ਇੰਜ ਦੂਰ ਹੋਇਆ ਟੂਣੇ ਦਾ ਡਰ
(ਪਿਛਲ ਝਾਤ )
ਇਹ ਗੱਲ 1987 ਦੀ ਹੈ।ਜਦੋਂ ਮੈਂ ਆਪਣੇ ਨਾਨਕੇ ਪਿੰਡ ਠੱਠੀ ਭਾਈ ਕੀ ਪੰਜਵੀਂ ਕਲਾਸ ਵਿਚ ਪੜ੍ਹਦਾ ਸੀ।ਨਾਨਕੇ ਘਰ ਮੈਂ ਤੇ ਮੇਰੀ ਨਾਨੀ ਅਸੀਂ ਦੋਨੇ ਹੀ ਰਹਿੰਦੇ ਸੀ।ਮੇਰੀ ਨਾਨੀ ਨਾਨਾ ਜੀ ਦੇ ਕਤਲ ਹੋਣ ਤੋਂ ਬਾਅਦ ਆਪਣੇ ਪੇਕੇ ਪਿੰਡ ਆਪਣੇ ਮਾਂ ਬਾਪ ਤੋਂ ਅਲੱਗ ਘਰ ਬਣਾ ਕੇ ਰਹਿਣ ਲੱਗ ਪਏ ਸਨ।ਮੇਰੀ ਨਾਨੀ ਜੀ ਦੇ ਮਾਤਾ ਜੀ ਜਿਸ ਨੂੰ ਮੈਂ ਵੱਡੀਂ ਨਾਨੀ ਕਹਿੰਦਾ ਸੀ ਉਹ ਦੂਜੇ ਘਰ ਆਪਣੇ ਪੁੱਤਰ ਨਾਲ ਰਹਿੰਦੇ ਸਨ।ਇਨ੍ਹਾਂ ਦਿਨ੍ਹਾਂ ਵਿਚ ਵੱਡੀ ਨਾਨੀ ਜੀ ਦੀ ਮੌਤ ਹੋ ਗਈ ਸੀ।ਮੇਰੀ ਨਾਨੀ ਹਮੇਸ਼ਾ ਉਧਰ ਲੇ ਘਰ ਸੱਥਰ ਤੇ ਬੈਠੇ ਰਹਿੰਦੇ।ਜੋ ਪਹਿਲਾਂ ਹਮੇਸ਼ਾਂ ਮੈਨੂੰ ਸਕੂਲੋਂ ਆਉਂਦੇ ਨੁੰ ਪਿਆਰ ਨਾਲ ਰੋਟੀ ਖਵਾਉਂਦੇ ਵਰਦੀ ਬਦਲਦੇ ਗੱਲ ਕੀ ਮੇਰੀ ਹਰ ਕੰਮ ਵਿਚ ਮਦਦ ਕਰਦੇ ਸੀ।ਪਰ ਹੁਣ ਨਾਨੀ ਜੀ ਮੇਰੇ ਸਕੂਲੋਂ ਆਉਂਦੇ ਨੂੰ ਘਰ ਨਹੀਂ ਸੀ ਮਿਲਦੇ।ਮੈਨੂੰ ਸਾਰਾ ਕੰਮ ਇਕੱਲੇ ਨੂੰ ਹੀ ਕਰਨਾ ਪੇਂਦਾ ਸੀ।ਜਿਸ ਨਾਲ ਮੇਰੇ ਮਨ ਨੂੰ ਠੇਸ ਪਹੁੰਚੀ।ਮੈਂ ਆਪਣੀ ਕਮੀਜ਼ ਦਾ ਕਾਲਰ ਹਮੇਸ਼ਾਂ ਮੂੰਹ ਵਿਚ ਪਾ ਕੇ ਚਬਾਉਦਾ ਰਹਿੰਦਾ ਸੀ ਤੇ ਨਾਲ ਹੀ ਨਿੱਕੀ ਨਿੱਕੀ ਗੱਲ ਤੇ ਰੋਣ ਲੱਗ ਪੈਂਦਾ ਸੀ।ਕੁਦਰਤੀ ਇਨ੍ਹਾਂ ਵਿਚ ਮੈਨੂੰ ਇਕ ਖਿੱਦੋਂ ਖੁੱਡੀ ਮਿਲ ਗਈ ਜੋ ਮੈਂ ਘਰੇ ਚੁੱਕ ਲਿਆਂਦੀ ਪਰ ਇਸ ਨਾਲ ਵੀ ਮੇਰਾ ਖੇਡਣ ਨੂੰ ਦਿਲ ਨਹੀਂ ਸੀ ਕੀਤਾ।ਮੈਂ ਕਾਲਰ ਚਬਾਉਣ ਤੋਂ ਵੱਧ ਕੇ ਆਪਣੇ ਕੁੜਤੇ ਨੁੰ ਜਿਥੋਂ ਵੀ ਮੂੰਹ ਵਿਚ ਪੈਂਦਾ ਪੇ ਕੇ ਚਾਬਾਉਣ ਲੱਗ ਪਿਆ।ਮੇਰੀ ਨਾਨੀ ਨੇ ਮੈਥੋਂ ਖਿਦੋਂ ਖੁੱਡੀ ਬਾਰੇ ਪੁੱਛਿਆ ਤਾਂ ਮੈਂ ਕਿਹਾ " ਨਾਨੀ ਜੀ ਇਹ ਤਾਂ ਮੈਨੂੰ ਆਪਣੇ ਖੇਤਾਂ ਵਾਲੇ ਰਾਹ ਤੇ ਪਏ ਮਿਲੇ ਸੀ।ਮੈਂ ਇਹ ਉਥੋਂ ਉਠਾ ਲਿਆਂਦੇ ਹਨ"। ਇਹ ਸੁਣ ਕੇ ਨਾਨੀ ਜੀ ਕਹਿਣ ਲੱਗ ਪਏ ,"ਤੁੰ ਤਾਂ ਟੂਣਾ ਉਠਾ ਲਿਆ ਹੈ ਤਾਂ ਹੀ ਤਾਂ ਕੱਪੜੇ ਪਾੜਣ ਲੱਗ ਗਿਆ ਏ"।ਇਹ ਆਖ ਨਾਨੀ ਜੀ ਮੈਨੂੰ ਇਕ ਬਾਬੇ ਕੋਲ ਲੈ ਗਏ ਜਿਸ ਨੇ ਮੈਨੂੰ ਇਕ ਤਵੀਤ ਦੇ ਦਿੱਤਾ ਜੋ ਕਿ ਨਾਨੀ ਜੀ ਨੇ ਮੇਰੇ ਡਾਉਲੇ ਨਾਲ ਬੰਨ ਦਿੱਤਾ।ਇਹਨੇ ਨੂੰ ਵੱਡੀ ਨਾਨੀ ਦਾ ਭੋਗ ਗਿਆ ਤੇ ਨਾਨੀ ਜੀ ਪਹਿਲਾਂ ਵਾਂਗ ਘਰੇ ਰਹਿਣ ਲੱਗੇ ਮੈਂ ਕਾਲਰ ਚੱਬਣੋਂ ਵੀ ਹਟ ਗਿਆ।ਮੈਂ ਸਮਝਦਾ ਸੀ ਮੇਰੀ ਇਹ ਆਦਤ ਟੂਟਾ ਚੁੱਕਣ ਨਾਲ ਪਈ ਸੀ।ਜੋ ਤਵੀਤ ਪਾਉਣ ਨਾਲ ਹਟ ਗਈ ਹੈ।
ਮੈਂ +1 ਵਿਚ ਆਪਣੇ ਪਿੰਡ ਸਕੂਲ ਪੜ੍ਹਣ ਲੱਗ ਪਿਆ ਜਿਥੇ ਮੇਰਾ ਇਕ ਦੋਸਤ ਨਿਰਮਲ ਸਿੰਘ ਬਣ ਗਿਆ ਜੋ ਤਰਕਸ਼ੀਲ ਆਗੂ ਨਵਦੀਪ ਲੰਡੇ ਦਾ ਗੁਆਂਢੀ ਸੀ।ਜਿਸ ਤੋਂ ਮੈਨੂੰ ਤਰਕਸ਼ੀਲ ਸਾਹਿਤ ਪੜ੍ਹਣ ਨੁੰ ਮਿਲਿਆ।ਜਿਸ ਨਾਲ ਮੇਰੇ ਅੰਦਰੋਂ ਕਾਫੀ ਵਹਿਮ ਭਰਮ ਦੂਰ ਹੋ ਗਏ।ਪਰ ਟੂਣੇ ਬਾਰੇ ਮੇਰੇ ਅੰਦਰ ਕਈ ਸਵਾਲ ਪੇਂਦਾ ਹੋ ਗਏ ਜਿਵੇਂ ਟੂਣਾ ਕੀ ਹੁੰਦਾ ਹੈ?ਇਹ ਕਿਵੇਂ ਪੈਂਦਾ ਹੋਇਆ?ਇਸ ਵਿਚ ਭੂਤ ਕਿਵੇਂ ਆ ਜਾਂਦੇਂ ਹਨ?ਆਦਿ ਮੈਂ ਇਨ੍ਹਾਂ ਸਵਾਲਾ ਦੇ ਜਵਾਬ ਕਈ ਦੋਸਤਾਂ ਤੋਂ ਪੁੱਛੇ ਕਿਤੋਂ ਵੀ ਮੈਨੂੰ ਤਸੱਲੀ ਬਖਸ਼ ਜਵਾਬ ਨਹੀਂ ਮਿਲਿਆ।ਇਕ ਦਿਨ ਮੇਰੀ ਮੁਲਾਕਾਤ ਮਰਹੂਮ ਤਰਕਸ਼ੀਲ ਆਗੂ ਸ੍ਰੀ ਕ੍ਰਿਸ਼ਨ ਬਰਗਾੜ੍ਹੀ ਨਾਲ ਹੋਈ ਤਾਂ ਮੈਂ ਉਪਰੋਕਤ ਸਵਾਲ ਉਹਨਾਂ ਨੂੰ ਕਰ ਦਿੱਤੇ।ਉਹਨਾਂ ਦੱਸਿਆ ਕਿ, 'ਟੂਣਾ ਉਸ ਸਮੇਂ ਦੀ ਕਾਢ ਹੈ ਜਦੋਂ ਵੈਦ ਜੌਗੀ ਬਣ ਕੇ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਦੇਸੀ ਦਵਾਈ ਨਾਲ ਠੀਕ ਕਰਦੇ ਸਨ।ਇਹ ਵੈਦ ਕਈ ਕਈ ਦਿਨ ਆਪਣੇ ਘਰੇ ਨਹੀਂ ਸਨ ਪਰਤਦੇ।ਉਸ ਟਾਈਮ ਲੋਕਾਂ ਨੇ ਇਹ ਕਾਢ ਕੱਢੀ ਕਿ ਜੋ ਆਦਮੀ ਬਿਮਾਰ ਹੁੰਦਾ ਉਹ ਕਿਸੇ ਆਪਣੇ ਪਿੰਡ ਦੇ ਪੰਡਤ ਨੁੰ ਮਿਲਦਾ ਨੇੜਲੇ ਚੁਰਸਤੇ ਵਿਚ ਆਪਣੇ ਘਰ ਵਾਲੇ ਪਾਸੇ ਜੇ ਮਰੀਜ਼ ਸਿਰ ਦਾ ਹੁੰਦਾ ਤਾਂ ਲਾਲ ਕੱਪੜੇ ਵਿਚ ਲਪੇਟ ਕੇ ਲਲੇਰ ਰੱਖਦਾ ਜੇ ਮਰੀਜ਼ ਪੇਟ ਦਾ ਹੂੰਦਾ ਤਾਂ ਸਤਨਾਜਾ ਰੱਖ ਮਰੀਜ਼ ਔਰਤ ਹੁੰਦਾ ਤਾਂ ਨਾਲ ਚੁੜੀ ਵੰਗਾ ਰੱਖਦੇ ਜੇ ਮਰੀਜ਼ ਬੱਚਾ ਹੁੰਦਾ ਤਾਂ ਨਾਲ ਕੋਈ ਵੀ ਖਿਡੌਣਾ ਖਿੱਦੋਂ ਕੁੰਡੀ ਆਦਿ ਰੱਖਦੇ।ਜੇ ਕਿਸੇ ਵੀ ਮੂੰਡੇ ਜਾਂ ਕੁੜੀ ਦਾ ਵਿਆਹ ਨਾ ਹੁੰਦਾ ਤਾਂ ਉਹ ਵੀ ਆਪਣੇ ਨੇੜਲੇ ਚੁਰਸੱਤੇ ਵਿਚ ਜਿੰਦਾ ਖੁੰਜੀ ਬੌਂਕਰ ਆਦਿ ਰੱਖਦਾ ਜਿਸ ਦਾ ਭਾਵ ਸੀ ਕਿ ਘਰ ਨੂੰ ਜਿੰਦਾ ਲਗਾਉਣਾ ਪੈਂਦਾ ਹੈ ਕੋਈ ਬੌਂਕਰ ਮਾਰਨ ਵਾਲੀ ਚਾਹੀਦੀ ਹੈ।ਇਸ ਤਰ੍ਹਾਂ ਕਾਰਨ ਲਈ ਉਸ ਆਦਮੀ ਨੂੰ ਅਕਸਰ ਪੰਡਤ ਹੀ ਕਹਿੰਦਾ ਹੁੰਦਾ ਸੀ।ਭਾਵ ਪਿੰਡ ਦੇ ਪੰਡਤ ਨੂੰ ਸਾਰੀ ਜਾਣਕਾਰੀ ਹੁੰਦੀ ਸੀ ਕਿ ਇਹ ਟੂਣੇ ਕਰਨ ਵਾਲਾ ਕੌਣ ਹੈ।ਉਸ ਟਾਇਮ ਰਿਸ਼ਤੇ ਪਿੰਡ ਦਾ ਨਾਈ ਹੀ ਕਰਵਾਉਂਦਾ ਸੀ।ਟੂਣੇ ਵਾਲੀ ਥਾਂ ਤੋਂ ਲੰਘਣ ਵਾਲਾ ਨਾਈ ਅਤੇ ਵੈਦ ਪਿੰਡ ਦੇ ਪੰਡਤ ਕੋਲ ਜਾਕੇ ਉਸ ਆਦਮੀ ਬਾਰੇ ਪੁੱਛਦੇ ਜਿਸ ਨੇ ਟੂਣਾ ਕੀਤਾ ਹੁੰਦਾ ਸੀ।ਇਸ ਤਰ੍ਹਾਂ ਪੰਡਤ ਵੈਦ ਤੇ ਨਾਈ ਨੂੰ ਉਸ ਲੋੜਵੰਦ ਕੋਲ ਪਹੁੰਚਦੇ ਕਰਦਾ ਸੀ।ਨਾਈ ਜੇ ਉਸ ਦੇ ਦਿਮਾਗ ਵਿਚ ਉਸ ਆਦਮੀ ਦੇ ਨਾਲ ਮੇਲ ਖਾਂਦੀ ਲੜਕੀ ਹੁੰਦੀ ਤਾਂ ਉਹ ਉਸ ਲੜਕੀ ਦਾ ਰਿਸ਼ਤਾ ਕਰਵਾ ਦਿੰਦਾ ਸੀ।ਤੇ ਵੈਦ ਆਦਮੀ ਦਾ ਇਲਾਜ਼ ਕਰ ਦਿੰਦਾ ਸੀ।ਇਸ ਟੂਣੇ ਨੂੰ ਹੋਰ ਕੋਈ ਆਦਮੀ ਚੁੱਕ ਨਾ ਲਵੇ ਇਸ ਕਰਕੇ ਇਸ ਵਿਚ ਭੂਤ ਹੋਣ ਦਾ ਡਰ ਪੈਦਾ ਕੀਤਾ ਸੀ।ਇਸ ਵਿਚ ਭੂਤ ਜਾਂ ਹੋਰ ਗੈਬੀ ਸ਼ਕਤੀ ਕੋਈ ਨਹੀਂ ਹੁੰਦੀ।ਇਹ ਤਾਂ ਇਕ ਤਰ੍ਹਾਂ ਦਾ ਸੁਨੇਹਾ ਹੀ ਸੀ।ਕ੍ਰਿਸ਼ਨ ਬਰਗਾੜੀ ਦੀ ਇਸ ਗੱਲ ਨੇ ਮੈਨੂੰ ਟੂਣੇ ਬਾਰੇ ਸਭ ਕੁਝ ਖੋਲ ਕੇ ਦੱਸ ਦਿੱਤਾ ਜੋ ਮੈਨੂੰ ਬਿਲਕੁਲ ਠੀਕ ਲੱਗੀ।ਮੈਂ ਸਮਝ ਗਿਆ ਕੇ ਮੇਰੀ ਵੱਡੀ ਨਾਨੀ ਜੀ ਦੀ ਮੌਤ ਨਾਲ ਮੇਰੀ ਨਾਨੀ ਦਾ ਮੇਰੇ ਵੱਲ ਧਿਆਨ ਘਟ ਗਿਆ ਸੀ।ਜਿਸ ਕਰਕੇ ਮੇਰੇ ਮਨ ਨੂੰ ਠੇਸ ਪਹੁੰਚੀ ਤੇ ਮੈਂ ਉਸ ਦਾ ਧਿਆਨ ਆਪਣੇ ਵੱਲ ਕਰਨ ਲਈ ਕਾਲਰ ਚੱਬਣ ਲੱਗ ਗਿਆ।ਦੁਬਾਰਾ ਨਾਨੀ ਜੀ ਮੇਰੇ ਵੱਲ ਧਿਆਨ ਦੇਣ ਲੱਗੇ ਤਾਂ ਮੈਂ ਠੀਕ ਹੋ ਗਿਆ ਇਸ ਵਿਚ ਟੂਣੇ ਜਾਂ ਤਵੀਤ ਨਾਲ ਮੈਨੂੰ ਕੁਝ ਨਹੀਂ ਸੀ ਹੋਇਆ।