ਧੁਖਦਾ ਚੁੱਲਾ੍ਹ
ਝੋਪੜੀ ਅੰਦਰ
ਬੁਝਿਆ ਚੇਹਰਾ
ਧੂੰਏ ਨਾਲ ਭਰੀਆਂ
ਅੱਖਾਂ ਮਲਦਾ
ਅੰਦਰ ਬਾਹਰ ਹੁੰਦਾ
ਕਦੇ ਉਪਰ ਦੇਖਦਾ
ਕਦੇ ਖੇਤਾਂ ਵੱਲ
ਪਾਣੀ ਹੀ ਪਾਣੀ
ਬਾਰਸ਼ ਹੀ ਬਾਰਸ਼
ਡੁੱਬਦੀ ਜਾਂਦੀ ਫਸਲ
ਮੁੱਕਦੀ ਜਾਂਦੀ ਆਸ
ਅੱਖਾਂ ਅੱਗੇ ਤਰਦਾ
ਸ਼ਾਹੂਕਾਰ ਦਾ ਕਰਜ਼ਾ ।
ਆਪਣੇ ਆਪ ਨਾਲ
ਗੱਲਾਂ ਕਰਦਾ
ਬੁਝਿਆ ਚੇਹਰਾ
ਭੁੱਲ ਗਿਆ ਹੋਣੈ
ਬਾਰਸ਼ ਬੰਦ
ਹੋਣ ਲਈ ਕਹਿਣਾ
ਇੰਦਰ ਦੇਵਤਾ ।
ਅੰਦਰੌ ਆਵਾਜ਼ ਆਉਦੀ
ਨਹੀ ਨਹੀ
ਭੁੱਲਿਆ ਨਹੀ ਹੋਣਾ
ਡੁੱਬ ਗਿਆ ਹੋਣਾ
ਇਹ ਦੇਵਤਾ
ਰਾਸ ਲੀਲਾ ਵਿੱਚ ।
ਬੁਝਿਆ ਚੇਹਰਾ
ਅੰਦਰ ਬਾਹਰ ਹੁੰਦਾ
ਅੱਖਾਂ ਅੱਗੇ ਤਰਦਾ
ਸ਼ਾਹੁਕਾਰ ਦਾ ਕਰਜ਼ਾ ।
ਤੁਰ ਪੈੰਦਾ
ਝੋਪੜੀ ਤੌ ਥੋੜੀ ਦੂਰ ਖੜ੍ਹੇ ,
ਖੜ ਸੁੱਕ ਜਿਹੇ ਦੱਰਖਤ ਵੱਲ
ਸਿਰ ਤੋ ਪਰਨਾ ਖੋਲ੍ਹ
ਦੱਰਖਤ ਦੀ ਟਾਹਣੀ ਨਾਲ ਬੰਨਦਾ
ਗੱਠਾਂ ਮਾਰਦਾ
ਗਲ ਚ' ਪਾਉਣ ਦੀ ਕੋਸ਼ਿਸ਼ ਕਰਦਾ
ਨ੍ਹਿਗਾ ਮਾਰਦਾ
ਪਿੱਛੇ ਝੋਪੜੀ ਵੱਲ਼ ।
ਜਿੱਥੇ ਝੋਪੜੀ ਅੱਗੇ
ਨੰਗ ਧੜੰਗੇ
ਭੁੱਖ ਨਾਲ ਵਿਲਕਦੇ ਬਾਲ
ਨਜ਼ਰੀ ਪੈਦੇ
ਅੰਦਰ ਧੁੱਖਦੇ ਚੁਲ੍ਹੇ ਅੱਗੇ
ਫੂਕਾਂ ਮਾਰਦੀ ਤੀਵੀ
ਭਾਰੇ ਸੋਚਦਾ
ਪਰਨਾ ਖੋਲਦਾ
ਖੱੜ ਸੁੱਕ ਦਰੱਖਤ ਨਾਲੋ
ਝਟਕਦਾ , ਮੁੜਦਾ
ਖੇਤਾਂ ਤੇ ਨਜ਼ਰ ਸੁੱਟਦਾ
ਝੋਪੜੀ ਵੱਲ ਮੁੜਦਾ
ਬੁਝਿਆ ਚੇਹਰਾ
ਅਖਾਂ ਅਗੇ ਤਰਦਾ
ਸ਼ਾਹੂਕਾਰ ਦਾ ਕਰਜ਼ਾ
ਡੁੱਬਦੀ ਫਸਲ ।