1.
ਪੈਰ ਨੰਗੇ ਬਿਖਮ ਰਸਤਾ ਔਂਦਾ ਤੇਰੇ ਤੀਕ ਹੈ
ਯਾਦ ਤੇਰੀ ਹੈ ਸਤਾਂਦੀ ਸੁਲਗਦੀ ਇਕ ਲੀਕ ਹੈ।
ਨਾ ਕਦੀ ਰਸਤੇ ਤੇ ਵਿਛੀਆਂ ਫੁੱਲ ਕਲੀਆਂ ਇਸ਼ਕ ਦੇ
ਨਾ ਕਿਸੇ ਜਾਣੀਹੈ ਵਿਥਯਾ ਦਿਲ ਦੀ ਕੀ ਤਹਿਕੀਕ ਹੈ।
ਚਾਨਣਾ ਹੈ ਦਿਲ ਦਾ ਮੈਨੂੰ ਰਾਹ ਰਸਤੇ ਦੱਸਦਾ
ਚਾਹਿ ਰਸਤਾ ਔਝੜੀਂ ਤੇ ਘੋਰ ਹੀ ਤਾਰੀਕ ਹੈ।
ਬੰਦਸ਼ਾਂ ਤੇ ਬੇੜੀਆਂ ਨੇ ਭਾਗ ਮੇਰੇ ਹੀ ਸਦਾ
ਇਸ਼ਕ ਪੈਰਾਂ ਮੇਰਿਆਂ ਨੂੰ ਦੇ ਰਿਹਾ ਤਹਿਰੀਕ ਹੈ।
ਤੋੜਕੇ ਰਸਮਾਂ ਦੀ ਬੰਦਸ਼ ਵੇਗ ਆਏ ਚਾਲ ਵਿਚ
ਖ਼ਾਰ ਚਾਹਿ ਨੇ ਵਿਛੇ ਮੰਜ਼ਲ ਵੀ ਹੁਣ ਨਜ਼ਦੀਕ ਹੈ।
ਰਾਣਿਆਂ ਤੇ ਰਾਜਿਆਂ ਨੇ ਰਾਜ ਕੀਤਾ ਧਰਤ ਤੇ
ਇਸ਼ਕ ਦਿਲ ਤੇ ਰਾਜ ਕਰਦਾ ਜੀਣਦਾ ਪਰਤੀਕ ਹੈ।
ਪੁਲਸਰਾਤੋਂ ਲੰਘਣਾ ਸੁਣਦੇ ਹਾਂ ਮੁਸ਼ਕਲ ਹੈ ਬੜਾ
ਪੁਲ ਮੁਹੱਬਤ ਦਾ ਪਿਆਰੇ ਓਸ ਤੋਂ ਬਾਰੀਕ ਹੈ।
ਮੰਗਦੀ ਹੈ ਧਰਤ ਸਾਰੀ ਛਾਂਵ ਠੰਡੀ ਪਿਆਰ ਦੀ
ਪਿਆਰ ਰੂਹਾਂ ਨੂੰ ਮਿਲਾਵੇ, ਰੱਬ ਦਾ ਪਰਤੀਕ ਹੈ।
2.
ਨ੍ਹੇਰੀ ਤੁਫਾਨ ਵਾਲੀ ਪੰਛੀ ਤੇ ਰਾਤ ਗੁਜ਼ਰੀ
ਤੁਰਦੇ ਉਜਾੜ ਪੈਂਡੇ ਮੇਰੀ ਹਯਾਤ ਗੁਜ਼ਰੀ।
ਠਹਿਰੇ ਮਹੌਲ ਪਾਉਂਦੇ ਐਂਵੇਂ ਹੀ ਆ ਭੁਲੇਖਾ
ਸਮਝੀਂ ਨਾ ਐ ਦਿਲਾ ਤੂੰ ਗ਼ਮ ਦੀ ਅਫਾਤ ਗੁਜ਼ਰੀ।
ਕਰਦੇ ਸੀ ਆ ਸਲਾਮਾਂ ਦਿਨ ਰਾਤ ਹੀ ਜੋ ਬੰਦੇ
ਫਿਰਦੇ ਨੇ ਮੂੰਹ ਭਵਾਈ ਪਿਛਲੀ ਹੈ ਬਾਤ ਗੁਜ਼ਰੀ।
ਚੁਗਲਾਂ ਦੇ ਵਾਂਗ ਹੈ ਸੀ ਕਿਰਦਾਰ ਮੀਸਣੇ ਦਾ
ਹਾਲੀ ਵੀ ਲਾਕੇ ਬੈਠਾ ਜਾਣੀ ਨਾ ਘਾਤ ਗੁਜ਼ਰੀ।
ਜਲਵਾ ਵਖਾਕੇ ਛੁਪਦੇ ਕਰਦੇ ਹੋ ਫਿਰ ਸ਼ਰਾਰਤ
ਸਾਨੂੰ ਅਜੇ ਵੀ ਚੇਤੇ ਸਜਣਾ ਉਹ ਝਾਤ ਗੁਜ਼ਰੀ।
ਦੌਲਤ ਦੇ ਲਾਲਚਾਂ ਨੇ ਤੋੜੇ ਨੇ ਸਭ ਹੀ ਰਿਸ਼ਤੇ
ਕੋਈ ਨਾ ਆਕੇ ਪੁੱਛੇ ਮੇਰੀ ਤੇ ਵਾਤ ਗੁਜ਼ਰੀ।
ਮੁਲਕਾਂ ਦੀ ਵੰਡ ਯਾਰੋ ਕੀਤਾ ਸੀ ਘਾਣ ਐਸਾ
ਜੜ੍ਹ ਹੀ ਪਕੜ ਨਾ ਪਾਏ ਉਮਰਾ ਹੀ ਮਾਤ ਗੁਜ਼ਰੀ।