ਼ਜ਼ਲ ਮੰਚ ਪੰਜਾਬ ਦੀ ਇਕੱਤਰਤਾ / ਗ਼ਜ਼ਲ ਮੰਚ ਫਿਲੌਰ (ਲੁਧਿਆਣਾ)
  •    ਕਾਫ਼ਲੇ ਵੱਲੋਂ ਉਪਕਾਰ ਸਿੰਘ ਪਾਤਰ ਨਾਲ਼ ਸੰਗੀਤਕ ਸ਼ਾਮ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਸਿਰਜਣਧਾਰਾ ਵੱਲੋਂ ਸਾਹਿਤ ਸਭਾ ਬਾਘਾਪੁਰਾਣਾ ਦਾ ਸਨਮਾਨ / ਸਾਹਿਤ ਸਭਾ ਬਾਘਾ ਪੁਰਾਣਾ
  •    'ਦਸ ਦਰਵਾਜ਼ੇ' ਦੀ ਘੁੰਡ ਚੁਕਾਈ ਤੇ ਹਰਜੀਤ ਅਟਵਾਲ ਦਾ ਸਨਮਾਨ / ਸਾਹਿਤ ਸਭਾ ਮੋਗਾ
  •    ਪੰਜਾਬੀ ਮਾਂ ਡਾਟ ਕਾਮ ਦੇ ਸੰਪਾਦਕ ਸਤਿੰਦਰਜੀਤ ਸਿੰਘ ਸੱਤੀ ਨਾਲ ਸਹਿਤਕ ਮਿਲਣੀ / ਤਾਈ ਨਿਹਾਲੀ ਸਾਹਿਤ ਕਲਾ ਮੰਚ,ਲੰਗੇਆਣਾ ਕਲਾਂ
  •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  • ਸਮਾਜਕ ਰਿਸ਼ਤਿਆਂ ਦੀ ਕਵਿਤਰੀ--ਬਲਵੀਰ ਕੌਰ ਢਿਲੋਂ (ਲੇਖ )

    ਉਜਾਗਰ ਸਿੰਘ   

    Email: ujagarsingh48@yahoo.com
    Cell: +91 94178 13072
    Address:
    India
    ਉਜਾਗਰ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਅਜੋਕੇ ਤੇਜ ਤਰਾਰ ਸਮਾਜਕ ਜੀਵਨ ਅਤੇ ਆਧੁਨਿਕ ਅਖੌਤੀ ਆਧੁਨਿਕ ਜੀਵਨ ਸ਼ੈਲੀ ਨੇ ਸਾਡੇ ਸਮਾਜਕ ਜੀਵਨ ਅਤੇ ਰਹਿਣ ਸਹਿਣ ਤੇ ਗਹਿਰਾ ਪ੍ਰਭਾਵ ਪਾਇਆ ਹੈ ,ਜਿਸ ਨਾਲ ਸਾਡੇ ਸਮਾਜਕ ਤਾਣੇ ਬਾਣੇ ਵਿੱਚ ਵੀ ਮਹੱਤਵਪੂਰਨ ਤਬਦੀਲੀਆਂ ਆ ਰਹੀਆਂ ਹਨ ,ਜਿਹੜੀਆਂ ਆਪਸੀ ਰਿਸ਼ਤਿਆਂ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ। ਇਸ ਸਮਾਜਕ ਵਰਤਾਰੇ ਵਿੱਚ ਹੋ ਰਹੀ ਉਥਲ ਪੁਥਲ ਨੂੰ ਪੰਜਾਬੀ ਸਾਹਿਤ ਵਿੱਚ ਵੀ ਦਰਸਾਇਆ ਜਾ ਰਿਹਾ ਹੈ। ਕੁਦਰਤੀ ਹੈ ਕਿ ਸਮਾਜ ਵਿੱਚ ਵਾਪਰ ਰਹੀਆਂ ਘਟਨਾਵਾਂ ਨੂੰ ਸਾਹਿਤਕਾਰ ਆਪਣੀਆਂ ਰਚਨਾਵਾਂ ਦਾ ਵਿਸ਼ਾ ਬਣਾਉਣਗੇ ਹੀ ਕਿਉਂਕਿ ਸਾਹਿਤ ਸਮਾਜ ਦਾ ਦਰਪਨ ਹੁੰਦਾ ਹੈ।ਪੰਜਾਬੀ ਦਾ ਸਭ ਤੋਂ ਵੱਡਾ ਦੁਖਾਂਤ ਇਹ ਹੈ ਕਿ ਇਸਦੇ ਪਾਠਕਾਂ ਨਾਲੋਂ ਲੇਖਕਾਂ ਦੀ ਗਿਣਤੀ ਕਿਤੇ ਜਿਆਦਾ ਹੁੰਦੀ ਜਾ ਰਹੀ ਹੈ। ਪੰਜਾਬੀਆਂ ਵਿੱਚ ਪੜ੍ਹਨ ਦੀ ਪ੍ਰਵਿਰਤੀ ਖਤਮ ਹੀ ਹੁੰਦੀ ਜਾ ਰਹੀ ਹੈ। ਸਾਹਿਤ ਦੇ ਬਾਕੀ ਸਾਰੇ ਰੂਪਾਂ ਨਾਲੋਂ ਕਵਿਤਾ ਦੇ ਲੇਖਕਾਂ ਅਤੇ ਲੇਖਿਕਾਵਾਂ ਦੀ ਗਿਣਤੀ ਦੁੱਗਣੀ ਹੈ। ਕਵਿਤਾ ਦਾ ਸੰਬੰਧ ਭਾਵਨਾਵਾਂ ਅਤੇ ਦਿਲ ਨਾਲ ਹੈ। ਸਾਹਿਤ ਦੇ ਬਾਕੀ ਰੂਪਾਂ ਦਾ ਸੰਬੰਧ ਦਿਮਾਗ ਨਾਲ ਹੈ। ਪੰਜਾਬੀ ਸਾਹਿਤ ਵਿੱਚ ਕਵਿਤਾ ਦਾ ਵਿਰਸਾ ਬਹੁਤ ਅਮੀਰ ਹੈ। ਇਹ ਦਿਲ ਨੂੰ ਬਹੁਤ ਜਲਦੀ ਟੁੰਬਦੀ ਹੈ,ਸਕੂਨ ਦਿੰਦੀ ਹੈ। ਸਾਡਾ ਸਾਰਾ ਮੁਢਲਾ ਸਾਹਿਤ ਇਸ਼ਕ ਮੁਸ਼ਕ ਦੇ ਆਲੇ ਦੁਆਲੇ ਘੁੰਮਦਾ ਹੈ। ਹੀਰ ਰਾਂਝਾ,ਸੱਸੀ ਪੁੰਨੂੰ,ਸੋਹਣੀ ਮਹੀਵਾਲ,ਲੈਲਾ ਮਜਨੂੰ ਆਦਿ ਕਿੱਸਿਆਂ ਨਾਲ ਹੀ ਭਰਪੂਰ ਹੈ,ਇਸ ਕਰਕੇ ਇਸ ਰੂਪ ਦੇ ਲੇਖਕ ਖਾਸ ਤੌਰ ਤੇ ਕਵਿਤਰੀਆਂ ਬਹੁਤ ਜਿਆਦਾ ਹਨ। ਕਵਿਤਾ ਨੂੰ ਵੀ ਇਸਤਰੀ ਲਿੰਗ ਹੀ ਸਮਝਿਆ ਜਾਂਦਾ ਹੈ। ਇਸਤਰੀਆਂ ਭਾਵੁਕ ਹੁੰਦੀਆਂ ਹਨ, ਉਹ ਜਲਦੀ ਹੀ ਭਾਵਨਾਵਾਂ ਵਿੱਚ ਬਹਿ ਜਾਂਦੀਆਂ ਹਨ। ਜੇਕਰ ਇਹ ਕਹਿ ਲਿਆ ਜਾਵੇ ਕਿ ਉਹ ਮੁੱਖ ਤੌਰ ਤੇ ਸਾਹਿਤਕ ਦਿਲ ਦੀਆਂ ਮਰੀਜ ਹੁੰਦੀਆਂ ਹਨ ਤਾਂ ਵੀ ਕੋਈ ਅਤਕਥਨੀ ਨਹੀਂ ਹੋਵੇਗੀ। ਇਸੇ ਕਰਕੇ ਪੰਜਾਬੀ ਵਿੱਚ ਬਹੁਤ ਸਾਰੀਆਂ ਇਸਤਰੀ ਕਵਿਤਰੀਆਂ ਕਵਿਤਾ ਤੇ ਹੱਥ ਅਜਮਾ ਰਹੀਆਂ ਹਨ। ਇਸਦਾ ਇੱਕ ਹੋਰ ਵੀ ਕਾਰਨ ਹੈ ਕਿ ਇਸਤਰੀਆਂ ਨੂੰ ਆਪਣੇ ਅਤੇ ਸਹੁਰੇ ਘਰ ਵਿੱਚ ਵੀ ਬਿਗਾਨਾ ਧਨ ਹੀ ਕਿਹਾ ਜਾਂਦਾ ਹੈ। ਇਸ ਲਈ ਦੋਹਾਂ ਘਰਾਂ ਵਿੱਚ ਉਸਨੂੰ ਅਣਸੁਖਾਵੇਂ ਹਾਲਾਤ ਵਿੱਚੋਂ ਲੰਘਣਾ ਪੈਂਦਾ ਹੈ।ਹੈਰਾਨੀ ਦੀ ਗੱਲ ਹੈ ਕਿ ਦੁਨੀਆਂਦਾਰੀ ਚਲਾਉਣ ਵਾਲੀ ਅਤੇ ਦੁਨੀਆਂ ਬਣਾਉਣ ਵਾਲੀ ਖੁਦ ਬੇਘਰ ਹੈ। ਉਸਦਾ ਆਪਣਾ ਕੋਈ ਘਰ ਹੀ ਨਹੀਂ ਹੁੰਦਾ। ਅਜਿਹੇ ਹਾਲਾਤ ਹੀ ਉਸਨੂੰ ਗੁਣਗੁਣਾਉਣ ਲਈ ਮਜਬੂਰ ਕਰਦੇ ਹਨ ਤੇ ਫਿਰ ਉਹ ਕਲਮ ਚੁੱਕਕੇ ਆਪੋ ਆਪਣੇ ਦਿਲਾਂ ਦੀ ਵੇਦਨਾਂ ਕਵਿਤਾ ਦੇ ਰੂਪ ਵਿੱਚ ਲਿਖਦੀਆਂ ਹਨ। ਕਈ ਕਵਿਤਰੀਆਂ ਵਿੱਚ ਇਸਤਰੀ ਜਾਤੀ ਤੇ ਹੋ ਰਹੇ ਜ਼ੁਲਮਾਂ,ਦੁਖਾਂ ਤਕਲੀਫਾਂ,ਵਿਤਕਰਿਆਂ ਨੂੰ ਮਹਿਸੂਸ ਕਰਨ ਦੀ ਪ੍ਰਵਿਰਤੀ ਜਿਆਦਾ ਹੁੰਦੀ ਹੈ ਤੇ ਫਿਰ ਉਹ ਆਪਣੇ ਇਸ ਗੁਣ ਅਤੇ ਤਜਰਬੇ ਨੂੰ ਕਵਿਤਾ ਦੇ ਰੂਪ ਵਿੱਚ ਅੰਕਿਤ ਕਰਦੀਆਂ ਹਨ। ਅਜਿਹੀ ਹੀ ਇੱਕ ਕਵਿਤਰੀ ਹੈ ਬਲਵੀਰ ਕੌਰ ਢਿਲੋਂ, ਜਿਹੜੀ ਜਲੰਧਰ ਜਿਲ੍ਹੇ ਦੇ ਮਿੱਠਾਪੁਰ ਪਿੰਡ ਵਿੱਚ ਜੰਮੀ ਪਲੀ ਅਤੇ ਵੱਡੀ ਹੋਈ ਹੈ ਅਤੇ ਲਾਇਲਪੁਰ ਖਾਲਸਾ ਕਾਲਜ ਵਿੱਚ ਵਿਚਰਦੀ ਹੋਈ ਨੇ ਉਥੇ ਹੀ ਕਵਿਤਾ ਭਾਈ ਵੀਰ ਸਿੰਘ,ਅੰਮ੍ਰਿਤਾ ਪ੍ਰੀਤਮ ਅਤੇ ਪ੍ਰੋ ਮੋਹਨ ਸਿੰਘ ਦੀਆਂ ਕਵਿਤਾਵਾਂ ਤੋਂ ਪ੍ਰਭਾਵਤ ਹੋ ਕੇ ਲਿਖਣ ਦੀ ਜਾਗ ਲੱਗ ਗਈ।ਕਈ ਵਾਰੀ ਗੀਤ ਤੇ ਕਵਿਤਾਵਾਂ ਲਿਖ ਲਿਖ ਕੇ ਫਾੜੀਆਂ ਅਖੀਰ ਕਾਲਜ ਵਿੱਚ ਹੀ ਲੁਕ ਲੁਕ ਕੇ ਕਵਿਤਾਵਾਂ ਲਿਖਕੇ ਪੜ੍ਹਦੀ ਰਹੀ। ਕਵਿਤਾਵਾਂ ਲਿਖਣ ਦਾ ਉਸਦਾ ਕਾਰਨ ਇਹ ਸੀ ਕਿ ਉਸ ਅਨੁਸਾਰ ਦਿਲ ਦੀ ਗੱਲ ਬੋਲਕੇ ਸਾਂਝੀ ਨਹੀਂ ਸੀ ਕੀਤੀ ਜਾ ਸਕਦੀ, ਇਸ ਲਈ ਦਿਲ ਦੀ ਆਵਾਜ ਨੂੰ ਕਲਮ ਰਾਹੀਂ ਅੰਕਤ ਕੀਤਾ।ਦੁਖਾਂ, ਦੁਸ਼ਾਵਰੀਆਂ ,ਜਹਿਮਤਾਂ, ਔਖਾਂ ਤੇ ਸੌਖਾਂ ਨੂੰ ਦੋ ਹੱਥ ਕਰਦੀ ਤੇ ਸਮਾਜਕ ਬੁਰਾਈਆਂ ਦੇ ਖਿਲਾਫ ਜੂਝਦੀ ਹੋਈ ਆਪਣੀਆਂ ਭਾਵਨਾਵਾਂ ਨੂੰ ਕਵਿਤਾ ਦੇ ਰੂਪ ਵਿੱਚ ਪ੍ਰਗਟਾਦੀ ਹੋਈ 1994 ਵਿੱਚ ਕੈਨੇਡਾ ਦੀ ਧਰਤੀ ਤੇ ਪਰਵਾਸ ਕਰਕੇ ਵੀ ਪੰਜਾਬੀ ਵਿਰਸੇ ਨਾਲ ਬਾਖੂਬੀ ਜੁੜੀ ਹੋਈ ਹੈ। ਉਸਦੀ ਕਵਿਤਾ ਸਮਾਜਕ ਤੇ ਪਰਿਵਾਰਕ ਰਿਸ਼ਤਿਆਂ ਦੀ ਟੁੱਟ ਭੱਜ,ਬ੍ਰਿਹਾ,ਦਾਜ ਦਹੇਜ,ਭਰੂਣ ਹੱਤਿਆ,ਪਖੰਡਵਾਦ,ਨਸ਼ਾ,ਬੇਈਮਾਨ,ਫਰੇਬ ,ਧੋਖੇਬਾਜੀ,ਗਰੀਬੀ ਅਮੀਰੀ,ਬੇਰੋਜ਼ਗਾਰੀ ਆਦਿ ਵਿਸ਼ਿਆਂ ਤੇ ਚੋਖਾ ਕਟਾਖਸ਼ ਕਰਦੀ ਹੋਈ ਦਿਲਾਂ ਨੂੰ ਟੁੰਬਦੀ ਹੈ।
    Photo
    ਬਲਵੀਰ ਕੌਰ ਢਿਲੋਂ

    ਕੁਫਰ ਝੂਠ ਤੇ ਪਰਦਾ ਪਾਉਣ ਲਈ,ਸਭ ਰਿਸ਼ਤੇ ਦਾਅ ਤੇ ਲਾਏ ਸੀ,

    ਲਹੂਆਂ ਵਿੱਚ ਪੈ ਗਿਆ ਪਾਣੀ ਸੀ,ਆਪਣਿਆਂ ਦਗ਼ੇ ਕਮਾਏ ਸੀ।

    ਅੰਗ ਸਾਕ ਕੋਈ ਨਾਲ ਨਾ ਤੁਰਿਆ,ਤੇਰੇ ਸੰਗ ਯਰਾਨੇ ਲਾਏ,

    ਆਪਣਿਆਂ ਤੋਂ ਖਾਧੇ ਧੋਖੇ,ਤੇ ਅਰਮਾਨਾਂ ਦੇ ਕਤਲ ਕਰਾਏ ਆ।

    ਇਨਸਾਨੀਅਤ ਕਦਰਾਂ ਕੀਮਤਾਂ ਵਿੱਚ ਗਿਰਾਵਟ ਅਤੇ ਖੁਦਗਰਜੀ ਉਸਦੇ ਚਹੇਤੇ ਵਿਸ਼ੇ ਹਨ। ਭੈਣ, ਭਰਾ, ਮਾਂ, ਬਾਪ ਵਿੱਚ ਜਮੀਨਾਂ ਜਾਇਦਾਦਾਂ ਦੇ ਝਗੜੇ ਪ੍ਰਦੇਸਾਂ ਵਿੱਚ ਰਹਿ ਰਹੇ ਵਿਰਸੇ ਨਾਲੋਂ ਟੁੱਟ ਰਹੇ ਪਰਿਵਾਰਾਂ ਦੀ ਚਿੰਤਾ ,ਉਸਨੂੰ ਸਤਾ ਰਹੀ ਹੈ। ਉਸਦੀ ਕਵਿਤਾ ਦੀ ਹੂਕ ਮਨੁੱਖੀ ਦਰਦ,ਸਮਾਜਕ ਰਿਸ਼ਤਿਆਂ ਦੇ ਖੋਖਲੇਪਨ ਦਾ ਪ੍ਰਗਟਾਵਾ ਵੀ ਕਰਦੀ ਹੈ। ਦੁਨਿਆਵੀ ਪਿਆਰ ਵਿੱਚ ਨਾਕਾਮੀ,ਪਿਆਰ ਦੀ ਆੜ ਵਿੱਚ ਦੁਸ਼ਕਰਮ ਅਤੇ ਪਿਆਰ ਦੀ ਅਸਫਲਤਾ ਦਾ ਪਾਜ ਵੀ ਉਸਨੇ ਉਘੇੜਿਆ ਹੈ। ਸੁਹੱਪਣ ਦੇ ਕਾਤਲਾਂ ਤੇ ਵਿਅੰਗ ਕਸਦਿਆਂ ਉਸਨੇ ਹੁਸਨ ਦੇ ਪਰਿੰਦਿਆਂ ਨੂੰ ਸ਼ਕਲ ਨਾਲੋਂ ਸੀਰਤ ਦਾ ਸਤਿਕਾਰ ਕਰਨ ਦੀ ਸਲਾਹ ਵੀ ਦਿੱਤੀ ਹੈ। ਕਿਤੇ ਕਿਤੇ ਅਧਿਆਤਕ ਚੋਭਾਂ ਵੀ ਮਾਰੀਆਂ ਹਨ।

    ਹਰ ਕੋਈ ਗਹਿਰਾ ਗਹਿਰਾ ਤੱਕੇ,ਹਰ ਜ਼ਹਿਰੀਲੀ ਤੱਕਣੀ,ਟੂਣੇਹਾਰੀ ਅੱਖ

    ਇਹ ਦੁਨੀਆਂ ਮੈਨੂੰ ਰਾਸ ਨਹੀਂ ਆਉਂਦੀ,ਜੀਅ ਜੀਅ ਗਈ ਹਾਂ ਥੱਕ,

    ਜਾਂ ਰੱਬ ਮੈਨੂੰ ਚਰਨੀ ਲਾ ਲੈ,ਵੇ ਨਹੀਂ ਤਾਂ ਲੈ ਹੁਣ ਚੱਕ।

    ਬੇਗਾਨੀਆਂ ਕੁੜੀਆਂ ਦੇ ਦਰਦ,ਨੂੰਹ- ਸੱਸ ਦੇ ਰਿਸ਼ਤੇ ਦੀ ਕੁੜੱਤਣ ਨੂੰ ਬਾਖੂਬੀ ਦਰਸਾਇਆ ਹੈ। ਦੁਨੀਆਂ ਦੇ ਦੋਹਰੇ ਮਾਪ ਦੰਡਾਂ ਨੂੰ ਵੀ ਚੋਟ ਮਾਰੀ ਹੈ ਅਤੇ ਮਨੁੱਖੀ ਜ਼ੁਲਮ ਇਨਸਾਨ ਨੂੰ ਤੱਕੜੇ ਹੋ ਲੜਨ ਦੀ ਪ੍ਰੇਰਨਾ ਵੀ ਦਿੰਦਾ ਹੈ। ਬਲਵੀਰ ਦੀ ਕਵਿਤਾ ਜ਼ਿੰਦਗੀ ਜਿਉਣ,ਰਿਸ਼ਤੇ ਨਿਭਾਉਣ,ਹਾਸੇ,ਖੁਸ਼ੀਆਂ ਵੰਡਣ,ਨਫਰਤਾਂ ਖਤਮ ਕਰਨ ਦੁੱਖ ਸੁੱਖ ਵਿੱਚ ਇੱਕਠੇ ਹੋ ਕੇ ਲੜਨ ਨੂੰ ਵੀ ਤਰਜੀਹ ਦਿੰਦੀ ਹੈ।

    ਅੱਜ ਦੇਖੋ ਮੇਰੇ ਦੇਸ਼ ਦੀਆਂ ਕਿਧਰ ਹਵਾਵਾਂ ਜਾ ਰਹੀਆਂ,

    ਹਰ ਮੋੜ ਤੇ ਧੀਆਂ ਦਾ ਕਤਲ ਕਰਦੀਆਂ

    ਆਹ ਦੇਖ ਲਵੋ ਕਿਧੱਰ ਇਹ ਮਾਵਾਂ ਜਾ ਰਹੀਆਂ।

    ਇਸ ਲਈ ਉਸਨੇ ਆਪਣੀ 102 ਕਵਿਤਾਵਾਂ ਵਾਲੀ ਪੁਸਤਕ ਦਾ ਨਾਂ ਵੀ ਜ਼ਿੰਦਗੀ ਹੀ ਰੱਖਿਆ ਹੈ। ਉਸਦੀ ਕਵਿਤਾਵਾਂ ਦੀ ਪੂਜੀ ਪੁਸਤਕ ਵੀ ਤਿਆਰ ਹੈ ਜੋ ਜਲਦੀ ਹੀ ਪ੍ਰਕਾਸਤ ਹੋਕ ਤੁਹਾਡੇ ਰੂਬਰੂ ਹੋਵੇਗੀ ਜੋ ਉਸਦੀ ਅੱਲ੍ਹੜ ਉਮਰ ਹੋਣ ਦੇ ਬਾਵਜੂਦ ਪ੍ਰੋੜ੍ਹਤਾ ਦਾ ਸਬੂਤ ਦੇਵੇਗੀ।ਹੈਰਾਨੀ ਦੀ ਗੱਲ ਹੈ ਕਿ ਬਲਵੀਰ ਦਾ ਕਿੱਤਾ ਲੇਖਾਕਾਰੀ ਦਾ ਅਰਥਾਤ ਹਿਸਾਬ ਕਿਤਾਬ ਕਰਨ ਦਾ ਰੁੱਖਾ ਜਿਹਾ ਕੰਮ ਹੈ ਪ੍ਰੰਤੂ ਉਸਦਾ ਦਿਲ ਬੜਾ ਮਲੂਕ ਜਿਹਾ ਸਹਿਜਤਾ,ਸੁਹੱਪਣ ਅਤੇ ਸੁਹਜ ਨਾਲ ਲਬਰੇਜ ਹੈ। ਤਿੰਨ ਧੀਆਂ ਦੀ ਮਾਂ ਹੈ ਜਿਹੜੀਆਂ ਪ੍ਰਦੇਸਾਂ ਵਿੱਚ ਵੀ ਫਰਰ ਫਰਰ ਪੰਜਾਬੀ ਬੋਲਦੀਆਂ ਅਤੇ ਪੜ੍ਹਦੀਆਂ ਹਨ। ਪੰਜਾਬੀਆਂ ਦੇ ਪਰਿਵਾਰਕ ਤੇ ਸਮਾਜਕ ਸਮਾਗਮਾਂ ਦੀ ਰੌਣਕ ਉਹ ਆਪਣੀਆਂ ਕਵਿਤਾਵਾਂ ਨਾਲ ਵਧਾਉਂਦੀ ਹੈ। ਛੋਟੀ ਉਮਰ ਵਿੱਚ ਹੀ ਹਰਮਿੰਦਰ ਸਿੰਘ ਢਿਲੋਂ ਨਾਲ ਵਿਆਹ ਦੇ ਬੱਧਨ ਵਿੱਚ ਬੱਝਣ ਦੇ ਬਾਵਜੂਦ ਵੀ ਉਸਦੀ ਕਲਮ ਦੀ ਰਫਤਾਰ ਲਗਾਤਾਰ ਜਾਰੀ ਹੈ। ਬਲਵੀਰ ਦੀ ਕੋਮਲ ਕਲਾ ਉਸਦੀਆਂ ਪੇਂਟਿੰਗਜ ਵਿੱਚੋਂ ਵੀ ਝਲਕਦੀ ਹੈ। ਉਹ ਕੁਦਰਤ ਦੇ ਦਿਲਕਸ਼ ਦ੍ਰਿਸ਼ਾਂ ਨੂੰ ਆਪਣੀ ਕੈਨਵਸ ਤੇ ਬਹੁਤ ਹੀ ਸੁਚੱਜੇ ਢੰਗ ਨਾਲ ਪੇਂਟ ਕਰਦੀ ਹੈ। ਉਹ ਬਹੁਪੱਖੀ ਕਲਾਕਾਰ ਹੈ, ਜਿਥੇ ਉਹ ਕਿਵਤਾ ਲਿਖਦੀ ਤੇ ਗਾਉਂਦੀ ਹੈ ,ਉਥੇ ਨਾਲ ਦੀ ਨਾਲ ਜਦੋਂ ਉਸਨੂੰ ਵਿਦੇਸ਼ ਦੀ ਰੁਝੇਵਿਆਂ ਭਰੀ ਜਿੰਦਗੀ ਤੋਂ ਸਮਾਂ ਮਿਲਦਾ ਹੈ ਤਾਂ ਉਹ ਕੁਦਰਤ ਦੇ ਕਾਦਰ ਨੂੰ ਕੈਨਵਸ ਤੇ ਉਤਾਰ ਦਿੰਦੀ ਹੈ। ਉਸਦੇ ਘਰ ਦਾ ਮਾਹੌਲ ਪੰਜਾਬ ਦੇ ਦੁਆਬੇ ਦੇ ੰਿਪੰਡਾਂ ਵਰਗਾ ਹੈ।ਸਮਾਜ ਵਿੱਚ ਵਾਪਰ ਰਹੀ ਹਰ ਘਟਨਾ ਉਸਨੂੰ ਪ੍ਰੇਰਨਾ ਦਿੰਦੀ ਹੈ। ਉਸਦੇ ਸਦਕਾ ਹੀ ਉਹ ਆਪਣੀ ਕਵਿਤਾ ਨੂੰ ਜਨਮ ਦਿੰਦੀ ਹੈ। ਉਸ ਅਨੁਸਾਰ ਕਵਿਤਾ ਲਿਖਣਾ ਕੋਈ ਸੌਖਾ ਕਾਰਜ ਨਹੀਂ ਸਗੋਂ ਇਹ ਤਾਂ ਇੱਕ ਅਨੁਭਵ ਦਾ ਪ੍ਰਗਟਾਵਾ ਹੈ,ਇਹ ਅਨੁਭਵ ਜਰੂਰੀ ਨਹੀ ਕਿ ਖੁਦ ਨੂੰ ਹੋਇਆ ਹੋਵੇ ਇਹ ਅਨੁਭਵ ਮਹਿਸੂਸ ਵੀ ਕੀਤਾ ਜਾ ਸਕਦਾ ਹੈ।