ਜ਼ਿੰਦਗੀ ਹਿਸਾਬ ਮੰਗਦੀ ਹੈ (ਲੇਖ )

ਗੁਰਸ਼ਰਨ ਸਿੰਘ ਕੁਮਾਰ   

Email: gursharan1183@yahoo.in
Cell: +91 94631 89432
Address: 1183, ਫੇਜ਼-10
ਮੁਹਾਲੀ India
ਗੁਰਸ਼ਰਨ ਸਿੰਘ ਕੁਮਾਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਫਰੀਦਾ ਜਿਨੀ ਕੰਮੀ ਨਾਹਿ ਗੁਣ ਤੇ ਕੰਮੜੇ ਵਿਸਾਰਿ॥

ਮਤੁ ਸਰਮਿੰਦਾ ਥੀਵਹੀ ਸਾਂਈ ਦੈ ਦਰਬਾਰਿ॥


ਜ਼ਿੰਦਗੀ ਹਰ ਸਮੇਂ ਪਲ ਪਲ ਦਾ ਹਿਸਾਬ ਮੰਗਦੀ ਹੈ। ਜ਼ਿੰਦਗੀ ਬਹੁਤ ਕੀਮਤੀ ਹੈ ਇਸ ਨੂੰ ਜਾਇਆ ਨਹੀਂ ਗਵਾਉਣਾ ਚਾਹੀਦਾ।ਜ਼ਿੰਦਗੀ ਦਾ ਮਕਸਦ ਇਹ ਨਹੀਂ ਕਿ ਕਮਾ ਲਿਆ, ਖਾ ਲਿਆ, ਪੀ ਲਿਆ ਅਤੇ ਸੋਂ ਲਿਆ ਬਸ ਜ਼ਿੰਦਗੀ ਕੱਟ ਗਈ ਜਾਂ ਬੱਚੇ ਜੰਮ ਲਏ, ਪਰਿਵਾਰ ਵਧਾ ਲਿਆ ਅਤੇ ਬੱਚੇ ਵੱਡੇ ਕਰ ਲਏ ਬਸ ਜ਼ਿੰਦਗੀ ਕੱਟ ਗਈ। ਜ਼ਿੰਦਗੀ ਦਾ ਮਕਸਦ ਜ਼ਿੰਦਗੀ ਕੱਟਣਾ ਨਹੀਂ ਸਗੋਂ ਇਸ ਤੋਂ ਕਿਧਰੇ ਉੱਚਾ ਹੈ। ਜ਼ਿੰਦਗੀ ਇਕ ਊਰਜਾ ਹੈ। ਇਕ ਨਿਰੰਤਰ ਵਿਕਾਸ ਦਾ ਨਾਮ ਹੈ ਜ਼ਿੰਦਗੀ। ਤੁਹਾਡੀ ਜ਼ਿੰਦਗੀ ਵਿਚ ਊਰਜਾ ਦੀ ਇਹ ਚਿੰਗਾਰੀ ਹਰ ਸਮੇ ਮੱਚਦੀ ਨਜਰ ਆਉਣੀ ਚਾਹੀਦੀ ਹੈ। ਜ਼ਿੰਦਗੀ ਦਾ ਮਕਸਦ ਇਸ ਕੁਦਰਤ ਨੂੰ ਹੋਰ ਸੁੰਦਰ ਬਣਾਉਣਾ ਹੈ। ਇਸ ਸੰਸਾਰ ਤੋਂ ਟੋਏ ਟਿੱਬੇ ਢਾਹ ਕੇ ਜ਼ਿੰਦਗੀ ਨੂੰ ਸਾਵੀਂ ਪੱਧਰੀ ਕਰਨਾ। ਜ਼ਿੰਦਗੀ ਦੇ ਰਸਤੇ ਵਿਚੋਂ ਕੰਡੇ ਚੁਗ ਕੇ ਇਸ ਨੂੰ ਫੁੱਲਾਂ ਨਾਲ ਮਹਿਕਾਉਣਾ। ਇੱਥੇ ਖੁਸ਼ੀਆਂ ਤੇ ਹਾਸੇ ਖੇੜ੍ਹੇ ਵੰਡਣੇ।ਜੇ ਅਸੀਂ ਆਪ ਖੁਸ਼ ਅਤੇ ਖੁਸ਼ਹਾਲ ਹੋਵਾਂਗੇ ਤਾਂ ਹੀ ਅਸੀਂ ਦੂਜਿਆਂ ਨੂੰ ਹਾਸੇ ਅਤੇ ਖੇੜ੍ਹੇ ਵੰਡ ਸਕਾਂਗੇ। ਖੁਸੀ ਤੇ ਖੁਸ਼ਹਾਲੀ ਸਦਗੁਣਾ ਨਾਲ ਹੀ ਆਉਂਦੀ ਹੈ। ਕੁਦਰਤ ਹਮੇਸ਼ਾਂ ਪੂਰਾ ਤੋਲਦੀ ਹੈ। ਉਹ ਹਰ ਇਕ ਨਾਲ ਇਨਸਾਫ ਕਰਦੀ ਹੈ। ਅਸੀਂ ਜੈਸਾ ਬੀਜਾਂਗੇ ਵੈਸਾ ਹੀ ਕੱਟਾਂਗੇ। ਕਈ ਵਾਰ ਸਾਨੂੰ ਜਾਪਦਾ ਹੈ ਕਿ ਕੁਦਰਤ ਨੇ ਸਾਡੇ ਨਾਲ ਇਨਸਾਫ ਨਹੀਂ ਕੀਤਾ ਅਤੇ ਸਾਨੂੰ ਫਾਲਤੂ ਦਾ ਦੁੱਖਾਂ ਤੇ ਮੁਸੀਬਤਾਂ ਵਿਚ ਪਾਇਆ ਹੈ। ਪਰ ਇਹ ਸਾਡੀ ਦੂਰ ਦ੍ਰਿਸ਼ਟੀ ਦੀ ਘਾਟ ਹੁੰਦੀ ਹੈ। ਸਾਡੀ ਨਜਰ ਜਾਂ ਸੋਚ ਉੱਥੋਂ ਤਕ ਨਹੀਂ ਪਹੁੰਚਦੀ ਜਿਹੜੇ ਕਰਮਾਂ ਕਰਕੇ ਸਾਨੂੰ ਦੁੱਖ ਜਾਂ ਕਸ਼ਟ ਮਿਲੇ ਹਨ ਜਾਂ ਖੁਸ਼ੀ ਤੇ ਖੁਸ਼ਹਾਲੀ ਨਹੀਂ ਮਿਲੀ। ਜੇ ਅਸੀਂ ਕਿਸੇ ਨਾਲ ਭਲਾ ਕਰਾਂਗੇ ਤਾਂ ਸਾਨੂੰ ਭਲਾ ਹੀ ਮਿਲੇਗਾ। ਪਰਉਪਕਾਰ ਕਦੇ ਵੀ ਖਾਲੀ ਨਹੀਂ ਜਾਂਦਾ ਉਸ ਨੂੰ ਸਦਾ ਫਲ ਲਗਦਾ ਹੈ ਪਰ ਪਰਉਕਾਰ ਲਈ ਤਿਆਗ ਦੀ ਜਰੂਰਤ ਹੁੰਦੀ ਹੈ। ਭਾਵੇਂ ਉਹ ਪੈਸੇ ਦਾ ਤਿਆਗ ਹੋਵੇ, ਮਿਹਨਤ ਦਾ ਤਿਆਗ ਹੋਵੇ, ਆਪਣੀ ਐਸ਼ੋ ਸ਼ਿਰਤ ਦਾ ਤਿਆਗ ਹੋਵੇ ਜਾਂ ਕੀਮਤੀ ਸਮੇਂ ਦਾ ਤਿਆਗ ਹੋਵੇ। ਤਿਆਗ ਇਨਾਂ੍ਹ ਚੀਜਾਂ ਦੀ ਕੁਰਬਾਨੀ ਮੰਗਦਾ ਹੈ। ਫਿਰ ਹੀ ਪਰਉਪਕਾਰ ਹੋ ਸਕਦਾ ਹੈ। ਜ਼ਿੰਦਗੀ ਦਾ ਹਿਸਾਬ ਬੜਾ ਸਿੱਧਾ ਅਤੇ ਸਪਸ਼ਟ ਹੈ। ਇਥੇ ਹਮੇਸ਼ਾਂ ਪੂਰਾ ਤੁਲਦਾ ਹੈ। ਪਾਸਕੂ ਨਹੀਂ ਚਲਦਾ। ਇਥੇ ਸਦਾ ਦੋ ਤੇ ਦੋ ਚਾਰ ਹੀ ਹੁੰਦੇ ਹਨ, ਕੁਝ ਹੋਰ ਨਹੀਂ। ਇਸੇ ਲਈ ਕਹਿੰਦੇ ਹਨ:

ਦੋ ਤੇ ਦੋ ਸਦਾ ਚਾਰ ਹੁੰਦੇ ਤੇ ਚਾਰ ਹੀ ਰਹਿਣਗੇ।

ਜਿਹੜੇ ਤੰਨ ਜਾਂ ਪੰਜ ਕਹਿਣਗੇ , ਖੁਆਰ ਹੁੰਦੇ ਰਹਿਣਗੇ।

ਜ਼ਿੰਦਗੀ ਵਿਚ ਸਫਲ ਹੋਣ ਲਈ ਕੋਈ ਛੋਟਾ, ਸੋਖਾ ਜਾਂ ਸਿਧਾ ਪੱਧਰਾ ਰਾਹ ਨਹੀਂ ਹੁੰਦਾ। ਜ਼ਿੰਦਗੀ ਵਿਚ ਬਹੁਤੀਆਂ ਚਲਾਕੀਆਂ ਨਹੀਂ ਚਲਦੀਆਂ। ਜ਼ਿੰਦਗੀ ਸ਼ਾਰਟ-ਕੱਟਾਂ ਅਤੇ ਹੇਰਾ ਫੇਰੀਆਂ ਨਾਲ ਵੀ ਬਹੁਤੀ ਦੇਰ ਨਹੀਂ ਚਲਦੀ।ਨਾਂ ਹੀ ਜ਼ਿੰਦਗੀ ਤੁੱਕਿਆਂ ਨਾਲ ਚਲਦੀ ਹੈ। ਸ਼ਾਰਟ-ਕੱਟ ਬੜੇ ਖਤਰਨਾਕ ਹੁੰਦੇ ਹਨ । ਐਕਸੀਡੈਂਟ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਲੱਤ ਬਾਂਹ ਵੀ ਟੁੱਟ ਸਕਦੀ ਹੈ ਅਤੇ ਜਾਨ ਵੀ ਜਾ ਸਕਦੀ ਹੈ। ਇਸੇ ਤਰ੍ਹਾਂ ਤੁੱਕੇ ਹਰ ਸਮੇਂ ਕਾਮਯਾਬ ਨਹੀਂ ਹੁੰਦੇ। ਤੁੱਕਾ ਕਦੀ ਕਦੀ ਹੀ ਤੀਰ ਸਾਬਤ ਹੁੰਦਾ ਹੈ ਨਹੀਂ ਤਾਂ ਸਭ ਤੁੱਕੇ ਵਿਅਰਥ ਹੀ ਜਾਂਦੇ ਹਨ। ਇਹ ਇਕ ਜੂਏ ਦੀ ਤਰਾਂ੍ਹ ਹੀ ਹੁੰਦਾ ਹੈ ਜਿਸ ਵਿਚ ਬੰਦਾ ਜਿੱਤਦਾ ਕਦੀ ਕਦੀ ਹੀ ਹੈ ਪਰ ਹਾਰਨ ਦੀ ਸੰਭਾਵਨਾ ਹਰ ਸਮੇਂ ਬਣੀ ਰਹਿੰਦੀ ਹੈ। ਇਹ ਠੀਕ ਹੈ ਇੰਨਾਂ੍ਹ ਗਲਾਂ ਨਾਲ ਕਈ ਵਾਰੀ ਅਸੀਂ ਜਲਦੀ ਹੀ ਕਾਮਯਾਬੀ ਨੂੰ ਜਾਂ ਬਹੁਤੇ ਧਨ ਨੂੰ ਹਾਸਲ ਕਰ ਲੈਂਦੇ ਹਾਂ ਪਰ ਜ਼ਿੰਦਗੀ ਵਿਚ ਖੋਟੇ ਸਿੱਕਿਆਂ ਨਾਲ ਜਿਆਦਾ ਦੇਰ ਗੁਜਾਰਾ ਨਹੀਂ ਕੀਤਾ ਜਾ ਸਕਦਾ। ਜ਼ਿੰਦਗੀ ਵਿਚ ਜੇ ਅਸੀਂ ਦੂਸਰਿਆਂ ਲਈ ਕੰਡੇ ਬੀਜਦੇ ਹਾਂ ਤਾਂ ਉਹ ਸਾਨੂੰ ਆਪ ਹੀ ਚੁਗਣੇ ਪੈਣਗੇ ਨਹੀਂ ਤਾਂ ਇਹ ਕੰਡੇ ਸਾਨੂੰ ਲਹੂ ਲੂਹਾਨ ਕਰ ਦੇਣਗੇ। ਜੇ ਅਸੀਂ ਦੂਸਰੇ ਦਾ ਬੁਰਾ ਕਰਦੇ ਹਾਂ ਜਾਂ ਉਸਤੇ ਕ੍ਰੋਧ ਕਰਦੇ ਹਾਂ ਤਾਂ ਪਹਿਲਾਂ ਸਾਡਾ ਅੰਦਰ ਖੁਦ ਸੜਦਾ ਹੈ ਫਿਰ ਇਹ ਸੇਕ ਦੂਸਰੇ ਤੱਕ ਪਹੁੰਚਦਾ ਹੈ। ਇਸੇ ਲਈ ਕਹਿੰਦੇ ਹਨ__"ਜੇ ਹਾਂਡੀ ਉਬਲੇਗੀ ਤਾਂ ਪਹਿਲਾਂ ਆਪਣੇ ਹੀ ਕੰਢੇ ਸਾੜੇਗੀ"। ਜੇ ਅਸੀਂ ਦੂਸਰਿਆਂ ਨੂੰ ਖੁਸ਼ੀ ਦਿਆਂਗੇ ਤਾਂ ਸਾਨੂੰ ਵੀ ਖੁਸ਼ੀ ਹੀ ਮਿਲਾਗੀ। ਜੇ ਅਸੀਂ ਦੂਸਰਿਆਂ ਦੀ ਲੁੱਟ ਖਸੁੱਟ ਕਰਾਂਗੇ , ਧੋਖੇ ਨਾਲ ਉਨਾਂ੍ਹ ਦਾ ਹੱਕ ਮਾਰਾਂਗੇ ਤਾਂ ਇਕ ਦਿਨ ਆਪ ਵੀ ਲੁੱਟੇ ਜਾਵਾਂਗੇ।ਜੈਸਾ ਬੀਜਾਂਗੇ ਵੈਸਾ ਹੀ ਕੱਟਾਂਗੇ।

ਸਾਨੂੰ ਸਦਾ ਸੁਹਿਰਦ ਅਤੇ ਇਮਾਨਦਾਰ ਹੋਣਾ ਚਾਹੀਦਾ ਹੈ ਤਾਂ ਹੀ ਅਸੀਂ ਜ਼ਿੰਦਗੀ ਵਿਚ ਖੁਸ਼ੀਆਂ ਅਤੇ ਖੇੜਾ੍ਹ ਭਰ ਸਕਦੇ ਹਾਂ। ਬੰਦੇ ਨੂੰ ਕਾਮ, ਕ੍ਰੋਧ, ਲੋਭ ਮੋਹ ਅਤੇ ਹੰਕਾਰ ਤੇ ਸੰਜਮ ਰੱਖਣਾ ਚਾਹੀਦਾ ਹੈ। ਬੇਸ਼ੱਕ ਜ਼ਿੰਦਗੀ ਵਿਚ ਰਹਿੰਦੇ ਹੋਏ ਮਨੁੱਖ ਇਨਾਂ੍ਹ ਤੋਂ ਨਹੀਂ ਬਚ ਸਕਦਾ। ਇਹ ਬਹੁਤ ਮਾਰੂ ਸ਼ਕਤੀਆਂ ਹਨ ਜਿਵੇਂ ਪਾਣੀ ਅਤੇ ਅੱਗ। ਪਾਣੀ ਅਤੇ ਅੱਗ ਜੇ ਆਪਣੇ ਪ੍ਰਚੰਡ ਰੁਪ ਵਿਚ ਆਉਣ ਤਾਂ ਬਹੁਤ ਭਿਅੰਕਰ ਤਬਾਹੀ ਮਚਾਉਂਦੇ ਹਨ। ਫਿਰ ਇਨਾਂ੍ਹ ਦਾ ਜਿੱਥੋ ਤੱਕ ਵਾਹ ਚੱਲੇ ਬਰਬਾਦੀ ਮਚਾਉਂਦੇ ਚਲੇ ਜਾਂਦੇ ਹਨ। ਹੁਣੇ ਵਾਪਰੀਆਂ ਸੁਨਾਮੀਆਂ, ਟੁਰਾਂਡੋ ਅਤੇ ਉੱਤਰਾਖੰਡ ਦੀਆਂ ਤਬਾਹੀਆਂ ਇਨਾਂ੍ਹ ਦੀਆਂ ਤਾਜਾ ਮਿਸਾਲਾਂ ਹਨ। ਜੇ ਕਿਧਰੇ ਜਲਨਸ਼ੀਲ ਪਦਾਰਥ ਨੂੰ ਇਕ ਵਾਰੀ ਅੱਗ ਲੱਗ ਜਾਵੇ ਉਸਤੇ ਕਾਬੂ ਪਾਉਣਾ ਮੁਸ਼ਕਲ ਹੁੰਦਾ ਹੈ। ਜਾਨ ਮਾਲ ਦੀ ਭਿਅੰਕਰ ਤਬਾਹੀ ਦਾ ਤਾਂਡਵ ਨਾਚ ਹੁੰਦਾ ਹੈ। ਜੇ ਇਸੇ ਅੱਗ ਤੇ ਪਾਣੀ ਨੂੰ ਕਾਬੂ ਕਰ ਲਿਆ ਜਾਵੇ ਤਾਂ ਇਨਾਂ੍ਹ ਦੀ ਅਥਾਹ ਸ਼ਕਤੀ ਮਨੁੱਖਤਾ ਦੇ ਭਲੇ ਦੇ ਕੰਮ ਆਉਂਦੀ ਹੈ। ਇਹ ਇਕ ਸਿਰਜਕ ਸ਼ਕਤੀ ਦਾ ਕੰਮ ਕਰਦੀ ਹੈ। ਇਸੇ ਤਰ੍ਹਾਂ ਹੀ ਜੇ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਨੂੰ ਕਾਬੂ ਵਿਚ ਰੱਖ ਕੇ ਵਰਤਿਆ ਜਾਵੇ ਤਾਂ ਇਹ ਸ਼ਕਤੀਆਂ ਵੀ ਮਨੁੱਖ ਦਾ ਭਲਾ ਕਰਦੀਆਂ ਹਨ ਅਤੇ ਕੁਦਰਤ ਦੀ ਗਤੀਸ਼ੀਲਤਾ ਨੂੰ ਅਗੇ ਤੋਰਦੀਆਂ ਹਨ।

ਧਨ ਕਮਾਉਣਾ ਕੋਈ ਗਲਤ ਗਲ ਨਹੀਂ ਪਰ ਦੂਜੇ ਦਾ ਹੱਕ ਮਾਰ ਕੇ ਜਾਂ ਗਲਤ ਤਰੀਕੇ ਨਾਲ ਦੌਲਤ ਇਕੱਠੀ ਕਰਨੀ ਗਲਤ ਹੈ। ਇਹ ਧਾਰਮਿਕ ਤੋਰ ਤੇ ਵੀ ਅਤੇ ਕਾਨੂੰਨੀ ਤੋਰ ਤੇ ਵੀ ਇਕ ਅਪਰਾਧ ਹੈ। ਜੋ ਮਨੁੱਖ ਇਮਾਨਦਾਰੀ ਨਾਲ ਧਨ ਕਮਾਉਂਦਾ ਹੈ ਉਹ ਆਪਣੀ, ਪਰਿਵਾਰ ਦੀ ਅਤੇ ਸਮਾਜ ਦੀ ਭਲਾਈ ਕਰਦਾ ਹੈ ਕਿਉਂਕਿ ਇਮਾਨਦਾਰੀ ਨਾਲ ਕੰਮ ਕਰਨਾ ਵਿਕਾਸ ਦੀ ਨਿਸ਼ਾਨੀ ਹੈ। ਅਜਿਹੇ ਉਦਮੀ ਮਨੁੱਖ ਹੀ ਦੇਸ਼ ਨੂੰ ਉਸਾਰੂ ਲੀਹਾਂ ਤੇ ਪਾਉਂਦੇ ਹਨ। ਇਨਾਂ੍ਹ ਨਾਲ ਹੀ ਇਕ ਚੰਗੇ ਤੇ ਨਰੋਏ ਸਮਾਜ ਦੀ ਸਿਰਜਨਾ ਹੁੰਦੀ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਬੰਦੇ ਕੋਲ ਕਿੰਨਾਂ੍ਹ ਕੁ ਧਨ ਹੋਣਾ ਚਾਹੀਦਾ ਹੈ? ਬੰਦੇ ਕੋਲ ਇਤਨਾ ਧਨ ਜਰੂਰ ਹੋਣਾ ਚਾਹੀਦਾ ਹੈ ਕਿ ਉਹ ਆਪਣੇ ਤੇ ਆਪਣੇ ਪਰਿਵਾਰ ਦੀਆਂ ਮੁਢਲੀਆਂ ਜਰੂਰਤਾਂ ਨੂੰ ਸਹਿਜ ਨਾਲ ਹੀ ਪੂਰਾ ਕਰ ਸਕੇ। ਬੰਦੇ ਕੋਲ ਧਨ ਇਤਨਾ ਜਿਆਦਾ ਨਹੀਂ ਹੋਣਾ ਚਾਹੀਦਾ ਕਿ ਉਸਦਾ ਦਿਮਾਗ ਹੀ ਖਰਾਬ ਹੋ ਜਾਵੇ ਅਤੇ ਉਹ ਬੰਦੇ ਨੂੰ ਬੰਦਾ ਹੀ ਨਾ ਸਮਝੇ। ਜੇ ਉਹ ਅਜਿਹਾ ਕਰਦਾ ਹੈ ਤਾਂ ਸਮਝ ਲਓ ਉਸਦੇ ਪਤਨ ਦੇ ਦਿਨ ਆ ਗਏ ਹਨ। ਇਸੇ ਲਈ ਕਹਿੰਦੇ ਹਨ ਕਿ—"ਹੰਕਾਰਿਆ ਸੋ ਮਾਰਿਆ"। ਆਪਣੀ ਹੱਕ ਹਲਾਲ ਦੀ ਕਮਾਈ ਦਾ ਕੁਝ ਹਿੱਸਾ ਗਰੀਬਾਂ ਅਤੇ ਜਰੂਰਤ-ਮੰਦਾਂ ਦੀ ਭਲਾਈ ਤੇ ਜਰੂਰ ਲਾਣਾ ਚਾਹੀਦਾ ਹੈ। ਗੁਰਬਾਣੀ ਵਿਚ ਵੀ ਲਿਖਿਆ ਹੈ:

ਘਾਲਿ ਖਾਇ ਕਿਛੁ ਹਥਹੁ ਦੇਇ

ਨਾਨਕ ਰਾਹੁ ਪਛਾਣਹਿ ਸੇਇ॥

ਕਦੀ ਇਹ ਨਾ ਸੋਚੋ ਕਿ ਅੱਜ ਤੱਕ ਦੂਸਰੇ ਬੰਦੇ ਨੇ ਤੁਹਾਡਾ ਕੀ ਸਵਾਰਿਆ ਹੈ। ਇਹ ਨਹੀਂ ਕਿ ਉਹ ਪਹਿਲਾਂ ਤੁਹਾਡਾ ਕੁਝ ਸਵਾਰੇ ਤਾਂ ਹੀ ਤੁਸੀਂ ਉਸਦੇ ਦੇ ਕੁਝ ਕੰਮ ਆਵੋਗੇ। ਚੰਗਾ ਹੈ ਜੇ ਤੁਸੀਂ ਆਪ ਪਹਿਲ ਕਰੋ। ਇਸ ਨਾਲ ਤੁਹਾਡੇ ਚੰਗੇ ਕੰਮਾਂ ਦਾ ਬੈਂਕ ਬੈਲੇਂਸ ਵਧਦਾ ਹੈ। ਤੁਹਾਡੇ ਸਨੇਹੀ ਅਤੇ ਹਮਦਰਦ ਵਧਦੇ ਹਨ। ਤੁਹਾਡੀ ਆਉਣ ਵਾਲੀ ਜ਼ਿੰਦਗੀ ਸੌਖੀ ਹੁੰਦੀ ਹੈ। ਬੁਰੇ ਕੰਮਾਂ ਤੋਂ ਹਮੇਸ਼ਾਂ ਬਚੋ। ਬਾਬਾ ਫਰੀਦ ਜੀ ਲਿਖਦੇ ਹਨ:

ਫਰੀਦਾ ਜਿਨੀ ਕੰਮੀ ਨਾਹਿ ਗੁਣ ਤੇ ਕੰਮੜੇ ਵਿਸਾਰਿ॥

ਮਤੁ ਸਰਮਿੰਦਾ ਥੀਵਹੀ ਸਾਂਈ ਦੈ ਦਰਬਾਰਿ॥

ਕਈ ਲੋਕ ਸੋਚਦੇ ਹਨ ਕਿ ਮੌਤ ਤੋਂ ਬਾਅਦ ਅਸੀਂ ਪ੍ਰਮਾਤਮਾ ਦੇ ਦਰਬਾਰ ਵਿਚ ਹਾਜਰ ਹੋਵਾਂਗੇ ਅਤੇ ਉੱਥੇ ਸਾਡੇ ਚੰਗੇ ਮਾੜੇ ਕਰਮਾ ਦਾ ਹਿਸਾਬ ਹੋਵੇਗਾ। ਫਿਰ ਸਾਡੇ ਕਰਮਾ ਅਨੁਸਾਰ ਸਾਨੂੰ ਨਰਕ ਜਾਂ ਸਵਰਗ ਮਿਲੇਗਾ। ਉਹ ਅੱਗੇ ਸੋਚਦੇ ਹਨ ਕਿ ਇਹ ਸਭ ਕੁਝ ਮੌਤ ਤੋਂ ਬਾਅਦ ਹੀ ਤਾਂ ਹੋਣਾ ਹੈ ਪਰ ਹਾਲੀ ਤਾਂ ਸਾਡੀ ਬੜੀ ਉਮਰ ਪਈ ਹੈ। ਹਾਲੀ ਤਾਂ ਐਸ਼ ਕਰ ਲਈਏ । ਬਾਅਦ ਵਿਚ ਚੰਗੇ ਕੰਮ ਵੀ ਕਰ ਲਵਾਂਗੇ ਅਤੇ ਰੱਬ ਦਾ ਉਲ੍ਹਾਂਭਾ ਲਾਹ ਦਿਆਂਗੇ। ਇਸ ਤਰਾਂ੍ਹ ਮੌਤ ਤੋਂ ਬਾਅਦ ਸਾਂਈ ਦੇ ਦਰਬਾਰ ਸੁਖੀ ਹੋ ਜਾਵਾਂਗੇ ਪਰ ਇਹ ਉਨਾਂ੍ਹ ਦਾ ਕੇਵਲ ਭੁਲੇਖਾ ਹੈ। ਜ਼ਿੰਦਗੀ ਦੀ ਕੀ ਗਰੰਟੀ ਹੈ? ਇਹ ਸਾਹ ਆਇਆ ਹੈ ਅਗਲਾ ਸਾਹ ਆਵੇ ਕਿ ਨਾ ਆਵੇ ਕਿਉਂਕਿ ਆਦਮੀ ਹੈ ਇਕ ਦਮੀ। ਫਿਰ ਚੰਗੇ ਕੰਮ ਕਰਨ ਲਈ ਕਿਹੜੀ ਉਮਰ ਮਿਲੇਗੀ? ਇਸ ਵੀਚਾਰ ਨੂੰ ਗੁਰੁ ਨਾਨਕ ਦੇਵ ਜੀ ਹੋਰ ਸਪਸ਼ਟ ਕਰਦੇ ਹਨ:

ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ

ਤਾਰਿਕਾ ਮੰਡਲ ਜਨਕ ਮੋਤੀ॥

ਧੁਪ ਮਲਆਨਲੋ ਪਵਣੁ ਚਵਰੋ ਕਰੇ

ਸਗਲ ਬਨਰਾਇ ਫੂਲੰਤ ਜੋਤੀ॥

ਆਖਰੀ ਫੈਸਲੇ ਦੀ ਉਡੀਕ ਨਾ ਕਰੋ, ਇਹ ਤਾਂ ਇਥੇ ਹਰ ਰੋਜ ਹੀ ਹੁੰਦਾ ਹੈ। ਸਾਈਂ ਦਾ ਦਰਬਾਰ ਤਾਂ ਸਾਡੇ ਸਾਹਮਣੇ ਹੀ ਲੱਗਾ ਹੋਇਆ ਹੈ। ਇੱਥੇ ਹਰ ਕਦਮ ਤੇ ਹਿਸਾਬ ਹੁੰਦਾ ਹੈ। ਅਕਾਸ਼ ਰੂਪੀ ਥਾਲ ਵਿਚ ਸੂਰਜ ਤੇ ਚੰਦਰਮਾ ਦੀਵੇ ਪਏ ਹੋਏ ਹਨ ਅਤੇ ਤਾਰੇ ਮੋਤੀਆਂ ਦੀ ਤਰਾਂ ਸਜੇ ਪਏ ਹਨ। ਚੰਦਨ ਦੀ ਮਹਿਕ ਧੂਪ ਹੈ। ਸਾਰੀ ਬਨਸਪਤੀ ਫੁੱਲ ਹਨ ਤੇ ਹਵਾ ਚਵਰ ਕਰ ਰਹੀ ਹੈ। ਇਹ ਸਾਰੀ ਕੁਦਰਤ ਹਰ ਸਮੇਂ ਉਸ ਪ੍ਰਮਾਤਮਾ ਦੀ ਆਰਤੀ ਕਰ ਰਹੀ ਹੈ।ਭਾਵ ਜੇ ਪ੍ਰਮਾਤਮਾ ਦਾ ਦਰਬਾਰ ਲੱਗਾ ਹੋਇਆ ਹੈ ਤਾਂ ਸਾਨੂੰ ਕਿਸੇ ਸਮੇਂ ਵੀ ਅਵਾਜ ਪੈ ਸਕਦੀ ਹੈ। ਆ ਭਈ ਆਪਣੇ ਕਰਮਾ ਦਾ ਹਿਸਾਬ ਦੇ। ਜਿਵੇਂ ਕੋਈ ਵਪਾਰੀ ਕਿਸੇ ਸਮੇਂ ਵੀ ਆਪਣੇ ਲੇਖਾਕਾਰ ਨੂੰ ਕਹਿ ਸਕਦਾ ਹੈ—"ਲਿਆ ਭਈ ਹਿਸਾਬ ਦਿਖਾ। ਮੇਰੀ ਹੁਣ ਤਕ ਕਿਤਨੀ ਖ੍ਰੀਦ ਹੋਈ ਹੈ, ਕਿਤਨੀ ਵਿਕਰੀ ਹੋਈ ਹੈ ਅਤੇ ਬਾਕੀ ਮਾਲ ਕਿਤਨਾ ਪਿਆ ਹੈ? ਕੰਮ ਘਾਟੇ ਵਿਚ ਜਾ ਰਿਹਾ ਹੈ ਜਾਂ ਫਾਇਦੇ ਵਿਚ?" ਲੇਖਾਕਾਰ ਮਾਲਕ ਨੂੰ ਕਦੀ ਨਹੀਂ ਕਹਿ ਸਕਦਾ ਕਿ ਮੈਂ ਤਾਂ ਜੀ ਸਾਲ ਮੁੱਕਣ ਦੇ  ਬਾਅਦ ਹੀ ਹਿਸਾਬ ਦਿਖਾਵਾਂਗਾ। ਇਸੇ ਲਈ ਬਾਣੀ ਵਿਚ ਬੰਦੇ ਨੂੰ ਤਿਆਰ ਬਰ ਤਿਆਰ ਰਹਿਣ ਲਈ ਕਿਹਾ ਗਿਆ ਹੈ।

ਗੁਰੁ ਅਮਰ ਦਾਸ ਜੀ ਅਨੰਦ ਸਾਹਿਬ ਵਿਚ ਆਪਣੇ ਸਰੀਰ ਨੂੰ ਅਤੇ ਬਾਕੀ ਗਿਆਨ ਇੰਦ੍ਰੀਆਂ ਨੂੰ ਹਰ ਸਮੇੰ ਹਿਸਾਬ ਦੇਣ ਲਈ ਤਿਆਰ ਕਰਦੇ ਹਨ ਅਤੇ ਬਾਰ ਬਾਰ ਇਹ ਹੀ ਪ੍ਰਸ਼ਨ ਕਰਦੇ ਹਨ:

ਏ ਸਰੀਰਾ ਮੇਰਿਆ ਇਸ ਜਗ ਮਹਿ ਆਇ ਕੈ

ਕਿਆ ਤੁਧੁ ਕਰਮ ਕਮਾਇਆ॥

ਕਿ ਕਰਮ ਕਮਾਇਆ ਤੁਧੁ ਸਰੀਰਾ

ਜਾ ਤੂ ਜਗ ਮਹਿ ਆਇਆ॥


*

ਏ ਨੇਤ੍ਰਹੁ ਮੇਰਿਹੋ ਹਰ ਤੁਮ ਮਹਿ ਜੋਤਿ ਧਰੀ

ਹਰ ਬਿਨੁ ਅਵਰੁ ਨਾ ਦੇਖਹੁ ਕੋਇ ॥



*

ਏ ਰਸਨਾ ਤੂ ਅਨਰਸਿ ਰਾਚਿ ਰਹੀ

ਤੇਰੀ ਪਿਆਸ ਨਾ ਜਾਇ॥



*

ਏ ਸ੍ਰਵਨਹੁ ਮੇਰਿਹੋ ਸਾਚੈ ਸੁਨਣੈ ਨੋ ਪਠਾਏ॥

ਸਾਚੈ ਸੁਨਣਠ ਨੋ ਪਠਾਏ ਸਰੀਰ ਲਾਏ

ਸੁਣਹੁ ਸਤਿ ਬਾਣੀ॥

ਐ ਮੇਰੇ ਸਰੀਰਾ ਇਸ ਜੱਗ ਵਿਚ ਆ ਕੇ ਤੂੰ ਕੀ ਕੰਮ ਕੀਤਾ ਹੈ (ਹਿਸਾਬ ਦੇ)। ਏ ਮੇਰੇ ਨੇਤਰੋ ਪ੍ਰਮਾਤਮਾ ਨੇ ਤੁਹਾਡੇ ਵਿਚ ਦੇਖਣ ਦੀ ਸ਼ਕਤੀ (ਜੋਤ ਧਰੀ) ਇਸ ਲਈ ਪਾਈ ਸੀ ਕਿ ਤੁਸੀ ਪ੍ਰਮਾਤਮਾ ਤੋਂ ਬਿਨਾ ਕੁਝ ਨਾ ਦੇਖੋ ਪਰ ਤੁਸੀਂ ਕੂੜ ਕੁਸੱਤ ਅਤੇ ਝੂਠੇ ਰੰਗ ਤਮਾਸ਼ਿਆਂ ਨੂੰ ਦੇਖਣ ਵਿਚ ਹੀ ਉਲਝ ਕੇ ਰਹਿ ਗਏ। ਤੁਹਾਨੂੰ ਰੱਬ ਭੁੱਲ ਗਿਆ। ਏ ਮੇਰੀ ਜੀਭ ਤੂੰ ਸੁਆਦਾਂ ਵਿਚ ਗ੍ਰਸੀ ਹੋਰੀ ਹੈਂ ਪਰ ਤੇਰੀ ਤ੍ਰਿਸ਼ਨਾ ਰੂਪੀ ਪਿਆਸ ਨਹੀਂ ਬੁਝੀ। ਇਹ ਮੇਰੇ ਕੰਨੋ ਰੱਬ ਨੇ ਤੁਹਾਨੂੰ ਸੱਚ ਸੁਣਨ ਲਈ ਸਰੀਰ ਨਾਲ ਲਾਇਆ ਸੀ ਪਰ ਤੁਸੀਂ ਕੀ ਸੁਣਿਆ?

ਇਸੇ ਤਰਾਂ੍ਹ ਸਾਨੂੰ ਚਾਹੀਦਾ ਹੈ ਕਿ ਹਰ ਰੋਜ ਅਸੀਂ ਆਪਣੇ ਮਨ ਨੂੰ ਪੁਛੱੀਏ ਕਿ ਤੂੰ ਅੱਜ ਕੀ ਚੰਗਾ ਕੰਮ ਕੀਤਾ ਹੈ? ਜੇ ਅਸੀਂ ਇਸ ਤਰਾਂ੍ਹ ਕਰਾਂਗੇ ਤਾਂ ਸਾਡੀ ਜ਼ਿੰਦਗੀ ਦਾ ਹਰ ਪਲ ਸਫਲ ਹੋਵੇਗਾ। ਅਸੀਂ ਮਾੜੇ ਕੰਮ ਕਰਨ ਤੋਂ ਬਚੇ ਰਹਾਂਗੇ। ਸਾਡੇ ਦੁੱਖਾਂ ਕਲੇਸ਼ਾਂ ਦਾ ਨਾਸ ਹੋਵੇਗਾ।

ਹਰ ਕੋਈ ਖੁਸ਼ੀ ਭਰੀ ਜ਼ਿੰਦਗੀ ਬਿਤਾਉਣਾ ਚਾਹੁੰਦਾ ਹੈ ਪਰ ਖੁਸ਼ੀ ਦਾ ਸਿਧਾਂਤ ਹੈ ਤੰਦਰੁਸਤ ਸਰੀਰ ਅਤੇ ਦੂਜੇ ਲਈ ਜਿਉਣਾ। ਤੰਦਰੁਸਤ ਸਰੀਰ ਤੇ ਨਿਰਮਲ ਵਿਚਾਰ ਕਿਸੇ ਮਨੁੱਖ ਦੀ ਸਭ ਤੋਂ ਵੱਡੀ ਪੂੰਜੀ ਹੈ। ਕੁਦਰਤ ਨੇ ਸਾਨੂੰ ਇਹ ਸਰੀਰ ਦਿੱਤਾ ਹੈ ਜ਼ਿੰਦਗੀ ਜਿਉਣ ਲਈ। ਇਸ ਸਰੀਰ ਨੂੰ ਤੰਦਰੁਸਤ ਰੱਖਣ ਦੀ ਜੁਮੇਵਾਰੀ ਵੀ ਸਾਡੀ ਹੀ ਹੈ। ਸਰੀਰ ਨੂੰ ਤੰਦਰੁਸਤ ਰੱਖਣ ਲਈ ਸਾਨੂੰ ਭੋਜਨ, ਪਾਣੀ ਅਤੇ ਆਕਸੀਜਨ ਦੀ ਜਰੂਰਤ ਹੁੰਦੀ ਹੈ। ਸਾਡਾ ਭੋਜਨ ਪੋਸ਼ਟਿਕ ਅਤੇ ਵਾਤਾਵਰਨ ਸਾਫ ਸੁਥਰਾ ਹੋਣਾ ਚਾਹੀਦਾ ਹੈ। ਭੋਜਨ ਨੂੰ ਪਚਾਉਣ ਲਈ ਸਾਨੂੰ ਸੈਰ ਅਤੇ ਸਰੀਰਕ ਮਿਹਨਤ ਦੀ ਜਰੂਰਤ ਹੁੰਦੀ ਹੈ ਤਾਂ ਹੀ ਸਾਡਾ ਸਰੀਰ ਨਿਰੋਗੀ ਰਹਿੰਦਾ ਹੈ ਅਤੇ ਉਸ ਵਿਚ ਕੰਮ ਕਰਨ ਦੀ ਊਰਜਾ ਪੈਦਾ ਹੁੰਦੀ ਹੈ। ਜੇ ਅਸੀਂ ਸਰੀਰਕ ਪੱਖੋਂ ਕਿਸੇ ਕਿਸਮ ਦੀ ਅਣਗਹਿਲੀ ਕਰਦੇ ਹਾਂ ਜਾਂ ਵਿਤੋਂ ਵੱਧ ਕੰਮ ਕਰਦੇ ਹਾਂ, ਭੁੱਖ ਤੋਂ ਜਿਆਦਾ ਖਾਂਦੇ ਹਾਂ, ਗਲਿਆ ਸੜਿਆ ਜਾਂ ਬਾਸਾ ਖਾਣਾ ਖਾਂਦੇ ਹਾਂ, ਜਰੂਰਤ ਤੋਂ ਜਿਆਦਾ ਧੁੱਪ ਵਿਚ, ਬਾਰਸ਼ ਵਿਚ ਜਾਂ ਠੰਡ ਵਿਚ ਰਹਿੰਦੇ ਹਾਂ ਭਾਵ ਆਪਣੇ ਸਰੀਰ ਦਾ ਧਿਆਨ ਨਹੀਂ ਰੱਖਦੇ  ਤਾਂ ਜ਼ਿੰਦਗੀ ਸਾਡਾ ਉਸੇ ਸਮੇਂ ਹਿਸਾਬ ਕਰਕੇ ਸਾਨੂੰ ਬੀਮਾਰ ਕਰਕੇ ਮੰਜੇ ਉੱਤੇ ਲੰਮੇ ਪਾ ਦਿੰਦੀ ਹੈ। ਫਿਰ ਕਿਤਨੇ ਦਿਨ ਸਾਨੂੰ ਸਰੀਰਕ ਕਸ਼ਟ ਸਹਿਣਾ ਪੈਂਦਾ ਹੈ। ਸ਼ਰੀਰ ਉਤਨੇ ਦਿਨ ਕਿਸੇ ਕੰਮ ਦਾ ਨਹੀਂ ਰਹਿੰਦਾ। ਹਰਜਾਨੇ ਵਜੋਂ ਮਹਿੰਗੀਆਂ ਦੁਆਈਆਂ ਤੇ ਡਾਕਟਰਾਂ ਦੀਆਂ ਫੀਸਾਂ ਤੇ ਭਾਰੀ ਰਕਮ ਅਦਾ ਕਰਨੀ ਪੈਂਦੀ ਹੈ। ਜੇ ਸਾਡਾ ਸਰੀਰ ਤੰਦਰੁਸਤ ਹੋਵੇਗਾ ਤਾਂ ਹੀ ਅਸੀਂ ਆਪਣੇ ਕੰਮ ਖੁਦ ਕਰ ਸਕਾਂਗੇ ਅਤੇ ਦੂਜੇ ਦੀ ਵੀ ਸੇਵਾ ਕਰ ਸਕਾਂਗੇ।

ਜ਼ਿੰਦਗੀ ਨੂੰ ਸੁਹਿਰਦਤਾ ਨਾਲ ਜਿਉਣਾ ਚਾਹੀਦਾ ਹੈ। ਜਦੋਂ ਤੁਸੀਂ ਦੂਜਿਆਂ ਵਾਸਤੇ ਚੰਗੇ ਸਾਬਤ ਹੋਵੋਗੇ, ਉਦੋਂ ਹੀ ਤੁਸੀਂ ਆਪਣੇ ਵਾਸਤੇ ਚੰਗੇ ਸਾਬਤ ਹੋਵੋਗੇ। ਮਨੁੱਖਤਾ ਦੀ ਸੇਵਾ ਹੀ ਇਨਸਾਨ ਦਾ ਫਰਜ਼ ਹੈ। ਸਿੱਖ ਇਤਿਹਾਸ ਵਿਚ ਹੱਥੀਂ ਸੇਵਾ ਨੂੰ ਬਹੁਤ ਮਹਾਨਤਾ ਦਿੱਤੀ ਗਈ ਹੈ। ਗੁਰੂ ਸਾਹਿਬ ਨੇ ਆਪ ਲੋਕਾਂ ਦੇ ਭਲੇ ਲਈ ਲੰਗਰ ਚਲਾਏ, ਖੂਹ ਤੇ ਬੋਲੀਆਂ ਖੁਦਵਾਈਆਂ ਅਤੇ ਧਰਮਸਾਲਾਂ ਬਣਵਾਈਆਂ। ਉਨਾਂ੍ਹ ਨੇ ਆਪਣੀ ਸਾਰੀ ਜ਼ਿੰਦਗੀ ਮਨੁੱਖਤਾ ਦੇ ਭਲੇ ਲਈ ਲਾ ਕੇ ਸਾਨੂੰ ਆਦਰਸ਼ ਜੀਵਨ ਦੀ ਜਾਂਚ ਸਿਖਾਈ ਪਰ ਅੱਜ ਅਸੀਂ ਇਹ ਸਭ ਕੁਝ ਭੁਲਦੇ ਜਾ ਰਹੇ ਹਾਂ ਅਤੇ ਪੈਸੇ ਦੀ ਅੱਨੀ੍ਹ ਦੌੜ ਵਿਚ ਆਪਣੇ ਆਪ ਤੇ ਕੇਂਦ੍ਰਿਤ ਹੋ ਕੇ ਰਹਿ ਗਏ ਹਾਂ। ਸਾਨੂੰ ਦੀਨ ਦੁਖੀ ਦਾ ਦੁੱਖੜਾ ਸੁਣਨਾ ਚਾਹੀਦਾ ਹੈ।ਦੁਖੀ ਆਦਮੀ ਦੀ ਬ੍ਰਿਥਾ ਸੁਣਨ ਨਾਲ ਉਸਦਾ ਦੁੱਖ ਘਟਦਾ ਹੈ।ਉਸ ਦਾ ਦੁੱਖ ਦੂਰ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਸ ਨਾਲ ਹਮਦਰਦੀ ਰੱਖਣੀ ਚਾਹੀਦੀ ਹੈ। ਉਸ ਨਾਲ ਮਿੱਠੇ ਬੋਲ ਬੋਲਣੇ ਚਾਹੀਦੇ ਹਨ। ਮਿੱਠਾ ਬੋਲਣ ਨਾਲ ਉਸਦੇ ਜਖਮਾਂ ਤੇ ਮਲਮ ਦਾ ਫਹਿਆ ਰੱਖਿਆ ਜਾਂਦਾ ਹੈ ਉਸਨੂੰ ਠੰਡਕ ਪਹੁੰਚਦੀ ਹੈ। ਜਿਸ ਵਿਚ ਦਇਆ ਨਹੀਂ ਉਸ ਵਿਚ ਕੋਈ ਸੁੰਦਰ ਗੁਣ ਨਹੀਂ।

ਪਰਉਪਕਾਰੀ ਬਣੋ।ਸਿੱਖ ਇਤਿਹਾਸ ਪਰਉਪਕਾਰਾਂ ਦੀਆਂ ਮਿਸਾਲਾਂ ਨਾਲ ਭਰਿਆ ਪਿਆ ਹੈ। ਸਿੱਖ ਇਤਿਹਾਸ ਵਿਚ ਸੈਂਕੜੇ ਮਿਸਾਲਾਂ ਮਿਲਦੀਆਂ ਹਨ ਕਿ ਸਿੱਖਾਂ ਨੇ (ਭਾਵੇਂ ਉਹ ਯੁੱਧ ਦਾ ਮੈਦਾਨ ਹੋਵੇ ਭਾਵੇਂ ਸ਼ਾਂਤੀ ਦਾ ਮਾਹੋਲ ਹੋਵੇ) ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਵੀ ਗਰੀਬ ਗੁਰਬੇ ਅਤੇ ਜਰੂਰਤਮੰਦ ਦੀ ਇੱਜਤ, ਧਨ ਮਾਲ ਅਤੇ ਜਾਨ ਦੀ ਰੱਖਿਆ ਕੀਤੀ।ਸਿੱਖਾਂ ਦੇ ਅਠਵੇਂ ਗੁਰੁ ਸ੍ਰੀ ਹਰਕ੍ਰਿਸ਼ਨ ਸਾਹਿਬ ਜੀ ਨੇ ੮ ਸਾਲ ਦੀ ਛੋਟੀ ਜਹੀ ਉਮਰ ਹੁੰਦਿਆਂ ਹੋਇਆਂ ਹੋਇਆਂ ਵੀ ਜਦ ਦਿੱਲੀ ਵਿਚ ਮਾਤਾ ਦੀ ਬੀਮਾਰੀ ਫੈਲ੍ਹੀ ਹੋਈ ਸੀ ਤਾਂ  ਦੁਖੀਆਂ ਤੇ ਮਰੀਜਾਂ ਦੀ ਆਪਣੇ ਹੱਥੀ ਸੇਵਾ ਸੰਭਾਲ ਕੀਤੀ। ਉਨਾਂ੍ਹ ਨੇ ਆਪਣੀ ਜਾਨ ਦੀ ਫਿਕਰ ਨਹੀਂ ਕੀਤੀ। ਅੰਤ ਉਹ ਆਪ ਵੀ ਇਸ ਮਾਰੂ ਬੀਮਾਰੀ ਦੀ ਜਕੜ ਵਿਚ ਆ ਗਏ ਅਤੇ ਆਪਣੇ ਪ੍ਰਾਣ ਤਿਆਗ ਦਿੱਤੇ ਪਰ ਪਰਉਪਕਾਰ ਦਾ ਪੱਲਾ ਨਾ ਛੱਡਿਆ। ਗੁਰੂ ਨਾਨਕ ਸਾਹਿਬ ਨੇ ਪੰਡਤਾਂ ਤੋਂ ਜਨੇਊ ਪੁਆਉਣ ਤੋਂ ਸਾਫ ਇਨਕਾਰ ਕਰ ਦਿੱਤਾ ਪਰ ਉਸੇ ਜਨੇਊ ਖਾਤਿਰ ਗੁਰੂ ਤੇਗ ਬਹਾਦੁਰ ਜੀ ਨੇ ਦਿੱਲੀ ਵਿਚ ਆਪਣਾ ਸੀਸ ਕੁਰਬਾਨ ਕੀਤਾ ਭਾਵ ਉਨਾਂ੍ਹ ਨੇ ਹਿੰਦੂਆਂ ਦੀ ਧਾਰਮਿਕ ਅਜਾਦੀ ਲਈ ਆਪਣੇ ਸਿਰ ਦੀ ਬਾਜੀ ਲਾ ਦਿੱਤੀ।

ਜਿਹੜੇ ਲੋਕ ਨਿਠੱਲੇ ਤੇ ਆਲਸੀ ਬਣੇ ਰਹਿੰਦੇ ਹਨ ਜ਼ਿੰਦਗੀ ਉਨਾਂ੍ਹ ਦਾ ਵੀ ਨਾਲ ਦੀ ਨਾਲ ਹੀ ਹਿਸਾਬ ਕਰੀ ਜਾਂਦੀ ਹੈ। ਆਲਸੀ ਮਨੁੱਖ ਮਨੁੱਖਤਾ ਤੇ ਬੋਝ ਹੈ। ਜੇ ਇਸ ਧਰਤੀ ਤੇ ਕੋਈ ਨਰਕ ਹੈ ਤਾਂ ਵਿਹਲੇ ਤੇ ਨਿਰਾਸ਼ ਆਦਮੀਆਂ ਦੇ ਦਿਲ ਵਿਚ ਹੀ ਹੈ। ਉਹ ਲੋਕ ਕਦੀ ਖੁਸ਼ਹਾਲ ਨਹੀਂ ਹੋ ਸਕਦੇ। ਵਹਿਲੇ ਬੈਠ ਕੇ ਖਾਂਦਿਆਂ ਤਾਂ ਖੂਹ ਵੀ ਖਾਲੀ ਹੋ ਜਾਂਦੇ ਹਨ। ਉਹ ਆਪ ਵੀ ਭੁੱਖਾ ਮਰਦੇ ਹਨ ਤੇ ਟੱਬਰ ਨੂੰ ਵੀ ਭੁੱਖਾ ਮਾਰਦੇ ਹਨ। ਉਨਾਂ੍ਹ ਦੇ ਘਰ ਵਿਚ ਕੰਗਾਲੀ ਤੇ ਦਲਿਦਰ ਛਾਇਆ ਰਹਿੰਦਾ ਹੈ। ਬੀਮਾਰੀ ਤੇ ਕਲੇਸ਼ ਉਨਾਂ੍ਹ ਦਾ ਪਿੱਛਾ ਨਹੀਂ ਛੱਡਦੇ। ਉਹ ਸਾਰੀ ਉਮਰ ਤੰਗੀਆਂ ਤੁਰਸ਼ੀਆਂ ਵਿਚ ਹੀ ਜ਼ਿੰਦਗੀ ਬਤੀਤ ਕਰਦੇ ਹਨ। ਕੋਈ ਰਿਸ਼ਤੇਦਾਰ ਉਨਾਂ੍ਹ ਨਾਲ ਵਰਤਨਾ ਨਹੀਂ ਚਾਹੁੰਦਾ। ਉਨਾਂ੍ਹ ਨੂੰ ਕੋਈ ਉਧਾਰ ਵੀ ਨਹੀਂ ਦਿੰਦਾ ਅਤੇ ਨਾ ਹੀ ਦੁੱਖ ਸਮੇਂ ਉਨਾਂ੍ਹ ਨੂੰ ਕੋਈ ਬਹੁੜਦਾ ਹੈ। ਉਹ ਜ਼ਿੰਦਗੀ ਵਿਚ ਕਦੀ ਕਾਮਯਾਬ ਨਹੀਂ ਹੋ ਸਕਦੇ। ਉਨਾਂ੍ਹ ਦੇ ਚਿਹਰੇ ਤੇ ਹਰ ਸਮੇਂ ਮੁਰਦਾਨੀ ਛਾਈ ਰਹਿੰਦੀ ਹੈ।ਹਾਸਾ ਉਨਾਂ੍ਹ ਦੇ ਨੇੜੇ ਨਹੀਂ ਢੁਕਦਾ। ਕੋਈ ਉਨਾਂ੍ਹ ਨੂੰ ਪਸੰਦ ਨਹੀਂ ਕਰਦਾ। ਉਹ ਸਦਾ ਦੁਖੀ ਰਹਿੰਦੇ ਹਨ ਉਹ ਜ਼ਿੰਦਗੀ ਦਾ ਬਹੁਤਾ ਸਮਾਂ ਮੰਜੇ ਤੇ ਲੇਟੇ ਰਹਿ ਕੇ ਜਾਂ ਸੋਂ ਕੇ ਬਿਤਾਉਂਦੇ ਹਨ। ਇਸੇ ਲਈ ਕਹਿੰਦੇ ਹਨ ਜੋ ਸੋਤਾ ਹੈ ਵੋਹ ਖੋਤਾ ਹੈ। ਉਨਾਂ੍ਹ ਦਾ ਅੰਤ ਮਾੜਾ ਹੀ ਹੂੰਦਾ ਹੈ।

ਇਸਦੇ ਉਲਟ ਹਿੰਮਤੀ ਬੰਦੇ ਪੱਥਰ ਵਿਚੋਂ ਵੀ ਪਾਣੀ ਕੱਢ ਲੈਂਦੇ ਹਨ।ਉਹ ਆਪਣੀ ਮਿਹਨਤ ਨਾਲ ਮਾਰੂਥਲਾਂ ਨੂੰ ਵੀ ਹਰਾ ਭਰਾ ਕਰ ਦਿੰਦੇ ਹਨ। ਮਿਹਨਤੀ ਲੋਕ ਸਦਾ ਕਿਸਮਤ ਵਾਲੇ ਹੀ ਹੁੰਦੇ ਹਨ। ਉਹ ਆਪਣੀ ਮਿਹਨਤ ਅਤੇ ਖੁਸ਼ਦਿਲੀ ਸਦਕਾ ਨਰਕ ਨੂੰ ਵੀ ਸਵਰਗ ਵਿਚ ਬਦਲ ਦਿੰਦੇ ਹਨ। ਉਹ ਨਸ਼ਿਆਂ ਦੇ ਗੁਲਾਮ ਨਹੀਂ ਬਣਦੇ। ਉਹ ਕਦੀ ਆਲਸ ਨਹੀਂ ਕਰਦੇ।ਉਨਾਂ੍ਹ ਨੂੰ ਦੂਜਿਆਂ ਦੀ ਮਦਦ ਕਰਕੇ ਅਨੰਦ ਆਉਂਦਾ ਹੈ। ਉਹ ਦੂਜਿਆਂ ਲਈ ਰਾਹ ਦਸੇਰੇ ਹੁੰਦੇ ਹਨ। ਉਹ ਆਪਣੇ ਉਦਮ ਨਾਲ ਆਪਣੀ ਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਖੁਸ਼ਹਾਲ ਬਣਾਉਂਦੇ ਹਨ। ਉਨਾਂ੍ਹ ਨੂੰ ਕਦੀ ਕਿਸੇ ਅੱਗੇ ਹੱਥ ਨਹੀਂ ਅੱਢਣਾ ਪੈਂਦਾ। ਸਗੋਂ ਉਹ ਗਰੀਬ ਗੁਰਬੇ ਦੀ ਮਦਦ ਕਰਦੇ ਹਨ। ਪੈਸੇ ਦੀ ਉਨਾਂ੍ਹ ਨੂੰ ਕਦੀ ਕਮੀ ਨਹੀਂ ਆਉਂਦੀ। ਉਹ ਜਿਸ ਕੰਮ ਨੂੰ ਹੱਥ ਪਾਉਂਦੇ ਹਨ, ਜ਼ਿੰਦਗੀ ਉਨਾਂ੍ਹ ਨੂੰ ਕਾਮਯਾਬੀ ਬਖਸ਼ਦੀ ਹੈ। ਸਮਾਂ ਜਾਇਆ ਕਰਨਾ ਉਨਾਂ੍ਹ ਨੂੰ ਖੁਦਕਸ਼ੀ ਕਰਨ ਦੇ ਬਰਾਬਰ ਜਾਪਦਾ ਹੈ। ਉਨਾਂ੍ਹ ਦੇ ਕੰਮ ਕਰਾਮਾਤ ਹੋ ਨਿਬੜਦੇ ਹਨ। ਹਰ ਕੋਈ ਉਨਾਂ੍ਹ ਦੇ ਕਦਮਾਂ ਤੇ ਚੱਲਣ ਵਿਚ ਫਖਰ ਮਹਿਸੂਸ ਕਰਦਾ ਹੈ। ਉਹ ਸਾਫ ਸੁਥਰੇ ਤੇ ਖੁਸ਼ ਰਹਿੰਦੇ ਹਨ। ਉਹ ਜਿੱਧਰ ਵੀ ਜਾਂਦੇ ਹਨ ਖੁਸ਼ੀਆਂ ਤੇ ਹਾਸੇ ਬਿਖੇਰਦੇ ਹਨ। ਹਰ ਕੋਈ ਉਨਾਂ੍ਹ ਨੂੰ ਪਸੰਦ ਕਰਦਾ ਹੈ।ਜ਼ਿੰਦਗੀ ਦਾ ਹਿਸਾਬ ਦੇਣ ਲਗਿਆਂ ਉਨਾਂ੍ਹ ਦਾ ਸਿਰ ਸਦਾ ਉੱਚਾ ਰਹਿੰਦਾ ਹੈ।