ਚੀਨਿਆਂ ਦੀ ਦੁਕਾਨ ਤੋਂ ਖ਼ਰੀਦੀ ਦੋ ਡਾਲਰ ਪੱਚਾਸੀ ਸੈਂਟ ਦੀ ਛੱਤਰੀ ਜਦੋਂ ਹਵਾ ਦੇ ਤੇਜ਼ ਬੁੱਲੇ ਨਾਲ ਪੱਠੀ ਹੋ ਕੇ ਹੱਥੋਂ ਨਿਕਲਣ ਨਿਕਲਣ ਕਰਨ ਲੱਗੀ ਤਾਂ ਮੈਨੂੰ ਦੋ ਸ਼ਿਅਰ ਯਾਦ ਆਏ। ਪਹਿਲਾਂ ਆਪਣਾ-
ਕਿਸ ਤਰ੍ਹਾਂ ਗੁਜ਼ਰੀ ਹੈ ਸਾਡੇ ਨਾਲ ਵੇਖ।
ਝੱਖੜਾਂ ਵਿਚ ਛਤਰੀਆਂ ਦਾ ਹਾਲ ਵੇਖ।
ਤੇ ਬਾਦ ਵਿਚ ਜਗਤਾਰ ਦਾ ਸ਼ਿਅਰ ਦਿਮਾਗ਼ ਵਿਚ ਘੁੰਮਣ-ਘੇਰੀਆਂ ਖਾਣ ਲੱਗਾ-
ਚੁਫ਼ੇਰੇ ਜ਼ੋਰ ਹੈ ਬਾਰਿਸ਼ ਦਾ,
ਝੱਖੜ-ਝਾਂਜਲੇ ਦਾ ਵੀ,
ਬਣੀ ਮੇਰੇ ਲਈ ਮੇਰੀ ਹੀ
ਛਤਰੀ ਇਕ ਮੁਸੀਬਤ ਹੈ।
ਮਨ ਤਾਂ ਪਹਿਲਾਂ ਹੀ ਦੁਖੀ ਸੀ। ਡਾ. ਰਾਮਜੀ ਦਾਸ ਸੇਠੀ ਹੋਰਾਂ ਨੂੰ ਫੋਨ ਕਰਕੇ ਫਸ ਤਾਂ ਮੈਂ ਆਪ ਹੀ ਗਿਆ ਸਾਂ। ਹਿੰਦੀ-ਪੰਜਾਬੀ ਦੇ ਸ਼ਾਇਰ ਸ਼ਸ਼ੀ ਕਾਂਤ ਉਪਲ ਉਹਨਾਂ ਕੋਲ ਫਲੱਸ਼ਿੰਗ ਆ ਰਹੇ ਸਨ। ਫਲੱਸ਼ਿੰਗ ਵਿਚ ਪਾਰਕਿੰਗ...ਤੌਬਾ ਤੌਬਾ... ਤੇ ਉਹ ਵੀ ਝੱਖੜ-ਝਾਂਜਲੇ ਦੇ ਮੌਸਮ ਵਿਚ।
ਜਦੋਂ ਮੈਂ ਬਾਰਿਸ਼ ਵਿਚ ਪੂਰੀ ਤਰ੍ਹਾਂ ਭਿੱਜ ਗਿਆ ਤਾਂ ਛੱਤਰੀਆਂ ਦੀ ਦੁਕਾਨ ਦਿਸੀ, ਜਿੱਥੋਂ ਮੈਂ 'ਚਾਈਨੀ' ਛੱਤਰੀ ਖ਼ਰੀਦੀ।
ਪਰ ਸ਼ਸ਼ੀ ਕਾਂਤ ਉਪਲ ਦਾ ਸ਼ਿਅਰ ਕੁਝ ਆਸਰਾ ਦੇ ਰਿਹਾ ਸੀ-
ਕੀ ਹੋਇਆ ਜੇ ਚੌਹੀਂ ਪਾਸੀਂ ਨ੍ਹੇਰਾ ਹੈ,
ਨ੍ਹੇਰੇ ਦੇ ਵਿਚ ਜਗਮਗ ਚੰਨ ਸਿਤਾਰੇ ਦੇਖ।
ਡਾ. ਸੇਠੀ ਹੋਰੀਂ ਫਲੱਸ਼ਿੰਗ ਵਾਲੇ ਫ਼ਲੈਟ ਵਿਚ 18ਵੀਂ ਮੰਜ਼ਿਲ 'ਤੇ ਰਹਿੰਦੇ ਹਨ। ਏਨਾ ਉਚੇ। ਮੈਂ ਵਾਰ ਵਾਰ ਪੱਠੀ ਹੁੰਦੀ ਛੱਤਰੀ ਨੂੰ ਸਿੱਧਾ ਕਰਦਾ ਫ਼ੁੱਟਪਾਥ 'ਤੇ ਤੁਰਿਆ ਆਉਂਦਾ ਸਾਂ, ਉਪਲ ਹੋਰਾਂ ਦੇ ਸ਼ਿਅਰ ਦੀ ਉਂਗਲ ਫੜ੍ਹੀ-
ਉਚੇ ਖੜ੍ਹ ਕੇ ਵੇਖ ਨਾ ਉੱਚੇ ਘਰ ਨੂੰ ਤੂੰ,
ਫ਼ੁਟਪਾਥਾਂ 'ਤੇ ਸੁੱਤੇ ਪਏ ਵਿਚਾਰੇ ਵੇਖ।
ਸ਼ਸ਼ੀ ਕਾਂਤ ਉਪਲ
ਸ਼ਸ਼ੀ ਕਾਂਤ ਉਪਲ ਹੋਰੀਂ ਜੂਨ ਤੋਂ ਨਿਊਯਾਰਕ ਵਿਚ ਸਨ। ਉਹਨਾਂ ਨੇ ਮੈਨੂੰ ਵਾਰ ਵਾਰ ਫੋਨ ਕੀਤਾ। ਮੈਂ ਗਰਦਸ਼ੇ-ਵਕਤ ਦੀ ਲਪੇਟ ਵਿਚ ਉਹਨਾਂ ਨੂੰ ਫੋਨ ਦਾ ਜਵਾਬ ਦੇਣ ਦਾ ਵੇਲਾ ਵੀ ਨਹੀਂ ਸਾਂ ਜੁਟਾ ਸਕਿਆ। ਜਦ ਪਤਾ ਲੱਗਾ ਕਿ ਕੱਲ੍ਹ ਸ਼ੁਕਰਵਾਰ ਨੂੰ ਉਹ ਵਾਪਸ ਜਾ ਰਹੇ ਹਨ ਉਹਨਾਂ ਨੂੰ ਮਿਲਣ ਲਈ ਦਿਲ ਕਾਹਲਾ ਪੈ ਗਿਆ ਸੀ। ਪਰ ਅੱਜ ਜਦੋਂ ਕਿ ਵੀਰਵਾਰ ਦੀ ਰਾਤ, ਸ਼ਹਿਰ ਵਿਚ ਕੰਮ ਵੀ ਬਹੁਤ 'ਬਿਜ਼ੀ' ਸੀ। ਰੋਜ਼ਿਆਂ ਦਾ ਮਹੀਨਾ ਹੋਣ ਕਰਕੇ, ਅੱਠ ਵਜੇ ਤੋਂ ਬਾਦ ਰੋਜ਼ਾ ਖੋਲ੍ਹਣ ਵਾਲੇ ਗੱਡੀਆਂ ਰੋਕ ਦਿੰਦੇ ਹਨ ਤਾਂ ਕੰਮ ਦੁਗਣਾ ਹੋ ਜਾਂਦਾ ਹੈ। ਉਤੋਂ ਬਾਰਿਸ਼ ਦਾ ਮੌਸਮ, ਜਿਸ ਨੇ ਦੋ ਬਲਾਕ ਵੀ ਜਾਣਾ ਗੱਡੀ ਦੀ ਲੋੜ ਪੈਂਦੀ ਹੈ, ਤਾਂ ਮੈਂ ਕੰਮ ਛੱਡ ਮੈਨਹਾਟਨ ਤੋਂ ਫ਼ਲੱਸ਼ਿੰਗ ਵੱਲ ਨੂੰ ਚੱਲ ਪਿਆ ਸਾਂ। ਸ਼ਾਇਦ ਮੈਂ ਦਿਮਾਗ਼ ਦੀ ਥਾਂ ਦਿਲ ਤੋਂ ਕੰਮ ਲਿਆ ਸੀ।
ਸ਼ਾਇਦ ਮੇਰੀ ਇਸ ਹਾਲਤ ਨੂੰ ਸ਼ਸ਼ੀ ਕਾਂਤ ਉਪਲ ਸਮਝ ਗਏ ਸਨ। ਉਹਨਾਂ ਮਿਲਦੇ ਸਾਰ ਹੀ ਆਪਣਾ ਸ਼ਿਅਰ ਸਾਂਝਾ ਕੀਤਾ-
ਮੈਨੂੰ ਮਿਲਿਆ ਏ ਸਿਰਫ਼ ਦਿਲ ਜਦਕਿ
ਦੋਸਤਾਂ ਨੂੰ ਦਿਮਾਗ਼ ਮਿਲਿਆ ਏ।
ਪਹਿਲੀ ਵਾਰ ਚੇਤਨ ਸੋਢੀ ਨਾਲ ਮੁਲਾਕਾਤ ਵੀ ਹੋਈ। ਪਿਛਲੇ 30 ਸਾਲ ਤੋਂ ਹਿੰਦੀ ਵਿਚ ਕਵਿਤਾ ਰਚ ਰਹੀ ਕਵਿਤਰੀ ਦਾ ਕਹਿਣਾ ਸੀ-ਕਵਿਤਾ 'ਤੇ ਫ਼ੋਕਸ ਮੈਂ ਥੋੜ੍ਹੀ ਦੇਰ ਤੋਂ ਹੀ ਕੀਤਾ ਹੈ।
ਏਹੋ ਜਿਹੇ ਮੌਸਮ ਵਿਚ ਚੇਤਨ ਸੋਢੀ ਉਪਲ ਸਾਹਿਬ ਨੂੰ ਓਲਡ ਵੈਸਟਬਰੀ ਤੋਂ ਨੌਰਥ ਬਰਗਨ (ਨਿਊਜਰਸੀ) ਅਤੇ ਫਿਰ ਫ਼ਲੱਸ਼ਿੰਗ ਤੱਕ ਲੈ ਕੇ ਆਈ ਸੀ। ਮੇਰੇ ਖ਼ਿਆਲ ਵਿਚ ਸ਼ਾਇਰਾਨਾ ਦਿਲ ਰੱਖਣ ਵਾਲੇ ਲੋਕਾਂ ਲਈ ਇਹੋ ਜਿਹਾ ਮੌਕਾ ਅਸਲ ਵਿਚ ਸਹੀ ਅਰਥਾਂ ਵਿਚ 'ਆਪਣਾ ਵਕਤ' ਹੁੰਦਾ ਹੈ। ਉਦੋਂ ਅਸੀਂ ਪਦਾਰਥਵਾਦੀ ਸੋਚ ਤੋਂ ਉਪਰ ਉੱਠ ਕੇ ਵਿਚਾਰਵਾਦੀ, ਸੁਹਜਮਈ ਸਿਖਰਾਂ ਮਾਣ ਰਹੇ ਹੁੰਦੇ ਹਾਂ।
ਚੇਤਨ ਸੋਢੀ ਨੂੰ ਸ਼ਾਇਰੀ ਸੁਣਾਉਣ ਲਈ ਕਿਹਾ ਤਾਂ ਉਸਨੇ 'ਅਗਲੀ ਵਾਰ ਸਹੀ' ਕਹਿ ਕੇ ਟਾਲ ਦਿੱਤਾ। ਜਾਂ ਉਹ ਪਹਿਲੀ ਮਿਲਣੀ ਵਿਚ ਖ਼ਾਮੋਸ਼ ਹੀ ਰਹਿਣਾ ਚਾਹੁੰਦੇ ਸਨ। ਇਸੇ ਗੱਲ ਨੂੰ ਉਪਲ ਹੋਰਾਂ ਦੇ ਸ਼ਿਅਰ ਨੇ ਬਾਖ਼ੂਬੀ ਪੇਸ਼ ਕੀਤਾ ਹੈ-
ਉਸਦੀ ਖ਼ਾਮੋਸ਼ੀ ਦਾ ਕੁਝ ਮਤਲਬ ਸਮਝ,
ਬਾਤ ਸੁਣ ਉਸਦੀ ਤੂੰ ਆਪਣੀ ਰਹਿਣ ਦੇ।
ਮਨ ਦੁਖੀ ਤਾਂ ਬੜਾ ਸੀ। ਟੁੱਟੀ ਰਹੀ ਦਿਹਾੜੀ ਦਾ ਝੋਰਾ। ਪਾਰਕਿੰਗ ਲੱਭਣ ਦੀ ਪ੍ਰੇਸ਼ਾਨੀ ਵਿਚ ਉਖੜਿਆ ਮਨ। ਬਾਰਿਸ਼ ਨਾਲ ਫੋਨ ਭਿੱਜ ਜਾਣ ਦਾ ਡਰ। ਵਾਰ ਵਾਰ ਪੁੱਠੀ ਹੋ ਰਹੀ ਛਤਰੀ। ਕਿੰਨੇ ਪੱਥਰ ਮਨ 'ਤੇ ਇਕ ਇਕ ਕਰਕੇ ਟਿਕ ਰਹੇ ਸਨ। ਪਰ ਜਦੋਂ ਸ਼ਾਇਰੀ ਦਾ ਦੌਰ ਚੱਲਿਆ ਤਾਂ ਇਸ ਦੇ ਵਹਾਅ ਵਿਚ ਮਨ ਤੋਂ ਪੱਥਰ ਇਕ ਇਕ ਕਰਕੇ ਰੁੜ ਗਏ। ਹਾਲਤ ਮੇਰੇ ਮਨ ਦੀ ਸੀ, ਪਰ ਪੇਸ਼ ਸ਼ਸ਼ੀ ਕਾਂਤ ਉਪਲ ਦੇ ਦੋਹੇ ਵਿਚ ਹੋ ਰਹੀ ਸੀ-
ਵਹਿੰਦੇ ਪਾਣੀ ਸਾਹਮਣੇ, ਕੈਸਾ ਕੋਈ ਟਿਕਾਅ।
ਭਾਰੀ ਪੱਥਰ ਲੈ ਗਏ, ਆਪਣੇ ਨਾਲ ਵਹਾਅ।
ਮਨ ਨੂੰ ਚੈਨ ਆ ਰਹੀ ਸੀ। ਸ਼ਾਇਰੀ ਦਾ ਅਸਰ ਜ਼ਿਹਨੋ-ਦਿਲ 'ਤੇ ਤਾਰੀ ਹੋ ਰਿਹਾ ਸੀ।
ਮੈਂ ਬੇਸ਼ਕ ਪਰਭਾਤ ਨਹੀਂ ਹਾਂ।
ਫਿਰ ਵੀ ਕਾਲੀ ਰਾਤ ਨਹੀਂ ਹਾਂ।
ਉਪਲ ਹੋਰਾਂ ਦਾ ਸ਼ਿਅਰ ਦਿਲ ਵਿਚ ਕਪਾਹ ਦੇ ਫੁੱਲਾਂ ਵਾਂਗ ਖਿੜ ਗਿਆ-
ਨਿੱਘ ਆਉਂਦਾ ਹੈ ਸਰਦ ਮੌਸਮ ਵਿਚ,
ਖੇਤ ਖਿੜਦੇ ਨੇ ਜਦ ਕਪਾਹਾਂ ਦੇ।
ਕੁਝ ਦੋਹੇ ਤੇ ਸ਼ਿਅਰ ਸੁਣਾ ਕੇ ਉਪਲ ਹੋਰਾਂ ਮੈਨੂੰ ਕੁਝ ਸੁਣਾਉਣ ਲਈ ਕਿਹਾ। ਜਿਵੇਂ ਆਪਣੇ ਸ਼ਿਅਰ ਨੂੰ ਹੀ ਦੁਹਰਾ ਰਹੇ ਹੋਣ-
ਚੁੱਲ੍ਹੇ ਦੇ ਵਿਚ ਗੋਹੇ ਡਾਹ,
ਮੱਠੀ ਪੈਂਦੀ ਜਾਵੇ ਅੱਗ।
ਮਾਹੌਲ ਏਨਾ ਪ੍ਰਬਲ ਸੀ ਕਿ ਮੈਂ ਚੰਦ ਸ਼ਿਅਰ ਸੁਣਾਉਣ ਤੋਂ ਆਪਣੇ ਆਪ ਨੂੰ ਰੋਕ ਨਾ ਸਕਿਆ-
ਸਫ਼ਾਈ ਦੇਣ ਨੂੰ ਭਾਵੇਂ
ਤੂੰ ਦੀਵਾ ਬਾਲ ਰੱਖਿਆ ਹੈ।
ਪਤਾ ਸਭ ਨੂੰ ਹੈ ਤੂੰ ਰਿਸ਼ਤਾ
ਹਨੇਰੇ ਨਾਲ ਰੱਖਿਆ ਹੈ।
ਮਿਲ ਗਿਆ ਨ੍ਹੇਰੇ ਨੂੰ ਮੌਕਾ
ਦੋਸ਼ ਲਾਵਣ ਵਾਸਤੇ।
ਮੈਂ ਚੁਰਾਈ ਅੱਗ ਜਦ,
ਦੀਵੇ ਜਗਾਵਣ ਵਾਸਤੇ।
ਕੰਮ ਟੁੱਟਣ ਤਾਂ ਦੁੱਖ ਕੁਝ ਦੇਰ ਮਨ ਵਿਚ ਕੰਡੇ ਵਾਂਗ ਚੁੱਭਦਾ ਰਿਹਾ। ਫਿਰ ਮੇਰੇ ਮਨ ਵਿਚ ਵਿਚਾਰ ਆਇਆ, ਸ਼ਾਇਰੀ ਭਰੀ ਸ਼ਾਮ ਦੀ ਕੀਮਤ ਚੰਦ ਡਾਲਰਾਂ ਤੋਂ ਤਾਂ ਕਿਤੇ ਜ਼ਿਆਦਾ ਹੈ। ਹੁਣ ਤੱਕ ਮੈਂ ਤਲਖ਼, ਤਪਸ਼ ਧੁੱਪਾਂ ਵਿਚ ਸੜਦਾ ਹੋਇਆ, ਸ਼ਾਇਰੀ ਦੀ ਸੰਘਣੀ ਛਾਂ ਵਿਚੋਂ ਹੀ ਤਾਂ ਸਕੂਨ ਭਾਲਦਾ ਰਿਹਾ ਹਾਂ। ਫਿਰ ਸ਼ਾਇਰੀ ਮਾਣਦਾ ਮੈਂ ਡਾਲਰਾਂ ਬਾਰੇ ਕਿਉਂ ਸੋਚ ਰਿਹਾ ਹਾਂ? ਉਪਲ ਹੋਰਾਂ ਹੀ ਤਾਂ ਕਿਹਾ ਹੈ-
ਮੈਂ ਜਿਸ ਦੇ ਸਾਏ ਵਿਚ ਬਹਿੰਦਾ ਸੀ ਹੁਣ ਤੱਕ,
ਉਸੇ ਦੀਵਾਰ ਨੂੰ ਕਿਉਂ ਢ੍ਹਾ ਰਿਹਾ ਹਾਂ।
ਮਨ ਹਲਕਾ ਫੁੱਲ ਹੋ ਗਿਆ। ਉਂਝ ਵੀ ਮਨ ਨੂੰ ਮਜਬੂਰੀਆਂ ਕੋਲ ਗਿਰਵੀ ਰੱਖ ਕੇ ਬੰਦਾ ਸੁਖੀ ਨਹੀਂ ਹੋ ਸਕਦਾ। ਮਨ ਦੇ ਪੰਛੀ ਨੂੰ ਆਪਣੀ ਮੌਜ ਵਿਚ ਉਡਾਰੀ ਭਰਨ ਦੇਣੀ ਚਾਹੀਦੀ ਹੈ। ਮੈਂ ਸੋਚ ਰਿਹਾ ਸਾਂ, ਉਪਲ ਹੋਰੀਂ ਦੋਹਾ ਪੜ੍ਹਨ ਲੱਗ ਪਏ-
ਮਨ ਨੂੰ ਗਿਰਵੀ ਰੱਖ ਕੇ ਤਨ ਕੀਤਾ ਖ਼ੁਸ਼ਹਾਲ।
ਹੋਸ਼ ਆਏ ਤੇ ਵੇਖਿਆ ਦੋਵੇਂ ਸਨ ਬੇਹਾਲ।
ਵਕਤ ਕਦੋਂ ਬੀਤ ਗਿਆ, ਬਾਰਿਸ਼ ਕਦੋਂ ਹਟ ਗਈ ਪਤਾ ਹੀ ਨਾ ਲੱਗਾ।
ਮੈਂ ਉਪਲ ਹੋਰਾਂ ਨੂੰ ਉਹਨਾਂ ਦੀ ਬੇਟੀ ਦੇ ਘਰ ਛੱਡਣ ਲਈ ਗੱਡੀ ਵਿਚ ਬਿਠਾ ਲਿਆ। ਰਾਤ ਭਾਵੇਂ ਹਨ੍ਹੇਰੀ ਸੀ। ਲਾਂਗ ਆਈਲੈਂਡ ਦੀਆਂ ਗਲੀਆਂ ਵਿਚ ਸਟਰੀਟ ਲਾਈਟਾਂ ਵੀ ਨਹੀਂ ਸਨ। ਪਰ ਮੇਰੀਆਂ ਅੱਖਾਂ ਵਿਚ ਸ਼ਸ਼ੀ ਕਾਂਤ ਉਪਲ ਹੋਰਾਂ ਦੇ ਸ਼ਿਅਰ ਅਜਬ ਜਿਹੀ ਰੌਸ਼ਨੀ ਭਰ ਰਹੇ ਸਨ-
ਹੁਣ ਨਾ ਕੋਈ ਰਸਤਿਆਂ ਦੀ
ਠੋਕਰਾਂ ਦੀ ਗੱਲ ਕਰ।
ਸਾਹਮਣੇ ਹਨ ਜੋ ਤੂੰ
ਉਹਨਾਂ ਮੰਜ਼ਿਲਾਂ ਦੀ ਗੱਲ ਕਰ।
ਘੁੱਪ ਹਨ੍ਹੇਰੇ ਵਿਚ ਅੰਬਰ 'ਤੇ
ਜਦ ਬਿਜਲੀ ਲਹਿਰਾਂਦੀ ਏ।
ਦਿਲ ਦੇ ਬੁਝਦੇ ਅੰਗਿਆਰਾਂ ਤੋਂ
ਰਾਖ ਜਿਹੀ ਝੜ ਜਾਂਦੀ ਏ।
ਛੋਹ ਲਿਆ ਹੱਥਾਂ ਨੇ ਜਦ ਆਕਾਸ਼ ਨੂੰ,
ਭੇਤ ਖੁੱਲ੍ਹਾ ਇਹ ਕਿ ਮੈਂ ਬੌਣਾ ਨਹੀਂ।
ਓਲਡ ਵੈਸਟਬਰੀ ਸ਼ਸ਼ੀ ਕਾਂਤ ਉਪਲ ਹੋਰਾਂ ਨੂੰ ਮਹਿਲਨੁਮਾ ਘਰ ਵਿਚ ਲਾਹ ਕੇ ਮੈਂ ਗੱਡੀ ਤੋਰਨ ਵੇਲੇ ਆਪਣਾ ਸਾਮਾਨ ਠੀਕ ਤਾਂ ਬੜਾ ਅਫ਼ਸੋਸ ਹੋਇਆ। ਕਿਉਂਕਿ ਦੋ ਡਾਲਰ ਪਚਾਸੀ ਸੈਂਟ ਦੀ 'ਚੀਨੀ' ਛੱਤਰੀ ਮੈਂ ਡਾ. ਸੇਠੀ ਹੋਰਾਂ ਦੇ ਘਰ ਹੀ ਭੁੱਲ ਆਇਆ ਸਾਂ।