ਖ਼ਬਰਸਾਰ

  •    ਜਾਰਜ ਮੈਕੀ ਲਾਇਬ੍ਰੇਰੀ ਦੀ ਕਾਵਿ ਸ਼ਾਮ ਦਾ ਵਿਲੱਖਣ ਅੰਦਾਜ਼ / ਜਾਰਜ ਮੈਕੀ ਲਾਇਬ੍ਰੇਰੀ, ਡੈਲਟਾ
  •    ਦਸੂਹਾ ਸਾਹਤਿ ਸਭਾ ਦੀ ਮਾਸਕਿ ਇਕੱਤਰਤਾ ਹੋਈ / ਸਾਹਿਤ ਸਭਾ ਦਸੂਹਾ
  •    ਪੰਜਾਬੀ ਗ਼ਜ਼ਲ ਮੰਚ ਪੰਜਾਬ ਦੀ ਇਕੱਤਰਤਾ / ਗ਼ਜ਼ਲ ਮੰਚ ਫਿਲੌਰ (ਲੁਧਿਆਣਾ)
  •    ਕਾਫ਼ਲੇ ਵੱਲੋਂ ਉਪਕਾਰ ਸਿੰਘ ਪਾਤਰ ਨਾਲ਼ ਸੰਗੀਤਕ ਸ਼ਾਮ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਸਿਰਜਣਧਾਰਾ ਵੱਲੋਂ ਸਾਹਿਤ ਸਭਾ ਬਾਘਾਪੁਰਾਣਾ ਦਾ ਸਨਮਾਨ / ਸਾਹਿਤ ਸਭਾ ਬਾਘਾ ਪੁਰਾਣਾ
  •    'ਦਸ ਦਰਵਾਜ਼ੇ' ਦੀ ਘੁੰਡ ਚੁਕਾਈ ਤੇ ਹਰਜੀਤ ਅਟਵਾਲ ਦਾ ਸਨਮਾਨ / ਸਾਹਿਤ ਸਭਾ ਮੋਗਾ
  •    ਪੰਜਾਬੀ ਮਾਂ ਡਾਟ ਕਾਮ ਦੇ ਸੰਪਾਦਕ ਸਤਿੰਦਰਜੀਤ ਸਿੰਘ ਸੱਤੀ ਨਾਲ ਸਹਿਤਕ ਮਿਲਣੀ / ਤਾਈ ਨਿਹਾਲੀ ਸਾਹਿਤ ਕਲਾ ਮੰਚ,ਲੰਗੇਆਣਾ ਕਲਾਂ
  •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  • ਖੁੱਲ੍ਹੀਆਂ ਉਡਾਰੀਆਂ ਮਾਰਦਾ ਕਵੀ - ਪਾਲ ਸਿੰਘ ਪੰਛੀ (ਲੇਖ )

    ਪੂਰਨ ਸਿੰਘ ਪਾਂਧੀ    

    Phone: 905 789 6670
    Address:
    Tronto Ontario Canada
    ਪੂਰਨ ਸਿੰਘ ਪਾਂਧੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਪਾਲ ਸਿੰਘ ਪੰਛੀ ਦਾ ਨਾ ਸੁਣਦਿਆਂ ਹੀ ਕੰਨਾਂ ਵਿਚ ਸਾਰੰਗੀ ਦੀਆਂ ਚੀਕਦੀਆਂ ਸੁਰਾਂ, ਢੱਡ ਦੀ ਟੁਨਕਾਰ, ਗਾਇਕਾਂ ਦੀਆਂ ਹੇਕਾਂ ਤੇ ਪੰਛੀ ਜੀ ਦੇ ਵਿਖਿਆਨ ਗੂੰਜਣ ਲੱਗਦੇ ਹਨ। ਇੰਨ੍ਹਾਂ ਸਾਜ਼ਾਂ, ਅਵਾਜ਼ਾਂ ਤੇ ਵਿਖਿਆਨਾਂ ਵਿਚ ਬੇਜੋੜ ਤੇ ਲਾਸਾਨੀ ਸੀ ਪਾਲ ਸਿੰਘ ਪੰਛੀ ਦਾ ਢਾਡੀ ਜੱਥਾ। ਰੰਗ ਬੰਨ੍ਹ ਦਿੰਦੀ ਸੀ ਜੱਥੇ ਦੀ ਗਾਇਕੀ, ਕੀਲ ਕੇ ਰੱਖ ਦਿੰਦੇ ਸਨ ਪੰਛੀ ਜੀ ਦੇ ਵਿਖਿਆਨ। ਜਿੱਥੇ ਇਸ ਜੱਥੇ ਦਾ ਦੀਵਾਨ ਲੱਗਣਾ ਹੁੰਦਾ, ਲੋਕਾਂ ਵਿਚ ਭਾਰੀ ਉਤਸ਼ਾਹ ਹੁੰਦਾ, ਲੋਕ ਬੇਸਬਰੀ ਨਾਲ਼ ਉਡੀਕ ਕਰਦੇ, ਸਮੇ ਤੋਂ ਪਹਿਲਾਂ ਆਪਣੇ ਕੰਮਕਾਰ ਵਿਉਂਤ ਲੈਂਦੇ ਤੇ ਵਿਹਲੇ ਹੋ ਜਾਂਦੇ ਸਨ। ਇਸ ਤਰ੍ਹਾਂ ਸੁਰੋਤਿਆਂ ਦੀਆਂ ਭੀੜਾਂ ਦੀਆਂ ਭੀੜਾਂ ਜੁੜਦੀਆਂ ਸਨ।
    ਢੱਡ-ਸਾਰੰਗੀ ਦਾ ਗੌਣ ਪੰਜਾਬੀਆਂ ਦੇ ਜਜ਼ਬਿਆਂ 'ਚ ਥਿਰਕਣ ਪੈਦਾ ਕਰਦਾ, ਕਾਲ਼ਜੇ ਨੂੰ ਧੂਹ ਪਾਉਂਦਾ ਤੇ ਅੰਗ ਅੰਗ ਵਿਚ ਝਰਨਾਟਾਂ ਛੇੜਦਾ ਹੈ। ਜਿੱਥੇ ਢੋਲ ਤੇ ਢੱਡ ਸਾਰੰਗੀ ਵਜਦੀ ਹੋਵੇ ਤੇ ਗਮੰਤਰੀਆਂ ਦੀਆਂ ਹੇਕਾਂ ਉੱਭਰਦੀਆਂ ਹੋਣ, ਉੱਥੇ ਪੰਜਾਬੀਆਂ ਦੇ ਪੈਰਾਂ ਵਿਚ ਅੱਗ ਮੱਚਣ ਲੱਗ ਜਾਂਦੀ ਹੈ ਤੇ ਉਹ ਆਪਮੁਹਾਰੇ ਨੱਚਣ ਲੱਗ ਪੈਂਦੇ ਹਨ। ਪੰਜਾਬ ਦੀ ਸਾਰੀ ਜੁਆਨੀ ਤੇ ਹੁਸਨ ਅਜਿਹੇ ਮੇਲਿਆਂ 'ਤੇ ਢੇਰੀ ਹੁੰਦਾ ਹੈ। ਮੇਲੇ ਰੰਗੀਲੇ ਤੇ ਨਸ਼ੀਲੇ ਹੋ ਜਾਂਦੇ ਹਨ। ਢਾਡੀ-ਕਲਾ ਇੱਕ ਅਜਿਹੀ ਕਲਾ ਹੈ ਜਿਸ ਵਿਚ ਇੱਕੋ ਸਮੇ ਕਈ ਹੁਨਰਾਂ ਦੇ ਸੰਪੂਰਨ ਦਰਸ਼ਨ ਹੁੰਦੇ ਹਨ। ਉਸ ਵਿਚ ਟੁਣਕਦੇ ਸਾਜ਼ ਹਨæ, ਕਵਿਤਾ ਹੈ, ਗਾਇਕੀ ਤੇ ਭਾਸ਼ਨ ਕਲਾ ਹੈ।
    ਪਾਲ ਸਿੰਘ ਪੰਛੀ ਨੇ ਢਾਡੀ ਕਲਾ ਦੀ ਧੁਰ ਆਤਮਾ ਤੱਕ ਰਸਾਈ ਕੀਤੀ, ਨਵੇਂ ਨਵੇਂ ਤਜਰਬੇ ਕੀਤੇ ਅਤੇ ਡੂੰਘੀ ਰੀਝ ਤੇ ਨੀਝ ਨਾਲ਼ ਉਸ ਦਾ ਹਾਰ-ਸ਼ਿੰਗਾਰ ਕੀਤਾ ਹੈ। ਉਸ ਨੇ ਸਾਜ਼ਾਂ ਤੇ ਅਵਾਜ਼ਾਂ ਵਿਚ ਨਵੇਂ ਰਸ ਤੇ ਨਵੇਂ ਰੰਗ ਭਰੇ ਹਨ। ਗਾਇਕੀ ਦੀਆਂ ਪੁਰਾਤਨ ਧੁਨਾਂ ਦੇ ਨਾਲ਼ ਨਾਲ਼ ਨਵੀਆਂ ਤੋਂ ਨਵੀਆਂ ਤਰਜ਼ਾਂ ਵਿਚ ਗਵੈਸ਼ ਕੀਤੀ, ਨਵੇਂ ਤੋਂ ਨਵੇਂ ਪਰਸੰਗ ਤਿਆਰ ਕੀਤੇ ਅਤੇ ਮੌਲਕ ਕਵਿਤਾ ਦੀ ਰਚਨਾ ਕੀਤੀ। ਜੱਥੇ ਦੀ ਲੁਹੜਿਆਂ ਮਾਰੀ ਪੇਸ਼ਕਾਰੀ ਹੁੰਦੀ ਸੀ। ਸਾਰੰਗੀ ਦੀ ਗੁੰਜਾਰ, ਢੱਡਾਂ ਦੀ ਟੁਨਕਾਰ ਤੇ ਗਮੰਤਰੀਆਂ ਦੀਆਂ ਹੇਕਾਂ ਦਿਲਾਂ ਨੂੰ ਵਿੰਨ੍ਹ ਕੇ ਰੱਖ ਦਿੰਦੀਆਂ ਸਨ। ਇਸ ਸਾਰੇ ਪਸਾਰੇ ਨਾਲ਼ ਇਸ ਢਾਡੀ ਕਲਾ ਦਾ ਵਿਹੜਾ ਮੋਕਲਾ ਹੋਇਆ, ਇਸ ਦਾ ਰੰਗ ਰੂਪ ਰਸੀਲਾ ਤੇ ਨਸ਼ੀਲਾ ਹੋਇਆ ਹੈ।
    Photo
    ਪਾਲ ਸਿੰਘ ਪੰਛੀ 
    ਪੰਛੀ ਜੀ ਦੇ ਲੈਕਚਰ ਵਿਚ ਲੁਹੜਿਆਂ ਦਾ ਵੇਗ ਤੇ ਵਹਾਅ ਸੀ। ਉਸ ਦੀ ਟੂਣੇਹਾਰੀ ਸ਼ੈਲੀ ਹੋਰਾਂ ਤੋਂ ਅਨੋਖੀ ਤੇ ਨਿਆਰੀ ਸੀ। ਦਿਲਾਂ 'ਤੇ ਯਾਦੂ ਧੂੜ ਦਿੰਦੀ। ਉਸ ਵਿਚ ਹੜ੍ਹ ਦੇ ਪਾਣੀ ਵਾਂਗ ਜੋæਰ ਤੇ ਜੋਸ਼ ਸੀ। ਇੱਕ ਬੁਲੰਦ ਆਵਾਜ਼ ਝਰਨਾਟਾਂ ਛੇੜ ਦਿੰਦੀ, ਧੜਕਣਾਂ ਤੇਜ ਕਰ ਦਿੰਦੀ ਸੀ। ਜਿਸ ਰਸ ਵਿਚ ਜਾਂ ਜਿਸ ਭਾਵ ਵਿਚ ਜੋ ਪ੍ਰਭਾਵ ਦੇਣਾ ਹੁੰਦਾ, ਮੀਹ ਦੇ ਛਰਾਟੇ ਵਾਂਗ ਆਪਣੇ ਵਹਿਣ ਵਿਚ ਰੋੜ੍ਹ ਕੇ ਲੈ ਜਾਂਦਾ ਸੀ। ਪੰਜਾਬੀ ਪੱਬਾਂ ਭਾਰ ਹੋ ਜਾਂਦੇ ਸਨ। ਸੁਰੋਤੇ ਕੀਲੇ ਜਾਂਦੇ ਸਨ।

    ਢਾਡੀ ਕਲਾ ਦੇ ਇਤਹਾਸ ਵਿਚ ਸੋਹਨ ਸਿੰਘ ਸੀਤਲ ਪਿੱਛੋਂ ਪਾਲ ਸਿੰਘ ਪੰਛੀ ਦਾ ਨਾਂ ਆਉਂਦਾ ਹੈ; ਜਿਸ ਨੇ ਇਸ ਕਲਾ ਨੂੰ ਨਵਿਆਉਣ ਤੇ ਚਮਕਾਉਣ ਲਈ ਅਨੇਕਾਂ ਮਾਅਰਕੇ ਮਾਰੇ ਹਨ। ਖਾਸ ਕਰ ਕੇ ਨਵੀਂਨ ਪਰਸੰਗਾਂ ਵਿਚ, ਨਵੀਂਨ ਤਰਜ਼ਾਂ ਵਿਚ, ਖੜਕਵੇਂ ਤਾਲ, ਝੂੰਮਦੀ ਲੈਅ ਤੇ ਮੌਲਕ ਕਵਿਤਾ ਵਿਚ। ਜੀਵਨ ਦਾ ਕੋਈ ਰਸ, ਕੋਈ ਭਾਵ ਜਾਂ ਕੋਈ ਵੇਗ ਨਹੀਂ; ਜਿਸ ਉੱਤੇ ਪੰਛੀ ਜੀ ਨੇ ਕਵਿਤਾ ਦੀ ਰਚਨਾ ਨਾਂ ਕੀਤੀ ਹੋਵੇ। ਕੋਈ ਪੱਖ ਨਹੀਂ ਜਿਸ ਦਾ ਬਿਆਨ ਨਾਂ ਕੀਤਾ ਹੋਵੇ। ਪੰਜਾਬੀ ਸਭਿਆਚਾਰ ਦੇ ਹਰ ਰਸ, ਹਰ ਭਾਵ ਤੇ ਹਰ ਪੱਖ ਦੀਆਂ ਗੱਲਾਂ ਕੀਤੀਆਂ ਹਨ। ਸਿੱਖ ਇਤਹਾਸ ਦਾ ਗਹਿਰ ਗੰਭੀਰ ਤੇ ਭਾਵਨਾਤਮਿਕ ਵਿਸ਼ਲੇਸ਼ਨ ਕੀਤਾ ਅਤੇ ਮਨੁੱæਖੀ ਜਜ਼ਬਿਆਂ ਨਾਲ਼ ਛਲਕਦੇ ਹਰ ਭਾਵ ਤੇ ਹਰ ਰਸ ਦੀ ਕਵਿਤਾ ਦੀ ਸਿਰਜਣਾ ਕੀਤੀ ਹੈ। ਦਰਜਣਾਂ ਪਰਸੰਗ ਲਿਖੇ; ਜੋ ਅੱਜ ਵੀ ਪੁਸਤਕਾਂ ਦੇ ਰੂਪ ਵਿਚ ਮਿਲਦੇ ਹਨ ਅਤੇ ਜਿੰਨ੍ਹਾਂ ਨੂੰ ਅੱਜ ਵੀ ਪੰਜਾਬ ਦੇ ਬਹੁਤੇ ਢਾਡੀ ਜੱਥੇ ਸਟੇਜਾਂ 'ਤੇ ਗਾਉਂਦੇ, ਨਾਮਣਾ ਖੱਟਦੇ ਤੇ ਕਮਾਈ ਕਰਦੇ ਹਨ।
    ਦੂਜੀ ਸੰਸਾਰ ਜੰਗ ਸਿਖਰਾਂ 'ਤੇ ਸੀ; ਜਦੋਂ 7 ਅਕਤੂਬਰ 1918 ਨੂੰ ਜ਼ਿਲਾ ਫਿਰੋਜ਼ਪੁਰ ਦੇ ਪਿੰਡ ਤਲਵੰਡੀ ਮੱਲ੍ਹੀਆਂ ਵਿਚ ਮਾਤਾ ਆਸ ਕੌਰ, ਪਿਤਾ ਪੂਰਨ ਸਿੰਘ ਮੱਲ੍ਹੀ ਦੇ ਘਰ ਪਾਲ ਸਿੰਘ ਨੇ ਜਨਮ ਲਿਆ। ਜਨਮ ਕੀ ਲਿਆ ਕੇਵਲ ਦੋ ਸਾਲ ਦੀ ਉਮਰ ਸੀ; ਜਦੋਂ ਪਿਤਾ ਜੀ ਸਦੀਵੀ ਵਿਛੋੜਾ ਦੇ ਗਏ। ਮਾਂ ਵਿਧਵਾ ਹੋ ਗਈ। ਕਿਸ਼ੋਰ ਉਮਰ, ਕਬੀਲਦਾਰੀ ਦਾ ਬੋਝ, ਵੱਡੀਆਂ ਜ਼ੁੰਮੇਵਾਰੀਆਂ। ਖੇਤੀ ਕਰਨੀ ਪਈ। ਪਰ ਬਾਲਕ ਪਾਲ ਸਿੰਘ ਦੇ ਅੰਦਰ ਕਿਸੇ ਉਚੇਰੀ ਮੰਜ਼ਲ ਦੀ ਪ੍ਰਾਪਤੀ ਦੀ ਸੂਖਮ ਤਾਰ ਖੜਕਦੀ ਪਈ ਸੀ। ਉਹ ਖੇਤੀ ਦੇ ਕਿੱਲੇ ਨਾਲ਼ ਬੱਝਣ ਵਾਲ਼ਾ ਤੇ ਇੱਕੋ ਥਾਂ ਟਿਕ ਕੇ ਬੈਠਣ ਵਾਲਾ ਨਹੀਂ ਸੀ।
    ਉਦੋਂ ਅੰਗਰੇਜ਼ਾਂ ਦਾ ਰਾਜ ਸੀ। ਹੁਣ ਵਾਂਗ ਸਕੂਲ ਨਹੀਂ ਸਨ। ਪੜ੍ਹਾਈ ਤੇ ਵਿਦਿਆ ਬਗੈਰ ਸਾਰਾ ਦੇਸ਼ ਸੁੰਨਾਂ ਸੀ। ਗੁਲਾਮ ਭਾਰਤੀਆਂ ਦੇ ਚੇਤਨਾ ਤੇ ਜਾਗ੍ਰਿਤੀ ਦੇ ਦੁਆਰ ਬੰਦ ਸਨ। ਪਰ 'ਹੋਣਹਾਰ ਬਿਰਵਾ ਕੇ, ਹੋਤ ਚੀਕਨੇ ਪਾਤ' ਅਨੁਸਾਰ ਪਾਲ ਸਿੰਘ ਦੇ ਜੀਵਨ ਦੇ ਅਰੰਭ ਤੋਂ ਪ੍ਰਤਿਭਾ ਤੇ ਜਗਿਆਸਾ ਦੀ ਸੂਖਮ ਕਣੀ ਹੋਰਾਂ ਤੋਂ ਵਧੇਰੇ ਤਿੱਖੀ ਤੇ ਤੀਬਰ ਸੀ। ਉਸ ਦੇ ਭਾਗਾਂ ਵਿਚ ਉੱੱਚੇ ਉਦੇਸ਼ ਸਨ ਤੇ ਨਵੇਂ ਨਿਸ਼ਾਨਿਆਂ ਦੀ ਗੂੜ੍ਹੀ ਰੇਖਾ ਸੀ।

    ਉਸ ਨੇ ਵਿਦਿਆ ਦੇ ਥਾਂ ਥਾਂ ਤੋਂ ਕਿਣਕੇ ਇਕੱਠੇ ਕੀਤੇ। ਮੁੱਢਲੀ ਵਿਦਿਆ ਉਸ ਨੇ ਪਿੰਡ ਦੇ ਇੱਕ ਡੇਰੇ ਵਿਚ ਸਾਧੂ ਕਰਮ ਦਾਸ ਤੋਂ ਪ੍ਰਾਪਤ ਕੀਤੀ। ਉੱਨ੍ਹਾਂ ਦਿਨਾਂ ਵਿਚ ਪੇਂਡੂ ਪਛੋਕੜ ਵਾਲ਼ੇ ਦੋ ਵਿਦਵਾਨਾਂ ਦੇ ਨਾਂਵਾਂ ਦੀ ਬਹੁਤ ਉਪਮਾ ਸੀ। ਭਾਵੇਂ ਇਹ ਜਾਤੋਂ ਗੋਤੋਂ 'ਪੰਡਤ' ਨਹੀਂ ਸੀ ਪਰ ਇੰਨ੍ਹਾਂ ਨੂੰ ਇੰਨ੍ਹਾਂ ਦੀ ਬੇਜੋੜ ਵਿਦਵਤਾ, ਪ੍ਰਤਿਭਾ ਤੇ ਗਹਿਰ ਗੰਭੀਰ ਅਧਿਐਨ ਕਾਰਣ 'ਪੰਡਤ' ਆਖਿਆ ਜਾਂਦਾ ਸੀ। ਉੱਨ੍ਹਾਂ ਵਿਚੋਂ ਇੱਕ ਸੀ ਪਿੰਡ ਦਾਖਿਆਂ ਦੇ ਪੰਡਤ ਕਰਤਾਰ ਸਿੰਘ ਤੇ ਦੂਜੇ ਕੋਕਰੀ ਫੂਲਾ ਸਿੰਘ ਵਾਲੇ ਪੰਡਤ ਭਾਨ ਸਿੰਘ। ਇਹ ਦੋਨੋ ਵਿਦਵਾਨ ਭਾਸ਼ਾ ਵਿਗਿਆਨੀ ਸਨ, ਸੰਸਕ੍ਰਿਤ, ਬ੍ਰਿਜ ਭਾਸ਼ਾ, ਵਿਆਕਰਣ ਤੇ ਗੁਰਬਾਣੀ ਦੇ ਮਾਹਰ ਤੇ ਵਿਦਵਤਾ ਦੇ ਸਭ ਤੋਂ ਉੱਚੇ ਬੁਰਜ ਸਨ। ਪਾਲ ਸਿੰਘ ਨੇ ਪੰਡਤ ਭਾਨ ਸਿੰਘ ਤੋਂ ਉਸ ਦੇ ਬਿਹੰਗਮੀ ਡੇਰੇ ਦੀਆਂ ਕੱਚੀਆਂ ਕੋਠੜੀਆਂ ਤੇ ਬਿਰਛਾਂ ਦੀ ਗੂੜ੍ਹੀ ਛਾਂ ਵਿਚ ਬਹਿ ਕੇ ਸੰਸਕ੍ਰਿਤ, ਵਿਆਕਰਣ, ਬ੍ਰਿਜ ਭਾਸ਼ਾ ਤੇ ਹੋਰ ਗ੍ਰੰਥਾਂ ਦੀ ਪੜ੍ਹਾਈ ਕੀਤੀ। ਗੁਰਬਾਣੀ ਤੇ ਸਿੱਖ ਇਤਹਾਸ ਦਾ, ਹਿੰਦੂ ਇਤਹਾਸ ਤੇ ਮਿਥਹਾਸ ਦਾ ਨਿੱਠ ਕੇ ਅਧਿਐਨ ਕੀਤਾ। ਪੰਜਾਬੀ ਦੇ ਨਾਲ਼ ਹਿੰਦੀ ਤੇ ਉਰਦੂ ਦਾ ਵੀ ਮੁਤਾਲਿਆ ਕੀਤਾ।
    ਉੱਨ੍ਹਾਂ ਦਿਨਾਂ ਵਿਚ ਤਖਤੂਪੁਰੇ ਵਾਲ਼ੇ ਕਵੀਸ਼ਰ ਸ਼ੇਰ ਸਿੰਘ 'ਸੰਦਲ' ਦਾ ਕਵੀਸ਼ਰੀ ਵਿਚ ਬਹੁਤ ਵੱਡਾ ਨਾਂ ਸੀ। ਛੰਦਾ-ਬੰਦੀ ਤੇ ਪਿੰਗਲ ਦਾ ਮੰਨਿਆਂ ਪਰਮੰਨਿਆਂ ਉਸਤਾਦ, ਉੱਤਮ ਬੁਲਾਰਾ, ਵੱਡਾ ਕੱਦ, ਬੁਲੰਦ ਅਵਾਜ਼, ਪ੍ਰਭਾਵਸ਼ਾਲੀ ਸਖਸ਼ੀਅਤ ਤੇ ਸਤਿਕਾਰਤ ਹਸਤੀ ਸੀ। 1942 ਵਿਚ ਪਾਲ ਸਿੰਘ ਉਸ ਕੋਲ ਜਾ ਹਾਜ਼ਰ ਹੋਇਆ ਤੇ ਉਸ ਨੂੰ ਕਵਿਤਾ ਦਾ ਗੁਰੂ ਧਾਰਨ ਕਰ ਲਿਆ। ਉਦੋਂ 'ਗੁਰੂ-ਸ਼ਿਸ਼' ਪਰੰਪਰਾ ਦਾ ਰਿਵਾਜ ਸੀ। ਇੱਥੋਂ ਉਸ ਦੀ ਵਿਦਵਤਾ ਤੇ ਪ੍ਰਤਿਭਾ ਵਿਚ ਨਿਖਾਰ ਤੇ ਕਲਾ ਦਾ ਉਥਾਨ ਆਰੰਭ ਹੁੰਦਾ ਹੈ। ਕਵੀਸ਼ਰ ਸ਼ੇਰ ਸਿੰਘ ਸੰਦਲ ਨੇ ਪਾਲ ਸਿੰਘ ਨੂੰ ਕਵਿਤਾ ਦੀਆਂ ਸੂਖਮ ਤੰਦਾਂ ਫੜਨ ਦੇ, ਭਿੰਨ ਭਿੰਨ ਛੰਦਾਂ ਦੀ ਬਹਿਰ ਦੇ, ਤੋਲ-ਤੁਕਾਂਤ, ਮਾਤ੍ਰਕ ਤੇ ਵਾਰਣਿਕ ਛੰਦਾਂ ਦੇ ਗੁਰ ਦੱਸੇ। ਛੰਦ-ਪ੍ਰਬੰਧ ਤੇ ਪਿੰਗਲ ਦਾ ਗੂੜ੍ਹ ਗਿਆਨ ਦਿੱਤਾ। ਪ੍ਰਸਿੱਧ ਹੋਣ ਤੇ ਸਫਲ ਹੋਣ ਦਾ ਗੁਰਮੰਤਰ ਦਿੱਤਾ। ਇਸ ਦੀ ਨਿਰਛਲ ਸੇਵਾ, ਸੂਖਮ ਬਿਰਤੀ ਤੇ ਕੋਮਲ ਬੁੱਧੀ 'ਤੇ ਨਿਹਾਲ ਹੋ ਕੇ ਭਵਿਖ ਬਾਣੀ ਕੀਤੀ ਤੇ ਆਖਿਆ "ਜਾਹ, ਪਾਲ ਸਿਆਂ ਪੰਛੀਆਂ ਵਾਂਗ ਖੁੱਲ੍ਹੀਆਂ ਉਡਾਰੀਆਂ ਮਾਰ, ਤੇਰੇ ਵਾਸਤੇ ਖੁੱਲ੍ਹਾ ਆਸਮਾਨ ਤੈਨੂੰ ਬਾਹਾਂ ਫੈਲਾਈ ਅਵਾਜ਼ਾਂ ਮਾਰਦਾ ਪਿਆ ਹੈ" ਉਸ ਦਿਨ ਤੋਂ ਇਸ ਨੇ ਆਪਣੇ ਗੁਰੂ ਦਾ ਸਹਿਜ ਸੁਭਾਅ ਦਿੱਤਾ ਤਖੱਲਸ "ਪੰਛੀ" ਪੱਕੇ ਤੌਰ 'ਤੇ ਆਪਣੇ ਨਾਂ ਨਾਲ਼ ਜੋੜ ਲਿਆ। ਉਸ ਦਿਨ ਤੋਂ ਇਸ ਦੀ ਵਿਦਵਤਾ, ਯੋਗਿਤਾ ਤੇ ਪ੍ਰਤਿਭਾ ਦੀਆਂ ਪੰਛੀ ਉਡਾਰੀਆਂ ਅਰੰਭ ਹੁੰਦੀਆਂ ਹਨ।

    ਫਿਰ ਇਸ ਨੇ ਪਿੱਛੇ ਮੁੜਕੇ ਨਹੀਂ ਦੇਖਿਆ। ਪਹਿਲਾਂ ਕੁਝ ਸਮਾ ਡਾਲ਼ੇ ਵਾਲ਼ੇ ਮੋਹਨ ਸਿੰਘ ਨਾਲ਼ ਕਵੀਸ਼ਰੀ ਜੱਥਾ ਬਣਾਇਆ। ਅੰਤ ਨਿਰੋਲ ਆਪਣਾ ਢਾਡੀ ਜੱਥਾ ਤਿਆਰ ਕੀਤਾ; ਜੋ ਇੰਨ੍ਹਾਂ ਦੇ ਅੰਤਲੇ ਸਾਹਾਂ ਤੱਕ ਕਾਇਮ ਰਿਹਾ। ਇੱਕ ਸਮੇ ਇਸ ਜੱਥੇ ਨੂੰ 'ਪੰਥਕ ਜੱਥਾ' ਹੋਣ ਦਾ ਮਾਣ ਹਾਸਲ ਸੀ ਅਤੇ ਇਹ ਹਰ ਧਾਰਮਿਕ ਦੀਵਾਨਾਂ ਅਤੇ ਪੰਥਕ ਕਾਨਫਰੰਸਾਂ ਦਾ ਸ਼ਿੰਗਾਰ ਹੁੰਦਾ ਸੀ। ਪੰਥ ਦਾ ਕੋਈ ਦੀਵਾਨ ਜਾਂ ਕਾਨਫਰੰਸ ਨਹੀਂ ਸੀ ਹੁੰਦੀ; ਜਿੱਥੇ ਪਾਲ ਸਿੰਘ ਪੰਛੀ ਦੇ ਢਾਡੀ ਜੱਥੇ ਦੀਆਂ ਗੂੰਜਾਂ ਨਹੀਂ ਸੀ ਪੈਂਦੀਆਂ। ਅਸਲ ਵਿਚ ਇੰਨ੍ਹਾਂ ਦੇ ਜੱਥੇ ਕਰ ਕੇ ਹੀ ਲੋਕਾਂ ਦਾ ਇਕੱਠ ਜੁੜਦਾ ਸੀ, ਕਾਨਫਰੰਸਾਂ ਵਿਚ ਲੋਕਾਂ ਦੀਆਂ ਰੌਣਕਾਂ ਹੁੰਦੀਆਂ ਸਨ ਤੇ ਪੰਥਕ ਪੈਗਾਮ ਦਿੱਤਾ ਜਾਂਦਾ ਸੀ।
    ਲਹਿੰਦੇ ਪੰਜਾਬ ਦੀਆਂ ਬਾਰਾਂ ਵਿਚ, ਲਾਹੌਰ, ਲਾਇਲਪੁਰ, ਸਰਗੋਧਾ, ਮਿੰਟਗੁਮਰੀ ਆਦਿ ਸ਼ਹਿਰਾਂ ਵਿਚ ਇੰਨ੍ਹਾਂ ਅਖਾੜੇ ਲਾਏ। ਆਪਣੇ ਦੇਸ਼ ਦੇ ਹਰ ਪ੍ਰਾਂਤ ਯੂ ਪੀ, ਕਸ਼ਮੀਰ, ਹਰਿਆਣਾ, ਬੀਕਾਨੇਰ, ਮੱਧ ਪਰਦੇਸ, ਬੰਗਾਲ, ਬਿਹਾਰ ਆਦਿ ਦੇ ਵੱਡੇ ਸ਼ਹਿਰ ਬੰਬੇ, ਕਲਕੱਤੇ, ਬੰਗਲੌਰ ਆਦਿ ਵਿਚ ਅਤੇ ਕਈ ਬਾਹਰਲੇ ਮੁਲਕਾਂ ਸਿੰਘਾਪੁਰ, ਮਲੇਸ਼ੀਆ, ਥਾਈਲੈਂਡ ਤੇ ਇੰਗਲੈਂਡ ਵਿਚ ਢਾਡੀ ਕਲਾ ਦੇ ਜੌਹਰ ਦਿਖਾਏ ਅਤੇ ਆਪਣੀ ਲਿਆਕਤ ਦੇ ਝੰਡੇ ਗੱਡੇ ਹਨ।
    ਉੱਚੇ ਵਿਚਾਰ, ਸੁੱਚੇ ਕਿਰਦਾਰ ਤੇ ਪਵਿੱਤਰ ਵਿਹਾਰ ਦੇ ਮਾਲਕ ਪੰਛੀ ਜੀ ਸੁਭਾਅ ਦੇ ਕੋਮਲ, ਮਿੱਠੇ, ਮਿਲਾਪੜੇ ਤੇ ਹਸਮੁਖ ਵਿਅਕਤੀ ਸਨ। ਜਿੱਥੇ ਬਹਿੰਦੇ-ਖੜ੍ਹਦੇ, ਰੌਣਕਾਂ ਲੱਗ ਜਾਂਦੀਆਂ ਸਨ। ਸਾਦਾ ਲਿਬਾਸ, ਖੱਟੀ ਫਿਫਟੀ, ਨੀਲੀ ਦਸਤਾਰ, ਬਲੰਦ ਪ੍ਰਵਾਜ਼ ਤੇ ਸੁਰੀਲੀ ਅਵਾਜ਼, ਬਦਾਮ ਖਾਣ ਤੇ ਸਰਦਾਈ ਪੀਣ ਦੇ ਸ਼ੌਕੀਨ। ਇਨ੍ਹਾਂ ਨੂੰ ਪੰਥਕ ਬੁਲਾਰੇ ਵਜੋਂ ਜਾਣਿਆਂ ਜਾਂਦਾ ਸੀ। ਪੰਜਾਬੀ ਸੂਬਾ ਮੋਰਚੇ ਵਿਚ ਜਿਹਲ ਯਾਤਰਾ ਕੀਤੀ। ਇੰਨ੍ਹਾਂ ਦੀ ਵਿਦਵਤਾ, ਲਿਆਕਤ ਤੇ ਮਿਹਨਤ ਕਾਰਣ ਇਹ 1962 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੇ ਮੈਬਰ ਬਣੇ। ਇਸ ਪਦਵੀ 'ਤੇ ਇਹ ਕਈ ਸਾਲ ਸਸ਼ੋਭਤ ਰਹੇ ਹਨ।
    ਪੰਛੀ ਜੀ ਦੀਆਂ ਰਚਨਾਵਾਂ ਦੀ ਸੂਚੀ ਬਹੁਤ ਲੰਮੀ ਹੈ। ਬੇਅੰਤ ਸਾਕੇ, ਵਾਰਾਂ, ਕਬਿੱਤ, ਰੁਬਾਈਆਂ, ਭਾਂਤ ਭਾਂਤ ਦੇ ਛੰਦ। ਜੰਗਾਂ, ਯੁੱਧਾਂ, ਲਹਿਰਾਂ ਤੇ ਜੋਧਿਆਂ ਦੀ ਬਹਾਦਰੀ ਦੇ ਕਿੱਸੇ। ਧਾਰਮਿਕ ਤੇ ਸਮਾਜਿਕ ਵਿਸ਼ਿਆਂ 'ਤੇ ਦੋ ਦਰਜਣ ਦੇ ਕਰੀਬ ਰੀਕਾਰਡ। ਕਿਤਾਬਾਂ ਦੀ ਗਿਣਤੀ ਦੋ ਦਰਜਣ ਤੋਂ ਵਧੀਕ ਤੇ ਫੁਟਕਲ ਛੰਦ ਤੇ ਕਿੱਸੇ ਪੰਜ ਦਰਜਣ ਤੋਂ ਵਧੀਕ ਹੈ। ਇਨ੍ਹਾਂ ਦੀਆਂ ਬਹੁ-ਚਰਿਚਤ ਕਿਤਾਬਾਂ ਹਨ: "ਪੰਛੀ ਪ੍ਰਵਾਨੇ" "ਪੰਛੀ ਕਿਰਣਾ" "ਪੰਛੀ ਪੈੜਾਂ" "ਪੰਛੀ ਪੀਂਘਾਂ" "ਪੰਛੀ ਪੈਲਾਂ" "ਪੰਛੀ ਹੰਝੂ" "ਪੰਛੀ ਉਡਾਰੀਆਂ" ਆਦਿ। ਵਾਰਤਿਕ ਦੀਆਂ ਰਚਨਾਵਾਂ ਹਨ: ਵਿਚੋਲਾ (ਨਾਵਲ), ਪਾਣੀਆਂ ਤੋਂ ਪਾਰ (ਸਫਰਨਾਮਾ), ਲੰਡਨ ਦੀ ਲੀਲ੍ਹਾ (ਸਫਰਨਾਮਾ)
    ਇੰਨ੍ਹਾਂ ਦੇ ਬਹੁ-ਚਰਚਿਤ ਪਰਸੰਗ ਹਨ: "ਮੱਕਾ ਫੇਰਨ ਦਾ ਪਰਸੰਗ", "ਗੁਰੂ ਅਰਜਨ ਦੇਵ ਦੀ ਸ਼ਹੀਦੀ", "ਮੱਸੇ ਦੀ ਮੌਤ", "ਗੱਡੀ ਪੰਜਾ ਸਾਹਿਬ" "ਕੰਵਰ ਨੌ ਨਿਹਾਲ ਸਿੰਘ ਦਾ ਵਿਆਹ","ਛੋਟੇ ਸਾਹਿਬ ਜ਼ਾਦਿਆਂ ਦੀ ਸ਼ਹੀਦੀ," "ਬੰਦਾ ਸਿੰਘ ਬਹਾਦਰ ਦੀ ਵਾਰ', "ਭੰਗਾਣੀ ਦਾ ਯੁਧ", "ਪੰਜਾਬ ਦੇ ਅਲਬੇਲੇ ਗੱਭਰੂ", "ਸ਼ਾਮ ਸਿੰਘ ਅਟਾਰੀ ਪਰਸੰਗ" "ਸ਼ਹੀਦੇਆਜ਼ਮ ਭਗਤ ਸਿੰਘ", "ਕਰਤਾਰ ਸਿੰਘ ਸਰਾਭਾ", "ਮਹਾਂਰਾਣੀ ਜਿੰਦਾਂ" "ਕਿੱਸਾ ਪੂਰਨ ਭਗਤ", "ਸੋਹਣੀ ਮਹੀਵਾਲ" "ਹੀਰ ਰਾਂਝਾ" ਅਤੇ ਹੋਰ ਬੇਅੰਤ ਵਾਰਾਂ ਤੇ ਪਰਸੰਗ।
    ਪਾਲ ਸਿੰਘ ਪੰਛੀ ਦਾ ਆਪਣਾ ਬਾਗ ਪਰਵਾਰ ਬਹੁਤ ਮਿੱਠਾ, ਮਿਲਾਪੜਾ, ਸੁਲਝਿਆ, ਸਹਿਯੋਗੀ, ਦਾਨੀ ਤੇ ਪਰਉਪਕਾਰੀ ਹੈ। ਵੱਡਾ ਲੜਕਾ ਹਰਿੰਦਰ ਸਿੰਘ ਮੱਲ੍ਹੀ ਕਨੇਡਾ, ਉਸ ਤੋਂ ਛੋਟਾ ਰਾਜਿੰਦਰ ਸਿੰਘ ਮੱਲ੍ਹੀ ਇੰਡੀਆ, ਸਭ ਤੋਂ ਛੋਟਾ (ਸੁਰਗਵਾਸੀ) ਡਾਕਟਰ ਮਨਮੋਹਨ ਸਿੰਘ ਮੱਲ੍ਹੀ। ਇੰਕਲੋਤੀ ਪੁੱਤਰੀ ਬਲਜਿੰਦਰ ਕੌਰ ਇੰਗਲੈਂਡ ਸੈਟਲ ਹੈ।
    ਪੰਛੀ ਜੀ 1978 ਵਿਚ ਆਪਣੇ ਜੱਥੇ ਸਮੇਤ ਇੰਗਲੈਂਡ ਗਏ। ਉੱਥੇ ਆਪਣੀ ਪਿਆਰੀ ਪੁੱਤਰੀ ਬਲਜਿੰਦਰ ਕੌਰ ਦੇ ਘਰ 14 ਅਪ੍ਰੈਲ ਦੇ ਮਨਹੂਸ ਦਿਨ ਅਚਾਨਕ ਸਦੀਵੀ ਵਿਛੋੜਾ ਦੇ ਗਏ ਅਤੇ ਵਸਦਾ ਰਸਦਾ ਸੰਸਾਰ ਸੁੰਨਾਂ ਕਰ ਗਏ। ਇੰਨ੍ਹਾਂ ਦੇ ਵਿਛੋੜੇ ਨਾਲ਼ ਪੂਰੇ ਪੰਜਾਬ ਵਿਚ ਸੋਗ ਦੀ ਲਹਿਰ ਛਾ ਗਈ ਅਤੇ ਥਾਂ ਥਾਂ ਸ਼ਰਧਾਂਜਲੀ ਸਮਾਗਮ ਕੀਤੇ ਗਏ। ਪੰਛੀ ਜੀ ਦੀ ਵਡ-ਅਕਾਰੀ ਤਸਵੀਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਕੇਂਦਰੀ ਸਿੱਖ ਆਇਬਘਰ ਵਿਚ ਸਸ਼ੋਭਤ ਕੀਤੀ ਗਈ ਹੈ।

     ਪੰਛੀ ਜੀ ਦੀ ਕਵਿਤਾ ਦੀਆਂ ਕੁਝ ਵੰਨਗੀਆਂ ਪੇਸ਼ ਹਨ:

    ਭੈੜੇ ਨਾਵਲ ਤੇ ਕਥਾ ਕਹਾਣੀਆਂ ਤੋਂ, ਤੁਕ ਇਕੋ ਗੁਰਬਾਣੀ ਦੀ ਪੜ੍ਹੀ ਚੰਗੀ।

    ਕੋਝੇ ਕਿੱਸਿਆਂ ਤੇ ਗੰਦੇ ਗੀਤਾਂ ਨਾਲੋਂ, ਸੁਣ ਲੈਣੀ ਇਤਹਾਸ ਦੀ ਲੜੀ ਚੰਗੀ।

    ਸੌ ਮੂਰਖਾਂ ਦੀ ਸੌ ਝਿੜਕ ਨਾਲੋਂ, ਇੱਕ ਸਿਆਣੇ ਉਸਤਾਦ ਦੀ ਤੜੀ ਚੰਗੀ।

    ਸੌ ਸਾਲ ਉਦਾਸੀ ਦੇ ਜੀਣ ਨਾਲੋਂ, 'ਪੰਛੀ' ਇੱਕੋ ਸਤਸੰਗ ਦੀ ਘੜੀ ਚੰਗੀ

                         ***********

    ਫਤੇਹ ਪਿਤਾ ਨੂੰ ਬੁਲਾ ਕੇ ਆਖਰੀ, ਚੜ੍ਹੇ ਜੰਗ ਨੂੰ ਅਜੀਤ ਸਿੰਘ ਬੀਰ।

    ਉਹਦੇ ਮੋਢੇ ਪੁੱਤਰੀ ਕਾਲ਼ ਦੀ, ਅਤੇ ਲੱਕ ਲਟਕੇ ਸ਼ਮਸ਼ੀਰ।

    ਯੋਧਾ ਰਣ ਤੱਤੇ ਵਿਚ ਆ ਗਿਆ, ਅੱਗੇ ਵਧਿਆ ਦਲਾਂ ਨੂੰ ਚੀਰ।

    ਉਹਨੇ ਵੱਢ ਵੱਢ ਕੀਤੇ ਡੱਕਰੇ, ਜਿਵੇਂ ਕੇਲੇ ਵਿਚ ਕਰੀਰ।

    ਖਾ ਸੈਂਕੜੇ ਫੱਟ ਤਲਵਾਰ ਦੇ, ਸੁਹਣਾ ਧਰਤੀ 'ਤੇ ਡਿੱਗਿਆ ਅਖੀਰ।

    ਛਾਤੀ ਕਰਤੀ ਤੀਰਾਂ ਛਾਨਣੀ, 'ਪੰਛੀ' ਪਾ ਗਿਆ ਸ਼ਹੀਦੀ ਵੀਰ।                

                              (ਚਮਕੌਰ ਦੀ ਜੰਗ ਵਿਚੋਂ)