ਖ਼ਬਰਸਾਰ

  •    ਜਾਰਜ ਮੈਕੀ ਲਾਇਬ੍ਰੇਰੀ ਦੀ ਕਾਵਿ ਸ਼ਾਮ ਦਾ ਵਿਲੱਖਣ ਅੰਦਾਜ਼ / ਜਾਰਜ ਮੈਕੀ ਲਾਇਬ੍ਰੇਰੀ, ਡੈਲਟਾ
  •    ਦਸੂਹਾ ਸਾਹਤਿ ਸਭਾ ਦੀ ਮਾਸਕਿ ਇਕੱਤਰਤਾ ਹੋਈ / ਸਾਹਿਤ ਸਭਾ ਦਸੂਹਾ
  •    ਪੰਜਾਬੀ ਗ਼ਜ਼ਲ ਮੰਚ ਪੰਜਾਬ ਦੀ ਇਕੱਤਰਤਾ / ਗ਼ਜ਼ਲ ਮੰਚ ਫਿਲੌਰ (ਲੁਧਿਆਣਾ)
  •    ਕਾਫ਼ਲੇ ਵੱਲੋਂ ਉਪਕਾਰ ਸਿੰਘ ਪਾਤਰ ਨਾਲ਼ ਸੰਗੀਤਕ ਸ਼ਾਮ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਸਿਰਜਣਧਾਰਾ ਵੱਲੋਂ ਸਾਹਿਤ ਸਭਾ ਬਾਘਾਪੁਰਾਣਾ ਦਾ ਸਨਮਾਨ / ਸਾਹਿਤ ਸਭਾ ਬਾਘਾ ਪੁਰਾਣਾ
  •    'ਦਸ ਦਰਵਾਜ਼ੇ' ਦੀ ਘੁੰਡ ਚੁਕਾਈ ਤੇ ਹਰਜੀਤ ਅਟਵਾਲ ਦਾ ਸਨਮਾਨ / ਸਾਹਿਤ ਸਭਾ ਮੋਗਾ
  •    ਪੰਜਾਬੀ ਮਾਂ ਡਾਟ ਕਾਮ ਦੇ ਸੰਪਾਦਕ ਸਤਿੰਦਰਜੀਤ ਸਿੰਘ ਸੱਤੀ ਨਾਲ ਸਹਿਤਕ ਮਿਲਣੀ / ਤਾਈ ਨਿਹਾਲੀ ਸਾਹਿਤ ਕਲਾ ਮੰਚ,ਲੰਗੇਆਣਾ ਕਲਾਂ
  •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  • ਸਾਹਿਤ ਅਕਾਦਮੀ ਅਵਾਰਡੀ - ਬਾਲ ਗਾਇਕ ਕਮਲਜੀਤ ਨੀਲੋਂ (ਲੇਖ )

    ਦਰਸ਼ਨ ਸਿੰਘ ਆਸ਼ਟ (ਡਾ.)   

    Email: dsaasht@yahoo.co.in
    Phone: +91 175 2287745
    Cell: +91 98144-23703
    Address: ਈ-ਟਾਈਪ ਪੰਜਾਬੀ ਯੂਨੀਵਰਸਿਟੀ ਕੈਂਪਸ
    ਪਟਿਆਲਾ India
    ਦਰਸ਼ਨ ਸਿੰਘ ਆਸ਼ਟ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਹੁਣੇ ਹੁਣੇ ਸਾਹਿਤ ਅਕਾਦਮੀ ਦਿੱਲੀ  ਵੱਲੋਂ ਹਰ ਵਰ੍ਹੇ ਭਾਰਤ ਦੀਆਂ ਵੱਖ ਵੱਖ  ਭਾਸ਼ਾਵਾਂ ਵਿਚ ਦਿੱਤੇ ਜਾਣ ਵਾਲੇ ਬਾਲ  ਸਾਹਿਤ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ ਹੈ। ਪੰਜਾਬੀ ਭਾਸ਼ਾ ਲਈ ਇਸ ਵਰ੍ਹੇ ਦਾ ਇਹ ਸਨਮਾਨ ਬਾਲਾਂ ਦੇ ਜਾਣੇ ਪਛਾਣੇ ਗਾਇਕ ਅਤੇ ਲੇਖਕ ਕਮਲਜੀਤ ਨੀਲੋਂ ਦੇ ਹਿੱਸੇ ਆਇਆ ਹੈ। ਨੀਲੋਂ ਤੋਂ ਪਹਿਲਾਂ ਇਹ ਅਕਾਦਮੀ ਪੁਰਸਕਾਰ ਕਰਮਵਾਰ ਜਸਬੀਰ ਭੁੱਲਰ, ਇਹਨਾਂ ਸਤਰਾਂ ਦੇ ਲੇਖਕ ਅਤੇ ਮਨਮੋਹਨ ਸਿੰਘ ਦਾਊਂ ਨੂੰ ਪ੍ਰਾਪਤ ਹੋ ਚੁੱਕੇ ਹਨ। ਨੀਲੋਂ ਨੂੰ ਦਿੱਤੇ ਜਾ ਰਹੇ ਇਸ ਪੁਰਸਕਾਰ ਵਿਚ ਅੱਧੇ ਲੱਖ ਰੁਪਏ ਸਮੇਤ ਮੈਡਲ, ਸ਼ਾਲ ਅਤੇ ਸਨਮਾਨ ਚਿੰਨ੍ਹ ਸ਼ਾਮਲ ਹਨ।
    24 ਦਸੰਬਰ, 1959 ਨੂੰ ਲੁਧਿਆਣਾ  ਚੰਡੀਗੜ੍ਹ ਰੋਡ ਤੇ ਪੈਂਦੇ ਨਿਕੇ  ਜਿਹੇ ਪਿੰਡ ਨੀਲੋਂ ਵਿਖੇ ਪ੍ਰਸਿੱਧ  ਪੰਜਾਬੀ ਸ਼ਾਇਰ ਕੁਲਵੰਤ ਨੀਲੋਂ ਅਤੇ ਮਾਤਾ ਨਛੱਤਰ ਕੌਰ ਦੇ ਘਰ ਅੱਖਾਂ ਖੋਲ੍ਹਣ ਵਾਲੇ ਬਾਲ ਨੀਲੋਂ ਨੂੰ ਸਾਹਿਤਕ ਗੁੜ੍ਹਤੀ ਵਿਰਸੇ ਵਿਚੋਂ ਹੀ ਪ੍ਰਾਪਤ ਹੋਈ ਹੈ। ਉਸ ਦੀ ਬਾਲ ਪ੍ਰਤਿਭਾ ਨੂੰ ਮੁੱਖ ਰੱਖ ਕੇ ਨੀਲੋਂ ਪਿੰਡ ਦੇ ਪ੍ਰਾਇਮਰੀ ਸਕੂਲ ਇੰਚਾਰਜ ਅਧਿਆਪਕ ਨੇ ਉਸ ਨੂੰ ਹਰ ਸ਼ਨੀਵਾਰ ਨੂੰ ਲੱਗਣ ਵਾਲੀ ਬਾਲ ਸਭਾ ਦਾ ਸਕੱਤਰ ਬਣਾਇਆ ਹੋਇਆ ਸੀ। ਪਿਤਾ ਹੋਰੀਂ ਉਸ ਨੂੰ ਕਈ ਵਾਰੀ ਉਸ ਨੂੰ ਆਪਣੇ ਨਾਲ ਸਮਾਗਮਾਂ ਅਤੇ ਮੁਸ਼ਾਇਰਿਆਂ ਤੇ ਨਾਲ ਲੈ ਜਾਂਦੇ ਸਨ। ਸਰਕਾਰੀ ਸਕੂਲ ਘੁਲਾਲ, ਮਾਲਵਾ ਕਾਲਜ ਬੌਂਦਲੀ ਅਤੇ ਈਵਨਿੰਗ ਕਾਲਜ ਲੁਧਿਆਣਾ ਤੋਂ ਸਿੱਖਿਆ ਪ੍ਰਾਪਤ ਕਰਕੇ ਉਸ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮ.ਏ. ਪੰਜਾਬੀ ਕੀਤੀ। ਨਾਲੋ ਨਾਲ ਭਾਰਤ ਸਰਕਾਰ ਦੇ ਟੈਲੀਫੋਨ ਵਿਭਾਗ ਵਿਚ ਕਲਰਕ ਦੀ ਨੌਕਰੀ ਵੀ ਮਿਲ ਗਈ। ਘਰੇਲੂ ਅਤੇ ਦਫ਼ਤਰੀ ਰੁਝੇਵਿਆਂ ਦੇ ਬਾਵਜੂਦ ਉਸ ਨੇ ਆਪਣੇ ਅੰਦਰਲੇ ਬਾਲ ਗਾਇਕ ਨੂੰ ਮਰਨ ਨਾ ਦਿੱਤਾ।  ਉਹ ਵੱਖ ਵੱਖ ਸਕੂਲਾਂ, ਬਾਲ ਸਾਹਿਤ ਸਮਾਗਮਾਂ, ਬਾਲ ਦਰਬਾਰਾਂ ਵਿਚ ਜਾ ਕੇ ਆਪਣੀ ਸਿਰਜਣਾਤਮਕ ਅਤੇ ਗਾਇਨ ਕਲਾ ਦਾ ਪ੍ਰਦਰਸ਼ਨ ਕਰਦਾ ਰਿਹਾ।
    Photo
    ਕਮਲਜੀਤ ਨੀਲੋਂ
    ਕਮਲਜੀਤ ਨੀਲੋਂ ਨੇ ਬੱਚਿਆਂ ਲਈ ਜਿੱਥੇ ਪੁਸਤਕਾਂ ਲਿਖੀਆਂ ਉਥੇ ਸੰਗੀਤ  ਸੰਸਾਰ ਵਿਚ ਵੀ ਪ੍ਰਵੇਸ਼ ਕਰਕੇ ਪਹਿਲਾ  ਪੰਜਾਬੀ ਗਾਇਕ ਬਣਿਆ ਜਿਸ ਨੇ ਪੰਜਾਬੀ ਵਿਚ ਨਿਰੋਲ ਬੱਚਿਆਂ ਦੇ ਗੀਤਾਂ ਨੂੰ ਗਾਇਆ। ਜਦੋਂ 1986 ਵਿਚ ਜਲੰਧਰ ਦੂਰਦਰਸ਼ਨ ਦੇ ਪ੍ਰਸਿੱਧ ਪ੍ਰੋਗਰਾਮ 'ਕੱਚ ਦੀਆਂ ਮੁੰਦਰਾਂ' ਵਿਚ ਨੀਲੋਂ ਨੂੰ ਪਹਿਲੀ ਵਾਰੀ ਗਾਉਣ ਲਈ ਸੱਦਾ ਆਇਆ ਤਾਂ ਇਸ ਪ੍ਰੋਗਰਾਮ ਵਿਚ ਉਸਦਾ ਆਪਣਾ ਲਿਖਿਆ ਗੀਤ 'ਸੌਂ ਜਾ ਬੱਬੂਆ ਮਾਣੋ ਬਿੱਲੀ ਆਈ ਐ' ਬੱਚੇ-ਬੱਚੇ ਦੀ ਜ਼ੁਬਾਨ ਤੇ ਚੜ੍ਹ ਗਿਆ।  ਇਸ ਗੀਤ ਵਿਚ ਇਕ ਬਾਲੜੀ ਵੱਲੋਂ ਆਪਣੇ ਨੰਨ੍ਹੇ ਮੁੰਨੇ ਵੀਰੇ ਨੂੰ ਸੁਆਉਣ ਸੰਬੰਧੀ ਤੋਤਲੇ ਬੋਲ ਅਤੇ ਭਾਵਨਾਵਾਂ ਸੁਣ ਕੇ ਸ੍ਰੋਤੇ ਹੈਰਾਨ ਹੋ ਗਏ। ਉਦੋਂ ਤੋਂ ਲੈ ਕੇ ਹੁਣ ਤੱਕ ਨੀਲੋਂ ਦੀ ਗੀਤਕਾਰੀ ਤੇ ਗਾਇਕੀ ਦਾ ਸਫ਼ਰ ਜਾਰੀ ਹੈ। ਹੁਣ ਤੱਕ ਉਸ ਦੀਆਂ ਬੱਚਿਆਂ ਲਈ ਜਿਹੜੀਆਂ ਆਡੀਓ-ਕੈਸਿਟਾਂ ਅਤੇ ਸੀ.ਡੀਜ਼. ਆ ਚੁੱਕੀਆਂ ਹਨ, ਉਨ੍ਹਾਂ ਵਿਚ 'ਸੌਂ ਜਾ ਬੱਬੂਆ', 'ਹਾਥੀ ਨਾਨਕਿਆਂ ਨੂੰ ਚੱਲਿਆ', 'ਮਤਾਸ਼ਾ ਦੇਖਿਆ', 'ਆਕਾ ਬਾਕਾ ਚਿੜੀ ਚੜਾਕਾ', 'ਬਚਪਨ ਦੇ ਦਿਨ' (ਧੀਆਂ ਮੋਰਨੀਆਂ) ਅਤੇ 'ਰਿਸ਼ਤਾ ਨੀ ਮਾਂ ਵਰਗਾ' ਆਦਿ ਅਹਿਮ ਹਨ। ਇਨ੍ਹਾਂ ਨੂੰ ਚਰਨਜੀਤ ਆਹੂਜਾ, ਗੁਲਸ਼ਨ ਕੁਮਾਰ, ਵਰਿੰਦਰ ਬੱਚਨ ਅਤੇ ਅਤੁਲ ਸ਼ਰਮਾ ਜਿਹੇ ਹੰਢੇ ਹੋਏ ਸੰਗੀਤਕਾਰਾਂ ਨੇ ਆਪਣੇ ਨਿਰਦੇਸ਼ਨ ਅਧੀਨ ਬਾਲ ਸ੍ਰੋਤਿਆਂ ਵਿਚ ਲੋਕਪ੍ਰਿਯ ਬਣਾਉਣ ਵਿਚ ਵਿਸ਼ੇਸ਼ ਭੂਮਿਕਾ ਨਿਭਾਈ ਹੈ। ਉਸ ਦੇ 'ਜਨਮਦਿਨ', 'ਰੇਲ ਗੱਡੀ', 'ਨਿੱਕੇ ਨਿੱਕੇ ਬੱਚਿਓ', 'ਜਾਗ ਬੱਬੂਆ', 'ਦਾਦੀ ਮਾਂ ਤੇਰੇ ਦੰਦ ਕੌਣ ਲੈ ਗਿਆ', 'ਮਾਪੇ' ਅਤੇ 'ਦਾਦੀ ਮਾਂ ਮੈਨੂੰ ਸੁਪਨਾ ਆਇਆ' ਆਦਿ ਗੀਤਾਂ ਨੇ ਵੱਡੀ ਗਿਣਤੀ ਵਿਚ ਪੰਜਾਬੀ ਬੱਚਿਆਂ ਨੂੰ ਦੇਸ਼ਾਂ ਵਿਦੇਸ਼ਾਂ ਵਿਚ ਮੋਹਿਆ ਹੈ। ਪਿਛਲੇ ਕੁਝ ਅਰਸੇ ਤੋਂ ਉਹ ਧੀਆਂ ਧਿਆਣੀਆਂ ਨੂੰ ਲੜਕਿਆਂ ਵਾਂਗ ਪਿਆਰ ਮੁਹੱਬਤ ਦੇਣ ਲਈ ਜਜ਼ਬਾਤੀ ਗੀਤ ਸਿਰਜ ਕੇ ਹਾਅ ਦਾ ਨਾਅਰਾ ਮਾਰ ਰਿਹਾ ਹੈ। ਨੰਨੀਆਂ-ਮੁੰਨੀਆਂ ਪ੍ਰਤੀ ਸਮਾਜ ਦਾ ਨਾਕਾਰਾਤਮਕ ਦ੍ਰਿਸ਼ਟੀਕੋਣ ਉਸ ਲਈ ਪ੍ਰੇਸ਼ਾਨੀ ਤੇ ਉਦਾਸੀ ਦਾ ਕਾਰਨ ਵੀ ਬਣਦਾ ਹੈ।  ਉਸ ਦੀ ਧਾਰਣਾ ਹੈ ਕਿ ਧੀਆਂ ਸਾਡੇ ਸਮਾਜ ਰੂਪੀ ਫੁਲਵਾੜੀ ਦੇ ਖ਼ੂਬਸੂਰਤ ਫੁੱਲ ਹਨ ਪਰ ਅਜੋਕਾ ਮਨੁੱਖ ਇਨ੍ਹਾਂ ਨੂੰ ਪੈਰਾਂ ਹੇਠ ਮਧੋਲ ਰਿਹਾ ਹੈ। ਉਹ ਆਪਣੇ ਗੀਤਾਂ ਵਿਚ ਬਾਲੜੀਆਂ ਨੂੰ ਕਦੇ ਚਿੜੀਆਂ ਅਤੇ ਕਦੇ ਕੋਮਲ ਕਲੀਆਂ ਨਾਲ ਉਪਮਾ ਦਿੰਦਾ ਹੈ। ਆਪਣੇ ਗੀਤਾਂ ਵਿਚ ਲੋਹੜੀ ਦੇ ਪ੍ਰਚਲਿਤ ਗੀਤ 'ਸੁੰਦਰ ਮੁੰਦਰੀਏ' ਨੂੰ ਦਰਦ ਭਰੀ ਭਾਵਨਾ ਨਾਲ ਇੰਜ ਉਲੀਕਦਾ ਹੈ, ''ਸੁੰਦਰ ਮੁੰਦਰੀਏ ਹੋ, ਤੇਰਾ ਕੌਣ ਵਿਚਾਰਾ ਹੋ? ਆਪੋ ਧਾਪੀ ਪਈ ਹੋਈ ਏ, ਕੌਣ ਭਰਦਾ ਹੁੰਘਾਰਾ ਹੋ?''
    ਨੀਲੋਂ ਆਖਦਾ ਹੈ ਕਿ ਬਾਬਲ ਦੀ ਘੂਰ ਬਾਲੜੀ  ਦੇ ਕੋਮਲ ਮਨ ਨੂੰ ਤਾਰ-ਤਾਰ ਕਰ ਦਿੰਦੀ ਹੈ।  ਬਾਬਲ ਦੀ ਘੂਰ ਤੋਂ ਤ੍ਰਹਿੰਦੀ ਇਕ  ਮਾਸੂਮ ਧੀ ਦੀ ਭਾਵਨਾ ਨੂੰ ਨੀਲੋਂ ਇਉਂ  ਕਲਮਬੱਧ ਕਰਦਾ ਹੈ, ''ਘੂਰ ਨਾ ਵੇ ਬਾਬਲਾ, ਅਸਾਂ ਬੈਠੇ ਨਾ ਰਹਿਣਾ।'' ਸਮਾਜ ਵਿੱਚ ਮੁੰਡੇ-ਕੁੜੀ ਵਿਚਲੇ ਅੰਤਰ ਨੂੰ ਵੀ ਕਮਲਜੀਤ ਨੀਲੋਂ ਨਾ ਕੇਵਲ ਸ਼ਾਬਦਿਕ ਜਾਮਾ ਪਹਿਨਾਉਂਦਾ ਹੈ ਸਗੋਂ ਸਟੇਜਾਂ ਤੇ ਛੋਟੀ ਉਮਰ ਦੀਆਂ ਸਕੂਲੀ ਵਿਦਿਆਰਥਣਾਂ ਨੂੰ ਆਪਣੇ ਨਾਲ ਖੜ੍ਹੀਆਂ ਕਰਕੇ ਸਮੂਹਿਕ ਰੂਪ ਵਿਚ ਮਾਂ ਨੂੰ ਨਿਹੋਰਾ ਦਿੰਦਾ ਹੈ ਅਤੇ ਧੀਆਂ ਦੇ ਹਿੱਸੇ ਆਉਂਦੀਆਂ ਲੋਰੀਆਂ ਅਤੇ ਲੋਹੜੀ ਦੀ ਮੰਗ ਕਰਦਾ ਹੈ, ''ਬਹੁਤੀਆਂ ਨਹੀਂ ਸੀ ਤਾਂ ਦੇ ਦਿੰਦੀ ਥੋੜ੍ਹੀਆਂ, ਕਿੱਥੇ ਗਈਆਂ ਮਾਂ ਸਾਡੇ ਹਿੱਸੇ ਦੀਆਂ ਲੋਰੀਆਂ।''  'ਚਿੜੀਆਂ ਬਾਬਲਾ ਵੇ ਚਿੜੀਆਂ, ਵਿਹੜੇ ਦੇ ਵਿਚੋਂ ਉੱਡ ਜਾਣੀਆਂ' ਗੀਤ ਗਾਉਂਦਿਆਂ ਸਮੇਂ ਉਸ ਨਾਲ ਸਕੂਲਾਂ ਦੀਆਂ ਕੁੜੀਆਂ ਵੀ ਆਪ ਮੁਹਾਰੇ  ਸ਼ਾਮਲ ਹੋ ਜਾਂਦੀਆਂ ਹਨ ਕਿਉਂਕਿ ਇਸ ਗੀਤ ਵਿਚ ਉਹਨਾਂ ਦੀਆਂ ਆਪਣੀਆਂ ਭਾਵਨਾਵਾਂ ਛੁਪੀਆਂ ਹੋਈਆਂ ਹਨ। ਉਹ ਭਵਿੱਖ ਵਿਚ ਕੁਝ ਨਵੀਆਂ ਬਾਲ ਪੁਸਤਕਾਂ, ਜਿਨ੍ਹਾਂ ਦੇ ਚਿੱਤਰ ਉਸ ਨੇ ਖੁਦ ਬਣਾਏ ਹਨ, ਛਪਾਉਣ ਦੀ ਵਿਉਂਤ ਰੱਖਦਾ ਹੈ। ਚਿੜੀਆਂ ਅਤੇ ਧੀਆਂ ਦੇ ਨਾਲ ਨਾਲ ਮਾਂ, ਭਗਤ ਪੂਰਨ ਸਿੰਘ ਅਤੇ ਭਾਈ ਕਨ੍ਹਈਏ ਬਾਰੇ ਸੀ.ਡੀ.ਜ਼ ਵੀ ਛੇਤੀ ਸਰੋਤਿਆਂ ਦੇ ਸਨਮੁੱਖ ਕਰਨ ਦਾ ਇੱਛੁਕ ਹੈ ਤਾਂ ਜੋ ਬੱਚਿਆਂ ਨੂੰ ਮਹਾਨ ਸ਼ਖ਼ਸੀਅਤਾਂ ਬਾਰੇ ਤਰੰਨੁਮ ਵਿਚ ਗਾ ਕੇ ਦੱਸ ਸਕੇ। 
    ਕਮਲਜੀਤ ਨੀਲੋਂ ਨੂੰ ਪ੍ਰਕਾਸ਼ਕਾਂ ਤੇ ਵੱਡਾ ਗਿਲਾ ਹੈ। ਇਸ ਬਾਰੇ ਗੱਲ ਕਰਦਿਆਂ ਉਹ ਉਹਨਾਂ ਵਪਾਰਕ ਸੋਚ ਵਾਲੇ ਪ੍ਰਕਾਸ਼ਕਾਂ  ਨੂੰ ਨਿਹੋਰਾ ਦਿੰਦਾ ਹੈ ਜਿਹੜੇ ਉਸ  ਕੋਲੋਂ ਵੀ ਕਈ ਵਾਰੀ ਕਿਤਾਬਾਂ ਛਾਪਣ ਲਈ  ਪੈਸੇ ਦੀ ਮੰਗ ਕਰਦੇ ਹਨ।  ਇਸ ਸਮੇਂ ਉਸ ਕੋਲ 12-13 ਬਾਲ ਸਾਹਿਤ ਖਰੜੇ ਅਣਛਪੀ ਹਾਲਤ ਵਿਚ ਪਏ ਹਨ ਪਰੰਤੂ ਬਾਲ ਸਾਹਿਤ ਨੂੰ ਘਾਟੇ ਵਾਲਾ ਸੌਦਾ ਸਮਝ ਕੇ ਪ੍ਰਕਾਸ਼ਕਾਂ ਵੱਲੋਂ ਇਹਨਾਂ ਨੂੰ ਹੱਥ ਨਾ ਪਾਉਣਾ ਉਹਦੀ ਚਿੰਤਾ ਵਧਾ ਦਿੰਦਾ ਹੈ। ਉਂਜ ਉਸ ਦਾ ਬਾਲ ਸਾਹਿਤ ਲਾਹੌਰੋਂ ਛਪਦੇ ਪੰਜਾਬੀ ਰਸਾਲੇ 'ਪਖੇਰੂ' ਵਿਚ ਅਕਸਰ ਛਪਦਾ ਰਹਿੰਦਾ ਹੈ। ਬਾਲ ਰਸਾਲੇ 'ਨਿੱਕੀਆਂ ਕਰੂੰਬਲਾਂ' ਨੇ ਵੀ ਉਹਦੇ ਲਿਖੇ ਅਤੇ ਗਾਏ ਬਾਲ ਗੀਤਾਂ ਦਾ ਵਿਸ਼ੇਸ਼ ਅੰਕ ਕੱਢਿਆ ਸੀ। ਉਹਦੀ ਇੱਛਾ ਹੈ ਕਿ ਪੰਜਾਬੀ ਵਿਚ ਬਾਲ ਸਾਹਿਤ ਲੇਖਕਾਂ ਦੀਆਂ ਪੁਸਤਕਾਂ ਨੂੰ ਛਾਪਣ ਲਈ ਪ੍ਰਕਾਸ਼ਕਾਂ ਨੂੰ ਖੁਲ੍ਹਦਿਲੀ ਵਿਖਾਉਣੀ ਚਾਹੀਦੀ ਹੈ ਤਾਂ ਜੋ ਲੱਖਾਂ ਪੰਜਾਬੀ ਬਾਲਾਂ ਦੇ ਹੱਥਾਂ ਵਿਚ ਮਿਆਰੀ ਬਾਲ ਸਾਹਿਤ ਪਹੁੰਚ ਸਕੇ ਅਤੇ ਭਾਸ਼ਾ ਦਾ ਹੋਰ ਪ੍ਰਚਾਰ ਪ੍ਰਸਾਰ ਹੋ ਸਕੇ।
    ਕਮਲਜੀਤ ਨੂੰ  ਦੇਸ਼ਾਂ ਵਿਦੇਸ਼ਾਂ ਵਿਚ ਅਨੇਕ ਸਨਮਾਨ  ਪ੍ਰਾਪਤ ਹੋ ਚੁੱਕੇ ਹਨ ਜਿਨ੍ਹਾਂ ਵਿਚ  ਭਾਸ਼ਾ ਵਿਭਾਗ, ਪੰਜਾਬ ਵੱਲੋਂ ਢਾਈ  ਲੱਖ ਰੁਪਏ ਦਾ 'ਸ਼੍ਰੋਮਣੀ ਪੰਜਾਬੀ  ਬਾਲ ਸਾਹਿਤ ਲੇਖਕ ਪੁਰਸਕਾਰ' ਵੀ ਸ਼ਾਮਲ ਹੈ। ਉਹ ਇਹਨੀਂ ਦਿਨੀਂ ਭਾਰਤ ਸੰਚਾਰ ਮਹਿਕਮੇ ਵਿਚ ਢੋਲੇਵਾਲ (ਲੁਧਿਆਣਾ) ਵਿਖੇ ਸਥਿਤ ਦਫ਼ਤਰ ਵਿਚ ਨੌਕਰੀ ਕਰ ਰਿਹਾ ਹੈ। ਭਾਵੇਂ ਲੁਧਿਆਣਾ ਸ਼ਹਿਰ ਵਿਚ ਨੌਕਰੀ ਕਰਦਿਆਂ ਉਸ ਨੂੰ ਵਰ੍ਹੇ ਹੋ ਗਏ ਹਨ ਪਰ ਸ਼ਹਿਰੀ ਚਕਾਚੌਂਧ ਕਾਰਨ ਉਸ ਨੇ ਆਪਣੇ ਪਿੰਡ ਨੀਲੋਂ ਨੂੰ ਅਲਵਿਦਾ ਨਹੀਂ ਆਖੀ ਤੇ ਰੋਜ਼ ਸਵੇਰ ਸ਼ਾਮ ਆਉਣ ਜਾਣ ਦਾ ਸਫ਼ਰ ਜਾਰੀ ਹੈ। ਉਹ ਪਿੰਡ ਵਿਖੇ ਹੀ ਆਪਣੇ ਮਾਤਾ ਜੀ, ਪਤਨੀ ਪਰਮਜੀਤ ਕੌਰ, ਬੇਟੀ ਮਹਿਕਪ੍ਰੀਤ ਤੇ ਬੇਟੇ ਕੰਵਰਕੁਲਜੋਤ ਸਿੰਘ ਨਾਲ ਰਹਿ ਰਿਹਾ ਹੈ। ਉਹ ਚਾਹੁੰਦਾ ਹੈ ਕਿ ਪੰਜਾਬੀ ਦੀ ਬਾਲ ਗਾਇਕੀ ਦੇਸ਼ ਵਿਦੇਸ਼ ਵਿਚ ਹੋਰ ਪ੍ਰਫੁੱਲਤ ਹੋਵੇ। ਸ਼ਾਲਾ! ਬੱਚਿਆਂ ਦੇ ਇਸ 'ਮਾਣੋ ਬਿੱਲੀ ਅੰਕਲ' ਦਾ ਸੁਪਨਾ ਸਾਕਾਰ ਹੋਵੇ।