ਕਾਂਡ 9
ਸਵੇਰੇ ਸਾਰੇ ਕੁੱਝ ਲੇਟ ਹੀ ਉਠੇ, ਪਰੀਤੀ ਸਮੇ ਸਿਰ ਉਠ ਕੇ ਕਾਲਜ ਤੁਰ ਗਈ ਸੀ, ਜਾਂਦੇ ਜਾਂਦੇ ਸੁੱਤੇ ਦੇਬੀ ਵੱਲ ਦੇਖਿਆ, ਜਾਪਿਆ ਜਿਵੇ ਕੋਈ ਫਰਿਸ਼ਤਾ ਅਪਣੇ ਸਰੀਰ ਨੂੰ ਏਥੇ ਛੱਡ ਕਿਸੇ ਦਾ ਫਾਇਦਾ ਕਰਨ ਲਈ ਰੱਬ ਕੋਲੋ ਸ਼ਕਤੀ ਲੈਂਣ ਗਿਆ ਹੋਵ, ਬਾਪੂ ਖੇਤਾ ਵੱਲ ਚਲੇ ਗਿਆ, ਦੇਬੀ ਦੀ ਜਾਗ ਵੀ ਖੁੱਲ ਗਈ, ਉਸ ਨੇ ਆਸਾ ਪਾਸਾ ਦੇਖਿਆ ਬੇਬੇ ਚੌਂਕੇ ਵਿੱਚ ਚਾਹ ਬਣਾਈ ਬੈਠੀ ਸੀ, ਦੇਬੀ ਉਠਿਆ, ਬਾਕੀ ਮੰਜੇ ਸਾਰੇ ਚੁੱਕੇ ਜਾ ਚੁੱਕੇ ਸਨ, ਘੁੱਦਾ ਹਾਲੇ ਵੀ ਸੁੱਤਾ ਪਿਆ ਸੀ।
"ਘੁੱਦਿਆ ਉਠ ਕੇ ਅਪਣੀ ਲੰਡੀ ਚੂਹੀ ਲੈ ਲਾ, ਸਕੂਲੇ ਵੀ ਫਾਡੀ ਰਹਿੰਦਾ ਸੀ ਹੁਣ ਵੀ ਫਾਡੀ ਆਂ, ਓਏ ਆਪਣੇ ਤੋ ਤਾਂ ਕੁੜੀ ਚੰਗੀ ਆ ਜਿਹੜੀ ਘਰ ਦਾ ਕੰਮ ਵੀ ਕਰ ਗਈ ਤੇ ਪੜਨ ਵੀ ਚਲੀ ਗਈ"।
ਦੇਬੀ ਨੇ ਕਿਹਾ।
"ਪੁੱਤ ਇਹਦੇ ਸਿਰ ਤੇ ਪਾਂਣੀ ਦੀ ਬਾਲਟੀ ਰੋੜ ਫੇਰ ਉਠੂ''।
ਬੇਬੇ ਨੂੰ ਘੁੱਦੇ ਦੀ ਕੁੰਭਕਰਣ ਨੀਂਦ ਦਾ ਪਤਾ ਸੀ, ਦੇਬੀ ਨੇ ਉਠ ਕੇ ਘੁੱਦੇ ਤੋ ਖੇਸ ਲਾਹ ਕੇ ਪਰੇ ਰੱਖ ਦਿੱਤਾ ਤੇ ਫੜ ਕੇ ਮੰਜੇ ਤੇ ਬਿਠਾ ਦਿੱਤਾ।
"ਕੀ ਗੱਲ ਹੋਈ"। ਘੁੱਦਾ ਹਾਲੇ ਅਪਣੇ ਆਪ ਵਿੱਚ ਨਹੀ ਸੀ।
"ਹੋਣਾ ਕੀ ਆ ਤੇਰੇ ਯਾਰ ਸਾਰੇ ਦੌਰੇ ਤੇ ਤੁਰ ਗਏ, ਤੂੰ ਸੁੱਤਾ ਰਹਿ ਗਿਆ"।
ਦੇਬੀ ਨੇ ਕਿਹਾ।
"ਚੱਲ ਨਹਾ ਕੇ ਚਾਰ ਪਰਾਉਠੇ ਰਗੜ ਤੇ ਸ਼ਹਿਰ ਨੂੰ ਵਖਤ ਪਾ ਦੇ ਜਾ ਕੇ, ਜਿਹੜੇ ਕੰਮ ਤੈਨੂੰ ਦੱਸੇ ਸੀ ਅੱਜ ਛਾਮ ਨੂੰ ਨਾਂ ਹੋਏ ਤਾਂ ਬੁਲੇਟ ਦੀ ਚਾਬੀ ਮੁੜ ਨਹੀ ਮਿਲਣੀ"।
ਦੇਬੀ ਨੇ ਕੰਮ ਵੀ ਦੱਸ ਦਿੱਤਾ ਤੇ ਧਮਕੀ ਵੀ ਦੇ ਦਿੱਤੀ।
"ਬਾਈ ਦੇਖੀ ਅੱਜ ਖੋਟੇ ਸਿੱਕੇ ਦੇ ਚਮਕਾਰੇ"। ਘੁੱਦਾ ਛਾਲ ਮਾਰ ਕੇ ਉਠਿਆ, ਦਸ ਮਿੰਟ ਵਿੱਚ ਤਿਆਰ ਹੋ ਕੇ ਬੇਬੇ ਦੇ ਮੋਹਰੇ ਬੈਠਾ ਚਾਹ ਪੀ ਰਿਹਾ ਸੀ।
"ਕਿਓ ਬਾਈ ਦੇਖੀਆਂ ਫੁਰਤੀਆਂ, ਚਾਹੀਏ ਤਾਂ ਉਡਦੀ ਘੁੱਗੀ ਦੇ ਖੰਭ ਗਿਣ ਲਈਏ"।
ਘੁੱਦਾ ਅਪਣੇ ਰੰਗ ਵਿੱਚ ਆ ਰਿਹਾ ਸੀ।
"ਬਾਹਲੀਆਂ ਫੜਾ ਨਾਂ ਮਾਰ ਪਹਿਲਾ ਕੁੱਝ ਕਰ ਕੇ ਆ ਫਿਰ ਬਣਾਈ ਖੰਭਾ ਦੀਆਂ ਡਾਰਾਂ"।
ਬੇਬੇ ਨੇ ਉਹਨੂੰ ਚੁੱਪ ਕਰਾ ਦਿੱਤਾ, ਘੁੱਦਾ ਸ਼ਹਿਰ ਨੂੰ ਉਡ ਗਿਆ,
"ਬੇਬੇ ਜਦ ਤੱਕ ਅਪਣਾ ਕੰਮ ਸ਼ੁਰੂ ਨਹੀ ਹੁੰਦਾ ਉਦੋ ਤੱਕ ਮੈ ਕੁੱਝ ਹੋਰ ਕਰਨਾ ਆ, ਹੋਰ ਕਿਹੜਾ ਘਰ ਆ ਜਿਸਨੂੰ ਮੇਰੀ ਲੋੜ ਹੋ ਸਕਦੀ ਆ ?"।
ਦੇਬੀ ਨੇ ਬੇਬੇ ਨੂੰ ਪੁੱਛਿਆ।
"ਵੇ ਪੁੱਤ ਰੱਬ ਤੇਰੀ ਵੱਡੀ ਉਮਰ ਕਰੇ, ਜੇ ਪੁੰਨ ਖੱਟਣਾ ਤਾਂ ਬਚਨ ਸਿਓ ਦੀ ਮਦਦ ਕਰ, ਵਿਚਾਰਾ ਬਲਦਾਂ ਨਾਲ ਕੱਦ ਕਰਨ ਡਿਹਾ ਐਨੀ ਗਰਮੀ ਚ, ਢਾਈ ਕਿੱਲੇ ਜਮੀਨ ਦੇ ਆ, ਮੋਟਰ ਆਵਦੀ ਹੈ ਨੀ, ਇੱਕ ਪੀਟਰ ਇੰਜਣ ਆ, ਮਹਿੰਗੇ ਭਾਅ ਦਾ ਤੇਲ ਬਾਲ ਕੇ ਝੋਨਾ ਲਾਉਦਾ, ਮੁੰਡਾ ਹੈ ਕੋਈ ਨੀ, ਇੱਕ ਧੀ ਕਿਵੇ ਨਾਂ ਕਿਵੇ ਵਿਆਹ ਦਿੱਤੀ, ਦੂਜੀ ਵੀ ਕੋਠੇ ਜਿੱਡੀ ਹੋਈ ਪਈ ਆ, ਹੱਥਾਂ ਦੀ ਸਚਿਆਰੀ ਆ ਪਰ ਛੋਟੀ ਹੁੰਦੀ ਦੀ ਇੱਕ ਲੱਤ ਕਮਜੋਰ ਰਹਿ ਗਈ, ਲੰਘਾ ਕੇ ਤੁਰਦੀ ਆ, ਇੱਕ ਗਰੀਬ ਤੇ ਦੂਜੀ ਜਿਹੜੀ ਬਿੱਜ ਲੱਗੀ ਆ, ਕੋਈ ਰਿਸ਼ਤਾ ਚੜਦਾ ਈ ਨੀ, ਬਚਨ ਸਿਓ ਧੀ ਦੇ ਬੋਝ ਨਾਲ ਵਕਤ ਤੋ ਪਹਿਲਾਂ ਬੁੱਢਾ ਹੋ ਗਿਆ"।
ਬੇਬੇ ਨੇ ਸੰਖੇਪ ਵਿੱਚ ਬਚਨ ਸਿੰਘ ਦੀ ਸਾਰੀ ਕਹਾਂਣੀ ਸੁਣਾ ਦਿੱਤੀ।
"ਬੇਬੇ ਫਿਰ ਦੇਰ ਕਿਸ ਗੱਲ ਦੀ ਚੱਲ ਮੇਰੇ ਨਾਲ"। ਦੇਬੀ ਛੇਤੀ ਤੋ ਛੇਤੀ ਬਚਨ ਸਿੰਘ ਦੇ ਜਖਮਾਂ ਦੀ ਮਲਮ ਬਣਨਾ ਚਾਹੁੰਦਾ ਸੀ, ਉਹ ਦੋਵੇ ਬਚਨ ਸਿੰਘ ਦੇ ਘਰ ਨੂੰ ਤੁਰ ਪਏ, ਪਹਿਲਾਂ ਬਚਨ ਸਿੰਘ ਪਿੰਡ ਵਿੱਚ ਰਹਿੰਦਾ ਸੀ, ਪਹਿਲੀ ਧੀ ਦੇ ਵਿਆਹ ਤੇ ਪਿੰਡ ਵਾਲਾ ਘਰ ਵੇਚਣਾ ਪਿਆ, ਕੁੱਝ ਪੈਸੇ ਧੀ ਦੇ ਵਿਆਹ ਤੇ ਲਾ ਦਿੱਤੇ ਤੇ ਬਾਕੀਆਂ ਨਾਲ ਖੇਤ ਵਿੱਚ ਦੋ ਕੋਠੇ ਤਿਆਰ ਕਰ ਲਏ, ਬਚਨ ਸਿੰਘ ਦੀ ਧੀ ਕੰਤੀ ਨੇ ਸਿਲਾਈ ਦਾ ਕੰਮ ਸਿੱਖਿਆ ਹੋਇਆ ਸੀ ਤੇ ਲੋਕਾਂ ਦੇ ਕੱਪੜਿਆ ਦੀ ਸਿਲਾਈ ਕਰ ਕੇ ਘਰ ਦਾ ਲੂਣ ਤੇਲ ਚਲਾ ਲੈਂਦੀ ਸੀ।
"ਨੀ ਕੰਤੀ, ਪੁੱਤ ਘਰ ਆ ?"।
ਬੇਬੇ ਨੇ ਦੇਬੀ ਨਾਲ ਉਨਾ ਦੇ ਘਰ ਵੜਦੇ ਹਾਕ ਮਾਰੀ।
"ਆਜੋ ਤਾਈ ਜੀ ਲੰਘ ਆਓ"।
ਕੰਤੀ ਚੁੰਨੀ ਨਾਲ ਸਿਰ ਢਕਦੀ ਬੋਲੀ ।
"ਬਾਪੂ, ਤਾਈ ਜੀ ਆਏ ਆ"।
ਨਾਲ ਹੀ ਪਨੀਰੀ ਪੱਟਦੇ ਬਾਪੂ ਨੂੰ ਹਾਕ ਮਾਰੀ, ਘਰ ਛੋਟਾ ਸੀ, ਪਲਸਤਰ ਵੀ ਨਹੀ ਸੀ ਹੋਇਆ, ਪਰ ਸਫਾਈ ਰੱਜ ਕੇ ਸੀ, ਕੰਤੀ ਭਾਵੇ ਲੰਙ ਮਾਰ ਕੇ ਤੁਰਦੀ ਸੀ ਪਰ ਕਈ ਲੱਤਾਂ ਵਾਲੀਆਂ ਨਾਲੋ ਵੀ ਤੇਜ ਸੀ।
"ਸਤਿ ਸਿਰੀ ਅਕਾਲ ਵੀਰ ਜੀ"।
ਪੰਜ ਕਲਾਸਾਂ ਪਾਸ ਕੰਤੀ ਨੇ ਬੜੇ ਸਲੀਕੇ ਨਾਲ ਦੇਬੀ ਨੂੰ ਬੁਲਾਇਆ।
"ਅੱਜ ਤਾਂ ਰੱਬ ਤੋ ਕੁੱਝ ਹੋਰ ਮੰਗ ਲੈਦੇ ਮਿੰਦਰ ਕੁਰੇ, ਉਹ ਵੀ ਮਿਲ ਜਾਣਾ ਸੀ"।
ਬਚਨ ਸਿੰਘ ਨੇ ਦੋਵਾਂ ਨੂੰ ਅਪਣੇ ਘਰ ਆਏ ਦੇਖ ਖੁਸ਼ੀ ਪ੍ਰਗਟਾਉਦਿਆ ਕਿਹਾ।
"ਭਾਈਆ ਤੂੰ ਹੁਣ ਮੰਗ ਲਾ ਰੱਬ ਦਾ ਕਿਹੜਾ ਦਫਤਰ ਬੰਦ ਹੋ ਗਿਆ"।
ਬੇਬੇ ਨੇ ਨਹਿਲੇ ਤੇ ਦਹਿਲਾ ਮਾਰਿਆ ਤਾਂ ਕੰਤੀ ਤੇ ਦੇਬੀ ਦੋਵੇ ਹੱਸ ਪਏ।
"ਆ, ਸਰੂਪ ਸਿਓ ਦਾ ਕਾਕਾ ਸਾਡੇ ਘਰ ? ਧੰਨਭਾਗ !"।
ਬਚਨ ਸਿੰਘ ਨੇ ਕਿਹਾ।
"ਹਾਂ ਭਾਈਆ, ਸਰੂਪ ਸਿਓ ਦਾ ਹੁਣ ਘੱਟ ਤੇ ਅਪਣਾ ਜਾਦਾ ਆ"।
ਬੇਬੇ ਨੇ ਦੱਸਿਆ।
"ਵੀਰ ਜੀ ਕੀ ਪੀਓਗੇ ? ਚਾਹ ਬਣਾਵਾਂ ਕਿ ਦੁੱਧ ਕਾੜ ਲਵਾਂ ?"।
ਕੰਤੀ ਨੇ ਪੁੱਛਿਆ, ਸਾਹਮਣੇ ਡੇਕ ਦੇ ਰੁੱਖ ਹੇਠ ਇੱਕ ਲਵੇਰੀ ਮੱਝ ਤੇ ਦੋ ਗਾਵਾਂ ਖੜੀਆਂ ਸਨ।
"ਭੈਣ ਮੇਰੀ, ਜੇ ਲੱਸੀ ਵਿੱਚ ਥੋੜੀ ਖੰਡ ਪਾ ਲਵੇ, ਤਾਂ ਤੂੰ ਅੱਗ ਡਾਹਣੋ ਬਚ ਜਾਏਗੀ ਤੇ ਮੈਨੂੰ ਗਰਮੀ ਵਿੱਚ ਕੁੱਝ ਗਰਮ ਨਾ ਪੀਣਾ ਪਉ"।
ਦੇਬੀ ਨੇ ਸੌਖਾ ਜਿਹਾ ਇਲਾਜ ਦੱਸਿਆ, ਸ਼ਰਮ ਆਦਿ ਬਾਹਲੀ ਉਹ ਨਹੀ ਸੀ ਕਰਦਾ, ਉਹ ਕਦੇ ਕਿਸੇ ਕੋਲ ਬਿਗਾਂਨੇਪਣ ਦੇ ਭਾਵ ਨਾਲ ਜਾਂਦਾ ਨਹੀ ਸੀ, ਇਸ ਲਈ ਛੇਤੀ ਹੀ ਘੁਲ ਮਿਲ ਜਾਦਾ ਸੀ।
"ਭਾਈਆ ਕੰਨ ਧਰ ਕੇ ਸੁਣ, ਦੇਬੀ ਨੂੰ ਰੱਬ ਨੇ ਆਪਣੇ ਲਈ ਘੱਲਿਆ"।
ਬਚਨ ਸਿੰਘ ਨੂੰ ਕਹਿੰਦੀ ਬੇਬੇ ਨੇ ਅਪਣੀ ਕੀਤੀ ਹੋਈ ਮਦਦ ਬਾਰੇ ਸੰਖੇਪ ਵਿੱਚ ਦੱਸਿਆ ਤੇ ਨਾਲੇ ਇਹ ਵੀ ਦੱਸਿਆ ਕਿ ਉਹ ਬਚਨ ਸਿੰਘ ਕੋਲ ਕਿਓ ਆਏ ਆ।
"ਮੈਨੂ ਤਾ ਸੱਚ ਨੀ ਆਉਦਾ ਮਿੰਦਰ ਕੁਰੇ, ਅੱਬਲ ਤਾਂ ਮੈ ਕਿਸੇ ਨੂੰ ਵਗਾਰ ਪਾਈ ਨੀ ਤੇ ਜੇ ਕਿਸੇ ਨੂੰ ਕਹਿ ਦਿਆ ਕਾਕਾ ਦੋ ਕੁ ਹਲ ਮੇਰੇ ਵੀ ਫੇਰ ਜਾ ਤਾਂ ਅੱਗੋ ਮਖੋਲ ਕਰਦੇ ਆ, ਬਈ ਤਾਇਆ ਬਲਦਾਂ ਨਾਲ ਵਾਹੇ ਖੇਤ ਚ ਫਸਲ ਵਧੀਆ ਹੁੰਦੀ ਆ"।
ਬਚਨ ਸਿੰਘ ਦੇ ਜੀਵਨ ਦਾ ਇਹ ਪਹਿਲਾ ਮੋਕਾ ਸੀ ਕਿ ਕੋਈ ਜਵਾਂਨ ਆ ਕੇ ਕਹਿ ਰਿਹਾ ਹੋਵੇ ਬਈ ਮੇਰੇ ਕੋਲੋ ਮਦਦ ਲਓ।
"ਤਾਇਆ ਜੀ, ਮੈਂ ਸੁਣਿਆ ਸੀ ਬਈ ਪੰਜਾਬ ਦੇ ਲੋਕ ਬੜੇ ਦਿਲਦਾਰ ਆ, ਬੜੇ ਵੱਡੇ ਦਿਲ ਰੱਖਦੇ ਆ, ਪਰ ਹੁਣ ਜਦੋ ਮੈਂ ਤੁਹਾਡੇ ਕੋਲੋ ਗੱਲਾਂ ਸੁਣਦਾ ਹਾਂ ਤਾ ਲਗਦਾ ਬਈ ਜਿਸ ਪੰਜਾਬ ਬਾਰੇ ਮੈਂ ਪੜਿਆ ਤੇ ਸੁਣਿਆ ਸੀ ਉਹ ਕਿਤੇ ਹੋਰ ਆ"।
ਦੇਬੀ ਨੂੰ ਆਮ ਲੋਕਾਂ ਦੀ ਖੁਦਗਰਜੀ ਤੇ ਬਹੁਤ ਅਫਸੋਸ ਸੀ।
"ਪੁੱਤ ਹੁਣ ਘੋਰ ਕਲਯੁਗ ਆ, ਕਿਤੇ ਅਸੀ ਇੱਕ ਦੂਜੇ ਦੇ ਸਾਹੀ ਜੀਂਦੇ ਸੀ"।
ਬਚਨ ਸਿੰਘ ਨੂੰ ਭਲੇ ਸਮੇਂ ਦੇ ਜਾਣ ਦਾ ਦਿਲੋ ਦੁੱਖ ਸੀ।
"ਤਾਇਆ ਜੀ, ਗੱਲਾਂ ਫੇਰ ਕਰ ਲਵਾਂਗੇ, ਮੈਨੂੰ ਖੇਤ ਦੱਸੋ ਤੇ ਫਸਲ ਬੀਜੀਏ"।
ਦੇਬੀ ਚਾਹੁੰਦਾ ਸੀ ਬਈ ਅੱਜ ਬਚਨ ਸਿੰਘ ਦਾ ਕੰਮ ਪੂਰਾ ਹੋ ਜਾਵੇ।
"ਪੁੱਤ ਇੱਕ ਦਿਨ ਹੋਰ ਰੁਕਣਾ ਪੈਣਾ, ਤੇਲ ਮੁੱਕ ਗਿਆ ਤੇ ਆੜਤੀਆ ਪੈਸੇ ਲਈ ਲਾਰਾ ਲਾਈ ਜਾਂਦਾ, ਇਕ ਖੱਤੀ ਦਾ ਕੱਦ ਪੂਰਾ ਹੋ ਗਿਆ, ਮੈਂ ਸੋਚਦਾ ਸੀ ਬਈ ਇਹਦੇ ਚ ਬਿਜਾਈ ਕਰਕੇ ਦੂਜੀ ਖੱਤੀ ਵੱਲ ਫੇਰ ਹੋਊਗਾ"। ਬਚਨ ਸਿੰਘ ਨੇ ਅਗਲੀ ਮਜਬੂਰੀ ਦੱਸੀ, ਇਨੇ ਛੋਟੇ ਜਿਮੀਦਾਰ ਦੇ ਕੋਈ ਕੰਮੀ ਜਾਂ ਭਈਆ ਵੀ ਮਜਦੂਰੀ ਲਈ ਨਹੀ ਸੀ ਆਉਦਾ ਕਿਉਕਿ ਪਤਾਂ ਸੀ ਕਿ ਝੋਨੇ ਦੀ ਲਵਾਈ ਦੇ ਪੈਸੇ ਥੋੜੇ ਥੋੜੇ ਕਰਕੇ ਮਿਲਣੇ ਆ।
"ਤਾਇਆ ਜੀ, ਤੁਸੀ ਟਰੈਕਟਰ ਦੀ ਟੰਚੀ ਵਿਚੋ ਤੇਲ ਕੱਢ ਕੇ ਇੰਜਣ ਚਲਾਓ, ਮੈਂ ਨਿਰਮਲ ਕੋਲੋ ਕੁੱਝ ਤੇਲ ਹੋਰ ਭੇਜ ਦਿੰਨਾਂ ਆ, ਜਦ ਤੱਕ ਪਾਣੀ ਪੂਰਾ ਨਹੀ ਹੁੰਦਾ ਇੰਜਣ ਬੰਦ ਨਹੀ ਕਰਨਾਂ, ਤੁਸੀ ਪਨੀਰੀ ਪੱਟ ਕੇ ਰੱਖ ਦਿਓ, ਦੁਪਹਿਰੋ ਬਾਅਦ ਆ ਕੇ ਮੈਂ ਕੱਦ ਕਰ ਦਿਆਂਗਾ ਤੇ ਅਪਣੇ ਦੋਵੇਂ ਭਈਏ ਤੇ ਨਿਰਮਲ ਨਾਲ ਤੁਸੀ ਹੋ ਜਾਇਓ ਦੋ ਦਿਨਾਂ ਵਿੱਚ ਝੋਨਾ ਲੱਗ ਜੂ"।
ਕਿੰਨਾ ਸੌਖਾ ਸੀ ਦੇਬੀ ਲਈ ਬਚਨ ਸਿੰਘ ਦੀ ਇੰਨੀ ਵੱਡੀ ਮੁਸ਼ਕਿਲ ਨੂੰ ਹੱਲ ਕਰ ਦੇਣਾਂ, ਨਿਰਮਲ ਤੇ ਭਈਏ ਦੋਵੇ ਵਿਹਲੇ ਜਿਹੇ ਹੀ ਸਨ, ਆਟੋਮੈਟਿਕ ਸਟਾਰਟਰ ਮੋਟਰਾਂ ਚਲਾ ਦਿੰਦੇ ਸਨ ਤੇ ਆਪ ਉਹ ਸਾਰੇ ਗੇੜਾ ਹੀ ਮਾਰਦੇ ਸਨ ਕਿ ਪਾਂਣੀ ਕਿਸ ਖੇਤ ਨੂੰ ਲਾਉਣਾ ਆ।
ਇੰਜਣ ਵਿੱਚ ਤੇਲ ਪੈ ਗਿਆ ਤੇ ਹੁਣ ਇੰਜਣ ਚੱਲ ਰਿਹਾ ਸੀ, ਠੰਡੇ ਠਾਰ ਪਾਣੀ ਦੀ ਧਾਰ ਨਾਲ ਬਚਨ ਸਿੰਘ ਦੀ ਥੋੜੀ ਜਿਹੀ ਪੈਲੀ ਦੀ ਪਿਆਸ ਬੁਝ ਰਹੀ ਸੀ, ਦੇਬੀ ਬੇਬੇ ਨੂੰ ਲੈ ਕੇ ਵਾਪਿਸ ਘਰ ਨੂੰ ਜਾ ਰਿਹਾ ਸੀ, ਬਚਨ ਸਿੰਘ ਤੇ ਕੰਤੀ ਟਰੈਕਟਰ ਪਿੱਛੇ ਉਡਦੀ ਧੂੜ ਨੂੰ ਦੇਖ ਰਹੇ ਸਨ, ਦੋਵੇ ਪਿਓ ਧੀ ਦਾ ਜੀਵਨ ਇੱਕ ਘੰਟੇ ਦੇ ਅੰਦਰ ਅੰਦਰ ਬਦਲ ਗਿਆ ਸੀ, ਕੰਤੀ ਸੋਚ ਰਹੀ ਸੀ ਕਾਸ਼ ਮੇਰਾ ਵੀ ਕੋਈ ਭਰਾ ਹੁੰਦਾ, ਬਚਨ ਸਿੰਘ ਦੇ ਰੱਬ ਤੇ ਕੀਤੇ ਸਾਰੇ ਗਿਲੇ ਦੂਰ ਹੋ ਗਏ, ਤੂੰ ਧੰਨ ਆ ਮਾਲਕਾ, ਅਸਮਾਨ ਵੱਲ ਤੱਕਦਾ ਉਹ ਰੱਬ ਦੀ ਹੋਂਦ ਵਿੱਚ ਟੁੱਟਦਾ ਅਪਣਾ ਯਕੀਨ ਮੁੜ ਬਹਾਲ ਕਰ ਰਿਹਾ ਸੀ, ਰੱਬ ਦੀ ਵੀ ਤਾਂ ਮਜਬੂਰੀ ਆ, ਸਿੱਧਾ ਆ ਕੇ ਕਿਸੇ ਦੇ ਖੇਤਾਂ ਵਿੱਚ ਕੱਦ ਥੋੜੀ ਕਰ ਸਕਦਾ, ਹੋ ਸਕਦਾ ਰੱਬ ਨੂੰ ਟਰੈਕਟਰ ਈ ਨਾਂ ਚਲਾਉਣਾ ਆਉਦਾ ਹੋਵੇ, ਫਿਰ ਕਿਸੇ ਨਾਂ ਕਿਸੇ ਮਨੁੱਖ ਦੇ ਰਾਹੀ ਹੀ ਆ ਸਕੇਗਾ ਤੇ ਘੱਟੋ ਘੱਟ ਬਚਨ ਸਿੰਘ ਦੇ ਘਰ ਅੱਜ ਉਹ ਜਰੂਰ ਆਇਆ ਸੀ।
"ਤਾਇਆ ਜੀ, ਬਲਦਾਂ ਦੀ ਜੋੜੀ ਵੇਚ ਕੇ ਪੈਸੇ ਕਿਸੇ ਹੋਰ ਕੰਮ ਤੇ ਲਾ ਦਿਓ, ਹਰ ਸੀਜਨ ਤੇ ਤੁਹਾਡੀ ਫਸਲ ਹੁਣ ਤੁਹਾਡਾ ਪੁੱਤਰ ਬੀਜੇਗਾ"।
ਆਉਦਾ ਹੋਇਆ ਦੇਬੀ ਬਚਨ ਸਿੰਘ ਨੂੰ ਕਹਿ ਆਇਆ ਸੀ, ਬੇਬੇ ਨੂੰ ਘਰ ਛੱਡਣ ਗਿਆ ਦੇਬੀ ਰਾਹ ਵਿੱਚ ਬੇਬੇ ਨੂੰ ਪੁੱਛ ਰਿਹਾ ਸੀ
"ਬੇਬੇ ਇਥੇ ਤਾਂ ਕੰਮ ਈ ਥੋੜਾ ਮਿਲਿਆ, ਹੁਣ ਹੋਰ ਕਿੱਥੇ ਜਾ ਸਕਦਾ ਆਂ ?"
"ਪੁੱਤ ਤੇਰੀ ਚਾਲ ਦੇ ਹਿਸਾਬ ਨਾਲ ਤਾਂ ਅੱਧੇ ਪਿੰਡ ਦਾ ਝੋਨਾ ਤੂੰ ਈ ਲਾ ਸਕਦਾ, ਹੁਣ ਤਾਂ ਮੈਨੂੰ ਦੇਖਣਾ ਪੈਣਾ ਬਈ ਕੀਹਨੂੰ ਮਦਦ ਦੀ ਲੋੜ ਆ"।
ਬੇਬੇ ਲਈ ਦੇਬੀ ਤੂਫਾਂਨਮੇਲ ਸੀ, ਹਾਲੇ ਉਹ ਘਰ ਦੇ ਨੇੜੇ ਹੀ ਪਹੁੰਚੇ ਸਨ ਕਿ ਰੌਲਾ ਜਿਹਾ ਸੁਣਿਆ, ਪਤਾ ਲੱਗਾ ਸਾਂਝੀ ਮੋਟਰ ਦੇ ਪਾਣੀ ਦੇ ਰੌਲੇ ਤੋ ਗੱਜਣ ਸਿੰਘ ਦੇ ਦੋਵੇ ਮੁੰਡੇ ਆਪਸ ਵਿੱਚ ਲੜ ਪਏ,
ਦੇਬੀ ਤੇ ਬੇਬੇ ਵੀ ਵਾਹੋਦਾਹੀ ਉਨਾਂ ਦੇ ਘਰ ਵੱਲ ਨੂੰ ਦੌੜੇ, ਦਰਿਸ਼ ਇਹ ਸੀ ਕਿ ਦੋਵੇ ਭਰਾਂਵਾਂ ਦੇ ਵਾਲ ਖੁੱਲੇ ਹੋਏ ਸਨ ਪੱਗਾ ਪੈਰਾਂ ਵਿੱਚ ਰੁਲ ਰਹੀਆ ਸਨ ਤੇ ਇੱਕ ਦੇ ਹੱਥ ਵਿੱਚ ਕਹੀ ਫੜੀ ਸੀ ਤੇ ਦੂਜਾ ਦਾਤਰ ਚੁੱਕੀ ਫਿਰਦਾ ਸੀ, ਸਕੇ ਭਰਾ ਸੀ ਪਰ ਇੱਕ ਦੂਜੇ ਨੂੰ ਮਾਵਾਂ ਭੈਣਾ ਦੀਆਂ ਗਾਲਾਂ ਕੱਢੀ ਜਾ ਰਹੇ ਸਨ, ਦੋਵਾਂ ਦੀਆਂ ਤੀਵੀਆ ਅਲੱਗ ਇੱਕ ਦੂਜੀ ਨੂੰ ਕੰਜਰੀ ਕੁੱਤੀ ਕਹਿ ਰਹੀਆਂ ਸੀ, ਲੋਕੀ ਕੰਧਾਂ ਤੇ ਚੜੇ ਖੜੇ ਸਨ, ਸਭ ਤਮਾਸ਼ਾ ਜਿਹਾ ਦੇਖ ਰਹੇ ਸਨ, ਡਰਦਾ ਕੋਈ ਨੇੜੇ ਨੀ ਸੀ ਜਾ ਰਿਹਾ ਬਈ ਅੱਕਿਆ ਕੋਈ ਉਹਨਾ ਦੇ ਗਲ ਈ ਨਾਂ ਪੈ ਜਾਵੇ, ਦੇਬੀ ਨੂੰ ਉਨਾ ਦਾ ਆਪਸੀ ਵਰਤਾਅ ਦੇਖ ਕੇ ਧੱਕਾ ਜਿਹਾ ਲੱਗਿਆ ਕਿ ਦੋ ਭਰਾ ਇਨਾਂ ਕਮੀਨਾ ਪਣ ਕਰ ਸਕਦੇ ਆ ?
"ਤੁੰ ਆਈ ਮੋਟਰ ਤੇ ਉਥੇ ਈ ਟੁੱਕ ਕੇ ਦੱਬੂ ਵੱਡੇ ਸਾਂਨ ਨੂੰ"।
ਛੋਟਾ ਭਰਾ ਬੋਲਿਆ।
"ਓਏ ਕਲਯੁਗੀਆ ਵੱਡੇ ਭਰਾ ਦੀ ਧੋਲੀ ਦਾੜੀ ਦੀ ਕੋਈ ਸ਼ਰਮ ਕਰ, ਮੈਥੋ ਕਈ ਵਾਰ ਕੁੱਟ ਖਾ ਚੁੱਕਿਆ ਵੱਡਾ ਦਾਰਾ ਸਿੰਘ"।
ਵੱਡੇ ਭਰਾ ਨੂੰ ਇਹ ਗੁੱਸਾ ਸੀ ਕਿ ਵੱਡਾ ਹੋਣ ਦੇ ਨਾਤੇ ਉਹਦਾ ਹੱਕ ਜਾਦਾ ਬਣਦਾ।
"ਠਹਿਰ ਤੇਰੀ ਵੱਡੇ … ਦੀ"।
ਕਹਿ ਕੇ ਛੋਟਾ ਹਾਲੇ ਦਾਤਰ ਚੱਕ ਕੇ ਵਾਰ ਕਰਨ ਲਈ ਤਿਆਰ ਹੀ ਹੋਇਆ ਸੀ ਕਿ ਇੱਕ ਕੜਕਵੀ ਅਵਾਜ ਕੰਨੀ ਪਈ …
"ਖਬਰਦਾਰ ਜੇ ਵੱਡੇ ਵੀਰ ਤੇ ਹੱਥ ਚੁੱਕਿਆ"।
ਦੇਬੀ ਚਾਰ ਕਦਮ ਅੱਗੇ ਆ ਗਿਆ, ਸਭ ਹੈਰਾਂਨ ਹੋ ਗਏ, ਬੇਬੇ ਦੇਬੀ ਨੂੰ ਰੋਕਣਾ ਚਾਹ ਕੇ ਵੀ ਰੋਕ ਨਾਂ ਸਕੀ ਉਸਦੇ ਬੋਲ ਸੰਘ ਵਿੱਚ ਹੀ ਘੁੱਟੇ ਗਏ, ਦਾਤਰ ਵਾਲੇ ਨੇ ਦੇਖਿਆ ਸਾਹਮਣੇ ਇੱਕ ਅਜਨਬੀ ਖੜਾ ਹੈ, ਉਚਾ ਲੰਮਾ ਤਾਕਤਵਾਰ ਬੰਦਾ ਤੇ ਰੋਹਬਦਾਰ ਅਵਾਜ, ਦੇਖ ਕੇ ਪਹਿਚਾਂਣ ਵੀ ਲਿਆ ਕਿ ਇਹ ਹੈ ਕੌਣ, ਸਾਰੇ ਪਿੰਡ ਵਿੱਚ ਇੱਕ ਹੀ ਮੁੰਡਾ ਸੀ ਜਿਹੜਾ ਬਾਹਰੋ ਆਇਆ ਸੀ … ।
"ਵਲੈਤੀਆ ਪਾਸੇ ਹੋ ਜਾ ਕਿਤੇ ਵਿੱਚ ਨਾਂ ਰਗੜਿਆ ਜਾਈ, ਅੱਜ ਮੈ ਇੱਕ ਪਾਸਾ ਕਰ ਕੇ ਰਹਿਣਾ"। ਬੂਟਾ ਸਿੰਘ ਸਦਾਂ ਦੇ ਝਗੜੇ ਤੋ ਦੁਖੀ ਸੀ।
"ਇੱਕ ਪਾਸਾ ਤਾਂ ਕਰ ਲਵਾਂਗੇ ਪਰ ਪਹਿਲਾਂ ਬੰਦਿਆਂ ਵਾਲੀ ਭਾਸ਼ਾ ਬੋਲ ਤੇ ਦਾਤਰ ਪਰੇ ਸੁੱਟ"।
ਦੇਬੀ ਦੋ ਕਦਮ ਹੋਰ ਅੱਗੇ ਆ ਗਿਆ।
"ਮੈ ਂਕਿਹਾ ਤੂੰ ਹੁੰਨਾ ਕੋਣ ਆ ਸਾਡੇ ਮਾਮਲੇ ਚ ਦਖਲ ਦੇਣ ਵਾਲਾ ?"।
ਬੂਟਾ ਸਿੰਘ ਇਸ ਅਚਾਂਨਕ ਆਈ ਬਲਾ ਤੇ ਕਲਪ ਗਿਆ।
"ਮੈ ਤੁਹਾਡਾ ਦੋਵਾ ਦਾ ਭਰਾ ਆ ਤੇ ਤੁਹਾਨੂੰ ਲੜਨ ਨਹੀ ਦੇਣਾ"।
ਦੇਬੀ ਨੇ ਕਿਹਾ, ਬੂਟਾ ਸਿੰਘ ਦਾ ਵੱਡਾ ਭਰਾ ਧਰਮ ਸਿੰਘ ਦੇਬੀ ਦੀ ਗੱਲ ਧਿਆਂਨ ਨਾਲ ਸੁਣ ਰਿਹਾ ਸੀ ਤੇ ਮਨ ਹੀ ਮਨ ਧੰਨਵਾਦੀ ਹੋ ਰਿਹਾ ਸੀ ਕਿ ਝਗੜਾ ਟਲ ਹੀ ਜਾਵੇ, ਲੜਾਈ ਦੇ ਦੋ ਪਲਾਂ ਵਿੱਚ ਕਈ ਵਾਰ ਘਰ ਬਰਬਾਦ ਹੋ ਜਾਂਦੇ ਆ।
"ਲੜਨਾਂ ਦੇਬਾ ਸਿਆ ਕੋਣ ਚਾਹੁੰਦਾ ਆ, ਇਹ ਤਾਂ ਇਹਦੀ ਮੱਤ ਮਾਰੀ ਗਈ ਘਰਵਾਲੀ ਦੀ ਮੰਨ ਕੇ ਭਰਾ ਦੇ ਗਲ ਨੂੰ ਆਉਦਾ"।
ਧਰਮ ਸਿੰਘ ਨੇ ਹਾਲੇ ਕਿਹਾ ਈ ਸੀ ਕਿ ਬੂਟਾ ਸਿੰਘ ਫਿਰ ਭੂਤਰ ਗਿਆ, ਉਹ ਘਰਵਾਲੀ ਦੀ ਗੱਲ
ਮੰਨਦਾ ਆ ਇਸ ਗੱਲ ਤੇ ਬੂਟਾ ਸਿੰਘ ਤਾਅ ਖਾ ਗਿਆ … ।।
"ਠਹਿਰ ਤੈਨੂੰ ਮੈਂ ਦੱਸਦਾਂ ਵੱਡੇ …"।
ਏਨਾ ਕਹਿ ਕੇ ਧਰਮ ਸਿੰਘ ਵੱਲ ਵਧਿਆ ਤੇ ਦਾਤਰ ਦਾ ਵਾਰ ਕਰਨ ਦੀ ਕੋਸ਼ਿਸ਼ ਕੀਤੀ, ਪਰ ਦੇਖਣ ਵਾਲਿਆਂ ਨੇ ਦੇਖਿਆ ਬਈ ਗਜਬ ਦੀ ਫੁਰਤੀ ਨਾਲ ਦੇਬੀ ਨੇ ਉਹਨੂੰ ਝਕਾਨੀ ਦਿੱਤੀ ਤੇ ਉਹਦਾ ਸੱਜਾ ਹੱਥ ਗੁੱਟ ਤੋ ਏਨੀ ਜੋਰ ਦੀ ਘੁੱਟ ਕੇ ਫੜ ਲਿਆ ਕਿ ਹੁਣ ਉਹ ਦਾਤਰ ਦੀ ਵਰਤੋਂ ਨਹੀ ਸੀ ਕਰ ਸਕਦਾ, ਐਸੇ ਦਾਅ ਪੇਚ ਉਨਾਂ ਨੂੰ ਫੋਜ ਵਿੱਚ ਸਾਰੇ ਸਿਖਾਏ ਗਏ ਸਨ, ਇੱਕ ਮਿੰਟ ਦੇ ਵਿੱਚ ਬੂਟਾ ਸਿੰਘ ਦੀ ਬਾਂਹ ਮਰੋੜ ਕੇ ਦੇਬੀ ਨੇ ਉਹਦੀ ਪਿੱਠ ਨਾਲ ਲਾਈ ਹੋਈ ਸੀ, ਦਾਤਰ ਹੱਥੋ ਡਿੱਗ ਚੁੱਕਾ ਸੀ, ਧਰਮ ਸਿੰਘ ਨੇ ਦਾਤਰ ਤੇ ਹੱਥੀ ਫੜੀ ਕਹੀ ਪਰੇ ਵਗਾਹ ਮਾਰੀ, ਬੂਟਾ ਸਿੰਘ ਨੇ ਬਾਂਹ ਛੁਡਾਉਣ ਦੀ ਕੋਸ਼ਿਸ਼ ਕੀਤੀ ਪਰ ਦੇਬੀ ਨੇ ਥੋੜਾ ਮਰੋੜਾ ਹੋਰ ਦੇ ਕੇ ਕਿਹਾ …
"ਬਾਈ ਜੀ ਬੰਦਿਆਂ ਵਾਗੂ ਗੱਲ ਕਰਨੀ ਆ ਤਾ ਹੱਥ ਛੱਡ ਦਿੰਨਾ ਆ, ਗਾਲਾਂ ਕੱਢਣੀਆ ਆ ਤਾਂ ਫਿਰ ਦੂਜੀ ਬਾਂਹ ਵੀ ਮਰੋੜਨੀ ਪਊ, ਦੱਸੋ ਕੀ ਇਰਾਦਾ ਆ"। ਦੇਬੀ ਨੇ ਬੜੇ ਪਰੇਮ ਨਾਲ ਕਿਹਾ, ਬੂਟਾ ਸਿੰਘ ਦੇ ਦਿਮਾਗ ਦੀ ਫਿਰਕਣੀ ਘੁੰਮ ਗਈ ਬਈ ਅਜੀਬ ਆਦਮੀ ਆ, ਬਾਂਹ ਮਰੋੜੀ ਖੜਾ ਆ ਤੇ ਨਾਲੇ ਬਾਈ ਜੀ ਕਹਿ ਰਿਹਾ, ਇਸ ਤੋ ਇਲਾਵਾ ਬੂਟਾ ਸਿੰਘ ਨੇ ਦੇਬੀ ਦੀ ਸਰੀਰਕ ਤਾਕਤ ਦਾ ਅੰਦਾਜਾ ਲਾ ਲਿਆ ਸੀ … ।।
"ਜੇ ਦੂਜੇ ਬੰਨਿਓ ਵੀ ਬੰਦਿਆ ਵਾਲੀ ਗੱਲ ਹੋਵੇ ਤਾਂ ਮੇਰੇ ਦਿਮਾਗ ਚ ਕੋਈ ਨੁਕਸ ਥੋੜਾ ਬਈ ਦਾਤਰ ਚੱਕੀ ਫਿਰਾਂ"।
ਬੂਟਾ ਸਿੰਘ ਹੁਣ ਢਿੱਲਾ ਪੈ ਗਿਆ ਸੀ।
"ਦੂਜੇ ਬੰਨਿਓ ਕੋਈ ਢਿੱਲ ਨੀ ਤੂੰ ਜਰਾ ਠੰਡਾ ਪੈ"।
ਧਰਮ ਸਿੰਘ ਨੇ ਕਿਹਾ।
"ਚਲੋ ਦੋਵੇ ਭਰਾ ਆਹਮੋ ਸਾਹਮਣੇ ਬੈਠੋ ਦੇਖੀਏ ਕੀ ਪਰਲੋ ਆ ਗਈ ਜੋ ਮਰਨ ਮਾਰਨ ਤੇ ਉਤਰ ਗਏ"। ਦੇਬੀ ਨੇ ਬਾਹ ਛੱਡ ਦਿੱਤੀ, ਬੂਟਾ ਸਿੰਘ ਸੀਲ ਗਊ ਵਾਂਗ ਮੰਜੇ ਤੇ ਬੈਠ ਗਿਆ, ਧਰਮ ਸਿੰਘ ਉਹਦੇ ਸਾਹਮਣੇ ਬੈਠ ਗਿਆ।
"ਭਾਬੀ ਜੀ ਤੁਸੀ ਵੀ ਨੇੜੇ ਆਜੋ"।
ਦੇਬੀ ਨੇ ਕਿਹਾ ਤੇ ਨਾਲੇ ਬੇਬੇ ਨੂੰ ਵੀ ਵਾਜ ਮਾਰ ਲਈ।
"ਇਹੋ ਜਿਹੀ ਕੀ ਗੱਲ ਹੋ ਗਈ ਬਾਈ ਜੀ ਜੋ ਸਕੇ ਭਰਾ ਹੋ ਕੇ ਦੁਸ਼ਮਣ ਬਣੇ ਬੈਠੇ ਓ ?"।
ਦੇਬੀ ਐਨੀ ਨਫਰਤ ਤੇ ਹੈਰਾਂਨ ਸੀ।
"ਛੋਟੇ ਵੀਰ ਕੀ ਦੱਸਾਂ, ਬਾਪੂ ਦੇ ਜਾਂਣ ਪਿੱਛੋ ਅਸੀਂ ਵੰਡ ਕਰ ਲਈ, ਮੋਟਰ ਸਾਡੇ ਕੋਲ ਇੱਕ ਆ ਤੇ ਅਸੀ ਵਾਰੀ ਬੰਨੀ ਹੋਈ ਆ ਬਈ ਇੱਕ ਦਿਨ ਇਹ ਪਾਂਣੀ ਲਾਊ ਤੇ ਦੂਜੇ ਦਿਨ ਮੈਂ, ਤੈਨੂੰ ਪਤਾ ਬਈ ਸੀਜਨ ਦਾ ਜੋਰ ਆ, ਇਹਨੇ ਇੱਕ ਦਿਨ ਮੰਗ ਕੇ ਵਾਧੂ ਪਾਣੀ ਲੈ ਲਿਆ ਤੇ ਅੱਜ ਮੈਂ ਮੋਟਰ ਚਲਾਉਣ ਗਿਆ ਤਾਂ ਕਹਿੰਦਾ ਅੱਜ ਮੇਰੀ ਵਾਰੀ ਆ, ਮੈਂ ਅਪਣਾ ਝੋਨਾ ਲਾਉਣਾ ਆ, ਮੈਂ ਕਿਹਾ ਬਈ ਹੁਣ ਦੋ ਦਿਨ ਮੈ ਵੀ ਪਾਣੀ ਲਾਉਣਾ ਆ ਬੱਸ ਇਸੇ ਗੱਲ ਤੇ ਤਾਅ ਖਾ ਗਿਆ ਤੇ ਘਰ ਨੂੰ ਭੱਜ ਆਇਆ ਦਾਤਰ ਲੈਂਣ, ਅਖੇ ਮੈ ਰੋਜ ਦਾ ਸਿਆਪਾ ਈ ਮੁਕਾ ਦੇਣਾ"।
ਧਰਮ ਸਿੰਘ ਦੁਖੀ ਹਿਰਦੇ ਨਾਲ ਬੋਲਿਆ।
"ਬਾਈ ਪਾਣੀ ਬਦਲੇ ਅਪਣੇ ਲਹੂ ਨੂੰ ਡੋਹਲਣ ਲਈ ਤਿਆਰ ਹੋ ਗਿਆ ?''।
ਦੇਬੀ ਨੇ ਬੂਟਾ ਸਿੰਘ ਨੂੰ ਪੁੱਛਿਆ।
"ਬਾਈ ਜੀ, ਐਵੇ ਬਲੱਡ ਪਰੈਸਰ ਜਰਾ ਹਾਈ ਹੋ ਗਿਆ, ਗੱਲ ਤੇ ਕੋਈ ਬਾਹਲੀ ਹੈ ਨੀ ਸੀ"।
ਬੂਟਾ ਸਿੰਘ ਸਿਰ ਸੁੱਟੀ ਬੈਠਾ ਸੀ, ਉਸ ਨੂੰ ਅਪਣੀ ਸੀਨਾਜੋਰੀ ਦਾ ਅਹਿਸਾਸ ਹੋ ਗਿਆ ਸੀ।
"ਪਹਿਲੀ ਗੱਲ ਤੇ ਇਹ ਕਿ ਤੁਸੀ ਵੱਖਰੀ ਖੇਤੀ ਕਿਓ ਕਰਦੇ ਓ, ਜੇ ਵੱਖਰੀ ਕਰਨੀ ਈ ਆ ਤੇ ਆਹ ਇੱਕ ਮੋਟਰ ਹੋਰ ਲਵਾ ਕੇ ਝਗੜੇ ਦਾ ਮੁੱਦਾ ਹੀ ਨਿਬੇੜ ਦਿਓ"।
ਦੇਬੀ ਨੇ ਕਿਹਾ।
"ਮੋਟਰ ਲਵਾਉਣ ਲਈ ਪਹਿਲਾ ਸਕਿਓਰਟੀ ਰੱਖਣੀ ਪੈਂਦੀ ਆ, ਲੱਤਾਂ ਹਾਲੇ ਭਾਰ ਨੀ ਚੁੱਕਦੀਆਂ ਬਾਈ"।
ਧਰਮ ਸਿੰਘ ਨੇ ਵਿਚਲੀ ਗੱਲ ਦੱਸੀ।
"ਜੇ ਲੱਤਾਂ ਭਾਰ ਨੀ ਚੁੱਕਦੀਆ ਤਾਂ ਭਾਰ ਵੰਡ ਲਓ, ਇੱਕ ਮਾਂ ਦੇ ਪੇਟੋ ਜਨਮ ਲਿਆ, ਇੱਕ ਕੌਲੀ ਵਿੱਚ ਖਾਂਦੇ ਰਹੇ ਹੁਣ ਸ਼ਰੀਕਾ ਕਰਨਾ ਕੋਈ ਮਜਬੂਰੀ ਆ ? ਭਰਾ ਬਣ ਕੇ ਇੱਕ ਦੂਜੇ ਦਾ ਭਾਰ ਵੰਡੋ ਤੇ ਅਪਣੇ ਬੱਚਿਆ ਨੂੰ ਕੋਈ ਵਧੀਆ ਜੀਵਨ ਦੇਵੋ, ਜਾਨਵਰਾਂ ਵਾਗੂ ਚੀਰ ਫਾੜ ਕਰਕੇ ਝੋਨਾ ਛੇਤੀ ਲੱਗਜੂ ?" ।
ਦੇਬੀ ਨੇ ਸਲਾਹ ਵੀ ਦਿੱਤੀ ਅਤੇ ਉਨਾ ਦੀ ਆਤਮਾ ਨੂੰ ਜਗਾਉਣ ਦੀ ਕੋਸ਼ਿਸ਼ ਵੀ ਕੀਤੀ, ਉਹ ਦੋਵੇ ਨੀਵੀ ਪਾਈ ਬੈਠੇ ਸਨ।
"ਵੇ ਹੁਣ ਸਿਰ ਸੁੱਟੀ ਬੈਠਾ, ਕਹਿੰਦਾ ਸੀ ਮੇਰੀ ਇੱਕ ਮੁੱਕੀ ਦੀ ਮਾਰ ਆ"।
ਛੋਟੇ ਦੀ ਘਰਵਾਲੀ ਬਰੂਹਾਂ ਚੋ ਬੋਲੀ, ਉਹ ਹੀ ਅਸਲ ਪਵਾੜੇ ਦੀ ਜੜ ਸੀ, ਉਹਨੂੰ ਡਰ ਸੀ ਕਿਤੇ ਇਹ ਵਲੈਤੀਆ ਸਮਝੋਤਾ ਨਾਂ ਕਰਾ ਦੇਵੇ।
"ਭਾਬੀ ਜੀ ਬੜੀ ਸਰਮ ਦੀ ਗੱਲ ਆ, ਜੇ ਅੱਜ ਸਿਰ ਦਾ ਸਾਈ ਲੜਾਈ ਵਿੱਚ ਜਖਮੀ ਹੋ ਜਾਦਾ ਤਾ ਘਰ ਉਜੜ ਜਾਣਾ ਸੀ, ਨਹੁੰਆ ਨਾਲੋ ਮਾਸ ਵੱਖ ਕਰਨ ਦੀ ਕੋਸ਼ਿਸ਼ ਨਾਂ ਕਰੋ, ਜੇ ਇਹੀ ਝਗੜਾ ਤੁਹਾਡੇ ਮਾਂ ਜਾਇਆ ਵਿੱਚ ਹੁੰਦਾ ਫੇਰ ਕੀ ਕਰਦੇ ?"।
ਦੇਬੀ ਛੋਟੇ ਦੀ ਘਰਵਾਲੀ ਨੂੰ ਪੈ ਗਿਆ।
"ਮੇਰੇ ਭਰਾ ਕਿਓ ਲੜਨ, ਸਾਹੀ ਜੀਦੇ ਆ ਇੱਕ ਦੂਜੇ ਦੇ"।
ਉਹ ਨੱਕ ਫੁਲਾ ਕੇ ਮੇਹਣਾ ਜਿਹਾ ਮਾਰਦੀ ਬੋਲੀ।
"ਤੇਰੇ ਆਉਣ ਤੋ ਪਹਿਲਾ ਅਸੀ ਵੀ ਸਾਹੀ ਜੀਂਦੇ ਸੀ, ਮੇਰਾ ਭਰਾ ਖੋਹ ਲਿਆ ਆਉਦੀ ਨੇ"।
ਧਰਮ ਸਿੰਘ ਅੱਗੇ ਪਲ ਵਿੱਚ ਬਚਪਨ ਤੋ ਜਵਾਂਨੀ ਘੁੰਮ ਗਈ।
"ਤੂੰ ਚੁੱਪ ਕਰਜਾ ਕਿਤੇ ਮੇਰਾ ਗੁੱਸਾ ਤੇਰੇ ਤੇ ਨਾਂ ਨਿਕਲ ਜੇ"।
ਬੂਟਾ ਸਿੰਘ ਨੇ ਅਪਣੀ ਘਰਵਾਲੀ ਨੂੰ ਝਿੜਕਿਆ, ਸਭ ਜਾਂਣਦੇ ਸੀ ਕਿ ਇਹ ਤੀਵੀ ਏਧਰ ਦੀ ਓਧਰ ਲਾਈ ਰੱਖਦੀ ਸੀ, ਏਹਦੇ ਪੇਕੇ ਸ਼ਹਿਰ ਰਹਿੰਦੇ ਸਨ ਤੇ ਇਹ ਵੀ ਜਮੀਨ ਵੇਚ ਕੇ ਸ਼ਹਿਰ ਕੋਈ
ਦੁਕਾਨ ਕਰਨ ਲਈ ਜੋਰ ਪਾਉਦੀ ਸੀ, ਬੂਟਾ ਸਿੰਘ ਮੰਨਦਾ ਨਹੀ ਸੀ ਤੇ ਇਸ ਤਰਾਂ ਹੋਲੀ ਹੋਲੀ ਦੋਵੇ ਭਰਾਵਾਂ ਨੂੰ ਲੜਾਉਣ ਵਿੱਚ ਕਾਮਯਾਬ ਹੋ ਗਈ ਤੇ ਇਹਨਾਂ ਜਮੀਨ ਵੰਡ ਲਈ, ਜਮੀਨ ਕੀ ਵੰਡੀ ਰੋਜ ਦਾ ਕਲੇਸ਼ ਸ਼ੁਰੂ ਹੋ ਗਿਆ, ਤੇ ਅੱਜ ਇਸ ਕਲੇਸ਼ ਦਾ ਫਾਈਨਲ ਦਿਨ ਸੀ।
"ਬਾਈ ਜੀ ਮੈ ਵੀ ਅਪਣੇ ਭਰਾ ਨਾਲ ਝਗੜਾ ਨਹੀ ਕਰਨਾ ਚਾਹੁੰਦਾ, ਪਰ ਸਾਡੀ ਹੁਣ ਬਾਹਲੀ ਬਣਦੀ ਵੀ ਨਹੀ, ਤੁਸੀ ਹੀ ਦੱਸੋ ਬਈ ਕਰੀਏ ਤਾਂ ਕਰੀਏ ਕੀ ?"।
ਬੂਟਾ ਸਿੰਘ ਪਸਚਾਤਾਪ ਕਰਨਾ ਚਾਹੁੰਦਾ ਸੀ।
"ਝਗੜਾ ਝੋਨਾ ਬੀਜਣ ਦਾ ਆ ਤਾਂ ਇਹ ਕੋਈ ਮੁਸ਼ਕਿਲ ਨਹੀ, ਜਮੀਨ ਭਾਵੇ ਵੰਡੀ ਰੱਖੋ, ਪਹਿਲਾਂ ਇੱਕ ਦੀ ਫਸਲ ਦੋਵੇ ਰਲ ਕੇ ਬੀਜੋ, ਫਿਰ ਦੂਜੇ ਦੀ, ਤੇ ਅਗਲੇ ਸੀਜਨ ਵਿੱਚ ਜਿਸਦੀ ਵਾਰੀ ਪਹਿਲਾਂ ਸੀ ਉਹ ਦੂਜੀ ਵਾਰੀ ਲੈ ਲਵੇ, ਵਾਰੀ ਸਿਰ ਪਾਣੀ ਲਾ ਕੇ ਕਿਹੜਾ ਛੇਤੀ ਕੱਦ ਹੋ ਜਾਊ ?"।
ਦੇਬੀ ਨੇ ਸੁਭਾਵਿਕ ਹੀ ਕਿਹਾ।
"ਗੱਲ ਤਾਂ ਬਾਈ ਠੀਕ ਆ, ਹਰ ਸਾਲ ਅਸੀ ਝੋਨਾ ਲਾਉਣ ਵਿੱਚ ਲੇਟ ਹੋ ਜਾਂਦੇ ਆ ਤੇ ਇੱਕ ਦੂਜੇ ਵੱਲ ਆਨੇ ਵੱਖਰੇ ਟੱਡਦੇ ਰਹੀਦਾ, ਮੈਨੂੰ ਤਾਂ ਬਾਈ ਦੀ ਗੱਲ ਮਨਜੂਰ ਆ"।
ਬੂਟਾ ਸਿੰਘ ਨੇ ਕਿਹਾ।
"ਜੇ ਤੈਨੂੰ ਮਨਜੂਰ ਆ ਤਾਂ ਮੈਨੂੰ ਵੀ ਮਨਜੂਰ ਆ ਮੇਰੇ ਵੱਲੋ ਭਾਵੇ ਪਹਿਲਾਂ ਤੂੰ ਝੋਨਾ ਬੀਜ ਲਾ, ਮੈਂ ਨਾਲ ਬਿਜਾਊ"।
ਧਰਮ ਸਿੰਘ ਨੂੰ ਜਮਾ ਈ ਇਤਰਾਜ ਨਹੀ ਸੀ।
"ਨਹੀ ਬਾਈ, ਪਹਿਲ ਤੇਰੀ, ਮੇਰੇ ਕੋਲੋ ਬਹੁਤ ਵੱਡੀ ਗਲਤੀ ਹੋ ਚੱਲੀ ਸੀ, ਭਲਾ ਹੋਵੇ ਵਲੈਤੀਏ ਬਾਈ ਦਾ ਜਿਹਨੇ ਸਦਾਂ ਲਈ ਉਜੜਨੋ ਬਚਾਤੇ"।
ਉਹ ਉਠ ਕੇ ਵੱਡੇ ਦੇ ਪੈਰੀ ਹੱਥ ਲਾਉਣ ਲੱਗਾ ਤਾ ਧਰਮ ਸਿੰਘ ਨੇ ਉਹਨੂੰ ਫੜ ਕੇ ਸੀਨੇ ਨਾਲ ਲਾ ਲਿਆ, ਬੂਟਾ ਸਿੰਘ ਲੜਾਈ ਦੀ ਪਹਿਲ ਕਰਨ ਕਰਕੇ ਸ਼ਰਮਸ਼ਾਰ ਸੀ।
"ਠੰਡ ਪੈ ਗਈ ਭਰਾਵਾ, ਕਈ ਸਾਲਾਂ ਦੇ ਐਵੇ ਵੈਰੀ ਬਣੇ ਹੋਏ ਸੀ"।
ਧਰਮ ਸਿੰਘ ਅੱਖਾਂ ਭਰ ਆਇਆ।
ਆਂਢ ਗੁਆਂਡ ਬੜੀ ਦਿਲਚਸਪੀ ਨਾਲ ਸਾਰਾ ਮਾਜਰਾ ਦੇਖ ਰਹੇ ਸੀ, ਕਿਸੇ ਨੂੰ ਆਸ ਨਹੀ ਸੀ ਕਿ ਉਹ ਆਪਸ ਵਿੱਚ ਸਮਝੋਤਾ ਕਰ ਲੈਂਣਗੇ, ਕਿਸੇ ਸਰਪੰਚ ਦੀ ਲੋੜ ਨਾਂ ਪਈ, ਦੇਬੀ ਦੀ ਹੋਰ ਬੱਲੇ ਬੱਲੇ ਹੋ ਗਈ।
"ਵੇ ਵੀਰਾ ਵਸਦਾ ਰਹੇ, ਸਾਡਾ ਘਰ ਬਚਾ ਤਾ"।
ਧਰਮ ਸਿੰਘ ਦੀ ਘਰਵਾਲੀ ਦੇਬੀ ਅੱਗੇ ਹੱਥ ਜੋੜੀ ਖੜੀ ਸੀ, ਉਹ ਬਹੁਤ ਸਾਊ ਸੀ ਤੇ ਬੂਟਾ ਸਿੰਘ ਦੀ ਘਰਵਾਲੀ ਅੱਗੇ ਵਿਚਾਰੀ ਦੀ ਪੇਸ਼ ਨਾਂ ਜਾਂਦੀ, ਅਪਣੇ ਘਰਵਾਲੇ ਤੇ ਦਿਉਰ ਨੂੰ ਗਲੇ ਮਿਲਦੇ ਦੇਖ ਉਹਦੀਆਂ ਅੱਖਾਂ ਭਰ ਆਈਆ, ਓਧਰ ਛੋਟੇ ਦੀ ਘਰਵਾਲੀ ਨੱਕ ਬੁੱਲ ਕੱਢਦੀ ਆਵਦੇ ਅੰਦਰ ਜਾ ਵੜੀ।
"ਤੂੰ ਚੱਲ ਅੰਦਰ ਤੇਰੀ ਵੀ ਅੱਜ ਖਬਰ ਲੈਨਾਂ"।
ਬੂਟਾ ਸਿੰਘ ਅਪਣੀ ਘਰਵਾਲੀ ਤੇ ਬਹੁਤ ਖਫਾ ਸੀ, ਇਹੀ ਉਸ ਨੂੰ ਟਿਕਣ ਨਹੀ ਸੀ ਦਿੰਦੀ।
"ਨਹੀ ਬਾਈ, ਖਬਰ ਨਹੀ ਲੈਣੀ, ਗੱਲਬਾਤ ਕਰਨੀ ਆ, ਭਰਜਾਈ ਨੂੰ ਬੈਠ ਕੇ ਪਰੇਮ ਨਾਲ ਪਹਿਲਾ
ਉਹਦੇ ਦਿਲ ਦੀ ਪੁੱਛ ਐਵੇ ਨਾਂ ਹੁਣ ਉਹਦੇ ਨਾਲ ਲੜਨ ਬਹਿ ਜਾਵੀ, ਉਹਦੀ ਗੱਲ ਵੀ ਤੈਨੂੰ ਸੁਣਨੀ ਪੈਣੀ ਆ ਤੇ ਫਿਰ ਇਨਸਾਫ ਦਾ ਪੱਲਾ ਨਾਂ ਛੱਡੀ"। ਦੇਬੀ ਨੇ ਬੂਟਾ ਸਿੰਘ ਨੂੰ ਕਿਹਾ ਕਿ ਝਗੜੇ ਨਾਲ ਨਹੀ ਸਗੋ ਪਰੇਮ ਨਾਲ ਮਸਲਾ ਹੱਲ ਕਰ, ਲੋਕ ਆਪੋ ਆਪਣੇ ਘਰਾਂ ਨੂੰ ਤੁਰ ਗਏ, ਅੱਜ ਲੜਾਈ ਦਾ ਚਰਚਾ ਘੱਟ ਸੀ ਪਰ ਲੜਾਈ ਖਤਮ ਹੋਣ ਤੇ ਖਤਮ ਕਰਾਉਣ ਵਾਲੇ ਦੀ ਗੱਲ ਜਿਆਦਾ ਹੋ ਰਹੀ ਸੀ।
"ਚੰਗਾ ਬਾਈ ਮੈਂ ਵੀ ਹੁਣ ਕੋਈ ਧੰਦਾ ਕਰਾਂ, ਜੇ ਕਿਸੇ ਸੰਦ ਦੀ ਜਾਂ ਟਰੈਕਟਰ ਦੀ ਲੋੜ ਹੋਈ ਤਾਂ ਸ਼ਰਮਾਇਓ ਨਾਂ, ਨਿਰਮਲ ਵਿਹਲਾ ਈ ਆ ਤੇ ਜੇ ਮੇਰੀ ਕਦੇ ਲੋੜ ਪਈ ਤਾਂ ਅਪਣਾ ਤੀਜਾ ਭਰਾ ਸਮਝ ਕੇ ਵਾਜ ਮਾਰ ਲਿਓ"। ਦੇਬੀ ਹੁਣ ਸੱਜਣਾਂ ਨੂੰ ਮਿਲਣ ਦਾ ਕੋਈ ਜੁਗਾੜ ਕਰਨਾਂ ਚਾਹੁੰਦਾ ਸੀ ਉਹ ਉੱਠ ਕੇ ਤੁਰ ਪਿਆ ਦੋਵੇ ਭਰਾ ਉਹਨੂੰ ਬਾਹਰ ਤੱਕ ਛੱਡਣ ਆਏ।
"ਵੀਰਾ, ਬਹਿ ਜਾ ਚਾਹ ਦਾ ਘੁੱਟ ਤਾਂ ਪੀ ਜਾ"।
ਧਰਮ ਸਿੰਘ ਦੀ ਘਰਵਾਲੀ ਨੇ ਸੁਲਾਹ ਮਾਰੀ।
"ਭਾਬੋ ਜੀ, ਜਿਸ ਦਿਨ ਤੁਹਾਡੀ ਦਰਾਣੀ ਦੀ ਤੇ ਤੁਹਾਡੀ ਸੁਲਾਹ ਹੋਈ ਓਦਣ ਚਾਹ ਜਰੂਰ ਪੀ ਕੇ ਜਾਊ"। ਦੇਬੀ ਨੇ ਹੱਸ ਕੇ ਕਿਹਾ।
"ਕਿਤੇ ਸਾਡੀ ਦੋਵਾਂ ਦੀ ਲੋੜ ਹੋਈ ਤਾਂ ਕਾਂ ਹੱਥ ਸੁਨੇਹਾ ਭੇਜ ਦੀ ਭਰਾਵਾ, ਹਰ ਥਾਂ ਤੇਰੇ ਨਾਲ ਖੜਾਂਗੇ"।
ਆਉਣ ਲੱਗੇ ਦੇਬੀ ਨੂੰ ਧਰਮ ਸਿੰਘ ਨੇ ਕਿਹਾ, ਦੇਬੀ ਬੇਬੇ ਨੂੰ ਨਾਲ ਲੈ ਕੇ ਚਲੇ ਗਿਆ।
"ਵੇ ਪੁੱਤ ਕਈ ਸਾਲ ਹੋਗੇ ਇਨਾਂ ਨੂੰ ਲੜਦਿਆ, ਕਈ ਵਾਰ ਪੰਚੈਤ ਬੈਠੀ ਪਰ ਇਹ ਨੀ ਮੰਨੇ, ਤੂੰ ਦੋ ਮਿੰਟਾਂ ਚ ਸਾਰਾ ਮਸਲਾ ਹੱਲ ਕਰਤਾ ?"।
ਬੇਬੇ ਹਾਲੇ ਤੱਕ ਹੈਰਾਂਨ ਸੀ।
"ਬੇਬੇ ਮੈ ਕੁੱਝ ਵੀ ਨਹੀ ਕੀਤਾ, ਉਨਾਂ ਨੂੰ ਲੜਨ ਤੋ ਰੋਕਿਆ ਤੇ ਉਹ ਰੁਕ ਗਏ, ਬਹਾਦਰੀ ਤਾਂ ਬੂਟਾ ਸਿੰਘ ਦੀ ਆ ਜੇ ਗਲਤੀ ਕੀਤੀ ਤਾਂ ਮੰਨ ਵੀ ਲਈ, ਪੰਚੈਤ ਲੜਾਈ ਬੰਦ ਕਰਾਉਣੀ ਚਾਹੁੰਦੀ ਹੋਵੇ ਤਾਂ ਕਰਾ ਸਕਦੀ ਆ ਪਰ ਮੈਨੂੰ ਲਗਦਾ ਇਥੇ ਤਮਾਸ਼ਬੀਨਾ ਦੀ ਭੀੜ ਆ ਤੇ ਭਰਾਵਾਂ ਨੂੰ ਲੜਦਾ ਦੇਖ ਕੇ ਲੋਕ ਖੁਸ਼ ਹੁੰਦੇ ਆ"।
ਦੇਬੀ ਨੂੰ ਲਗਦਾ ਸੀ ਲੜਾਈ ਦਾ ਮੁੱਦਾ ਵੱਡਾ ਨਹੀ ਸੀ, ਆਪਸੀ ਪਰੇਮ ਤੇ ਗੱਲਬਾਤ ਦੀ ਕਮੀ ਦਾ ਨਤੀਜਾ ਸੀ ਜੋ ਮਾਮਲਾ ਇਨੀ ਖਤਰਨਾਕ ਸਥਿਤੀ ਤੱਕ ਆ ਪਹੁੰਚਾ ਸੀ।
"ਬੇਬੇ ਮੈ ਜਰਾ ਘਰੋ ਗੇੜਾ ਕੱਢ ਆਵਾਂ ਤੇ ਸ਼ਾਮ ਤੱਕ ਮੇਰੇ ਲਈ ਕੋਈ ਕੰਮ ਲੱਭ ਕੇ ਰੱਖੀ"।
ਕਹਿ ਕੇ ਦੇਬੀ ਘਰ ਨੂੰ ਚਲੇ ਗਿਆ, ਭੂਆ ਨੂੰ ਲੜਾਈ ਤੇ ਦੇਬੀ ਦੀ ਦਖਲਅੰਦਾਜੀ ਦੀ ਖਬਰ ਮਿਲ ਗਈ ਸੀ।
"ਪੁੱਤ ਤੈਨੂੰ ਕੀ ਲੋੜ ਪਈ ਆ ਲੋਕਾਂ ਦੇ ਪੰਗਿਆਂ ਚ ਪੈਣ ਦੀ ਇਹ ਸਾਰੇ ਹੈ ਈ ਇਸ ਲੈਕ ਆ"। ਭੂਆ ਨੂੰ ਦੇਬੀ ਦਾ ਦੂਜਿਆ ਦੇ ਮਾਮਲੇ ਵਿਚ ਦਖਲ ਦੇਣਾ ਪਸੰਦ ਨਹੀ ਸੀ, ਉਹ ਪਿੰਡ ਦੇ ਲੋਕਾਂ ਨੂੰ ਬਿਗਾਨੇ ਸਮਝਦੀ ਸੀ ਤੇ ਜਿੱਥੇ ਬਿਗਾਨਾਪਨ ਹੋਵੇ ਉਥੇ ਪਰੇਮ ਨਹੀ ਹੋ ਸਕਦਾ ਅਤੇ ਜਿੱਥੇ ਪਰੇਮ ਨਹੀ ਉਥੇ ਕਿਸੇ ਨੂੰ ਇੱਕ ਦੂਜੇ ਦੇ ਦੁੱਖ ਦੀ ਕੋਈ ਪਰਵਾਹ ਨਹੀ।
"ਭੂਆ ਇਹ ਲੋਕ ਥੋੜੇ ਆ ਇਹ ਤਾਂ ਅਪਣੇ ਪਿੰਡ ਦੇ ਵਸਨੀਕ ਆ, ਤੇ ਗੁਰੂ ਸਾਹਿਬ ਕਹਿੰਦੇ ਬਈ
ਕਮਜੋਰ ਦੀ ਰੱਖਿਆ ਲਈ ਅੱਗੇ ਆਓ, ਰਲ ਮਿਲ ਕੇ ਪਰੇਮ ਨਾਲ ਰਹੋ, ਇਨਸਾਫ ਕਰੋ, ਮੈਂ ਕੋਈ ਪੰਗੇ ਵਿੱਚ ਥੋੜੇ ਪਿਆ ਆ ਮੈਂ ਤਾਂ ਉਹੀ ਕੀਤਾ ਜੋ ਮੈਨੂੰ ਕਰਨਾਂ ਚਾਹੀਦਾ ਸੀ"।
ਦੇਬੀ ਨੂੰ ਸਮਝ ਨਹੀ ਸੀ ਆਉਦੀ ਬਈ ਭੂਆ ਦੀ ਕੀ ਪਰਾਬਲਮ ਆ।
"ਪੁੱਤ ਗੁਰੂਆ ਦੀਆ ਗੱਲਾ ਗੁਰੂਆਂ ਦੇ ਨਾਲ ਹੀ ਚਲੇ ਗੀਆਂ, ਅੱਜ ਕੱਲ ਕੋਈ ਕਿਸੇ ਦਾ ਸਕਾ ਨਹੀ"। ਭੂਆ ਨੇ ਪਤੇ ਦੀ ਗੱਲ ਦੱਸੀ।
"ਕੋਈ ਕਿਸੇ ਦਾ ਸਕਾ ਨਹੀ ? ਪਰ ਇਹ ਮੇਰੀ ਪਰਾਬਲਮ ਨਹੀ ਜੇ ਕੋਈ ਕਿਸੇ ਦਾ ਸਕਾ ਨਹੀ ਤਾਂ ਇਹ ਜਰੂਰੀ ਨਹੀ ਕਿ ਮੈ ਵੀ ਕਿਸੇ ਦਾ ਸਕਾ ਨਾਂ ਹੋਵਾਂ, ਜੇ ਜੀਵਨ ਪ੍ਰਤੀ ਇਮਾਨਦਾਰ ਨਹੀ ਰਹਿਣਾਂ ਤਾ ਜਿਊਣ ਦੀ ਕੀ ਲੋੜ ਆ ? ਮਨੁੱਖਤਾ ਨੂੰ ਪਰੇਮ ਕੀਤੇ ਬਿਨਾ ਕਿਵੇ ਜੀਇਆ ਜਾ ਸਕਦਾ ਆ ?" ਦੇਬੀ ਦੀਆਂ ਗੱਲਾ ਭੂਆ ਸਮਝ ਕੇ ਵੀ ਨਹੀ ਸੀ ਸਮਝ ਰਹੀ, ਉਹ ਚੰਗੇ ਦਿਲ ਦੀ ਹੋ ਕੇ ਵੀ ਆਮ ਲੋਕਾਂ ਵਾਂਗ ਨਿਰਮੋਹੀ ਜਿਹੀ ਹੋ ਗਈ ਸੀ, ਏਨੇ ਨੂੰ ਨਿਰਮਲ ਖੇਤਾਂ ਦਾ ਗੇੜਾ ਕੱਢ ਕੇ ਆ ਗਿਆ।
"ਬਾਈ ਇੱਕ ਕੰਮ ਆ ਤੇਰੇ ਕਰਨ ਵਾਲਾ"।
ਦੇਬੀ ਨੇ ਕਿਹਾ।
"ਹਾਂਜੀ ਹੁਕਮ ਕਰੋ"। ਨਿਰਮਲ ਨੇ ਕਿਹਾ
"ਏਦਾਂ ਕਰ ਬਈ ਤਾਏ ਬਚਨ ਸਿੰਘ ਦੇ ਢਾਈ ਕੁ ਖੇਤ ਆ ਝੋਨਾ ਲਾਉਣ ਵਾਲੇ, ਇੱਕ ਤਾਂ ਉਹਨਾਂ ਦਾ ਕੱਦ ਕਰ ਆ ਤੇ ਅਪਣੇ ਮੁੰਡੇ ਜੇ ਵਿਹਲੇ ਆ ਤਾਂ ਉਹ ਨਾਲ ਲੱਗ ਕੇ ਝੋਨਾ ਲਵਾ ਦੇਣ, ਜਾਂ ਜੇ ਕੋਈ ਹੋਰ ਵਿਹਲਾ ਹੋਵੇ ਤਾਂ ਨਾਲ ਲੈ ਲਈ ਪਰ ਮੁੜਨਾ ਕੰਮ ਨਬੇੜ ਕੇ ਆ"।
ਦੇਬੀ ਨੇ ਦੱਸਿਆ।
"ਨਾਲੇ ਅਪਣੇ ਖੇਤਾ ਦੀ ਕੀ ਪੁਜੀਸ਼ਨ ਆ ?" ।
ਦੇਬੀ ਅਪਣੀ ਖੇਤੀ ਤੋ ਵੀ ਅਵੇਸਲਾ ਨਹੀ ਸੀ ਹੋਣਾ ਚਾਹੁੰਦਾ।
"ਬਿਜਲੀ ਦੇ ਕੱਟ ਕੁੱਝ ਜਿਆਦਾ ਲੱਗਣ ਲੱਗ ਪਏ ਆ, ਰਾਤੀ ਮੈ ਟਰੈਕਟਰ ਚਲਾ ਕੇ ਬਾਹਰਲੇ ਖੇਤਾਂ ਨੂੰ ਪਤਲਾ ਪਤਲਾ ਪਾਣੀ ਲਾ ਦਿੱਤਾ ਆ ਤੇ ਘਰ ਵਾਲੀ ਫਸਲ ਵੀ ਠੀਕ ਆ, ਚਿੰਤਾ ਵਾਲੀ ਗੱਲ ਕੋਈ ਨੀ"।
ਨਿਰਮਲ ਨੇ ਦੱਸਿਆ।
ਨਿਰਮਲ ਨੇ ਦੂਜਾ ਟਰੈਕਟਰ ਲਿਆ ਤੇ ਬਚਨ ਸਿੰਘ ਦੇ ਘਰ ਵੱਲ ਰਵਾਨਾਂ ਹੋ ਗਿਆ, ਦੇਬੀ ਨੇ ਨਹਾ ਧੋ ਕੇ ਕੱਪੜੇ ਬਦਲੇ ਤੇ ਥੋੜੀ ਦੇਰ ਬਾਹਰ ਮੰਜੇ ਤੇ ਲੇਟ ਗਿਆ, ਅੱਜ ਉਹ ਸੱਜਣਾ ਨੂੰ ਇੱਕ ਵਾਰ ਨੇੜਿਓ ਜਰੂਰ ਦੇਖਣਾ ਚਾਹੁੰਦਾ ਸੀ।
ਆਮ ਦਿਨਾਂ ਦੇ ਉਲਟ ਅੱਜ ਜਰਾ ਹਵਾ ਚੱਲ ਰਹੀ ਸੀ ਤੇ ਚਲਦੀ ਮੋਟਰ ਦੇ ਆਡ ਰਾਹੀ ਲੰਘਦੇ ਠੰਡੇ ਪਾਣੀ ਤੇ ਉਸ ਨੇ ਮੰਜਾ ਡਾਹਿਆ ਹੋਇਆ ਸੀ, ਇੰਨੇ ਨੂੰ ਇੱਕ ਕੜੁੱਕੇ ਵਾਲਾ ਖਰਬੂਜੇ ਹਦਵਾਂਣੇ ਵੇਚਣ ਆ ਗਿਆ,
"ਹਦਵਾਂਣੇ ਲਓ ਖਰਬੂਜੇ ਲਓ ਜੀ"।
ਭਾਈ ਹੋਕਾ ਦੇ ਰਿਹਾ ਸੀ।
ਦੇਬੀ ਦੇ ਮਨ ਅਚਾਂਨਕ ਇੱਕ ਖਿਆਲ ਆਇਆ ਤੇ ਉਸ ਨੇ ਭਾਈ ਨੂੰ ਰੋਕ ਕੇ ਦਸ ਬਾਰਾਂ ਹਦਵਾਂਣੇ
ਅਤੇ ਟੋਕਰਾ ਖਰਬੂਜੇ ਲੈ ਲਏ, ਸਾਰੇ ਚੁਬੱਚੇ ਵਿੱਚ ਸਿੱਟ ਕੇ ਠੰਡੇ ਹੋਣ ਲਾ ਦਿੱਤੇ, ਦੋ ਤਿੰਨ ਹਦਵਾਂਣੇ ਉਸ ਨੇ ਕੱਟ ਕੇ ਦੇਖੇ ਤੇ ਜਿਹੜਾ ਸਭ ਤੋ ਮਿੱਠਾ ਸੀ ਉਸ ਦੇ ਛੋਟੇ ਛੋਟੇ ਪੀਸ ਕਰ ਕੇ ਵਿੱਚੋ ਸਾਰੇ ਬੀਜ ਕੱਢ ਕੇ ਇੱਕ ਭਾਂਡੇ ਵਿੱਚ ਪਾ ਕੇ ਫਰਿੱਜ ਵਿੱਚ ਰੱਖ ਦਿੱਤੇ, ਇਹਨਾਂ ਕੰਮ ਕਰ ਉਹ ਸੱਜਣਾ ਦੀ ਰਾਹ ਦੇਖਣ ਲੱਗ ਪਿਆ, ਜਿਹੜਾ ਵੀ ਪਿੰਡ ਨੂੰ ਲੰਘਦਾ ਉਸ ਨੂੰ ਹਦਵਾਣਾ ਖਾਂਣ ਲਈ ਰੋਕ ਲੈਂਦਾ, ਗਵਾਂਢੀਆਂ ਦੇ ਭਈਏ ਦੁਪਿਹਰਾ ਕੱਟਣ ਉਨਾਂ ਦੀ ਮੋਟਰ ਤੇ ਆ ਜਾਂਦੇ ਸਨ, ਉਨਾਂ ਨੂੰ ਵੀ ਦੋ ਹਦਵਾਂਣੇ ਫੜਾ ਦਿੱਤੇ, ਭੂਆ ਵੀ ਕਾਲੇ ਲੂਣ ਦੀ ਕੌਲੀ ਲੈ ਕੇ ਆ ਗਈ … ।
"ਪੁੱਤ ਆ ਲੂਣ ਪਾ ਕੇ ਖਾਓ"। ਦੁਪਹਿਰਾ ਤੋ ਬਾਅਦ ਘੁੱਦਾ ਬੁਲੇਟ ਤੇ ਸਵਾਰ ਇੱਕ ਯਾਰ ਨਾਲ ਆ ਗਿਆ … ।
"ਬਾਈ ਚੱਕ ਤੇ ਫੱਟੇ ਦੱਬ ਤੀ ਕਿੱਲੀ … ''।
ਘੁੱਦਾ ਆਉਦੇ ਅਪਣੀ ਲੈਅ ਚ ਬੋਲਿਆ।
"ਕਿਹੜੇ ਫੱਟੇ ਤੇ ਕਿਹੜੀ ਕਿੱਲੀ ?" ਦੇਬੀ ਨੂੰ ਲੱਗਿਆ ਕਿ ਹੁਣ ਫੁਕਰੀ ਮਾਰੂ।
"ਫੁੱਲਾਂ ਵਾਲੇ ਬੰਦੇ ਨੂੰ ਮਿਲਾ ਦਿੱਤਾ ਸੀ ਪਰੇਮ ਬਾਈ ਨੇ ਤੇ ਡੇਅਰੀ ਦੇ ਕਲੇਮ ਦੇ ਸਾਰੇ ਫਾਰਮ ਮੈਂ ਲੈ ਆਇਆ ਆ, ਕੱਲ ਨੂੰ ਫਾਰਮ ਭਰ ਕੇ ਬਾਪੂ ਦਾ ਅਗੂੰਠਾ ਤੇ ਸਰਪੰਚ ਦੀ ਮੋਹਰ ਲਵਾ ਕੇ ਪੇਸ਼ ਕਰ ਦੇਣੇ ਆ, ਪਰੇਮ ਕਹਿੰਦਾ ਸੀ ਬਈ ਹਫਤੇ ਦਸ ਦਿਨ ਵਿਚ ਕੰਮ ਹੋ ਜੂ"।
ਘੁੱਦੇ ਨੇ ਅੱਜ ਵਾਕਿਆ ਹੀ ਜਿੰਮੇਵਾਰੀ ਦਿਖਾਈ ਸੀ।
"ਨਾਲੇ ਆਹ ਮੇਰਾ ਵਿਹਲੜ ਯਾਰ ਵੀ ਕਹਿੰਦਾ ਬਈ ਮੈਂ ਵੀ ਕਮਾਈ ਕਰਨੀ ਆ ਤੇ ਤੁਹਾਨੂੰ ਮਿਲਣਾ ਚਾਹੁੰਦਾ ਸੀ ਇਹਦੇ ਵਾਸਤੇ ਕੁੱਝ ਹੋ ਸਕੇ ਤਾਂ ਪੁੰਨ ਈ ਆ ਬਾਈ, ਚਾਰ ਭੈਂਣਾ ਤੇ ਕੱਲਾ ਭਰਾ ਆ, ਪਿਓ ਮਿਸਤਰੀ ਆ, ਹਾਲਾਤ ਠੀਕ ਨਹੀ"।
ਘੁੱਦਾ ਇੱਕ ਹੋਰ ਕੰਮ ਲੈ ਕੇ ਆ ਗਿਆ।
"ਕੀ ਕਰਦਾ ਹੁੰਨਾ ਛੋਟੇ ਵੀਰ ?" ।
ਦੇਬੀ ਨੇ ਪੁੱਛਿਆ।
"ਭਾਜੀ, ਗਰੈਜੂਏਟ ਆਂ, ਫਸਟ ਕਲਾਸ ਨੰਬਰ ਆ, ਕੋਟੇ ਦੇ ਹਿਸਾਬ ਨਾਲ ਮੇਰਾ ਬੀ ਡੀ ਓ ਆਫਿਸ ਵਿੱਚ ਨੰਬਰ ਵੀ ਆ ਗਿਆ ਸੀ, ਸ਼ਿਫਾਰਸ਼ ਤੇ ਰਿਸ਼ਵਤ ਦੇ ਪੈਸੇ ਨਾਂ ਹੋਣ ਕਾਰਨ ਨੌਕਰੀ ਕੋਈ ਹੋਰ ਲੈ ਗਿਆ, ਹੁਣ ਸਾਲ ਹੋ ਗਿਆ, ਤੇ ਲੋਕਾਂ ਨੇ ਵਿਹਲੜ, ਨਿਕੰਮਾ ਤੇ ਹੋਰ ਕਈ ਸਰਟੀਫਿਕੇਟ ਦੇ ਰੱਖੇ ਆ, ਚਾਹੁੰਦਾ ਤਾਂ ਇਹ ਸੀ ਕਿ ਭੈਣਾ ਦੇ ਵਿਆਹ ਅਪਣੀ ਕਮਾਈ ਨਾਲ ਆਪ ਕਰਦਾ ਪਰ ਜੋ ਹਾਲਾਤ ਹਨ ਮੈਂ ਖੁਦ ਭੈਂਣਾ ਅਤੇ ਪਿਤਾ ਜੀ ਤੇ ਬੋਝ ਬਣਿਆ ਪਿਆ"।
ਮਨਿੰਦਰ ਨੇ ਦਿਲ ਫੋਲ ਕੇ ਸਾਹਮਣੇ ਰੱਖ ਦਿੱਤਾ, ਪਤਲਾ ਜਿਹਾ, ਗੋਰੇ ਰੰਗ ਦਾ ਮੁੰਡਾ ਭਾਵੇ ਖੂਬਸੂਰਤ ਸੀ ਪਰ ਬੇਰੁਜਗਾਰੀ ਨੇ ਉਹਦੇ ਸੁਹੱਪਣ ਤੇ ਗਰਿਹਣ ਲਾ ਰੱਖਿਆ ਸੀ।
"ਓਹ, ਵੈਰੀ ਸੈਡ ਯਾਰ, ਕੀ ਹੋ ਸਕਦਾ ਤੇਰਾ ? ਨੋਕਰੀ ਦਿਵਾਉਣਾ ਮੇਰੇ ਵੱਸ ਦਾ ਨਹੀ, ਸਵਾਲ ਤਾਂ ਪੈਸੇ ਕਮਾਉਣ ਦਾ ਆ ਕੀ ਕਰ ਸਕਦਾ ਤੂੰ ਹੋਰ ?" ।
ਦੇਬੀ ਨੂੰ ਬਹੁਤ ਤਰਸ ਆਇਆ ਨੌਜਵਾਂਨ ਤੇ।
"ਭਾ ਜੀ ਮੈਂ ਤਾਂ ਦਿਹਾੜੀਆਂ ਕਰਨ ਨੂੰ ਵੀ ਤਿਆਰ ਆਂ, ਬੱਸ ਵਿਹਲਾ ਨਾਂ ਫਿਰਨਾ ਪਵੇ"।
ਮਨਿੰਦਰ ਦੀ ਕੋਈ ਸ਼ਰਤ ਨਹੀ ਸੀ।
"ਚਿੰਤਾ ਨਾਂ ਕਰ, ਜਿਸਨੇ ਪੈਦਾ ਕੀਤਾ ਕੋਈ ਰੁਜਗਾਰ ਵੀ ਦੇਊ, ਪਹਿਲਾਂ ਤੂੰ ਚੁਬੱਚੇ ਵਿੱਚ ਨਹਾ ਧੋ, ਅਪਣਾ ਹੁਲੀਆ ਬਦਲ, ਮੈਨੂੰ ਸੋਚ ਲੈਂਣ ਦੇ ਕੋਈ ਨਾਂ ਕੋਈ ਹੱਲ ਕੱਢ ਲਵਾਂਗੇ, ਨਾਲੇ ਘੁੱਦਿਆ ਗੱਭਰੂ ਨੂੰ ਮੇਰੇ ਕੱਪੜਿਆ ਵਿਚੋ ਕੋਈ ਮੈਚ ਕਰਦੀ ਟੀ ਸ਼ਰਟ ਤੇ ਜੀਨ ਟਰਾਈ ਕਰਾ ਦੇ"। ਦੇਬੀ ਕੋਲ ਫਿਲਹਾਲ ਕੋਈ ਸਕੀਮ ਨਹੀ ਸੀ, ਪਰ ਉਹ ਗੱਭਰੂ ਦੀ ਮਦਦ ਹਰ ਹਾਲਤ ਕਰਨੀ ਚਾਹੁੰਦਾ ਸੀ, ਗੱਭਰੂ ਦੇ ਮੂੰਹ ਤੇ ਰੌਣਕ ਆ ਗਈ, ਉਹ ਸੰਗਦਾ ਸੰਗਦਾ ਦੇਬੀ ਦਾ ਕਿਹਾ ਮੰਨ ਕੇ ਜਦੋ ਨਹਾ ਧੋ ਕੇ ਤੇ ਦੇਬੀ ਦੇ ਕੱਪੜੇ ਪਾ ਕੇ ਆਇਆ ਤਾਂ ਦੇਬੀ ਉਹਦੀ ਬਦਲੀ ਪਰੈਸਨੈਲਿਟੀ ਦੇਖ ਕੇ ਹੈਰਾਂਨ ਰਹਿ ਗਿਆ, ਮਨਿੰਦਰ ਦੇਬੀ ਤੋ ਪਤਲਾ ਸੀ ਪਰ ਕੱਦ ਵਿੱਚ ਬਾਹਲਾ ਫਰਕ ਨਹੀ ਸੀ।
"ਆਹ ਹੋਈ ਨਾਂ ਗੱਲ, ਹੁਲੀਆ ਬਦਲ ਗਿਆ ਤਾਂ ਦਿਨ ਬਦਲਦੇ ਵੀ ਦੇਰ ਨੀ ਲੱਗਣੀ, ਫਿਲਹਾਲ ਚੁਬੱਚੇ ਵਿਚੋ ਹਦਵਾਣਾ ਕੱਢ ਕੇ ਅੱਧਾ ਅੱਧਾ ਕਰ ਲਓ ਤੇ ਕਾਲਜੇ ਠੰਡ ਪਾਓ"।
ਦੇਬੀ ਨੇ ਕਿਹਾ।
ਭੂਆ ਨੂੰ ਇਹ ਪਸੰਦ ਨਹੀ ਸੀ ਕਿ ਕੋਈ ਹੋਰ ਉਹਦੇ ਭਤੀਜੇ ਦੇ ਕੱਪੜੇ ਪਾਵੇ ਪਰ ਉਹ ਦੇਬੀ ਨੂੰ ਕੁੱਝ ਕਹਿਣਾ ਵੀ ਨਹੀ ਸੀ ਚਾਹੁੰਦੀ ਕਿਉਕਿ ਦੇਬੀ ਦੀਆਂ ਗੱਲਾਂ ਦੇ ਜਵਾਬ ਉਹਦੇ ਕੋਲ ਹੈ ਨਹੀ ਸੀ, ਘੁੱਦਾ ਵੀ ਖੁਸ਼ ਸੀ ਬਈ ਅਪਣੇ ਯਾਰ ਲਈ ਕੁੱਝ ਕਰ ਸਕੇਗਾ, ਉਹ ਦੋਵੇ ਹਦਵਾਣਾ ਖਾਂਣ ਲੱਗ ਪਏ, ਦੇਬੀ ਹੁਣ ਵਾਰ ਵਾਰ ਘੜੀ ਦੇਖ ਰਿਹਾ ਸੀ
"ਬਾਈ ਕਿਸੇ ਦੀ ਉਡੀਕ ਆ ?"।
ਘੁੱਦੇ ਨੂੰ ਕੁੱਝ ਸ਼ੱਕ ਹੋ ਚੁੱਕਿਆ ਸੀ।
"ਹਾ ਮਿੱਤਰਾ ਉਡੀਕ ਆ, ਵਕਤ ਆਉਣ ਤੇ ਦੱਸਾਂਗਾ"।
ਦੇਬੀ ਹਾਲੇ ਗੱਲ ਖੋਲਣੀ ਨਹੀ ਸੀ ਚਾਹੁੰਦਾ।
ਸਮਾਂ ਹੋ ਗਿਆ, ਸੱਜਣਾ ਦੀ ਢਾਣੀ ਆਉਦੀ ਨਜਰ ਆਈ, ਦਿਲ ਦੀ ਧੜਕਨ ਨੇ ਗੇਅਰ ਬਦਲ ਲਿਆ, ਸੁੱਕੇ ਬੁੱਲਾਂ ਤੇ ਜੀਭ ਫੇਰੀ, ਦੋਵਾਂ ਮੁੰਡਿਆ ਦੀ ਹਾਜਰੀ ਭਾਵੇਂ ਕੁੱਝ ਠੀਕ ਨਹੀ ਸੀ ਪਰ ਦੇਬੀ ਨੇ ਉਹਨਾਂ ਨੂੰ ਕਿਤੇ ਭੇਜਣਾ ਵੀ ਉਚਿਤ ਨਾਂ ਸਮਝਿਆ , ਸੱਜਣਾ ਦੀ ਸਵਾਰੀ ਨੇੜੇ ਆ ਗਈ, ਸਾਰੀ ਢਾਣੀ ਦੇ ਚਿਹਰਿਆ ਤੇ ਰੌਣਕ ਦੂਰੌ ਨਜਰ ਆਉਦੀ ਸੀ, ਦੇਬੀ ਦੇ ਕਈ ਦਿਨ ਸਿੱਧੇ ਦਰਸ਼ਨ ਨਾਂ ਹੋਣ ਕਾਰਨ ਕੁੜੀਆ ਉਦਾਸ ਜਿਹੀਆ ਹੋ ਗਈਆ ਸੀ, ਦੀਪੀ ਨੇ ਤਾਂ ਹੋਣਾ ਈ ਸੀ, ਬਾਕੀ ਵੀ ਦੇਬੀ ਨੂੰ ਮਿਲ ਕੇ ਪਰਸੰਨ ਹੋ ਜਾਂਦੀਆ … ।
"ਸ਼ੁਕਰ ਆ ਵੀਰ ਨੇ ਵੀ ਅਰਾਂਮ ਕਰਨ ਦਾ ਵਕਤ ਲਿਆ"।
ਪਰੀਤੀ ਨੇ ਆਉਦਿਆ ਦੇਬੀ ਦੀ ਮੌਜੂਦਗੀ ਤੇ ਖੁਸ਼ੀ ਪ੍ਰਗਟਾਈ, ਸਾਰਿਆ ਨੇ ਸਤਿ ਸ਼ਿਰੀ ਅਕਾਲ ਬੁਲਾਈ।
"ਚਲੋ ਤੁਸੀ ਵੀ ਬੈਠੋ ਤੇ ਅਰਾਂਮ ਕਰਨ ਵਿੱਚ ਮੇਰੀ ਥੋੜੀ ਮਦਦ ਕਰੋ"।
ਦੇਬੀ ਨੇ ਕਿਹਾ ਤਾਂ ਘੁੱਦੇ ਤੇ ਮਨਿੰਦਰ ਨੇ ਉਠ ਕੇ ਮੰਜਾ ਖਾਲੀ ਕਰ ਦਿੱਤਾ ਤੇ ਘੁੱਦਾ ਇੱਕ ਮੰਜਾ ਹੋਰ ਲੈ ਕੇ ਆ ਗਿਆ, ਦੋ ਕੁੜੀਆਂ ਭੂਆ ਦੇ ਮੰਜੇ ਤੇ ਬੈਠ ਗਈਆ, ਸੱਜਣਾਂ ਦੀ ਨਜਰ ਵਾਰ ਵਾਰ
ਮਿਲਦੀ ਤੇ ਫਿਰ ਇਧਰ ਉਧਰ ਹੋ ਜਾਂਦੀ,
"ਇਕ ਮਿੰਟ ਬੈਠੋ ਮੈਂ ਆਇਆ"। ਕਹਿ ਕੇ ਦੇਬੀ ਰਸੋਈ ਵਿਚੋ ਇੱਕ ਬਰਤਨ ਤੇ ਕੁੱਝ ਕੌਲੀਆ ਚੁਕ ਲਿਆਇਆ, ਸੱਜਣ ਸੋਚਦੇ ਸੀ ਬਈ ਅੱਜ ਦੁੱਧ ਸੋਢੇ ਦੀ ਥਾਂ ਕਿਹੜੀ ਚੀਜ ਹੋਊ ? ਕੌਲੀਆ ਵਿੱਚ ਪਾ ਕੇ ਠੰਡਾ ਕੀਤਾ ਹਦਵਾਣਾ ਦੇਬੀ ਨੇ ਕੁੜੀਆ ਨੂੰ ਫੜਾਉਣਾ ਸ਼ੁਰੂ ਕਰ ਦਿੱਤਾ,
"ਚੱਲੋ ਕਿਸੇ ਦੇ ਪੱਜ ਸਾਨੂੰ ਵੀ ਤਰਾਂ ਤਰਾਂ ਦੇ ਪਦਾਰਥ ਖਾਣ ਨੂੰ ਮਿਲ ਜਾਂਦੇ ਆ"।
ਇਕ ਕੁੜੀ ਨੇ ਟਾਂਚ ਮਾਰੀ।
ਸੱਜਣਾ ਦਾ ਦਿਲ ਇੱਕ ਫਲਾਈਂਗ ਕਿੱਸ ਭੇਜਣ ਨੂੰ ਕਰਦਾ ਸੀ ਪਰ ਬਹੁਤੀਆਂ ਅੱਖਾ ਤੋ ਬਚਿਆ ਨਹੀ ਸੀ ਜਾ ਸਕਦਾ, ਅੱਖਾ ਹੀ ਅੱਖਾਂ ਰਾਹੀ ਕੁੱਝ ਗੱਲਾ ਕੀਤੀਆ ਜਾ ਰਹੀਆ ਸਨ, ਪਰੀਤੀ ਨੇ ਦੋ ਤਿੰਨ ਵਾਰ ਮਨਿੰਦਰ ਵੱਲ ਦੇਖਿਆ ਤੇ ਜਦੋ ਮਨਿੰਦਰ ਨੇ ਉਸ ਵੱਲ ਦੇਖਿਆ ਤਾਂ ਨਜਰ ਚੁਰਾਉਣ ਲੱਗ ਪਈ, ਦੇਬੀ ਨੇ ਇਸ ਚੀਜ ਨੂੰ ਨੋਟ ਕਰ ਲਿਆ ਸੀ, ਉਹ ਮਨ ਹੀ ਮਨ ਹੱਸਿਆ, ਦੇਬੀ ਤੇ ਦੀਪੀ ਕੋਲ ਕੋਈ ਗੱਲ ਕਰਨ ਲਈ ਕੋਈ ਵਿਓਤ ਨਹੀ ਸੀ ਬਣ ਰਹੀ, ਮਨ ਕਾਹਲੇ ਪਏ ਹੋਏ ਸਨ ਇੱਕ ਦੂਜੇ ਦੇ ਦਿਲ ਦੀ ਧੜਕਨ ਸੁਣਨ ਨੂੰ, ਘੁੱਦਾ ਅਪਣੇ ਸੁਭਾਅ ਅਨੁਸਾਰ ਏਧਰਲੀਆ ਓਧਰਲਿਆ ਮਾਰ ਰਿਹਾ ਸੀ, ਦੇਬੀ ਸੋਚ ਹੀ ਰਿਹਾ ਸੀ ਕਿ ਸੱਜਣਾ ਦੀ ਨੇੜਤਾ ਕਿਵੇ ਪਰਾਪਤ ਕੀਤੀ ਜਾਵੇ ਕਿ … ।
"ਓ ਮਾਈ ਗਾਡ, ਸਾਰਾ ਜੈਂਪਰ ਭਿੱਜ ਗਿਆ"।
ਕਹਿ ਕੇ ਦੀਪੀ ਉੱਠ ਕੇ ਖੜੀ ਹੋ ਗਈ, ਕੌਲੀ ਵਿੱਚ ਜਮਾਂ ਹੋਇਆ ਹਦਵਾਂਣੇ ਦਾ ਪਾਣੀ ਉਸ ਨੇ ਅੱਖ ਬਚਾ ਕੇ ਜਾਂਣ ਕੇ ਉਪਰ ਡੋਲ ਲਿਆ ਸੀ, ਉਹ ਬਾਥਰੂਮ ਵੱਲ ਤੁਰ ਪਈ, ਬਾਥਰੂਮ ਕੁਦਰਤੀ ਤੌਰ ਤੇ ਘਰ ਦੇ ਅੰਦਰ ਸੀ,
"ਪੰਮੀ ਭੂਆ ਕੋਲੋ ਇੱਕ ਤੌਲੀਆ ਤਾਂ ਫੜੀ"।
ਪੰਮੀ ਉਹਦੀ ਚਲਾਕੀ ਸਮਝ ਚੁੱਕੀ ਸੀ, ਭੂਆ ਉਠਣ ਹੀ ਲੱਗੀ ਸੀ ਕਿ ਪੰਮੀ ਨੇ ਕਿਹਾ,
"ਭੂਆ ਜੀ ਤੁਸੀ ਬੈਠੇ ਰਹੋ, ਵੀਰ ਤੌਲੀਆ ਦੇਵੀ"।
ਤੇ ਉਹ ਵੀ ਉਠ ਪਈ, ਦੇਬੀ ਦੇ ਮਨ ਵੀ ਖੁੜਕ ਪਈ।
"ਤੁਸੀ ਸਾਰੇ ਅਪਣੇ ਕੱਪੜੇ ਬਚਾ ਕੇ ਰੱਖੋ ਭਾਈ, ਧਿਆਂਨ ਖਾਣ ਵਿੱਚ ਰੱਖੋ ਤੇ ਆਸੇ ਪਾਸੇ ਨਾਂ ਝਾਕੋ"। ਦੇਬੀ ਏਨਾਂ ਕਹਿ ਕੇ ਤੌਲੀਆ ਦੇਣ ਲਈ ਤੁਰ ਪਿਆ, ਸਾਰੀ ਢਾਣੀ ਗੇਮ ਸਮਝ ਚੁੱਕੀ ਸੀ।
"ਵੀਰੇ ਤੁਸੀ ਅੱਜ ਛੇਤੀ ਆ ਗਏ"।
ਪਰੀਤੀ ਨੇ ਬਾਕੀਆ ਦਾ ਧਿਆਂਨ ਹੋਰ ਬੰਨੇ ਪਾਉਣ ਲਈ ਘੁੱਦੇ ਨੂੰ ਕਿਹਾ।
ਘੁੱਦਾ ਫੇਰ ਸ਼ੁਰੂ ਹੋ ਗਿਆ, ਬਾਕੀ ਕੁੜੀਆ ਵੀ ਗੱਲਬਾਤ ਵਿੱਚ ਹੁੰਗਾਰਾ ਦੇਣ ਲੱਗ ਪਈਆ, ਉਨਾ ਨੂੰ ਡਰ ਸੀ ਕਿ ਤੌਲੀਏ ਵਾਲੇ ਗੇਮ ਵਿੱਚ ਜੇ ਦੇਰ ਹੋ ਗਈ ਤਾਂ ਗੜਬੜ ਨਾਂ ਹੋ ਜਾਵੇ, ਤੁਰੀ ਜਾਂਦੀ ਦੀਪੀ ਨੇ ਪਰਸ ਵਿਚੋ ਰੁਮਾਲ ਕੱਢ ਕੇ ਜੈਂਪਰ ਸਾਫ ਵੀ ਕਰ ਲਿਆ ਸੀ ਤੇ ਬਾਥਰੂਮ ਤੋ ਉਰੇ ਹੀ ਰੁਕ ਕੇ ਅਪਣੀ ਸਕੀਮ ਨੂੰ ਸਿਰੇ ਚੜਦਾ ਦੇਖਣ ਦੀ ਉਡਿਕ ਵਿੱਚ ਸੀ, ਇਨੇ ਨੂੰ ਪੰਮੀ ਤੇ ਦੇਬੀ ਅੱਗੜ ਪਿੱਛੜ ਅੰਦਰ ਆ ਵੜੇ,
"ਮੇਰੇ ਕੋਲ ਹੋਰ ਨੀ ਸੀ ਉਡੀਕ ਹੁੰਦਾ"।
ਦੀਪੀ ਭੱਜ ਕੇ ਦੇਬੀ ਨੂੰ ਚੁੰਬੜ ਗਈ।
"ਸੋਹਣਿਓ, ਉਡੀਕ ਦਾ ਵੀ ਅਪਣਾ ਮਜਾ ਆ"। ਦੇਬੀ ਨੇ ਵੀ ਬਾਹਾਂ ਦਾ ਘੇਰਾ ਤੰਗ ਕਰ ਦਿੱਤਾ।
ਪੰਮੀ ਬੂਹੇ ਦੇ ਕੋਲ ਹੀ ਪਹਿਰੇਦਾਰ ਬਣ ਕੇ ਖੜੀ ਹੋ ਗਈ ਸੀ ਤੇ ਨਾਲੇ ਦੋ ਉਗਲਾਂ ਉਪਰ ਕਰ ਕੇ ਦੋ ਮਿੰਟ ਦੇ ਟਾਈਮ ਦਾ ਇਸ਼ਾਰਾ ਕਰ ਰਹੀ ਸੀ,
"ਫਿਲਹਾਲ ਮੈਨੂੰ ਲਗਦਾ ਕਿ ਤੁਸੀ ਖੇਤਾਂ ਨੂੰ ਵੱਧ ਤੇ ਮੈਨੂੰ ਘੱਟ ਪਿਆਰ ਕਰ ਰਹੇ ਹੋ"।
ਦੀਪੀ ਨੇ ਸ਼ਿਕਾਇਤ ਕੀਤੀ।
"ਮੇਰਾ ਪਿਆਰ ਸੋਹਣਿਓ ਸਿਰਫ ਪਿਆਰ ਆ ਨਾ ਉਹਨੇ ਘਟਣਾ ਆ ਤੇ ਨਾ ਹੋਰ ਵਧ ਸਕਦਾ, ਘਟਣ ਦਾ ਕਾਰਨ ਕੋਈ ਨਹੀ ਤੇ ਵਧਣ ਦਾ ਤਰੀਕਾ ਕੋਈ ਨਹੀ, ਜਿੰਨਾ ਮਿਲੇ ਉਨਾ ਲੈ ਕੇ ਰੱਬ ਦਾ ਸ਼ੁਕਰ ਕਰਿਆ ਕਰ, ਬੱਸ ਏਨਾ ਸਮਝ ਲੈ ਕੇ ਤੇਰੇ ਹਿੱਸੇ ਦਾ ਸਿਰਫ ਤੇਰਾ ਆ"।
ਦੇਬੀ ਨੇ ਕਿਹਾ।
"ਖੀਰ ਮਿਲ ਗਈ ਸੀ ?"।
ਦੀਪੀ ਨੇ ਪੁੱਛਿਆ।
"ਹਾਂ ਪਰ ਥੋੜੀ ਸੀ"।
ਦੇਬੀ ਨੇ ਕਿਹਾ।
"ਕਿਤੇ ਸੋਹਣੀ ਜਿਹੀ ਮੁਲਾਕਾਤ ਦਾ ਪਰਬੰਧ ਕਰੋ, ਜਿੱਥੇ ਬਹੁਤੀਆ ਨਜਰਾਂ ਨਾ ਹੋਣ"।
ਦੀਪੀ ਕਿਤੇ ਇਕਾਂਤ ਵਿੱਚ ਮਿਲਣਾ ਚਾਹੁੰਦੀ ਸੀ।
"ਧੀਰਜ ਕਰ, ਤੇ ਰੱਬ ਅੱਗੇ ਅਰਦਾਸ ਕਰ, ਮੈਂ ਅਰਦਾਸ ਕਰ ਚੁੱਕਿਆ, ਮੇਰਾ ਦਿਲ ਕਹਿੰਦਾ ਬਈ ਛੇਤੀ ਹੀ ਕਿਤੇ ਫੇਰ ਬਾਰਿਸ਼ ਹੋਊ, ਤੇ ਹੁਣ ਚੱਲੀਏ ਆਪਾਂ"।
ਕਹਿ ਕੇ ਦੇਬੀ ਨੇ ਗੁਲਾਬ ਦੀਆਂ ਪੱਤੀਆ ਤੇ ਇੱਕ ਪਰੇਮ ਦੀ ਮੋਹਰ ਲਾ ਦਿੱਤੀ, ਘੁੰਗਰੂ ਛਣਕ ਗਏ, ਦੁਪਿਹਰ ਖਿੜੀ ਦੇ ਫੁੱਲਾਂ ਦਾ ਰੰਗ ਹੋਰ ਸੂਹਾ ਹੋ ਗਿਆ।
ਦੀਪੀ ਤੇ ਪੰਮੀ ਪਹਿਲਾਂ ਬਾਹਰ ਆ ਗਈਆਂ, ਕੁੱਝ ਦੇਰ ਬਾਅਦ ਦੇਬੀ ਵੀ ਆ ਗਿਆ, ਕੁੜੀਆ ਦੇ ਚਿਹਰਿਆ ਤੇ ਗੁਪਤ ਜਿਹੀ ਮੁਸਕਰਾਹਟ ਸੀ, ਇਨੀ ਦੇਰ ਵਿੱਚ ਪਰੀਤੀ ਤੇ ਮਨਿੰਦਰ ਦੀਆਂ ਕਈ ਵਾਰ ਅੱਖਾਂ ਮਿਲੀਆ ਸਨ ਪਰ ਵੀਰ ਦੀ ਹਾਜਰੀ ਤੇ ਜਿੰਮੇਦਾਰ ਪਰੀਤੀ, ਅੱਖ ਦੇ ਚਪਕਾਰੇ ਤੋ ਵੱਧ ਮਨਿੰਦਰ ਵੱਲ ਨਾਂ ਦੇਖ ਸਕੀ, ਮਨਿੰਦਰ ਵੀ ਘੁੱਦੇ ਮਿੱਤਰ ਸੀ ਅਤੇ ਇਹ ਜਾਂਣ ਕੇ ਕਿ ਪਰੀਤੀ ਉਹਦੀ ਭੈਂਣ ਆ, ਇੱਜਤ ਵਾਲੀ ਨਜਰ ਨਾਲ ਦੇਖ ਰਿਹਾ ਸੀ, ਕੁੜੀਆਂ ਘਰਾਂ ਨੂੰ ਤੁਰ ਗਈਆਂ, ਦੇਬੀ ਅਤੇ ਘੁੱਦਾ ਅਗਲੇ ਦਿਨ ਦਾ ਪਲੈਨ ਬਣਾਉਣ ਲੱਗ ਪਏ,
"ਬਾਈ ਕੱਲ ਨੂੰ ਤਾਂ ਸ਼ਨੀਚਰ ਵਾਰ ਆ ਤੇ ਮੇਰਾ ਖਿਆਲ ਸ਼ਹਿਰ ਕੰਮ ਕੋਈ ਨੀ ਹੋਣਾਂ, ਆਪਾਂ ਸੋਮਵਾਰ ਦਫਤਰੀ ਕੰਮ ਨਿਪਟਾ ਲਵਾਂਗੇ, ਕੱਲ ਦਾ ਤੇ ਪਰਸੌਂ ਦਾ ਦਿਨ ਅਪਣੇ ਕੋਲ ਆ, ਮੈ ਕੱਲਾ ਨਹੀ ਰਹਿਣਾ ਚਾਹੁਦਾ, ਮੈਨੂੰ ਫਿਰ ਅਵਾਰਾਗਰਦੀ ਦਾ ਦੌਰਾ ਪੈ ਜਾਣਾ ਆ, ਜੇ ਇੱਕ ਵਾਰ ਘਰੋ ਬਾਹਰ ਨਿਕਲ ਗਿਆ ਤਾਂ ਸ਼ਾਮ ਤੋ ਪਹਿਲਾਂ ਮੁੜਨ ਦਾ ਕੋਈ ਚਾਂਨਸ ਨੀ"।
ਘੁੱਦਾ ਸੁਧਰਨਾ ਚਾਹੁੰਦਾ ਸੀ ਪਰ ਆਪਣੇ ਆਪ ਤੇ ਉਸਨੂੰ ਹਾਲੇ ਯਕੀਨ ਨਹੀ ਸੀ।
"ਬਾਈ ਨਾਲੇ ਪਰਸੋ ਨੂੰ ਤਲਵੰਡੀ ਸਿੰਝ ਪੈਣੀ ਆ ਇਸ ਵਾਰ ਰਲ ਕੇ ਦਖਾਂਗੇ"।
ਘੁੱਦੇ ਨੇ ਅੱਗੇ ਦੱਸਿਆ।
"ਇਹ ਸਿੰਝ ਕੀ ਹੁੰਦੀ ਆ"।
ਦੇਬੀ ਇਸ ਸ਼ਬਦ ਨੂੰ ਭੁੱਲ ਚੁੱਕਾ ਸੀ।
ਭਾਜੀ ਇਹਨੂੰ ਤੁਸੀ ਛੋਟਾ ਜਿਹਾ ਟੂਰਨਾਮੈਂਟ ਕਹਿ ਲਓ, ਪੁਰਾਂਣੀ ਪੇਂਡੂ ਭਾਸ਼ਾ ਵਿੱਚ ਸ਼ਿੰਝ ਕਹਿੰਦੇ ਆ"। ਮਨਿੰਦਰ ਨੇ ਉਲੱਥਾ ਕੀਤਾ।
"ਅੱਛਾ, ਕਬੱਡੀ ਹੋਵੇਗੀ, ਮਜਾ ਆ ਜੂ, ਜਦੋ ਦਾ ਆਇਆ, ਜੌਗਿੰਗ ਦੀ ਰੁਟੀਨ ਵੀ ਟੁੱਟਗੀ, ਯੋਗਾ ਉਸ ਦਿਨ ਦਾ ਕੀਤਾ ਈ ਨਹੀ, ਸਿੰਝ ਦਾ ਨਾਂ ਸੁਣ ਕੇ ਇਨਾਂ ਜਰੂਰੀ ਕੰਮਾਂ ਦਾ ਵੀ ਖਿਆਲ ਆ ਗਿਆ"।
ਦੇਬੀ ਨੂੰ ਕੁੱਝ ਭੁੱਲਿਆ ਯਾਦ ਆਇਆ, ਦੇਬੀ ਤੇ ਬਿੰਦਰ ਦੋਵੇ ਜਰਮਨ ਵਿੱਚ ਫੁੱਟਬਾਲ ਖੇਡਦੇ ਸਨ, ਦੇਬੀ ਤਾਂ ਠੀਕ ਹੀ ਸੀ ਪਰ ਬਿੰਦਰ ਦੇ ਫੁੱਟਬਾਲ ਵਿੱਚ ਕੈਰੀਅਰ ਬਣਾਉਣ ਦੇ ਪੂਰੇ ਚਾਂਨਸ ਸਨ।
"ਸਵੇਰ ਤੋ ਇੱਕ ਕੰਮ ਪੱਕਾ, ਛੇ ਵਜੇ ਉਠਣਾ, ਜੌਗਿੰਗ ਕਰਨੀ ਵਾਪਿਸ ਆ ਕੇ ਯੋਗਾ ਤੇ ਅੱਠ ਤੋ ਲੈ ਕੇ ਬਾਰਾਂ ਤੱਕ ਕੰਮ, ਫਿਰ ਰੈਸ਼ਟ ਜਾਂ ਕਿਸੇ ਨੂੰ ਮਿਲਣਾ ਮਿਲਾਉਣਾ ਤੇ ਫਿਰ ਚਾਰ ਵਜੇ ਤੋ ਸੱਤ ਵਜੇ ਤੱਕ ਕੰਮ, ਕੋਈ ਘਰਦਾ ਕੰਮ ਨਾਂ ਹੋਵੇ ਤਾਂ ਸਾਂਝਾ ਕੰਮ ਪਰ ਵਿਹਲੇ ਨਹੀ ਫਿਰਨਾ, ਜੇ ਮਨਜੂਰ ਆ ਤਾਂ ਮੇਰੇ ਨਾਲ ਨਹੀ ਤਾਂ ਓਹ ਜਾਂਦਾ ਪਿੰਡ ਨੂੰ ਰਾਹ"।
ਦੇਬੀ ਨੇ ਅਪਣੀ ਰੁਟੀਨ ਦੱਸੀ।
"ਬਾਈ ਹੁਣ ਜੋ ਤੁਸੀ ਕਹੋਗੇ ਉਹੀ ਕਰਨਾਂ"।
ਘੁੱਦਾ ਹਰ ਹਾਲ ਦੇਬੀ ਦੇ ਨਜਦੀਕ ਰਹਿਣਾ ਚਾਹੁੰਦਾ ਸੀ, ਮਨਿੰਦਰ ਨੂੰ ਵੀ ਮਹਿਸੂਸ ਹੁੰਦਾ ਸੀ ਜਿਵੇ ਉਹਦੇ ਦੁੱਖ ਦੀ ਦਵਾ ਦੇਬੀ ਕੋਲ ਹੋਵੇ, ਸ਼ਾਮ ਢਲ ਗਈ ਸੀ, ਧੁੱਪ ਹੁਣ ਇਨੀ ਤੇਜ ਨਹੀ ਸੀ, ਦੇਬੀ ਦਾ ਰੰਗ ਦੋ ਤਿੰਨ ਹਫਤਿਆ ਵਿੱਚ ਪਹਿਲਾਂ ਵਾਲਾ ਸਾਫ ਨਹੀ ਸੀ ਰਹਿ ਗਿਆ, ਤੇਜ ਧੁੱਪ ਨੇ ਉਸਦਾ ਰੰਗ ਦੀਪੀ ਵਰਗਾ ਕਰਨਾਂ ਸ਼ੁਰੂ ਕਰ ਦਿੱਤਾ ਸੀ, ਉਹ ਪਿੰਡ ਵੱਲ ਤੁਰ ਪਏ, ਗੁਰਦਵਾਰੇ ਦੇ ਨੇੜੇ ਦੀ ਲੰਘਦੇ ਦੇਬੀ ਦੇ ਮਨ ਵਿਚ ਖਿਆਲ ਆਇਆ …
"ਇਕ ਬਹੁਤ ਜਰੂਰੀ ਕੰਮ ਰਹਿ ਗਿਆ, ਸਵੇਰੇ ਗਰਦਵਾਰੇ ਦੇ ਵਿਹੜੇ ਵਿੱਚ ਫੁੱਲ ਬੂਟੇ ਲਾਉਣੇ ਆ, ਆਪਾਂ ਨੂੰ ਕੁੱਝ ਵੱਖੋ ਵੱਖਰੇ ਫੁੱਲਾਂ ਦੀ ਪਨੀਰੀ ਚਾਹੀਦੀ ਆ, ਤੁਸੀ ਦੋਵੇ ਜਾਂ ਕੇ ਪਨੀਰੀ ਦਾ ਇੰਤਜਾਮ ਕਰਿਓ ਤੇ ਮੈ ਇਥੇ ਉਦੋ ਤੱਕ ਕਿਆਰੀਆਂ ਬਣਾਊ, ਹੋ ਸਕਦਾ ਆ ਕਿ ਗੁਰੂ ਮਨਿੰਦਰ ਦੇ ਕਿਸੇ ਧੰਦੇ ਦੀ ਸਕੀਮ ਦੱਸ ਦੇਵੇ"। ਦੇਬੀ ਨੇ ਕੱਲ ਦੁਪਿਹਰ ਦੇ ਕੰਮ ਦਾ ਪਰਬੰਧ ਕਰ ਲਿਆ ਸੀ,ਰਾਹ ਗਲੀ ਜਾਂਦੇ ਜਾਂਦੇ ਲੋਕ ਉਸ ਨੂੰ ਹੁਣ ਇਵੇ ਬੁਲਾਉਣ ਲੱਗ ਪਏ ਸਨ ਜਿਵੇ ਚਿਰਾਂ ਤੋ ਜਾਂਣਦੇ ਹੋਣ, ਅੱਗਿਓ ਨਿਰਮਲ ਦੋ ਤਿੰਨ ਹੋਰ ਬੰਦਿਆ ਨਾਲ ਆਉਦਾ ਮਿਲ ਪਿਆ।
"ਬਾਈ ਜੀ ਤੁਹਾਨੂੰ ਭੇਜਿਆ ਕਿਤੇ ਸੀ ਤੇ ਦਰਸ਼ਨ ਕਿਤੇ ਹੋਰ ਦੇ ਰਹੇ ਓ"।
ਦੇਬੀ ਨੇ ਉਸਨੂੰ ਪਿੰਡ ਫਿਰਦੇ ਹੋਣ ਦਾ ਕਾਰਨ ਪੁੱਛਿਆ।
"ਬਾਈ ਜੀ, ਅਪਣੇ ਦੋਵੇ ਭਈਏ ਤਾਂ ਮਸਾਂ ਅਪਣਾ ਈ ਕੰਮ ਕਰ ਸਕਦੇ ਆ, ਮੈਂ ਵਿਹੜਿਓ ਇਨਾਂ ਨੂੰ ਨਾਲ ਲੈ ਕੇ ਚੱਲਿਆਂ, ਢੇਡ ਖੇਤ ਤਿਆਰ ਆ, ਪਨੀਰੀ ਵੀ ਅਸੀ ਰਲ ਕੇ ਪੁੱਟ ਲਈ ਆ ਤੇ ਹੁਣ ਨੇਰਾ ਹੋਣ ਤੱਕ ਅੱਧਾ ਕੰਮ ਅਸੀ ਨਿਬੇੜ ਲੈਣਾਂ, ਰਾਤੋ ਰਾਤ ਬਾਕੀ ਕੱਦ ਹੋ ਜੂ ਤੇ ਕੱਲ ਦੁਪਿਹਰ ਤੱਕ ਸਾਰਾ ਕੰਮ ਟਿੱਚ"।
ਨਿਰਮਲ ਨੇ ਦੱਸਿਆ, ਉਹ ਕੁੱਝ ਜਿਆਦਾ ਹੀ ਖੁਸ਼ ਨਜਰ ਆ ਰਿਹਾ ਸੀ।
ਕਾਂਡ 10
ਸ਼ਨੀਚਰ ਵਾਰ ਦਾ ਦਿਨ, ਮਨਿੰਦਰ ਤੇ ਘੁੱਦਾ ਤੜਕੇ ਉਠ ਕੇ ਹੀ ਨਕੋਦਰ ਵੱਲ ਰਵਾਨਾਂ ਹੋ ਗਏ, ਸੜਕ ਦੇ ਕੰਡੇ ਕਈ ਥਾਂ ਸਰਕਾਰੀ ਨਰਸਰੀਆਂ ਤੇ ਪਰਾਈਵੇਟ ਨਰਸਰੀਆਂ ਵਾਲੇ ਅਪਣੇ ਪੌਦੇ ਵੇਚਣ ਲਈ ਬੈਠੇ ਸਨ, ਪੌਦੇ ਲਾਉਣ ਦੀ ਖਬਰ ਰਾਤ ਨੂੰ ਹੀ ਪਰੀਤੀ ਰਾਹੀ ਪੰਮੀ ਤੇ ਦੀਪੀ ਨੂੰ ਮਿਲ ਗਈ ਸੀ ਅਤੇ ਮਿੰਟੋ ਮਿੰਟੀ ਹੀ ਸਰਬਸੰਮਤੀ ਨਾਲ ਅੱਜ ਕਾਲਜ ਕੈਸਿਲ ਕਰ ਦਿੱਤਾ ਗਿਆ ਤੇ ਘਰ ਬਹਾਨਾ ਲਾਇਆ ਸੀ ਕਿ ਅੱਜ ਸਿਰ ਦਰਦ ਆ, ਕਿਸੇ ਨੇ ਕਿਹਾ ਸਾਡੇ ਪਰੋਫੈਸਰ ਨੇ ਨਹੀ ਆਉਣਾ ਆਦਿ।
ਦੇਬੀ ਤੇ ਬੇਬੇ ਸਵੇਰੇ ਹੀ ਗੁਰਦਵਾਰੇ ਆ ਗਏ ਸਨ, ਦੇਬੀ ਨੇ ਸਭ ਤੋ ਪਹਿਲਾਂ ਸਾਰੇ ਵਿਹੜੇ ਨੂੰ ਕਾਗਜ ਤੇ ਇੱਕ ਨਕਸ਼ੇ ਵਿੱਚ ਉਤਾਰਿਆ ਤੇ ਫਿਰ ਕਿਆਰੀਆਂ ਦੇ ਟੱਕ ਲਾ ਦਿੱਤੇ, ਪਿੰਡ ਦੇ ਕੁੱਝ ਮੁੰਡੇ ਤੇ ਬੂਟਾ ਸਿੰਘ ਵੀ ਆ ਕੇ ਮਦਦ ਕਰਾਉਣ ਲੱਗ ਪਿਆ, ਜਿਹੜਾ ਵੀ ਗੁਰਦਵਾਰੇ ਮੱਥਾ ਟੇਕਣ ਆਉਦਾ ਉਥੇ ਰੁਕ ਜਾਦਾ, ਪਿੰਡਾਂ ਦਾ ਜੀਵਨ ਬੜਾ ਬੋਰ ਸੀ, ਕੋਈ ਛੋਟੀ ਜਿਹੀ ਘਟਨਾਂ ਹੀ ਲੋਕਾਂ ਵਾਸਤੇ ਬੜੀ ਦਿਲਚਸਪੀ ਦਾ ਕਾਰਨ ਬਣ ਜਾਂਦੀ ਸੀ, ਜਿਹਨਾਂ ਦੇ ਝੋਨੇ ਬੀਜੇ ਜਾ ਚੁੱਕੇ ਸਨ ਤੇ ਹੁਣ ਉਹ ਵਿਹਲੇ ਸਨ ਅਤੇ ਇਸ ਨਿੱਕੇ ਜਿਹੇ ਮੇਲੇ ਦੀ ਰੌਣਕ ਵਧਾ ਰਹੇ ਸਨ, ਨੌ ਕੁ ਵਜੇ ਮਨਿੰਦਰ ਹੁਣੀ ਵੀ ਟਰਾਲੀ ਵਿੱਚ ਅਲੱਗ ਅਲੱਗ ਕਿਸਮ ਦੇ ਫਲਦਾਰ ਤੇ ਫੁੱਲਦਾਰ ਬੂਟੇ ਲੈ ਕੇ ਆ ਗਏ।
"ਵੇ ਪੁੱਤ ਕੋਈ ਛਬੀਲ ਈ ਲਾ ਲਓ ਅੱਜ"।
ਬੇਬੇ ਦੀ ਸਲਾਹ ਤੇ ਸਾਰੇ ਖੁਸ਼ ਹੋ ਗਏ।
ਜਿਨਾ ਘਰਾਂ ਵਿੱਚ ਫਰਿੱਜ ਸੀ ਓਨਾਂ ਕੋਲੋ ਜਿੰਨੀ ਬਰਫ ਸੀ ਉਹ ਮੰਗਾ ਲਈ ਤੇ ਬੂਟਾ ਸਿੰਘ ਸਕੂਟਰ ਤੇ ਅੱਡੇ ਵੱਲ ਹੋਰ ਬਰਫ ਤੇ ਖੰਡ ਲੈਂਣ ਚਲੇ ਗਿਆ, ਉਹ ਦੇਬੀ ਦੇ ਸ਼ੁਰੂ ਕੀਤੇ ਕੰਮ ਵਿਚ ਹਿੱਸਾ ਪਾ ਕੇ ਥੋੜਾ ਕਰਜ ਲਾਉਣਾ ਚਾਹੁੰਦਾ ਸੀ, ਦੇਬੀ ਦੀ ਮਿਹਰਬਾਨੀ ਸਦਕਾ ਬੜੇ ਚਿਰਾਂ ਬਾਦ ਉਹ ਇੱਕ ਦੂਜੇ ਵੱਲ ਵੱਢ ਖਾਣਿਆ ਵਾਗੂ ਦੇਖਣੋ ਹਟੇ ਸਨ।
ਗੁਰਦਵਾਰੇ ਦਾ ਵੱਢਾ ਟੱਬ ਕੱਢ ਕੇ ਸਾਫ ਕਰ ਕੇ, ਵਿੱਚ ਪਾਣੀ ਪਾ ਦਿੱਤਾ, ਹੋਲੀ ਹੋਲ਼ੀ ਆਂਢ ਗਵਾਢ ਦੀਆਂ ਕੁੜੀਆ ਵੀ ਨਜਰ ਆਉਣ ਲੱਗ ਪਈਆ, ਪਰੀਤੀ ਜਿੰਨਾ ਵਾਧੂ ਦੁੱਧ ਘਰੇ ਪਿਆ ਸੀ ਲੈ ਆਈ ਤੇ ਟੱਬ ਵਿੱਚ ਪਾ ਦਿੱਤਾ, ਹੋਲੀ ਹੋਲੀ ਦੂਜੇ ਘਰਾਂ ਵਿਚੋ ਵੀ ਦੁੱਧ ਆਉਣਾ ਸ਼ੁਰੂ ਹੋ ਗਿਆ, ਦਲੀਪ ਤੇ ਦੀਪੀ ਵੀ ਆ ਗਏ, ਉਨਾਂ ਦੀ ਮਾਂ ਵੀ ਨਾਲ ਸੀ, ਠੇਕੇਦਾਰ ਕੁੱਝ ਦੇਰ ਪਹਿਲਾਂ ਹੀ ਸਕੂਟਰ ਤੇ ਕੋਲ ਦੀ ਲੰਘਦਾ ਰੁਕ ਗਿਆ ਸੀ ਤੇ ਦੇਬੀ ਤੇ ਜੁੜੀ ਭੀੜ ਨੂੰ ਦੇਖ ਉਹ ਸਮਝ ਗਿਆ ਸੀ ਕਿ ਗੱਭਰੂ ਕੋਈ ਹੋਰ ਚੰਗਾ ਕੰਮ ਕਰ ਰਿਹਾ, ਉਹ ਦੇਬੀ ਨੂੰ ਥਾਪੜਾ ਦੇ ਕੇ ਚਲੇ ਗਿਆ, ਕੋਈ ਜਰੂਰੀ ਕੰਮ ਸੀ, ਬੂਟਾ ਸਿੰਘ ਦੀ ਲੜਾਈ ਤੇ ਸਮਝੋਤੇ ਬਾਰੇ ਵੀ ਉਹ ਸੁਣ ਚੁੱਕਿਆ ਸੀ।
ਦਲੀਪ ਅਪਣੀ ਮਾਂ ਤੇ ਦੀਪੀ ਨੂੰ ਛੱਡ ਕੇ ਅੱਗੇ ਜਾਂਣ ਲਈ ਕਾਹਲਾ ਸੀ, ਘਰ ਉਹ ਸਿਰਫ ਸੌਣ ਹੀ ਆਇਆ ਕਰਦਾ ਸੀ, ਸਾਰਾ ਦਿਨ ਇਧਰ ਓਧਰ ਲੋਕਾ ਨਾਲ ਘੁੰਮਦੇ ਫਿਰਦੇ ਨਿਕਲਦਾ ਸੀ ਪਰ ਦਲੀਪ ਵਿੱਚ ਕੁੱਝ ਸੂਖਮ ਬਿਰਤੀਆ ਵੀ ਸਨ, ਪਹਿਲੀ ਨਜਰੇ ਉਹ ਘੁਮੰਡੀ ਤੇ ਲੋਫਰ ਕਿਸਮ ਦਾ
ਲਗਦਾ ਸੀ ਪਰ ਗਹਿਰਾਈਆ ਵਿੱਚ ਉਹ ਇਨਸਾਫ ਪਸੰਦ ਸੀ, ਬੱਸ ਪਿੰਡ ਵਿੱਚ ਉਹਦਾ ਦਿਲ ਨਹੀ ਸੀ ਲਗਦਾ ਕਹਿੰਦਾ ਸੀ ਲੋਕ ਇਨਜੁਆਏ ਨਾ ਕਰਦੇ ਆ ਨਾ ਕਰਨ ਦਿੰਦੇ …
"ਬਾਈ ਨੰਬਰ ਬਣਾਈ ਜਾਨਾ, ਕਿਤੇ ਵੋਟਾਂ ਚ ਖੜੇ ਹੋਣ ਦਾ ਇਰਾਦਾ ਤਾਂ ਨਹੀ"।
ਉਹ ਦੇਬੀ ਨੂੰ ਟਿੱਚਰ ਕਰ ਗਿਆ।
"ਤੁਹਾਡੇ ਵਰਗੇ ਲੀਡਰ ਬੰਦਿਆ ਦੇ ਹੁੰਦੇ ਆਪਾਂ ਨੂੰ ਵੋਟਾਂ ਵਿੱਚ ਖੜੇ ਹੋਣ ਦੀ ਕੀ ਲੋੜ ਆ, ਆਪਾਂ ਤਾਂ ਤੈਨੂੰ ਵੋਟਾਂ ਪਾਵਾਂਗੇ"।
ਦੇਬੀ ਨੇ ਉਹਨੂੰ ਅਪਣੀ ਵੋਟਾ ਦੀ ਦਿਲਚਸਪੀ ਬਾਰੇ ਦੱਸਿਆ ।
"ਠੀਕ ਆ ਬਾਈ, ਡਟਿਆ ਰਹਿ"। ਕਹਿ ਕੇ ਉਹ ਸ਼ਹਿਰ ਨੂੰ ਉਡ ਗਿਆ, ਸੱਜਣਾਂ ਨੇ ਨਾਲ ਲਿਆਦਾ ਦੁੱਧ ਟੱਬ ਵਿੱਚ ਉਲਟ ਦਿੱਤਾ, ਹੁਣ ਤੱਕ ਬਰਫ ਤੇ ਖੰਡ ਵੀ ਬੂਟਾ ਸਿੰਘ ਲੈ ਆਇਆ ਸੀ।
"ਵੀਰੇ ਜੇ ਆਪਾਂ ਇਧਰ ਓਧਰ ਪਈਆਂ ਇੱਟਾਂ ਕੱਠੀਆਂ ਕਰਵਾ ਲਈਏ ਅਤੇ ਕੁੱਝ ਹੋਰ ਖਰੀਦ ਲਈਏ ਤਾਂ ਕੁੱਝ ਕਿਆਰੀਆਂ ਦੇ ਦੁਆਲੇ ਜੰਗਲੇ ਬਣ ਸਕਦੇ ਆ ਤੇ ਨਾਲੇ ਲੋਕ ਪੈਰੀ ਠੇਡੇ ਲੱਗਣ ਤੋ ਬਚਣਗੇ"।
ਪੰਮੀ ਦਾ ਸੁਝਾਅ ਸੀ।
"ਕਿਆ ਆਈਡੀਆ ਬਈ ਪੰਮੇ ਦਾ, ਜਿੰਨੇ ਨਿਆਂਣੇ ਫਿਰਦੇ ਆ ਸਭ ਨੂੰ ਕਹਿ ਦਿਓ ਬਈ ਜੋ ਲੱਭਦਾ ਲੈ ਆਉਣ"।
ਦੇਬੀ ਨੂੰ ਪੰਮੀ ਦਾ ਸੁਝਾਅ ਵਧੀਆ ਲੱਗਿਆ ਸੀ।
ਨਿਆਂਣੇ ਤਾਂ ਉਡੀਕਦੇ ਸੀ ਕਿ ਸਾਨੂੰ ਕੋਈ ਕੰਮ ਮਿਲੇ, ਬੱਚਿਆ ਨੂੰ ਨਾਂ ਗਰਮੀ ਦੀ ਪਰਵਾਹ ਹੁੰਦੀ ਆ ਤੇ ਨਾਂ ਸਰਦੀ ਦੀ, ਨਿਆਣੇ ਜਿੱਥੇ ਕੋਈ ਕਿਸੇ ਦੀ ਇਧਰ ਓਧਰ ਪਈ ਇਟ ਦੇਖਦੇ ਲੈ ਕੇ ਤਿੱਤਰ ਹੋ ਜਾਂਦੇ, ਕਈ ਬਯੁਰਗ ਝਿੜਕਦੇ ਹੀ ਰਹਿ ਜਾਂਦੇ, ਨੋਜੁਆਨ ਤੇ ਅੱਧਖੜ ਕੰਮੀ ਲੱਗੇ ਹੋਏ ਸਨ, ਬੱਚੇ ਅਪਣੀ ਮਸਤੀ ਮਨਾ ਰਹੇ ਸਨ ਤੇ ਬਯੁਰਗ ਖੰਭਾਂ ਦੀਆਂ ਡਾਰਾਂ ਬਣਾਈ ਜਾਦੇ ਸਨ, ਮੁੜ ਘਿੜ ਕੇ ਗੱਲ ਦੇਬੀ ਤੇ ਅਤੇ ਉਸ ਦੇ ਪਿਓ ਤੇ ਆ ਜਾਂਦੀ, ਦੇਬੀ ਸੋਚਦਾ ਸੀ ਇਹ ਲੋਕ ਇਨਾਂ ਮਿਲ ਕੇ ਕੰਮ ਕਰ ਰਹੇ ਆ ਫਿਰ ਹੁਣ ਤੱਕ ਪਹਿਲਾਂ ਏਨਾ ਨੇ ਮਿਲ ਕੇ ਕੁੱਝ ਕਿਓ ਨਹੀ ਕੀਤਾ ?
ਪੰਜਾਬੀ ਸਮਾਜ ਦੇ ਚੰਗੇ ਅਤੇ ਮਾੜੇ ਪੱਖ ਹੌਲੀ ਹੌਲੀ ਉਸਦੇ ਸਾਹਮਣੇ ਉਘੜਨੇ ਸ਼ੁਰੂ ਹੋ ਗਏ ਸਨ।
ਪੰਮੀ ਤੇ ਦੀਪੀ ਨੇ ਛਬੀਲ ਦਾ ਪਾਂਣੀ ਮਿਕਸ ਕਰਨਾਂ ਸ਼ੁਰੂ ਕਰ ਦਿੱਤਾ ਤੇ ਕੰਮ ਕਰਦਿਆ ਨੂੰ ਵਰਤਾਉਣ ਲੱਗ ਪਈਆ, ਦੇਬੀ ਗਰਮੀ ਵਿੱਚ ਮੁੜਕੇ ਨਾਲ ਇਵੇ ਭਿੱਜਾ ਹੋਇਆ ਸੀ ਜਿਵੇ ਚੁਬੱਚੇ ਵਿਚੋ ਨਿਕਲ ਕੇ ਆਇਆ ਹੋਵੇ,
"ਬਾਈ ਜੀ ਤੁਸੀ ਸਾਹ ਲੈ ਲਓ, ਦੋ ਮਿੰਟ ਛਾਂਵੇ ਬਹਿ ਜੋ"।
ਬੂਟਾ ਸਿੰਘ ਨੇ ਦੇਬੀ ਦੀ ਪਤਲੀ ਹਾਲਤ ਦੇਖ ਕੇ ਕਿਹਾ
"ਬਾਈ ਜੀ, ਸਾਹ ਤਾਂ ਆਈ ਜਾਦਾ ਆ, ਚਿੰਤਾ ਨਾਂ ਕਰੋ ਮੈਂ ਮੁੜਕੇ ਵਿੱਚ ਖੁਰ ਨੀ ਚੱਲਿਆ, ਸਪੋਰਟ ਕਰਦੇ ਏਨਾਂ ਕੁ ਮੁੜਕਾ ਰੋਜ ਈ ਨਿਕਲਦਾ ਸੀ, ਆਪਾਂ ਕੰਮ ਨਬੇੜਨਾ ਆ"।
ਕਹਿ ਕੇ ਦੇਬੀ ਦੂਜੀ ਕਿਆਰੀ ਕੋਲ ਚਲੇ ਗਿਆ, ਇਹ ਕਿਆਰੀ ਛਬੀਲ ਵਾਲੀ ਥਾਂ ਦੇ ਬਿਲਕੁਲ ਸਾਹਮਣੇ ਸੀ, ਸੱਜਣਾ ਦੇ ਬਹੁਤ ਕਰੀਬ, ਦੋਵਾਂ ਦੀ ਪੂਰੀ ਕੋਸ਼ਿਸ਼ ਸੀ ਕਿ ਇੱਕ ਦੂਜੇ ਵੱਲ ਨਾਂ ਦੇਖਣ ਪਰ ਨਜਰਾਂ ਜਿਵੇ ਕਿਸੇ ਚੁੰਬਕੀ ਸ਼ਕਤੀ ਨਾਲ ਇੱਕ ਦੂਜੇ ਵੱਲ ਖਿੱਚੀਆਂ ਜਾ ਰਹੀਆਂ ਸਨ, ਸੱਜਣਾਂ
ਦੇ ਸੁਹੱਪਣ ਦਾ ਕੀ ਬਿਆਂਨ ਕਰਾਂ, ਸਧਾਰਨ ਜਿਹੇ ਕੱਪੜੇ ਪਰ ਚਿਹਰੇ ਤੇ ਪਰੇਮ ਦਾ ਨੂਰ ਉਹਨੂੰ
ਕਿਸੇ ਸਵਰਗ ਦੀ ਹੂਰ ਤੋ ਘੱਟ ਦਰਜਾ ਨਹੀ ਦੇਣ ਦੇਂਦਾ, ਜਿਹਦਾ ਰੱਬ ਵਰਗਾ ਯਾਰ ਹੋਵੇ, ਤੇ ਉਹ ਵੀ ਰੱਬ ਦੇ ਘਰ, ਉਹਦੇ ਚੇਹਰੇ ਤੇ ਨੱਚਦੀ ਖੁਸ਼ੀ ਨੂੰ ਰੋਕਿਆ ਕਿਵੇ ਜਾ ਸਕਦਾ ਆ, ਦਿਲ ਵਿੱਚ ਪਰੇਮ ਦਾ ਹੜ ਆਇਆ ਹੋਵੇ ਤਾਂ ਇਹ ਤਾਏ ਤਾਈਆ ਦੀ ਤੇ ਕੈਦੋ ਲੰਙਿਆ ਦੀ ਕੌਣ ਪਰਵਾਹ ਕਰਦਾ ਆ, ਕਹਿੰਦੇ ਤਾਂਨਸੈਨ ਜਦ ਪਰੇਮ ਵਿੱਚ ਆ ਕੇ ਸੰਗੀਤ ਛੇੜਦਾ ਸੀ ਤਾਂ ਬੱਦਲ ਵਰ ਆਉਦੇ ਸਨ, ਜੇ ਸੰਗੀਤ ਵਿੱਚ ਇਨੀ ਸ਼ਕਤੀ ਹੋ ਸਕਦੀ ਆ ਤਾਂ ਪਰੇਮ ਤਾਂ ਹੈ ਈ ਸਭ ਸ਼ਕਤੀਆਂ ਦਾ ਸਰਦਾਰ, ਰੱਬ ਤੱਕ ਪਹੁੰਚਣ ਦਾ ਮਾਰਗ, ਗੁਰੂ ਜੀ ਨੇ ਐਵੇ ਨਹੀ ਕਹਿ ਦਿੱਤਾ …
"ਜਿਨ ਪਰੇਮ ਕੀਓ ਤਿਨ ਹੀ ਪ੍ਰਭ ਪਾਇਓ"।
ਭਾਵੇ ਇਹ ਦੋ ਨੋਜੁਆਨਾਂ ਦਾ ਪਰੇਮ ਸੀ ਜੋ ਮਨੁੱਖ ਵੱਲੋ ਮਨੁੱਖ ਨੂੰ ਕੀਤਾ ਜਾ ਰਿਹਾ ਸੀ, ਇਹਦੇ ਵਿੱਚ ਭਾਵੇ ਮਨੁੱਖੀ ਕਾਮ ਵਾਸ਼ਨਾ ਨੂੰ ਵੀ ਜੋੜ ਦੇਈਏ ਪਰ ਫਿਰ ਵੀ ਜਿਸ ਅਧਾਰ ਤੇ ਇਹ ਰਿਸ਼ਤਾ ਖੜਾ ਸੀ ਉਹ ਪਰੇਮ ਦਾ ਹੀ ਜਜਬਾ ਸੀ, ਬਚਪਨ ਵਿੱਚ ਸ਼ੁਰੂ ਹੋਇਆ ਪਰੇਮ ਜਦੋ ਕਿ ਕਾਂਮ ਵਾਸ਼ਨਾ ਹਾਲੇ ਅੰਦਰ ਗੂੜੀ ਨੀਦੇ ਸੁੱਤੀ ਹੋਈ ਸੀ, ਇਸ ਤੋ ਇਲਾਵਾ ਕਾਮ ਵਾਸ਼ਨਾ ਨੂੰ ਇਨੀ ਬੁਰੀ ਅੱਖ ਨਾਲ ਦੇਖਣਾ ਵੀ ਤਾਂ ਕੁਦਰਤ ਦੇ ਇਸ ਤੋਹਫੇ ਨਾਲ ਘੋਰ ਵਿਤਕਰਾ ਹੋਵੇਗਾ, ਕੀ ਪਾਠਕ ਇਹ ਸੋਚ ਸਕਦੇ ਹਨ ਕਿ ਅਗਰ ਅਸੀ ਅਪਣੇ ਜੀਵਨ ਵਿੱਚੋ ਕਾਂਮ ਵਾਸ਼ਨਾ ਨੂੰ ਮਨਫੀ ਕਰ ਦੇਈਏ ਤਾਂ ਪਿੱਛੇ ਉਹ ਕੀ ਰਹਿ ਜਾਂਦਾ ਹੈ ਜੋ ਮਨੁੱਖ ਨੂੰ ਕਾਂਮ ਤੋ ਵੱਧ ਸੁਖ ਦਿੰਦਾ ਹੋਵੇ ?
ਜਿਨਾਂ ਲੋਕਾਂ ਨੇ ਕਾਮ ਨੂੰ ਦੁਸ਼ਮਣ ਸਮਝ ਲਿਆ ਤੇ ਬਣਾ ਲਿਆ ਉਹ ਹਰ ਰੋਜ ਕਾਂਮ ਨਾਲ ਲੜਦੇ ਆ ਤੇ ਹਰ ਰੋਜ ਹਾਰਦੇ ਆ, ਹੈਰਾਂਨੀ ਦੀ ਗੱਲ ਇਹ ਵੀ ਆ ਕਿ ਇਹੀ ਸਿਆਂਣੇ, ਇਹੀ ਪੰਡਿਤ, ਇਹੀ ਬਯੁਰਗ ਇਹ ਵੀ ਕਹਿੰਦੇ ਆ ਕਿ ਕਾਂਮ ਦੇ ਤੀਰਾਂ ਤੋ ਤਾਂ ਬਰੰਹਮਾਂ ਜੀ ਵੀ ਨਹੀ ਬਚੇ, ਪਰ ਲੜਨਾ ਨਹੀ ਛੱਡਣਾ, ਜਿਨਾ ਲੋਕਾਂ ਨੇ ਕਾਂਮ ਨੂੰ ਸਮਝਿਆ ਤੇ ਇਸ ਨਾਲ ਦੋਸਤੀ ਕਰ ਲਈ ਉਹ ਗਰਹਿਸਤੀ ਤੇ ਬਰੰਹਮਚਾਰੀ ਦੋਵਾਂ ਤੋ ਸੌਖੇ ਹੋ ਗਏ, ਗਰਿਹਸਤੀ ਕਾਂਮ ਨਾਲ ਤਰਿਪਤ ਨਹੀ ਹੋ ਰਿਹਾ, ਹਰ ਰੋਜ ਤਰਿਪਤੀ ਦੇ ਨਵੇਂ ਸਾਧਨ ਖੋਜ ਰਿਹਾ, ਪਰ ਪਿਆਸ ਵਧ ਰਹੀ ਆ, ਕਾਂਮ ਵਿੱਚ ਰਹਿੰਦਾ ਹੋਇਆ ਕਾਂਮ ਦੇ ਵਿਰੋਧ ਵਿੱਚ ਜੀ ਰਿਹਾ, ਬਰੰਹਮਚਾਰੀ ਅਤੇ ਚਰਚ ਦਾ ਪਾਦਰੀ ਕਾਮ ਤੋ ਪਰਚਿਤ ਤੱਕ ਨਹੀ, ਪਰਚਿਤ ਹੈ ਪਰ ਮੰਨਦਾ ਨਹੀ, ਜਿਸ ਸ਼ਕਤੀ ਨੂੰ ਮਨੁੱਖ ਦੇ ਸਰੀਰ ਅੰਦਰ ਪਾ ਕੇ ਸਿਰਜਣਹਾਰ ਨੇ ਭੇਜਿਆ ਹੋਵੇ ਅਤੇ ਜਿਹੜੀ ਸ਼ਕਤੀ ਕਿਸੇ ਟਾਈਮ ਬੰਬ ਵਾਂਗ ਅਪਣੇ ਸਮੇ ਤੇ ਬਿਨਾ ਪੁੱਛਿਆ ਧਮਾਕਾ ਕਰ ਦੇਵੇ, ਉਸ ਤੋ ਅਪਰਚਿਤ ਰਹਿਣ ਦਾ ਕੋਈ ਤਰੀਕਾ ਵੀ ਨਹੀ, ਇਹ ਠੀਕ ਹੈ ਕਿ ਜੁਬਾਂਨ ਰਾਹੀ ਜਿੰਨਾ ਮਰਜੀ ਝੂਠ ਬੋਲਿਆ ਜਾਵੇ, ਈਸਾਈ ਧਰਮ ਦੇ ਪਾਦਰੀਆਂ ਦੀਆਂ ਕਾਲੀਆਂ ਕਰਤੂਤਾਂ ਹਰ ਰੋਜ ਅਖਬਾਰ ਦੀ ਸੁਰਖੀ ਬਣਦੀਆਂ ਹਨ, ਪੋਪ ਦੇ ਖਜਾਨੇ ਵਿਚੋ ਕਿੰਨੇ ਲੱਖਾਂ ਡਾਲਰ ਉਨਾਂ ਮੁੰਡਿਆ ਨੂੰ ਦਿੱਤੇ ਜਾਂਦੇ ਹਨ ਜਿਨਾ ਨਾਲ ਇਹ ਪਾਦਰੀ ਜਬਰ ਜਿਨਾਹ ਕਰਦੇ ਰਹੇ ਤੇ ਉਹ ਵੀ ਰੱਬ ਦੇ ਘਰ ਵਿੱਚ, ਪੈਸੇ ਦੇ ਜੋਰ ਨਾਲ ਅਵਾਜ ਬੰਦ ਕਰ ਦਿੱਤੀ ਜਾਂਦੀ ਹੈ ਪਰ ਕੌਣ ਕਹੇ ਕਿ ਗਰਿਹਸਤੀ ਹੋ ਜਾਓ ?
ਤੇ ਕੌਣ ਕਹੇ ਭਾਰਤੀਆਂ ਨੂੰ ਕਿ ਕਾਮ ਨੂੰ ਮਿੱਤਰ ਸਮਝੌ ?
ਦੁੱਖ ਚਰਮ ਸੀਮਾਂ ਤੱਕ ਹੈ, ਪਰ ਮੰਨਣਾ ਨਹੀ … ।
ਪਾਠਕ ਮਾਫ ਕਰਨ, ਪਰ ਕੁੱਝ ਐਸੀਆਂ ਗੱਲਾਂ ਹਨ ਜੋ ਅਚਾਂਨਕ ਲਿਖ ਹੋਣ ਲਈ ਪਤਾਂ ਨਹੀ ਕਿੱਥੌ ਆਉਦੀਆਂ ਹਨ, ਤੇ ਇਹ ਇਮਾਂਨਦਾਰੀ ਨਹੀ ਹੋਵੇਗੀ ਜੇ ਮੈਂ ਅਪਣੇ ਜਾਤੀ ਖਿਆਂਲਾ ਤੋ ਪਾਠਕ ਨੂੰ ਪਰਚਿਤ ਨਾਂ ਕਰਾ, ਇਨਾ ਖਿਆਲਾਂ ਨੂੰ ਸਾਝੇ ਕੀਤਿਆ ਹੀ ਸਾਡੀਆਂ ਸਮੂਹਿਕ ਮੁਸ਼ਕਲਾਂ ਦੇ ਹੱਲ ਨਿਕਲਣ ਦੀ ਸੰਭਾਵਨਾਂ ਹੈ।
ਖੈਰ ਆਓ ਦੇਖੀਏ ਅੱਗੇ ਕੀ ਹੋ ਰਿਹਾ …
ਦੇਬੀ ਨੇ ਟੀ ਸ਼ਰਟ ਪਾ ਰੱਖੀ ਸੀ, ਕਹੀ ਨਾਲ ਕਿਆਰੀ ਬਣਾਉਦੇ ਉਸ ਦੇ ਮਜਬੂਤ ਸਰੀਰ ਦੇ ਸਾਰੇ ਮਸਲ ਉਬਰ ਚੁੱਕੇ ਸਨ, ਕਿਸੇ ਚੜਦੀ ਜਵਾਨੀ ਵਾਲੇ ਗੱਭਰੂ ਦਾ ਸੁਹੱਪਣ ਉਹਦੇ ਚੇਹਰੇ ਤੋ ਜਿਆਦਾ ਉਹਦੀ ਸਰੀਰਕ ਸ਼ਕਤੀ ਵਿੱਚ ਹੁੰਦਾ ਆ, ਯੋਰਪ ਵਿੱਚ ਆਮ ਹੈ ਕਿ ਬਹੁਤੇ ਜੰਗਮੈਨ ਬਾਡੀ ਬਿਲਡਿੰਗ ਕਰਦੇ ਆ, ਅੱਜ ਕੱਲ ਪੰਜਾਬ ਵਿੱਚ ਵੀ ਬਹੁਤ ਕਰੇਜ ਆ, ਸਲਮਾਂਨ ਖਾਂਨ ਵਰਗਿਆ ਦੀ ਮਿਹਰਬਾਨੀ ਸਦਕਾ, ਪਰ ਜਿਸ ਸਮੇ ਦੀ ਮੈਂ ਗੱਲ ਕਰ ਰਿਹਾ ਹਾਂ ਉਹ ਕੋਈ ਵੀਹ ਸਾਲ ਪਹਿਲਾਂ ਸੀ ਤੇ ਦਰਸ਼ਨੀ ਜਿਸਮਾਂ ਦੇ ਮਾਲਕ ਪੰਜਾਬੀ ਗੱਭਰੂਆਂ ਦੀ ਗਿਣਤੀ ਬਹੁਤੀ ਨਹੀ ਸੀ, ਪਿੰਡ ਵਿੱਚ ਇੱਕ ਅੱਧਾ ਗੱਭਰੂ ਹੁੰਦਾ ਸੀ ਜੋ ਜਿਸਮਾਨੀ ਕਮਾਈ ਕਰਦਾ ਸੀ, ਲੇਖਕ ਦੇ ਪਿੰਡ ਲਖਵਿੰਦਰ ਸਿੰਘ ਸੰਨ ਆਫ ਗੱਜਣ ਸਿੰਘ ਅਤੇ ਸਦਾ ਬਹਾਰ ਭਲਵਾਨ ਬਲਕਾਰ ਸਿੰਘ ਪਿੰਡ ਹਰਨਾਮ ਪੁਰ ਤਹਿਸੀਲ ਸੁਲਤਾਂਨ ਪੁਰ ਲੋਧੀ ਜਿਨੂੰ ਸਭ ਬਲਕਾਰੇ ਦੇ ਨਾਂਮ ਨਾਲ ਜਾਂਣਦੇ ਸਨ, ਨੇੜੇ ਤੇੜੇ ਦਸ ਪੰਦਰਾਂ ਪਿੰਡਾਂ ਵਿੱਚ ਇਹ ਦੋਵੇ ਸਨ ਜਿਨਾ ਕੋਲ ਸਰੀਰਕ ਤਾਕਤ ਸੀ, ਲਖਵਿੰਦਰ ਲੱਖਾ ਤਕੜਾ ਸੀ ਪਰ ਘਰ ਦੇ ਕੰਮ ਨੇ ਖਾ ਲਿਆ, ਬਲਕਾਰ ਸਿੰਘ ਬਹੁਤ ਕਬੱਡੀ ਖੇਡਿਆ, ਦੋ ਹਜਾਰ ਅੱਠ ਵਿੱਚ ਮੈਂ ਜਦੋ ਸੁਲਤਾਂਨ ਪੁਰ ਗਿਆ ਤਾਂ ਸਟੇਡੀਅਮ ਵਿੱਚ ਮਲਗਜਾਰੀਏ ਹਰਮੀਤ ਕੋਲ ਇੱਕ ਬੰਦਾ ਡੰਡ ਮਾਰ ਰਿਹਾ ਸੀ, ਮੈਂ ਉਸ ਨੂੰ ਪਹਿਚਾਂਣ ਨਹੀ ਸੀ ਸਕਿਆ … ।
"ਭਲਵਾਨ ਬਲਕਾਰ ਆ"।
ਹਰਮੀਤ ਨੇ ਦੱਸਿਆ।
ਮੈਂ ਬਹੁਤ ਹੈਰਾਂਨ ਸੀ ਕਿ ਇਹ ਸਦਾ ਬਹਾਰ ਪਲੇਅਰ ਜੋ ਪਚਵੰਜਾ ਸਾਲ ਤੋ ਕਾਫੀ ਉਪਰ ਹੋਵੇਗਾ ਅੱਜ ਵੀ ਮੁੰਡਿਆ ਨਾਲ ਡੰਡ ਬੈਠਕਾ ਮਾਰ ਰਿਹਾ, ਆਮ ਤੌਰ ਤੇ ਪੰਜਾਬੀ ਪਲੇਅਰ ਸਾਲ ਕੁ ਚਮਕ ਕੇ ਫਿਰ ਨਸ਼ਿਆ ਵਿੱਚ ਨਿੱਘਰ ਜਾਂਦੇ ਰਹੇ ਆ, ਦੇਬੀ ਕੋਈ ਪਲੇਅਰ ਨਹੀ ਸੀ ਪਰ ਸਰੀਰ ਨੂੰ ਤੰਦਰੁਸਤ ਰੱਖਣ ਲਈ ਬਹੁਤ ਮਿਹਨਤ ਕੀਤੀ ਸੀ ਤੇ ਹੁਣ ਜਦੋ ਮਸਲ ਉਭਰ ਚੁੱਕੇ ਸਨ ਤੇ ਪਸੀਨਾ ਪਾਣੀ ਵਾਗੂੰ ਵਹਿ ਰਿਹਾ ਸੀ ਤਾਂ ਚੋਰੀ ਚੋਰੀ ਸਭ ਦੇਖ ਰਹੇ ਸਨ, ਨਜਰਾ ਤਿਲਕ ਤਿਲਕ ਜਾਦੀਆਂ ਸਨ, ਖੱਦਰ ਦਾ ਕੁੜਤਾ ਪਜਾਮਾ ਪਹਿਨ ਕੇ ਆਇਆ ਸੀ, ਸਰੀਰਕ ਪਰਦਰਸ਼ਨ ਵਿੱਚ ਉਸਦਾ ਕੋਈ ਯਕੀਨ ਨਹੀ ਸੀ, ਪਰ ਹੁਣ ਜਦੋ ਪੰਜਾਬ ਦੀ ਗਰਮੀ ਨੇ ਸਰੀਰ ਦੇ ਚੱਕਰ ਘੁਮਾਏ ਤੇ ਪਸੀਨਾ ਚੋਣਾ ਸੁਰੂ ਹੋ ਗਿਆ ਤਾ ਕੁੜਤਾ ਲਾਉਣਾ ਪਿਆ, ਅੱਧੀਆ ਬਾਹਵਾ ਦੀ ਬਨਿਆਨ ਵਿੱਚ ਹੁਣ ਅਪਣੇ ਸਖਤ ਡੋਲਿਆ ਨੂੰ ਕਿਵੇ ਛਿਪਾਉਦਾ ? ਦੇਖਣ ਵਾਲਿਆ ਦਾ ਦਿਲ ਕਰਦਾ ਸੀ ਕਿ ਉਹਦੇ ਵੱਲ ਦੇਖਣ …
"ਲਓ ਜੀ ਪਾਂਣੀ ਪੀਓ"।
ਸੱਜਣਾ ਕੋਲੋ ਰਹਿ ਨਾਂ ਹੋਇਆ ਤੇ ਉਹ ਇੱਕ ਥਾਲ ਵਿੱਚ ਕੁੱਝ ਗਿਲਾਸ ਰੱਖ ਕੇ ਦੂਜਿਆ ਨੂੰ ਠੰਡਾ ਤੇ ਮਿੱਠਾ ਛਬੀਲ ਦਾ ਪਾਣੀ ਪਿਲਾਉਦੇ ਹੋਏ ਦੇਬੀ ਮੋਹਰੇ ਆ ਖੜੇ ਹੋਏ … ।
ਪੰਮੀ ਦੀ ਅੱਖ ਉਹਨਾ ਵਿੱਚ ਸੀ ਕਿ ਹੁਣ ਕਿਧਰੇ ਕੋਈ ਗਲਤੀ ਨਾਂ ਕਰਨ ਪਰ ਦੇਬੀ ਜਾਣਦਾ ਸੀ ਕਿ ਕਿੰਨੀਆਂ ਦੂਰਬੀਨਾਂ ਦਾ ਫੋਕਸ ਇਸ ਵੇਲੇ ਉਨਾ ਤੇ ਫਿੱਟ ਹੋਇਆ ਹੋਵੇਗਾ।
"ਧੰਨਵਾਦ" ਕਹਿ ਕੇ ਦੇਬੀ ਨੇ ਗਿਲਾਸ ਲਿਆ, ਅੱਧਾ ਕੁ ਪੀਤਾ ਤੇ ਬਾਕੀ ਇੱਕ ਪਾਸੇ ਰੱਖ ਕੇ ਫਿਰ ਕੰਮ ਵਿੱਚ ਲੱਗ ਗਿਆ, ਸੱਜਣਾਂ ਨੂੰ ਹੁਣ ਮੁੜਨਾ ਪਿਆ, ਚਲੋ ਦਰਸ਼ਨ ਦੀਦਾਰੇ ਹੀ ਸਹੀ। ਦੁਪਹਿਰ ਤੱਕ ਸਭ ਬੂਟੇ ਆਪੋ ਅਪਣੀ ਥਾਂ ਤੇ ਲੱਗ ਚੁੱਕੇ ਸਨ ਅਤੇ ਉਨਾਂ ਨੂੰ ਪਾਣੀ ਪਾਇਆ ਜਾ ਰਿਹਾ ਸੀ, ਕੁੱਝ ਘਰਾ ਵਾਲਿਆ ਨੇ ਚਾਹ ਬਣਾ ਕੇ ਵਰਤਾਉਣੀ ਸ਼ੁਰੂ ਕਰ ਦਿੱਤੀ, ਅੱਧੇ ਦਿਨ ਦਾ ਇਹ ਐਕਸ਼ਨ ਇੱਕ ਤਿਓਹਾਰ ਜਿਹਾ ਹੋ ਨਿਬੜਿਆ, ਸਭ ਇਸ ਚੰਗੇ ਕੰਮ ਦੀਆਂ ਗੱਲਾਂ ਕਰਦੇ ਘਰੋ ਘਰੀ ਚਲੇ ਗਏ, ਸੱਜਣਾ ਨੂੰ ਇਸ ਮੁਲਾਕਾਤ ਦਾ ਬਹੁਤਾ ਅਨੰਦ ਨਹੀ ਆਇਆ, ਮੂੰਹ ਲਟਕਾਈ ਜਦੋ ਉਹ ਘਰ ਨੂੰ ਜਾ ਰਹੀਆ ਸਨ ਤਾਂ ਪੰਮੀ ਨੇ ਉਸਨੂੰ ਹੋਲੀ ਜਿਹੇ ਕਿਹਾ …
"ਸਦਾਂ ਮੱਖਣ ਨੀ ਮਿਲਦਾ, ਕਦੇ ਲੱਸੀ ਵੀ ਪੀਣੀ ਪੈਂਦੀ ਆ, ਐਵੇ ਦਿਲ ਨਾਂ ਛੱਡ"।
ਦੇਬੀ ਹੁਣੀ ਘਰ ਆ ਗਏ, ਮਨਿੰਦਰ ਨੇ ਵੀ ਕਾਫੀ ਮਦਦ ਕੀਤੀ ਸੀ, ਦੇਬੀ ਮਹਿਸੂਸ ਕਰ ਰਿਹਾ ਸੀ ਕਿ ਪਰੀਤੀ ਕੁੱਝ ਜਿਆਦਾ ਐਕਸਾਈਟਡ ਸੀ, ਦੇਬੀ ਦਾ ਖਿਆਲ ਸੀ ਇਹ ਮਨਿੰਦਰ ਕਾਰਨ ਹੋ ਸਕਦਾ ਆ।
"ਮਨਿੰਦਰ ਤੂੰ ਕੋਈ ਦੁਕਾਂਨ ਚਲ ਸਕਦਾ ?"।
ਦੇਬੀ ਨੇ ਮਨਿੰਦਰ ਨੂੰ ਪੁੱਛਿਆ।
"ਭਾਜੀ ਕੋਈ ਛੋਟੀ ਜਿਹੀ ਦੁਕਾਨ ਤਾਂ ਹਰ ਹਾਲਤ ਕਰ ਸਕਾਂਗਾ ਪਰ ਉਹਦੇ ਲਈ ਪਹਿਲਾ ਉਸ ਦੁਕਾਂਨ ਦਾ ਕੰਮ ਸਿੱਖਣਾ ਹੋਵੇਗਾ"।
ਮਨਿੰਦਰ ਦਾ ਜਵਾਬ ਸੀ।
"ਬਿਲਕੁਲ ਸਹੀ, ਤੂੰ ਕੋਈ ਐਸਾ ਕੰਮ ਦੇਖ ਜਿਸ ਤੇ ਬਹੁਤ ਜਿਆਦਾ ਇਨਵੈਸਟਮੈਂਟ ਨਾਂ ਹੁੰਦੀ ਹੋਵੇ ਅਤੇ ਉਸ ਕੰਮ ਨੂੰ ਸਿੱਖਣ ਦੀ ਜਗਾ ਲੱਭ, ਜਿਸ ਦਿਨ ਤੂੰ ਕਹੇਗਾ ਕਿ ਹੁਣ ਮੈਂ ਤਿਆਰ ਆ ਉਸ ਦਿਨ ਤੇਰੇ ਬਿਜਨਸ ਦੀ ਸ਼ੁਰੂਆਤ ਕਰ ਦੇਵਾਗੇ"।
ਦੇਬੀ ਮਨਿੰਦਰ ਨੂੰ ਕਿਸੇ ਕੰਮ ਤੇ ਲੱਗਾ ਦੇਖਣਾ ਚਾਹੁੰਦਾ ਸੀ।
"ਭਾਜੀ ਮੈਨੂੰ ਸਮਝ ਨਹੀ ਆ ਰਹੀ ਕਿ ਮੈਂ ਕਿਹੜੇ ਸ਼ਬਦਾਂ ਨਾਲ ਤੁਹਾਡਾ ਧੰਨਵਾਦ ਕਰਾਂ"।
ਮਨਿੰਦਰ ਨੇ ਕਿਹਾ।
"ਠੀਕ ਆ ਜੇ ਸਮਝ ਨਹੀ ਆ ਰਹੀ ਤਾਂ ਧੰਨਵਾਦ ਕਰਨ ਨੂੰ ਰਹਿਣ ਦੇ, ਜੇ ਧੰਨਵਾਦ ਸੱਚੀ ਕਰਨਾ ਹੈ ਤਾ ਉਹ ਹੋ ਵੀ ਬਿਨਾ ਸ਼ਬਦਾਂ ਦੇ ਹੀ ਸਕਦਾ ਆ, ਅਗਰ ਮੇਰੀ ਮਦਦ ਨਾਲ ਤੇਰਾ ਰੁਜਗਾਰ ਤੁਰਦਾ ਹੈ ਤਾਂ ਤੂੰ ਇਹ ਵਾਅਦਾ ਕਰ ਕਿ ਅਪਣੇ ਪੈਰਾਂ ਸਿਰ ਹੋ ਕੇ ਘੱਟੋ ਘੱਟ ਇੱਕ ਬੇਰੁਜਗਾਰ ਨੂੰ ਰੁਜਗਾਰ ਤੇ ਤੂੰ ਖੁਦ ਲਾਵੇਗਾ, ਅਤੇ ਇਹ ਸਹੀ ਧੰਨਵਾਦ ਹੋਵੇਗਾ, ਇਹਦੇ ਵਾਸਤੇ ਸ਼ਬਦਾਂ ਦੀ ਲੋੜ ਨਹੀ"।
ਦੇਬੀ ਨੇ ਉਸ ਨੂੰ ਧੰਨਵਾਦ ਕਰਨ ਦਾ ਤਰੀਕਾ ਦੱਸਿਆ।
"ਉਸ ਦਿਨ ਦੀ ਮੈਂ ਉਡੀਕ ਕਰਾਂਗਾ, ਜਿਸ ਦਿਨ ਤੁਹਾਡਾ ਧੰਨਵਾਦ ਤੁਹਾਡੇ ਤਰੀਕੇ ਨਾਲ ਕਰ ਸਕਿਆ"। ਮਨਿੰਦਰ ਨਿਮਰਤਾ ਨਾਲ ਬੋਲਿਆ।
"ਚਲੋ ਤੂੰ ਵੀ ਕੰਮ ਤੇ ਲੱਗ ਗਿਆ, ਫਿਲਹਾਲ ਕੰਮ ਲੱਭਣਾ ਹੀ ਇੱਕ ਕੰਮ ਹੈ"।
ਦੇਬੀ ਨੂੰ ਲਗਦਾ ਸੀ ਕਿ ਇਹ ਨੋਜਵਾਂਨ ਜੋ ਕਹਿ ਰਿਹਾ ਉਹ ਕਰ ਵੀ ਸਕੇਗਾ, ਘੁੱਦੇ ਨੇ ਸਾਰੇ ਫਾਰਮ ਭਰ ਲਏ ਅਤੇ ਕਹਿਣ ਲੱਗਾ।
"ਬਾਈ, ਫਾਰਮਾ ਤੇ ਮੋਹਰ ਲਵਾਉਣ ਚੱਲੀਏ ਨਾਲੇ ਤੂੰ ਸਮਬਾਡੀ ਨੂੰ ਮਿਲ ਲਵੀ"।
"ਤੈਨੂੰ ਸਮਬਾਡੀ ਬਾਰੇ ਪਤਾ ਆ ?" ਦੇਬੀ ਹੈਰਾਂਨ ਰਹਿ ਗਿਆ।
"ਓ ਭੋਲੇ ਪਾਤਸ਼ਾਹੋ ਤੁਹਾਨੂੰ ਕਿਹਾ ਸੀ ਬਈ ਅਸੀ ਤਾਂ ਉਡਦੀ ਘੁੱਗੀ ਦੇ ਖੰਭ ਗਿਣ ਲਈਏ, ਪਰ ਤੁਸੀ ਸ਼ਰਮਿੰਦੇ ਨਾ ਹੋਵੋ ਸਮਬਾਡੀ ਤੇ ਅਤੇ ਤੁਹਾਡੇ ਤੇ ਸੰਤਾ ਦੀ ਕਿਰਪਾ ਬਣੀ ਰਹੇਗੀ"।
ਘੁੱਦੇ ਨੇ ਸੰਤਾਂ ਵਾਂਗ ਹੱਥ ਉਪਰ ਕਰ ਕੇ ਆਸ਼ੀਰਵਾਦ ਦਿੱਤਾ।
"ਮੇਰਾ ਜਾਣਾ ਠੀਕ ਹੋਵੇਗਾ ?"।
ਦੇਬੀ ਦੁਚਿੱਤੀ ਵਿੱਚ ਪੈ ਗਿਆ।
"ਠੀਕ ਕਿਓ ਨਹੀ ਹੋਵੇਗਾ ? ਕਿੰਨੇ ਦਫਤਰੀ ਕੰਮ ਆ, ਸਰਪੰਚ ਦੇ ਘਰ ਤਾਂ ਹਰ ਐਰਾ ਗੈਰਾ ਨੱਥੂ ਖੈਰਾ ਜਦੋ ਜੀ ਕਰੇ ਮੂੰਹ ਚੁੱਕ ਕੇ ਤੁਰ ਪੈਦਾ, ਜਨਾਬ ਤਾਂ ਫਿਰ ਵੀ ਕੋਈ ਖਾਸ ਰੁਤਬਾ ਰੱਖਦੇ ਆ"। ਘੁੱਦੇ ਨੇ ਇਓ ਕਿਹਾ ਜਿਵੇ ਸਾਰੇ ਜਹਾਂਨ ਨੂੰ ਉਹਦੀ ਸਲਾਹ ਦੀ ਲੋੜ ਰਹਿੰਦੀ ਹੋਵੇ।
"ਚੱਲ ਫਿਰ ਦੇਰ ਕਾਹਦੀ"।
ਦੇਬੀ ਵੀ ਤਿਆਰ ਹੋ ਗਿਆ।
ਘੁੱਦਾ ਅਤੇ ਦੇਬੀ ਸਰਪੰਚ ਦੇ ਘਰ ਵੱਲ ਤੁਰ ਪਏ, ਦੇਬੀ ਦੇ ਦਿਲ ਦੀ ਧੜਕਨ ਦਾ ਵਧਣਾ ਕੁਦਰਤੀ ਹੀ ਸੀ, ਵੈਸੇ ਉਹਨੂੰ ਲਗਦਾ ਸੀ ਕਿ ਸ਼ਾਇਦ ਉਹ ਕੁੱਝ ਗਲਤ ਕਰ ਰਿਹਾ ਹੈ, ਪਰ ਕੀ ਹੈ ਗਲਤ ਇਹ ਸਮਝ ਨਹੀ ਸੀ ਆਉਦਾ, ਹੋਰ ਕਿਸੇ ਦੇ ਘਰ ਜਾਂਣ ਵੇਲੇ ਉਸ ਦੇ ਮਨ ਵਿੱਚ ਉਤਸ਼ਾਹ ਜਿਹਾ ਹੁੰਦਾ ਹੈ ਪਰ ਸੱਜਣਾ ਦੇ ਘਰ ਜਾਂਣ ਵੇਲੇ ਐਸਾ ਕਿਓ ਲੱਗ ਰਿਹਾ ਕਿ ਜਿਵੇ ਕੁੱਝ ਚੁਰਾ ਰਿਹਾ ਹੋਵੇ ? ਬਿਨਾ ਚੋਰੀ ਕੀਤੇ ਚੋਰ ਹੋਣ ਦਾ ਅਹਿਸਾਸ ? ਇਹ ਕੈਸਾ ਡਰ ਹੈ ?
ਪਰੇਮ ਕਰਨ ਦੀ ਇਜਾਜਤ ਕੋਣ ਦੇਵੇਗਾ ? ਕਿਸ ਕੋਲ ਹਕੂਕ ਹਨ ਪਰੇਮ ਦੀ ਮਨਾਹੀ ਕਰਨ ਦੇ ? ਸਮਾਜ ਕੋਲ ? ਲੋਕਾਂ ਕੋਲ ? ਇਹ ਸਮਾਜ ਅਤੇ ਲੋਕ ਕੌਣ ਹਨ ?
ਅਤੇ ਕੋਈ ਕਿਸੇ ਨੂੰ ਪਰੇਮ ਕਰੇ ਤਾਂ ਇਸ ਵਿੱਚ ਕਿਹੜਾ ਨੁਕਸਾਂਨ ਹੈ ਜਿਸ ਕਾਰਨ ਲੋਕ ਇਨੇ ਦੁਖੀ ਹੋ ਜਾਂਦੇ ਆ ?
ਕੀ ਅਗਰ ਨੌਜੁਆਂਨ ਇੱਕ ਦੂਸਰੇ ਨੂੰ ਪਰੇਮ ਨਾਂ ਕਰਨ ਤਾਂ ਇਸ ਵਿੱਚ ਕਿਸੇ ਦਾ ਫਾਇਦਾ ਹੈ ?
ਕੀ ਸਮਾਜ ਫਿਰ ਚੈਨ ਦੀ ਨੀਂਦ ਸੌ ਸਕੇਗਾ ?
ਐਸੇ ਹੀ ਸਵਾਲਾਂ ਵਿੱਚ ਘਿਰਿਆ ਦੇਬੀ ਹੁਣ ਸੱਜਣਾਂ ਦੇ ਬੂਹੇ ਮੋਹਰੇ ਸੀ, ਦਲੀਪ ਅਤੇ ਠੇਕੇਦਾਰ ਦੇ ਘਰ ਹੋਣ ਦਾ ਸਵਾਲ ਈ ਨਹੀ ਸੀ ਪੈਦਾ ਹੁੰਦਾ, ਉਹ ਦੋਵੇ ਬਾਹਰ ਦੀ ਦੁਨੀਆਂ ਵਿੱਚ ਇਨੇ ਮਸਰੂਫ ਸਨ ਕਿ ਘਰ ਦੇ ਕੰਮਾ ਦੀ ਵਿਹਲ ਹੀ ਨਹੀ ਸੀ, ਖੁੱਲੀ ਜਮੀਨ ਵਿੱਚ ਇੱਕ ਵਧੀਆ ਕਾਮੇ ਨੂੰ ਮੋਹਤਬਰ ਬਣਾ ਰੱਖਿਆ ਸੀ ਉਸਦਾ ਕੰਮ ਸੀ ਜਮੀਨ ਵਿੱਚ ਹੋਣ ਵਾਲੇ ਹਰ ਕੰਮ ਨੂੰ ਦੇਖਣਾ, ਦੋਵੇ ਪਿਓ ਪੁੱਤ ਜਮੀਨ ਦੀ ਕਮਾਈ ਨਾਲੋ ਵੱਧ ਬਾਹਰ ਕਮਾ ਲੈਂਦੇ ਸਨ।
ਸੱਜਣਾਂ ਦੀ ਦਹਿਲੀਜ, ਦੇਬੀ ਇਵੇ ਲੰਘ ਰਿਹਾ ਸੀ ਜਿਵੇ ਕੋਈ ਨਵੀ ਆਈ ਵਹੁਟੀ ਪਹਿਲਾ ਪੈਰ
ਘਰ ਵਿੱਚ ਰੱਖਦੀ ਹੋਵੇ, ਦੋਵੇ ਮਾਵਾਂ ਧੀਆਂ ਬਰਾਂਡੇ ਵਿੱਚ ਕੂਲਰ ਅੱਗੇ ਅਧਸੁੱਤੀਆਂ ਜਿਹੀਆਂ
ਪਈਆ ਸਨ, ਗੇਟ ਸਿਰਫ ਢੋਇਆ ਹੋਇਆ ਸੀ, ਅੰਦਰੋ ਬੰਦ ਨਹੀ ਸੀ ਕੀਤਾ, ਪਰ ਗੇਟ ਖੁੱਲਣ ਅਤੇ ਹਲਕੀ ਜਿਹੀ ਟੱਕ ਟੱਕ ਦੀ ਅਵਾਜ ਕਾਫੀ ਸੀ ਦੀਪੀ ਦੀ ਮਾਂ ਦੀ ਨੀਂਦ ਉਡਾਉਣ ਲਈ, ਉਹ ਝੱਟ ਉਠ ਕੇ ਬਹਿ ਗਈ, ਦੀਪੀ ਨੂੰ ਕਿਸੇ ਦੇ ਘਰ ਆਉਣ ਦੀ ਬਿੜਕ ਆ ਗਈ ਸੀ ਪਰ ਉਹ ਦੇਬੀ ਦੇ ਖਿਆਲ ਵਿੱਚ ਡੁੱਬੀ ਰਹੀ ਤੇ ਸਗੋ ਹੋਰ ਸੁੱਤੇ ਹੋਣ ਦਾ ਬਹਾਨਾ ਕਰਨ ਲੱਗ ਪਈ, ਉਹ ਨਹੀ ਸੀ ਚਾਹੁੰਦੀ ਕਿ ਕੋਈ ਉਸ ਨੂੰ ਡਿਸਟਰਬ ਕਰੇ … ।।
"ਵੇ ਧੰਨਭਾਗ ਪੁੱਤ, ਆਓ ਲੰਘ ਆਓ"। ਘੁੱਦੇ ਦੇ ਮਗਰ ਦੇਬੀ ਨੂੰ ਆਉਦੇ ਦੇਖ ਕੇ ਮਾਂ ਦਾ ਚਿਹਰਾ ਹੋਰ ਖਿੜ ਗਿਆ, ਦੇਬੀ ਨੇ ਆਸਾ ਪਾਸਾ ਦੇਖਿਆ, ਖੁੱਲਾ ਡੁੱਲਾ ਘਰ ਠੇਕੇਦਾਰ ਅਤੇ ਸਰਪੰਚ ਦੀ ਅਮੀਰੀ ਦਾ ਸਬੂਤ ਦੇ ਰਿਹਾ ਸੀ, ਅਤੇ ਇਹ ਹੈ ਉਹ ਥਾਂ ਜਿੱਥੇ ਸੱਜਣ ਰਹਿੰਦੇ ਆ, ਘੁੱਦੇ ਤੇ ਦੇਬੀ ਨੇ ਅੱਗੇ ਵਧ ਕੇ ਪੈਰੀ ਹੱਥ ਲਾਏ … ।
"ਆਓ ਪੁੱਤ ਕੂਲਰ ਮੋਹਰੇ ਬੈਠੋ, ਗਰਮੀ ਬਹੁਤ ਆ, ਦੀਪੀ ਪੁੱਤ ਉਠ ਦੇਖ ਕੌਣ ਆਇਆ"।
ਦੀਪੀ ਦੀ ਮਾਂ ਨੇ ਦੀਪੀ ਨੂੰ ਉਠਣ ਲਈ ਕਿਹਾ, ਦੀਪੀ ਦਾ ਮਨ ਨਹੀ ਸੀ ਕਰਦਾ ਪਰ ਨਾਂ ਉਠਣਾ ਮਹਿਮਾਨ ਦੀ ਬੇਇਜਤੀ ਸੀ, ਤੇ ਚੰਗੇ ਘਰਾਂ ਦੀਆਂ ਕੁੜੀਆਂ ਨੂੰ ਇਹ ਸ਼ੋਭਾ ਨਹੀ ਦਿੰਦਾ, ਦੀਪੀ ਨੇ ਪਾਸਾ ਪਰਤਿਆ, ਸੁਸਤੀ ਨਾਲ ਭਰੀਆ ਅੱਖਾਂ ਨਾਲ ਆਉਣ ਵਾਲਿਆ ਵੱਲ ਦੇਖਿਆ, ਜਿਵੇ ਸਪਰਿੰਗ ਲੱਗੇ ਹੋਣ ਸਰੀਰ ਵਿੱਚ, ਐਨੀ ਫੁਰਤੀ ਉਠ ਕੇ ਬੈਠਣ ਵਿੱਚ, ਸੁਸਤੀ ਕਿਤੇ ਖੰਭ ਲਾ ਕੇ ਉਡ ਗਈ, ਖੁੱਲੀਆਂ ਜੁਲਫਾਂ ਵਿੱਚ ਘਿਰਿਆ ਖੂਬਸੂਰਤ ਚਿਹਰਾ, ਮੋਟੀਆਂ ਅੱਖਾਂ ਖੁਸ਼ੀ ਤੇ ਹੈਰਾਂਨੀ ਵਿੱਚ ਵਧੇਰੇ ਮੋਟੀਆਂ ਹੋ ਗਈਆ, ਦੇਬੀ ਦੇ ਬੁੱਲਾਂ ਤੇ ਹਲਕੀ ਜਿਹੀ ਮੁਸਕਾਂਨ ।
"ਤੁਸੀ ????" ਦੀਪੀ ਦੀ ਹੈਰਾਂਨੀ ਕਿਸੇ ਤੋ ਗੁੱਝੀ ਨਹੀ ਰਹੀ।
"ਹਾ ਜੀ, ਸਰਪੰਚ ਸਾਹਿਬ ਦਾ ਘਰ ਹੈ, ਕੋਈ ਵੀ ਅਪਣਾ ਪਰਾਇਆ ਆ ਸਕਦਾ ਆ"।
ਦੇਬੀ ਨੇ ਸਹਿਜ ਨਾਲ ਕਿਹਾ।
"ਪਰਾਇਆ ਕਾਹਨੂੰ ਪੁੱਤ, ਤੂੰ ਵੀ ਮੇਰੇ ਦਲੀਪ ਵਰਗਾ ਆ ਮੇਰੇ ਲਈ"।
ਮਾਂ ਨੂੰ ਪਰਾਇਆ ਸ਼ਬਦ ਚੰਗਾ ਨਹੀ ਲੱਗਿਆ।
"ਕੀ ਪੀਓਗੇ ?"।
ਦੀਪੀ ਮਹਿਮਾਂਨ ਨਿਵਾਜੀ ਕਰਨੀ ਚਾਹੁੰਦੀ ਸੀ।
"ਤੁਸੀ ਅੱਜ ਛਬੀਲ ਤੇ ਬਥੇਰਾ ਕੁੱਝ ਪਿਆ ਦਿੱਤਾ, ਫਿਲਹਾਲ ਕੋਈ ਖਾਸ ਇੱਛਾ ਨਹੀ"।
ਦੇਬੀ ਨੇ ਅਪਣੇ ਸੁਭਾ ਤੋ ਉਲਟ ਕਿਹਾ।
"ਆਪਾਂ ਤਾ ਤਾਈ ਜਰੂਰ ਕੋਈ ਠੰਡਾ ਠੁੰਡਾ ਪੀਆਂਗੇ, ਜੇ ਮਿਲ ਜਾਵੇ"।
ਘੁੱਦਾ ਕੋਈ ਮੌਕਾ ਕਦੇ ਨਹੀ ਸੀ ਜਾਂਣ ਦਿੰਦਾ।
"ਜਰੂਰ ਪੁੱਤ, ਦੀਪੀ ਲਿਆ ਫਰਿਜ ਵਿੱਚੋ ਸ਼ਰਬਤ ਕੱਢ ਕੇ"।
ਮਾਂ ਨੇ ਹੁਕਮ ਕੀਤਾ, ਦੀਪੀ ਫਰਿੱਜ ਵਿੱਚੋ ਰੂਹ ਅਫਜਾ ਦੇ ਬਣੇ ਦੋ ਗਿਲਾਸ ਕੱਢ ਲਿਆਈ ਤੇ ਮਹਿਮਾਨਾਂ ਅੱਗੇ ਰੱਖ ਦਿੱਤੇ,
"ਲਓ ਪੁੱਤ ਪੀਓ"।
ਮਾਤਾ ਨੇ ਪਰੇਮ ਪਰਗਟ ਕੀਤਾ।
"ਤਾਈ ਜੀ ਫਾਰਮ ਤੇ ਮੋਹਰ ਲਵਾਉਣੀ ਸੀ, ਤਾਏ ਹੁਣੀ ਤਾਂ ਘਰ ਨੀ ਲਗਦੇ"।
ਘੁੱਦੇ ਨੇ ਆਉਣ ਦਾ ਮਕਸਦ ਦੱਸਿਆ।
"ਤੇਰੇ ਤਾਏ ਹੁਣੀ ਤੈਨੂੰ ਪਤਾ ਈ ਆ, ਨੇਰੇ ਹੋਏ ਆਉਦੇ ਆ ਤੇ ਸਵੇਰੇ ਫਿਰ ਤੁਰ ਜਾਦੇ ਆ, ਮੋਹਰ ਮੈਂ ਲਾ ਦਿੰਨੀ ਆ ਪੁੱਤ ਤੇ ਘੁੱਗੀ ਦੀਪੀ ਨੇ ਵਾਹ ਦੇਣੀ ਆ, ਜਾ ਪੁੱਤ ਮੋਹਰ ਲੈ ਕੇ ਆ"।
ਦੀਪੀ ਨੂੰ ਹੁਕਮ ਹੋਇਆ, ਉਹ ਬੈਠਕ ਵੱਲ ਚਲੀ ਗਈ, ਤਿੰਨ ਚਾਰ ਮਿੰਟ ਬਾਅਦ ਮੁੜੀ ਤੇ ਕਹਿਣ ਲੱਗੀ ।
"ਮੰਮੀ, ਮੋਹਰ ਮੈਨੂੰ ਤਾਂ ਲੱਬੀ ਨਹੀ, ਤੁਸੀ ਦੇਖੋ ਕਿਤੇ ਏਧਰ ਓਧਰ ਹੋ ਗਈ ਆ"।
"ਪੁੱਤ ਹਾਲੇ ਕੱਲ ਤਾਂ ਮੈ ਰੱਖੀ ਆ ਪਰਛੱਤੀ ਤੇ, ਚਲ ਮੈਂ ਦੇਖਦੀ ਆ"।
ਕਹਿ ਕੇ ਮਾਤਾ ਬੈਠਕ ਵੱਲ ਚਲੀ ਗਈ। ਅਸਲ ਵਿੱਚ ਮੋਹਰ ਦੀਪੀ ਨੇ ਆਪ ਹੀ ਏਧਰ ਓਧਰ ਕਰ ਦਿੱਤੀ ਸੀ, ਦੋ ਮਿੰਟ ਦੇਬੀ ਨਾਲ ਗੱਲ ਕਰਨ ਦਾ ਇਸਤੋ ਵਧੀਆ ਬਹਾਨਾਂ ਹੋਰ ਕਿਹੜਾ ਹੋ ਸਕਦਾ ਸੀ, ਕੀ ਕਹਿੰਦੇ ਨੇ, ਜੰਗ ਅਤੇ ਮੁਹੱਬਤ ਵਿੱਚ ਸਭ ਕੁੱਝ ਜਾਇਜ ਹੈ ?
"ਤੁਸੀ ਅਚਾਨਕ, ਮੈ ਤਾਂ ਹੈਰਾਨ ਰਹਿ ਗਈ"।
ਦੀਪੀ ਨੇ ਕਿਹਾ।
"ਦਿਲ ਭਰਿਆ ਨਹੀ ਸੀ ਦੇਖ ਕੇ, ਪਿਆਸ ਲੱਗੀ ਤੇ ਪਿਆਸਾ ਚਸ਼ਮੇ ਵੱਲ ਆ ਗਿਆ"।
ਦੇਬੀ ਨੇ ਕਿਹਾ ਤਾਂ ਘੁੱਦੇ ਦੀ ਹਾਜਰੀ ਵਿੱਚ ਦੀਪੀ ਦਾ ਰੰਗ ਸੁਰਖ ਹੋ ਗਿਆ, ਦੇਬੀ ਨੇ ਵੀ ਇਹ ਦੇਖ ਲਿਆ ਸੀ।
"ਘੁੱਦਾ ਸਾਡੀ ਬਚਪਨ ਦੀ ਪਰੇਮ ਕਹਾਂਣੀ ਵਿੱਚ ਹਾਜਰ ਸੀ ਤੇ ਅੱਜ ਸਾਡਾ ਰਾਜਦਾਰ ਵੀ ਆ"। ਦੇਬੀ ਨੇ ਦੀਪੀ ਦਾ ਡਰ ਦੂਰ ਕੀਤਾ, ਪਰ ਫਿਰ ਵੀ ਉਹ ਘੁੱਦੇ ਦੀ ਹਾਜਰੀ ਵਿੱਚ ਸ਼ਰਮਸ਼ਾਰ ਮਹਿਸੂਸ ਕਰ ਰਹੀ ਸੀ।
"ਮੈਂ ਤਾਈ ਨਾਲ ਮੋਹਰ ਲਭਾਉਦਾ ਆ"।
ਘੁੱਦਾ ਉਠ ਕੇ ਅੰਦਰ ਚਲੇ ਗਿਆ, ਦੀਪੀ ਦਾ ਸਾਹ ਜਰਾ ਸੌਖਾ ਹੋ ਗਿਆ।
"ਤੁਸੀ ਸਮਝ ਨਹੀ ਸਕਦੇ ਕਿ ਤੁਹਾਡੇ ਆਉਣ ਦੀ ਮੈਨੂੰ ਕਿੰਨੀ ਖੁਸ਼ੀ ਆ"।
ਦੀਪੀ ਨੂੰ ਹਾਲੇ ਵੀ ਕੁੱਝ ਸੁੱਝ ਨਹੀ ਸੀ ਰਿਹਾ, ਇਸ ਮੁਲਾਕਾਤ ਬਾਰੇ ਉਸ ਨੇ ਸੋਚਿਆ ਤੱਕ ਨਹੀ ਸੀ।
"ਤੈਨੂੰ ਖੁਸ਼ ਦੇਖ ਕੇ ਹੀ ਤਾਂ ਮੈਂ ਜਿਊਦਾ ਆ, ਮੈਨੂੰ ਰਸਤਾ ਮਿਲ ਗਿਆ ਆ ਤੇ ਮੰਜਿਲ ਲਈ ਸਫਰ ਸ਼ੁਰੂ ਹੈ, ਤੂੰ ਮੇਰੀ ਹਮਰਾਹ ਹੋਵੇ, ਹੋਰ ਕੀ ਮੰਗਣਾ ਆ ਰੱਬ ਕੋਲੋ"।
ਦੇਬੀ ਪਿੰਡ ਆ ਕੇ ਹਰ ਤਰਾਂ ਖੁਸ਼ ਸੀ।
ਦੀਪੀ ਦੀ ਚੋਰ ਅੱਖ ਅੰਦਰ ਵੱਲ ਸੀ, ਮੰਮੀ ਤੇ ਘੁੱਦਾ ਅੰਦਰੋ ਨਿਕਲ ਰਹੇ ਸਨ, ਦੋਵਾਂ ਦੀ ਗੱਲਬਾਤ ਦਾ ਸਿਲਸਿਲਾ ਬੰਦ ਹੋ ਗਿਆ, ਉਹ ਦੋਵੇ ਇਜਾਜਤ ਲੈ ਕੇ ਵਾਪਿਸ ਆ ਗਏ, ਦੇਬੀ ਦਿਲੋ ਤਾਂ ਉਠਣਾ ਨਹੀ ਸੀ ਚਾਹੁੰਦਾ ਪਰ ਪਰੇਮ ਵਰਗੇ ਘੋਰ ਅਪਰਾਧ ਦੇ ਦੋਸ਼ ਵਿੱਚ ਕਾਬੂ ਵੀ ਨਹੀ ਸੀ ਆਉਣਾ ਚਾਹੁੰਦਾ, ਉਹ ਕਿਸ ਕਿਸ ਨੂੰ ਸਮਝਾਉਦਾ ਕਿ ਦੀਪੀ ਲਈ ਉਸ ਤੋ ਵੱਧ ਯੋਗ ਹੋਰ ਕੋਈ ਵਰ ਹੋ ਨਹੀ ਸਕਦਾ, ਪਰ ਸ਼ਾਇਦ ਏਥੇ ਕਿਸੇ ਨੂੰ ਯੋਗ ਵਰ ਦੀ ਲੋੜ ਹੀ ਨਾਂ ਹੋਵੇ, ਬੱਸ ਕੋਸ਼ਿਸ਼ ਕਰਨੀ ਹੈ ਕਿ ਕਿਤੇ ਲੋਕ ਨਰਾਜ ਨਾਂ ਹੋ ਜਾਣ, ਪਰ ਲੋਕ ? ਇਹ ਤਾਂ ਹਨ ਹੀ ਨਾਰਾਜ, ਹਰ ਕੋਈ
ਹਰ ਕਿਸੇ ਨਾਲ ਨਾਰਾਜ ਹੈ, ਜਦੋ ਤੱਕ ਛੋਟੇ ਬੱਚੇ ਹੁੰਦੇ ਹਨ ਸਭ ਨਾਲ ਮਿੱਤਰਤਾ, ਜਿਵੇ ਜਿਵੇ ਵੱਡੇ
ਹੋਈ ਜਾਦੇ ਆ, ਮਤਲਬ ਕਿ ਸਿਆਣੇ ਹੋਈ ਜਾਦੇ ਆ ਉਵੇ ਉਵੇ ਹੀ ਗੱਸਾ, ਈਰਖਾ, ਲਾਲਚ ਆਦਿ ਵਧੀ ਜਾਦਾ ਤੇ ਨਾਲ ਹੀ ਨਰਾਜਗੀ ਵਧੀ ਜਾਦੀ ਆ, ਮੈਨੂੰ ਤਾ ਲਗਦਾ ਬਈ ਇਹ ਸਿਆਣਪ ਹੀ ਸਾਰੇ ਪਵਾੜਿਆ ਦੀ ਜੜ ਹੈ, ਜੇ ਐਸਾ ਨਾਂ ਹੋਵੇ ਤਾਂ ਦੂਜੇ ਨੂੰ ਆਨੰਦਿਤ ਹੁੰਦੇ ਦੇਖ ਸੜ ਬਲ ਜਾਂਣ ਦੀ ਲੋੜ ਕਿੱਥੇ ਆ ?
ਘੁੱਦੇ ਹੁਣੀ ਘਰ ਆ ਗਏ, ਮਨਿੰਦਰ ਇੱਕ ਪਾਸੇ ਬੈਠ ਕੇ ਕਾਗਜ ਪੈਨ ਲੈ ਕੇ ਕੁੱਝ ਲਿਖ ਰਿਹਾ ਸੀ, ਪਰੀਤੀ ਤੇ ਬੇਬੇ ਚੌਕੇ ਵਿੱਚ ਸ਼ਾਮ ਦੀ ਰੋਟੀ ਤਿਆਰ ਕਰ ਰਹੀਆਂ ਸਨ।
"ਮਨਿੰਦਰ ਕਿਹੜੇ ਹਿਸਾਬ ਵਿੱਚ ਪੈ ਗਿਆ ?"।
ਦੇਬੀ ਨੇ ਉਸ ਨੂੰ ਲਿਖਣ ਵਿੱਚ ਰੁਝੇ ਦੇਖ ਕੇ ਕਿਹਾ।
"ਤੁਹਾਡੇ ਦਿੱਤੇ ਕੰਮ ਦੀ ਰੂਪ ਰੇਖਾ ਤਿਆਰ ਕਰ ਰਿਹਾ ਤੇ ਨਾਲੇ ਉਡੀਕ ਰਿਹਾ ਸੀ ਕਿ ਤੁਸੀ ਆਓ ਤਾਂ ਮੈ ਜਾਂਣ ਦੀ ਇਜਾਜਤ ਲਵਾਂ"।
ਮਨਿੰਦਰ ਨੂੰ ਪਰੀਤੀ ਦੇ ਵਾਰ ਵਾਰ ਉਸ ਵੱਲ ਦੇਖਣ ਤੋ ਡਰ ਲਗਦਾ ਸੀ, ਉਹ ਨਹੀ ਸੀ ਚਾਹੁੰਦਾ ਕਿ ਘੁੱਦੇ ਨਾਲ ਉਸਦੀ ਮਿਤਰਤਾ ਤੇ ਕੋਈ ਧੱਬਾ ਲੱਗੇ।
"ਕੱਲ ਨੂੰ ਸਿੰਝ ਦੇਖ ਕੇ ਚਲਾ ਜਾਈ ਮਨਿੰਦਰ"।
ਘੁੱਦੇ ਨੇ ਉਸ ਨੂੰ ਰੁਕਣ ਲਈ ਕਿਹਾ।
"ਕੱਲ ਕਦੋ ਆਇਆ ਦੋਸਤ, ਮੇਰਾ ਰੁਜਗਾਰ ਸ਼ੁਰੂ ਹੋ ਜਾਵੇ ਬੱਸ ਸਾਰੀ ਉਮਰ ਸ਼ਿੰਝਾਂ ਹੀ ਦੇਖਣੀਆਂ"।
ਮਨਿੰਦਰ ਨੇ ਕਿਹਾ, "ਬਾਈ ਜੀ ਜਲਦੀ ਹੀ ਪਰੌਗਰੈਸ ਰੀਪੋਰਟ ਦੇਵਾਂਗਾ"।
"ਚਲ ਫਿਰ ਮੈਂ ਤੈਨੂੰ ਛੱਡ ਆਵਾਂ"।
ਘੁੱਦਾ ਉਸ ਨੂੰ ਛੱਡਣ ਚਲੇ ਗਿਆ।
ਦੇਬੀ ਪਰੀਤੀ ਨੂੰ ਵਾਚ ਕਰ ਰਿਹਾ ਸੀ, ਉਹਦਾ ਚਿਹਰਾ ਉਤਰਿਆ ਹੋਇਆ ਸੀ, ਉਹ ਚਾਹੁੰਦੀ ਸੀ ਕਿ ਮਨਿੰਦਰ ਨਾਂ ਜਾਵ, ਪਰੀਤੀ ਦੇਬੀ ਕੋਲ ਆ ਕੇ ਬੈਠ ਗਈ।
"ਏਨਾ ਉਦਾਸ ਵੀ ਨਾ ਹੋ, ਉਹ ਫਿਰ ਆਉਗਾ"।
ਦੇਬੀ ਨੇ ਮੁਸਕਰਾ ਕੇ ਕਿਹਾ।
"ਉਦਾਸ ? ਕੌਣ, ਮੈਂ ? ਕਿਓ ?"।
ਪਰੀਤੀ ਦਾ ਰੰਗ ਉਡ ਗਿਆ ਜਿਵੇ ਕਿਸੇ ਨੇ ਉਸ ਨੂੰ ਚੋਰੀ ਕਰਦੇ ਫੜ ਲਿਆ ਹੋਵੇ।
"ਉਡਦੀ ਘੁੱਗੀ ਦੇ ਪਰ ਤਾਂ ਮੈਨੂੰ ਨਹੀ ਗਿਣਨੇ ਆਉਦੇ ਪਰ ਅਪਣੀ ਭੈਣ ਦੇ ਦਿਲ ਦੀ ਜਰੂਰ ਜਾਂਣ ਸਕਦਾਂ, ਮਨਿੰਦਰ ਖੂਬਸੂਰਤ ਅਤੇ ਚੰਗਾ ਮੁੰਡਾ ਆ, ਉਹਦਾ ਕੋਈ ਕਾਰੋਬਾਰ ਸ਼ੁਰੂ ਹੋ ਜਾਵੇ ਫਿਰ ਜਿਵੇ ਤੂੰ ਚਾਹੇ"।
ਦੇਬੀ ਨੇ ਉਸ ਨੂੰ ਹੌਸਲਾ ਦਿੰਦੇ ਕਿਹਾ।
"ਤੁਸੀ ਵੀ ਵੀਰ ਜੀ ਬੜੇ ਸ਼ੈਤਾਂਨ ਓ, ਅਗਲੇ ਦੇ ਦਿਲ ਵਿੱਚ ਹਾਲੇ ਕਿਸੇ ਗੱਲ ਨੇ ਜਨਮ ਹੀ ਲਿਆ ਹੁੰਦਾ ਤੁਹਾਨੂੰ ਪਤਾ ਲੱਗ ਜਾਂਦਾ, ਕਿਤੇ ਜੋਤਸ਼ ਤਾਂ ਨਹੀ ਸਿੱਖ ਰੱਖਿਆ ?" ।
ਪਰੀਤੀ ਸ਼ਰਮਸ਼ਾਰ ਹੋਈ ਪਈ ਸੀ, ਉਹਦਾ ਦਿਲ ਕਹਿ ਰਿਹਾ ਸੀ ਕਿ ਦੇਬੀ ਵੀਰ ਤੋ ਪਰਦਾ ਰੱਖਣ ਦੀ ਲੋੜ ਨਹੀ।।
"ਜੇ ਬੰਦੇ ਦੇ ਦਿਲ ਵਿੱਚ ਪਰੇਮ ਹੋਵੇ ਤਾਂ ਜੋਤਸ਼ ਦੀ ਕੀ ਲੋੜ ਆ ? ਜੋਤਸ਼ ਆਦਿ ਸਭ ਪਰੇਮ ਤੋ ਬਾਅਦ ਦੀਆਂ ਗੱਲਾਂ ਹਨ, ਮਨੁੱਖਤਾ ਦਾ ਪਰੇਮੀ ਸਭ ਕੁੱਝ ਜਾਣ ਲਵੇਗਾ"।
ਦੇਬੀ ਨੂੰ ਪਰੇਮ ਸ਼ਕਤੀ ਤੇ ਹੀ ਪੂਰਾ ਵਿਸਵਾਸ਼ ਸੀ।
ਬੇਬੇ ਨੇੜੇ ਆ ਕੇ ਬੈਠ ਗਈ ਤੇ ਉਨਾਂ ਨੇ ਵਿਸ਼ਾ ਬਦਲ ਲਿਆ, ਬੇਬੇ ਦੀਆਂ ਅੱਖਾਂ ਚੋ ਪਾਣੀ ਨਿਕਲ ਰਿਹਾ ਸੀ, ਗਿੱਲੀ ਲੱਕੜ ਚੁੱਲੇ ਵਿੱਚ ਡਾਹੁਣ ਕਰਕੇ ਧੂੰਆ ਜਿਆਦਾ ਹੋ ਗਿਆ ਸੀ ।
"ਪਰੀਤੀ ਇਥੇ ਗੈਸ ਨਹੀ ਕਿਓ ਨਹੀ ਵਰਤੀ ਜਾਂਦੀ ?" ।
ਦੇਬੀ ਚੁੱਲਿਆ ਦੇ ਧੂੰਏ ਤੋ ਬੇਬੇ ਤੇ ਹੋਰ ਔਰਤਾਂ ਨੂੰ ਬਚਾਉਣਾ ਚਾਹੁੰਦਾ ਸੀ।
"ਵੀਰ ਜੀ, ਸਰਦੇ ਘਰਾਂ ਨੇ ਕਨੈਕਸ਼ਨ ਲੈ ਰੱਖੇ ਆ, ਨਵੀਆਂ ਨਵੀਆਂ ਗੈਸ ਏਜੰਸੀਆ ਖੁੱਲੀਆਂ ਆ ਤੇ ਏਜੰਸੀਆਂ ਵਾਲੇ ਮਰਜੀ ਨਾਲ ਕੁਨੈਕਸ਼ਨ ਦਿੰਦੇ ਆ, ਜਾਂ ਫਿਰ ਬਲੈਕ ਵਿੱਚ ਸਿਲੈਂਡਰ ਮਿਲਦੇ ਆ ਪਰ ਉਹ ਮਹਿੰਗੇ ਬਹੁਤ ਆ"।
ਪਰੀਤੀ ਨੇ ਦੱਸਿਆ।
"ਤੇ ਹੋਰ ਕੋਈ ਸੋਰਸ ਨਹੀ ਇਸ ਲੱਕੜ ਤੇ ਬਾਲਣ ਦੀ ਅੱਗ ਤੋ ਬਚਣ ਦਾ ?"।
ਦੇਬੀ ਨੂੰ ਲਗਦਾ ਸੀ ਕਿ ਕੋਈ ਹੋਰ ਤਰੀਕਾ ਵੀ ਹੋਣਾ ਚਾਹੀਦਾ ਆ।
"ਹੈ ਕਿਓ ਨਹੀ, ਗੋਭਰ ਗੈਸ ਪਲਾਂਟ ਹੈਗੇ ਆ, ਇਨਾ ਤੇ ਸਬਸਿਡੀ ਵੀ ਮਿਲਦੀ ਆ, ਪਰ ਘਰ ਦੇ ਪਸੂ ਚਾਹੀਦੇ ਤਾਂ ਕਿ ਗੋਹਾ ਟੈਂਕ ਵਿੱਚ ਪਾਇਆ ਜਾ ਸਕੇ, ਪੰਜਾਬ ਸਰਕਾਰ ਨੇ ਕੁੱਝ ਪਿੰਡਾ ਵਿੱਚ ਸਕੀਮ ਚਲਾਈ ਸੀ ਧੂੰਆ ਰਹਿਤ ਪਿੰਡ, ਇਨਾਂ ਪਿੰਡਾ ਵਿੱਚ ਵੱਡਾ ਪਲਾਂਟ ਲਾ ਕੇ ਘਰੋ ਘਰੀ ਪਾਈਪ ਲਾਈਨ ਰਾਹੀ ਗੈਸ ਹਰ ਰਸੋਈ ਵਿੱਚ ਸਪਲਾਈ ਕੀਤੀ ਸੀ, ਪਰ ਕਿਉਕਿ ਇਹ ਸਰਕਾਰੀ ਕੰਮ ਹਨ ਅਤੇ ਕਿਸੇ ਪਰਾਈਵੇਟ ਕੰਪਨੀ ਦਾ ਨਹੀ ਇਸ ਲਈ ਬਾਹਲਾ ਪਰਚਲਤ ਨਹੀ ਹੋਇਆ ਤੇ ਨਾ ਹੀ ਲੋਕ ਬਹੁਤਾ ਤਬਦੀਲੀ ਦੇ ਸ਼ੌਕੀਨ ਆ, ਰੱਬ ਹੀ ਸਾਰਾ ਕੁੱਝ ਕਰ ਦੇਵੇ ਤਾ ਠੀਕ ਆ"।
ਪਰੀਤੀ ਨੇ ਦੱਸਿਆ
"ਕਮਾਲ ਆ, ਸਾਡੀ ਪਰੀਤੋ ਨੂੰ ਤਾਂ ਹਰ ਗੱਲ ਦਾ ਪਤਾ, ਤੂੰ ਤਾਂ ਘੁੱਦੇ ਤੋ ਵੀ ਤੇਜ ਆ, ਤੇ ਅਪਣੇ ਪਿੰਡ ਵਿੱਚ ਕਿੰਨੇ ਕੁ ਗੋਬਰ ਗੈਸ ਪਲਾਂਟ ਹੈਗੇ ?"।
ਦੇਬੀ ਨੇ ਪੁੱਛਿਆ।
"ਅਪਣੇ ਪਿੰਡ ਕੋਈ ਨਹੀ ਪਰ ਮੇਰੀ ਇੱਕ ਕਲਾਸ ਮੇਟ ਆ ਤਲਵੰਡੀ ਦੀ ਉਨਾਂ ਦੇ ਘਰ ਹੈਗਾ"। ਪਰੀਤੀ ਨੇ ਕਿਹਾ।
"ਸੰਭਾਵਨਾਂ ਤਾਂ ਮੌਜੂਦ ਹਨ ਪਰ ਪਿੰਡ ਦੇ ਰਹਿਣ ਵਾਲੇ ਸੁਸਤ ਹਨ, ਕਿਵੇ ਨਾਂ ਕਿਵੇ ਜੀਵਨ ਗੁਜਾਰ ਰਹੇ ਹਨ, ਕੋਈ ਕੋਸ਼ਿਸ਼ ਨਹੀ ਕਰਦੇ ਕਿ ਜੀਵਨ ਸੌਖਾ ਹੋਵੇ"।
ਦੇਬੀ ਦਾ ਖਿਆਲ ਸੀ।
"ਪੁੱਤ ਇੱਕ ਦੂਜੇ ਦੀ ਨਿੰਦਿਆ ਚੁਗਲੀ ਤੋ ਵਿਹਲ ਮਿਲੇ ਤਾਂ ਹੀ ਕੁੱਝ ਅਪਣੇ ਬਾਰ ਸੋਚਣ"।
ਬੇਬੇ ਨੇ ਹੁੰਗਾਰਾ ਭਰਿਆ।
ਘੁੱਦਾ ਵੀ ਵਾਪਿਸ ਆ ਚੁੱਕਿਆ ਸੀ, ਹੁਣ ਉਹ ਕੱਲ ਨੂੰ ਸ਼ਿੰਝ ਦੇਖਣ ਜਾਂਣ ਦਾ ਪਰੋਗਰਾਮ ਬਣਾ ਰਹੇ ਸਨ, ਇਸ ਸ਼ਿੰਝ ਤੇ ਨੇੜੇ ਨੇੜੇ ਪਿੰਡਾਂ ਦੀਆ ਟੀਮਾਂ ਕਬੱਡੀ ਖੇਡਦੀਆਂ ਸਨ।
"ਪਰੀਤੀ ਸਮਬਾਡੀ ਕਮ ਟੂ ਸ਼ਿੰਝ ?" ।
ਦੇਬੀ ਨੇ ਜਾਨਣਾ ਚਾਹਿਆ।
"ਸ਼ਿਓਰ'' ਪਰੀਤੀ ਨੂੰ ਪਤਾ ਸੀ ਕਿ ਹਰ ਸਾਲ ਦਲੀਪ ਟਰੈਕਟਰ ਟਰਾਲੀ ਲੈ ਕੇ ਜਾਦਾ ਆ ਤੇ ਆਂਢ ਗੁਆਂਢ ਉਨਾਂ ਦੀ ਟਰਾਲੀ ਵਿੱਚ ਜਾਦੇ ਆ।
"ਠੀਕ ਆ ਸਵੇਰੇ ਮਿਲਦੇ ਆਂ, ਭੂਆ ਕੱਲੀ ਆ ਘਰ, ਮੈਨੂੰ ਜਾਣ ਲੱਗੇ ਨਾਲ ਲੈ ਜਾਇਓ"।
ਏਨਾ ਕਹਿ ਕੇ ਦੇਬੀ ਘਰ ਨੂੰ ਤੁਰ ਗਿਆ।
ਅਗਲੇ ਦਿਨ ਐਤਵਾਰ ਦਾ ਸਵੇਰਾ, ਦਿਨ ਕੁੱਝ ਠੰਡਾ ਸੀ, ਵਿਰਲੇ ਵਿਰਲੇ ਬੱਦਲ ਛਾਏ ਸਨ, ਆਮ ਲੋਕਾਂ ਦਾ ਖਿਆਲ ਸੀ ਕਿ ਮੇਲੇ ਵਾਲੇ ਦਿਨ ਅਕਸਰ ਹੀ ਮੀਂਹ ਪੈਦਾ ਆ, ਤਲਵੰਡੀ ਪਿੰਡ ਵਿੱਚ ਗਹਿਮਾਂ ਗਹਿਮੀ ਸੀ, ਰੱਖੇ ਹੋਏ ਅਖੰਡ ਪਾਠ ਦਾ ਭੋਗ ਪਿਆ ਸੀ, ਢਾਡੀ ਜਥਾ ਇਤਿਹਾਸ ਸੁਣਾ ਰਿਹਾ ਸੀ, ਪੂਰਾ ਬਜਾਰ ਲੱਗਿਆ ਹੋਇਆ ਸੀ, ਸਾਰੇ ਇਲਾਕੇ ਦੇ ਲੋਕ ਹੀ ਢੁੱਕੇ ਹੋਏ ਸਨ, ਆਸ਼ਕਾ ਵੀਰਾਂ ਲਈ ਵਧੀਆ ਦਿਨ ਸੀ, ਇਥੇ ਸਭ ਇੱਕ ਦੂਸਰੇ ਨੂੰ ਮਿਲ ਮਿਲਾ ਲੈਦੇ ਸਨ, ਮਿਲਣਾ ਕਾਹਦਾ ਦੂਰੋ ਦੂਰੌ ਦੇਖਣਾ ਹੀ ਬਹੁਤ ਹੁੰਦਾ ਸੀ, ਕਿਸਾਨ ਯੁਨੀਅਨ ਦਾ ਵੱਖਰਾ ਅਖਾੜਾ ਲੱਗਾ ਹੋਇਆ ਸੀ, ਉਹ ਕੁੱਝ ਡਰਾਮੇ ਆਦਿ ਕਰ ਕੇ ਲੋਕਾਂ ਨੂੰ ਸੇਧ ਦੇਣ ਦੀ ਕੋਸ਼ਿਸ਼ ਕਰਦੇ ਸਨ, ਦਸ ਕੁ ਵਜੇ ਦੇਬੀ, ਘੁੱਦਾ ਤੇ ਕੁੱਝ ਹੋਰ ਜੁੰਡੀ ਦੇ ਯਾਰ ਮੇਲੇ ਵਿੱਚ ਆ ਚੁੱਕੇ ਸਨ, ਘੰਟੇ ਕੁ ਬਾਅਦ ਸੱਜਣਾ ਵੀ ਤਸ਼ਰੀਫ ਲੈ ਆਏ, ਦੀਪੀ ਨਾਲ ਬਾਕੀ ਕੁੜੀਆ, ਬੁੜੀਆ ਅਤੇ ਪਿੰਡ ਦੇ ਬੱਚੇ ਸਨ, ਸਭ ਆਪੋ ਆਪਣੀਆ ਢਾਂਣੀਆ ਬਣਾ ਕੇ ਮੇਲੇ ਦਾ ਅਨੰਦ ਲੈ ਰਹੇ ਸਨ, ਦੇਬੀ ਨੇ ਅਪਣੇ ਤੇ ਸੱਜਣਾ ਵਿੱਚ ਦੂਰੀ ਬਣਾਈ ਰੱਖੀ, ਬੱਸ ਨਜਰਾ ਰਾਹੀ ਇੱਕ ਦੁਸ਼ਰੇ ਦਾ ਸੁਹੱਪਣ ਮਾਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਦੇਬੀ ਅਪਣੇ ਸਧਾਰਨ ਪਹਿਰਾਵੇ ਵਿੱਚ ਸੀ ਤੇ ਸੱਜਣਾ ਨੇ ਦੇਬੀ ਵੱਲੋ ਦਿੱਤਾ ਸੂਟ ਪਾਇਆ ਹੋਇਆ ਸੀ, ਦੁਜੀਆ ਕੁੜੀਆ ਵੀ ਉਸ ਦਿਨ ਤੋਹਫੇ ਵਿੱਚ ਮਿਲੇ ਸੂਟ ਪਾ ਕੇ ਆਈਆ ਸਨ, ਦੁਪਿਹਰ ਨੂੰ ਮੇਲਾ ਜੋਰ ਤੇ ਸੀ।
ਲੋਕਾਂ ਦੇ ਅਨੁਮਾਨ ਅਨੁਸਾਰ ਮੀਹ ਵੀ ਆ ਗਿਆ, ਮੀਹ ਕਾਹਦਾ ਬਸ ਭੂਰ ਜਿਹੀ ਹੀ ਪੈ ਰਹੀ ਸੀ, ਪਰ ਇਸ ਨਾਲ ਮੌਸਮ ਜਰਾ ਠੰਡਾ ਹੋ ਗਿਆ ਸੀ ਅਤੇ ਮੇਲੇ ਦੀ ਗਰਮੀ ਜਿਆਦਾ ਨਹੀ ਸੀ ਚੁੱਭ ਰਹੀ, ਦੇਬੀ ਨੇ ਮੇਲੇ ਵਿੱਚ ਕਈ ਐਸੀਆ ਚੀਜਾਂ ਖਾਧੀਆ ਜੋ ਉਸਨੇ ਪਹਿਲੀ ਵਾਰ ਦੇਖੀਆ ਸਨ ਜਾ ਜਿਨਾ ਦਾ ਉਸ ਨੂੰ ਹੁਣ ਚੇਤਾ ਵੀ ਨਹੀ ਸੀ, ਦੁਪਹਿਰ ਢਲ ਰਹੀ ਸੀ, ਮੇਲੇ ਦੇ ਨੇੜੇ ਹੀ ਵਾਹੇ ਹੋਏ ਦੋ ਕੁ ਖੇਤਾਂ ਵਿੱਚ ਕਬੱਡੀ ਤੇ ਘੋਲ ਹੋਣੇ ਸਨ, ਗਰਮੀ ਘਟਣ ਦੀ ਦੇਰ ਸੀ ਢੋਲ ਵੱਜਣਾ ਸ਼ੁਰੂ ਹੋ ਗਿਆ, ਇਹ ਨਿਸ਼ਾਨੀ ਸੀ ਏਸ ਗੱਲ ਦੀ ਬਈ ਖੇਡਣ ਵਾਲੇ ਅਤੇ ਖੇਡ ਦੇਖਣ ਵਾਲੇ ਪਿੜ ਵੱਲ ਆਉਣ, ਢੋਲ ਵੱਜਣ ਦੀ ਦੇਰ ਸੀ ਮੇਲਾ ਪਲਟ ਕੇ ਖੇਤ ਵੱਲ ਹੋ ਗਿਆ, ਖੇਤਾਂ ਦੇ ਨਾਲ ਹੀ ਕੁੱਝ ਘਰ ਸਨ, ਘਰਾਂ ਦੀਆ ਛੱਤਾਂ ਬੱਚਿਆ ਅਤੇ ਤੀਵੀਆ ਨਾਲ ਭਰੀਆ ਹੋਈਆ ਸਨ, ਉਥੇ ਬੈਠ ਕੇ ਤੀਵੀਆ ਕਬੱਡੀ ਦੇਖਿਆ ਕਰਦੀਆ ਸਨ, ਮਰਦ ਲੋਕ ਬਿਲਕੁਲ ਖੇਤ ਵਿੱਚ ਆ ਖੜਦੇ ਸਨ … ।।
"ਹਾ ਜੀ, ਸਾਰੇ ਮੱਲ ਅਖਾੜੇ ਚ ਆ ਜਾਣ ਬਈ, ਤੇ ਕਬੱਡੀ ਦੀਆ ਟੀਮਾ ਨੂੰ ਬੇਨਤੀ ਆ ਬਈ ਆਪੋ ਆਪਣੇ ਨਾ ਆ ਕੇ ਲਿਖਾਉਣ"।
ਕਮੈਂਟਰੀ ਕਰਨ ਵਾਲਾ ਸਪੀਕਰ ਤੇ ਕਹਿਣ ਲੱਗ ਪਿਆ।
ਨੰਗਲਾਂ ਦੀ ਟੀਮ ਪਿਛਲੇ ਸਾਲ ਜੇਤੂ ਰਹੀ ਸੀ ਤੇ ਅਸੂਲ ਇਹ ਸੀ ਬਈ ਇੱਕ ਮੈਚ ਜੋ ਪਹਿਲਾ ਖੇਡਿਆ ਜਾਣਾ ਸੀ ਉਸ ਦੀ ਜੇਤੂ ਟੀਮ ਨੰਗਲਾਂ ਦੀ ਟੀਮ ਨਾਲ ਖੇਡੇਗੀ, ਨੰਗਲਾਂ ਦੀ ਟੀਮ ਕੋਲ ਵਧੀਆ ਖਿਡਾਰੀ ਸਨ, ਦੂਜੀਆ ਦੋ ਟੀਮਾ ਦੋ ਦੋ ਤਿੰਨ ਤਿੰਨ ਪਿੰਡਾਂ ਦੀਆ ਮਿਲ ਕੇ ਬਣੀਆ ਸਨ, ਇੱਕ ਪਾਸੇ ਭਲਵਾਨਾ ਦੇ ਘੋਲ ਸ਼ੁਰੂ ਹੋ ਗਏ ਤੇ ਦੂਜੇ ਪਾਸੇ ਕਬੱਡੀ ਸ਼ੁਰੂ ਹੋ ਗਈ, ਪੰਜ ਵੱਜ ਚੁੱਕੇ ਸਨ ਅਤੇ ਹਲਕਾ ਮੀਂਹ ਪੈਣ ਨਾਲ ਖੇਤ ਉਪਰੋ ਉਪਰੋ ਹੀ ਗਿੱਲੇ ਹੋਏ ਸਨ ਨਹੀ ਤਾਂ ਮੈਚ ਕੈਸਿਲ ਹੋ ਸਕਦੇ ਸਨ, ਬੂਲ ਪੁਰ ਅਤੇ ਮਿਆਣੀ ਦੀਆ ਟੀਮਾਂ ਦੀ ਝੜਪ ਹੋਈ, ਦੋਵੇ ਪਾਸਿਆ ਤੋ ਜੀ ਤੋੜ ਕੇ ਖੇਡਿਆ ਗਿਆ, ਫਸਵਾਂ ਮੈਚ ਸੀ, ਆਖਿਰ ਬੂਲ ਪੁਰ ਦੀ ਟੀਮ ਦੋ ਨੰਬਰ ਵੱਧ ਲੈ ਕੇ ਜੇਤੂ ਕਰਾਰ ਦਿੱਤੀ ਗਈ, ਬੂਲ ਪੁਰ ਦੀ ਟੀਮ ਵਿੱਚ ਹੀ ਨਵੇਂ ਪਿੰਡ ਦੇ ਵੀ ਤਿੰਨ ਖਿਡਾਰੀ ਸਨ, ਦੇਬੀ ਲਈ ਇਹ ਬਹੁਤ ਦਿਲਚਸਪ ਸੀ, ਕਬੱਡੀ ਦੀ ਗੇਮ ਉਸ ਨੇ ਬੜੀ ਗਹੁ ਨਾਲ ਦੇਖੀ, ਸਧਾਰਨ ਜਿਹੀ ਖੇਡ ਪਰ ਜੋਰ ਅਤੇ ਫੁਰਤੀ ਵਾਲੀ ਖੇਡ ਸੀ, ਛੋਟੇ ਹੁੰਦੇ ਉਹ ਵੀ ਕਬੱਡੀ ਖੇਡਿਆ ਕਰਦੇ ਸਨ, ਪਰ ਉਹ ਬਚਪਨ ਦੀ ਕਬੱਡੀ ਸੀ, ਕੁੱਲ ਮਿਲਾ ਕੇ ਦੇਬੀ ਕਬੱਡੀ ਤੋ ਅਣਜਾਣ ਨਹੀ ਸੀ ਅਤੇ ਘੋਲ ਹੁੰਦੇ ਦੇਖ ਕੇ ਦੇਬੀ ਨੂੰ ਰੈਸਲਿੰਗ ਯਾਦ ਆ ਗਈ, ਤਕਰੀਬਨ ਰੈਸਲਿੰਗ ਵਰਗੀ ਹੀ ਗੇਮ ਸੀ, ਬਿੰਦਰ ਅਤੇ ਉਹ ਰੈਸਲਿੰਗ ਦੇ ਬਹੁਤ ਸ਼ੋਕੀਨ ਸਨ, ਨੇੜੇ ਤੇੜੇ ਹੋਣ ਵਾਲੇ ਹਰ ਮੈਚ ਨੂੰ ਦੇਖਣ ਦੀ ਕੋਸ਼ਿਸ਼ ਕਰਦੇ ਅਤੇ ਆਪ ਵੀ ਥੋੜਾ ਬਹੁਤ ਜੋਰ ਕਰਦੇ ਰਹਿੰਦੇ … ।
ਹੁਣ ਫਾਈਨਲ ਮੈਚ ਸੀ, ਨੰਗਲਾਂ ਦੀ ਟੀਮ ਦੇ ਖਿਡਾਰੀ ਗਰਾਉਡ ਵਿੱਚ ਗੇੜੇ ਲਾ ਰਹੇ ਸਨ, ਬਹੁਤ ਲੋਕ ਖਿਡਾਰੀਆ ਨੂੰ ਨਕਦ ਪੈਸੇ ਦੇ ਕੇ ਹੌਸਲਾ ਅਫਜਾਈ ਕਰ ਰਹੇ ਸਨ, ਰੈਫਰੀ ਦੀ ਵਿਸਲ ਵੱਜੀ ਤੇ ਫਾਈਨਲ ਮੈਚ ਸ਼ੁਰੂ ਹੋ ਗਿਆ …
ਘੁੱਦੇ ਦੇ ਦੋ ਬੇਲੀ ਇਸ ਟੀਮ ਵਿੱਚ ਸਨ, ਮੈਚ ਸ਼ੁਰੂ ਹੋਇਆ, ਨੰਗਲਾਂ ਦਾ ਕਿੰਦਰ ਰੇਡ ਤੇ ਆਇਆ ਤੇ ਬਲਕਾਰ ਦੇ ਹੱਥ ਲਾ ਕੇ ਜਿਵੇ ਆਇਆ ਉਵੇ ਹੀ ਮੁੜ ਗਿਆ, ਨੰਗਲਾ ਪਿੰਡ ਦੇ ਲੋਕਾਂ ਨੇ ਤਾੜੀਆ ਮਾਰ ਦਿੱਤੀਆ, ਬੂਲ ਪੁਰੀਆ ਦਾ ਰੇਡਰ ਗਿਆ ਤੇ ਕਾਬੂ ਆ ਗਿਆ, ਮੱਖਣ ਨੇ ਐਸੀ ਕੈਂਚੀ ਮਾਰੀ ਕਿ ਬੱਸ ਜਿੰਦਾ ਈ ਲਾ ਤਾ, ਦਸ ਕੁ ਮਿੰਟ ਹੋਈ ਗੇਮ ਵਿੱਚ ਨੰਗਲਾਂ ਦੇ ਅੱਠ ਪਵਾਇਟ ਤੇ ਬੂਲ ਪੁਰੀਆ ਦੇ ਦੋ ਸਨ, ਫਿਰ ਕੁੱਝ ਕੁ ਪਾਸਾ ਪਰਤਿਆ, ਦਲੀਪ ਨੇ ਅੱਗੜ ਪਿੱਛੜ ਚਾਰ ਕੁ ਰੇਡਾ ਕੀਤੀਆ ਅਤੇ ਨੰਬਰ ਬੂਲ ਪੁਰ ਦਾ, ਓਧਰ ਨੰਗਲਾਂ ਦੇ ਕੁੱਝ ਰੇਡਰ ਵੀ ਫੜੇ ਗਏ, ਬੂਲ ਪੁਰੀਆ ਲੋਕਾ ਦੀਆ ਤਾੜੀਆ ਤੇ ਬੱਲੇ ਬੱਲੇ ਗੂੰਜਣ ਲੱਗ ਪਈ, ਹਾਫ ਟਾਈਮ ਤੋ ਚਾਰ ਕੁ ਮਿੰਟ ਪਹਿਲਾਂ ਨੰਗਲਾਂ ਦੀ ਟੀਮ ਬਾਈ ਤੇ ਬੂਲ ਪੁਰ ਸਤਾਰਾਂ ਪਵਾਇਟ ਤੇ ਖੜੀ ਸੀ ਤੇ ਫਿਰ ਬੂਲ ਪੁਰ ਦੀ ਟੀਮ ਦੀ ਮਾੜੀ ਕਿਸਮਤ ਦਲੀਪ ਰੇਡ ਤੇ ਗਿਆ ਤੇ ਮੱਖਣ ਦੀ ਮਸ਼ਹੂਰ ਕੈਂਚੀ ਵਿੱਚ ਜਕੜਿਆ ਗਿਆ, ਪਰ ਏਸ ਜਕੜ ਵਿੱਚ ਦਲੀਪ ਦੇ ਸੱਟ ਲੱਗ ਗਈ, ਉਹ ਖੇਡਣ ਜੋਗਾ ਨਾਂ ਰਿਹਾ, ਮਜਬੂਰਨ ਉਸ ਨੂੰ ਅਖਾੜਾ ਛੱਡਣਾ ਪਿਆ, ਐਸੇ ਮੌਕੇ ਲਈ ਸੱਦਿਆ ਇੱਕ ਬਾਜੀਗਰ ਉਸ ਦੀ ਲੱਤ ਦੀ ਮਾਲਸ਼ ਅਤੇ ਗੋਡੇ ਦੀ ਹੱਡੀ ਦੀ ਸੈਟਿੰਗ ਕਰਨ ਲੱਗ ਪਿਆ, ਬੂਲ ਪੁਰੀਆਂ ਦੇ ਹੌਸਲੇ ਟੁੱਟ ਗਏ, ਉਨਾ ਦਾ ਕੈਪਟਨ ਜੋ ਜਾਫੀ ਸੀ ਹੁਣ ਬੱਸ ਸਾਰੀ ਗੇਮ ਉਹਦੇ ਤੇ ਹੀ ਸੀ, ਨਗ ਪੂਰਾ ਕਰਨ ਲਈ ਸਪੇਅਰਾ ਵਿਚੋ ਇੱਕ ਖਿਲਾੜੀ ਨੂੰ ਪਾਇਆ ਗਿਆ, ਹਾਫ ਟਾਈਮ ਦੀ ਸੀਟੀ ਵੱਜੀ, ਬੂਲ ਪੁਰ ਉਨੀ ਤੇ ਨੰਗਲਾਂ ਸਤਾਈ ਪਵਾਂਇਟ ਤੇ ਚੱਲ ਰਹੇ ਸੀ। ਲਗਦਾ ਸੀ ਇਸ ਵਾਰ ਵੀ ਪਹਿਲਾ ਨੰਬਰ ਏਨਾ ਦਾ
ਈ ਰਹੂ, ਟੀਮ ਦੇ ਕੋਚ ਤੇ ਨਾਲ ਆਏ ਸਮਰਥਕਾ ਨੇ ਘੁਸਰ ਫੁਸਰ ਸ਼ੁਰੂ ਕਰ ਦਿੱਤੀ ਬਈ ਹੁਣ ਕੀ ਹੋਵੇ, ਦਲੀਪ ਦਾ ਘਾਟਾ ਪੂਰਾ ਨਹੀ ਸੀ ਹੋਣਾ … ।
"ਬਾਈ ਅਪਣੀ ਟੀਮ ਹਾਰ ਜੂ ਗੀ ਅੱਜ ਮੈਨੂੰ ਲਗਦਾ ਜੇ ਤੂੰ ਮੈਦਾਨ ਵਿੱਚ ਆਵੇ ਤਾਂ ਗੱਲ ਬਣ ਸਕਦੀ ਆ"।
ਘੁੱਦੇ ਨੇ ਦੇਬੀ ਨੂੰ ਕਿਹਾ।
"ਮੈ ਯਾਰ ਬਚਪਨ ਤੋ ਬਾਅਦ ਕਦੇ ਕਬੱਡੀ ਦੀ ਗਰਾਉਡ ਵਿੱਚ ਨਹੀ ਵੜਿਆ, ਖੇਡ ਕਿਵੇ ਸਕਦਾ"।
ਦੇਬੀ ਨੇ ਅਪਣੀ ਮੁਸ਼ਕਿਲ ਦੱਸੀ।
"ਦੇਖ ਸਮਬਾਡੀ ਵੀ ਦੇਖ ਰਹੇ ਆ, ਭਰਾ ਖੇਡ ਨਹੀ ਸਕਦਾ ਤੇ ਯਾਰ ਓਦਾ ਮੋਕ ਮਾਰੀ ਜਾਦਾ, ਸਮਬਾਡੀ ਕੀ ਸੋਚੂ ?"।
ਘੁੱਦੇ ਨੇ ਦੇਬੀ ਨੂੰ ਪੈਂਤਰਾ ਮਾਰਿਆ।
"ਫੂਕ ਨਾਂ ਛਕਾ, ਮੈਨੂੰ ਖੇਡ ਲੈਂਣ ਦੇਣਗੇ ?" ।
ਦੇਬੀ ਕੋਸ਼ਿਸ਼ ਕਰਨੀ ਚਾਹੁੰਦਾ ਸੀ, ਸਪੋਰਟਸਮੈਂਨ ਹੋਣ ਦੇ ਨਾਤੇ ਉਹ ਛੇਤੀ ਹੀ ਨੁਕਤੇ ਕੈਚ ਕਰ ਲੈਂਦਾ ਸੀ, ਨਾਲੇ ਉਸ ਨੇ ਦੇਖਿਆ ਬਈ ਕਬੱਡੀ ਵਿੱਚ ਸਟੈਮਿਨਾ, ਤਾਕਤ ਤੇ ਫੁਰਤੀ ਤਿੰਨ ਚੀਜਾਂ ਦੀ ਲੋੜ ਆ ਤੇ ਇਹਨਾ ਤਿੰਨਾ ਦੀ ਉਸ ਕੋਲ ਕਮੀ ਨਹੀ ਸੀ, ਮਨ ਹੀ ਮਨ ਗੁਰੂ ਨੂੰ ਧਿਆ ਕੇ ਉਸ ਨੇ ਕਿਹਾ ਦਾਤਾ ਬੱਚੇ ਦੀ ਲਾਜ ਰੱਖੀ।
"ਪੁੱਛ ਲੈ ਟੀਮ ਨੂੰ ਤੇ ਦਲੀਪ ਨੂੰ"।
ਦੇਬੀ ਨੇ ਹਾਮੀ ਭਰ ਦਿੱਤੀ, ਘੁੱਦੇ ਨੇ ਦਲੀਪ ਨੂੰ ਕਿਹਾ ਤਾਂ ਉਹ ਹੈਰਾਨ ਰਹਿ ਗਿਆ ਤੇ ਨਾਲੇ ਕਹਿਣ ਲੱਗਾ।
"ਲੈ ਆਹ ਤਾਂ ਮੇ ਸੋਚਿਆ ਈ ਨਹੀ, ਤੂੰ ਨਵੇਂ ਪਿੰਡ ਦਾ ਵਸਨੀਕ ਆ ਹਰ ਹਾਲਤ ਖੇਡ ਸਕਦਾ ਆ"।
ਦਲੀਪ ਨੂੰ ਲੱਗਿਆ ਸ਼ਾਇਦ ਬਾਜੀ ਜਿੱਤੀ ਜਾ ਸਕੇ, ਕਮੈਂਟਰੀ ਕਰਨ ਵਾਲੇ ਨੇ ਦੱਸਿਆ … ।
"ਲਓ ਬਈ, ਬੂਲ ਪੁਰੀਏ ਇੱਕ ਖਿਡਾਰੀ ਬਾਹਰ ਕੱਢ ਰਹੇ ਆ ਤੇ ਇੱਕ ਨਵਾ ਪਾ ਰਹੇ ਆ, ਇਹ ਖਿਡਾਰੀ ਹੈ ਤਾ ਜਰਮਨ ਨਿਵਾਸੀ ਪਰ ਨਵੇ ਪਿੰਡ ਦਾ ਆ ਤੇ ਅੱਜ ਕੱਲ ਏਥੇ ਈ ਰਹਿੰਦਾ ਆ, ਇਸ ਤਰਾ ਇਹ ਬੂਲ ਪੁਰ ਵੱਲੋ ਖੇਡ ਸਕਦਾ ਆ, ਨਾਂ ਆ ਗੱਭਰੂ ਦਾ ਦੇਬੀ"। ਇਸ ਅਨਾਉਸਮੈਂਟ ਨੇ ਲੋਕਾਂ ਦੀ ਉਤਸੁਕਤਾ ਵਧਾ ਦਿੱਤੀ ਉਹ ਨਵੇ ਖਿਡਾਰੀ ਨੂੰ ਦੇਖਣਾ ਚਾਹੁਦੇ ਸਨ, ਸੱਜਣਾ ਨੇ ਵੀ ਸੁਣਿਆ, ਸਾਰਾ ਟੋਲਾ ਭੱਜ ਕੇ ਮੈਦਾਨ ਦੇ ਨੇੜੇ ਆ ਜਾਣਾ ਚਾਹੁੰਦਾ ਸੀ, ਦੇਬੀ ਨੇ ਕੱਪੜੇ ਲਾਏ ਤੇ ਰੇਡਰਾ ਵਿੱਚ ਆ ਗਿਆ, ਗੁੰਦਿਆ ਹੋਇਆ ਸਰੀਰ ਦੇਖ ਕੇ ਲੋਕਾਂ ਨੇ ਤਾੜੀਆ ਮਾਰੀਆ, ਸੱਜਣਾ ਦਾ ਕੱਦ ਦੋ ਗਿੱਠ ਹੋਰ ਉਚਾ ਹੋ ਗਿਆ, ਸੀਟੀ ਵੱਜੀ, ਨੰਗਲਾਂ ਦਾ ਰੇਡਰ ਗਿਆ ਤੇ ਨੰਬਰ ਲੈ ਆਇਆ, ਹੁਣ ਵਾਰੀ ਸੀ ਦੇਬੀ ਦੀ ਰੇਡ ਕਰਨ ਦੀ, ਦੇਬੀ ਰੇਡ ਤੇ ਗਿਆ ਸਭ ਉਤਸੁਕ ਸਨ, ਦੇਬੀ ਦਾ ਦੋੜਨਾ ਜਰਾ ਦੂਜੇ ਖਿਡਾਰੀਆ ਤੋ ਵੱਖਰਾ ਸੀ, ਰੇਡ ਤੇ ਗਿਆ, ਮੱਖਣ ਪਹਿਲਾ ਹੀ ਤਾੜ ਵਿੱਚ ਸੀ ਕਿ ਆਉਦੇ ਨੂੰ ਈ ਚੁੱਕ ਦੇਣਾਂ, ਉਹਨੇ ਕੈਚੀ ਸਿੱਟ ਤੀ, ਦੇਬੀ ਨੇ ਬੜੀ ਫੁਰਤੀ ਵਰਤੀ ਪਰ ਮੱਖਣ ਦੀ ਕੈਂਚੀ ਨਾ ਖੁੱਲੀ ਤੇ ਨੰਬਰ ਨੰਗਲਾਂ ਦਾ, ਸੱਜਣਾ ਸਮੇਤ ਸਭ ਦੇ ਮੂੰਹ ਲਟਕ ਗਏ, ਨੰਗਲਾਂ ਦੇ ਰੇਡ ਦਾ ਫਿਰ ਨੰਬਰ ਆ ਗਿਆ ਤੇ ਉਨਾ ਦਾ ਰੇਡਰ ਫਿਰ ਬਾਜੀ ਮਾਰ ਗਿਆ, ਇਸ ਵਾਰ ਉਹ ਕੈਪਟਨ
ਬਲਰਾਜ ਨੂੰ ਝਕਾਨੀ ਦੇ ਆਇਆ ਸੀ,
"ਲਓ ਬਈ ਲਗਦਾ ਆ, ਬੂਲ ਪੁਰੀਆ ਦੀ ਹਵਾ ਨਿਕਲ ਗਈ ਆ, ਨੰਗਲਾਂ ਵਾਲੇ ਰੋਕੇ ਨੀ ਰੁਕਦੇ"। ਕਮੈਂਟਰੀ ਵਾਲੇ ਦਾ ਬੋਲ ਸੀ।
ਬੂਲ ਪੁਰੀਆ ਦਾ ਰੇਡ, ਦਲੀਪ ਨੇ ਦੇਬੀ ਨੂੰ ਇਸ਼ਾਰਾ ਕੀਤਾ ਬਈ ਇੱਕ ਵਾਰੀ ਫੇਰ ਜਾਵੇ, ਦੇਬੀ ਫਿਰ ਰੇਡ ਤੇ, ਜਾਂਦੇ ਦਾ ਪੰਗਾ ਫਿਰ ਮੱਖਣ ਨਾਲ, ਹੁਣ ਦੇਬੀ ਸਾਵਧਾਨ ਸੀ, ਉਸ ਨੇ ਅੱਧੀ ਖੇਡ ਵਿੱਚ ਇਹ ਵੀ ਦੇਖ ਲਿਆ ਸੀ ਬਈ ਬਾਹਲੇ ਰੇਡਰ ਮੱਖਣ ਨੇ ਹੀ ਕੈਚੀ ਮਾਰ ਕੇ ਰੋਕੇ ਸਨ, ਇਸ ਵਾਰ ਜਦੋ ਮੱਖਣ ਨੇ ਕੈਂਚੀ ਮਾਰਨ ਲਈ ਆਪਣੇ ਆਪ ਨੂੰ ਧਰਤੀ ਤੇ ਸੁੱਟਿਆ ਤਾਂ ਦੇਬੀ ਹਾਈ ਜੰਪ ਲਾ ਕੇ ਉਸ ਦੇ ਉਪਰ ਦੀ ਟੱਪ ਗਿਆ ਅਤੇ ਨਾਲ ਹੀ ਥੱਲੇ ਡਿਗਦੇ ਮੱਖਣ ਦੇ ਮੋਢਿਆ ਤੇ ਧੱਫਾ ਮਾਰ ਦਿੱਤਾ, ਇਹ ਐਕਸ਼ਨ ਪਹਿਲਾ ਐਕਸ਼ਨ ਸੀ ਜਿਸ ਤੇ ਅਸ਼ਕੇ ਅਸ਼ਕੇ ਹੋ ਗਈ, ਦੇਬੀ ਨੇ ਹੁਣ ਵਾਪਿਸ ਮੁੜਨਾ ਸੀ, ਮੱਖਣ ਅਪਣੀ ਕੈਂਚੀ ਖਾਲੀ ਜਾਂਦੀ ਦੇਖ ਕੇ ਬਿਜਲੀ ਵਾਂਗ ਉਠਿਆ ਅਤੇ ਦੇਬੀ ਨੂੰ ਘੇਰਨ ਦੀ ਕੋਸ਼ਿਸ਼ ਕੀਤੀ, ਦੇਬੀ ਹੁਣ ਪੂਰਾ ਇਕਾਗਰ ਸੀ, ਉਹ ਝਕਾਨੀਆ ਦੇ ਦੇ ਕੇ ਪਾਲਿਆ ਦੇ ਨੇੜੇ ਆ ਗਿਆ ਪਰ ਨੇੜੇ ਆਉਦੇ ਨੂੰ ਮੱਖਣ ਨੇ ਫਿਰ ਕੈਂਚੀ ਮਾਰ ਦਿੱਤੀ, ਪਰ ਇਸ ਵਾਰ ਦੇਬੀ ਦੀ ਇੱਕ ਹੀ ਲੱਤ ਮੱਖਣ ਦੇ ਕਾਬੂ ਆਈ, ਦੇਬੀ ਵਿੱਚ ਜਾਨ ਬਥੇਰੀ ਸੀ ਉਸਨੇ ਮੱਖਣ ਨੂੰ ਚੱਕ ਲਿਆ ਅਤੇ ਪਾਲਿਆ ਵਿੱਚ ਲਿਆ ਕੇ ਰੱਖ ਦਿੱਤਾ, ਨੰਬਰ ਬੂਲ ਪੁਰ ਦਾ, ਸੀਟੀ ਤੇ ਸੀਟੀ ਵੱਜਣੀ ਸ਼ੁਰੂ ਹੋ ਗਈ, ਸੱਜਣ ਵੀ ਬੇਬਾਕ ਹੋ ਕੇ ਉਠ ਖੜੇ ਹੋ ਗਏ ਤੇ ਤਾੜੀਆ ਕੁੜੀਆ ਦੇ ਟੋਲੇ ਨੇ ਵੀ ਮਾਰੀਆ।
"ਵਾਹ ਬਈ ਵਾਹ, ਵਲੈਤੀਆ ਮੱਖਣ ਦੀ ਕੈਚੀ ਤੋ ਵੀ ਨਹੀ ਰੁਕਿਆ"।
ਕਮੈਂਟਰੀ ਵਾਲੇ ਦੇ ਬੋਲ ਸਨ, ਦਲੀਪ ਲੰਙਾ ਲੰਙਾ ਗਰਾਉਡ ਵਿੱਚ ਆਇਆ ਤੇ ਦੇਬੀ ਨੂੰ ਗੱਲਵੱਕੜੀ ਪਾ ਲਈ, ਬੂਲ ਪੁਰੀਆ ਨੂੰ ਆਸ ਦੀ ਕਿਰਨ ਦਿਖਾਈ ਦਿੱਤੀ, ਨੰਗਲਾਂ ਵਾਲਿਆਂ ਨੂੰ ਰੋਹ ਆ ਚੜਿਆ, ਉਨਾ ਦਾ ਰੇਡਰ ਫਿਰ ਗਿਆ ਤੇ ਨੰਬਰ ਲੈ ਆਇਆ, ਦੇਬੀ ਫਿਰ ਰੇਡ ਤੇ, ਫਿਰ ਮੱਖਣ ਨਾਲ ਪੰਗਾ, ਦੇਬੀ ਨੂੰ ਪਤਾ ਸੀ ਬਈ ਕੈਚੀ ਤੋ ਬਚਣਾ ਆ, ਉਹ ਮੱਖਣ ਤੋ ਸਾਵਧਾਨ ਸੀ, ਮੱਖਣ ਗੁੱਸੇ ਵਿੱਚ ਸੀ, ਉਸਨੇ ਜਰਾ ਜਲਦਬਾਜੀ ਤੋ ਕੰਮ ਲਿਆ ਅਤੇ ਕੈਂਚੀ ਨਾ ਵੱਜਦੀ ਦੇਖ ਕੇ ਦੇਬੀ ਨੂੰ ਓਦਾ ਕਾਬੂ ਕਰਨ ਦੀ ਕੋਸ਼ਿਸ਼ ਕੀਤੀ, ਦੇਬੀ ਮੱਖਣ ਨੂੰ ਰੋਕਦਾ ਪਿਛਲਖੁਰੀ ਪਾਲਿਆ ਵੱਲ ਨੂੰ ਭੱਜਣਾ ਸ਼ੁਰੂ ਹੋ ਗਿਆ, ਦੇਬੀ ਉਸਨੂੰ ਨੇੜੇ ਨਹੀ ਸੀ ਆਉਣ ਦੇ ਰਿਹਾ, ਜਿਨਾ ਮੱਖਣ ਗੁੱਸੇ ਵਿੱਚ ਆ ਰਿਹਾ ਸੀ ਦੇਬੀ ਉਨਾ ਹੀ ਸਾਵਧਾਨ ਹੋ ਰਿਹਾ ਸੀ, ਨੰਬਰ ਫਿਰ ਬੂਲ ਪੁਰ ਦਾ, ਫਿਰ ਤਾੜੀਆ, ਹੁਣ ਦੇਬੀ ਪਾਲਿਆ ਵਿੱਚ ਰੁਕਣ ਦੀ ਬਜਾਏ ਜਾਫੀਆ ਵੱਲ ਦੌੜ ਗਿਆ, ਉਹ ਚਾਹੁੰਦਾ ਸੀ ਕਿ ਦੂਜੇ ਬੰਨੇ ਵੀ ਰੇਡਰ ਰੁਕਣ, ਨੰਗਲਾਂ ਦਾ ਰੇਡਰ ਆਇਆ, ਦੇਬੀ ਨੇ ਐਸੀ ਝਕਾਨੀ ਦਿੱਤੀ ਤੇ ਨਾਲ ਹੀ ਲੱਕੋ ਚੁੱਕ ਕੇ ਸੁੱਟ ਲਿਆ, ਉਹ ਇੱਕ ਦੂਜੇ ਦੇ ਉਪਰ ਦੀ ਖਿੱਦੋ ਵਾਗ ਰੁੜਦੇ ਗਏ, ਹੁਣ ਦੇਬੀ ਰੇਡਰ ਦੇ ਉਪਰ ਸੀ ਤੇ ਰੇਡਰ ਨੇ ਵਾਹ ਨਾਂ ਜਾਦੀ ਦੇਖ ਕੇ ਦੇਬੀ ਨੂੰ ਥਾਪੀ ਦੇ ਕੇ ਸਾਹ ਛੱਡ ਦਿੱਤਾ, ਫਿਰ ਸੀਟੀਆ ਤੇ ਤਾੜੀਆ, ਦੇਬੀ ਫਿਰ ਰੇਡ ਤੇ, ਇਸ ਵਾਰ ਮੱਖਣ ਦੀ ਸਲਾਹ ਸੀ ਕਿ ਉਹ ਝਾਕਾ ਦੇਵੇਗਾ ਤੇ ਬਲਵਿੰਦਰ ਜੱਫਾ ਮਾਰ ਦੂ, ਬਲਵਿੰਦਰ ਨੇ ਜੱਫਾ ਮਾਰ ਵੀ ਲਿਆ, ਦੇਬੀ ਮੱਖਣ ਵੱਲ ਹੀ ਪੂਰਾ ਧਿਆਨ ਦੇ ਰਿਹਾ ਸੀ, ਬਲਵਿੰਦਰ ਨੇ ਲੱਕ ਦੁਆਲੇ ਹੱਥ ਪਾਏ ਹੋਏ ਸੀ, ਦੇਬੀ ਨੇ ਉਹਦੇ ਹੱਥਾਂ ਦੀ
ਕਰਿੰਗਲੀ ਪੂਰਾ ਜੋਰ ਲਾ ਕੇ ਖੋਲ ਦਿੱਤੀ, ਬਲਵਿੰਦਰ ਦੇ ਹੱਥ ਢਿੱਲੇ ਪੈ ਗਏ, ਉਹ ਛੁੱਟ ਕੇ ਫੇਰ ਭੱਜ ਆਇਆ ਤੇ ਨਾਲ ਹੀ ਫਿਰ ਜਾਫੀਆ ਵੱਲ, ਹੁਣ ਨਵਾਂ ਰੇਡਰ ਆਇਆ ਉਹ ਵੀ ਦੇਬੀ ਵੱਲ ਹੀ ਦੇਖ ਰਿਹਾ ਸੀ ਕਿ ਕੈਪਟਨ ਨੇ ਆ ਦਬੋਚਿਆ, ਦਸ ਮਿੰਟਾ ਵਿੱਚ ਖੇਲ ਬਦਲ ਗਈ, ਹੁਣ ਬੂਲ ਪੁਰ ਇਕੱਤੀ ਤੇ ਨੰਗਲਾਂ ਉਨੱਤੀ ਨੰਬਰ ਤੇ ਖੜੇ ਸਨ, ਇਨੇ ਵਿੱਚ ਹੀ ਲੰਬੀ ਸੀਟੀ ਵੱਜੀ ਤੇ ਮੈਚ ਖਤਮ, ਲੋਕਾਂ ਨੇ ਦੇਬੀ ਨੂੰ ਮੋਢਿਆ ਤੇ ਚੁੱਕ ਲਿਆ, ਸੱਜਣਾ ਨੂੰ ਲਗਦਾ ਸੀ ਜਿਵੇ ਉਹ ਇਹ ਸਾਰੀ ਇਜਤ ਉਸ ਨੂੰ ਮਿਲ ਰਹੀ ਹੋਵੇ, ਨੰਗਲਾਂ ਵਾਲੇ ਹਰ ਹਾਲਤ ਜਿਤਣਾ ਚਾਹੁੰਦੇ ਸਨ ਤੇ ਜੇ ਦੇਬੀ ਵਿੱਚ ਨਾਂ ਆਉਦਾ ਤਾਂ ਜਿੱਤ ਵੀ ਜਾਂਦੇ, ਉਨਾਂ ਦੇ ਮੂੰਹ ਲਟਕੇ ਹੋਏ ਸਨ, ਅੱਜ ਦੇ ਸਮੇ ਦੇ ਮਨੁੱਖ ਦੀ ਇਹ ਕਮਜੋਰੀ ਹੈ ਕਿ ਉਹ ਜਿੱਤਣ ਵੇਲੇ ਖੁਸ਼ੀਆਂ ਮਨਾਉਦਾ ਹੈ ਪਰ ਹਾਰ ਵੇਲੇ ਹਾਰ ਨੂੰ ਸਵੀਕਾਰ ਨਹੀ ਕਰਦਾ ਸਗੋ ਕਿਸੇ ਨਾਂ ਕਿਸੇ ਬਹਾਂਨੇ ਹਾਰ ਨੂੰ ਜਿੱਤ ਵਿੱਚ ਬਦਲਣ ਦੀ ਕੋਸ਼ਿਸ਼ ਕਰਦਾ ਹੈ, ਨੰਗਲਾਂ ਵਾਲੇ ਵੀ ਇਸ ਮੁੱਦੇ ਨੂੰ ਲੈ ਕੇ ਬੈਠ ਗਏ ਬਈ ਇੱਕ ਪਲੇਅਰ ਬਾਹਰੋ ਪਾਇਆ ਗਿਆ ਹੈ ਤੇ ਇਸ ਮਾਮਲੇ ਨੂੰ ਲੈ ਕੇ ਉਨਾਂ ਝਗੜਾ ਕਰਨਾ ਸ਼ੁਰੂ ਕਰ ਦਿੱਤਾ, ਪਹਿਲਾ ਇਨਾਮ ਪੰਜ ਹਜਾਰ ਦਾ ਸੀ, ਤੇ ਨਾਲ ਇੱਕ ਟਰਾਫੀ ਵੀ ਸੀ … ।।
"ਦੇਬੀ ਸਾਡੇ ਪਿੰਡ ਦਾ ਜੰਮ ਪਲ ਆ ਤੇ ਰਹਿੰਦਾ ਵੀ ਏਥੇ ਆ, ਫਿਰ ਇਹ ਬਾਹਰਲਾ ਪਲੇਅਰ ਕਿਵੇ ਹੋਇਆ ?" ।
ਦਲੀਪ ਪਰਬੰਧਕਾਂ ਨੂੰ ਸਮਝਾਉਣ ਦਾ ਯਤਨ ਕਰ ਰਿਹਾ ਸੀ।
"ਇਹਦਾ ਨਾਂ ਰਾਸ਼ਨ ਕਾਰਡ ਵਿੱਚ ਜੇ ਦਰਜ ਆ ਤਾਂ ਠੀਕ ਆ ਨਹੀ ਤਾਂ ਮੈਚ ਦੁਬਾਰਾ ਹੋਊ ਬਿਨਾ ਵਲੈਤੀਏ ਦੇ"। ਨੰਗਲਾਂ ਦੇ ਸਰਪੰਚ ਨੇ ਫੈਸਲਾ ਸੁਣਾ ਦਿੱਤਾ, ਝਗੜਾ ਵਧਦਾ ਦੇਖ ਕੇ ਦੇਬੀ ਵੀ ਆ ਗਿਆ … ।।
"ਬਯੁਰਗੋ, ਇਹ ਖੇਡ ਆ ਕੋਈ ਲੜਾਈ ਥੋੜੇ ਆ, ਜਿੱਤ ਨੂੰ ਹਾਰ ਵਿੱਚ ਬਦਲਣਾ ਇਨਸਾਫ ਨਹੀ ਹੋਵੇਗਾ"।
ਦੇਬੀ ਨੇ ਕਿਹਾ।
"ਕਾਕਾ, ਮੁੰਡੇ ਪਹਿਲਾ ਇਨਾਮ ਲੈਣ ਲਈ ਮਹੀਨਿਆ ਦੀ ਮਿਹਨਤ ਕਰ ਰਹੇ ਆ, ਕਿਹੜਾ ਮੂੰਹ ਲੈ ਕੇ ਜਾਣਗੇ ?" ।
ਸਰਪੰਚ ਨੂੰ ਪਿੰਡ ਵਾਲਿਆ ਦੀ ਹੋਏ ਹੋਏ ਤੋ ਚਿੰਤਾ ਸੀ, ਬਹੁਤ ਘਟੀਆ ਸੋਚ ਆ ਪੰਜਾਬ ਦੇ ਲੋਕਾ ਦੀ ਕਿ ਹਾਰੀ ਹੋਈ ਟੀਮ ਨੁੰ ਹੌਸਲੇ ਦੀ ਬਜਾਏ ਤਾਨੇ ਦਿੰਦੇ ਆ ਇਸੇ ਕਰਕੇ ਹਾਰ ਜਾਣਾ ਇੱਕ ਗੁਨਾਹ ਬਣ ਗਿਆ ਹੈ ਤੇ ਹਰ ਮਨੁੱਖ ਹਰ ਵਕਤ ਹਰ ਤਰੀਕੇ ਨਾਲ ਜੇਤੂ ਹੋਣ ਦੀ ਕੋਸ਼ਿਸ ਕਰਦਾ ਹੈ, ਜੇ ਗੁਣਾਂ ਦੇ ਸਦਕੇ ਤੇ ਯੋਗਤਾ ਦੇ ਸਦਕੇ ਜੇਤੂ ਨਾਂ ਹੋ ਸਕੇ ਤਾਂ, ਪੈਸੇ ਦੇ ਬਲ ਬੂਤੇ ਤੇ ਜਾਂ ਵਾਕਫੀਅਤ ਦੇ ਬਲ ਬੂਤੇ ਤੇ ਹਾਰ ਨੂੰ ਜਿੱਤ ਵਿੱਚ ਬਦਲਣ ਦੀ ਕੋਸ਼ਿਸ਼ ਕਰਦਾ ਹੈ ਅਤੇ ਨੰਗਲਾਂ ਦੀ ਟੀਮ ਕੋਲ ਇੱਕ ਤਕਨੀਕੀ ਪਵਾਂਇਟ ਹੈ ਹੀ ਸੀ, ਐਨ ਆਰ ਆਈ ਕਿਤੇ ਵੀ ਘਰ ਦੇ ਨਹੀ ਹੁੰਦੇ, ਪਰਦੇਸ ਵਿੱਚ ਉਨਾਂ ਪਰਦੇਸੀ ਕਿਹਾ ਜਾਦਾ ਹੈ ਅਤੇ ਪੰਜਾਬ ਵਿੱਚ ਤਾਂ ਹੁੰਦੇ ਈ ਬਹਾਰਲੇ ਆ।
"ਸਰਪੰਚ ਸਾਹਿਬ ਤੁਸੀ ਜਿੰਮੇਦਾਰ ਹੋ, ਇਸ ਤਰਾਂ ਕਰੋ ਨਕਦ ਇਨਾਮ ਨੰਗਲਾਂ ਦਾ ਤੇ ਟਰਾਫੀ ਬੂਲ ਪੁਰ ਦੀ, ਜੇ ਇਹ ਠੀਕ ਲਗਦਾ ਤਾਂ ਮਸਲਾ ਏਥੇ ਈ ਨਬੇੜੋ ਅਤੇ ਤੁਹਾਡੀ ਟੀਮ ਲਈ ਹਰ ਪਲੇਅਰ
ਨੂੰ ਦੋ ਦੋ ਸੌ ਰੁਪਏ ਚੰਗੇ ਪਰਦਰਸ਼ਨ ਲਈ ਮੇਰੇ ਵੱਲੋ ਵੱਖਰੇ ਤੌਰ ਤੇ ਪਰ ਮੈਨੂੰ ਨਵੇ ਪਿੰਡੀਆ ਸਵੀਕਾਰ ਕਰਨ ਦੀ ਕਿਰਪਾ ਕਰੋ"।
ਦੇਬੀ ਇਸ ਮਾਮਲੇ ਨੂੰ ਹਰ ਹਾਲ ਰੋਕਿਆ ਚਾਹੁੰਦਾ ਸੀ, ਸਰਪੰਚ ਨੂੰ ਉਸਦਾ ਸੁਝਾਅ ਚੰਗਾ ਲੱਗਿਆ ਅਤੇ ਇਸ ਤੋ ਵੱਧ ਗੱਭਰੂ ਦੇ ਜੁੜੇ ਹੋਏ ਹੱਥ ਤੇ ਆਜਜੀ ਭਰੀ ਬੇਨਤੀ ਨੇ ਸਰਪੰਚ ਦੇ ਮਨ ਨੂੰ ਹਲੂਣਾ ਦਿੱਤਾ।
"ਕਾਕਾ ਤੂੰ ਇੱਕ ਵਧੀਆ ਖਿਡਾਰੀ ਹੀ ਨਹੀ, ਵਧੀਆ ਬੰਦਾ ਵੀ ਏ, ਟਰਾਫੀ ਵੀ ਤੇਰੀ ਤੇ ਇਨਾਮ ਵੀ ਤੁਹਾਡਾ, ਹਾਂ ਸ਼ਪੈਸ਼ਲ ਇਨਾਮ ਦੇ ਮੇਰੇ ਪਲੇਅਰ ਜਰੂਰ ਹੱਕ ਦਾਰ ਆ, ਤੇ ਅਗਲੇ ਸਾਲ ਫੇਰ ਏਥੇ ਮੁਲਾਕਾਤ ਹੋਊ"।
ਸਰਪੰਚ ਨੇ ਦੇਬੀ ਨੂੰ ਥਾਪੀ ਦਿੱਤੀ ਤੇ ਮਸਲਾ ਹੱਲ ਹੋ ਗਿਆ, ਇਕ ਵਾਰ ਫਿਰ ਦੇਬੀ ਦੀ ਜੈ ਜੈ ਕਾਰ, ਦਲੀਪ ਮੰਨ ਗਿਆ ਸੀ ਦੇਬੀ ਦੀ ਤਾਕਤ ਤੇ ਸਿਆਣਪ ਨੂੰ, ਹੁਣ ਸਾਰੇ ਮੇਲੇ ਦਾ ਪੂਰਾ ਅਨੰਦ ਲੈ ਰਹੇ ਸਨ, ਦੇਬੀ ਸਤਗੁਰ ਦਾ ਧੰਨਵਾਦ ਕਰ ਰਿਹਾ ਸੀ ਜੋ ਉਸਦੀ ਲਾਜ ਰੱਖੀ, ਨਵੇਂ ਪਿੰਡ ਵਾਲਿਆ ਦੀ ਖੁਸ਼ੀ ਦਾ ਕੋਈ ਅੰਤ ਨਹੀ ਸੀ, ਦਲੀਪ ਦੀ ਕਬੱਡੀ ਤੋ ਵੱਧ ਸਪੋਰਟ ਦੇ ਖੇਤਰ ਵਿੱਚ ਨਵੇ ਪਿੰਡ ਨੇ ਕੋਈ ਖਾਸ ਮਾਅਰਕਾ ਨਹੀ ਸੀ ਮਾਰਿਆ, ਹੁਣ ਤੱਕ ਸਾਰੇ ਖਿਡਾਰੀ ਕੱਪੜੇ ਆਦਿ ਚੁੱਕ ਕੇ ਨੇੜੇ ਚਲਦੀ ਮੋਟਰ ਤੇ ਅਪਣਾ ਹੁਲੀਆਂ ਸੁਧਾਰਨ ਲਈ ਪਹੁੰਚ ਗਏ ਸਨ, ਵਿਰੋਧੀ ਟੀਮ ਦੇ ਖਿਡਾਰੀ ਵੀ ਹੁਣ ਦੇਬੀ ਨਾਲ ਗੱਲਬਾਤ ਕਰ ਰਹੇ ਸਨ ਤੇ ਉਹਦੀ ਨੇੜਤਾ ਪਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ,
"ਨੇੜੇ ਤੇੜੇ ਮੇਰੀ ਕੈਂਚੀ ਤੋ ਕਈ ਬਚਿਆ ਨਹੀ, ਤੂੰ ਵਾਕਿਆ ਹੀ ਵਧੀਆ ਕਬੱਡੀ ਖੇਡਦਾ ਆ"। ਮੱਖਣ ਦੇਬੀ ਦੀ ਸਿਫਤ ਕਰ ਗਿਆ।
"ਵਧੀਆ ਖਿਡਾਰੀ ਵਾਲੀ ਤਾ ਕੋਈ ਖਾਸ ਗੱਲ ਨਹੀ, ਪਹਿਲੀ ਵਾਰ ਕਬੱਡੀ ਖੇਡੀ ਆ, ਐਵੇ ਦਾਅ ਜਿਹਾ ਹੀ ਲੱਗ ਗਿਆ"।
ਦੇਬੀ ਬਾਹਲੀ ਸਿਫਤ ਨਹੀ ਸੀ ਚਾਹੁੰਦਾ।
"ਕਿਓ ਮਜਾਕ ਕਰਦਾ ਭਲਵਾਨਾਂ, ਪਹਿਲੀ ਵਾਰ ਕਬੱਡੀ ਖੇਡਣ ਵਾਲੇ ਦਾ ਹੌਸਲਾ ਈ ਨਹੀ ਪੈਂਦਾ"।
ਮੱਖਣ ਮੰਨਣ ਲਈ ਤਿਆਰ ਨਹੀ ਸੀ ਬਈ ਦੇਬੀ ਪਹਿਲੀ ਵਾਰ ਕਬੱਡੀ ਖੇਡ ਰਿਹਾ।
ਦਲੀਪ ਨੇ ਜਦੋ ਦੱਸਿਆ ਕਿ ਇਹ ਸੱਚਾਈ ਆ ਜੋ ਦੇਬੀ ਕਹਿ ਰਿਹਾ ਤਾਂ ਖਿਡਾਰੀਆਂ ਦੇ ਮਨ ਵਿੱਚ ਦੇਬੀ ਲਈ ਹੋਰ ਇਜਤ ਆ ਬਣੀ।
"ਤੈਨੂੰ ਸਲੂਟ ਮਾਰਦੇ ਆ ਚੋਬਰਾ, ਜੇ ਪੂਰੀ ਤਿਆਰੀ ਕਰ ਲਵੇ ਤਾਂ ਆਪਾਂ ਜਿਲੇ ਵਿੱਚ ਖੇਡ ਸਕਦੇ ਆਂ"।
ਇੱਕ ਹੋਰ ਪਲੇਅਰ ਨੇ ਕਿਹਾ, ਦੇਬੀ ਨੂੰ ਏਨਾ ਮਾਣ ਪਹਿਲਾਂ ਕਦੇ ਨਹੀ ਸੀ ਮਿਲਿਆ, ਉਸ ਨੂੰ ਪੰਜਾਬ ਫੇਰੀ ਹੋਰ ਵੀ ਜਿਆਦਾ ਪਸੰਦ ਆ ਰਹੀ ਸੀ, ਹੁਣ ਉਹ ਮੇਲੇ ਵੱਲ ਪਰਤ ਰਹੇ ਸਨ, ਲੋਕ ਪੱਬ ਚੱਕ ਚੱਕ ਕੇ ਉਹਦੇ ਵੱਲ ਦੇਖਦੇ, ਕਈ ਬਯੁਰਗ ਥਾਪੀ ਦੇ ਕੇ ਕਹਿੰਦੇ,
"ਮੱਲਾ, ਡੰਡ ਬੈਠਕਾ ਮਾਰਦਾ ਰਹੀ, ਅਗਲੇ ਸਾਲ ਪਟਕੇ ਦੀ ਕੁਸ਼ਤੀ ਤੂੰ ਲੜਨੀ ਆ"।
"ਨੀ ਆਹ ਆ ਵਲੈਤੀਆਂ, ਮੇਲਾ ਲੁੱਟ ਕੇ ਲੈ ਗਿਆ"।
ਨੇੜਿਓ ਲੰਘਦੀਆਂ ਕੁੜੀਆ ਦੀ ਘੁਸਰ ਫੁਸਰ ਉਹਦੇ ਕੰਨੀ ਪੈਂਦੀ ਤਾਂ ਉਸ ਨੂੰ ਅਪਣਾ ਆਪ ਹੋਰ
ਵੀ ਚੰਗਾ ਲਗਦਾ, ਏਧਰ ਸੱਜਣਾਂ ਨੂੰ ਲਗਦਾ ਸੀ ਜਿਵੇ ਸਾਰਾ ਮੇਲਾ ਉਸਨੂੰ ਵਧਾਈਆ ਦੇ ਰਿਹਾ ਹੋਵੇ, ਦੇਬੀ ਦੇ ਆਉਣ ਤੋ ਲੈ ਕੇ ਅੱਜ ਤੱਕ ਦੇ ਤਕਰੀਬਨ ਵੀਹ ਕੁ ਦਿਨਾਂ ਵਿੱਚ ਹੀ ਏਨੀਆਂ ਖੁਸ਼ੀਆਂ ਮਿਲੀਆਂ ਸਨ ਕਿ ਜਿਨਾ ਦੇ ਸਹਾਰੇ ਜੀਵਨ ਜੀਇਆ ਜਾ ਸਕਦਾ ਹੈ … ।।
"ਵਧਾਈਆ ਵੀਰ ਜੀ ਤੁਸੀ ਤਾਂ ਕਮਾਲ ਕਰਤੀ"।
ਪੰਮੀ ਕੋਲੋ ਚਾਅ ਝੱਲਿਆ ਨਹੀ ਸੀ ਜਾਂਦਾ।
"ਪਹਿਲੀ ਵਾਰ ਜਦੋ ਤੁਹਾਨੂੰ ਕੈਚੀ ਮਾਰੀ ਮੇਰਾ ਮਨ ਕਰੇ ਇਹ ਦੇ ਸਿਰ ਵਿੱਚ ਰੋੜਾ ਚੱਕ ਕੇ ਮਾਰਾਂ"।ਪਰੀਤੀ ਨੂੰ ਮੱਖਣ ਤੇ ਹਾਲੇ ਵੀ ਗੁੱਸਾ ਸੀ।
"ਨਹੀ, ਕਮਲੀਏ ਉਹ ਵੀ ਘਰੋ ਖੇਡਣ ਆਏ ਸੀ, ਮਿਹਨਤ ਕੀਤੀ ਸੀ ਮੁੰਡੇ ਨੇ, ਉਸਦੀ ਬਣਦੀ ਇਜਤ ਉਸ ਨੂੰ ਦੇਵੋ, ਖੇਡ ਨੂੰ ਲੜਾਈ ਬਣਾਉਣਾ ਠੀਕ ਨਹੀ"।
ਦੇਬੀ ਨੂੰ ਇੱਕ ਤਰਫੇ ਪਰੇਮ ਦੇ ਨੁਕਸਾਂਨ ਦਾ ਪਤਾ ਸੀ।
"ਤੁਸੀ ਜਰਮਨ ਵੀ ਖੇਡਦੇ ਰਹੇ ਓ ?" ।
ਸੱਜਣਾ ਨੇ ਵੀ ਸਵਾਲ ਕੀਤਾ, ਉਹ ਦਲੀਪ ਦੀ ਹਾਜਰੀ ਵਿੱਚ ਜਰਾ ਘਬਰਾ ਰਹੀ ਸੀ, ਦਲੀਪ ਭਾਵੇ ਉਸ ਤੋ ਛੋਟਾ ਸੀ ਪਰ ਮੁੰਡਾ ਹੋਣ ਦੇ ਨਾਤੇ ਉਸਦੇ ਹੱਕ ਕੁੱਝ ਜਿਆਦਾ ਸਨ।
"ਖੇਡਦਾ ਤਾਂ ਰਿਹਾ ਹਾਂ, ਪਰ ਕਬੱਡੀ ਉਥੇ ਕੋਈ ਨਹੀ ਖੇਡਦਾ, ਜਰਮਨੀਏ ਫੁੱਟਬਾਲ ਪਿੱਛੇ ਪਾਗਲ ਆ"। ਦੇਬੀ ਨੇ ਦੱਸਿਆ।
"ਤੁਹਾਨੂੰ ਪਹਿਲੀ ਵਾਰ ਅਖਾੜੇ ਵਿੱਚ ਆਉਦਿਆ ਡਰ ਨਾਂ ਲੱਗਿਆ ?"
ਦੀਪੀ ਦੀ ਹੈਰਾਂਨੀ ਉਸ ਦੇ ਸ਼ਬਦਾਂ ਵਿੱਚ ਬੋਲ ਰਹੀ ਸੀ।
"ਲੱਗਿਆ ਸੀ, ਪਰ ਇੱਕ ਤਾਂ ਸਤਗੁਰ ਦੀ ਕਿਰਪਾ ਹੋ ਗਈ ਤੇ ਦੂਸਰੇ ਤੁਹਾਡੇ ਸਭ ਦੇ ਪਰੇਮ ਨੇ ਮੈਨੂੰ ਖੇਡਣ ਦੀ ਜਾਚ ਝੱਟ ਹੀ ਸਿਖਾ ਦਿੱਤੀ"।
ਦੇਬੀ ਨੇ ਕਿਹਾ।
"ਵੀਰ ਜੀ ਇਹ ਪਰੇਮ ਕੋਈ ਕੋਚ ਆ ਜਿਨੇ ਤੁਹਾਨੂੰ ਕਬੱਡੀ ਸਿਖਾ ਦਿੱਤੀ ?" ।
ਨੇੜੇ ਖੜੀ ਇੱਕ ਹੋਰ ਮੁਟਿਆਰ ਨੇ ਗੱਲ ਹਾਸੇ ਪਾਈ।
"ਬਿਲਕੁਲ ਠੀਕ ਕਿਹਾ ਤੂੰ ਬਲਵਿੰਦਰ, ਪਰੇਮ ਇੱਕ ਕੋਚ ਹੀ ਹੈ, ਪਰ ਐਸਾ ਕੋਚ ਜੋ ਸਿਰਫ ਕਬੱਡੀ ਹੀ ਨਹੀ ਬਲਕਿ ਹਰ ਚੀਜ ਸਿਖਾਉਦਾ ਆ, ਬੱਸ ਸਿੱਖਣ ਵਾਲੇ ਤੇ ਨਿਰਭਰ ਆ, ਅਤੇ ਇਹ ਕੋਚ ਜੋ ਵੀ ਦੱਸਦਾ ਹੈ ਪਲਕ ਦੇ ਚਮਕਾਰੇ ਵਿੱਚ ਦੱਸਦਾ ਆ ਕੋਈ ਬਹੁਤੀਆ ਬੁਝਾਰਤਾ ਨਹੀ ਬੁਝਾਉਦਾ"।
ਦੇਬੀ ਨੇ ਜੋ ਕਿਹਾ ਬਾਹਲਾ ਕਿਸੇ ਦੀ ਸਮਝ ਨਹੀ ਆਇਆ ਪਰ ਹੋਰ ਸਵਾਲ ਰੁਕ ਗਏ।
"ਬਾਈ ਅੱਜ ਆਪਾਂ ਪਾਰਟੀ ਕਰਨੀ ਆ, ਨੰਗਲਾਂ ਦੀ ਟੀਮ ਪਹਿਲੀ ਵਾਰ ਬਿਨਾ ਟਰਾਫੀ ਘਰ ਮੁੜੀ ਆ, ਜਾਓ ਗੁਰਦੀਪ ਚੱਲ ਕੇ ਤਿਆਰੀ ਕਰੋ ਤੇ ਅਸੀ ਵੀ ਪਹੁੰਚੇ"।
ਦਲੀਪ ਨੇ ਅਪਣੇ ਸੱਜੇ ਹੱਥ ਗੁਰਦੀਪ ਨੂੰ ਕਿਹਾ, ਗੁਰਦੀਪ ਤਿਆਰੀ ਦਾ ਮਤਲਬ ਸਮਝਦਾ ਸੀ, ਦਾਰੂ ਤੇ ਮੁਰਗਾ, ਦੀਪੀ ਨੂੰ ਦਲੀਪ ਦੀਆਂ ਪਾਰਟੀਆਂ ਪਸੰਦ ਨਹੀ ਸੀ ਪਰ ਅੱਜ ਮਿੱਤਰ ਵੀ ਘਰ ਆਉਣਗੇ, ਸ਼ਰਾਬ ਵਰਤੇਗੀ ਪਰ ਘਰ ਕੁੱਝ ਦੇਰ ਲਈ ਸਵਰਗ ਬਣ ਜੂ, ਸ਼ਾਮ ਪੈ ਗਈ, ਮੇਲਾ ਘਰਾਂ
ਨੂੰ ਮੁੜਨਾ ਸ਼ੁਰੂ ਹੋ ਗਿਆ, ਨਵੇ ਪਿੰਡ ਵਾਲੇ ਅੱਜ ਹਰ ਸਾਲ ਦੀ ਤਰਾਂ ਨਹੀ ਸਗੋ ਸਿਰ ਉਚਾ ਕਰ ਕੇ ਪਿੰਡ ਨੂੰ ਮੁੜ ਰਹੇ ਸੀ, ਭੂਆ ਨੂੰ ਪਤਾ ਲੱਗਿਆ ਉਹ ਰੱਬ ਦਾ ਸ਼ੁਕਰ ਕਰਨ ਲੱਗ ਪਈ, ਨਿਰਮਲ ਅੱਜ ਮੇਲੇ ਨਹੀ ਸੀ ਗਿਆ, ਉਹ ਬਚਨ ਸਿੰਘ ਦੇ ਖਰਾਬ ਹੋਏ ਪੀਟਰ ਇੰਜਣ ਨੂੰ ਬਣਵਾਉਣ ਲਈ ਮਿਸਤਰੀ ਲੈ ਕੇ ਆਇਆ ਸੀ ਤੇ ਕੋਸ਼ਿਸ਼ ਕਰ ਰਿਹਾ ਸੀ ਕਿ ਲੱਗਾ ਹੋਇਆ ਝੋਨਾਂ ਪਾਣੀ ਖੁਣੋ ਫੇਰ ਨਾਂ ਸੁੱਕ ਜਾਵ, ਦਲੀਪ ਦੇ ਘਰ ਮੇਲਾ ਲੱਗਾ ਹੋਇਆ ਸੀ, ਮੁਫਤ ਦੀ ਦਾਰੂ ਮਿਲਣ ਦੇ ਚੱਕਰ ਵਿੱਚ ਹਰ ਕੋਈ ਦਲੀਪ ਦੇ ਘਰ ਆ ਰਿਹਾ ਸੀ, ਦੇਬੀ ਨੂੰ ਮੁੱਖ ਮਹਿਮਾਂਨ ਦੀ ਤਰਾ ਬੈਠਾ ਰੱਖਿਆ ਸੀ,
"ਭਾਪਾ ਜੀ, ਦੇਬੀ ਬਾਈ ਨੇ ਚੌਟੇ ਚੱਕਤੇ, ਨੰਗਲਾਂ ਦਾ ਮੱਖਣ ਰੋਲ ਕੇ ਰੱਖਤਾ"।
ਦਲੀਪ ਹੁਣੇ ਘਰ ਪਹੁੰਚੇ ਸਰਪੰਚ ਨੂੰ ਦੱਸ ਰਿਹਾ ਸੀ।
"ਕਮਾਲ ਕਰਤੀ ਸ਼ੇਰਾ, ਮੱਖਣ ਬੜੇ ਸਿਰੇ ਦਾ ਖਿਡਾਰੀ ਆ"।
ਠੇਕੇਦਾਰ ਨੇ ਥਾਪੀ ਦਿੱਤੀ, ਉਹ ਮੱਖਣ ਦੀ ਗੇਮ ਨੂੰ ਜਾਣਦਾ ਸੀ।
"ਸਭ ਤੁਹਾਡਾ ਆਸ਼ੀਰਵਾਦ ਆ ਬਯੁਰਗੋ"।
ਦੇਬੀ ਨੇ ਨਿਮਰਤਾ ਦਿਖਾਉਦੇ ਹੋਏ ਕਿਹਾ।
"ਚੱਕ ਦੇ ਪੈੱਗ ਫਿਰ ਅੱਜ ਖੁਸ਼ੀ ਦਾ ਦਿਨ ਆ"।
ਠੇਕੇਦਾਰ ਨੇ ਕਿਹਾ।
"ਜੀ, ਮੈ ਡਰਿੰਕ ਨਹੀ ਕਰਦਾ"।
ਦੇਬੀ ਦਾ ਸੰਖੇਪ ਜਿਹਾ ਜਵਾਬ ਸੀ, ਸੱਜਣਾ ਦੇ ਪੈਰ ਧਰਤੀ ਤੇ ਲੱਗ ਹੀ ਨਹੀ ਸੀ ਰਹੇ, ਹਰ ਦਿਨ ਇੱਕ ਦੂਜੇ ਤੋ ਵਧ ਕੇ, ਰੱਬਾ ਕਿਤੇ ਨਜਰ ਨਾਂ ਲੱਗ ਜੇ ਮੇਰੀਆਂ ਖੁਸ਼ੀਆ ਨੂੰ।
"ਇਹ ਹੋਰ ਵੀ ਕਮਾਲ ਆ, ਵਲੈਤੀਏ ਤਾ ਦਾਰੂ ਵਿੱਚ ਨਹਾਉਣ ਨੂੰ ਕਰਦੇ ਆ, ਤੇ ਤੂੰ ਪੈਗ ਨੀ ਪੀਦਾ ?"।
ਠੇਕੇਦਾਰ ਹੈਰਾਨ ਸੀ ਮੁੰਡੇ ਦੇ ਡਸਿਪਲਨ ਤੇ, ਦਲੀਪ ਨੇ ਦੱਸਿਆ ਇਹ ਵਲੈਤੀਆਂ ਕਿਸੇ ਹੋਰ ਮਿੱਟੀ ਦਾ ਬਣਿਆ ਹੋਇਆ, ਠੇਕੇਦਾਰ ਹੋਰ ਵੀ ਪਰਭਾਵਿਤ ਹੋ ਗਿਆ, ਬੱਕਰੇ ਬੁਲਾਏ ਜਾ ਰਹੇ ਸੀ, ਦੇਬੀ ਦੀ ਸਮਝ ਵਿੱਚ ਇਹ ਨਹੀ ਸੀ ਆ ਰਿਹਾ ਕਿ ਇਹ ਲੋਕ ਕਿਵੇਂ ਛੋਟੀ ਜਿਹੀ ਗਮੀ ਨੂੰ ਵੱਡਾ ਦੁੱਖ ਮੰਨ ਲੈਦੇ ਆ ਤੇ ਛੋਟੀ ਜਿਹੀ ਖੁਸ਼ੀ ਨੂੰ ਸਦਾ ਦੀ ਦੀਵਾਲੀ, ਉਹਦੇ ਲਈ ਇਹ ਰੌਲਾ ਰੱਪਾ ਕੁੱਝ ਜਿਆਦਾ ਸੀ, ਸਿਰ ਦਰਦ ਦਾ ਬਹਾਨਾ ਬਣਾ ਉਸਨੇ ਦਲੀਪ ਤੋ ਛੁੱਟੀ ਲੈ ਲਈ,
"ਮਾਤਾ ਜੀ, ਆਗਿਆ ਬਖਸ਼ੋ"।
ਦੇਬੀ ਨੇ ਦੀਪੀ ਦੀ ਮਾਂ ਤੋ ਇਜਾਜਤ ਮੰਗਦੇ ਕਿਹਾ।
"ਪੁੱਤ ਹੁਣੇ ਈ, ਰਹਿ ਕੁੱਝ ਦੇਰ ਹੋਰ"।
ਮਾਤਾ ਉਸ ਦੇ ਚਲਦੀ ਪਾਰਟੀ ਨੂੰ ਛੱਡ ਕੇ ਜਾਣ ਨੂੰ ਸਮਝ ਨਾ ਸਕੀ, ਸੱਜਣਾ ਦਾ ਚਿਹਰਾ ਉਤਰ ਗਿਆ, ਬੱਸ, ਚੰਨ ਫਿਰ ਬੱਦਲਾਂ ਓਹਲੇ ?
"ਮਾਤਾ ਜੀ ਜਰਾ ਸਿਰ ਦਰਦ ਆ"।
ਦੇਬੀ ਲਈ ਇਹ ਵਾਕਿਆ ਹੀ ਕੁੱਝ ਜਿਆਦਾ ਸੀ, ਸਵੇਰ ਤੋ ਸ਼ਾਮ ਤੱਕ ਇਨੀ ਗਰਮੀ ਵਿੱਚ ਤੇ ਫਿਰ ਇਹ ਪੰਜਾਬੀ ਪਾਰਟੀ ਦਾ ਰੌਲਾ ਉਹਦੇ ਵੱਸ ਦਾ ਨਹੀ ਸੀ।
"ਸਿਰ ਦਰਦ ਦੀ ਗੋਲੀ ਲਉਗੇ?" ਸੱਜਣ ਚਾਹੁੰਦੇ ਸੀ ਕਿ ਉਹਦਾ ਸਿਰ ਗੋਦੀ ਚ ਰੱਖ ਕੇ ਸਾਰੀ ਰਾਤ ਘੁੱਟਦੀ ਰਹੇ।
"ਨਹੀ, ਮੇਰਾ ਸਿਰ ਕਿਸੇ ਹੋਰ ਦਵਾ ਨਾਲ ਹਟਦਾ ਆ ਤੇ ਉਹ ਮੈਨੂੰ ਮਿਲ ਚੁੱਕੀ ਆ, ਧੰਨਵਾਦ"। ਏਨਾ ਕਹਿ ਕੇ ਉਹ ਤੁਰ ਗਿਆ, ਸੱਜਣ ਸਮਝ ਗਏ ਕਿ ਉਹਦੇ ਸਿਰ ਦਰਦ ਦੀ ਕੀ ਦਵਾ ਸੀ, ਘੁੱਦਾ ਉਸਨੂੰ ਜਾਦਾ ਦੇਖ ਨਾਲ ਆ ਰਲਿਆ।
"ਬਾਈ ਕੀ ਗੱਲ, ਐਨੀ ਖੁਸ਼ੀ ਦੀ ਸ਼ਾਮ ਆ, ਕੁੱਝ ਠੀਕ ਨੀ ਲਗਦਾ ?"
ਘੁੱਦਾ ਨਹੀ ਸੀ ਜਾਣਾ ਚਾਹੁੰਦਾ।
"ਯਾਰ, ਮੈ ਜਾਣਦਾ ਬਈ ਬਾਹਲੀ ਖੁਸ਼ੀ ਮੈਨੂੰ ਪਚਦੀ ਨਹੀ, ਹਰ ਖੁਸ਼ੀ ਦੇ ਪਿੱਛੇ ਕੋਈ ਦੁੱਖ ਲੁਕਿਆ ਪਿਆ, ਦੁੱਖ ਬਾਹਲਾ ਵੱਡਾ ਨਾਂ ਹੋਵੇ ਇਸ ਲਈ ਖੁਸ਼ੀ ਵੀ ਹਿਸਾਬ ਦੀ ਹੀ ਠੀਕ ਆ, ਤੂੰ ਅਨੰਦ ਲੈ ਪਰ ਜਾਦੀ ਨਾਂ ਪੀ ਲਈ, ਕੱਲ ਦੇ ਕੰਮ ਤੂੰ ਠੀਕ ਸਮੇਂ ਤੇ ਕਰਨੇ ਆ"।
ਕਹਿ ਕੇ ਦੇਬੀ ਚਲੇ ਗਿਆ, ਬਹੁਤੇ ਬੰਦੇ ਨਸ਼ੇ ਵਿੱਚ ਗੁੱਟ ਹੋਏ ਪਏ ਸੀ … ।
"ਬਈ ਖੁਸ਼ ਕਰਤਾ ਵ ਵਲੇਤੀਏ ਨੇ … , ਮੈ ਕਹਿੰਨਾ, ਬਈ ਮੱਖਣ ਨੀ ਹੁਣ ਲੱਭਣਾ, ਓਏ ਹੱਟ ਕਬੱਡੀ ਡੀ।"
ਇੱਕ ਸ਼ਰਾਬੀ ਪੂਰੀ ਲੋਰ ਵਿੱਚ ਕਹਿ ਰਿਹਾ ਸੀ।
ਇਕ ਵਧੀਆ ਦਿਨ ਦੀ ਰਾਤ ਦਾ ਪਹਿਲਾ ਪਹਿਰ ਬੀਤ ਰਿਹਾ ਸੀ, ਦੇਬੀ ਛੱਤ ਤੇ ਬੈਠਾ ਤਾਰਿਆਂ ਦੀ ਗਿਣਤੀ ਕਰ ਰਿਹਾ ਸੀ, ਉਹਦਾ ਮਨ ਪਤਾ ਨਹੀ ਕਿਓ ਉਦਾਸ ਸੀ, ਸੱਜਣਾ ਦੀ ਮੌਜੂਦਗੀ ਵੀ ਉਸਦੀ ਉਦਾਸੀ ਨਾਂ ਰੋਕ ਸਕੀ, ਇਨੇ ਸਾਰੇ ਲੋਕਾ ਦਾ ਪਰੇਮ ਪਾ ਕੇ ਵੀ ਉਸ ਨੂੰ ਲਗਦਾ ਸੀ ਕਿ ਕੋਈ ਕਮੀ ਹੈ, ਪਰ ਕਿਸ ਗੱਲ ਦੀ ਕਮੀ ਆ, ਕੋਈ ਸਮਝ ਨਹੀ ਸੀ ਆ ਰਹੀ ਏਨੀ ਗੱਲ ਪੱਕੀ ਸੀ ਕਿ ਕਿਧਰੇ ਵਾਤਾਵਰਣ ਵਿੱਚ ਕੋਈ ਘੋਰ ਉਦਾਸ ਸੀ ਤੇ ਉਹ ਉਦਾਸੀ ਦੇਬੀ ਤੱਕ ਇਸ ਲਈ ਪਹੁੰਚ ਰਹੀ ਸੀ ਕਿਉਕਿ ਦੇਬੀ ਨੇ ਉਸ ਉਦਾਸੀ ਨੂੰ ਹਾਸੇ ਵਿੱਚ ਬਦਲਣਾ ਸੀ।
"ਹੇ ਸਿਰਜਣਹਾਰ, ਮੇਰੇ ਮਨ ਨੂੰ ਟਿਕਾਅ ਬਖਸ਼"।
ਉਹ ਅਰਦਾਸ ਵਿੱਚ ਜੁੜ ਗਿਆ, ਹੌਲੀ ਹੌਲੀ ਉਸਦਾ ਮਨ ਸਥਿਰ ਹੋ ਰਿਹਾ ਸੀ, ਤੇ ਫਿਰ ਪਤਾ ਨਹੀ ਕਦੋ ਨੀਦ ਦੀ ਗੋਦੀ ਪਹੁੰਚ ਗਿਆ।
------------------------- ਬਾਕੀ ਅਗਲੇ ਅੰਕ ਵਿਚ-------------