ਇਹ ਗੱਲ 2005 ਦੀ ਹੈ ਉਦੋਂ ਮੈਂ ਲੁਧਿਆਣਾ ਸ਼ੇਅਰ ਮਾਰਕੀਟ ਦੇ ਇੱਕ ਦਫਤਰ ਵਿੱਚ ਕੰਮ ਕਰ ਰਿਹਾ ਸੀ। ਮੈਂ ਦੇਖਿਆ ਦੋ ਬੱਚੇ ਉੱਚੀਆਂ ਜਿਹੀਆਂ ਪੈਂਟਾਂ, ਟੁੱਟੀਆਂ ਜਿਹੀਆਂ ਚੱਪਲਾਂ, ਇੱਕ ਦੇ ਘੱਸੀ ਜਿਹੀ ਚੈਕਦਾਰ ਸ਼ਰਟ ਤੇ ਦੂਸਰੇ ਦੇ ਸਕੂਲ ਦੀ ਵਰਦੀ ਵਾਲੀ ਚਿੱਟੀ ਕਮੀਜ਼ ਪਾਈ ਹੋਈ ਸੀ। ਦਫ਼ਤਰ ਵਿੱਚ ਦਾਖ਼ਲ ਹੋਏ। ਉਨ੍ਹਾਂ ਦੇ ਹੱਥਾਂ ਵਿੱਚ ਦੋ-ਦੋ, ਤਿੰਨ-ਤਿੰਨ ਧੂਫ਼ ਦੇ ਪੈਕਟ ਸਨ। ਦੋਨਾਂ ਦੇ ਪਿੱਛੇ ਧੂਫ਼ ਦੇ ਪੈਕਟਾਂ ਨਾਲ ਭਰੇ ਹੋਏ ਥੈਲੇ ਟੰਗੇ ਹੋਏ ਸਨ। ਇੱਕ ਦੀ ਉਮਰ ਮਸਾਂ ਬਾਰਾਂ ਕੁ ਸਾਲ ਤੇ ਦੂਸਰੇ ਦੀ ਦਸ ਕੁ ਸਾਲ ਸੀ। ਦਫ਼ਤਰ ਦੇ ਅੰਦਰ ਆਏ ਤੇ ਆਲੇ ਦੁਆਲੇ ਦੇਖਣ ਲੱਗੇ। ਸ਼ਾਇਦ ਸੋਚ ਰਹੇ ਸਨ, ਕਿ ਗੱਲ ਕਿੱਥੋਂ ਸ਼ੁਰੂ ਕਰੀਏ?
ਉਹ ਦੋਨੋਂ ਬੱਚੇ ਇੱਕ ਕੰਪਿਊਟਰ ਤੇ ਕੰਮ ਕਰਨ ਵਾਲੇ ਲੜਕੇ ਕੋਲ ਗਏ। ਬਹੁਤ ਹੀ ਪਿਆਰ ਨਾਲ ਕਿਹਾ, ''ਸਰ! ਧੂਫ਼ ਲੈ ਲਵੋ।'' ਕੰਪਿਊਟਰ ਤੇ ਕੰਮ ਕਰ ਰਹੇ ਲੜਕੇ ਨੇ ਰੁੱਝਿਆ ਹੋਣ ਕਰਕੇ ਉਹਨਾਂ ਨੂੰ ਜਵਾਬ ਦੇ ਦਿੱਤਾ। ਲੜਕੇ ਨੇ ਫਿਰ ਦੁਹਰਾਇਆ ''ਸਰ! ਇਹ ਚੰਦਨ ਦੀ ਖੁਸ਼ਬੋ ਵਾਲੀ ਧੂਫ਼ ਹੈ।'' ਪਰ ਉਸ ਲੜਕੇ ਨੇ ਸਾਫ਼ ਇਨਕਾਰ ਕਰ ਦਿੱਤਾ। ਬੱਚਾ ਮੱਥੇ ਤੇ ਹੱਥ ਫੇਰਦਾ ਅੱਗੇ ਵਧਿਆ। ਦੂਜਾ ਬੱਚਾ ਅਜੇ ਆਲੇ ਦੁਆਲੇ ਹੀ ਦੇਖ ਰਿਹਾ ਸੀ। ਅੱਗੇ ਉਹ ਇਕ ਲੜਕੀ ਕੋਲ ਗਏ, ''ਦੀਦੀ ਧੂਫ਼ ਲੈ ਲਵੋ। ਕੰਪਨੀ ਦੀ ਮਸ਼ਹੂਰੀ ਵਾਸਤੇ ਸਿਰਫ਼ ਪੰਜਾਹ ਰੁਪਏ ਦੀ ਵੇਚ ਰਹੇ ਹਾਂ। ਦੀਦੀ ਇਹ ਚੰਦਨ ਦੀ ਖੁਸ਼ਬੋ ਵਾਲੀ ........!'' ਉਹਨਾਂ ਬੱਚਿਆਂ ਨੇ ਹਾਲੇ ਕਹਿਣਾ ਸ਼ੁਰੂ ਹੀ ਕੀਤਾ ਸੀ, '' ਇੰਨੇ ਨੂੰ ਲੜਕੀ ਦਾ ਫੋਨ ਆ ਗਿਆ। ਲੜਕੀ ਨੇ ਮੋਬਾਇਲ ਤੇ ਗੱਲ ਕਰਦਿਆਂ ਹੱਥ ਮਾਰ ਕੇ ਜਵਾਬ ਦੇ ਦਿੱਤਾ। ਉਹ ਦੋਨੋਂ ਲੜਕੇ ਨਿਰਾਸ਼ ਜਿਹੇ ਹੋ ਗਏ। ਬੱਚੇ ਨੇ ਜਿੱਦ ਕੀਤੀ, ''ਦੀਦੀ ਤੁਸੀਂ ਘਰ ਵਿੱਚ ਤਾਂ ਧੂਫ਼ ਲਾਉਂਦੇ ਹੋਵੋਗੇ।'' ਉਹਨਾਂ ਦੀਆਂ ਇਹ ਗੱਲਾਂ ਸੁਣਦਿਆਂ ਦਫ਼ਤਰ ਵਿੱਚ ਕੰਮ ਕਰਦੇ ਇੱਕ ਹੋਰ ਲੜਕੇ ਨੇ ਆਪਣੇ ਸਾਥੀ ਨੂੰ ਕਿਹਾ, ''ਦੇਖ! ਕਿੰਨਾ ਤਕੜਾ ਸੇਲਜ਼ਮੈਨ ਹੈ।''
ਉਹ ਦੋਨੋਂ ਬੱਚੇ ਮੋਢਿਆਂ ਤੇ ਬੈਗ ਸੈੱਟ ਕਰਦੇ ਹੋਏ, ਆਪਣੀਆਂ ਢਿੱਲੀਆਂ ਪੈਟਾਂ ਇੱਕ ਹੱਥ ਨਾਲ ਉੱਪਰ ਚੁੱਕਦੇ ਮੇਰੇ ਵੱਲ ਨੂੰ ਆ ਗਏ। ਉਹਨਾਂ ਨੇ ਮੇਰੇ ਕੋਲ ਆ ਕੇ ਫੇਰ ਉਹੀ ਗੱਲ ਦੁਹਰਾਈ। ਮੈਂ ਉਹਨਾਂ ਵੱਲ ਮੁਸਕਰਾ ਕੇ ਦੇਖਿਆ। ਚਪੜਾਸੀ ਨੂੰ ਹਾਕ ਮਾਰ ਕੇ ਕਿਹਾ, ''ਯਾਰ ਇਹਨਾਂ ਨੂੰ ਪਾਣੀ ਪਿਲਾ।'' ਬੱਚੇ ਇੱਕੋ ਹੀ ਸਾਹ ਵਿੱਚ ਪਾਣੀ ਦੇ ਗਲਾਸ ਪੀ ਗਏ। ਉਹਨਾਂ ਨੇ ਗਲਾਸ ਪਲੇਟ ਵਿੱਚ ਰੱਖਦਿਆਂ ਹੀ ਦੂਸਰੇ ਪਾਣੀ ਦੇ ਭਰੇ ਗਲਾਸ ਚੁੱਕ ਲਏ। ਪਤਾ ਨਹੀਂ ਕਿੰਨੇ ਕੁ ਪਿਆਸੇ ਸੀ ਵਿਚਾਰੇ। ਇੰਨੇ ਨੂੰ ਮੇਰਾ ਫੋਨ ਖੜਕ ਪਿਆ। ''ਹਾਂ ਜੀ, ਸਰ,'' ਕਹਿੰਦਾ ਹੋਇਆ ਮੈਂ ਕੁਰਸੀ ਤੋਂ ਖੜ੍ਹਾ ਹੋ ਗਿਆ। ਮੈਂ ਆਪਣੇ ਬੌਸ ਨਾਲ ਗੱਲ ਕਰਦਾ ਕਰਦਾ ਉਹਨਾਂ ਵੱਲ ਦੇਖ ਰਿਹਾ ਸੀ। ਉਹ ਵੀ ਇੱਕ ਆਸ ਭਰੀ ਨਜ਼ਰਾਂ ਨਾਲ ਮੇਰੇ ਵੱਲ ਦੇਖ ਰਹੇ ਸਨ। ਸ਼ਾਇਦ ਮੈਂ ਖਰੀਦ ਹੀ ਲਵਾਂਗਾ। ਮੈਂ ਆਪਣੇ ਬੌਸ ਦੇ ਫੋਨ ਵਿੱਚ ਰੁੱਝ ਗਿਆ ਸੀ। ਉਹਨਾਂ ਦਾ ਪਸੀਨਾ ਵੀ ਹਾਲੇ ਤੱਕ ਨਹੀਂ ਸੀ ਸੁੱਕਿਆ। ਮੋਢਿਆਂ ਤੇ ਬੈੱਗ ਸੈੱਟ ਕਰਦੇ ਹੋਏ ਅੱਗੇ ਵੱਧਦੇ ਗਏ।
ਧੂਫ਼ ਵਾਲੇ ਬੱਚਿਆਂ ਨੂੰ ਦੇਖ ਕੇ ਟੀਮ ਲੀਡਰ ਨੇ ਆਪਣੀ ਟੀਮ ਦੇ ਮੈਂਬਰ ਨੂੰ ਗੁੱਸੇ ਵਿੱਚ ਕਿਹਾ, ''ਇਹ ਲੜਕੇ ਦੇਖ ਲੈ ਦਸਾਂ-ਬਾਰਾਂ ਸਾਲਾਂ ਦੇ ਨੇ। ਮਿਹਨਤ ਕਰ ਰਹੇ ਨੇ। ਤੂੰ ਇੱਕ ਚੰਗੀ ਕੰਪਨੀ ਵਿੱਚ ਕੰਮ ਕਰਦੈ, ਚੰਗੀ ਤੇਰੀ ਤਨਖ਼ਾਹ ਹੈ। ਫੇਰ ਵੀ ਤੂੰ ਆਪਣਾ ਟਾਰਗੇਟ ਪੂਰਾ ਨਹੀਂ ਕਰ ਸਕਦਾ। ਉਹ ਆਪਣੇ ਬੌਸ ਦਾ ਗੁੱਸਾ ਉਸ ਲੜਕੇ ਤੇ ਉਤਾਰ ਰਿਹਾ ਸੀ। ਬਾਅਦ ਵਿੱਚ ਟੀਮ ਮੈਂਬਰ ਆਪਣੇ ਨਾਲ ਦੇ ਸਾਥੀ ਨੂੰ ਕਹਿ ਰਿਹਾ ਸੀ। ਸਾਡੇ ਨਾਲੋਂ ਤਾਂ ਧੂਫ਼ ਵਾਲੇ ਚੰਗੇ ਨੇ। ਇਹਨਾਂ ਦਾ ਕੋਈ ਟਾਰਗੇਟ ਤਾਂ ਨਹੀਂ ਜਿੰਨਾਂ ਕੰਮ ਕੀਤਾ ਉਨੇ ਪੈਸੇ।'' ਉਹ ਇਹ ਗੱਲ ਸੁਣ ਕੇ ਦੋਨੋਂ ਬੱਚੇ ਨਿਰਾਸ਼ ਹੋ ਗਏ। ਫੇਰ ਬੈੱਗ ਸੰਭਾਲਦੇ ਹੋਏ ਮੇਰੇ ਨਾਲ ਵਾਲੀ ਸੀਟ ਤੇ ਬੈਠੀ ਲੜਕੀ ਕੋਲ ਆ ਗਏ। ਉਹੀ ਗੱਲ ਦੁਹਰਾਈ। ਹੁਣ ਉਹਨਾਂ ਦੀ ਬੋਲੀ ਵਿੱਚ ਪਹਿਲਾਂ ਨਾਲੋਂ ਮਿਠਾਸ ਘੱਟ ਗਈ ਸੀ। ''ਦੀਦੀ ਧੂਫ਼ ਲੈ ਲਵੋ! ਇਹ ਚੰਦਨ ਦੀ ਖੁਸ਼ਬੋ ਵਾਲੀ ਧੂਫ਼ ਹੈ। ਇਹ ਗੁਲਾਬ ਦੇ ਫੁੱਲਾਂ ਦੀ ਖੁਸ਼ਬੋ ਵਾਲੀ ਧੂਫ਼ ਹੈ। ਉਸ ਲੜਕੀ ਨੇ ਜਵਾਬ ਦੇ ਦਿੱਤਾ, ''ਨਹੀਂ ਬੇਟਾ! ਅਖ਼ੀਰ ਦਫ਼ਤਰ ਵਿੱਚ ਉਹਨਾਂ ਦਾ ਇਕ ਵੀ ਡੱਬਾ ਧੂਫ਼ ਦਾ ਨਾ ਵਿਕਿਆ। ਉਹ ਸੋਚਾਂ ਵਿੱਚ ਪੈ ਗਏ। ਏਨੇ ਨੂੰ ਕੀ ਹੋਇਆ। ਉਸ ਲੜਕੀ ਦੇ ਮਨ ਵਿੱਚ ਪਤਾ ਨਹੀਂ ਕੀ ਖ਼ਿਆਲ ਆਇਆ। ਉਹਨਾਂ ਦੋਨਾਂ ਬੱਚਿਆਂ ਨੂੰ ਪੁੱਛਣ ਲੱਗੀ, ''ਦੱਸੋ ਤੇਰੇ ਡੈਡੀ ਕੀ ਕੰਮ ਕਰਦੇ ਹਨ?'' ਇੱਕ ਲੜਕੇ ਨੇ ਮੂੰਹ ਤੇ ਹੱਥ ਫੇਰਦਿਆਂ ਧੀਮੀ ਜਿਹੀ ਆਵਾਜ਼ ਵਿੱਚ ਕਿਹਾ, ''ਮੇਰੇ ਪਿਤਾ ਜੀ ਨਹੀਂ ਹਨ। ਅਸੀਂ ਦੋਵੇਂ ਭਰਾ ਤੇ ਮੰਮੀ ਧੂਫ਼ ਵੇਚ ਕੇ ਘਰ ਦਾ ਗੁਜ਼ਾਰਾ ਕਰਦੇ ਹਾਂ। ਅਸੀਂ ਪੜ੍ਹਦੇ ਵੀ ਹਾਂ ਤੇ ਅਸੀਂ ਸਕੂਲ ਦੀ ਫ਼ੀਸ ਧੂਫ਼ ਵੇਚ ਕੇ ਹੀ ਦਿੰਦੇ ਹਾਂ।'' ਲੜਕੀ ਨੇ ਫਿਰ ਪੁੱਛਿਆ, ਕਿੰਨੀ ਫ਼ੀਸ ਦੇਣੀ ਹੈ?'' ਬੱਚੇ ਨੇ ਕਿਹਾ, ''ਸੌ ਰੁਪਏ।'' ਉਸ ਲੜਕੀ ਨੇ ਆਪਣੇ ਬੜੇ ਜਿਹੇ ਪਰਸ ਵਿਚੋਂ ਸੌ ਦਾ ਨੋਟ ਕੱਢਿਆ ਤੇ ਬੱਚਿਆਂ ਨੂੰ ਪਕੜਾ ਦਿੱਤਾ ਤੇ ਨਾਲ ਹੀ ਕਿਹਾ ਹੋਰ ਚਾਹੀਦੇ ਹਨ ਤਾਂ ਹੋਰ ਲੈ ਲਵੋ।'' ਲੜਕੇ ਨੇ ਸੌ ਦਾ ਨੋਟ ਸਾਂਭਦਿਆਂ ਕਿਹਾ, ''ਦੀਦੀ ਜੀ ਆਹ ਪੰਜ ਪੈਕਟ ਧੂਫ਼ ਦੇ ਲੈ ਲਵੋ।'' ਲੜਕੀ ਨੇ ਨਹੀਂ ਬੇਟਾ ਕਹਿ ਕੇ ਸਿਰ ਫੇਰ ਦਿੱਤਾ। ਇੰਨੇ ਨੂੰ ਲੜਕੀ ਦਾ ਫੋਨ ਆ ਗਿਆ। ਉਹ ਮੋਬਾਇਲ ਤੇ ਗੱਲਾਂ ਕਰਦੀ ਇੱਧਰ ਉੱਧਰ ਤੁਰਨ ਲੱਗੀ। ਬੱਚੇ ਜਾ ਚੁੱਕੇ ਸਨ। ਫੋਨ ਤੋਂ ਵਿਹਲੀ ਹੋ ਕੇ ਸੌਖਾ ਸਾਹ ਲੈਂਦਿਆਂ ਜਦੋਂ ਉਹ ਆਪਣੀ ਕੁਰਸੀ ਤੇ ਬੈਠੀ ਤਾਂ ਹੈਰਾਨ ਰਹਿ ਗਈ। ਧੂਫ਼ ਦੇ ਪੰਜੇ ਪੈਕਟ ਉਸਦੀ ਟੇਬਲ ਤੇ ਪਏ ਸਨ।