ਕਾਫ਼ਲੇ ਵੱਲੋਂ ਉਪਕਾਰ ਸਿੰਘ ਪਾਤਰ ਨਾਲ਼ ਸੰਗੀਤਕ ਸ਼ਾਮ
(ਖ਼ਬਰਸਾਰ)
ਟਰਾਂਟੋ -- 'ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ' ਵੱਲੋਂ 16 ਅਗਸਤ ਨੂੰ ਸੰਤ ਸਿੰਘ ਸੇਖੋਂ ਹਾਲ ਵਿੱਚ ਇੱਕ ਸੰਗੀਤਕ ਸ਼ਾਮ ਮਨਾਈ ਗਈ ਜਿਸ ਦੌਰਾਨ ਜਿੱਥੇ ਉਪਕਾਰ ਸਿੰਘ ਨੇ ਆਪਣੇ ਜੀਵਨ ਬਾਰੇ ਗੱਲਬਾਤ ਕੀਤੀ ਓਥੇ ਪੰਜਾਬੀ ਦੇ ਉੱਚਕੋਟੀ ਦੇ ਸਾਂਇਰਾਂ ਦੀ ਸ਼ਾਇਰੀ ਨਾਲ਼ ਮਹੌਲ ਨੂੰ ਰਗੀਨ ਬਣਾਇਆ।

ਕੀਨੀਆ ਤੋਂ ਪਰਵਾਰਕ ਦੌਰੇ 'ਤੇ ਕੈਨੇਡਾ ਆਏ ਉਪਕਾਰ ਸਿੰਘ ਹੁਰਾਂ ਨੇ ਦੱਸਿਆ ਕਿ ਭਾਵੇਂ ਕੌਲਿਜ ਦੇ ਦਿਨਾਂ ਵਿੱਚ ਹੀ ਉਨ੍ਹਾਂ ਦਾ ਰੁਝਾਨ ਸੰਗੀਤ ਵੱਲ ਹੋ ਗਿਆ ਸੀ ਪਰ ਬਕਾਇਦਗੀ ਨਾਲ਼ ਉਨ੍ਹਾਂ ਨੇ ਭਾਰਤ ਅਤੇ ਅਫਰੀਕਾ ਵਿੱਚ ਸੰਗੀਤ ਸਿੱਖਿਆ ਅਤੇ ਹੁਣ ਤੱਕ ਕਈ ਸੀਡੀਜ਼ ਰੀਕਾਰਡ ਕਰਵਾ ਚੁੱਕੇ ਹਨ। ਉਪਕਾਰ ਸਿੰਘ ਨੇ ਭਾਵੇਂ ਜ਼ਿਆਦਾਤਰ ਸੁਰਜੀਤ ਪਾਤਰ ਹੁਰਾਂ ਦੀ ਸਾਂਇਰੀ ਹੀ ਗਾਈ ਪਰ ਇਸ ਦੇ ਨਾਲ਼ ਨਾਲ਼ ਸ਼ਿਵ ਬਟਾਲਵੀ, ਅੰਮ੍ਰਿਤਾ ਪ੍ਰੀਤਮ, ਅਤੇ ਬਾਵਾ ਬਲਵੰਤ ਹੁਰਾਂ ਦੀ ਸ਼ਾਇਰੀ ਨੂੰ ਵੀ ਏਨੀ ਖ਼ੂਬਸੂਰਤੀ ਨਾਲ਼ ਪੇਸ਼ ਕੀਤਾ ਕਿ ਪਤਾ ਹੀ ਨਾ ਲੱਗਾ ਕਿ ਦੋ ਘੰਟੇ ਦਾ ਸਮਾਂ ਕਦੋਂ ਲੰਘ ਗਿਆ। ਉਪਕਾਰ ਸਿੰਘ ਹੁਰਾਂ ਨਾਲ਼ ਜਿੱਥੇ ਹਰਪਾਲ ਸਿੰਘ ਕੱਲਾ (ਜੋ ਸਕਾਰਬਰੋ ਤੋਂ ਸੰਗੀਤ ਅਕਾਦਮੀ ਚਲਾ ਰਹੇ ਹਨ) ਹੁਰਾਂ ਨੇ ਕਲਾਤਮਕ ਰੂਪ ਵਿੱਚ ਤਬਲੇ 'ਤੇ ਸਾਥ ਦਿੱਤਾ ਓਥੇ ਉਪਕਾਰ ਸਿੰਘ ਹੁਰਾਂ ਦੇ ਆਪਣੇ ਬੇਟੇ ਸ਼ਿਵਰਾਜ ਸਿੰਘ ਹੁੰਝਣ ਨੇ ਢੋਲਕੀ 'ਤੇ ਸਾਥ ਦੇ ਕੇ ਇਸ ਸ਼ਾਮ ਨੂੰ ਸੰਗੀਤਕ ਸੁਰਾਂ ਦੀ ਛੋਹ ਬਖ਼ਸ਼ੀ। ਇਸ ਸਮਾਗਮ ਵਿੱਚ ਹਾਜ਼ਰ ਦ੍ਰਸ਼ਕਾਂ ਵਿੱਚ ਵਕੀਲ ਕਲੇਰ, ਸੁਦਾਗਰ ਬਰਾੜ ਲੰਡੇ, ਜਰਨੈਲ ਸਿੰਘ ਕਹਾਣੀਕਾਰ, ਗੁਰਦਾਸ ਮਿਨਹਾਸ, ਅਮਰਜੀਤ ਮਿਨਹਾਸ, ਇਕਬਾਲ ਸੁੰਬਲ, ਬਲਰਾਜ ਚੀਮਾ, ਇੰਦਰਦੀਪ ਸਿੱਧੂ, ਪਰਮਜੀਤ ਕੌਰ ਦਿਉਲ, ਕੁਲਦੀਪ ਕੌਰ, ਡਾ. ਬਲਵਿੰਦਰ ਸਿੰਘ, ਜਗਮੋਹਨ ਸੇਖੋਂ ਤੋਂ ਇਲਾਵਾ ਬਹੁਤ ਸਾਰੇ ਹੋਰ ਦ੍ਰਸ਼ਕ ਵੀ ਮੌਜੂਦ ਸਨ। ਜਗਮੋਹਨ ਸਿੰਘ ਸੇਖੋਂ ਵੱਲੋਂ ਚਾਹ-ਪਾਣੀ ਦਾ ਪ੍ਰਬੰਧ ਵੀ ਕੀਤਾ ਗਿਆ।
ਕੁਲਵਿੰਦਰ ਖਹਿਰਾ