ਚੇਤਿਆਂ ਦੀ ਚਿਲਮਨ - ਕਿਸ਼ਤ 2
(ਸਵੈ ਜੀਵਨੀ )
ਜਰਨੈਲ ਸਿੰਘ ਸੇਖਾ ਇਕ ਪ੍ਰੌੜ, ਸੰਜੀਦਾ ਅਤੇ ਬਹੁ-ਵਿਧਾਵੀ ਲੇਖਕ ਹਨ। ਉਨ੍ਹਾਂ ਨੇ ਆਪਣੀ ਜੀਵਨੀ ਬਹੁਤ ਹੀ ਰੌਚਕ ਢੰਗ ਨਾਲ ਲਿਖੀ ਹੈ ਜਿਸਦੀ ਪਹਿਲੀ ਕਿਸ਼ਤ ਪਾਠਕ ਪੜ੍ਹ ਚੁੱਕੇ ਹਨ। ਉਨ੍ਹਾਂ ਦੀ ਇਹ ਜੀਵਨੀ ਪੁਸਤਕ ਰੂਪ ਵਿਚ ਛਪ ਕੇ ਮਾਰਕਿਟ ਵਿਚ ਆ ਗਈ ਹੈ ਜਿਸਦਾ ਟਾਈਟਲ ਅਸੀਂ ਲਾਇਬਰੇਰੀ ਸੈਕਸ਼ਨ ਵਿਚ ਲਾਇਆ ਹੈ। ਉਮੀਦ ਹੈ ਪਾਠਕਾਂ ਨੂੰ ਇਹ ਜੀਵਨੀ ਬਹੁਤ ਪਸੰਦ ਆਵੇਗੀ।- ਸੰਪਾਦਕ
ਜਦੋਂ ਮੈਂ ਤੁਰਨਾ ਭੁੱਲਿਆ
ਮੇਰਾ ਚਚੇਰਾ ਭਰਾ ਦਰਸ਼ਨ ਸਿੰਘ ਟੁਰਾਂਟੋ ਰਹਿੰਦਿਆਂ ਨਵੰਬਰ ਵਿਚ ਅਕਾਲ ਚਲਾਣਾ ਕਰ ਗਿਆ ਸੀ ਅਤੇ ਉਸ ਦੀ ਪਤਨੀ 16 ਜਨਵਰੀ, 2010 ਨੂੰ ਉਸ ਦੇ ਫੁੱਲ ਲੈ ਕੇ ਇੰਡੀਆ ਆ ਰਹੀ ਸੀæ ਉਸ ਨੂੰ ਲੈਣ ਵਾਸਤੇ ਦਰਸ਼ਨ ਦਾ ਭਤੀਜਾ, ਵੈਨ ਲੈ ਕੇ ਅਮ੍ਰਿਤਸਰ ਹਵਾਈ ਅੱਡੇ 'ਤੇ ਗਿਆ ਹੋਇਅ ਸੀæ ਕਿਉਂਕਿ ਅਮ੍ਰਿਤਸਰ ਤੋਂ ਆਉਂਦਿਆਂ ਰਾਹ ਵਿਚ ਹੀ ਫੁੱਲ ਹਰੀ ਕੇ ਪੱਤਨ, ਦਰਿਆ ਸਤਲੁਜ ਤੇ ਬਿਆਸ ਦੇ ਸੰਗਮ 'ਚ ਜਲ-ਪਰਵਾਹ ਕਰਨੇ ਸਨ, ਇਸ ਲਈ ਅਸੀਂ, ਨਿਜਦੇ ਸਾਕ ਸਬੰਧੀ, ਅਗਾਊਂ, ਹਰੀ ਕੇ ਪੱਤਨ ਪਹੁੰਚ ਗਏ ਸੀæ ਫੁੱਲਾਂ ਦੀ ਉਡੀਕ ਵਿਚ ਮੈਂ ਚੈਲ-ਕਦਮੀ ਕਰਦਾ ਹੋਇਆ, ਪਾਰਕਿੰਗ ਲਾਟ ਵਿਚ ਆ ਕੇ ਜੁੜਵੀਆਂ ਨਹਿਰਾਂ ਵਿਚੋਂ ਡਿੱਗ ਰਹੇ ਪਾਣੀ ਦਾ ਨਜ਼ਾਰਾ ਦੇਖ ਰਿਹਾ ਸੀ ਕਿ ਮੇਰੇ ਕੋਲ ਆ ਕੇ ਇਕ ਵੈਨ ਠਹਿਰ ਗਈæ ਵੈਨ ਵਿਚੋਂ ਇਕ ਆਦਮੀ ਉਤਰਿਆ ਅਤੇ ਉਸ ਨੇ ਕਾਨੇ ਵਾਂਗ ਸੁੱਕੇ ਹੋਏ ਇਕ ਅੱਠ ਨੌ ਸਾਲ ਦੇ ਬੱਚੇ ਨੂੰ ਚੁੱਕ ਕੇ ਮੋਢੇ ਲਾ ਲਿਆæ ਖੱਦਰ ਦਾ ਝੋਲ਼ਾ ਲੈ ਕੇ ਨਾਲ ਹੀ ਇਕ ਔਰਤ ਵੈਨ ਵਿਚੋਂ ਬਾਹਰ ਆ ਗਈæ ਬੱਚੇ ਦੀ ਬਹੁਤ ਹੀ ਕਮਜ਼ੋਰ ਹਾਲਤ ਦੇਖ ਕੇ ਮੇਰੇ ਦਿਲ ਵਿਚ ਉਸ ਲਈ ਤਰਸ ਦੀ ਭਾਵਨਾ ਪੈਦਾ ਹੋਈ ਅਤੇ ਮੈਂ ਉਤਸਕਤਾ ਵੱਸ ਉਹਨਾਂ ਕੋਲੋਂ ਪੁੱਛ ਲਿਆ, "ਬੱਚੇ ਨੂੰ ਕੀ ਤਕਲੀਫ ਹੈ?"
"ਇਹਦੇ 'ਤੇ ਮਾਤਾ ਰਾਣੀ ਦੀ ਕ੍ਰਿਪਾ ਹੋ ਗਈ ਸੀ|" ਬੰਦੇ ਦੇ ਬੋਲਣ ਤੋਂ ਪਹਿਲਾਂ ਹੀ ਬੱਚੇ ਦੀ ਮਾਂ ਨੇ ਜਵਾਬ ਦਿੱਤਾæ
"ਮੈਂ ਸਮਝਿਆ ਨਹੀਂ?" ਮੈਂ ਫਿਰ ਮੁੰਡੇ ਦੇ ਬਾਪ ਨੂੰ ਮੁਖਾਤਬ ਹੋਇਆæ
"ਇਸ ਨੂੰ ਮਾਤਾ ਨਿਕਲ ਆਈ ਸੀæ ਦੋ ਢਾਈ ਮਹੀਨੇ ਰੁਝਿਆ ਰਿਹਾæ ਹੁਣ ਠੀਕ ਐ|" ਉਸ ਬੰਦੇ ਨੇ ਕਿਹਾæ
"ਹੁਣ ਇੱਥੇ ਇਸ ਨੂੰ ਇਸ਼ਨਾਨ ਕਰਵਾਉਣ ਲਿਆਏ ਹੋਵੋਗੇ?" ਮੈਂ ਉਤਸੁਕਤਾ ਵੱਸ ਪੁੱਛਿਆæ
"ਅਸੀਂ ਮਾਤਾ ਦੇ ਦਰਬਾਰ ਸੁੱਖ ਲਾਹੁਣ ਚੱਲੇ ਆਂ, ਸੋਚਿਆ ਏਥੇ ਵੀ ਮੱਥਾ ਟਿਕਵਾ ਲੈ ਜਾਈਏ|" ਮੁੰਡੇ ਦੀ ਮਾਂ ਨੇ ਕਿਹਾæ
ਉਹ ਦਰਿਆ ਕੰਢੇ ਬਣੇ ਗੁਰਦਵਾਰੇ ਵੱਲ ਤੁਰ ਗਏæ ਉਹਨਾਂ ਦੀ ਆਸਥਾ ਨੂੰ ਦੇਖ, ਮੈਂ ਸੋਚਿਆ, 'ਸਮਾਂ ਗੱਡੇ ਤੋਂ ਤੁਰ ਕੇ ਰਾਕਟ ਤਕ ਚਲਾ ਗਿਆ ਪਰ ਸਾਡੀ ਅੰਧਵਿਸ਼ਵਾਸੀ ਮਾਨਸਿਕਤਾ ਅਜੇ ਵੀ ਉੱਥੇ ਦੀ ਉੱਥੇ ਹੀ ਖੜ੍ਹੀ ਹੈ|' ਫਿਰ ਮੈਨੂੰ ਖਿਆਲ ਆਇਆ ਕਿ 'ਅੱਜ ਮੈਂ ਇਸ ਥਾਂ 'ਤੇ ਕਿਉਂ ਆਇਆ ਹਾਂ ਤੇ ਇੱਥੇ ਖੜ੍ਹਾ ਕੀ ਕਰ ਰਿਹਾ ਹਾਂ? ਮੈਂ ਆਪ ਕਿੰਨਾ ਕੁ ਆਪਣੇ ਸੰਸਕਾਰਾਂ ਤੋਂ ਖਹਿੜਾ ਛੁਡਾ ਸਕਿਆ ਹਾਂ|' ਫਿਰ ਮੈਂ ਆਪਣੇ ਆਪ ਨੂੰ ਉਚਿੱਤ ਠਹਿਰਾਉਣ ਲਈ ਆਪ ਹੀ ਦਲੀਲਾਂ ਘੜਨ ਲੱਗਾ, 'ਸੰਸਕਾਰ, ਵਿਸ਼ਵਾਸ ਤੇ ਅੰਧਵਿਸ਼ਵਾਸ ਇਕ ਨਹੀਂ ਹੁੰਦੇ ਤੇ ਮੈਂ ਅੰਧਵਿਸ਼ਵਾਸਾਂ ਤੋਂ ਬਹੁਤ ਪਹਿਲਾਂ ਦਾ ਖਹਿੜਾ ਛੁਡਾ ਚੁੱਕਿਆ ਹਾਂ|' 'ਕੇ ਥੋਥੀਆਂ ਰੀਤਾਂ, ਰਸਮਾਂ ਤੇ ਰਿਵਾਜ਼ਾਂ ਤੋਂ ਵੀ ਖਹਿੜਾ ਛੁੱਟਿਆ ਹੈ?' ਮੇਰੇ ਅੰਦਰੋਂ ਹੀ ਅਵਾਜ਼ ਆਈæ ਮੈਂ ਸੋਚਿਆ ਕਿ 'ਇਸ ਮਸਾਜ ਵਿਚ ਰਹਿੰਦਿਆਂ ਪਤਾ ਨਹੀਂ ਮੈਂ ਇਨ੍ਹਾਂ ਤੋਂ ਖਹਿੜਾ ਛਡਾਉਣ ਦੀ ਹਿੰਮਤ ਜੁਟਾ ਵੀ ਸਕਾਂਗਾ ਕਿ ਨਹੀਂ|' ਕਿਹੜੇ ਰਸਮ ਰਿਵਾਜ਼ ਚੰਗੇ ਤੇ ਕਿਹੜੇ ਮਾੜੇ ਹਨ, ਬਾਰੇ ਮੈਂ ਸੋਚਾਂ ਰਿਹਾ ਸੀ ਕਿ ਦਰਸ਼ਨ ਦੇ ਫੁੱਲਾਂ ਵਾਲੀ ਵੈਨ ਉੱਥੇ ਪਹੁੰਚ ਗਈ ਤੇ ਮੇਰਾ ਇਨ੍ਹਾਂ ਸੋਚਾਂ ਤੋਂ ਖਹਿੜਾ ਛੁੱਟ ਗਿਆæ ਪਰ ਉਸ ਬਿਮਾਰ ਮੁੰਡੇ ਦੀ ਸ਼ਕਲ ਮੇਰੀਆਂ ਅੱਖਾਂ ਅੱਗੇ ਹੀ ਘੁੰਮ ਰਹੀ ਸੀæ ਕਿਉਂਕਿ ਅੱਜ ਤੋਂ 65 ਸਾਲ ਪਹਿਲਾਂ, ਜਦੋਂ ਮੈਂ ਇਸ ਮੁੰਡੇ ਦੀ ਉਮਰ ਵਿਚ ਸੀ ਤਾਂ ਮੇਰੇ ਨਾਲ ਵੀ ਇਹੋ ਕੁਝ ਵਾਪਰਿਆਂ ਸੀæ
ਪਹਿਲੀ ਦੂਜੀ ਵਿਚ ਪੜ੍ਹਦੇ ਸਮੇਂ ਦੀ ਮੈਨੂੰ ਕੋਈ ਵੀ ਘਟਨਾ ਯਾਦ ਨਹੀਂ ਪਰ ਉਹ ਸਮਾਂ ਜਰੂਰ ਯਾਦ ਹੈ ਜਦੋਂ ਮੈਂ ਤੀਸਰੀ ਜਮਾਤ ਵਿਚ ਪੜ੍ਹਦਾ ਸੀ ਅਤੇ ਮੈਨੂੰ ਟਾਈਫਾਈਡ ਬੁਖਾਰ ਨੇ ਦਬੋਚ ਲਿਆ ਸੀæ
ਮੇਰੀਆਂ ਅੱਖਾਂ ਸਾਹਮਣੇ ਉਹ ਦ੍ਰਿਸ਼ ਅੱਜ ਵੀ ਸਾਕਾਰ ਹੋ ਜਾਂਦਾ ਹੈæ ਉਸ ਸਮੇਂ ਮੇਰੀ ਉਮਰ ਅੱਠ ਸਾਲ ਦੀ ਸੀæ ਇਕ ਦਿਨ ਮੈਂ ਸਕੂਲ ਵਿਚੋਂ ਹੌਲ਼ੀ ਹੌਲ਼ੀ ਤੁਰ ਕੇ ਆਇਆ, ਜਿਵੇਂ ਬਹੁਤ ਹੀ ਥੱਕਿਆ ਹੋਇਆ ਹੋਵਾਂæ ਮੇਰੀਆਂ ਅੱਖਾਂ ਵਿਚੋਂ ਸੇਕ ਜਿਹਾ ਨਿਕਲ ਰਿਹਾ ਸੀæ ਮੈਂ ਘਰ ਆਉਂਦਾ ਹੀ ਫੱਟੀ ਬਸਤਾ ਇਕ ਪਾਸੇ ਸੁੱਟਿਆ ਅਤੇ ਇਕ ਟੁੱਟੀ ਜਿਹੀ ਮੰਜੀ ਉਪਰ ਲੇਟ ਗਿਆæ ਮੇਰੀ ਵੱਡੀ ਭੈਣ ਪੀੜ੍ਹੀ 'ਤੇ ਬੈਠੀ ਚਾਦਰ ਉਪਰ ਕਢਾਈ ਕਰ ਰਹੀ ਸੀæ ਉਹ ਭੱਜ ਕੇ ਮੇਰੇ ਕੋਲ ਆਈæ ਮੇਰਾ ਲਾਲ ਸੂਹਾ ਚਿਹਰਾ ਦੇਖ ਕੇ ਉਸ ਮੇਰੇ ਮੱਥੇ ਨੂੰ ਹੱਥ ਲਾਇਆ ਤੇ ਘਬਰਾਹਟ ਵਿਚ ਬੋਲੀ, "ਤੈਨੂੰ ਤਾਂ ਤਾਪ ਚੜ੍ਹਿਆ ਹੋਇਐ|"
ਫਿਰ ਉਸ ਨੇ ਮੇਰੀ ਮਾਂ ਨੂੰ ਅਵਾਜ਼ ਮਾਰੀ, "ਬੇਬੇ, ਆਈਂ ਦੇਖੀਂ, ਜਰਨੈਲ ਨੂੰ ਤਾਂ ਬਲਾਈ ਬਹੁਤਾ ਤਾਪ ਚੜ੍ਹਿਆ ਹੋਇਐ|" ਇਹ ਕਹਿ ਕੇ ਉਹ ਮੇਰੇ ਲਈ ਪਾਣੀ ਲੈਣ ਚਲੀ ਗਈæ
ਮਾਂ ਮੱਝ ਨੂੰ ਗੁਤਾਵਾ ਰਲ਼ਾ ਰਹੀ ਸੀæ ਉਹ ਕੁਝ ਚਿਰ ਠਹਿਰ ਕੇ ਆਈæ ਉਸ ਨੇ ਵੀ ਮੇਰੇ ਮੱਥੇ ਨੂੰ ਛੁਹ ਕੇ ਦੇਖਿਆ ਅਤੇ ਖਿਝਦੀ ਹੋਈ ਬੋਲੀ, "ਹੋਰ ਸਿਆਪੇ ਮੁਕਦੇ ਨਹੀਂ, ਉੱਤੋਂ ਇਹ ਤਾਪ ਚੜ੍ਹਾ ਕੇ ਆ ਗਿਐ|"
ਅਸੀਂ ਉਸ ਸਮੇਂ ਅੱਠ ਭੈਣ ਭਰਾ ਸੀ ਅਤੇ ਕਿਸੇ ਨਾ ਕਿਸੇ ਦੀ ਕੋਈ ਨਾ ਕੋਈ ਚੂਲ਼ ਵਿੰਗੀ ਹੋਈ ਹੀ ਰਹਿੰਦੀ ਸੀæ ਮਾਂ ਨੂੰ ਸਾਡੀ ਸਾਂਭ ਸੰਭਾਲ ਦੇ ਨਾਲ ਘਰ ਦਾ ਸਾਰਾ ਕੰਮ ਧੰਦਾ ਵੀ ਕਰਨਾ ਪੈਂਦਾ ਸੀæ ਉਸ ਨੂੰ ਕਦੀ ਵੀ ਅਰਾਮ ਕਰਨ ਦਾ ਸਮਾਂ ਨਹੀਂ ਸੀ ਮਿਲਿਆæ ਉਹ ਸਦਾ ਖਿਝੀ ਖਿਝੀ ਰਹਿੰਦੀæ ਮਾਂ ਮੇਰੇ ਕੋਲੋਂ ਉਠ ਕੇ ਕਮਰੇ ਅੰਦਰ ਗਈ ਅਤੇ ਆਪਣੀ ਚੁੰਨੀ ਦੇ ਲੜ ਵਿਚ ਕੁਝ ਦਾਣੇ ਲੈ ਕੇ ਹੱਟੀ ਤੋਂ ਕੋਈ ਦੁਸ਼ਾਂਦਾ ਜਿਹਾ ਲੈ ਆਈ ਅਤੇ ਉਸ ਨੂੰ ਉਬਾਲ ਕੇ ਕਾਲੇ ਜਿਹੇ ਕਾਹੜੇ ਦੀ ਬਾਟੀ ਭਰ ਕੇ ਮੈਨੂੰ ਪੀਣ ਲਈ ਦੇ ਦਿੱਤਾæ ਉਸ ਦਾ ਸਵਾਦ ਕੁਝ ਕੌੜਾ ਅਤੇ ਬਕਬਕਾ ਜਿਹਾ ਸੀ ਪਰ ਮੈਂ ਮਾਂ ਦੀ ਘੂਰ ਤੋਂ ਡਰਦਿਆਂ ਅੱਖਾਂ ਮੀਚ ਕੇ ਪੀ ਲਿਆæ ਮਾਂ ਦੇ ਦਸਣ ਅਨੁਸਾਰ ਉਸ ਸਮੇਂ ਕਿਸੇ ਕਿਸੇ ਪਿੰਡ ਵਿਚ ਹੀ ਕੋਈ ਵੈਦ ਹਕੀਮ ਹੁੰਦਾ ਸੀæ ਆਮ ਪਰਚੂਨ ਦੀ ਵਿਕਰੀ ਵਾਲੇ ਦੁਕਾਨਦਾਰ ਹੀ ਕੋਈ ਨਿੱਕੀ ਮੋਟੀ ਦੇਸੀ ਦਵਾਈ ਜਾਂ ਕਾੜ੍ਹੇ, ਜੁਸ਼ਾਂਦੇ ਰੱਖਦੇ ਸਨæ ਜਿਸ ਨੂੰ ਲਿਆਂ ਆਮ ਬੁਖਾਰ ਉਤਰ ਜਾਂਦਾ ਸੀæ ਮੈਂ ਦੋ ਦਿਨ ਉਸੇ ਹਾਲਤ ਵਿਚ ਮੰਜੀ ਉਪਰ ਪਿਆ, ਆਥਣ ਸਵੇਰ ਕਾਹੜੇ ਪੀਂਦਾ ਰਿਹਾ ਪਰ ਮੇਰਾ ਬੁਖਾਰ ਨਹੀਂ ਸੀ ਉਤਰਿਆæ ਤੀਸਰੇ ਦਿਨ ਮਾਂ ਨੇ ਖੇਤ ਨੂੰ ਜਾ ਰਹੇ ਮੇਰੇ ਬਾਪ ਨੂੰ ਸਾਹੋ ਵਾਲੇ ਹਕੀਮ, ਤਿਲਕ ਰਾਮ ਤੋਂ ਦੁਆਈ ਲਿਆਉਣ ਦੀ ਤਾਕੀਦ ਕੀਤੀæ ਮੇਰੇ ਬਾਪ ਨੇ ਆਪਣਾ ਕੰਮ ਧੰਦਾ ਨਬੇੜ ਕੇ ਦੁਪਹਿਰ ਤੋਂ ਬਾਅਦ ਦਵਾਈ ਲੈਣ ਜਾਣਾ ਸੀæ ਮੇਰਾ ਬਾਪ ਅਜੇ ਖੇਤੋਂ ਵਾਪਸ ਨਹੀਂ ਮੁੜਿਆ ਸੀ ਕਿ ਸਾਡੇ ਘਰਾਂ 'ਚੋਂ ਮੇਰੀ ਦਾਦੀ ਦੇ ਥਾਂ ਲਗਦੀ ਇਕ ਬੁੜ੍ਹੀ ਕਿਸੇ ਕੰਮ ਮੇਰੀ ਮਾਂ ਕੋਲ ਆਈæ ਮੈਨੂੰ ਮੰਜੀ 'ਤੇ ਪਿਆ ਦੇਖ ਕੇ ਉਸ ਮਾਂ ਕੋਲੋਂ ਪੁੱਛਿਆ, "ਕੁੜੇ ਪਰਤਾਪੀ, ਇਹ ਮੁੰਡਾ ਕਿਉਂ ਗੁੱਛਾ ਮੁੱਛਾ ਜਿਹਾ ਹੋਇਆ ਪਿਐ, ਮੰਜੀ 'ਤੇ?"
"ਬੇਬੇ ਜੀ, ਇਸ ਨੂੰ ਪਰਸੋਂ ਦਾ ਤਾਪ ਚੜ੍ਹਿਆ ਹੋਇਐ, ਉਤਰਨ ਦਾ ਨਾਂ ਈ ਨਈਂ ਲੈਂਦਾ| ਮੈਂ ਤਾਂ ਧੂਤੇ ਮ੍ਹਾਜਨ ਤੋਂ ਲਿਆਂਦੀ ਦੁਆਈ ਦੇਈ ਜਾਨੀ ਆਂ ਏਸ ਨੂੰ|" ਮਾਂ ਨੇ ਉਸ ਦੇ ਪੈਰੀਂ ਹੱਥ ਲਾਉਂਦਿਆਂ ਕਿਹਾæ
"ਬੁੱਢ ਸੁਹਗਾਣ ਹੋਵੇਂ, ਤੇਰੇ ਬੱਚੇ ਜਿਉਣ, ਦੁਧੀਂ ਪੁੱਤੀ ਨਾਹਵੇਂ|" ਉਹ ਮਾਂ ਨੂੰ ਅਸੀਸਾਂ ਦਿੰਦੀ ਹੋਈ ਮੇਰੇ ਕੋਲ ਆਈæ ਪਹਿਲਾਂ ਉਸ ਮੇਰੇ ਮੱਥੇ ਨੂੰ ਹੱਥ ਲਾ ਕੇ ਮੇਰੇ ਚਿਹਰੇ ਨੂੰ ਧਿਆਨ ਨਾਲ ਦੇਖਿਆ ਤੇ ਫਿਰ ਮੇਰੇ ਉਪਰੋਂ ਮੈਲ਼ੀ ਜਿਹੀ ਚਾਦਰ ਪਾਸੇ ਹਟਾ, ਢਿੱਡ ਤੋਂ ਝੱਗਾ ਚੁੱਕ ਕੇ ਦੇਖਿਆ ਤੇ ਮੇਰੀ ਮਾਂ ਨੂੰ ਕਿਹਾ, "ਕੁੜੇ, ਤੂੰ ਸਿਆਣੀ ਬਿਆਣੀ ਐਂ, ਦੇਖ ਤਾਂ ਸਹੀ, ਮੁੰਡੇ 'ਤੇ ਤਾਂ ਮਾਤਾ ਰਾਣੀ ਨੇ ਛਾਂ ਕੀਤੀ ਹੋਈ ਐ|"
ਮੇਰੀ ਮਾਂ ਨੇ ਧਿਆਨ ਨਾਲ ਦੇਖਿਆ ਤਾਂ ਉਸ ਨੂੰ ਵੀ ਮੇਰੇ ਪਿੰਡੇ ਉਪਰ ਬਹੁਤ ਹੀ ਮਹੀਨ ਜਿਹੇ ਦਾਣੇ ਦਿਸ ਆਏæ ਦਾਦੀ ਨੇ ਮਾਂ ਨੂੰ ਤਾਕੀਦ ਕੀਤੀ, "ਆਹ ਦੇਖ, ਫੁੱਲ ਮਾਤਾ ਦਿਸ ਆਈ ਐæ ਹੁਣ ਮੁੰਡੇ ਨੂੰ ਕੋਈ ਦਵਾਈ ਨਾਂ ਦੇਈਂæ ਕਿਸੇ ਦੁਆਈ ਨੇ ਕਾਟ ਨਈਂ ਕਰਨੀæ ਜੇ ਦੁਆਈ ਦਿੱਤੀ ਵੀ ਤਾਂ ਮਾਤਾ ਰਾਣੀ ਕ੍ਰੋਪ ਹੋ ਕੇ ਮੁੰਡੇ ਦਾ ਕੋਈ ਅੰਗ ਭੰਗ ਕਰ ਸਕਦੀ ਐ|"
ਫਿਰ ਮਾਂ ਨੇ ਉਹੋ ਮੰਜੀ ਚੁੱਕ ਕੇ ਕੋਠੇ ਅੰਦਰ ਇਕ ਨਿੱਕੇ ਜਿਹੇ ਕਾਲ਼ੇ ਸੰਦੂਕ ਕੋਲ ਡਾਹ ਦਿੱਤੀæ ਹੇਠ ਇਕ ਘਸਮੈਲੀ ਜਿਹੀ ਜੁੱਲੀ ਵਛਾ ਕੇ ਉਪਰ ਮੈਨੂੰ ਪਾ ਦਿੱਤਾæ ਸਰਹਾਣੇ ਕੋਲ ਮੰਜੀ ਦੇ ਸੰਘੇ ਨਾਲ ਸਤਨਾਜਾ ਬੱਨ੍ਹ ਦਿੱਤਾ ਤੇ ਕੋਲ ਹੀ ਲੋਹੇ ਦਾ ਇਕ ਟੁਕੜਾ ਰੱਖ ਦਿੱਤਾæ ਕੋਲ ਹੀ ਪਾਵੇ ਨਾਲ ਇਕ ਪਾਣੀ ਦੀ ਘੜਵੀ ਰੱਖ ਦਿੱਤੀæ ਬਾਹਰੋਂ ਨਿੰਮ ਤੋਂ ਇਕ ਹਰੀ ਟਾਹਣੀ ਲਿਆ ਕੇ ਮੰਜੀ ਉਪਰ ਬਾਹੀ ਨਾਲ ਪਾ ਦਿੱਤੀæ ਇਹ ਸਭ ਮਾਤਾ ਰਾਣੀ ਦੀ ਰੱਖ ਲਈ ਕੀਤਾ ਗਿਆ ਸੀæ ਬਾਹਰ, ਬੂਹੇ ਉਪਰ ਨਿੰਮ ਦੀਆਂ ਟਾਹਣੀਆਂ ਦਾ ਇਕ ਗੁੱਛਾ ਲਟਕਾ ਦਿੱਤਾ ਗਿਆæ ਇਹ ਇਕ ਕਿਸਮ ਦਾ ਸੰਕੇਤ ਸੀ ਕਿ ਇਸ ਘਰ ਵਿਚ ਕਿਸੇ ਮੁੰਡੇ ਦੇ ਮਾਤਾ ਨਿਕਲ ਆਈ ਹੈæ ਹੁਣ ਇਸ ਘਰ ਵਿਚ ਕੋਈ ਬਿਗਾਨੀ ਔਰਤ ਨਹੀਂ ਸੀ ਆ ਸਕਦੀ ਅਤੇ ਨਾ ਹੀ ਕੋਈ ਔਰਤ ਬਾਹਰ ਉੱਚੀ ਅਵਾਜ਼ ਵਿਚ ਬੋਲ ਸਕਦੀ ਸੀæ ਪਿੰਡਾਂ ਵਿਚ ਇਸ ਤਰ੍ਹਾਂ ਦੇ ਕਈ ਅਣਐਲਾਨੇ ਕਾਨੂੰਨ ਬਣੇ ਹੋਏ ਹੁੰਦੇ, ਜਿਨ੍ਹਾਂ ਉਪਰ ਪਿੰਡ ਦੀਆਂ ਔਰਤਾਂ ਅਮਲ ਕਰਦੀਆਂæ
ਇਹ ਟਾਈਫਾਈਡ (ਮਿਆਦੀ) ਬੁਖਾਰ ਸੀ ਜਿਸ ਨੂੰ ਫੁੱਲ ਮਾਤਾ ਦਾ ਨਾਮ ਦੇ ਦਿੱਤਾ ਗਿਆ ਸੀæ ਹੁਣ ਮੈਂ ਇਸ ਕੱਚੇ ਕੋਠੇ ਦਾ ਪੱਕਾ ਹੀ ਵਸਨੀਕ ਬਣ ਗਿਆ ਸੀæ ਕੋਠੇ ਅੰਦਰ ਨਿੱਕੇ ਜਿਹੇ ਕਾਲੇ ਸੰਦੂਕ ਤੋਂ ਬਿਨਾਂ ਉੱਥੇ ਦੋ ਕੱਚੇ ਭੜੋਲੇ ਵੀ ਬਣੇ ਹੋਏ ਸੀ, ਜਿਨ੍ਹਾਂ ਵਿਚ ਦਾਣੇ ਪਾਏ ਜਾਂਦੇ ਸਨæ ਭੜੋਲਿਆਂ ਕੋਲ ਕਦੀ ਕਦੀ ਇਕ ਕਪਾਹ ਦੀ ਛੋਟੀ ਜਿਹੀ ਢੇਰੀ ਬਣ ਜਾਂਦੀæ ਕੁਝ ਸਮਾਂ ਉਹ ਉੱਥੇ ਪਈ ਰਹਿੰਦੀ ਤੇ ਫਿਰ ਪਤਾ ਨਹੀਂ ਕਿਧਰ ਗਾਇਬ ਹੋ ਜਾਂਦੀæ ਇਕ ਖੂੰਜੇ ਵਿਚ ਕਹੀਆਂ, ਰੰਬੇ, ਸੰਲ੍ਹਘਾਂ, ਤੰਗਲੀਆਂ ਤੇ ਹੋਰ ਖੇਤੀ ਦੇ ਕੰਮ ਆਉਣ ਵਾਲਾ ਨਿਕ ਸੁਕ ਪਿਆ ਰਹਿੰਦਾæ ਮੇਰੇ ਨੇੜ ਹੀ ਇਕ ਹੋਰ ਮੰਜਾ ਡੱਠਾ ਹੋਇਆ ਸੀ ਜਿਸ ਉਪਰ ਦਰੀਆਂ ਵਛਾਉਣੇ ਪਏ ਰਹਿੰਦੇæ ਜਦੋਂ ਮੈਂ ਅੰਦਰ ਪਿਆ ਇਨ੍ਹਾਂ ਚੀਜ਼ਾਂ ਨੂੰ ਦੇਖਣੋ ਅੱਕ ਜਾਂਦਾ ਤਾਂ ਛੱਤ ਉਪਰਲੇ ਇੱਟਾਂ ਬਾਲਿਆਂ ਨੂੰ ਗਿਣਨ ਲੱਗ ਜਾਂਦਾæ
ਇਹ ਕੋਠਾ ਪਹਿਲਾਂ ਸਾਂਝੇ ਘਰ ਵੇਲ਼ੇ ਤੂੜੀ ਪਾਉਣ ਵਾਸਤੇ ਛੱਤਿਆ ਗਿਆ ਸੀæ ਇਕ ਪੱਕਾ ਥਮਲਾ ਵਿਚਕਾਰ ਤੇ ਦੋ ਪਾਸੀਂ ਪੱਕੇ ਥਮਲੇ ਕੱਢ ਕੇ ਥਮਲਿਆਂ ਉਪਰ ਅਠਾਰਾਂ ਫੁੱਟੀਆਂ ਦੋ ਗਾਰਡਰਾਂ ਰੱਖੀਆਂ ਗਈ ਸਨæ ਦੋ ਥਮਲੇ ਤਾਂ ਕੱਚੀਆਂ ਕੰਧਾਂ ਵਿਚਕਾਰ ਹੀ ਆ ਗਏ ਸਨ ਅਤੇ ਅਗਲੀਆਂ ਪਿਛਲੀਆਂ ਕੰਧਾਂ ਵੀ ਕੱਚੀਆਂ ਹੀ ਸਨæ ਗਾਰਡਰਾਂ ਉਪਰ ਆਹਮੋ ਸਾਹਮਣੇ ਅੱਠ ਅੱਠ ਫੁੱਟੀਆਂ ਸ਼ਤੀਰੀਆਂ ਪਾ ਕੇ ਬਾਲੇ ਟੈਲਾਂ ਦੀ ਛੱਤ ਪਾਈ ਹੋਈ ਸੀæ ਕੋਠੇ ਦੇ ਦੋ ਬੂਹੇ ਤਾਂ ਰੱਖੇ ਗਏ ਸਨ ਪਰ ਉਸ ਵਿਚ ਬਾਰੀ ਝਰੋਖਾ ਕੋਈ ਨਹੀਂ ਸੀæ ਪਹਿਲਾਂ ਇਸ ਕੋਠੇ ਨੂੰ ਦਲਾਣ ਕਿਹਾ ਜਾਂਦਾ ਸੀæ ਜਦੋਂ ਮੇਰਾ ਬਾਪ ਭਰਾਵਾਂ ਨਾਲੋਂ ਅੱਡ ਹੋਇਆ ਤਾਂ ਇਹੋ ਦਲਾਣ ਸਾਡੇ ਹਿੱਸੇ ਆਇਆ ਸੀæ ਮੇਰੇ ਬਾਪ ਨੇ ਇਸ ਤੂੜੀ ਵਾਲ਼ੇ ਦਲਾਣ ਵਿਚਕਾਰ ਇਕ ਕੱਚੀ ਕੰਧ ਕੱਢ ਦਿੱਤੀ ਅਤੇ ਇਸ ਦੇ, 16ਣ18 ਦੇ ਦੋ ਕਮਰੇ ਬਣ ਗਏæ ਇਕ ਕਮਰੇ ਵਿਚ ਤੂੜੀ ਤੇ ਪਸ਼ੂ ਹੁੰਦੇ ਅਤੇ ਇਕ ਕਮਰੇ ਵਿਚ ਪਰਵਾਰ ਦੀ ਰਹਾਇਸ਼æ ਇਸ ਰਹਾਇਸ਼ ਵਾਲੇ ਕਮਰੇ ਵਿਚ ਮੇਰੀ ਮੰਜੀ ਡੱਠੀ ਹੋਈ ਸੀæ ਉਂਜ ਅੱਡ ਹੋਣ 'ਤੇ, ਵੱਡੇ ਪਰਵਾਰ ਦੇ ਜੂਨ ਗੁਜ਼ਾਰੇ ਲਈ, ਮੇਰੇ ਬਾਪ ਨੇ ਦੋ ਮੰਜਿਆ ਦੇ ਡਹਿਣ ਜੋਗੀ ਇਕ ਹੋਰ ਕੋਠੜੀ ਵੀ ਛੱਤ ਲਈ ਸੀ ਅਤੇ ਨਾਲ ਲਗਦਾ ਇਕ ਵਰਾਂਡਾ ਵੀ ਬਣਾ ਲਿਆ ਜਿਹੜਾ ਰਸੋਈ ਦੇ ਕੰਮ ਆਉਂਦਾ ਸੀæ
ਇਸ ਕਮਰੇ ਵਿਚ ਕੋਈ ਬਾਰੀ ਝਰੋਖਾ ਤਾਂ ਹੈ ਨਹੀਂ ਸੀæ ਜਦੋਂ ਹਨੇਰੇ ਵਿਚ ਪਿਆ ਪਿਆ ਬਾਲੇ ਗਿਣਨੋ ਵੀ ਅੱਕ ਥੱਕ ਜਾਂਦਾ ਤਾਂ ਮੈਂ ਚੀਕ ਜਿਹੀ ਮਾਰਦਾæ ਮੇਰੀ ਅਵਾਜ਼ ਸੁਣ ਕੇ ਮੇਰੀ ਛੋਟੀ ਜਾਂ ਵੱਡੀ ਭੈਣ ਮੇਰੇ ਕੋਲ ਆ ਜਾਂਦੀæ ਮੈਂ ਬਾਹਰ ਜਾਣ ਦੀ ਜਿੱਦ ਕਰਦਾ ਪਰ ਉਹ ਮੈਨੂੰ ਕਮਰੇ ਤੋਂ ਬਾਹਰ ਨਹੀਂ ਸੀ ਲੈ ਜਾ ਸਕਦੀਆਂæ ਇਹ ਮੇਰੀ ਮਾਂ ਦੀ ਸਖਤ ਹਦਾਇਤ ਸੀ, 'ਮੁੰਡੇ ਨੂੰ ਬਾਹਰ ਨਹੀਂ ਕੱਢਣਾæ ਮਾਤਾ ਰਾਣੀ ਕ੍ਰੋਪ ਹੋਜੂਗੀ|"
ਮਾਤਾ ਰਾਣੀ ਦੀ ਕ੍ਰੋਪੀ ਤੋਂ ਉਹ ਵੀ ਡਰਦੀਆਂ ਸਨæ ਇਸ ਲਈ ਉਹ ਮੈਨੂੰ ਕਮਰੇ ਤੋਂ ਬਾਹਰ ਨਹੀਂ ਸੀ ਲੈ ਕੇ ਜਾਂਦੀਆਂæ ਦੋਹਾਂ ਭੈਣਾਂ ਵਿਚੋਂ ਕੋਈ ਇਕ ਮੇਰੇ ਕੋਲ ਆ ਕੈ ਬੈਠ ਜਾਂਦੀæ ਜਾਂ ਵੱਡੀ ਭੈਣ ਜਿਹੜੀ ਕਿ ਉਸ ਸਮੇਂ ਸੋਲਾਂ ਸਾਲਾ ਦੀ ਸੀ, ਮੈਨੂੰ ਚੁੱਕ ਕੇ ਕਮਰੇ ਅੰਦਰ ਹੀ ਗੇੜਾ ਜਿਹਾ ਕਢਵਾ ਦਿੰਦੀæ ਮੇਰੀ ਮਾਂ ਨੇ ਕੁੜੀਆਂ ਨੂੰ ਇਕ ਹੋਰ ਵੀ ਹਦਾਇਤ ਕੀਤੀ ਹੋਈ ਸੀ ਕਿ ਮੇਰੇ ਭਰਾਵਾਂ ਨੂੰ ਮੇਰੇ ਕੋਲ ਨਹੀਂ ਆਉਣ ਦੇਣਾæ ਮੇਰੇ ਦੋ ਭਰਾ ਮੈਥੋਂ ਵੱਡੇ ਸਨ ਅਤੇ ਦੋ ਛੋਟੇæ ਉਹਨਾਂ ਉਪਰ ਮਾਤਾ ਦਾ ਪ੍ਰਛਾਵਾਂ ਪੈ ਜਾਣ ਦਾ ਡਰ ਸੀæ ਪਰ ਮੈਨੂੰ ਇਹ ਸਮਝ ਨਹੀਂ ਸੀ ਆਈ ਕਿ ਮਾਂ ਨੇ ਮੇਰੀਆਂ ਇਨ੍ਹਾਂ ਭੈਣਾਂ ਉਪਰ ਮਾਤਾ ਦੇ ਪਰਛਾਵੇਂ ਦਾ ਡਰ ਕਿਉਂ ਨਹੀਂ ਸੀ ਦਰਸਾਇਆæ ਮੈਨੂੰ ਯਾਦ ਹੈ ਕਿ ਕੁਝ ਸਮੇਂ ਬਾਅਦ ਮੇਰੇ ਛੋਟੇ ਭਰਾ, ਹਰਚੰਦ ਸਿੰਘ ਨੂੰ ਵੀ ਇਸੇ ਤਰ੍ਹਾਂ ਹੀ ਟਾਈਫਾਈਡ ਹੋ ਗਿਆ ਸੀ ਤੇ ਉਸ ਨਾਲ ਵੀ ਉਹੋ ਕਰਮ ਦੁਹਰਾਇਆ ਗਿਆ ਸੀæ
ਹੁਣ ਇਹ ਗੱਲ ਯਾਦ ਨਹੀਂ ਕਿ ਮੈਨੂੰ ਖਾਣ ਪੀਣ ਲਈ ਕੀ ਦਿੱਤਾ ਜਾਂਦਾ ਸੀ ਪਰ ਇਹ ਜਰੂਰ ਯਾਦ ਹੈ ਕਿ ਜਦੋਂ ਮੈਨੂੰ ਦਾਲ ਵਿਚ ਚੂਰ ਕੇ ਰੋਟੀ ਖਾਣ ਲਈ ਦਿੰਦੇ ਤਾਂ ਮੈਨੂੰ ਉਲਟੀ ਆ ਜਾਂਦੀ ਜਾਂ ਮੇਰੇ ਪੇਟ ਵਿਚ ਦਰਦ ਹੋਣ ਲਗਦਾ ਅਤੇ ਮੈਂ ਬਹੁਤ ਚੀਕਾਂ ਮਾਰਦਾæ ਜਦੋਂ ਮੈਨੂੰ ਬਹੁਤੀ ਤਕਲੀਫ ਹੁੰਦੀ ਤਾਂ ਮੇਰੀਆਂ ਭੈਣਾਂ ਹੀ ਮੈਨੂੰ ਵਰਾਉਂਦੀਆਂæ ਕਈ ਵਾਰ ਤਾਂ ਮੇਰੀ ਹਾਲਤ ਦੇਖ ਕੇ ਉਹਨਾਂ ਦਾ ਵੀ ਰੋਣ ਨਿਕਲ ਜਾਂਦਾæ ਮੇਰੀ ਮਾਂ ਜਾਂ ਮੇਰੇ ਬਾਪ ਕੋਲ ਵਿਹਲ ਹੀ ਕਿੱਥੇ ਸੀ ਕਿ ਉਹ ਮੇਰੀ ਬਿਮਾਰੀ ਵੱਲ ਧਿਆਨ ਦਿੰਦੇæ ਹੁਣ ਮੈਨੂੰ ਕਪਾਹ ਦੀ ਢੇਰੀ ਨੂੰ ਯਾਦ ਕਰਕੇ ਖਿਆਲ ਆਉਂਦਾ ਹੈ ਕਿ ਉਹ ਅਕਤੂਬਰ ਦਾ ਮਹੀਨਾ ਹੋਵੇਗਾæ ਹਾੜੀ ਦੀ ਬਿਜਾਈ ਤੇ ਕਪਾਹ ਚੁਗਣ ਦਾ ਜੋਰ ਹੋਣ ਕਰਕੇ ਮਾਂ ਬਾਪ ਨੂੰ ਕੰਮਾਂ ਤੋਂ ਹੀ ਵਿਹਲ ਨਹੀਂ ਮਿਲਦੀ ਹੋਵੇਗੀæ ਇਹ ਵੀ ਗੱਲ ਨਹੀਂ ਸੀ ਮੇਰੇ ਮਾਂ ਬਾਪ ਨੂੰ ਬੱਚਿਆਂ ਨਾਲ ਪਿਆਰ ਨਹੀਂ ਸੀæ ਦਿਹਾੜੀ ਵਿਚ ਇਕ ਅੱਧੀ ਵਾਰ ਮੇਰਾ ਬਾਪ ਮੇਰੇ ਕੋਲ ਆ ਕੇ ਮੇਰਾ ਹਾਲ ਦੇਖਣ ਆ ਜਾਂਦਾ ਸੀ ਤੇ ਫਿਰ ਮਾਂ ਨੂੰ ਕੁਝ ਕਹਿ ਕੇ ਚਲਿਆ ਜਾਂਦਾ ਸੀæ ਮਾਂ ਆਪਣੇ ਵਿਸ਼ਵਾਸ ਅਨੁਸਾਰ ਹੀ ਮੇਰਾ ਇਲਾਜ ਕਰਵਾ ਰਹੀ ਸੀæ ਕਦੀ ਉਹ ਪੰਡਤ ਕੋਲੋਂ ਹੱਥ ਹੌਲਾ ਕਰਵਾਉਂਦੀ, ਕਦੀ ਕਿਸੇ ਸਿਆਣੇ ਤੋਂ ਮਾਤਾ ਝੜਵਾਉਂਦੀ ਅਤੇ ਧੂਫ ਧੁਖਾਉਂਦੀæ ਕਦੇ ਉਹ ਮੇਰੇ ਕੋਲ ਬੈਠ ਕੇ ਮਾਤਾ ਦੀਆਂ ਭੇਟਾਂ ਗਾਉਣ ਲੱਗ ਜਾਂਦੀ ਅਤੇ ਮਾਤਾ ਰਾਣੀ ਕੋਲ ਵਾਸਤੇ ਪਾਉਂਦੀ ਕਿ 'ਉਹ ਮੇਰੇ ਲਾਲ ਨੂੰ ਬਖਸ਼ ਦੇਵੇ|' ਉਸ ਨੇ ਮੇਰੇ ਤੰਦਰੁਸਤ ਹੋ ਜਾਣ ਲਈ ਕਈ ਸੁੱਖਾਂ ਵੀ ਸੁੱਖ ਛੱਡੀਆਂ ਸਨæ ਕਈ ਵਾਰ ਉਹ ਮੈਨੂੰ ਲਾਡ ਨਾਲ 'ਮਾਤਾ ਰਾਣੀ ਦਾ ਖੋਤੜਾ' ਕਹਿ ਕੇ ਬਲਾਉਂਦੀæ
ਅੱਜ ਮੈਂ ਸੋਚਦਾ ਹਾਂ ਕਿ ਅਨਪੜ੍ਹਤਾ ਤੇ ਜਹਾਲਤ ਕਾਰਨ, ਫਜ਼ੂਲ ਦੀਆਂ ਰੱਖਾਂ ਤਾਂ ਰੱਖੀਆਂ ਗਈਆਂ ਸਨ ਪਰ ਜਿਹੜੀ 'ਪਰਹੇਜ਼ ਤੇ ਦਵਾਈ' ਵਾਲੀ ਅਸਲ ਰੱਖ ਤਾਂ ਰੱਖੀ ਹੀ ਨਹੀਂ ਸੀ ਗਈæ ਰੋਟੀ ਖੁਆਉਣ ਨਾਲ, ਭਾਵੇਂ ਚੂਰ ਕੇ ਹੀ ਸਹੀ, ਮੇਰੇ ਮਿਹਦੇ ਵਿਚ ਜ਼ਖਮ ਹੋ ਗਏ ਅਤੇ ਟਾਈਫਾਈਡ ਵਿਗੜ ਗਿਆæ ਜਿਸ ਕਾਰਨ ਮੇਰੀ ਸਿਹਤ ਘਟਦੀ ਘਟਦੀ ਬਹੁਤ ਘਟ ਗਈ ਅਤੇ ਮੈਂ ਤੁਰਨੋ ਵੀ ਰਹਿ ਗਿਆæ ਹੁਣ ਮੇਰੇ ਕੋਲੋਂ ਤਾਂ ਹੁਣ ਸੁਆਰ ਕੇ ਚੀਕ ਵੀ ਨਹੀਂ ਸੀ ਮਾਰੀ ਜਾਂਦੀæ
ਫਿਰ ਪਤਾ ਨਹੀਂ ਕਿਸੇ ਦੇ ਕਹਿਣ 'ਤੇ ਜਾਂ ਮੇਰੇ ਬਾਪ ਦੇ ਮਨ ਵਿਚ ਆਪ ਹੀ ਸੋਚ ਆਈ ਕਿ ਮੁੰਡੇ ਨੇ ਮਰ ਤਾਂ ਜਾਣਾ ਹੀ ਹੈ ਕਿਉਂ ਨਾ ਹਕੀਮ ਦੀ ਦੁਆਈ ਹੀ ਦੇ ਕੇ ਦੇਖ ਲਈ ਜਾਵੇæ ਉਸ ਸਮੇਂ ਸਾਡੇ ਇਲਾਕੇ ਵਿਚ ਪਿੰਡ ਸਾਹੋ ਕੇ ਵਿਚ ਤਿਲਕ ਰਾਮ ਬੜਾ ਮਸ਼ਹੂਰ ਹਕੀਮ ਸੀæ ਇਹ ਪਿੰਡ ਸਾਡੇ ਪਿੰਡ ਤੋਂ ਪੰਜ ਕਿਲੋਮੀਟਰ ਦੂਰ ਹੈæ ਮੇਰਾ ਬਾਪ ਤਿਲਕ ਰਾਮ ਤੋਂ ਇਕ ਅਰਕ ਦੀ ਬੋਤਲ ਅਤੇ ਨਾਲ ਸੁਆਹ ਵਰਗੀ ਦਵਾਈ ਦੀਆਂ ਪੁੜੀਆਂ ਲੈ ਆਇਆæ ਮੇਰੀ ਮਾਂ ਦੇ ਨਾਂਹ ਨਾਂਹ ਕਰਦਿਆਂ ਵੀ ਉਸ ਨੇ ਮੈਨੂੰ ਕੌਲੀ ਵਿਚ ਥੋੜਾ ਜਿਹੇ ਅਰਕ ਨਾਲ ਇਕ ਪੁੜੀ ਖੁਆ ਦਿੱਤੀæ ਉਹ ਅਰਕ ਬਹੁਤ ਹੀ ਕੌੜਾ ਸੀ ਪਰ ਮੈਂ ਅੱਖਾਂ ਮੀਟ ਕੇ ਪੀ ਗਿਆæ ਫਿਰ ਮੇਰੇ ਬਾਪ ਨੇ ਮੇਰੀ ਵੱਡੀ ਭੈਣ ਦੀ ਡਿਉਟੀ ਲਾ ਦਿੱਤੀ ਕਿ ਉਹ ਮੈਨੂੰ ਹਰ ਰੋਜ,æ ਦਿਹਾੜੀ ਵਿਚ ਤਿੰਨ ਵਾਰ ਅਰਕ ਨਾਲ ਦੁਆਈ ਖੁਆਏਗੀæ ਕੋਈ ਵੀ ਠੋਸ ਖੁਰਾਕ ਦੇਣ ਤੋਂ ਵਰਜ ਦਿੱਤਾ ਗਿਆ ਸੀæ ਕੋਈ ਤਰਲ ਪੀਣ ਲਈ ਦੇਣਾ ਸੀæ
ਇਹ ਕੋਈ ਉਸ ਦੁਆਈ ਅਤੇ ਅਰਕ ਦੀ ਕਰਾਮਾਤ ਸੀ ਜਾਂ ਮਿਆਦੀ ਬੁਖਾਰ ਨੇ ਆਪਣਾ ਸਮਾਂ ਪੂਰਾ ਕਰ ਲਿਆ ਸੀ ਕਿ ਮੈਂ ਹੌਲ਼ੀ ਹੌਲ਼ੀ ਠੀਕ ਹੋਣ ਲੱਗ ਪਿਆæ ਕੁਝ ਦਿਨਾਂ ਵਿਚ ਮੇਰਾ ਬੁਖਾਰ ਵੀ ਉਤਰ ਗਿਆ ਅਤੇ ਮੈਂ ਕਿਸੇ ਸਹਾਰੇ ਨਾਲ ਤੁਰਨ ਵੀ ਲੱਗ ਪਿਆæ ਕੋਈ ਚਾਰ ਮਹੀਨਿਆਂ ਮਗਰੋਂ ਮੈਂ ਪੂਰਾ ਤੰਦਰੁਸਤ ਹੋ ਕੇ ਸਕੂਲ ਜਾਣ ਲੱਗ ਪਿਆ ਸੀæ ਪਰ ਉਸ ਸਾਲ ਮੈਂ ਤੀਸਰੀ ਜਮਾਤ ਵਿਚੋਂ ਪਾਸ ਨਹੀਂ ਸੀ ਹੋ ਸਕਿਆæ
ਭਾਵੇਂ ਮੈਨੂੰ ਹਕੀਮ ਤਿਲਕ ਰਾਮ ਦੀ ਦੁਆਈ ਨਾਲ ਅਰਾਮ ਆਇਆ ਸੀ ਫਿਰ ਵੀ ਮੇਰੀ ਮਾਂ, ਸੁੱਖ ਲਾਹੁਣ ਲਈ, ਮੈਨੂੰ ਮਾਈਸਰਖਾਨੇ, ਮਾਤਾ ਦੇ ਦਰਬਾਰ ਲੈ ਕੇ ਗਈ ਸੀæ
ਉਸ ਸਮੇਂ ਤਾਂ ਵਿਦਿਆ ਦੀ ਸਹੂਲਤ ਨਾ ਹੋਣਾ ਅਤੇ ਡਾਕਟਰੀ ਸਹਾਇਤਾ ਨਾ ਮਿਲਣ ਦੇ ਬਰਾਬਰ ਹੋਣ ਕਾਰਨ ਪਿੰਡਾਂ ਦੇ ਪਛੜੇਪਨ ਨੂੰ ਦੋਸ਼ੀ ਮੰਨਿਆ ਜਾ ਸਕਦਾ ਸੀæ ਪਰ, ਹੁਣ ਜਦੋਂ ਪਿੰਡ ਪਿੰਡ ਸਕੂਲ ਖੁਲ੍ਹ ਗਏ ਹਨæ ਡਾਕਟਰੀ ਸਹੂਲਤਾਂ ਵੀ ਮਿਲਨ ਲੱਗ ਪਈਆਂ ਹਨ ਤਾਂ ਅਜੇ ਵੀ ਬੱਚੇ ਬਿਮਾਰੀਆਂ ਨਾਲ ਸੁੱਕ ਕੇ ਤੀਲਾ ਕਿਉਂ ਬਣ ਰਹੇ ਹਨ ਅਤੇ ਡਾਕਟਰੀ ਇਲਾਜ ਦੀ ਥਾਂ ਮੰਨਤਾਂ ਮੰਨਣ ਵਿਚ ਵਿਸ਼ਵਾਸ ਕਰਦੇ ਹਾਂæ ਅਸੀਂ ਅੰਧਵਿਸ਼ਵਾਸਾਂ ਤੋਂ ਨਿਜਾਤ ਪਾਉਣ ਵਿਚ ਕਾਮਯਾਬ ਕਿਉਂ ਨਹੀਂ ਹੋ ਰਹੇ? ਅਜੇ ਵੀ ਟੂਣੇ ਟਾਮਣ, ਝਾੜ ਫੂਕ ਕਰਨ ਅਤੇ ਪੁੱਛਾਂ ਦੇਣ ਵਾਲਿਆਂ ਦਾ ਬੋਲ ਬਾਲਾ ਵਧਦਾ ਹੀ ਜਾ ਰਿਹਾ ਹੈæ ਵਿਗਿਆਨ ਦੀ ਤਰੱਕੀ ਨਾਲ ਪਰਿੰਟ ਮੀਡੀਏ ਅਤੇ ਇਲੈਟਰਾਂਨਿਕਸ ਮੀਡੀਏ ਨੇ ਵੀ ਤਰੱਕੀ ਕੀਤੀ ਹੈæ ਹੋਣਾ ਤਾਂ ਇਹ ਚਾਹੀਦਾ ਸੀ ਕਿ ਮੀਡੀਆ ਸਾਡੇ ਪੱਛੜੇਪਨ ਅਤੇ ਅੰਧਵਿਸ਼ਵਾਸਾਂ ਨੂੰ ਘਟ ਕਰਨ ਅਤੇ ਤਰਕਵਾਦੀ ਸੋਚ ਨੂੰ ਉਤਸਾਹਤ ਕਰਨ ਵਿਚ ਸਹਾਈ ਹੁੰਦਾæ ਪਰ ਇਸ ਦੇ ਉਲਟ ਅੱਜ ਮੀਡੀਆ ਅੰਧਵਿਸ਼ਵਾਸਾਂ ਨੂੰ ਵਧਾਉਣ ਵਿਚ ਸਹਾਈ ਹੋ ਰਿਹਾ ਹੈæ ਆਖਿਰ ਇਹ ਕਿਉਂ ਹੋ ਰਿਹਾ ਹੈ? ਅਤੇ ਇਸ ਦੇ ਪਿੱਛੇ ਕਿਹੜੀ ਸੋਚ ਭਾਰੂ ਹੈ? ਇਹ ਸਿਲਸਲਾ ਹੋਰ ਕਿੰਨਾ ਕੁ ਚਿਰ ਚਲਦਾ ਰਹੇਗਾ ਅਤੇ ਕਿਉਂ? ਇਹ ਸਵਾਲ ਅਜੇ ਵੀ ਮੂੰਹ ਅੱਡੀ ਖੜ੍ਹਾ ਹੈæ
ਸੰਨ ਸੰਤਾਲੀ ਤੋਂ ਪਹਿਲਾਂ ਦੇ ਪਿੰਡ ਨੂੰ ਯਾਦ ਕਰਦਿਆਂ
ਸੰਨ 1955 ਦੀ ਗੱਲ ਹੈ, ਉਦੋਂ ਮੈਂ ਮੋਗਾ ਮਿਸ਼ਨ ਸਕੂਲ ਵਿਚ ਜੇ।ਬੀ।ਟੀ। ਕਰ ਰਿਹਾ ਸੀæ ਸਾਰੇ ਸਿਖਿਅਕ ਅਧਿਆਪਕਾਂ ਨੂੰ ਹੋਸਟਲ ਵਿਚ ਰਹਿਣਾ ਲਾਜ਼ਮੀ ਸੀæ ਇਕ ਇਕ ਕਮਰੇ ਵਿਚ ਅਸੀਂ ਛੇ ਛੇ ਸਿਖਿਆਰਥੀ ਰਹਿੰਦੇ ਸਾਂæ ਇਕ ਐਤਵਾਰ, ਸਿਆਲ ਦੀ ਝੜੀ ਲੱਗੀ ਹੋਣ ਕਾਰਨ ਕੋਈ ਵੀ ਸਿਖਿਆਰਥੀ ਹੋਸਟਲ ਤੋਂ ਬਾਹਰ ਨਹੀਂ ਸੀ ਗਿਆ, ਸਭ ਆਪੋ ਆਪਣੇ ਕਮਰਿਆਂ ਵਿਚ ਬੈਠੇ ਗੱਪਾਂ ਮਾਰ ਦੇ ਰਹੇæ ਦੁਪਹਿਰ ਦੇ ਖਾਣੇ ਮਗਰੋਂ ਮੈਂ ਅਤੇ ਪ੍ਰੀਤਮ ਬਰਾੜ ਘਾਲੀ ਹੁਰਾਂ ਦੇ ਕਮਰੇ ਵਿਚ ਚਲੇ ਗਏæ ਉੱਥੇ ਪਹਿਲਾਂ ਹੀ ਅੱਠ ਦਸ ਜਣੇ ਬੈਠੇ ਮੂੰਗਫਲੀ ਖਾਂਦੇ ਹੋਏ ਗੱਪਾਂ ਮਾਰ ਰਹੇ ਸੀæ ਸ਼ਾਇਦ ਪਿੰਡਾਂ ਬਾਰੇ ਕੋਈ ਗੱਲ ਚਲ ਰਹੀ ਹੋਵੇ, ਸਾਨੂੰ ਕਮਰੇ ਵਿਚ ਆਇਆਂ ਦੇਖ ਕੇ ਘਾਲੀ ਬੋਲਿਆ, "ਲੈ ਬਈ, ਆਹ ਪੱਤੋ ਦੇ ਸ਼ੁਕੀਨ ਵੀ ਆ ਗਏæ ਬਰਾੜਾ, ਇਹ ਦੱਸ ਬਈ, ਥੋਡੇ ਪਿੰਡ ਵਾਲਿਆਂ ਨੂੰ ਪੱਤੋ ਦੇ ਸ਼ੁਕੀਨ ਕਿਉਂ ਕਹਿੰਦੇ ਐ? ਕੀ ਥੋਡਾ ਪਿੰਡ ਪੱਤੋ ਦੇ ਸ਼ੁਕੀਨਾ ਕਰਕੇ ਈ ਮਸ਼ਹੂਰ ਐ, ਹੋਰ ਕਿਸੇ ਗੱਲ ਕਰਕੇ ਨਹੀਂ?" ਪ੍ਰੀਤਮ ਨੇ ਝੱਟ ਕਹਿ ਦਿੱਤਾ, "ਮੈਨੂੰ ਬਹੁਤਾ ਤਾਂ ਨਹੀਂ ਪਤਾ ਕਿ Ḕਪੱਤੋ ਦੇ ਸ਼ੁਕੀਨḔ ਵਾਲੀ ਅੱਲ ਪਿੰਡ ਨਾਲ ਕਿਵੇਂ ਜੁੜ ਗਈ! ਹੋ ਸਕਦੈ ਜਦੋਂ ਕਦੀ ਸਾਡੇ ਪਿੰਡ ਦੇ ਗਭਰੂ ਮੇਲੇ ਮਸਾ੍ਹਬੇ ਜਾਂ ਜੰਝਾਂ ਛਿੰਝਾਂ Ḕਤੇ ਜਾਂਦੇ ਹੋਣ ਤਾਂ ਇਕੋ ਜਿਹੇ ਕਪੜੇ ਪਾ ਕੇ ਜਾਂਦੇ ਹੋਣ ਤੇ ਲੋਕ ਕਹਿ ਦਿੰਦੇ ਹੋਣ Ḕਆ ਗਏ ਬਈ ਪੱਤੋ ਦੇ ਸ਼ੁਕੀਨḔ ਪਰ ਸਾਡਾ ਪਿੰਡ ਇਸ ਕਰਕੇ ਮਸ਼ਹੂਰ ਐ ਕਿਉਂਕਿ ਜ਼ਿਲਾ ਫਰੋਜ਼ਪੁਰ ਵਿਚ ਸਭ ਤੋਂ ਪਹਿਲਾ ਪੇਂਡੂ ਸਰਕਾਰੀ ਹਾਈ ਸਕੂਲ ਪੱਤੋ ਹੀਰਾ ਸਿੰਘ ਵਿਚ ਖੁੱਲ੍ਹਿਆ ਸੀ| ਇਕ ਹੋਰ ਗੱਲ! ਸਾਡੇ ਪਿੰਡ ਦੇ ਸਰਦਾਰ ਹੀਰਾ ਸਿੰਘ ਦਾ ਸਾਰੇ ਇਲਾਕੇ ਵਿਚ ਇੰਨਾ ਨਾਂ ਸੀ ਕਿ ਉਸ ਦੇ ਨਾਮ Ḕਤੇ ਹੀ ਪਿੰਡ ਦਾ ਨਾਮ ਪੱਤੋ ਹੀਰਾ ਸਿੰਘ ਪੈ ਗਿਆ|" ਪ੍ਰੀਤਮ ਬਰਾੜ ਦੇ ਬੋਲਣ ਮਗਰੋਂ ਵਾਰੀ ਵਾਰੀ ਸਾਰਿਆਂ ਨੇ ਆਪਣੇ ਪਿੰਡ ਦੀ ਸਿਫਤ ਬਾਰੇ ਕੁਝ ਨਾ ਕੁਝ ਦੱਸਿਆæ ਰਾਮ ਸਰੂਪ ਨੇ ਕਹਿ ਦਿੱਤਾ, Ḕਸਾਡਾ ਪਿੰਡ ਗੁੱਗਾ ਮਾੜੀ ਤੇ ਪਸ਼ੂਆਂ ਦੀ ਮੰਡੀ ਕਰਕੇ ਮਸ਼ਹੂਰ ਹੈ|Ḕ ਵਿਚੋਂ ਹੀ ਸਰਵਣ ਬੋਲ ਪਿਆ, Ḕਸਾਡਾ ਪਿੰਡ ਮੋਹਣ ਸਿੰਘ ਦੇ ਕਵੀਸ਼ਰੀ ਜੱਥੇ ਕਾਰਨ ਮਸ਼ਹੂਰ ਹੋਇਐ|Ḕ ਜਗਦੀਸ਼ ਨੇ ਕਹਿ ਦਿੱਤਾ ਸਾਡੇ ਪਿੰਡ ਦਾ ਚੇਤ ਚੌਦੇਂ ਦਾ ਮੇਲਾ ਮਸ਼ਹੂਰ ਹੈæ ਇਸੇ ਤਰ੍ਹਾਂ ਕਿਸੇ ਪਿੰਡ ਦੀਆਂ ਕਹੀਆਂ ਮਸ਼ਹੂਰ ਸਨ ਤੇ ਕਿਸੇ ਪਿੰਡ ਦੇ ਕੂੰਡੇæ ਕਿਸੇ ਦਾ ਪਿੰਡ ਗਦਰੀ ਬਾਬਿਆਂ ਕਰਕੇ ਮਸ਼ਹੂਰ ਸੀ ਤੇ ਕਿਸੇ ਦਾ ਜੈਤੋ ਦੇ ਮੋਰਚੇ ਵਿਚ ਬਹੁਤੇ ਬੰਦੇ ਗਏ ਜੇਲ੍ਹੀਂ ਹੋਣ ਕਰਕੇæ ਹਰ ਕੋਈ ਆਪਣੇ ਪਿੰਡ ਦੀ ਸਿਫਤ ਸੁਣਾ ਕੇ ਆਪਣੇ ਪਿੰਡ ਉਪਰ ਮਾਣ ਮਹਿਸੂਸ ਕਰ ਰਿਹਾ ਸੀæ ਮੈਂ ਸੋਚ ਰਿਹਾ ਸੀ ਕਿ ਮੈਂ ਆਪਣੇ ਪਿੰਡ ਦੀ ਕਿਹੜੀ ਗੱਲ ਦੱਸਾਂæ ਮੈਨੂੰ ਕੁਝ ਚੇਤੇ ਨਹੀਂ ਸੀ ਆ ਰਿਹਾæ ਮੇਰੀ ਵਾਰੀ ਆਈ ਤੋਂ ਮੈਨੂੰ ਹੋਰ ਤਾਂ ਕੋਈ ਗੱਲ ਨਾ ਸੁੱਝੀ, ਬੱਸ ਇਹੀ ਕਹਿ ਦਿੱਤਾ, "ਸਾਡਾ ਪਿੰਡ ਪੀਰੇ ਡਾਕੂ ਕਰਕੇ ਮਸ਼ਹੂਰ ਰਿਹੈ|" Ḕਵਿਚੋਂ ਹੀ ਘਾਲੀ ਬੋਲ ਪਿਆ, Ḕਮਸ਼ਹੂਰ ਨਹੀਂ ਬਦਨਾਮ ਕਹਿ|Ḕ ਇਹ ਸੁਣਦਿਆਂ ਹੀ ਸਾਰੇ ਹੱਸ ਪਏ ਅਤੇ ਮੈਂ ਸ਼ਰਮਿੰਦਾ ਜਿਹਾ ਹੋ ਕੇ ਚੁੱਪ ਹੋ ਗਿਆæ ਫਿਰ ਘਾਲੀ ਨੇ ਪ੍ਰਕਾਸ਼ ਨੂੰ ਕਿਹਾ, "ਤੂੰ ਵੀ ਆਪਣੇ ਪਿੰਡ ਬਾਰੇ ਕੁਝ ਦੱਸ। ਤੂੰ ਕਿਉਂ ਮੋਨ ਧਾਰਿਐ?" ਪ੍ਰਕਾਸ਼ ਬੜੀ ਗੰਭੀਰ ਅਵਾਜ਼ ਵਿਚ ਬੋਲਿਆ, "ਭਰਾਵੋ, ਮੈਂ ਆਪਣੇ ਪਿੰਡ ਦੀ ਕਿਹੜੀ ਸਿਫਤ ਸੁਣਾਵਾਂ! ਸਾਡਾ ਪਿੰਡ ਤਾਂ ਜੱਦੀ ਦੁਸ਼ਮਣੀਆਂ ਨੇ ਹੀ ਬਰਬਾਦ ਕਰ ਦਿੱਤੈæ ਤੇ ਸਾਡਾ ਪ੍ਰਵਾਰ ਵੀ ਉਸ ਦੀ ਮਾਰ ਹੇਠ ਆਇਆ ਹੋਇਆ ਹੈæ ਚਾਰ ਸਾਲ ਹੋਏ, ਮੇਰੇ ਪਿਉ ਦਾ ਕਤਲ ਹੋ ਗਿਆæ ਹੁਣ ਮੈਂ ਨਾਨਕੀਂ ਰਹਿੰਦਾਂ|" ਪ੍ਰਕਾਸ਼ ਨੇ ਆਪਣੀ ਕਹਾਣੀ ਸੁਣਾ ਕੇ ਮਾਹੌਲ ਨੂੰ ਗਮਗੀਨ ਬਣਾ ਦਿੱਤਾæ ਕਿਸੇ ਵਿਚ ਇਹ ਪੁੱਛਣ ਦੀ ਵੀ ਹਿੰਮਤ ਨਾ ਹੋਈ ਕਿ ਉਹ ਆਪਣੇ ਨਾਨਕਿਆਂ ਦੇ ਪਿੰਡ ਦੀ ਹੀ ਕੋਈ ਗੱਲ ਦੱਸ ਦੇਵੇæ ਫਿਰ ਹੌਲ਼ੀ ਹੌਲ਼ੀ ਸਾਰੇ ਆਪੋ ਆਪਣੇ ਕਮਰਿਆਂ ਵਿਚ ਚਲੇ ਗਏæ ਮੈਂ ਵੀ ਆਪਣੇ ਕਮਰੇ ਵਿਚ ਆ ਕੇ ਪੈ ਗਿਆæ ਮੈਂ ਬਿਸਤਰੇ ਵਿਚ ਪਿਆ ਪਲਸੇਟੇ ਮਾਰਦਾ ਆਪਣੇ ਪਿੰਡ ਬਾਰੇ ਹੀ ਸੋਚ ਰਿਹਾ ਸੀ ਅਤੇ ਮੈਨੂੰ ਆਪਣੇ ਪਿੰਡ ਦੀਆਂ ਬਹੁਤ ਸਾਰੀਆਂ ਗੱਲਾਂ ਯਾਦ ਆ ਰਹੀਆਂ ਸਨ ਪਰ ਪਤਾ ਨਹੀਂ ਮੇਰੇ ਵਿਚ ਇਹ ਕੀ ਕਮਜ਼ੋਰੀ ਹੈ ਕਿ ਮੈਨੂੰ ਮੌਕੇ ਸਿਰ ਗੱਲ ਨਹੀਂ ਔੜਦੀæ
ਹਰ ਪ੍ਰਾਣੀ ਨੂੰ ਆਪਣੇ ਪਿੰਡ, ਨਗਰ ਖੇੜੇ, ਆਪਣੀ ਜਨਮ ਭੂਮੀ, ਜਿੱਥੇ ਉਸ ਨੇ ਜ਼ਿੰਦਗੀ ਦਾ ਬਹੁਤਾ ਸਮਾਂ ਗੁਜ਼ਾਰਿਆ ਹੋਵੇ, ਨਾਲ ਮੋਹ ਵੀ ਹੁੰਦਾ ਹੈ ਅਤੇ ਉਸ Ḕਤੇ ਮਾਣ ਵੀæ ਪਰ ਕਈ ਪ੍ਰਕਾਸ਼ ਵਰਗੇ ਵੀ ਹੁੰਦੇ ਨੇ ਜਿਨ੍ਹਾਂ ਨੂੰ ਆਪਣੇ ਪਿੰਡ ਨਾਲ ਨਫਰਤ ਹੋ ਜਾਂਦੀ ਹੈæ ਪਰ ਮੈਨੂੰ ਤਾਂ ਆਪਣੇ ਪਿੰਡ ਨਾਲ ਬੜਾ ਮੋਹ ਰਿਹਾ ਹੈ ਅਤੇ ਹੁਣ ਵੀ ਹੈæ ਉਸ ਸਮੇਂ ਭਾਵੇਂ ਮੈਨੂੰ ਆਪਣੇ ਪਿੰਡ Ḕਤੇ ਮਾਣ ਕਰਨ ਵਾਲੀ ਹੋਰ ਕਿਸੇ ਗੱਲ ਦਾ ਚੇਤਾ ਨਹੀਂ ਸੀ ਆਇਆæ ਪਰ ਅੱਜ ਮੈਂ ਮਾਣ ਨਾਲ ਕਹਿ ਸਕਦਾ ਹਾਂ ਕਿ ਸੰਨ 1947 ਤੋਂ ਪਹਿਲਾਂ ਵੀ ਮੇਰਾ ਪਿੰਡ ਮਾਣ ਕਰਨਯੋਗ ਪਿੰਡਾਂ ਵਿਚੋਂ ਇਕ ਸੀæ
ਮੇਰਾ ਪਿੰਡ ਸੇਖਾ ਕਲਾਂ ਹੈæ ਇਹ ਪਿੰਡ ਮੋਗਾ ਕੋਟ ਕਪੂਰਾ ਪੱਕੀ ਸੜਕ Ḕਤੇ, ਮੋਗਾ ਤੋਂ 35 ਕਿਲੋਮੀਟਰ ਦੂਰ ਵਸੇ ਪਿੰਡ ਸਮਾਲਸਰ ਤੋਂ ਦੱਖਣ ਵਾਲੇ ਪਾਸੇ, ਨਹਿਰ ਸਰਹੰਦ ਬਰਾਂਚ ਟੱਪ ਕੇ, ਸੱਤ ਕੁ ਕਿਲੋਮੀਟਰ ਵਾਟ Ḕਤੇ ਵਸਿਆ ਹੋਇਆ ਹੈæ ਕਿਸੇ ਸਮੇਂ ਇਹ ਪਿੰਡ ਜ਼ਿਲਾ ਫੀਰੋਜ਼ ਪੁਰ ਵਿਚ ਹੁੰਦਾ ਸੀ, ਫਿਰ ਜ਼ਿਲਾ ਫਰੀਦ ਕੋਟ ਵਿਚ ਆ ਗਿਆæ ਨਵੰਬਰ, 1995 ਵਿਚ ਇਸ ਪਿੰਡ ਦੀ ਤਹਿਸੀਲ ਮੋਗਾ ਨੂੰ ਹੀ ਜ਼ਿਲਾ ਬਣਾ ਦਿੱਤਾ ਗਿਆæ ਬਾਘਾ ਪੁਰਾਣਾ ਜਿਹੜਾ ਕਿ ਇਸ ਪਿੰਡ ਦਾ ਠਾਣਾ ਹੁੰਦਾ ਸੀ, ਉਹ ਇਸ ਪਿੰਡ ਦੀ ਤਹਿਸੀਲ ਬਣ ਗਿਆ ਤੇ ਪਿੰਡ ਲਈ ਇਕ ਹੋਰ ਨਵਾਂ ਠਾਣਾ ਹੋਂਦ ਵਿਚ ਆ ਗਿਆ ḔਸਮਾਲਸਰḔæ ਪਹਿਲਾਂ ਤਾਂ ਪਿੰਡ ਦੇ ਨੇੜ ਤੇੜ ਦੀ ਵੀ ਕੋਈ ਸੜਕ ਨਹੀਂ ਸੀ ਲੰਘਦੀæ ਸਾਰਾ ਪਿੰਡ ਟਿਬਿਆਂ, ਧੋੜਿਆਂ ਤੇ ਜੰਗਲ ਵਿਚ ਘਿਰਿਆ ਹੋਇਆ ਸੀæ ਸੰਨ ਸੰਤਾਲੀ ਤੋੰ ਮਗਰੋਂ ਪਿੰਡਾਂ ਦੀ ਨੁਹਾਰ ਬਦਲਦੀ ਗਈæ ਸੜਕਾਂ ਬਣਨ ਲੱਗ ਪਈਆਂ ਅਤੇ ਆਵਾਜਾਈ ਦੇ ਸਾਧਨ ਆਮ ਹੋ ਜਾਣ ਕਾਰਨ ਨਵੀਂ ਪ੍ਰਸਾਸ਼ਨਿਕ ਅਦਲਾ ਬਦਲੀ ਦਾ ਪਿੰਡ ਦੇ ਲੋਕਾਂ ਉਪਰ ਕੋਈ ਖਾਸ ਫਰਕ ਨਹੀਂ ਪਿਆæ ਪਿੰਡ ਵੀ ਸੰਤਾਲੀ ਤੋਂ ਪਹਿਲਾਂ ਵਾਲਾ ਨਹੀਂ ਰਹਿ ਗਿਆæ ਪਰ ਬਹੁਤ ਛੋਟੀ ਉਮਰ ਵਿਚ ਪਿੰਡ ਦੀਆਂ ਗਲੀਆਂ ਕੱਛਦਿਆਂ ਦੇਖੀ ਪਿੰਡ ਦੀ ਨੁਹਾਰ ਭੁੱਲੀ ਨਹੀਂæ ਵੱਡੇ ਛੱਪੜ ਦੇ ਕੋਨੇ Ḕਤੇ ਨਿਰਮਲਿਆਂ ਦਾ ਡੇਰਾ ਸੁਰਗ ਪੁਰੀ, ਲੱਖੂ ਕੇ ਅਗਵਾੜ ਵਿਚ ਬਾਬਾ ਬੀਲ੍ਹਾ ਸਿੰਘ ਦੀ ਸਮਾਧ ਅਤੇ ਲੱਖੂ ਪੱਤੀ ਦਾ ਬੋੜਾ ਖੂਹ, ਬਿੰਡੇ ਪੱਤੀ ਵਿਚਲੀ ਧੂਤੇ ਮ੍ਹਾਜਨ ਦੀ ਹੱਟੀ ਵਿਚ ਲਮਕਦੇ ਹੋਏ ਪੱਟ ਦੇ ਲੱਛੇ, ਬਖਤਾ ਪੱਤੀ ਦੀ ਕੱਚੀ ਧਰਮਸ਼ਾਲਾ ਅਤੇ ਉਸ ਦੇ ਸਾਹਮਣੇ ਤੇਲੀਆਂ ਦਾ ਕੋਹਲੂ , ਖਿਦੂ ਪੱਤੀ ਦੀ ਕੱਚੀ ਧਰਮਸ਼ਾਲਾ ਦੇ ਇਕ ਕਮਰੇ ਵਿਚ ਰਹਿੰਦਾ ਅੰਨ੍ਹਾ ਸਾਧ, ਹਰੀ ਦਾਸ ਅਤੇ ਧਰਮਸ਼ਾਲਾ ਦੇ ਸਾਹਮਣੇ ਵੱਡਾ ਖੂਹ ਆਦਿਕ ਪਿੰਡ ਦੀ ਹਰ ਗਲ਼ੀ ਤੇ ਗਲ਼ੀ ਦਾ ਹਰ ਮੋੜ ਮੇਰੇ ਚੇਤਿਆਂ ਵਿਚ ਵਸਿਆ ਹੋਇਆ ਹੈæ
ਅੱਜ ਜਦੋਂ ਉਸ ਸਮੇਂ ਵੱਲ ਝਾਤ ਮਾਰਦਾ ਹੋਇਆ ਆਪਣੇ ਪਿੰਡ ਦੀ ਆਰਥਿਕ ਹਾਲਤ ਨੂੰ ਚਿਤਵਦਾ ਹਾਂ ਤਾਂ ਓਪਰੀ ਨਜ਼ਰੇ ਦੇਖਿਆਂ ਸਾਰਾ ਪਿੰਡ ਹੀ ਗਰੀਬੀ ਦੀ ਦਲ ਦਲ ਵਿਚ ਗਲ਼ ਗਲ਼ ਤਕ ਧਸਿਆ ਹੋਇਆ ਨਜ਼ਰ ਆਉਂਦਾ ਹੈæ ਆਮ ਲੋਕਾਂ ਦਾ ਨੰਗੇ ਪੈਰੀਂ ਤੁਰੇ ਫਿਰਨਾ, ਜੇ ਕਿਸੇ ਦੇ ਪੈਰੀਂ ਜੁੱਤੀ ਪਾਈ ਹੋਣੀ ਤਾਂ ਉਹ ਵੀ ਧੌੜੀ ਦੀæ ਤੇੜ ਜਾਂਘੀਆ, ਗਲ਼ ਖੱਦਰ ਦਾ ਕੁਰਤਾ ਤੇ ਸਿਰ ਉਪਰ ਵੀ ਖੱਦਰ ਦਾ ਸਾਫਾ ਵਲ੍ਹੇਟਿਆ ਹੋਣਾæ ਘਰ ਵਿਚ ਖੱਦਰ ਰੰਗ ਕੇ ਸੀਤੀ ਹੋਈ ਕੁੜਤੀ ਸਲਵਾਰ ਤੇ ਸਲਾਰੀ ਤੀਵੀਆਂ ਦਾ ਪਹਿਰਾਵਾæ ਜੇ ਘਰਾਂ ਵਿਚ ਕਿਸੇ ਚੀਜ਼ ਦੀ ਲੋੜ ਪੈਣੀ ਤਾਂ ਦਾਣਿਆਂ ਵੱਟੇ ਹੱਟੀ ਤੋਂ ਲੈ ਆਉਣੀæ ਉਸ ਸਮੇਂ ਪਿੰਡ ਛੇ ਹੱਟੀਆਂ ਮਸ਼ਹੂਰ ਸਨæ ਉਹਨਾਂ ਨੂੰ ਮਾ੍ਹਜਨਾਂ ਦੀਆਂ ਹੱਟੀਆਂ ਕਿਹਾ ਜਾਂਦਾ ਸੀæ ਤੋਤੇ ਮਾ੍ਹਜਨ ਦੀ ਹੱਟੀ, ਸੁਰਤੂ ਮਾ੍ਹਜਨ ਦੀ ਹੱਟੀ, ਨੱਥੂ ਮਾ੍ਹਜਨ ਦੀ ਹੱਟੀ ਅਤੇ ਧੂਤੇ ਮਾ੍ਹਜਨ ਦਾ ਹੱਟæ ਧੂਤੇ ਮਾ੍ਹਜਨ ਕੋਲੋਂ ਹਰ ਕਿਸਮ ਦਾ ਸੌਦਾ ਮਿਲ ਜਾਂਦਾ ਸੀæ ਵਿਸਾਖੀ ਰਾਮ ਅਤੇ ਸੋਹਣ ਸਿੰਘ ਅਰੋੜੇ ਸਨ ਪਰ ਕਿਹਾ ਉਹਨਾਂ ਵੀ ਮ੍ਹਾਜਨ ਹੀ ਜਾਂਦਾ ਸੀæ
ਕੁਝ ਇਕ ਘਰਾਂ ਦੇ ਪੱਕੀ ਇੱਟ ਦੇ ਬਣੇ ਹੋਏ ਦਰਵਾਜ਼ਿਆਂ ਨੂੰ ਛੱਡ ਕੇ ਬਾਕੀ ਸਾਰੇ ਪਿੰਡ ਦੇ ਘਰਾਂ ਦੀਆਂ ਕੰਧਾਂ ਕੱਚੀਆਂ ਇੱਟਾਂ ਜਾਂ ਗੁੰਮਿਆਂ ਦੀਆਂ ਕੱਢੀਆਂ ਹੋਈਆਂæ (ਸਖਤ ਚੀਕਣੀ ਮਿੱਟੀ ਵਾਲੀ ਜ਼ਮੀਨ ਜਾਂ ਸੁੱਕੇ ਛੱਪੜ ਵਿਚੋਂ ਚੀਕਣੀ ਮਿੱਟੀ ਦੇ ਵੱਡੇ ਵੱਡੇ ਢੇਲੇ, ਗੁੰਮੇ, ਕਹੀਆਂ ਨਾਲ ਪੁੱਟ ਲਏ ਜਾਂਦੇ ਅਤੇ ਉਹਨਾਂ ਦੀਆਂ ਕੰਧਾਂ ਕੱਢ ਲਈਆਂ ਜਾਂਦੀਆਂ ਸਨæ) ਪਿੰਡ ਦੇ ਸਫੈਦਪੋਸ਼ ਲੰਬੜਦਾਰ ਦਾ ਵੀ ਦਰਵਾਜ਼ਾ ਤੇ ਦਾਲਾਨ ਹੀ ਪੱਕੀ ਇੱਟ ਦਾ ਸੀ ਤੇ ਬਾਕੀ ਸਾਰਾ ਘਰ ਕੱਚੀ ਪੱਕੀ ਇੱਟ ਦਾ ਬਣਿਆ ਹੋਇਆ ਸੀæ ਕਈ ਪੱਕੇ ਦਿਸਦੇ ਘਰਾਂ ਦੇ ਦਰਵਾਜ਼ੇ ਵੀ ਗਲੇਫੀ ਇੱਟ ਦੇ ਹੀ ਬਣੇ ਹੋਏ ਸਨæ (ਕੰਧਾਂ ਦੇ ਅਗਲੇ ਪਾਸੇ ਪੱਕੀ ਇੱਟ ਤੇ ਪਿੱਛੇ ਕੱਚੀ ਇੱਟ ਨਾਲ ਕੀਤੀ ਚਿਣਾਈ ਨੂੰ ਗਲੇਫੀ ਦੀ ਚਿਣਾਈ ਕਿਹਾ ਜਾਂਦਾ ਸੀ) ਪਿੰਡ ਦੇ ਸਕੂਲ ਦੀ ਇਮਾਰਤ ਵੀ ਗਲੇਫੀ ਦੀ ਹੀ ਸੀæ ਆਲੇ ਦੁਆਲੇ ਕਿਤੇ ਪੱਕੀਆਂ ਇੱਟਾਂ ਦਾ ਭੱਠਾ ਨਹੀਂ ਸੀ, ਭਾਵੇਂ ਕਿ ਪਿੰਡ ਕਈ ਸਦੀਆਂ ਪੁਰਾਣਾ ਵਸਿਆ ਹੋਇਆ ਹੈ ਪਰ ਨਾਨਕ ਸ਼ਾਹੀ ਨਿੱਕੀ ਇੱਟ ਬਹੁਤ ਹੀ ਘੱਟ ਵਰਤੋਂ ਵਿਚ ਲਿਆਂਦੀ ਗਈ ਸੀæ ਪਿੰਡ ਦੇ ਚਾਰ ਅਗਵਾੜ ਸਨ, ਪੰਜਵਾਂ, ਫੱਤੂ ਕਾ ਅਗਵਾੜ, ਪਿੰਡ ਤੋਂ ਕੋਹ ਕੁ ਵਾਟ Ḕਤੇ ਅੱਡ ਵੱਸ ਗਿਆ ਜਿਸ ਨੂੰ Ḕਛੋਟਾ ਸੇਖਾḔ ਕਹਿਣ ਲੱਗ ਪਏ ਸਨæ ਚਾਰ ਅਗਵਾੜਾਂ ਵਾਲੇ ਪਿੰਡ ਵਿਚ ਤਿੰਨ ਖੂਹ ਸਨ ਜਿਨ੍ਹਾਂ ਨੂੰ ਨਾਨਕ ਸ਼ਾਹੀ ਇੱਟਾਂ ਲੱਗੀਆਂ ਹੋਈਆਂ ਸਨæ (ਹੁਣ ਤਾਂ ਉਹਨਾਂ ਤਿੰਨਾਂ ਖੂਹਾਂ ਦੀ ਕੋਈ ਨਿਸ਼ਾਨੀ ਵੀ ਨਹੀਂ ਦਿਸਦੀ, ਮਿੱਟੀ ਨਾਲ ਪੂਰ ਦਿੱਤੇ ਗਏ ਹਨæ)
ਜੇ ਘੋਖਵੀਂ ਨਜ਼ਰ ਨਾਲ ਦੇਖਿਆ ਜਾਵੇ ਤਾਂ ਇਹ ਪਿੰਡ ਜੇ ਅਮੀਰ ਨਹੀਂ ਸੀ ਤਾਂ ਗਰੀਬ ਵੀ ਨਹੀਂ ਗਿਣਿਆ ਜਾ ਸਕਦਾæ ਇਹ ਵੀ ਆਮ ਮਾਲਵੇ ਦੇ ਪਿੰਡਾਂ ਵਰਗਾ ਹੀ ਪਿੰਡ ਸੀæ ਪਿੰਡ ਵਿਚ ਬਹੁਗਿਣਤੀ ਸਿੱਧੂ ਜੱਟਾਂ ਦੀ ਸੀæ ਕੁਝ ਘਰ ਧਾਲੀਵਾਲਾਂ ਦੇ ਵੀ ਸਨæ ਪੰਦਰਾਂ ਵੀਹ ਘਰ ਸਈਅਦ ਜਾਂ ਸ਼ੇਖ, ਮੁਸਲਮਾਨਾ ਦੇ ਅਤੇ ਕੁਝ ਘਰ ਕੰਮੀ ਮੁਸਲਮਾਨਾਂ ਦੇ ਸਨæ ਇਸ ਤੋਂ ਬਿਨਾਂ ਪਿੰਡ ਵਿਚ ਗੁੱਜਰ, ਮਰਾਸੀ, ਜੁਲਾਹੇ, ਤੇਲੀ, ਲੁਹਾਰ, ਤਖਾਣ, ਨਾਈ, ਝਿਉਰ, ਘੁਮਿਆਰ, ਦਰਜ਼ੀ, ਮਜ਼੍ਹਬੀ ਆਦਿ ਕਈ ਜਾਤੀਆਂ ਦੇ ਲੋਕ ਕਾਫੀ ਗਿਣਤੀ ਵਿਚ ਰਹਿੰਦੇ ਸਨæ ਮਾਲਵੇ ਦੇ ਦੂਸਰੇ ਪਿੰਡਾਂ ਵਾਂਗ ਮਜ਼੍ਹਬੀਆਂ ਦਾ ਵਿਹੜਾ ਪਿੰਡ ਦੇ ਇਕ ਪਾਸੇ ਵੱਖਰਾ ਸੀ ਪਰ ਬਾਕੀ ਕੰਮੀਆਂ ਦੇ ਘਰ ਪਿੰਡ ਵਿਚ ਹੀ ਸਨæ ਜਿਸ ਹਾਲਤ ਵਿਚ ਮੇਰੇ ਪਿੰਡ ਦੇ ਲੋਕ ਰਹਿ ਰਹੇ ਸਨ, ਇਹ ਆਮ ਪਿੰਡਾਂ ਦੀ ਰਹਿਤਲ ਸੀæ ਪਿੰਡ ਦੇ ਨੇੜੇ ਨਾ ਕੋਈ ਸ਼ਹਿਰ ਸੀ, ਨਾ ਕੋਈ ਕਸਬਾ ਅਤੇ ਨਾ ਹੀ ਪਿੰਡ ਕੋਲ ਦੀ ਕੋਈ ਪੱਕੀ ਸੜਕ ਲੰਘਦੀ ਸੀæ ਉਹ ਆਪਣੀਆਂ ਲੋੜਾਂ ਪਿੰਡ ਵਿਚੋਂ ਹੀ ਪੂਰੀਆਂ ਕਰਦੇ ਸਨæ ਉਹਨਾਂ ਆਪਣੀਆਂ ਲੋੜਾਂ ਨੂੰ ਵੀ ਸੀਮਤ ਰੱਖਿਅ ਹੋਇਆ ਸੀæ ਮੰਡੀ ਮਾਨਿਸਕਤਾ ਅਜੇ ਪਿੰਡਾਂ ਤੋਂ ਬਹੁਤ ਦੂਰ ਸੀæ
ਜੇ ਮੇਰੇ ਪਿੰਡ ਵਿਚ ਗਰੀਬੀ ਦਿਸਦੀ ਵੀ ਸੀ ਤਾਂ ਇਸਦਾ ਕਾਰਨ ਇਹ ਨਹੀਂ ਸੀ ਕਿ ਪਿੰਡ ਦੇ ਕੋਲ ਜ਼ਮੀਨ ਥੋੜੀ ਸੀ ਜਾਂ ਲੋਕ ਮਿਹਨਤੀ ਨਹੀਂ ਸਨæ ਸਾਢੇ ਕੁ ਤਿੰਨ ਹਜ਼ਾਰ ਵਸੋਂ ਵਾਲੇ ਪਿੰਡ ਕੋਲ ਛੇ ਹਜ਼ਾਰ ਘੁਮਾਂ ਜ਼ਮੀਨ ਸੀ| ਪਿੰਡ ਦੇ ਸਫੈਦਪੋਸ਼ ਲੰਬਰਦਾਰ ਕੋਲ ਪੰਜ ਸੌ ਘੁਮਾਂ ਜ਼ਮੀਨ ਸੀæ ਕਈ ਪਰਵਾਰ ਸੌ ਘੁਮਾਂ ਅਤੇ ਕਈ ਸੱਠ ਘੁਮਾਂ ਜ਼ਮੀਨ ਤੋਂ ਉੱਤੇ ਦੇ ਮਾਲਕ ਸਨæ ਕੋਈ ਕਿਸਾਨ ਹੀ ਦਸ ਘੁਮਾਂ ਜ਼ਮੀਨ ਤੋਂ ਘੱਟ ਦਾ ਮਾਲਕ ਹੋਵੇਗਾæ ਮੇਰੇ ਪਿੰਡ ਵਿਚ ਤਾਂ ਮਜ਼ਬੀਆਂ, ਦਰਜ਼ੀਆਂ, ਤਖਾਣਾਂ ਤੇ ਘੁੰਮਿਆਰਾਂ ਆਦਿ ਕੋਲ ਵੀ ਜ਼ਮੀਨ ਸੀ ਅਤੇ ਉਹਨਾਂ ਵਿਚੋਂ ਬਹੁਤੇ ਖੇਤੀ ਦੇ ਧੰਦੇ ਵਿਚ ਪਏ ਹੋਏ ਸਨæ ਭਾਵੇਂ ਕਿ ਸਰਹੰਦ ਨਹਿਰ ਬਣਨ ਅਤੇ ਪਿੰਡ ਦੇ ਕੋਲ ਦੀ ਸੂਆ ਨਿਕਲ ਜਾਣ ਕਾਰਨ ਕੁਝ ਕੁ ਜ਼ਮੀਨ ਨੂੰ ਨਹਿਰੀ ਪਾਣੀ ਲੱਗਣ ਲੱਗ ਪਿਆ ਸੀ ਪਰ ਫੇਰ ਵੀ ਬਹੁਤੀ ਜ਼ਮੀਨ ਵਿਚ ਪਹਾੜੀਆਂ ਜਿਹੇ ਰੇਤਲੇ ਟਿੱਬੇ ਅਤੇ ਧੋੜੇ ਸਨæ ਪਿੰਡ ਦੀ ਹਜ਼ਾਰ ਘੁਮਾਂ ਤੋਂ ਉੱਤੇ ਜ਼ਮੀਨ ਤਾਂ ਜੰਗਲ ਬੇਲੇ ਵਿਚ ਹੀ ਘਿਰੀ ਹੋਈ ਹੋਵੇਗੀ, ਜਿੱਥੇ ਕੋਈ ਉਪਜ ਨਹੀਂ ਸੀ ਹੁੰਦੀæ ਜਿਹੜੀ ਜ਼ਮੀਨ ਪੱਧਰੀ ਸੀ, ਉਹ ਵੀ ਬਰਾਨੀ ਜਾਂ ਮਾਰੂ ਸੀæ ਧਰਤੀ ਹੇਠਲਾ ਪਾਣੀ ਬਹੁਤ ਹੀ ਡੂੰਘਾ ਹੋਣ ਕਾਰਨ ਖੂਹਾਂ ਨਾਲ ਸਿੰਚਾਈ ਨਹੀਂ ਸੀ ਹੋ ਸਕਦੀæ ਇਸ ਲਈ ਜੇ ਸਮੇਂ ਸਿਰ ਮੀਂਹ ਪੈ ਜਾਂਦਾ ਤਾਂ ਜ਼ਮੀਨ ਵਿਚੋਂ ਕੁਝ ਦਾਣੇ ਹੋ ਜਾਂਦੇ, ਨਹੀਂ ਤਾਂ ਖਾਲੀ ਪਈ ਰਹਿੰਦੀæ ਕਦੀ ਸਮਾਂ ਅਜੇਹਾ ਵੀ ਆਉਂਦਾ ਕਿ ਕਈ ਸਾਲ ਮੀਂਹ ਨਾ ਪੈਂਦਾ ਤੇ ਲੋਕਾਂ ਨੂੰ ਤਾਂਦਲਾ ਤੇ ਭੱਖੜਾ ਖਾਣ ਲਈ ਮਜਬੂਰ ਹੋਣਾ ਪੈਂਦਾæ ਮਾਲਵੇ ਵਿਚ ਪਿਆ ਲੰਮਾ ਸੋਕਾ, ਜਿਸ ਨੂੰ ਸਤਵੰਜੇ ਦਾ Ḕਕਾਲ਼ ਕਹਿੰਦੇ ਹਨ, (ਉਸ ਸਮੇਂ ਅਜੇ ਨਹਿਰਾਂ ਨਹੀਂ ਸੀ ਨਿਕਲੀਆਂ) ਉਦੋਂ ਲੋਕਾਂ ਦੇ ਖਾਣ ਲਈ ਭੱਖੜਾ ਤੇ ਤਾਂਦਲਾ ਵੀ ਨਹੀਂ ਸੀ ਬਚਿਆæ ਬਹੁਤੇ ਲੋਕ ਭੁੱਖ ਦੋਖੜੇ ਹੀ ਮਰ ਗਏ ਸਨæ ਜਦੋਂ ਲੰਮਾ ਸਮਾਂ ਮੀਂਹ ਨਹੀਂ ਸੀ ਪੈਂਦੇ ਤਾਂ ਲੋਕਾਂ ਦਾ ਇਹੋ ਹਾਲ ਹੁੰਦਾ ਸੀ, ਫਿਰ ਵੀ ਲੋਕ ਜੀਅ ਰਹੇ ਸਨæ
ਉਨੀਂਵੀਂ ਸਦੀ ਦੇ ਅਖੀਰ ਅਤੇ ਵੀਹਵੀਂ ਸਦੀ ਦੇ ਆਰੰਭ ਵਿਚ ਜਦੋਂ ਲੰਮੇ ਸੋਕੇ ਕਾਰਨ ਪੰਜਾਬ ਵਿਚ ਅਕਾਲ ਵਰਗੀ ਸਥਿਤੀ ਬਣ ਗਈ ਤਾਂ ਬਹੁਤ ਸਾਰੇ ਪੰਜਾਬੀ ਬਦੇਸ਼ਾਂ ਨੂੰ ਨਿਕਲ ਗਏæ ਮੇਰੇ ਪਿੰਡ ਦੇ ਵੀ ਕਈ ਬੰਦੇ ਚੀਨ, ਸਿੰਘਾ ਪੁਰ, ਹਾਂਗ ਕਾਂਗ, ਮਲਾਇਆ, ਬਰਮਾ ਆਦਿਕ ਦੇਸ਼ਾਂ ਵਿਚ ਖੱਟੀ ਕਮਾਈ ਕਰਨ ਚਲੇ ਗਏæ ਉਹਨਾਂ ਵਿਚੋਂ ਬਹੁਤੇ ਛੇਤੀ ਹੀ ਖਾਲੀ ਹੱਥੀਂ ਵਾਪਸ ਮੁੜ ਆਏæ ਪਹਿਲੀ ਸੰਸਾਰ ਜੰਗ ਲੱਗਣ ਸਮੇਂ ਪਿੰਡ ਦੇ ਕੁਝ ਆਦਮੀ ਫੌਜ ਵਿਚ ਤਾਂ ਭਰਤੀ ਹੋ ਗਏ ਪਰ ਜੰਗ ਖਤਮ ਹੋਣ ਮਗਰੋਂ ਉਹਨਾਂ ਨੂੰ ਵੀ ਘਰਾਂ ਨੂੰ ਮੋੜ ਦਿੱਤਾ ਗਿਆæ ਇਸ ਤਰ੍ਹਾਂ ਪਿੰਡ ਨੂੰ ਬਾਹਰੋਂ ਆਮਦਨ ਆਉਣ ਦਾ ਵਸੀਲਾ ਨਾ ਬਣਿਆæ ਪਿੰਡ ਵਿਚ ਸਕੂਲ ਜ਼ਰੂਰ ਸੀ ਪਰ ਪੜ੍ਹਨ ਵਿਚ ਰੁਚੀ ਕੋਈ ਨਹੀਂ ਸੀ ਲੈਂਦਾæ ਸੰਨ ਸੰਤਾਲੀ ਤੋਂ ਪਹਿਲਾਂ ਪਿੰਡ ਵਿਚ ਕੋਈ ਇਕ ਵੀ ਬੰਦਾ ਨਹੀਂ ਸੀ ਜਿਸ ਨੇ ਮੈਟਰਿਕ ਪਾਸ ਕੀਤੀ ਹੋਵੇæ ਸਭ ਸਹੂਲਤਾਂ ਤੋਂ ਸੱਖਣਾ ਪਿੰਡ ਹਨੇਰੇ ਵਿਚ ਜੀਅ ਰਿਹਾ ਸੀæ ਕਈ ਭੁੱਖੇ ਮਰਦੇ ਚੋਰਾਂ ਡਾਕੂਆਂ ਨਾਲ ਰਲ਼ ਗਏ ਸਨæ ਸਾਡੇ ਪਿੰਡ ਦਾ ਪੀਰਾ ਮਜ਼੍ਹਬੀ ਨਾਮੀ ਡਾਕੂ ਬਣ ਗਿਆ ਸੀæ
ਮੰਜੇ ਉਪਰ ਪਲਸੇਟੇ ਮਾਰਦਿਆਂ ਮੈਂ ਸੋਚ ਰਿਹਾ ਸੀ ਕਿ ਮੈਨੂੰ ਪੀਰੇ ਡਾਕੂ ਵਾਲੀ ਗੱਲ ਨਹੀਂ ਸੀ ਕਰਨੀ ਚਾਹੀਦੀæ ਘਾਲੀ ਨੇ ਠੀਕ ਕਿਹਾ ਸੀ ਕਿ ਡਾਕੂ, ਚੋਰਾਂ ਤੇ ਵੈਲੀਆਂ ਦਾ ਪਿੰਡ ਵਿਚ ਹੋਣਾ ਪਿੰਡ ਦੀ ਮਸ਼ਹੂਰੀ ਦਾ ਨਹੀਂ ਸਗੋਂ ਬਦਨਾਮੀ ਦਾ ਕਾਰਨ ਬਣਦਾ ਹੈæ ਪੀਰੇ ਡਾਕੂ ਦੀ ਥਾਂ ਮੈਨੂੰ ਇਹ ਦੱਸਣਾ ਚਾਹੀਦਾ ਸੀ ਕਿ ਸਾਡੇ ਪਿੰਡ ਗੂਰੂ ਹਰਗੋਬਿੰਦ ਸਾਹਿਬ ਆਏ ਸਨ ਅਤੇ ਉਹਨਾਂ ਓਥੇ ਵਿਸਰਾਮ ਕੀਤਾ ਸੀ ਅਤੇ ਆਪਣੇ ਘੋੜਿਆਂ ਨੂੰ ਦਾਣਾ ਵੀ ਚਾਰਿਆ ਸੀæ ਉਸ ਥਾਂ ਦਾ ਨਾਮ ਗੁਰਦਾਣਾ ਡਾਬ ਹੈ ਜਿਹੜੀ ਕਿ ਮਾੜੀ, ਮੌੜ, ਠੱਠੀ ਭਾਈ ਤੇ ਸੇਖੇ ਦੀ ਜੂਹ ਵਿਚਕਾਰ ਹੈæ
ਉਦੋਂ ਹੀ ਮੈਨੂੰ ਯਾਦ ਆਇਆ ਕਿ ਜੇ ਪੱਤੋ ਹੀਰਾ ਸਿੰਘ ਵਿਚ ਸਭ ਤੋਂ ਪਹਿਲਾ ਪੇਂਡੂ ਹਾਈ ਸਕੂਲ ਬਣਿਆ ਸੀ ਤਾਂ ਸਾਡੇ ਪਿੰਡ ਵਿਚ ਵੀ ਸਭ ਤੋਂ ਪਹਿਲਾਂ ਡਿਸਟਰਿਕਟ ਬੋਰਡ ਦਾ ਮਿਡਲ ਸਕੂਲ ਬਣਿਆ ਸੀæ ਜੇ ਪੱਤੋ ਵਿਚ ਸਰਕਾਰੀ ਹਾਈ ਸਕੂਲ ਬਣਵਾਉਣ ਵਾਲਾ ਸਰਦਾਰ ਹੀਰਾ ਸਿੰਘ ਸੀ ਤਾਂ ਸੇਖੇ ਵਿਚ ਡੀ।ਬੀ। ਮਿਡਲ ਸਕੂਲ ਬਣਵਾਉਣ ਵਾਲਾ ਸਰਦਾਰ ਜਿਉਣ ਸਿੰਘ ਸੀæ ਜੇ ਪੱਤੋ ਸਕੂਲ ਵਿਚ ਬੋਰਡਿੰਗ ਹਾਊਸ ਸੀ ਤਾਂ ਸੇਖੇ ਵਿਚ ਵੀ ਦੂਰੋਂ ਦੂਰੋਂ ਪੜ੍ਹਨ ਆਉਂਦੇ ਪਾੜ੍ਹਿਆਂ ਦੀ ਰਹਾਇਸ਼ ਲਈ ਸਕੂਲ ਦੇ ਨਾਲ ਬੋਰਡਿੰਗ ਹਾਊਸ ਬਣਿਆ ਹੋਇਆ ਸੀæ ਫਿਰ ਝਟ ਹੀ ਖਿਆਲ ਆ ਗਿਆ ਕਿ ਦੋਹਾਂ ਦਾ ਮੁਕਾਬਲਾ ਕਰਨਾ ਠੀਕ ਨਹੀਂæ ਪੱਤੋ ਦਾ ਸਕੂਲ ਸ਼ਾਨ ਨਾਲ ਚੱਲਦਾ ਰਿਹਾ ਅਤੇ ਉੱਥੋਂ ਦੇ ਮੁੰਡੇ ਪੜ੍ਹ ਕੇ ਬਹੁਤ ਉੱਚੀਆਂ ਪਦਵੀਆਂ Ḕਤੇ ਪਹੁੰਚ ਗਏæ ਪਰ ਇਸ ਦੇ ਉਲਟ ਮੇਰੇ ਪਿੰਡ ਦਾ ਸਕੂਲ ਮਿਡਲ ਤੋਂ ਟੁੱਟ ਕੇ ਲੋਇਰ ਮਿਡਲ ਬਣ ਗਿਆ ਸੀæ ਭਾਵੇਂ ਕਿ ਬਾਹਰਲੇ ਪਿੰਡਾਂ ਤੋਂ ਬਹੁਤ ਮੁੰਡੇ ਸਾਡੇ ਪਿੰਡ ਪੜ੍ਹਨ ਆਉਂਦੇ ਸੀ ਪਰ ਜਿੱਥੇ ਕਿ ਮਿਡਲ ਸਕੂਲ ਸੀ, ਉੱਥੋਂ ਦੇ ਮੁੰਡੇ ਤਾਂ ਸਕੂਲ ਵਿਚ ਪੜ੍ਹਨ ਹੀ ਬਹੁਤ ਘੱਟ ਜਾਂਦੇ ਸਨæ ਮਿਡਲ ਸਕੂਲ ਬਣੇ ਰਹਿਣ ਤੱਕ ਸਾਰੇ ਪਿੰਡ ਵਿਚੋਂ ਮਸਾਂ ਦਸ ਬਾਰਾਂ ਮੁੰਡੇ ਮਿਡਲ ਪਾਸ ਕਰ ਸਕੇ ਹੋਣਗੇæ ਉਹਨਾ ਵਿਚੋਂ ਵੀ ਸਿਰਫ ਚਾਰ ਪੰਜ ਮਿਡਲ ਪਾਸ ਮੁੰਡੇ ਹੀ ਨੌਕਰੀ ਲੱਗੇ ਸਨ ਭਾਵੇਂ ਕਿ ਉਸ ਸਮੇਂ ਪ੍ਰਾਇਮਰੀ ਪਾਸ ਪਟਵਾਰੀ ਲੱਗ ਜਾਂਦਾ ਸੀæ ਪਿੰਡ ਦੇ ਮੁੰਡਿਆ ਦੀ ਪੜ੍ਹਨ ਵੱਲ ਰੁਚੀ ਨਾ ਹੋਣ ਦੇ ਕਾਰਨ ਹੀ ਸਕੂਲ ਅੱਠਾਂ ਤੋਂ ਛੇ ਜਮਾਤਾਂ ਦਾ ਰਹਿ ਗਿਆæ
ਘਾਲੀ ਨੇ ਪੱਤੋਂ ਦੇ ਸ਼ੌਕੀਨਾਂ ਬਾਰੇ ਵੀ ਗੱਲ ਕੀਤੀ ਸੀæ ਉਸ ਸਮੇਂ ਮੈਂ ਆਪਣੇ ਪਿੰਡ ਦੇ ਈਸ਼ਰ ਸਿੰਘ ਬਾਰੇ ਵੀ ਗੱਲ ਕਰ ਸਕਦਾ ਸੀæ ਮੈਂ ਸੁਣਿਆ ਹੋਇਆ ਸੀ ਕਿ ਸਾਡੇ ਪਿੰਡ ਵਿਚ ਈਸ਼ਰ ਟੁੱਲੂ ਕਾ ਬੜਾ ਸ਼ੌਕੀਨ ਬੰਦਾ ਹੁੰਦਾ ਸੀæ ਪਿਉ ਦਾ ਇਕਲੋਤਾ ਲਾਡਲਾ ਪੁੱਤਰ, ਪਿਉ ਦੀ ਮੌਤ ਮਗਰੋਂ ਉਹ ਸਵਾ ਸੌ ਘੁਮਾਂ ਭੁਏਂ ਦਾ ਮਾਲਕ ਬਣ ਗਿਆ ਸੀæ ਉਸ ਦੀ ਜ਼ਮੀਨ ਦਾ ਇਕ ਟੱਕ ਨਹਿਰੀ ਪਾਣੀ ਹੇਠ ਆ ਜਾਣ ਕਰਕੇ ਜ਼ਮੀਨ ਦੀ ਕੀਮਤ ਵੀ ਵੱਧ ਗਈ ਸੀ ਅਤੇ ਉਹ ਪਿੰਡ ਦੇ ਰਈਸਾਂ ਵਿਚ ਗਿਣਿਆ ਜਾਣ ਲੱਗ ਪਿਆ ਸੀæ ਰਈਸੀ ਠਾਠ ਵਿਚ ਜਦੋਂ ਵੀ ਉਹ ਘਰੋਂ ਬਾਹਰ ਨਿਕਲਦਾ, ਰੇਸ਼ਮੀ ਕੁਰਤਾ ਚਾਦਰਾ ਪਹਿਨਦਾ ਅਤੇ ਸਿਰ ਉਪਰ ਟਸਰੀ ਪੱਗ ਹੁੰਦੀ ਜਾਂ ਫਿਰ ਦੋ ਘੋੜੇ ਦੀ ਬੋਸਕੀ ਦਾ ਚਾਦਰਾ, ਕਲੀਆਂ ਵਾਲਾ ਕੁਰਤਾ ਅਤੇ ਢਾਕੇ ਦੀ ਮਲਮਲ ਦੀ ਟੌਰੇ ਵਾਲੀ ਪੱਗ਼ ਉਸ ਦੇ ਪੈਰੀਂ ਹਮੇਸ਼ਾ ਸੁੱਚੇ ਤਿੱਲੇ ਦੀ ਕਢਾਈ ਵਾਲੀ ਨੋਕਦਾਰ ਜੁੱਤੀ ਹੁੰਦੀ æ ਸਵਾਰੀ ਲਈ ਦੋ ਘੋੜੀਆਂ ਰੱਖੀਆਂ ਹੁੰਦੀਆਂæ ਸ਼ਾਹ ਖਰਚ ਸੀ ਉਹæ ਕਹਿੰਦੇ ਨੇ ਕਿ ਉਹ ਆਪਣੇ ਕਪੜਿਆਂ ਨੂੰ ਧੋਅ ਨਹੀਂ ਸੀ ਪਾਉਂਦਾæ ਜਦੋਂ ਕਪੜੇ ਧੋਣ ਵਾਲੇ ਹੋ ਜਾਂਦੇ ਤਾਂ ਉਹ ਆਪਣੇ ਯਾਰਾਂ ਬੇਲੀਆਂ ਵਿਚ ਵੰਡ ਦਿੰਦਾæ ਜਦੋਂ ਕਿਤੇ ਬਾਹਰ ਜਾਣਾ ਹੁੰਦਾ ਤਾਂ ਇਕ ਘੋੜੀ Ḕਤੇ ਆਪ ਅਤੇ ਇਕ ਘੋੜੀ Ḕਤੇ ਉਸ ਦਾ ਕੋਈ ਪਾਸ਼ੂ ਹੁੰਦਾæ ਬਾਹਰ ਗਿਆ ਉਹ ਕਈ ਕਈ ਦਿਨ ਪਿੰਡ ਨਾ ਮੁੜਦਾæ ਉਹ ਕਬੂਤਰਬਾਜ਼ ਵੀ ਸੀæ ਜਦੋਂ ਪਿੰਡ ਵਿਚ ਬਾਜ਼ੀ ਪੈਣੀ ਹੁੰਦੀ ਤਾਂ ਸ਼ਾਮ ਨੂੰ ਉਸ ਦੇ ਘਰ ਵਿਚ ਮਹਿਫਲਾਂ ਜੁੜਦੀਆਂ ਅਤੇ ਮੁਰਗੇ ਸ਼ਰਾਬਾਂ ਉਡਦੀਆਂæ ਚਾਪਲੂਸ ਉਸ ਦੇ ਅੱਗੇ ਪਿੱਛੇ ਫਿਰਦੇ ਰਹਿੰਦੇæ ਅਫੀਮ ਵੀ ਉਹ ਦਿਹਾੜੀ ਵਿਚ ਦੋ ਵਾਰ ਰੀਠੇ ਜਿੰਨੀ ਖਾਂਦਾ ਸੀæ ਉਸ ਨੇ ਨਾ ਆਪ ਹੱਥੀਂ ਕੰਮ ਕੀਤਾ ਅਤੇ ਨਾ ਹੀ ਸੀਰੀ ਸਾਂਝੀਆਂ ਕੋਲੋਂ ਧੜੱਲੇ ਨਾਲ ਕੰਮ ਕਰਵਾਇਆ, ਬੱਸ ਫੈਲਸੂਫੀਆਂ ਵਿਚ ਹੀ ਗੁਲਤਾਨ ਰਿਹਾæ ਵਿਆਹ ਭਾਵੇਂ ਉਸ ਨੇ ਦੋ ਕਰਵਾਏ ਸਨ ਪਰ ਉਲਾਦੋਂ ਸੱਖਣਾ ਹੀ ਰਿਹਾæ ਹਰ ਸਾਲ ਦੋ ਚਾਰ ਘੁਮਾਂ ਪੈਲ਼ੀ ਬੈਅ ਕਰ ਦਿੰਦਾæ ਹੌਲ਼ੀ ਹੌਲ਼ੀ ਸਾਰੀ ਜ਼ਮੀਨ ਖੁਰਦੀ ਗਈæ ਅਖੀਰ ਉਸ ਦੇ ਪੱਲੇ ਕੱਖ ਨਾ ਰਿਹਾ ਅਤੇ ਉਹ ਨੰਗ ਹੋ ਗਿਆæ ਜਦੋਂ ਮੈਂ ਉਸ ਨੂੰ ਪਹਿਲੀ ਵਾਰ ਦੇਖਿਆ, ਉਸ ਸਮੇਂ ਮੇਰੀ ਉਮਰ ਸੱਤ ਅੱਠ ਸਾਲ ਹੋਵੇਗੀ ਅਤੇ ਉਸ ਦੀ ਸੱਠ ਸਾਲ ਦੇ ਕਰੀਬæ ਉਸ ਦੇ ਸਿਰ ਉਪਰ ਮੈਲ਼ੀ ਜਿਹੀ ਪੱਗ ਲਪੇਟੀ ਹੋਈ, ਗਲ਼ ਖੱਦਰ ਦਾ ਪੁਰਾਣਾ ਜਿਹਾ ਕੁਰਤਾ, ਗੰਦਾ ਇੰਨਾ ਕਿ ਉਸ ਦੇ ਰੰਗ ਦੀ ਪਛਾਣ ਕਰਨੀ ਔਖੀæ ਭੂਸਲੇ ਜਿਹੇ ਰੰਗ ਦੀ ਖਿੱਲਰੀ ਦਾਹੜੀ ਕੰਡੇਰਨੇ ਵਾਂਗ ਜਾਪਦੀ ਸੀæ ਚਿਹਰੇ ਨੂੰ ਦੇਖ ਕੇ ਅਨੁਮਾਨ ਨਹੀਂ ਸੀ ਲਾਇਆ ਜਾ ਸਕਦਾ ਕਿ ਉਸ ਦਾ ਰੰਗ ਗੋਰਾ ਹੋਵੇਗਾ ਕਿ ਕਣਕਵੰਨਾæ ਉਹ, ਹੱਡੀਆਂ ਦੀ ਮੁੱਠ, ਅਗਾਂਹ ਨੂੰ ਲੱਤਾਂ ਕਰ ਕੇ ਹੱਥਾਂ ਦੇ ਸਹਾਰੇ ਘਿਸੜਦਾ ਹੋਇਆ ਬਖਤਾ ਪੱਤੀ ਦੀ ਧਰਮਸ਼ਾਲਾ ਕੋਲ ਜਾ ਰਿਹਾ ਸੀæ ਉਸ ਸਮੇਂ ਉਸ ਦਾ ਚੂਕਣਾ ਟੁੱਟੇ ਨੂੰ ਦੋ ਸਾਲ ਤੋਂ ਉੱਪਰ ਹੋ ਗਏ ਹੋਣਗੇæ ਹੁਣ ਉਸ ਦਾ ਕੋਈ ਘਰ ਬਾਰ ਨਹੀਂ ਰਹਿ ਗਿਆ ਸੀ ਅਤੇ ਉਹ ਮੰਗਤਿਆਂ ਵਾਂਗ ਸ਼ਰੀਕਾਂ ਦੇ ਘਰਾਂ ਵਿਚੋਂ ਰੋਟੀਆਂ ਮੰਗ ਕੇ ਖਾਂਦਾ ਸੀæ ਫਿਰ ਉਹ ਗਲੀਆਂ ਵਿਚ ਘਿਸੜਨ ਜੋਗਾ ਵੀ ਨਾ ਰਿਹਾ ਅਤੇ ਇਕ ਦਿਨ ਪਤਾ ਲੱਗਾ ਕਿ ਉਸ ਦੀ ਮੌਤ ਹੋ ਗਈ ਹੈæ ਉਹਦੇ ਮਰਨ ਤੋਂ ਲੋਕ ਉਸ ਦੀ ਰੰਗੀਨ ਮਜਾਜੀ ਦੀਆਂ ਗੱਲਾਂ ਵੀ ਕਰਦੇ ਅਤੇ ਲਾਹਣਤਾਂ ਵੀ ਪਾਉਂਦੇæ ਸਵਾ ਸੌ ਘੁਮਾਂ ਜ਼ਮੀਨ ਦੇ ਮਾਲਕ ਨੂੰ ਗਲ਼ੀਆਂ ਵਿਚ ਰੁਲ਼ ਕੇ ਮਰਦੇ ਨੂੰ ਮੈਂ ਅੱਖੀਂ ਦੇਖਿਆæ ਅਜੇਹਾ ਲਾਹਣਤੀ ਬੰਦਾ ਭਲਾ ਸਾਡੇ ਪਿੰਡ ਦਾ ਮਾਣ ਕਿਵੇਂ ਬਣ ਸਕਦਾ ਸੀæ
ਸਧਾਰਨ ਜਿਹੀ ਗੱਲ Ḕਤੇ ਆਪਣੀ ਹਉਂਮੈਂ ਨੂੰ ਪੱਠੇ ਪਾਉਣ ਲਈ ਹੀ ਦੁਸ਼ਮਣੀਆਂ ਸਹੇੜ ਲੈਣੀਆਂ ਤਾਂ ਸਾਡੇ ਪਿੰਡਾਂ ਦਾ ਆਮ ਵਰਤਾਰਾ ਰਿਹਾ ਹੈæ ਮੇਲੇ ਮਸਾਬ੍ਹਿਆਂ Ḕਤੇ ਮਿੱਥ ਕੇ ਲੜਾਈਆਂ ਹੁੰਦੀਆਂæ ਇਕੋ ਪਿੰਡ ਦੀਆਂ ਦੋ ਟੋਲੀਆਂ ਵਿਚਕਾਰ ਵੀ ਅਤੇ ਇਕ ਪਿੰਡ ਦੇ ਬੰਦਿਆਂ ਦੀ ਦੂਜੇ ਪਿੰਡ ਦੇ ਬੰਦਿਆਂ ਨਾਲ ਵੀæ ਕਈ ਵਾਰ ਤਾਂ ਇਹ ਦੁਸ਼ਮਣੀਆਂ ਕਈ ਕਈ ਪੀੜ੍ਹੀਆਂ ਤੱਕ ਚਲਦੀਆ ਰਹਿੰਦੀਆਂæ ਫੋਕੀ ਟੈਂਅ ਤੇ ਹਉਂ ਕਾਰਨ ਹੋਈਆਂ ਲੜਾਈਆਂ ਨੇ ਪਿੰਡਾਂ ਦੇ ਬਹੁਤ ਘਰ ਬਰਬਾਦ ਕੀਤੇ ਅਤੇ ਇਹ ਟੈਂਅ ਪਿੰਡਾਂ ਦੀ ਗਰੀਬੀ ਦਾ ਕਾਰਨ ਵੀ ਬਣੀæ ਇਹ ਕੋਈ ਮਾਣ ਕਰਨ ਵਾਲੀ ਗੱਲ ਨਹੀਂæ ਇਹੋ ਗੱਲ ਪ੍ਰਕਾਸ਼ ਨੇ ਕਹੀ ਸੀæ ਮੇਰੇ ਪਿੰਡ ਦਾ ਇਕ ਪਰਵਾਰ ਵੀ ਇਸ ਟੈਂਅ ਦਾ ਸ਼ਿਕਾਰ ਰਿਹਾ ਹੈæ ਉਸ ਪਰਵਾਰ ਦੀ ਦੁਸ਼ਮਣੀ ਦੇ ਅੰਤ ਵਿਚ ਜਿਹੜੇ ਦੋ ਬੰਦਿਆਂ ਦੇ ਕਤਲ ਹੋਏ ਸਨ, ਉਹਨਾਂ ਦੀ ਧੁੰਧਲੀ ਜਿਹੀ ਯਾਦ ਅਜੇ ਵੀ ਮੇਰੇ ਚੇਤੇ ਵਿਚ ਸਮਾਈ ਹੋਈ ਹੈæ ਸਾਡੇ ਪਿੰਡ ਦੀ ਇਕ ਪੱਤੀ ਵਿਚ ਦੋ ਸਕੇ ਭਰਾ ਰਹਿੰਦੇ ਸਨæ ਦੋ ਸੌ ਘੁਮਾਂ ਦੇ ਮਾਲਕæ ਦੋਹਾਂ ਭਰਾਵਾਂ ਦਾ ਪਰਵਾਰ ਵੱਡਾ ਵੀ ਸੀ ਅਤੇ ਮਿਹਨਤੀ ਵੀæ ਲੋਕ ਉਸ ਘਰ ਦੀ ਮਿਸਾਲ ਦਿਆ ਕਰਦੇ ਸਨæ ਇਕ ਦਿਨ ਦੋਹਾਂ ਭਰਾਵਾਂ ਦੇ ਮੁੰਡੇ ਕਿਸੇ ਗੱਲੋਂ ਖਹਿਬੜ ਪਏæ ਦੋਹਾਂ ਦੀ ਟੈਂਅ ਵਿਚਕਾਰ ਆ ਗਈæ ਕੋਈ ਵੀ ਥਿਬਣ ਲਈ ਤਿਆਰ ਨਹੀਂ ਸੀ ਅਤੇ ਇਕ ਦਾ ਦੂਜੇ ਹੱਥੋਂ ਕਤਲ ਹੋ ਗਿਆæ ਘਰ ਨਾਲੋ ਨਾਲ ਸਨæ ਝਟ ਕੰਧਾਂ ਉੱਚੀਆਂ ਹੋ ਗਈਆਂæ ਮੁਕੱਦਮਾ ਚੱਲਿਆæ ਦੋਹਾਂ ਘਰਾਂ ਦੀਆਂ ਰਿਸ਼ਤੇਦਾਰੀਆਂ ਸਾਂਝੀਆਂæ ਕਿਹੜਾ ਕੀਹਦੀ ਮਦਦ Ḕਤੇ ਜਾਵੇæ ਮੁਕੱਦਮੇ ਦਾ ਅਜੇ ਕੋਈ ਫੈਸਲਾ ਨਹੀਂ ਸੀ ਹੋਇਆ ਕਿ ਜਿਨ੍ਹਾਂ ਦਾ ਕਤਲ ਹੋਇਆ ਸੀ, ਉਹਨਾਂ ਨੇ ਦੂਜਿਆਂ ਦਾ ਇਕ ਬੰਦਾ ਕਤਲ ਕਰ ਦਿੱਤਾæ ਦੁਸ਼ਮਣੀ ਹੋਰ ਪੱਕੀ ਹੋ ਗਈæ ਜਦੋਂ ਮੌਕਾ ਲਗਦਾ ਇਕ ਧਿਰ ਦੂਜੀ ਧਿਰ ਦਾ ਬੰਦਾ ਮਾਰ ਦਿੰਦੀæ ਦੋਹਾਂ ਘਰਾਂ ਦੀ ਜ਼ਮੀਨ ਇਕੋ ਪਾਸੇ ਸੀæ ਇਕੱਲਾ Ḕਕਹਿਰਾ ਕੋਈ ਖੇਤ ਨਹੀਂ ਸੀ ਜਾਂਦਾæ ਨਾ ਸਮੇਂ ਸਿਰ ਫਸਲ ਬੀਜੀ ਜਾਂਦੇ ਅਤੇ ਨਾ ਘਰ ਦਾਣੇ ਆਉਂਦੇæ ਮੁਕੱਦਮਿਆ Ḕਤੇ ਖਰਚਾ ਲੋਹੜੇ ਦਾæ ਜ਼ਮੀਨ ਗਹਿਣੇ ਬੈਅ ਹੋਣ ਲੱਗੀ ਅਤੇ ਕੁਝ ਸਾਲਾਂ ਵਿਚ ਹੀ ਦੋਵੇਂ ਘਰ ਬਰਬਾਦ ਹੋ ਗਏæ ਫਿਰ ਉਹਨਾਂ ਵਿਚ ਦੁਸ਼ਮਣੀ ਨੂੰ ਚਾਲੂ ਰੱਖਣ ਦੀ ਸੱਤਿਆ ਹੀ ਨਹੀਂ ਸੀ ਰਹਿ ਗਈ ਜਾਂ ਕਿਸੇ ਜਬ੍ਹੇ ਵਾਲੇ ਰਿਸ਼ਤਦਾਰ ਰਾਹੀਂ ਸਮਝੌਤਾ ਹੋ ਗਿਆ ਸੀ, ਦੋਹਾਂ ਪਰਵਾਰਾਂ ਵਿਚ ਪਿੱਛੇ ਜਿਹੜੇ ਦੋ ਚਾਰ ਜੀਅ ਰਹਿ ਗਏ ਸਨ ਉਹਨਾਂ ਵਿਚ ਮੁੜ ਕੋਈ ਝਗੜਾ ਨਹੀਂ ਸੀ ਹੋਇਆæ ਸਮਾਂ ਦੇ ਬੀਤਣ ਨਾਲ ਉਹ ਮੁੜ ਪੈਰਾਂ ਸਿਰ ਹੋ ਗਏæ
ਘਾਲੀ ਦੇ ਕਮਰੇ ਵਿਚ ਸਰਵਣ ਨੇ ਕਿਹਾ ਸੀ, Ḕਸਾਡਾ ਪਿੰਡ ਮੋਹਣ ਸਿੰਘ ਦੇ ਕਵੀਸ਼ਰੀ ਜੱਥੇ ਕਾਰਨ ਮਸ਼ਹੂਰ ਹੈ|Ḕ ਮੰਜੇ Ḕਤੇ ਪਲਸੇਟੇ ਮਾਰਦਿਆਂ ਮੈਨੂੰ ਖਿਆਲ ਆਇਆ ਕਿ ਕਦੇ ਸਾਡੇ ਪਿੰਡ ਦਾ ਵੀ ਇਕ ਕਵੀਸ਼ਰੀ ਜੱਥਾ ਹੁੰਦਾ ਸੀæ ਜੱਥੇ ਦਾ ਅਗਵਾਨੂੰ ਸਾਡੇ ਪਿੰਡ ਦਾ ਜਵਾਈ ਵਸਾਖਾ ਸਿੰਘ ਕਵੀਸ਼ਰ ਹੁੰਦਾ ਸੀ ਅਤੇ ਉਸ ਦੇ ਜੋਟੀਦਾਰ ਹੁੰਦੇ ਸੀ, ਮੇਰਾ ਸਕਾ ਚਾਚਾ ਮਿਹਰ ਸਿੰਘ, ਹਰੀ ਸਿੰਘ ਅਤੇ ਖੜਕ ਸਿੰਘæ ਉਹ ਪਿੰਡ ਵਿਚ ਕਿਸੇ ਤਿਥਿ ਤਿਉਹਾਰ Ḕਤੇ ਕਵੀਸ਼ਰੀ ਕਰ ਛੱਡਦੇæ ਕਦੀ ਕਦਾਈ ਵਸਾਖਾ ਸਿੰਘ ਨਾਲ ਪਿੰਡੋਂ ਬਾਹਰ ਵੀ ਕਵੀਸ਼ਰੀ ਕਰਨ ਚਲੇ ਜਾਂਦੇ ਸਨ ਪਰ ਛੇਤੀ ਹੀ ਇਹ ਕਵੀਸ਼ਰੀ ਜੱਥਾ ਬਿਖਰ ਗਿਆ ਕਿਉਂਕਿ ਹਰੀ ਸਿੰਘ ਦੀ ਭਰ ਜਵਾਨੀ ਵਿਚ ਮੌਤ ਹੋ ਗਈ ਅਤੇ ਖੜਕ ਸਿੰਘ ਪਿੰਡ ਛੱਡ ਕੇ ਕਲਕੱਤੇ ਚਲਾ ਗਿਆæ ਚਾਚੇ ਨੂੰ ਆਪਣੇ ਖੇਤੀ ਦੇ ਧੰਦਿਆਂ Ḕਚੋਂ ਹੀ ਵਿਹਲ ਨਹੀਂ ਸੀ ਮਿਲਦੀæ ਫਿਰ ਵੀ ਜਦੋਂ ਕਦੀ ਵਸਾਖਾ ਸਿੰਘ ਨੇ ਸਾਡੇ ਪਿੰਡ ਆਉਂਣਾ ਤਾਂ ਚਾਚਾ ਮਿਹਰ ਸਿੰਘ ਨੇ ਉਸ ਨਾਲ ਮਿਲ ਕੇ ਕਿਸੇ ਧਰਮਸ਼ਾਲਾ ਜਾਂ ਗੁਰਦਵਾਰੇ ਵਿਚ ਪਿੰਡ ਵਾਸੀਆਂ ਨੂੰ ਕੁਝ ਛੰਦ ਸੁਣਾ ਕਵੀਸ਼ਰੀ ਗਾਉਣ ਦਾ ਝੱਸ ਪੂਰਾ ਕਰ ਲੈਣਾæ ਇਸ ਤਰ੍ਹਾਂ ਚਾਚੇ ਦੇ ਨਾਮ ਨਾਲ ਕਵੀਸ਼ਰ ਦਾ ਲਕਬ ਲੱਗ ਗਿਆ ਸੀæ
ਸਾਡੇ ਵਿਚੋਂ ਇਕ ਨੇ ਇਹ ਵੀ ਕਿਹਾ ਸੀ, Ḕਸਾਡੇ ਪਿੰਡ ਚੇਤ ਚੌਦੇ ਦਾ ਮੇਲਾ ਲਗਦਾ ਹੈ|Ḕ ਮੈਂ ਸੋਚਿਆ ਕਿ ਉਸ ਸਮੇਂ ਮੈਨੂੰ ਸਾਡੇ ਪਿੰਡ ਦਾ ਨਗਰ ਕੀਰਤਨ ਕਿਉਂ ਨਾ ਯਾਦ ਆਇਆ! ਨਗਰ ਕੀਰਤਨ ਕੱਢਣ ਦੀ ਪ੍ਰਥਾ ਤਾਂ ਮੇਰੇ ਪਿੰਡ ਮੇਰੀ ਸੁਰਤ ਤੋਂ ਵੀ ਪਹਿਲਾਂ ਦੀ ਚਲੀ ਆ ਰਹੀ ਸੀæ ਸਾਡੇ ਪਿੰਡ ਮੇਲਾ ਤਾਂ ਨਹੀਂ ਸੀ ਕੋਈ ਲਗਦਾ ਪਰ ਸਾਲ ਵਿਚ ਇਕ ਵਾਰ ਮੇਲੇ ਵਰਗਾ ਮਾਹੌਲ ਜ਼ਰੂਰ ਬਣ ਜਾਂਦਾæ ਪਹਿਲਾਂ ਪਿੰਡ ਵਿਚ ਇਕੋ ਗੁਰਦਵਾਰਾ ਹਰਿਗੋਬਿੰਦ ਸਾਹਿਬ ਹੀ ਹੁੰਦਾ ਸੀ ਜਿੱਥੇ ਹਰ ਸਾਲ ਪੋਹ ਸੁਦੀ ਸਤਮੀਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਉਤਸਵ ਬੜੀ ਸ਼ਰਧਾ, ਉਤਸਾਹ ਅਤੇ ਧੂਮ ਧਾਮ ਨਾਲ ਮਨਾਇਆ ਜਾਂਦਾæ ਅਖੰਡ ਪਾਠ ਦੇ ਭੋਗ ਤੋਂ ਚਾਰ ਦਿਨ ਪਹਿਲਾਂ, ਪੋਹ ਸੁਦੀ ਚਾਰ ਨੂੰ ਨਗਰ ਕੀਰਤਨ ਕੱਢਿਆ ਜਾਂਦਾ, ਜਿਸ ਨੂੰ ਪਹਿਲੀਆਂ ਵਿਚ ਜਲੂਸ ਕਿਹਾ ਜਾਂਦਾ ਸੀæ ਉਸ ਵਿਚ ਆਲ਼ੇ ਦੁਆਲ਼ੇ ਦੇ ਪਿੰਡਾਂ ਤੋਂ ਸੰਗਤਾਂ ਵੀ ਸ਼ਾਮਲ ਹੁੰਦੀਆਂæ ਇਕ ਮਹੀਨਾ ਪਹਿਲਾਂ ਹੀ ਪਿੰਡ ਵਿਚ ਜਲੂਸ ਲਈ ਤਿਆਰੀਆਂ ਅਰੰਭ ਹੋ ਜਾਂਦੀਆਂæ ਇਸ ਜਲੂਸ ਦੀ ਨਿਰਾਲੀ ਹੀ ਸ਼ਾਨ ਹੁੰਦੀ ਸੀæ ਦਿਨ ਦੇ ਗਿਆਰਾਂ ਵਜੇ ਗੁਰਦਵਾਰੇ ਵਿਚੋਂ ਇਕ ਨੀਲੇ ਬਾਣੇ ਵਿਚ ਸਜਿਆ ਸਿੰਘ ਨਿਸ਼ਾਨ ਸਾਹਿਬ ਲੈ ਕੇ ਅੱਗੇ ਤੁਰਦਾæ ਉਸ ਦੇ ਮਗਰ ਪੰਜ ਪਿਆਰੇ ਨੀਲੇ ਚੋਲਿਆਂ ਵਿਚ ਹੱਥਾਂ ਵਿਚ ਨੰਗੇ ਸਿਰੀ ਸਾਹਿਬ ਫੜੀ, ਨੰਗੇ ਪੈਰੀ ਵਾਹਿਗੁਰੂ ਦਾ ਜਾਪ ਕਰਦੇ ਹੋਏ ਚਲਦੇæ ਉਸ ਦੇ ਮਗਰ ਪਾਲਕੀ ਸਾਹਿਬ ਵਿਚ ਸ਼ਸ਼ੋਭਤ ਗੂਰ ਗਰੰਥ ਸਾਹਿਬ ਚਾਰ ਸੇਵਾਦਾਰਾਂ ਦੇ ਮੋਢਿਆਂ ਉਪਰ ਹੁੰਦਾæ ਉਸ ਦੇ ਮਗਰ ਸ਼ਬਦ ਕੀਰਤਨ ਕਰਦੇ ਰਾਗੀ ਚਲਦੇæ ਭਰ ਸਿਆਲ ਦੀ ਰੁੱਤ ਵਿਚ ਸਭ ਸੇਵਾਦਾਰ ਨੰਗੇ ਪੈਰੀ ਹੁੰਦੇæ ਪਿੱਛੇ ਨਾਮ ਜਪਦੀ ਸੰਗਤ ਹੁੰਦੀæ ਚਾਰਾਂ ਅਗਵਾੜਾ ਦੀਆਂ ਧਰਮਸ਼ਾਲਾਵਾਂ ਵਿਚ ਚਾਰ ਪੜਾਅ ਹੁੰਦੇ, ਜਿੱਥੇ ਸੰਗਤਾਂ ਨੂੰ ਚਾਹ ਪਾਣੀ ਅਤੇ ਲੰਗਰ ਛਕਾਇਆ ਜਾਂਦਾæ ਧਰਮਸ਼ਾਲਾ ਵਿਚ ਸਟੇਜ ਲਾਈ ਜਾਂਦੀ, ਜਿੱਥੇ ਬਾਹਰੋਂ ਮੰਗਵਏ ਕਵੀਸ਼ਰਾਂ ਜਾਂ ਢਾਡੀ ਜੱਥਿਆਂ ਵੱਲੋਂ ਧਾਰਮਿਕ ਪ੍ਰਸੰਗ ਸੁਣਾਏ ਜਾਂਦੇæ ਕਿਸੇ ਸਮੇਂ ਇਨ੍ਹਾਂ ਸਟੇਜਾਂ Ḕਤੇ ਸਿਵੀਆਂ ਵਾਲੇ ਕਰਮ ਸਿ|ੰਘ ਜੋਗੀ ਨਾਲ ਗਿਆਨੀ ਜ਼ੈਲ ਸਿੰਘ ਵੀ ਕੀਰਤਨ ਕਰਕੇ ਗਏ ਸਨæ ਫਿਰ ਕਰਮ ਸਿੰਘ ਜੋਗੀ ਦੇ ਲੜਕੇ ਗੁਰਦੇਵ ਸਿੰਘ ਜੋਗੀ ਦਾ ਢਾਡੀ ਜੱਥਾ, ਰੋਡਿਆਂ ਵਾਲੇ ਮੋਹਣ ਸਿੰਘ ਦਾ ਕਵੀਸ਼ਰੀ ਜੱਥਾ ਅਤੇ ਕਰਨੈਲ ਸਿੰਘ ਪਾਰਸ ਦਾ ਕਵੀਸ਼ਰੀ ਜੱਥਾ ਆਦਿਕ ਨਗਰ ਕੀਰਤਨ Ḕਤੇ ਬੋਲਣ ਲਈ ਆਉਂਦੇ ਰਹੇ ਸਨæ ਵਿਸਾਖਾ ਸਿੰਘ ਦਾ ਕਵੀਸ਼ਰੀ ਜੱਥਾ ਲੋਕਲ ਹੋਣ ਕਰਕੇ ਹਰ ਸਾਲ ਹੀ ਸ਼ਾਮਲ ਹੁੰਦਾæ ਖੜਕ ਸਿੰਘ ਅਤੇ ਹਰੀ ਸਿੰਘ ਦੇ ਸਾਥ ਛੱਡ ਜਾਣ ਮਗਰੋਂ ਵਿਸਾਖਾ ਸਿੰਘ ਅਤੇ ਚਾਚਾ ਮਿਹਰ ਸਿੰਘ ਹੀ ਰਹਿ ਗਏ, ਉਹੀ ਕਵੀਸ਼ਰੀ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਦੇæ ਬਾਹਰੋਂ ਆਈ ਸੰਗਤ ਤਾਂ ਅਖੀਰਲੇ ਪੜਾਅ, ਲੱਖੂ ਪੱਤੀ ਦੀ ਸਟੇਜ ਤੋਂ ਕਵੀਸ਼ਰਾਂ, ਢਾਡੀਆਂ ਦੇ ਪ੍ਰਸੰਗ ਸੁਣ ਕੇ ਆਪਣੇ ਪਿੰਡਾਂ ਨੂੰ ਵਾਪਸ ਮੁੜ ਜਾਂਦੀæ ਪਿੰਡ ਦੀ ਸੰਗਤ ਵੀ ਹੋਲ਼ੀ ਹੌਲ਼ੀ ਘਰਾਂ ਨੂੰ ਜਾਣ ਲਗਦੀæ ਜਦੋਂ ਸਾਰੇ ਪਿੰਡ ਦੀ ਪ੍ਰਕਰਮਾ ਕਰਕੇ ਸ਼ਾਮ ਨੂੰ ਨਗਰ ਕੀਤਨ ਗੁਰਦਵਾਰੇ ਮੁੜਦਾ ਤਾਂ ਸੇਵਾਦਾਰਾਂ ਤੋਂ ਬਿਨਾਂ ਕੁਝ ਸ਼ਰਧਾਲੂ ਹੀ ਨਾਲ ਹੁੰਦੇ ਜਾਂ ਫਿਰ ਦੂਰੋਂ ਆਈ ਸੰਗਤ ਵਿਚੋਂ ਜਿਨ੍ਹਾਂ ਨੇ ਆਪਣੀਆਂ ਰਿਸ਼ਤੇਦਾਰੀਆਂ ਵਿਚ ਠਹਿਰਨਾ ਹੁੰਦਾ, ਉਹ ਗੁਰਦਵਾਰੇ ਤੱਕ ਜਾਂਦੇæ ਜਿਸ ਸਮੇਂ ਨੇੜੇ ਤੇੜੇ ਦੇ ਪਿੰਡਾਂ ਵਿਚ ਕੋਈ ਅਜੇਹੀ ਪ੍ਰਥਾ ਨਹੀਂ ਸੀæ ਸਾਡੇ ਪਿੰਡ ਵਿਚ ਨਗਰ ਕੀਰਤਨ ਦਾ ਨਿਕਲਣਾ ਮਾਣ ਵਾਲੀ ਗੱਲ ਸੀæ ਇਹ ਪ੍ਰਥਾ ਅੱਜ ਤੱਕ ਵੀ ਚਲੀ ਆ ਰਹੀ ਹੈ ਪਰ ਪਹਿਲਾਂ ਵਾਲੀ ਸ਼ਰਧਾ ਤੇ ਉਤਸਾਹ ਨਹੀਂ ਰਹਿ ਗਿਆæ
ਘਾਲੀ ਦੇ ਕਮਰੇ ਵਿਚ ਬੈਠਿਆਂ ਅਜ਼ਾਦੀ ਘੁਲਾਟੀਆਂ ਦੀ ਗੱਲ ਵੀ ਚੱਲੀ ਸੀæ ਸਾਡੇ ਪਿੰਡੋਂ ਵੀ ਕੁਝ ਬੰਦੇ ਜੈਤੋ ਦੇ ਮੋਰਚੇ ਵਿਚ ਕੈਦ ਕੱਟ ਕੇ ਆਏ ਸੀæ ਮੇਰੇ ਬਾਪ ਨੇ ਮੈਨੂੰ ਦੱਸਿਆ ਸੀ ਕਿ ਜਦੋਂ ਜੈਤੋ ਦੇ ਮੋਰਚੇ ਵਿਚ ਜਾਣ ਵਾਲੇ ਜੱਥੇ ਪਿੰਡਾਂ ਵਿਚਦੀ ਲੰਘਦੇ ਸਨ ਤਾਂ ਪਿੰਡਾਂ ਦੇ ਲੋਕ ਉਹਨਾਂ ਦੀ ਸੇਵਾ ਵੀ ਬਹੁਤ ਕਰਦੇ ਅਤੇ ਪਿੰਡ ਦੇ ਕੁਝ ਬੰਦੇ ਜੱਥੇ ਨਾਲ ਜੈਤੋਂ ਨੂੰ ਚਲੇ ਜਾਂਦੇ ਸਨæ ਸੇਖੇ ਵਿਚਦੀ ਜਿਹੜਾ ਜੱਥਾ ਲੰਘਿਆ ਸੀ ਉਸ ਨਾਲ ਸਾਡੇ ਪਿੰਡ ਦੇ ਕੋਈ ਚਾਲੀ ਪੰਜਾਹ ਬੰਦੇ ਚਲੇ ਗਏ ਸਨæ ਉਹਨਾਂ ਵਿਚ ਮੇਰਾ ਬਾਪ ਵੀ ਸੀæ ਜਦੋਂ ਇਹ ਜੱਥਾ ਬਰਗਾੜੀ ਪਿੰਡ ਵਿਚ ਪਹੁੰਚਿਆ ਤਾਂ ਜੱਥੇ ਵਿਚ ਆਦਮੀਆਂ ਦੀ ਗਿਣਤੀ ਡੇਢ ਹਜ਼ਾਰ ਤੋਂ ਉੱਤੇ ਸੀæ 500 ਤੋਂ ਵੱਧ ਦਾ ਜੱਥਾ ਅੱਗੇ ਨਹੀਂ ਸੀ ਜਾਣਾ, ਇਸ ਕਰਕੇ ਰਾਸਤੇ ਵਿਚ ਰਲ਼ੇ ਬਹੁਤੇ ਬੰਦਿਆਂ ਨੂੰ ਵਾਪਸ ਮੋੜ ਦਿੱਤਾ ਗਿਆæ ਉਹਨਾਂ ਵਾਪਸ ਮੁੜਨ ਵਾਲਿਆਂ ਵਿਚ ਮੇਰਾ ਬਾਪ ਵੀ ਸੀ ਪਰ ਸਾਡੇ ਪਿੰਡ ਦੇ ਗਿਆਨ ਸਿੰਘ ਅਕਾਲੀ, ਗਿੰਦਰ ਸਿੰਘ ਅਕਾਲੀ ਅਤੇ ਅਕਾਲੀ ਠਾਕਰ ਸਿੰਘ ਮੋਰਚੇ ਵਿਚ ਜੇਲ੍ਹ ਕੱਟ ਕੇ ਆਏ ਸਨæ ਜੇਲ੍ਹ ਵਿਚ ਜਾਣ ਕਰਕੇ ਹੀ ਉਹਨਾਂ ਦੇ ਨਾਮ ਨਾਲ ḔਅਕਾਲੀḔ ਸ਼ਬਦ ਲੱਗ ਗਿਆ ਸੀæ ਉਦੋਂ ਜਿਹੜੀਆਂ ਧਾਰਮਿਕ ਲਹਿਰਾਂ ਚੱਲੀਆਂ, ਭਾਵੇਂ ਉਹ ਬੱਬਰ ਅਕਾਲੀ ਲਹਿਰ ਸੀ, ਗੁਰਦਵਾਰੇ ਅਜ਼ਾਦ ਕਰਾਉਣ ਦੀ ਲਹਿਰ ਸੀ ਜਾਂ ਕੁੰਜੀਆਂ ਦਾ ਮੋਰਚਾ, ਸਭ ਪਿੱਛੇ ਦੇਸ਼ ਦੀ ਗੁਲਾਮੀ ਵਿਰੁੱਧ ਲੋਕ ਮਨਾਂ ਵਿਚ ਨਫਰਤ ਦੀ ਭਾਵਨਾ ਅਤੇ ਅਜ਼ਾਦੀ ਲਈ ਤੜਪ ਕੰਮ ਕਰਦੀ ਸੀæ ਪਰ ਅਧਿਆਪਕ ਸਿਖਲਾਈ ਲੈਂਦਿਆਂ ਅਠਾਰਾਂ ਸਾਲ ਦੀ ਉਮਰ ਵਿਚ ਜਸਵੰਤ ਸਿੰਘ ਕੰਵਲ ਨਾਲ ਸੱਜਰਾ ਸੱਜਰਾ ਮੇਲ ਹੋਇਆ ਹੋਣ ਕਾਰਨ ਮੇਰੀ ਸੋਚ ਖੱਬੀ ਵਿਚਾਰਧਾਰਾ ਵੱਲ ਝੁਕ ਰਹੀ ਸੀ, ਭਾਵੇਂ ਅਜੇ ਪਰਪੱਕ ਨਹੀਂ ਸੀ ਹੋਈæ ਮੈਂ ਇਨ੍ਹਾਂ ਲਹਿਰਾਂ ਨੂੰ ਇਕ ਧਾਰਮਿਕ ਲਹਿਰਾਂ ਹੀ ਸਮਝਦਾ ਸੀæ ਜਿਸ ਕਾਰਨ ਮੈਂ ਘਾਲੀ ਹੁਰਾਂ ਨੂੰ ਪਿੰਡ ਵੱਲੋਂ ਜੈਤੋ ਦੇ ਮੋਰਚੇ ਵਿਚ ਪਾਏ ਯੋਗਦਾਨ ਬਾਰੇ ਕੁਝ ਨਾ ਦੱਸ ਸਕਿਆæ
ਜੈਤੋ ਦੇ ਮੋਰਚੇ ਤੋਂ ਬਿਨਾਂ ਵੀ ਸਾਡੇ ਪਿੰਡ ਦੇ ਕਈ ਹੋਰ ਯੋਧੇ ਹੋਏ ਹਨ ਜਿਨ੍ਹਾਂ ਦੇਸ਼ ਦੀ ਅਜ਼ਾਦੀ ਵਿਚ ਹਿੱਸਾ ਪਾਇਆæ ਪਰ ਉਹਨਾਂ ਬਾਰੇ ਕਦੀ ਪਿੰਡ ਵਿਚ ਚਰਚਾ ਨਹੀਂ ਸੀ ਹੋਈ æ ਸੰਨ 1914 ਵਿਚ ਪਹਿਲੀ ਸੰਸਾਰ ਜੰਗ ਲੱਗ ਗਈ ਸੀæ ਉਹਨਾਂ ਦਿਨਾਂ ਵਿਚ ਆਪਣੇ ਦਿਲਾਂ ਵਿਚ ਦੇਸ਼ ਨੂੰ ਅਜ਼ਾਦ ਕਰਾਉਣ ਦਾ ਸੰਕਲਪ ਲੈ ਕੇ ਗਦਰ ਪਾਰਟੀ ਦੇ ਬਹੁਤ ਸਾਰੇ ਮੈਂਬਰ ਲੁਕ ਛਿਪ ਕੇ ਭਾਰਤ ਪਹੁੰਚ ਗਏ ਸਨ ਅਤੇ ਕਈ ਪਹੁੰਚ ਰਹੇ ਸਨæ ਕਈਆਂ ਨੂੰ ਭਾਰਤ ਪਹੁੰਦਿਆਂ ਹੀ ਗ੍ਰਿਫਤਾਰ ਵੀ ਕਰ ਲਿਆ ਗਿਆ ਸੀæ ਉਹਨਾਂ ਦਿਨਾਂ ਵਿਚ ਹੀ ਕੈਨੇਡਾ ਤੋਂ ਮੋੜੇ ਕਾਮਾਗਾਟਾ ਮਾਰੂ ਜਹਾਜ਼ ਦੇ ਮੁਸਾਫਰਾਂ ਉਪਰ ਕਲਕੱਤੇ ਦੇ ਬਜ ਬਜ ਘਾਟ Ḕਤੇ ਗੋਲੀ ਚਲਾ ਕੇ ਉਹਨਾਂ ਵਿਚੋਂ ਬਹੁਤ ਸਾਰਿਆਂ ਨੂੰ ਸ਼ਹੀਦ ਕਰ ਦਿੱਤਾ ਸੀ ਅਤੇ ਬਾਕੀਆਂ ਨੂੰ ਕੈਦ ਕਰ ਲਿਆ ਗਿਆ ਸੀæ ਉਹਨਾਂ ਦਿਨਾਂ ਵਿਚ ਬਦੇਸ਼ਾਂ ਤੋਂ ਵਾਪਸ ਮੁੜਿਆ ਕੋਈ ਭਾਗਾਂ ਵਾਲਾ ਹੀ ਭਾਰਤੀ ਹੋਵੇਗਾ ਜਿਹੜਾ ਪੁਲੀਸ ਦੇ ਕਹਿਰ ਦਾ ਸ਼ਿਕਾਰ ਨਾ ਹੋਇਆ ਹੋਵੇæ 1914 ਵਿਚ ਸਾਡੇ ਪਿੰਡ ਦੇ ਬਾਬਾ ਹਰਨਾਮ ਸਿੰਘ ਨੂੰ ਹਾਂਗਕਾਂਗ ਤੋਂ ਭਾਰਤ ਮੁੜਦੇ ਹੋਏ ਨੂੰ ਕਲਕੱਤੇ ਦੀ ਬੰਦਰਗਾਹ Ḕਤੇ ਸਮੁੰਦਰੀ ਜਹਾਜ਼ ਤੋਂ ਉਤਰਦਿਆਂ ਹੀ ਗ੍ਰਿਫਤਾਰ ਕਰ ਲਿਆ ਗਿਆ ਅਤੇ ਹੱਥਕੜੀਆਂ ਵਿਚ ਜਕੜ ਕੇ ਲੁਧਿਆਣੇ ਲੈ ਆਂਦਾæ ਦੋ ਦਿਨ ਉੱਥੇ ਪੁੱਛ ਪੜਤਾਲ ਹੁੰਦੀ ਰਹੀ, ਫਿਰ ਮੀਆਂ ਵਾਲੀ ਜੇਲ੍ਹ ਵਿਚ ਬੰਦ ਕਰ ਦਿੱਤਾæ ਕੁਝ ਚਿਰ ਮਗਰੋਂ ਰਾਵਲਪਿੰਡੀ ਜੇਲ੍ਹ ਵਿਚ ਤਬਦੀਲ ਕਰ ਦਿੱਤਾ ਗਿਆæ ਦੋ ਸਾਲ ਜੇਲ੍ਹ ਦੇ ਤਸੀਹੇ ਝੱਲਣ ਮਗਰੋਂ ਉਸ ਨੂੰ ਰਿਹਾਅ ਤਾਂ ਕਰ ਦਿੱਤਾ ਗਿਆ ਪਰ ਨਾਲ ਹੀ ਜੂਹ-ਬੰਦੀ ਦਾ ਹੁਕਮ ਮਿਲ ਗਿਆæ ਉਹ ਪਿੰਡੋਂ ਬਾਹਰ ਨਹੀ ਸੀ ਜਾ ਸਕਦਾæ ਸੰਨ 25-26 ਵਿਚ ਜਦੋਂ ਉਸ ਨੂੰ ਜੂਹ-ਬੰਦੀ ਤੋਂ ਰਿਹਾਈ ਮਿਲੀ ਤਾਂ ਉਸ ਨੂੰ ਸੁਖ ਦਾ ਸਾਹ ਆਇਆæ ਅਜ਼ਾਦੀ ਤੋਂ ਮਗਰੋਂ ਜਦੋਂ ਅਜ਼ਾਦੀ ਘੁਲਾਟੀਆਂ ਨੂੰ ਪੈਨਸ਼ਨ ਮਿਲਣ ਲੱਗੀ ਤਾਂ ਉਸ ਨੂੰ ਵੀ ਤਾਮਰ ਪੱਤਰ ਮਿਲਣ ਦੇ ਨਾਲ ਅਜ਼ਾਦੀ ਘੁਲਾਟੀਆਂ ਵਾਲੀ ਪੈਨਸ਼ਨ ਮਿਲਣ ਲੱਗ ਪਈ ਸੀæ ਉਸ ਤੋਂ ਮਗਰੋਂ ਪਿੰਡ ਦੇ ਕਈ ਲੋਕ, ਸ਼ਾਇਦ ਈਰਖਾਵਸ ਹੀ, ਕਹਿਣ ਲੱਗ ਪਏ, Ḕਉਸ ਨੇ ਅੰਗ੍ਰੇਜ ਸਰਕਾਰ ਤੋਂ ਮੁਆਫੀ ਮੰਗ ਲਈ ਸੀ ਅਤੇ ਉਹ ਦੂਜੀ ਸੰਸਾਰ ਜੰਗ ਸਮੇਂ ਲੋਕਾਂ ਨੂੰ ਫੌਜ ਵਿਚ ਭਰਤੀ ਹੋਣ ਲਈ ਕਹਿਣ ਲੱਗ ਪਿਆ ਸੀæ ਉਸ ਨੇ ਆਪਣਾ ਇਕਲੋਤਾ ਲੜਕਾ ਫੌਜ ਵਿਚ ਭਰਤੀ ਕਰਵਾ ਦਿੱਤਾ ਸੀ|Ḕ ਪਰ ਉਹਨਾਂ ਨੂੰ ਇਹ ਖਿਆਲ ਹੀ ਨਹੀਂ ਆਇਆ ਹੋਣਾ ਕਿ ਉਸ ਦਾ ਲੜਕਾ 1948 ਵਿਚ ਭਰਤੀ ਹੋਇਆ ਸੀ ਅਤੇ ਉਸ ਸਮੇਂ ਦੇਸ਼ ਅਜ਼ਾਦ ਹੋ ਚੁੱਕਿਆ ਸੀæ ਲੋਕ ਭਾਵੇਂ ਕੁਝ ਵੀ ਕਹੀ ਜਾਣ ਉਸ ਨੇ ਬੜਾ ਚਿਰ ਜੇਲ੍ਹ ਤੇ ਜੂਹ-ਬੰਦੀ ਦਾ ਕਸ਼ਟ ਝੱਲਿਆ ਪਰ ਲੋਕਾਂ ਦੀਆਂ ਗੱਲਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਅਤੇ ਨਾ ਹੀ ਕਿਸੇ ਨਾਲ ਕਦੀ ਵੀ ਲੜਿਆ ਝਗੜਿਆæ ਉਹ ਹਮੇਸ਼ ਖੁਸ਼ ਰਿਹਾæ æ ਉਸ ਨੇ ਸੌ ਸਾਲ ਤੋਂ ਉੱਤੇ ਉਮਰ ਭੋਗੀ ਅਤੇ 1990 ਵਿਚ ਲੁਧਿਆਣੇ ਆਪਣੇ ਲੜਕੇ ਕੋਲ ਪ੍ਰਾਣ ਤਿਆਗੇæ ਹਰਨਾਮ ਸਿੰਘ ਮੇਰੇ ਪੜਦਾਦੇ ਦਾ ਸਕਾ ਭਤੀਜਾ ਹੋਣ ਕਰਕੇ ਮੇਰਾ ਬਾਬਾ ਲਗਦਾ ਸੀæ ਉਹ ਮੇਰੇ ਵਿਆਹ ਦਾ ਵਿਚੋਲਾ ਵੀ ਬਣਿਆæ ਉਸ ਦੀ ਪਤਨੀ ਦੀ ਸਕੀ ਭਤੀਜੀ ਮੇਰੇ ਬੱਚਿਆਂ ਦੀ ਮਾਂ ਹੈæ ਹਰਨਾਮ ਸਿੰਘ ਤਾਂ ਕਾਮਾਗਾਟਾ ਮਾਰੂ ਜਹਾਜ਼ ਦੇ ਸਾਕੇ ਤੋਂ ਮਗਰੋਂ ਕਲਕੱਤੇ ਦੀ ਬੰਦਰਗਾਹ Ḕਤੇ ਉਤਰਿਆ ਸੀ ਪਰ ਸਾਡੇ ਪਿੰਡ ਦੇ ਹੋਰ ਚਾਰ ਬੰਦੇ ਕਾਮਾਗਾਟਾ ਮਾਰੂ ਦੇ ਮੁਸਾਫਰ ਸਨæ
ਸਾਡੇ ਅਗਵਾੜ ਵਿਚੋਂ ਹੀ ਇਕ ਭਾਈ ਜੈਮਲ ਸਿੰਘ ਹੁੰਦਾ ਸੀæ ਉਸ ਦਾ ਵਿਆਹ ਨਹੀਂ ਸੀ ਹੋ ਸਕਿਆ ਅਤੇ Aਹ ਆਪਣੇ ਭਰਾ ਜਿਉਣ ਸਿੰਘ ਦੇ ਪਰਵਾਰ ਨਾਲ ਰਹਿੰਦਾ ਸੀæ ਜਿਉਣ ਸਿੰਘ ਦਾ ਮੁੰਡਾ ਗੁਰਦਿਆਲ ਮੇਰਾ ਹਾਣੀ ਸੀ ਅਤੇ ਮੇਰੇ ਨਾਲ ਚੌਥੀ ਜਮਾਤ ਤੱਕ ਪੜ੍ਹਦਾ ਰਿਹਾ ਸੀæ ਮੈਂ ਕਈ ਵਾਰ ਗੁਰਦਿਆਲ ਨਾਲ ਉੇਹਨਾਂ ਦੇ ਘਰ ਚਲਿਆ ਜਾਂਦਾæ ਭਰਵੀਂ ਚਿੱਟੀ ਦਾਹੜੀ ਵਾਲੇ ਭਾਈ ਜੈਮਲ ਸਿੰਘ ਨੂੰ ਮੈਂ ਸਦਾ ਨੀਲੀ ਪਗੜੀ ਅਤੇ ਗੋਡਿਆਂ ਤੋਂ ਹੇਠਾਂ ਤੱਕ ਕੁਰਤਾ, ਤੇੜ ਗੋਡਿਆਂ ਤੱਕ ਪਾਏ ਕਛਹਿਰੇ ਵਿਚ ਦੇਖਦਾæ ਸੱਤਰ ਬਹੱਤਰ ਸਾਲ ਉਮਰ ਹੋਵੇਗੀ ਉਸ ਸਮੇਂ ਉਸ ਦੀæ ਉਹ ਚੁੱਪ ਕੀਤਾ ਕਿਸੇ ਨਾ ਕਿਸੇ ਕੰਮ ਵਿਚ ਜੁਟਿਆ ਹੁੰਦਾæ ਕਦੇ ਸਣ ਦਾ ਪਿੰਨਾ ਵੱਟ ਰਿਹਾ ਹੈ ਅਤੇ ਕਦੇ ਕੋਈ ਮੰਜਾ ਬੁਣ ਰਿਹਾæ ਸਿਆਲ ਵਿਚ ਧੁੱਪੇ ਬੈਠਾ ਗ੍ਹਰਨੇ ਕੱਢ ਰਿਹਾ ਹੁੰਦਾ (ਸਣ ਦੀਆਂ ਤੀਲਾਂ ਤੋਂ ਸਣ ਵੱਖ ਕਰਨੀ)æ ਮੈਂ ਹਮੇਸ਼ਾ ਉਸ ਨੂੰ ਚੁੱਪ ਚੁੱਪ ਹੀ ਦੇਖਿਆæ ਉਹ ਆਥਣ ਸਵੇਰ ਗੁਰਦਵਾਰੇ ਜ਼ਰੂਰ ਜਾਂਦਾ ਸੀæ ਸੰਗਰਾਂਦ ਵਾਲੇ ਦਿਨ ਜਾਂ ਜਦੋਂ ਕਿਸੇ ਦੇ ਘਰ ਪਾਠ ਦਾ ਭੋਗ ਪੈਣਾ ਹੁੰਦਾ ਤਾਂ ਦੇਗ ਵੰਡਣ ਦੀ ਡਿਉਟੀ ਉਸੇ ਦੀ ਹੁੰਦੀæ ਉਹ ਬਹੁਤ ਹੱਥ ਘੁੱਟ ਕੇ ਦੇਗ ਵਰਤਾਉਂਦਾ ਸੀæ ਜੇ ਦੋ ਜਣੇ ਦੇਗ ਵੰਡ ਰਹੇ ਹੁੰਦੇ ਤਾਂ ਅਸੀਂ ਬੱਚਿਆਂ ਨੇ ਉਸ ਕੋਲੋਂ ਪਾਸਾ ਵੱਟ ਕੇ ਦੂਜੇ ਭਾਈ ਕੋਲੋਂ ਦੇਗ ਲੈਣੀæ ਮੈਂ ਬੱਸ ਉਸ ਬਾਰੇ ਇੰਨਾ ਹੀ ਜਾਣਦਾ ਸੀ ਕਿ ਉਹ ਗੁਰਦਿਆਲ ਦਾ ਤਾਇਆ ਹੈæ ਆਪਣੇ ਤਾਏ ਦੀ ਜ਼ਿੰਦਗੀ ਬਾਰੇ ਗੁਰਦਿਆਲ ਨੂੰ ਵੀ ਕੋਈ ਬਹੁਤਾ ਪਤਾ ਨਹੀਂ ਸੀæ ਬੱਸ ਉਸ ਨੂੰ ਇੰਨਾ ਹੀ ਪਤਾ ਸੀ ਕਿ ਉਹ ਮਿਰਕਣ ਤੋਂ ਮੁੜ ਕੇ ਆਉਂਦਾ ਪੁਲਿਸ ਨੇ ਫੜ ਲਿਆ ਸੀ ਅਤੇ ਬਾਪੂ ਉਸ ਨੂੰ ਛੁਡਾ ਕੇ ਲਿਆਇਆ ਸੀæ ਉਧਰੋਂ ਦੇਸ਼ ਅਜ਼ਾਦ ਹੋਇਆ ਅਤੇ ਇਧਰ ਉਸ ਦੇ ਸਵਾਸ ਅਜ਼ਾਦੀ ਪ੍ਰਾਪਤ ਕਰ ਗਏæ ਉਸ ਨੂੰ ਆਮ ਇਨਸਾਨਾਂ ਵਾਂਗ ਸਿਵਿਆਂ ਵਿਚ ਫੂਕ ਦਿੱਤਾ ਗਿਆæ ਸ਼ਾਇਦ ਪਿੰਡ ਵਾਲਿਆਂ ਨੂੰ ਪਤਾ ਹੀ ਨਹੀਂ ਸੀ ਕਿ ਭਾਈ ਜੈਮਲ ਸਿੰਘ ਕਾਮਾਗਾਟਾ ਮਾਰੂ ਦਾ ਮੁਸਾਫਰ ਸੀ ਜਿਹੜਾ ਬਜ ਬਜ ਘਾਟ Ḕਤੇ ਹੋਈ ਗੋਲਾਬਾਰੀ ਵਿਚੋਂ ਤਾਂ ਬਚ ਗਿਆ ਸੀ ਪਰ ਕਈ ਸਾਲ ਉਸ ਨੂੰ ਜੇਲ੍ਹਾਂ ਵਿਚ ਹੀ ਗੁਜ਼ਾਰਨੀ ਪਈ ਸੀ ਅਤੇ ਬੁੱਢਾ ਹੋ ਕੇ ਜੇਲ੍ਹ ਵਿਚੋਂ ਬਾਹਰ ਆਇਆ ਸੀæ ਸ਼ਾਇਦ ਪਿੰਡ ਵਾਸੀਆਂ ਨੂੰ ਕਾਮਾਗਾਟਾ ਮਾਰੂ ਦੀ ਹੋਣੀ ਬਾਰੇ ਪਤਾ ਹੀ ਨਾ ਹੋਵੇæ ਮੈਨੂੰ ਵੀ ਕਾਮਾਗਾਟਾ ਮਾਰੂ ਅਤੇ ਅਜ਼ਾਦੀ ਲਈ ਚੱਲੀਆਂ ਹੋਰ ਲਹਿਰਾਂ ਬਾਰੇ ਹਾਈ ਸਕੂਲ ਵਿਚ ਜਾ ਕੇ ਪਤਾ ਲੱਗਾ ਸੀæ ਮੈਂ ਜਨਰਲ ਮੋਹਨ ਸਿੰਘ ਦੀ ਪੁਸਤਕ Ḕਕਾਂਗਰਸ ਨਾਲ ਖਰੀਆਂ ਖਰੀਆਂḔ ਸੱਤਵੀਂ ਅੱਠਵੀਂ ਵਿਚ ਹੀ ਪੜ੍ਹ ਲਈ ਸੀ ਜਿਸ ਵਿਚ ਦੇਸ਼ ਦੀ ਅਜ਼ਾਦੀ ਬਾਰੇ ਬਹੁਤ ਜਾਣਕਾਰੀ ਸੀæ ਸਾਨੂੰ ਮਾਸਟਰ ਨਿਰੰਜਣ ਸਿੰਘ, ਜਿਨ੍ਹਾਂ ਨੂੰ ਜ਼ਿੰਦਾ ਸ਼ਹੀਦ ਵੀ ਕਹਿੰਦੇ ਸਨ, ਅਜ਼ਾਦੀ ਦੀਆਂ ਲਹਿਰਾਂ ਬਾਰੇ ਕੁਝ ਨਾ ਕੁਝ ਦਸਦੇ ਰਹਿੰਦੇ ਸਨæ ਉਨ੍ਹਾਂ ਦਿਨਾਂ ਵਿਚ ਕਾਮਾਗਾਟਾ ਮਾਰੂ ਦੇ ਮੁਸਾਫਰਾਂ ਦੀ ਹੋਣੀ ਬਾਰੇ ਤਾਂ ਪਤਾ ਲੱਗ ਗਿਆ ਸੀ ਪਰ ਉਹਨਾਂ ਦੇ ਪਿਛੋਕੜ ਬਾਰੇ ਕੋਈ ਪਤਾ ਨਹੀਂ ਸੀ ਲੱਗ ਸਕਿਆæ ਮੈਂ ਆਪਣੀ ਜ਼ਿੰਦਗੀ ਦੇ ਸੱਠ ਸਾਲ ਇਸੇ ਪਿੰਡ ਵਿਚ ਬਤੀਤ ਕੀਤੇ ਸਨ ਫਿਰ ਵੀ ਮੈਨੂੰ ਪਤਾ ਨਹੀਂ ਸੀ ਲੱਗ ਸਕਿਆ ਕਿ ਭਾਈ ਜੈਮਲ ਸਿੰਘ ਕਾਮਾਗਾਟਾ ਮਾਰੂ ਦੇ ਮੁਸਾਫਰਾਂ ਵਿਚੋਂ ਇਕ ਸੀæ
ਜਦੋਂ ਮੈਂ ਸੰਨ 1994 ਵਿਚ ਕੈਨੇਡਾ ਪ੍ਰਵਾਸ ਕੀਤਾ ਅਤੇ ਮੈਨੂੰ ਵੈਨਕੂਵਰ ਰਹਿੰਦਿਆਂ ਆਪਣਾ ਨਾਵਲ ḔਵਿਗੋਚਾḔ ਲਿਖਣ ਲਈ ਕੈਨੇਡਾ ਵਿਚ ਪੰਜਾਬੀਆਂ ਦੀ ਆਮਦ ਅਤੇ ਉਹਨਾਂ ਦੀ ਜਦੋ ਜਹਿਦ ਦੇ ਇਤਿਹਾਸ ਦਾ ਅਧਿਅਨ ਕਰਨਾ ਪਿਆ ਤਾਂ ਮੈਨੂੰ ਪਤਾ ਲੱਗਾ ਕਿ ਸੇਖਾ ਪਿੰਡ ਦੇ ਕੁਝ ਬੰਦੇ ਸੰਨ 1908 ਤੋਂ ਵੀ ਪਹਿਲਾਂ ਦੇ ਕੈਨੇਡਾ ਦੇ ਸੂਬੇ ਬ੍ਰਿਟਸ਼ ਕੁਲੰਬੀਆ ਵਿਚ ਆਏ ਹੋਣਗੇæ ਕਿਉਂਕਿ ਜਦੋਂ ਕੈਨੇਡਾ ਸਰਕਾਰ ਕੈਨੇਡਾ ਵਿਚ ਰਹਿੰਦੇ ਭਾਰਤੀਆਂ ਤੋਂ ਖਹਿੜਾ ਛਡਵਾਉਣ ਲਈ ਹੰਡੂਰਸ ਭੇਜਣ ਦਾ ਜੁਗਾੜ ਕਰ ਰਹੀ ਸੀ ਤਾਂ ਭਾਰਤੀ, ਜਿਨ੍ਹਾਂ ਵਿਚ ਬਹੁਤੇ ਪੰਜਾਬੀ ਹੀ ਸਨ, ਆਰਥਿਕ ਪੱਖੋਂ ਖੁਸ਼ਹਾਲ ਹੋਣ ਦਾ ਹੀਲਾ ਕਰ ਰਹੇ ਸਨæ ਬੀ ਸੀ ਸੂਬੇ ਦੇ ਪੰਜਾਬੀਆਂ ਨੇ ਪ੍ਰੋ। ਤੇਜਾ ਸਿੰਘ ਦੀ ਅਗਵਾਈ ਹੇਠ, 29 ਨਵੰਬਰ 1908 ਨੂੰ Ḕਦ ਗੁਰੂ ਨਾਨਕ ਮਾਈਨਿੰਗ ਐਂਡ ਟਰਸਟ ਕੰਪਣੀ ਲਿਮਟਡḔ ਬਣਾ ਲਈ, ਜਿਸ ਦਾ ਅਸਾਸਾ ਡੇਢ ਲੱਖ ਮਿਥਿਆ ਗਿਆ ਸੀ ਜਿਹੜਾ ਛੇਤੀ ਹੀ ਵਧਾ ਕੇ ਦੁਗਣਾ ਕਰ ਦਿੱਤਾ ਗਿਆ ਸੀæ ਇਸ ਕੰਪਨੀ ਦੇ 251 ਹਿੱਸੇਦਾਰ ਸਨæ ਇਨ੍ਹਾਂ 251 ਹਿੱਸੇਦਾਰਾਂ ਵਿਚ ਸਾਡੇ ਪਿੰਡ ਦਾ ਸਾਵ ਸਿੰਘ ਵੀ ਸੀæ ਇੰਝ ਜਾਪਦਾ ਹੈ ਕਿ ਉਸ ਦੇ ਨਾਲ ਪਿੰਡ ਦੇ ਕੁਝ ਹੋਰ ਬੰਦੇ ਵੀ ਹੋਣਗੇæ ਕਿਉਂਕਿ ਇਕ ਹਿੱਸੇਦਾਰ ਨੂੰ ਘੱਟ ਤੋਂ ਘੱਟ ਇਕ ਹਜ਼ਾਰ ਡਾਲਰ ਦਾ ਹਿੱਸਾ ਪਾਉਣਾ ਪੈਂਦਾ ਸੀæ ਇਕੱਲੇ ਅਕਹਿਰੇ ਬੰਦੇ ਲਈ ਇਹ ਬਹੁਤ ਮੁਸ਼ਕਲ ਹੋਵੇਗਾæ ਇਸ ਤੋਂ ਬਿਨਾਂ ਸਾਡੇ ਪਿੰਡ ਦੇ ਚਾਰ ਬੰਦੇ ਕਾਮਾਗਾਟਾ ਮਾਰੂ ਜਹਾਜ਼ ਵਿਚ ਹਾਂਗਕਾਂਗ ਤੋਂ ਚੜ੍ਹੇ ਸਨ, ਜਿਹੜਾ ਦੋ ਮਹੀਨੇ ਵੈਨਕੂਵਰ ਦੇ ਪਾਣੀਆਂ ਵਿਚ ਖੜਾ ਰਹਿਣ ਮਗਰੋਂ ਧੱਕੇ ਨਾਲ ਹੀ ਵਾਪਸ ਮੋੜ ਦਿੱਤਾ ਗਿਆ ਸੀæ ਹੋ ਸਕਦਾ ਹੈ ਕਿ ਕਾਮਾਗਾਟਾ ਮਾਰੂ ਵਿਚ ਆਉਣ ਵਾਲੇ ਸਾਡੇ ਪਿੰਡ ਦੇ ਬੰਦਿਆਂ ਨੂੰ ਕੈਨੇਡਾ ਵਿਚ ਰਹਿੰਦੇ ਸਾਡੇ ਪਿੰਡ ਦੇ ਬੰਦਿਆਂ ਨੇ ਹੀ ਸੱਦਿਆ ਹੋਵੇ ਜਾਂ ਉਹਨਾਂ ਦੇ ਇੱਥੇ ਰਹਿਣ ਕਰਕੇ ਉਹ ਆਏ ਹੋਣææ ਹਾਂਗ ਕਾਂਗ ਤੋਂ ਕਾਮਾਗਾਟਾ ਮਾਰੂ ਵਿਚ ਸਵਾਰ ਹੋਣ ਵਾਲੇ ਸਾਡੇ ਪੇਂਡੂ ਸਨ, ਕੇਹਰ ਸਿੰਘ, ਮੱਲਾ ਸਿੰਘ ਅਤੇ ਦੋ ਜੈਮਲ ਸਿੰਘæ ਮੇਰੀ ਸੁਰਤ ਸੰਭਲਣ ਸਮੇਂ ਇਹੋ ਇਕ ਜੈਮਲ ਸਿੰਘ, ਗੁਦਿਆਲ ਦਾ ਤਾਇਆ ਜਿਉਂਦਾ ਸੀæ ਮੱਲਾ ਸਿੰਘ ਤੇ ਜੈਮਲ ਸਿੰਘ ਤਾਂ ਪੁਲੀਸ ਦੀ ਨਿਗਰਾਨੀ ਹੇਠ ਸਪੈਸ਼ਲ ਰੇਲ ਗੱਡੀ ਵਿਚ ਬੰਦ ਕਰ ਕੇ ਕਲਕੱਤੇ ਤੋਂ ਪੰਜਾਬ ਭੇਜ ਦਿੱਤੇ ਗਏ ਸਨæ ਮੱਲਾ ਸਿੰਘ ਨੂੰ ਮੈਂ ਨਹੀਂ ਦੇਖ ਸਕਿਆ ਸ਼ਾਇਦ ਉਹ ਮੇਰੀ ਸੁਰਤ ਤੋਂ ਪਹਿਲਾਂ ਹੀ ਇਸ ਸੰਸਾਰ ਨੂੰ ਤਿਆਗ ਗਿਆ ਹੋਵੇæ ਕੇਹਰ ਸਿੰਘ ਅਤੇ ਦੂਜੇ ਜੈਮਲ ਸਿੰਘ ਨਾਲ ਕੀ ਵਾਪਰੀ, ਇਸ ਬਾਰੇ ਕਾਮਾਗਾਟਾ ਮਾਰੂ ਦੇ ਰਿਕਾਰਡ ਵਿਚੋਂ ਮੈਂ ਬਹੁਤੀ ਜਾਣਕਾਰੀ ਹਾਸਲ ਨਹੀਂ ਕਰ ਸਕਿਆæ ਵੈਨਕੂਵਰ ਦੇ ਪਾਣੀਆਂ ਵਿਚ ਖੜੇ ਜਹਾਜ਼ ਵਿਚ ਜਿਹੜੇ ਮੁਸਾਫਰ ਸਨ, ਉਹਨਾਂ ਮੁਸਾਫਰਾਂ ਦੀ ਹੱਥ ਨਾਲ ਲਿਖੀ ਹੋਈ ਲਿਸਟ ਮੈਂ ਦੇਖੀ ਹੈ ਅਤੇ ਟਾਈਪ ਕੀਤੀ ਹੋਈ ਵੀæ ਦੋਵਾਂ ਲਿਸਟਾਂ ਵਿਚ ਚਾਰੇ ਨਾਮ ਹਨ ਪਰ ਬਜ ਬਜ ਘਾਟ ਤੇ ਗੋਲੀ ਚੱਲਣ ਤੋਂ ਬਾਅਦ ਗ੍ਰਿਫਤਾਰ ਕੀਤੇ, ਜ਼ਖਮੀ ਹੋਏ ਅਤੇ ਸ਼ਹੀਦ ਹੋਏ ਮੁਸਾਫਰਾਂ ਦੀਆਂ ਬਣੀਆਂ ਲਿਸਟਾਂ ਵਿਚ ਕੇਹਰ ਸਿੰਘ ਤੇ ਜੈਮਲ ਸਿੰਘ ਦੇ ਨਾਮ ਨਹੀਂ ਲੱਭ ਸਕਿਆæ ਹੋ ਸਕਦਾ ਹੈ ਕਿ ਭਗੌੜੇ ਕਰਾਰ ਦਿੱਤੇ ਗਏ ਮੁਸਾਫਰਾਂ ਵਿਚ ਉਹ ਹੋਣæ ਬਜ ਬਜ ਘਾਟ Ḕਤੇ ਸ਼ਹੀਦ ਹੋਏ ਦੋ ਮੁਸਾਫਰਾਂ ਦੀ ਸ਼ਨਾਖਤ ਨਹੀਂ ਸੀ ਹੋ ਸਕੀ, ਹੋ ਸਕਦਾ ਹੈ ਕਿ ਉਹ ਕੇਹਰ ਸਿੰਘ ਅਤੇ ਜੈਮਲ ਸਿੰਘ ਹੀ ਹੋਣæ ਇਹ ਵੀ ਹੋ ਸਕਦਾ ਹੈ ਕਿ ਤਿੰਨਾਂ ਲਿਸਟਾਂ ਵਿਚੋਂ ਕਿਸੇ ਲਿਸਟ ਵਿਚ ਉਹਨਾਂ ਦਾ ਨਾਂ ਜਾਂ ਪਿੰਡ ਦਾ ਨਾਂ ਗਲਤ ਲਿਖਿਆ ਗਿਆ ਹੋਵੇæ ਕੁਝ ਵੀ ਹੋਵੇ ਸਾਨੂੰ ਆਪਣੇ ਪਿੰਡ ਦੇ ਇਨ੍ਹਾਂ ਅਜ਼ਾਦੀ ਘੁਲਾਟੀਆਂ ਉੱਪਰ ਮਾਣ ਕਰਨਾ ਬਣਦਾ ਹੈæ
ਉਂਜ ਮੈਨੂੰ ਆਪਣੇ ਪਿੰਡ ਵਾਸੀਆਂ Ḕਤੇ ਇਹ ਗਿਲਾ ਰਿਹਾ ਕਿ ਉਹ ਕਿਹੜੇ ਕਾਰਨ ਸਨ ਜਿਨ੍ਹਾਂ ਕਰਕੇ ਉਹਨਾਂ ਨੇ ਇਹਨਾਂ ਅਜ਼ਾਦੀ ਘੁਲਾਟੀਆਂ ਦੀ ਕਦਰ ਨਹੀਂ ਪਾਈ? ਕੀ ਸਾਰਾ ਪਿੰਡ ਹੀ ਅੰਗ੍ਰੇਜ ਸਰਕਾਰ ਦਾ ਖੈਰ-ਖਾਹ ਬਣ ਗਿਆ ਸੀ? ਮੈਨੂੰ ਇਹ ਵੀ ਰੰਜ ਸੀ ਕਿ ਉਹ ਅਜ਼ਾਦੀ ਘੁਲਾਟੀਏ ਅੰਗ੍ਰੇਜ਼ ਸਰਕਾਰ ਦੇ ਤਾਂ ਬਾਗ਼ੀ ਸਨ ਹੀ ਪਰ ਸਾਡੀ ਆਪਣੀ ਸਰਕਾਰ ਨੇ ਵੀ ਬਹੁਤ ਚਿਰ ਇਨ੍ਹਾਂ ਨੂੰ ਕੋਈ ਮਾਨਤਾ ਨਹੀਂ ਸੀ ਦਿੱਤੀ ਕਿਉਂਕਿ ਜਿਹੜੀਆਂ ਲਹਿਰਾਂ ਵਿਚ ਉਹਨਾਂ ਭਾਗ ਲਿਆ ਸੀ, ਕੇਂਦਰ ਸਰਕਾਰ ਉਹਨਾਂ ਲਹਿਰਾਂ ਨੂੰ ਅਜ਼ਾਦੀ ਲਹਿਰਾਂ ਮੰਨਣ ਲਈ ਹੀ ਪਹਿਲਾਂ ਤਿਆਰ ਨਹੀਂ ਸੀ ਹੋਈæ ਇਹ ਤਾਂ ਲੋਕ ਦਬਾ ਦਾ ਕਾਰਨ ਹੀ ਸੀ, ਜਿਸ ਕਾਰਨ ਸਰਕਾਰ ਨੂੰ ਇਨ੍ਹਾਂ ਲਹਿਰਾਂ ਨੂੰ ਦੇਸ਼ ਦੀ ਗੁਲਾਮੀ ਵਿਰੁਧ ਚੱਲੀਆਂ ਲਹਿਰਾਂ ਵਜੋਂ ਮਾਨਤਾ ਦੇਣ ਲਈ ਮਜਬੂਰ ਹੋਣਾ ਪਿਆæ ਕੁਝ ਵੀ ਹੋਵੇ, ਪਿੰਡ ਵਾਸੀਆਂ ਨੂੰ ਫਖਰ ਹੋਣਾ ਚਾਹੀਦਾ ਹੈ ਕਿ ਉਹਨਾਂ ਦੇ ਪਿੰਡ ਵਿਚੋਂ ਕੁਝ ਅਜ਼ਾਦੀ ਘੁਲਾਟੀਆਂ ਨੇ ਕਾਮਗਾਟਾ ਮਾਰੂ, ਗਦਰ ਲਹਿਰ ਅਤੇ ਜੈਤੋ ਦੇ ਮੋਰਚੇ ਵਿਚ ਭਾਗ ਲੈ ਕੇ ਪਿੰਡ ਦਾ ਮਾਣ ਵਧਾਇਆ ਹੈæ
47 ਤੋਂ ਮਗਰੋਂ ਪਿੰਡਾਂ ਦੀ ਨੁਹਾਰ ਬਦਲਣੀ ਅਰੰਭ ਹੋ ਗਈ ਸੀæ ਹੁਣ ਮੇਰਾ ਪਿੰਡ ਸੰਨ ਸੰਤਾਲੀ ਤੋਂ ਪਹਿਲਾਂ ਵਾਲਾ ਪਿੰਡ ਨਹੀਂ ਰਹਿ ਗਿਆæ ਇਹ ਪਿੰਡ ਹੁਣ ਚਾਰੇ ਪਾਸੇ ਤੋਂ ਸੜਕਾਂ ਨਾਲ ਘਿਰਿਆ ਹੋਇਆ ਹੈæ ਪਿੰਡ ਦੀ ਫਿਰਨੀ Ḕਤੇ ਵੀ ਲੁੱਕ ਬਜਰੀ ਵਾਲੀ ਪੱਕੀ ਸੜਕ ਬਣੀ ਹੋਈ ਹੈæ ਛੇ ਹੱਟੀਆਂ ਦੀ ਥਾਂ ਪਿੰਡ ਦੇ ਬਾਹਰਵਾਰ ਸੜਕ ਉੱਪਰ ਬਾਜ਼ਾਰ ਬਣ ਗਿਆ ਹੈæ ਟਿੱਬੇ, ਧੋੜੇ, ਜੰਗਲ ਸਭ ਅਲੋਪ ਹੋ ਗਏ ਹਨæ ਕਿਸੇ ਸਮੇਂ ਇੱਥੇ ਮਾਰੂ ਜ਼ਮੀਨਾਂ ਵਿਚ ਤਾਰਾਮੀਰਾ, ਜੌਂ, ਛੌਲੇ, ਗਵਾਰਾ ਆਦਿ ਫਸਲਾਂ ਹੁੰਦੀਆਂ ਸਨæ ਪਰ ਹੁਣ ਪਿੰਡ ਦੀ ਸਾਰੀ ਜ਼ਮੀਨ ਹੀ ਵਾਹੀ ਯੋਗ ਬਣ ਗਈ ਹੈ, ਜਿੱਥੇ ਹਰ ਕਿਸਮ ਦੀ ਫਸਲ ਪੈਦਾ ਕੀਤੀ ਜਾ ਸਕਦੀ ਹੈæ ਪਹਿਲਾਂ ਕੋਈ ਟਾਵਾਂ ਘਰ ਹੀ ਪੱਕਾ ਦਿਸਦਾ ਸੀ, ਸਭ ਪਾਸੇ ਕੱਚੇ ਘਰ ਹੀ ਸਨ ਪਰ ਹੁਣ ਪੱਕੀਆਂ ਹਵੇਲੀਆਂ ਉਸਰੀਆਂ ਹੋਈਆਂ ਹਨ, ਕੋਈ ਕੱਚਾ ਘਰ ਦੇਖਣ ਨੂੰ ਵੀ ਨਹੀਂ ਮਿਲਦਾæ ਕਿਸੇ ਸਮੇਂ ਪਿੰਡ ਦਾ ਸਕੂਲ ਮਿਡਲ ਤੋਂ ਟੁੱਟ ਕੇ ਲੋਇਰ ਮਿਡਲ ਬਣ ਗਿਆ ਸੀæ ਪਰ ਸੰਨ ਸੰਤਾਲੀ ਮਗਰੋਂ, 55 ਵਿਚ ਇਹ ਸਕੂਲ ਮੁੜ ਮਿਡਲ ਬਣਿਆ ਤੇ ਉਸ ਤੋਂ ਦਸ ਸਾਲ ਬਾਅਦ ਹਾਈ ਸਕੂਲ ਬਣ ਗਿਆæ ਕਿਸੇ ਸਮੇਂ ਪਿੰਡ ਵਿਚ ਮੁਸ਼ਕਲ ਨਾਲ ਦਸ ਬਾਰਾਂ ਮੁੰਡੇ ਮਿਡਲ ਪਾਸ ਸਨæ ਅੱਜ ਬੀ।ਏ। ਐਮ।ਏ। ਪੀ।ਐਚ।ਡੀ। ਐਮ।ਬੀ।ਬੀ।ਐਸ। ਅਤੇ ਬੀ।ਵੀ।ਐਸ।ਸੀ। ਡਾਕਟਰ ਹਨæ ਸੰਤਾਲੀ ਤੋਂ ਪਹਿਲਾਂ ਇਸ ਪਿੰਡ ਦੇ ਮੁਸ਼ਕਲ ਨਾਲ ਤਿੰਨ ਮਿਡਲ ਪਾਸ ਅਧਿਆਪਕ ਸਨ ਪਰ ਇਹੋ ਪਿੰਡ ਸੱਠਵਿਆਂ ਵਿਚ ਮਾਸਟਰਾਂ ਦਾ ਪਿੰਡ ਕਰਕੇ ਜਾਣਿਆ ਜਾਣ ਲੱਗਾ ਪਿਆ ਸੀæ ਹੁਣ ਇਸ ਪਿੰਡ ਦੇ ਪ੍ਰਿੰਸੀਪਲ, ਪ੍ਰੋਫੈਸਰ, ਹੈਡ ਮਾਸਟਰ ਅਤੇ ਮਾਸਟਰ ਬਹੁਗਿਣਤੀ ਵਿਚ ਹਨæ ਇਸਤੋਂ ਬਿਨਾਂ ਹੋਰ ਮਹਿਕਮਿਆਂ ਵਿਚ ਵੀ ਜਿਵੇਂ, ਬੈਂਕ, ਬਿਜਲੀ ਬੋਰਡ, ਟੈਲੀ ਫੋਨ ਨਿਗਮ, ਸਿਹਤ, ਸੁਰੱਖਿਆ, ਰੈਵਨਿਊ, ਕਚਹਿਰੀਆਂ, ਨਹਿਰੀ, ਪੁਲੀਸ ਆਦਿ ਕਿਹੜਾ ਮਹਿਕਮਾ ਹੋਵੇਗਾ, ਜਿੱਥੇ ਸਾਡੇ ਪਿੰਡ ਦਾ ਬੰਦਾ ਨਾ ਤਾਇਨਾਤ ਹੋਵੇæ ਖੇਡਾਂ ਵਿਚ ਵੀ ਇਹ ਪਿੰਡ ਪਿੱਛੇ ਨਹੀਂ ਰਿਹਾæ ਇੱਥੋਂ ਦੀ ਵਾਲੀਬਾਲ ਦੀ ਪੇਂਡੂ ਕਲੱਬ ਬੜੀ ਮਸ਼ਹੂਰ ਰਹੀ ਹੈæ ਸੀਤਾ ਤੇ ਕੇਵਲ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਇਸੇ ਪਿੰਡ ਦੇ ਹੋਏ ਹਨæ ਕੇਵਲ ਸੇਖਾ ਦੀ ਹਰਜੀਤ ਬਾਜਾ ਦੇ ਨਾਲ, ਐਕਸੀਡੈਂਟ ਵਿਚ ਮੌਤ ਹੋ ਜਾਣ ਤੋਂ ਮਗਰੋਂ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪਿੰਡ ਦੇ ਸਕੂਲ ਦਾ ਨਾਮ ਕੇਵਲ ਸਿੰਘ ਸਰਕਾਰੀ ਹਾਇਰ ਸੈਕੰਡਰੀ ਸਕੂਲ ਸੇਖਾ ਕਲਾਂ ਰੱਖਿਆ ਗਿਆæ ਕਈ ਪਿੰਡ ਵਾਸੀ ਪਿੰਡੋਂ ਬਾਹਰ ਨਿਕਲ ਸ਼ਹਿਰਾਂ ਵਿਚ ਜਾ ਕੇ ਆਪਣੇ ਸਫਲ ਵਿਉਪਾਰਕ ਧੰਦੇ ਸਥਾਪਤ ਕਰਕੇ ਫੈਕਟਰੀਆਂ ਦੇ ਮਾਲਕ ਬਣ ਗਏ ਹਨæ ਜਿੱਥੇ ਪਿੰਡ ਨੇ ਗਵੀਏ ਤੇ ਹਾਸਰਸ ਕਲਾਕਾਰ ਪੈਦਾ ਕੀਤੇ, ਓਥੇ ਪਿੰਡ ਦੇ ਕਈ ਲੇਖਕਾਂ ਨੇ ਪੰਜਾਬੀ ਸਾਹਿਤ ਦੇ ਖੇਤਰ ਵਿਚ ਵੀ ਚੰਗਾ ਯੋਗਦਾਨ ਪਾਇਆ ਹੈæ ਵੀਹਵੀਂ ਸਦੀ ਦੇ ਪਹਿਲੇ ਦਹਾਕੇ ਬਦੇਸ਼ਾਂ Ḕਚ ਗਏ ਸਾਡੇ ਪੇਂਡੂਆਂ Ḕਚੋਂ ਬਹੁਤੇ ਵਾਪਸ ਪਿੰਡ ਮੁੜ ਆਏ ਸਨ, ਜਿਹੜੇ ਬਦੇਸ਼ਾਂ ਵਿਚ ਰਹਿ ਗਏ ਸਨ, ਉਹ ਪਿੰਡ ਵਾਸੀਆਂ ਦੇ ਚੇਤਿਆਂ ਵਿਚੋਂ ਵਿਸਰ ਗਏ ਸਨæ ਅੱਜ ਕੈਨੇਡਾ, ਇੰਗਲੈਂਡ, ਸਿੰਘਾਪੁਰ, ਮਲਾਇਆ, ਹਾਂਗਕਾਂਗ ਅਤੇ ਕਈ ਹੋਰ ਦੇਸ਼ਾਂ ਵਿਚ ਸਾਡੇ ਪੇਂਡੂ ਚੰਗੇ ਕੰਮ ਕਾਰ ਕਰ ਰਹੇ ਹਨæ
ਭਾਵੇਂ ਅੱਜ ਮੇਰਾ ਪਿੰਡ ਚੰਗੀ ਤਰੱਕੀ ਕਰ ਗਿਆ ਹੈ ਅਤੇ 1993 ਦੀਆਂ ਪੰਚਾਇਤ ਚੋਣਾਂ ਵਿਚ ਪੰਚਾਇਤ ਮੈਂਬਰ ਚੁਣਿਆ ਜਾਣ Ḕਤੇ ਪਿੰਡ ਦੀ ਬੜੌਤਰੀ ਵਿਚ ਰੀਣ ਮਾਤਰ ਮੇਰਾ ਵੀ ਯੋਗਦਾਨ ਹੈæ ਪਰ ਫਿਰ ਵੀ ਤਰੱਕੀ ਯਾਫਤਾ ਪਿੰਡ ਦੀ ਨੁਹਾਰ ਦਾ ਦ੍ਰਿਸ਼ ਕਦੀ ਚੇਤਿਆਂ ਵਿਚ ਨਹੀਂ ਉਭਰਿਆæ ਜਦੋਂ ਕਦੀ ਸੁਪਨੇ ਵੀ ਆਉਂਦੇ ਹਨ ਤਾਂ ਕੱਚੇ ਕੋਠਿਆਂ ਵਾਲੇ ਪਿੰਡ ਦੇ ਹੀ ਆਉਂਦੇ ਹਨæ ਮੈਨੂੰ ਮੇਰੇ ਉਸ ਘਰ ਦਾ ਸੁਪਨਾ ਵੀ ਕਦੀ ਨਹੀਂ ਆਇਆ, ਜਿਹੜਾ ਮੈਂ ਅੱਡ ਹੋਣ ਮਗਰੋਂ ਬਦੇਸ਼ੀ ਕਰੰਸੀ ਦਾ ਸੀਮਿੰਟ ਮੰਗਵਾ ਕੇ ਅਤੇ ਸਰਕਾਰੀ ਪ੍ਰਮਟ Ḕਤੇ ਇੱਟਾਂ, ਟੈਲਾਂ ਲੈ ਕੇ ਆਪਣੇ ਹੱਥੀਂ ਕਿਸ਼ਤਾਂ ਵਿਚ ਤਿਆਰ ਕਰਵਾਇਆ ਸੀæ ਸੱਤ ਸਮੁੰਦਰ ਪਾਰ ਕੈਨੇਡਾ ਰਹਿੰਦਿਆਂ ਮੈਨੂੰ ਅਠਾਰਾਂ ਸਾਲ ਹੋ ਗੇਏ ਹਨ, ਸੁਪਨੇ ਤਾਂ ਮੈਨੂੰ ਅਜੇ ਵੀ ਇੱਥੋਂ ਦੇ ਨਹੀਂ ਆਉਂਣ ਲੱਗੇæ ਦਰ ਅਸਲ ਸੁਪਨੇ ਤਾਂ ਉਸ ਥਾਂ ਦੇ ਆਉਂਦੇ ਹਨ ਜਿਸ ਥਾਂ ਨਾਲ ਤੁਹਾਡੀ ਰੂਹ ਜੁੜੀ ਹੋਈ ਹੋਵੇæ ਦਸਵੀਂ ਪੜ੍ਹਦਿਆਂ ਤੱਕ ਮੈਨੂੰ ਪਿੰਡੋਂ ਬਾਹਰ ਜਾਣ ਦਾ ਮੌਕਾ ਹੀ ਨਹੀਂ ਮਿਲਿਆ, ਇਸ ਲਈ ਪੁਰਾਣਾ ਪਿੰਡ ਮੇਰੀ ਰੂਹ ਵਿਚ ਵਸਿਆ ਹੋਇਆ ਹੈæ ਮੈਟਰਿਕ ਕਰਨ ਮਗਰੋਂ ਤਾਂ ਪਿੰਡ ਵਿਚ ਬਹੁਤਾ ਟਿਕ ਕੇ ਰਿਹਾ ਹੀ ਨਹੀਂ, ਰੁਜ਼ਗਾਰ ਦੇ ਚੱਕਰਾਂ ਵਿਚ ਕਦੀ ਕਿਤੇ ਕਦੀ ਕਿਤੇ ਭਟਕਦਾ ਰਿਹਾ ਹਾਂ, ਬੇਸ਼ੱਕ ਬਹੁਤਾ ਸਮਾਂ ਰਹਾਇਸ਼ ਪਿੰਡ ਵਿਚ ਹੀ ਰਹੀæ ਭਾਵੇਂ ਬਚਪਨ ਵਾਲਾ ਮੇਰੇ ਸੁਪਨਿਆਂ ਦਾ ਉਹ ਪਿੰਡ ਸੀ ਤੇ ਭਾਵੇਂ ਅਜੋਕਾ ਸਭ ਸਹੂਲਤਾਂ ਨਾਲ ਲੈਸ ਇਹ ਪਿੰਡ ਹੈ, ਮੈਨੂੰ ਆਪਣੇ ਪਿੰਡ ਨਾਲ ਅਥਾਹ ਮੋਹ ਹੈ, ਪਿਆਰ ਹੈæ ਇਸੇ ਪਿਆਰ ਕਰਕੇ ਹੀ ਮੈਂ ਆਪਣਾ ਗੋਤ ਸਰਾ ਛੱਡ ਕੇ ਪਿੰਡ ਦਾ ਨਾਮ ਆਪਣੇ ਨਾਮ ਨਾਲ ਸੇਖਾ ਲਾਇਆ ਹੈ
-------------------------------- ਬਾਕੀ ਅਗਲੇ ਅੰਕ ਵਿਚ -----------
ਇਸ ਅੰਕ ਵਿਚ ਜਨਵਰੀ 2013
ਕਹਾਣੀਆਂ
ਕਵਿਤਾਵਾਂ
ਸਭਰੰਗ
ਲੜੀਵਾਰ
ਖਬਰਸਾਰ
ਰਚਨਾਵਾਂ ਭੇਜਣ ਲਈ
ਸਮੂਹ ਪੰਜਾਬੀ ਕਹਾਣੀਕਾਰਾਂ, ਕਵਿਤਾ, ਗਜ਼ਲ, ਗੀਤ, ਵਿਅੰਗ, ਲੇਖ, ਲੇਖਕਾਂ ਨੂੰ ਬੇਨਤੀ ਹੈ ਕਿ ਉਹ ਆਪਣੀਆਂ ਅਣਛਪੀਆਂ ਰਚਨਾਵਾਂ ਕੰਪਿਊਟਰ ਟਾਈਪ ਕਰ ਕੇ ਭੇਜਣ। ਸਾਨੂੰ ਇਹ ਰਚਨਾਵਾਂ ਆਪਣੇ ਪੇਪਰ ਪੰਜਾਬੀ ਮਾਂ ਵਿਚ ਛਾਪ ਕੇ ਖੁਸ਼ੀ ਹੋਵੇਗੀ। ਰਚਨਾਵਾਂ ਸੰਖੇਪ, ਸਪੱਸ਼ਟ ਅਤੇ ਮੌਲਿਕ ਹੋਣੀਆਂ ਚਾਹੀਦੀਆਂ ਹਨ। ਪਹਿਲਾਂ ਕਿਸੇ ਪੇਪਰ ਜਾਂ ਅਖਬਾਰ ਵਿਚ ਛਪੀ ਰਚਨਾ ਭੇਜਣ ਤੋਂ ਗੁਰੇਜ ਕੀਤਾ ਜਾਵੇ। ਨਵੀਆਂ ਛਪੀਆਂ ਪੁਸਤਕਾਂ ਦੀ ਜਾਣਕਾਰੀ ਦੇਣ ਬਾਰੇ, ਲੇਖਕਾਂ ਨੂੰ ਆਪਣੀਆਂ ਛਪੀਆਂ ਪੁਸਤਕਾਂ ਦੀਆਂ ਦੋ ਕਾਪੀਆਂ ਭੇਜਣ ਦਾ ਸੱਦਾ ਦਿੱਤਾ ਜਾਂਦਾ ਹੈ। ਲਿਖਾਰੀ ਦਾ ਨਾਮ, ਪੁਸਤਕ ਦਾ ਨਾਮ, ਸਫੇ, ਮੁੱਲ ਅਤੇ ਪ੍ਰਕਾਸ਼ਕ ਦਾ ਨਾਮ ਪੇਪਰ ਵਿਚ ਛਾਪਿਆ ਜਾਵੇਗਾ।
ਆਪਣੀਆਂ ਰਚਨਾਵਾਂ ਇਸ ਪਤੇ ਤੇ ਭੇਜੀਆਂ ਜਾਣ: Info@PunjabiMaa.com
|
ਚੇਤਿਆਂ ਦੀ ਚਿਲਮਨ - ਕਿਸ਼ਤ 2 (ਸਵੈ - ਜੀਵਨੀ) / ਜਰਨੈਲ ਸਿੰਘ ਸੇਖਾ
ਜਰਨੈਲ ਸਿੰਘ ਸੇਖਾ ਇਕ ਪ੍ਰੌੜ, ਸੰਜੀਦਾ ਅਤੇ ਬਹੁ-ਵਿਧਾਵੀ ਲੇਖਕ ਹਨ। ਉਨ੍ਹਾਂ ਨੇ ਆਪਣੀ ਜੀਵਨੀ ਬਹੁਤ ਹੀ ਰੌਚਕ ਢੰਗ ਨਾਲ ਲਿਖੀ ਹੈ ਜਿਸਦੀ ਪਹਿਲੀ ਕਿਸ਼ਤ ਪਾਠਕ ਪੜ੍ਹ ਚੁੱਕੇ ਹਨ। ਉਨ੍ਹਾਂ ਦੀ ਇਹ ਜੀਵਨੀ ਪੁਸਤਕ ਰੂਪ ਵਿਚ ਛਪ ਕੇ ਮਾਰਕਿਟ ਵਿਚ ਆ ਗਈ ਹੈ ਜਿਸਦਾ ਟਾਈਟਲ ਅਸੀਂ ਲਾਇਬਰੇਰੀ ਸੈਕਸ਼ਨ ਵਿਚ ਲਾਇਆ ਹੈ। ਉਮੀਦ ਹੈ ਪਾਠਕਾਂ ਨੂੰ ਇਹ ਜੀਵਨੀ ਬਹੁਤ ਪਸੰਦ ਆਵੇਗੀ।- ਸੰਪਾਦਕ
ਚੇਤਿਆਂ ਦੀ ਚਿਲਮਨ - ਕਿਸ਼ਤ 2 / (ਸਵੈ - ਜੀਵਨੀ)

ਜਰਨੈਲ ਸਿੰਘ ਸੇਖਾ

------------------------------------------------------------------------------------------------------------ ਬਾਕੀ ਅਗਲੇ ਅੰਕ ਵਿਚ -------------------
|
|