ਵਿਰਸਾ ਬੇਸ਼ੱਕ ਤਿੰਨ ਅੱਖਰਾਂ ਦਾ ਹੀ ਸ਼ਬਦ ਹੈ ਪਰ ਇਹ ਆਪਣੇ ਵਿਚ ਬਹੁਤ ਕੁਝ ਸਮੋਈ ਬੈਠਾ ਹੈ। ਪੰਜਾਬ ਦਾ ਮਹਾਨ ਵਿਰਸਾ ਬੜਾ ਅਮੀਰ ਸੀ। ਵਿਰਸੇ ਦੇ ਵੀ ਕਈ ਰੰਗ ਸਨ ਜਿਵੇਂ ਧਾਰਮਿਕ, ਸੱਭਿਆਚਾਰਕ ਵਿਰਸਾ, ਖਾਣ-ਪਹਿਨਣ ਦਾ ਵਿਰਸਾ, ਕੰਮ-ਢੰਗ ਦਾ ਵਿਰਸਾ, ਗੱਲ ਕੀ ਵਿਰਸਾ ਕਈ ਰੰਗਾਂ 'ਚ ਪੁਰਾਤਨ ਸਮੇਂ ਤੋਂ ਹੀ ਵਿਚਰਦਾ ਆ ਰਿਹਾ ਹੈ। ਪਰ ਅੱਜ ਅਸੀਂ ਆਧੁਨਿਕਤਾ ਦੀ ਦੌੜ 'ਚ ਸ਼ਾਮਲ ਹੋ ਕੇ ਆਪਣੇ ਪੁਰਾਤਨ ਵਿਰਸੇ ਨਾਲੋਂ ਬੁਰੀ ਤਰ੍ਹਾਂ ਟੁੱਟ ਚੁੱਕੇ ਹਾਂ। ਆਪਣੇ ਵਿਰਸੇ ਨਾਲੋਂ ਟੁੱਟਣ ਦੇ ਕਈ ਦੁੱਖ ਵੀ ਹੰਢਾ ਰਹੇ ਹਾਂ ਤੇ ਪੁਰਾਤਨ ਸਮੇਂ ਵੱਲ ਚੇਤਾ ਕਰਕੇ ਪਛਤਾਉਂਦੇ ਵੀ ਹਾਂ, ਫਿਰ ਪਛਤਾਉਣ ਦਾ ਫ਼ਾਇਦਾ ਕੀ ਜਦ .......।
ਪੁਰਾਤਨ ਸਮੇਂ 'ਚ ਪਿੰਡਾਂ 'ਚ ਹੀ ਜ਼ਿਆਦਾਤਰ ਲੋਕਾਂ ਦਾ ਵਾਸਾ ਸੀ। ਖੇਤੀਬਾੜੀ ਤੋਂ ਬਿਨਾਂ ਜਾਤੀ ਕੰਮ ਹੀ ਲੋਕਾਂ ਦੇ ਮੁੱਖ ਧੰਦੇ ਸਨ। ਉਸ ਸਮੇਂ ਪ੍ਰੇਮ-ਪਿਆਰ ਦੀ ਭਾਈਚਾਰਕ ਸਾਂਝ ਬਹੁਤ ਹੀ ਗੂੜ੍ਹੀ ਸੀ। ਪੇਂਡੂ ਲੋਕਾਂ ਦੇ ਰਹਿਣ-ਸਹਿਣ, ਖਾਣ-ਪੀਣ ਸਭ ਸਾਦੇ ਸਨ। ਪਿੰਡਾਂ ਵਿਚ ਬਹੁਤੇ ਘਰ ਕੱਚੇ ਹੀ ਸਨ। ਕੱਚੀਆਂ ਕੰਧਾਂ ਕਰ ਉੱਪਰ ਸਤੀਰੀਆਂ, ਕੜੀਆਂ ਪਾ ਉੱਤੇ ਸਰਕੜਾ ਪਾ ਮਿੱਟੀ ਦੀ ਛੱਤ ਪਾ ਦਿੱਤੀ ਜਾਂਦੀ ਸੀ ਤੇ ਵੱਡੇ ਲਾਣਿਆਂ ਦੇ ਵੀ ਕੱਚੇ ਖੁੱਲ੍ਹੇ ਦਲਾਨ ਹੀ ਹੁੰਦੇ ਸਨ। ਘਰ ਵਿਚ ਅਨਾਜ, ਕਣਕ, ਦਾਣੇ, ਗੁੜ ਆਦਿ ਰੱਖਣ ਲਈ ਮਿੱਟੀ ਦੀਆਂ ਕੋਠੀਆਂ, ਭੜੋਲੇ ਆਦਿ ਘਰ ਦੀਆਂ ਸੁਆਣੀਆਂ ਬੜੀ ਮਿਹਨਤ ਨਾਲ ਇਕੱਠੀਆਂ ਹੋ-ਹੋ ਬਣਾਉਂਦੀਆਂ ਸਨ। ਸਾਰੇ ਪਰਿਵਾਰ ਸਾਂਝੇ ਤੌਰ 'ਤੇ ਰਹਿੰਦੇ ਸਨ ਤੇ ਵੱਡੇ-ਛੋਟੇ ਦਾ ਡਰ–ਭੈਅ ਹੁੰਦੀ ਸੀ। ਦੇਸੀ ਖ਼ੁਰਾਕ ਵੀ ਆਹਲਾ ਤੇ ਅਜੀਬ ਹੁੰਦੀ ਸੀ।
ਰੋਟੀ ਪਾਣੀ ਬਣਾਉਣ ਲਈ ਹਰ ਘਰ ਵਿਚ ਚੁੱਲ੍ਹਾ ਚੌਂਕਾ ਵਿਸ਼ੇਸ਼ ਤੌਰ ਤੇ ਬਣਾਇਆ ਜਾਂਦਾ ਸੀ। ਘਰ ਵਿਚ ਢੁੱਕਵੀਂ ਜਗ੍ਹਾ ਇਕ ਨੁੱਕਰ ਜਿਹੀ ਦੇਖ ਕੇ ਉਥੇ ਮਿੱਟੀ ਦੀਆਂ ਦੋ ਤੇ ਤਿੰਨ ਫੁੱਟ ਉੱਚੀਆਂ ਕੰਧਾਂ ਬਣ ਕੇ ਵਿਚਕਾਰ ਛੋਟੀਆਂ ਗੋਲੀਆਂ ਰੱਖ ਕੇ ਚੁੱਲਾ ਚੌਂਕੇ ਦਾ ਸਮਾਨ ਬਣਾਇਆ ਜਾਂਦਾ। ਇਸ ਚੌਰਸ ਜਿਹੀ ਜਗ੍ਹਾ 'ਚ ਢੁੱਕਵੇ ਤਰੀਕੇ ਨਾਲ ਚੁੱਲ੍ਹਾ ਰੋਟੀਆਂ ਲਈ ਲੋਹ, ਦੁੱਧ ਕਾੜਨ ਲਈ ਹਾਰਾ ਤੇ ਕੁਝ ਹੋਰ ਪ੍ਰਮੁੱਖ ਚੀਜ਼ਾਂ ਬਣਾਈਆਂ ਜਾਂਦੀਆਂ। ਇਸ ਚੁੱਲ੍ਹੇ ਚੌਂਕੇ 'ਚ ਵਰਤਣ ਵਾਲੀਆਂ ਚੀਜ਼ਾਂ ਤੋਂ ਇਲਾਵਾ ਭਾਂਡੇ ਆਦਿ ਰੱਖਣ ਲਈ ਇਕ ਵੱਡੀ ਕੰਧ ਨਾਲ ਮਿੱਟੀ ਤੇ ਤੂੜੀ ਦਾ ਲੇਪ ਬਣਾ, ਸੋਟੀਆਂ ਦੇ ਸਹਾਰੇ ਮਿੱਟੀ ਦੀਆਂ ਫੱਟੀਆਂ ਬਣਾ ਕੇ ਸਮਾਨ ਟਿਕਾਣ ਲਈ ਅੱਡ ਅੱਡ ਖਾਨੇ ਬਣਾਏ ਜਾਂਦੇ। ਜਿਨ੍ਹਾਂ ਨੂੰ ਆਲੇ ਕਿਹਾ ਜਾਂਦਾ ਸੀ। ਨਿੱਕੇ ਭਾਂਡੇ, ਦੀਵਾ, ਤੀਲਾ ਦੀ ਡੱਬੀ ਤੇ ਲੂਣ ਤੇਲ ਤੇ ਹੋਰ ਸਮਾਨ ਇਨ੍ਹਾਂ ਆਲਿਆ 'ਚ ਟਿਕਾਇਆ ਜਾਂਦਾ। ਸਾਰੇ ਚੁੱਲ੍ਹੇ ਚੌਂਕੇ ਤੇ ਆਲਿਆਂ ਤੇ ਮਿੱਟੀ ਦਾ ਪੋਚਾ ਤੇ ਪਾਂਡੂ ਦਾ ਪੋਚਾ ਸਾਫ਼ ਸਫ਼ਾਈ ਲਈ ਲਾਇਆ ਜਾਂਦਾ। ਸ਼ਾਮ-ਸਵੇਰੇ ਸਾਰਾ ਟੱਬਰ ਹੀ ਇਸ ਚੁੱਲੇ-ਚੌਂਕੇ 'ਚ ਬੈਠ ਕੇ ਅੰਨ-ਪਾਣੀ ਛੱਕਦਾ ਸੀ। ਘਰ ਦੀ ਸੁਆਣੀ ਮੁੱਖੀ ਸਾਰਾ ਸਮਾਨ ਹੱਥੀਂ ਤਿਆਰ ਕਰਦੀ ਤੇ ਬਾਕੀ ਟੱਬਰ ਉਸਦਾ ਹੱਥ ਵਟਾਉਂਦਾ ਸੀ।
ਸਿਆਲ ਦੇ ਦਿਨਾਂ 'ਚ ਚੁੱਲ੍ਹੇ ਚੌਂਕੇ ਦੀ ਮਹੱਤਤਾ ਕੁਝ ਵੱਧ ਜਾਂਦੀ ਸੀ। ਸਵੇਰ ਵੇਲੇ ਚੁੱਲ੍ਹੇ 'ਚ ਪਾਥੀਆਂ ਦਾ ਝੋਕਾ ਭਰ ਅੱਗ ਵਾਲ ਦੇਣੀ ਤੇ ਸਭ ਤੋਂ ਪਹਿਲਾਂ ਚਾਹ ਤਿਆਰ ਹੁੰਦੀ। ਫਿਰ ਹਾਲ਼ੀ-ਪਾਲ਼ੀ ਦੇ ਕੰਮ ਤੇ ਜਾਣ ਲਈ ਹਾਜਰੀ ਰੋਟੀ ਤਿਆਰ ਹੁੰਦੀ। ਸਾਰਾ ਦਿਨ ਚੁੱਲ੍ਹੇ 'ਚ ਅੱਗ ਬੁੱਝਣ ਨਹੀਂ ਦਿੱਤੀ ਜਾਂਦੀ ਸੀ। ਅੱਗ ਧੁਖਦੀ ਰੱਖਣ ਲਈ ਗੋਹਾ-ਲੱਕੜ ਲਾਈ ਜਾਣਾ। ਚੌਂਕੇ ਦੇ ਹਾਰੇ ਵਿਚ ਦੁੱਧ ਕੜਨਾ ਧਰ ਦੇਣਾ, ਮੱਠੀ-ਮੱਠੀ ਅੱਗੇ ਤੇ ਦੁੱਧ ਨੇ ਕੜ-ਕੜ ਲਾਲ ਹੋ ਜਾਣਾ, ਜਿਸ ਦੇ ਕੜਨ ਦੀ ਮਹਿਕ ਤੇ ਪੀਣ ਦਾ ਸੁਆਦ ਹੀ ਹੋਰ ਹੁੰਦਾ ਸੀ। ਘਰ ਆਏ ਮਹਿਮਾਨ ਲਈ ਕੜ੍ਹਿਆ ਦੁੱਧ ਸ਼ੱਕਰ-ਗੁੜ ਪਾ ਕੇ ਉਚੇਚਾ ਦਿੱਤਾ ਜਾਂਦਾ ਸੀ। ਸਿਆਲ 'ਚ ਚੁੱਲ੍ਹੇ ਤੇ ਸਾਗ ਦੀ ਤੌੜੀ ਧਰੀ ਜਾਂਦੀ ਸੀ। ਠੰਢ ਤੋਂ ਬਚਣ ਲਈ ਸੇਕਣ ਲਈ ਹਰ ਮੈਂਬਰ ਨੇ ਚੌਂਕੇ 'ਚ ਬੈਠਣ ਤੇ ਸਾਗ ਘੋਟ-ਘੋਟ ਬਹੁਤ ਹੀ ਸੁਆਦਲਾ ਬਣਾ ਦਿੱਤਾ ਜਾਂਦਾ ਸੀ। ਫਿਰ ਮੱਕੀ ਦੀ ਰੋਟੀ ਬਣਾ ਕੇ, ਸਾਗ ਰੋਟੀ ਉੱਪਰ ਹੀ ਰੱਖ ਮੱਖਣ-ਘਿਓ ਪਾ ਕੇ ਪਾਧਾ ਜਾਂਦਾ। ਹੱਥ ਤੇ ਮੱਕੀ ਦੀ ਰੋਟੀ, ਉੱਪਰ ਸਾਗ ਤੇ ਵਿਚ ਮੱਖਣ ਦਾ ਆਪਣਾ ਹੀ ਅਨੰਦ ਸੀ ਤੇ ਸਾਰਾ ਟੱਬਰ ਇਥੇ ਬੈਠਕੇ ਖਾਂਦਾ ਸੀ। ਬੈਠਣ ਲਈ ਲੱਕੜ ਦੀਆਂ ਫੱਟੀਆਂ ਤੇ ਪਾਥੀਆਂ ਦੀ ਵਰਤੋਂ ਹੁੰਦੀ ਸੀ।
ਅੱਜ ਬੇਸ਼ੱਕ ਪਿੰਡਾਂ ਦੇ ਗਰੀਬ ਘਰਾਂ 'ਚ ਚੁੱਲ੍ਹਾ ਚੌਂਕਾ ਹੈ ਪਰ ਉਸਦੀ ਉਹ ਸ਼ਾਨ ਨਹੀਂ ਹੈ ਕਿਉਂਕਿ ਉਨ੍ਹਾਂ ਨੂੰ ਤਾਂ ਰੋਟੀ ਦਾ ਫ਼ਿਕਰ ਹੈ। ਪਰ ਅੱਜ ਦੀ ਆਧੁਨਿਕਤਾ ਨੇ ਕਈ ਪਾਸਿਆਂ ਤੋਂ ਸਾਡੇ ਮਹਾਨ ਵਿਰਸੇ ਨੂੰ ਅਲੋਪ ਕਰ ਦਿੱਤਾ ਹੈ। ਵੱਡੀਆਂ ਵੱਡੀਆਂ ਕੋਠੀਆਂ ਤੇ ਮਕਾਨ ਆਦਿ ਪਿੰਡਾ 'ਚ ਪੈ ਗਏ ਹਨ ਤੇ ਇਨਾਂ 'ਚ ਅਤਿ-ਮਹਿੰਗੀਆਂ ਖੂਬਸੂਰਤ ਰਸੋਈਆਂ ਬਣ ਗਈਆਂ ਹਨ। ਫਿਰ ਇਥੇ ਚੁੱਲ੍ਹੇ ਚੌਂਕੇ ਨੂੰ ਕੌਣ ਪੁੱਛਦਾ? ਚੁੱਲ੍ਹੇ ਦੀ ਥਾਂ ਗੈਸਾਂ, ਸਟੋਵ, ਹੀਟਰ ਤੇ ਹੋਰ ਬਿਜਲਈ ਉਪਕਰਣਾਂ ਨੇ ਲੈ ਲਈ ਹੈ। ਪੁਰਾਣੇ ਪੇਂਡੂ ਲੋਕ ਜਿਥੇ ਵੀ ਮਰਜ਼ੀ ਵੱਸ ਗਏ ਪਰ ਉਨ੍ਹਾਂ ਨੇ ਚੁੱਲ੍ਹੇ-ਚੌਂਕੇ ਦਾ ਆਨੰਦ ਜ਼ਰੂਰ ਮਾਣਿਆ ਹੈ। ਇਹ ਲੇਖ ਪੜ੍ਹ ਕੇ ਕਈਆਂ ਦੀਆਂ ਅੱਖਾਂ ਅੱਗੇ ਜ਼ਰੂਰ ਹੀ ਚੁੱਲ੍ਹਾ-ਚੌਂਕਾ, ਕੜਿਆ ਦੁੱਧ, ਸਾਗ ਮੱਕੀ ਦੀ ਰੋਟੀ ਆਦਿ ਘੁੰਮਦਾ ਹੋਵੇਗਾ। ਪਰ ਨਵੀਂ ਪੀੜ੍ਹੀ ਇਸ ਬਾਰੇ ਕੀ ਜਾਣੇ? ਉਨ੍ਹਾਂ ਲਈ ਤਾਂ ਚੁੱਲ੍ਹਾ-ਚੌਂਕਾ ਨਾਮ ਹੀ ਅਜੀਬ ਹੈ। ਬੇਸ਼ੱਕ ਇਹ ਅੱਜ ਸਭ ਕੁਝ ਅਲੋਪ ਹੋ ਗਿਆ ਹੈ ਪਰ ਵਿਰਸੇ ਦੀ ਝਲਕ ਅਜਾਇਬ ਘਰਾਂ, ਪੁਰਾਤਨ ਸਥਾਨਾਂ ਜਾਂ ਮਾਡਰਨ ਹਵੇਲੀਆਂ 'ਚ ਹਾਲੇ ਵੀ ਦੇਖੀ ਜਾ ਸਕਦੀ ਹੈ।