ਮਨੁੱਖ ਆਪਣੀ ਜ਼ਿੰਦਗੀ ਦੀਆਂ ਕਿੰਨੀਆਂ ਹੀ ਬਸੰਤਾਂ ਦੀਆਂ ਬਹਾਰਾਂ ਮਾਣਦਾ ਹੈ, ਪ੍ਰੰਤੂ ਕਈ ਵਾਰੀ ਜ਼ਿੰਦਗੀ ਵਿੱਚ ਉਸਨੂੰ ਅਜਿਹੇ ਪਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਕਿ ਜ਼ਿੰਦਗੀ ਵਿੱਚ ਇੱਕ ਦਮ ਵੀਰਾਨੀ ਛਾ ਜਾਂਦੀ ਹੈ। ਮਨੁੱਖ ਕਈ ਤਰ੍ਹਾਂ ਦੀ ਮਾਨਸਿਕ ਸੋਚਾਂ ਵਿੱਚ ਘਿਰ ਜਾਂਦਾ ਹੈ। ਪਰ ਕਈ ਮਨੁੱਖ ਜ਼ਿੰਦਗੀ ਵਿੱਚ ਅਨੇਕਾਂ ਦੁੱਖ ਝੱਲ ਕੇ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹਿੰਦੇ ਹਨ। ਅਜਿਹੇ ਮਨੁੱਖਾਂ ਵਿੱਚੋਂ ਇੱਕ ਨਾਂ ਹੈ ਲੀਲ ਦਿਆਲਪੁਰੀ ਦਾ, ਜਿਸਨੇ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਹੀ ਰਹਿਣਾ ਸਿੱਖਿਆ ਹੈ।

ਲੀਲ ਦਿਆਲਪੁਰੀ
ਲੀਲ ਨੇ ਸਮਰਾਲਾ ਤੋਂ 4 ਕਿਲੋਮੀਟਰ ਚੰਡੀਗੜ੍ਹ ਰੋਡ ਤੇ ਪਿੰਡ ਦਿਆਲਪੁਰਾ, ਜ਼ਿਲ੍ਹਾ ਲੁਧਿਆਣਾ ਵਿਖੇ ਪਿਤਾ ਸਵ. ਜਸਵੰਤ ਸਿੰਘ ਦੇ ਗ੍ਰਹਿ ਵਿਖੇ ਮਾਤਾ ਕ੍ਰਿਸ਼ਨਾ ਕੌਰ ਦੀ ਕੁੱਖੋਂ ਜਨਮ ਲਿਆ। ਘਰ ਦੀ ਗਰੀਬੀ ਤਾਂ ਉਸਨੂੰ ਵਿਰਸਤ ਵਿੱਚੋਂ ਹੀ ਮਿਲੀ ਸੀ, ਦੂਸਰਾ ਛੋਟੀ ਉਮਰੇ ਹੀ ਇਕ ਹਾਦਸੇ ਵਿਚ ''ਲੀਲ'' ਦੀ ਸੱਜੀ ਲੱਤ ਪੂਰੀ ਦੀ ਪੂਰੀ ਕੱਟੀ ਗਈ, 80% ਅਪੰਗ ਹੋਣ ਦੇ ਬਾਵਜੂਦ ਵੀ ਬੁਲੰਦ ਹੌਂਸਲੇ ਦਾ ਮਾਲਿਕ ਹੈ, ਉਹ ਕਦੇ ਕਿਸੇ ਦੇ ਤਰਸ ਦਾ ਪਾਤਰ ਨਹੀਂ ਬਣਿਆ। ਉਸਨੇ ਹਮੇਸ਼ਾਂ ਹੀ ਮਿਹਨਤ ਨਾਲ ਰੋਟੀ ਕਮਾ ਕੇ ਖਾਣ ਨੂੰ ਤਰਜ਼ੀਹ ਦਿੱਤੀ ਹੈ। ਉਸ ਵੱਲੋਂ ਲਿਖੀ ਕਵਿਤਾ ਵਿੱਚ ਵੀ ਉਸਨੇ ਅੰਗਹੀਣਾ ਨੂੰ ਪਿਆਰ ਤੇ ਸਤਿਕਾਰ ਦੇਣ ਦੀ ਗੱਲ ਹੀ ਕਹੀ ਹੈ :-
''ਕੱਟ ਗਈ 'ਲੀਲ' ਦੀ ਲੱਤ ਤਾਂ ਅੰਗੋਂ ਹੀਣਾ ਹੋਇਆ।
ਇਹ ਕੀ ਭਾਣਾ ਵਰਤਿਆ ਦਿਲ ਡਾਢਾ ਰੋਇਆ।
ਸਾਨੂੰ ਪਿਆਰ ਦਿਉ, ਸਤਿਕਾਰ ਦਿਉ ਅਸੀਂ ਖੁਸ਼ੀ ਮਨਾਵਾਂਗੇ।
ਸਾਨੂੰ ਬੋਲ ਕੁਬੋਲ ਨਾ ਬੋਲੋ ਲਾਡਲੇ ਪੁੱਤ ਹਾਂ ਮਾਵਾਂ ਦੇ।''
ਉਸਨੂੰ ਸਾਹਿਤ ਨਾਲ ਬਚਪਨ ਤੋਂ ਹੀ ਲਗਾਅ ਹੋ ਗਿਆ ਸੀ, ਜਦੋਂ ਕੁਝ ਆਪ ਮੁਹਾਰੇ ਅੰਦਰੋਂ ਨਿਕਲਣਾ ਤਾਂ ਕਾਗਜ ਨਾ ਹੋਣ ਦੀ ਸੂਰਤ ਵਿੱਚ ਉਸਨੇ ਕੰਧ ਤੇ ਹੀ ਲਿਖ ਲੈਣਾ। ਜਦੋਂ ਮਨ ਅੰਦਰਲਾ ਗਾਇਕ ਉਛਲਣ ਲੱਗਦਾ ਹੈ ਤਾਂ ਉਹ ਸਾਇਕਲ ਚੁੱਕ ਕੇ ਦੂਰ ਖੇਤਾਂ ਵਿੱਚ, ਇਕਾਂਤ ਵਿੱਚ ਜਾ ਕੇ ਉੱਚੀ ਹੇਕ ਲਾ ਕੇ ਆਪਣੇ ਅੰਦਰਲੇ ਗਾਇਕ ਨੂੰ ਸ਼ਾਂਤ ਕਰਦਾ ਹੈ।
ਸਾਹਿਤ ਦੇ ਖੇਤਰ ਵਿੱਚ 'ਲੀਲ' ਕਾਫੀ ਨਾਮਨਾ ਖੱਟ ਚੁੱਕਾ ਹੈ, ਲੀਲ ਨੇ ਜ਼ਿਆਦਾਤਰ ਗੀਤ ਸਾਹਿਤਕ ਹੀ ਲਿਖੇ ਹਨ ਜੋ ਬਕਾਇਦਾ ਤੌਰ 'ਤੇ ਵੱਖ-ਵੱਖ ਮੈਗਜ਼ੀਨਾਂ ਅਤੇ ਅਖ਼ਬਾਰਾਂ ਵਿਚ ਛਪਦੇ ਰਹਿੰਦੇ ਹਨ। ਇਸ ਤੋਂ ਇਲਾਵਾ ਉਸਦੀਆਂ ਮਿੰਨੀ ਕਹਾਣੀਆਂ ਅਤੇ ਲੇਖ ਵੀ ਵੱਖ-ਵੱਖ ਅਖ਼ਬਾਰਾਂ ਵਿੱਚ ਛੱਪਦੇ ਰਹਿੰਦੇ ਹਨ। ਲੀਲ ਦੇ ਲਿਖੇ ਗੀਤਾਂ ਨੂੰ, ਹੈਪੀ ਲਾਪਰਾਂ, ਡਿਊਟ ਜੋੜੀ ਬਲਵੀਰ ਰਾਏ-ਸਬਨਮ ਰਾਏ, ਜੇ.ਐਚ. ਤਾਜਪੁਰੀ, ਜੱਗਾ ਸਲੌਦੀ, ਸੁਖਜਿੰਦਰ ਕੌਰ, ਗੋਗੀ ਘੁਮਾਣ ਅਤੇ ਅਮਨ ਖੰਨਾ ਨੇ ਆਪਣੀਆਂ ਅਵਾਜ਼ਾਂ ਦਿੱਤੀਆਂ ਹਨ।
ਸਮਰਾਲੇ ਇਲਾਕੇ ਵਿੱਚ ਜਿੱਥੇ ਕਿਤੇ ਵੀ ਕੋਈ ਸਾਹਿਤਕ ਸਭਾ ਦੀ ਮੀਟਿੰਗ ਹੁੰਦੀ ਹੈ ਤਾਂ ਉੱਥੇ ਲੀਲ ਆਪਣੀ ਹਾਜ਼ਰੀ ਜਰੂਰ ਭਰਦਾ ਹੈ। ਉਹ ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਦਾ ਸਰਗਰਮ ਮੈਂਬਰ ਹੈ। ਇਸ ਤੋਂ ਇਲਾਵਾ ਉਹ ਕਈ ਸਮਾਜਿਕ ਜਥੇਬੰਦੀਆਂ ਨਾਲ ਵੀ ਜੁੜਿਆ ਹੋਇਆ ਹੈ। ਫਿਜੀਕਲੀ ਹੈਂਡੀਕੈਪਡ ਐਸੋਸੀਏਸ਼ਨ ਦੀ ਪ੍ਰਮੁੱਖ ਅਹੁਦੇਦਾਰੀ, ਖੂਨਦਾਨੀ, ਸਮਾਜਸੇਵੀ ਆਦਿ ਖੇਤਰ ਵਿਚ ਵੱਖਰਾ ਮੁਕਾਮ ਰੱਖਦਾ ਹੈ। ਉਸ ਅਨੁਸਾਰ ਆਤਮ ਵਿਸ਼ਵਾਸ਼ ਨਾਲ ਹੀ ਮੰਜ਼ਿਲ ਤੇ ਪਹੁੰਚਿਆ ਜਾ ਸਕਦਾ ਹੈ। ਉਹ ਮਾਂ ਬੋਲੀ ਪੰਜਾਬੀ ਅਤੇ ਪੰਜਾਬੀ ਸੱਭਿਆਚਾਰ ਲਈ ਪੂਰੀ ਤਰ੍ਹਾਂ ਸੁਹਿਰਦ ਹੋ ਕੇ ਕੰਮ ਕਰਦਾ ਹੈ। ਵਾਤਾਵਰਣ ਨੂੰ ਹਰਾ ਭਰਾ ਰੱਖਣ ਲਈ ਉਸਨੇ ਆਪ ਅਤੇ ਸਾਥੀਆਂ ਨੂੰ ਨਾਲ ਲਿਜਾ ਕੇ ਵੱਖ-ਵੱਖ ਥਾਵਾਂ ਤੇ ਅਨੇਕਾਂ ਫੁੱਲ ਤੇ ਛਾਂਦਾਰ ਰੁੱਖ ਲਾਏ ਹਨ। ਉਹ ਵੱਖ ਵੱਖ ਸਕੂਲਾਂ ਵਿਚ ਜਾ ਕੇ ਭਰੂਣ ਹੱਤਿਆ, ਨਸ਼ਿਆਂ ਖਿਲਾਫ, ਮਾਂ-ਬੋਲੀ, ਰੁੱਖਾਂ ਅਤੇ ਦਾਜ ਦਹੇਜ ਆਦਿ ਮਾਰੂ ਅਲਾਮਤਾਂ ਤੋਂ ਬਚਣ ਦਾ ਸੁਨੇਹਾ ਦਿੰਦਾ ਹੈ। ਉਸਨੂੰ ਪੜ੍ਹਾਈ ਦੌਰਾਨ ਸਕੂਲ ਵੱਲੋਂ 15 ਅਗਸਤ ਅਤੇ 26 ਜਨਵਰੀ ਨੂੰ ਅਤੇ ਪਿੰਡ ਵਿਚ ਕੱਢੇ ਜਾਂਦੇ ਨਗਰ ਕੀਰਤਨ ਜਾਂ ਹੋਰ ਫੰਕਸ਼ਨਾਂ ਵਿਚ ਜ਼ਰੂਰ ਸਮਾਂ ਮਿਲਦਾ ਸੀ। ਰਾਮਲੀਲਾ ਕਮੇਟੀ ਦੁਰਗਾ ਮੰਦਿਰ ਸਮਰਾਲਾ, ਸਵ: ਅਮਰਜੋਤ ਅਮਰ ਸਿੰਘ ਚਮਕੀਲਾ ਯਾਦਗਾਰੀ ਮੇਲਾ ਕਮੇਟੀ ਦੁੱਗਰੀ ਅਤੇ ਅਨੇਕਾਂ ਹੀ ਵੱਖ-ਵੱਖ ਸੰਸਥਾਵਾਂ ਵੱਲੋਂ ''ਲੀਲ ਦਿਆਲਪੁਰੀ'' ਨੂੰ ਬਤੌਰ ਗੀਤਕਾਰ, ਉਸਦੀਆਂ ਸਮਾਜ ਪ੍ਰਤੀ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਲੀਲ ਆਪਣੇ ਆਪਣੇ ਛੋਟੇ ਜਿਹੇ ਘਰ ਵਿੱਚ ਹੀ ਥੋੜਾ ਜਿਹਾ ਕਰਿਆਣੇ ਦਾ ਸਮਾਨ ਪਾ ਕੇ ਅਤੇ ਸਾਇਕਲਾਂ ਨੂੰ ਪੈਂਚਰ ਲਗਾ ਕੇ, ਪਤਨੀ ਗੁਰਮੀਤ ਕੌਰ, ਬੇਟੇ ਰੌਸ਼ਨ ਅਤੇ ਤਰਲੋਚਨ ਨਾਲ ਜੀਵਨ ਦੀ ਗੁਜ਼ਰ ਬਸਰ ਕਰ ਰਿਹਾ ਹੈ। ਲੀਲ ਕਹਿੰਦਾ ਹੈ ਕਿ ਉਸ ਕੋਲ ਕਿਤਾਬ ਦਾ ਮੈਟਰ ਤਿਆਰ-ਬਰ-ਤਿਆਰ ਹੈ, ਪਰ ਆਰਥਿਕ ਤੰਗੀ ਕਾਰਨ ਛਪਵਾ ਨਹੀਂ ਸਕਿਆ। ਲੀਲ ਨੇ ਭਰੇ ਮਨ ਨਾਲ ਦੱਸਿਆ ਕਿ ਅਪਾਹਿਜ ਪੈਨਸ਼ਨ ਤੋਂ ਇਲਾਵਾ ਫੋਕੀ ਬੱਲੇ ਬੱਲੇ ਜ਼ਰੂਰ ਮਿਲ ਜਾਂਦੀ ਹੈ। ਨੌਕਰੀ ਲਈ ਅਨੇਕਾਂ ਇੰਟਰਵਿਊਂ ਵਗੈਰਾਂ ਦਿੱਤੀਆਂ, ਪਰ ਸਭ ਵਿਅਰਥ ....। ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਇਹੋ ਜਿਹੇ 'ਗੁਦੜੀ ਦੇ ਲਾਲਾਂ' ਦਾ ਮੁੱਲ ਪਾਵੇ, ਜੇਕਰ ਅੱਜ ਆਪਣਾ ਪੰਜਾਬੀ ਸਭਿਆਚਾਰ ਕੁਝ ਜਿੰਦਾ ਹੈ ਤਾਂ ਇਨ੍ਹਾਂ ਸਾਹਿਤਕਾਰਾਂ ਕਰਕੇ ਹੀ ਹੈ, ਜੋ ਪੂਰੀ ਸਮਰਪਿਤ ਭਾਵਨਾ ਨਾਲ ਪੰਜਾਬੀ ਬੋਲੀ ਤੇ ਸਭਿਆਚਾਰ ਦੀ ਸੇਵਾ ਕਰ ਰਹੇ ਹਨ। ਜੇਕਰ ਸਮਾਜ ਅਤੇ ਸਰਕਾਰਾਂ ਨੇ ਇਨ੍ਹਾਂ ਨੂੰ ਦੁਰਕਾਰ ਦਿੱਤਾ ਤਾਂ ਸਮਝੋ ਅਸੀਂ ਆਪਣੇ ਪੰਜਾਬੀ ਸਭਿਆਚਾਰ ਨੂੰ ਹੀ ਦੁਰਕਾਰ ਦਿੱਤਾ।