ਅੰਬਰਾਂ ਨੂੰ ਛੁੰਹਦੀਆਂ ਝਨਾਂ ਦੀਆਂ ਖੂਨੀ ਲਹਿਰਾਂ ਵਿਚੋਂ ਲੱਖਾਂ ਸੋਹਣੀਆਂ ਦੀਆਂ ਚੀਕਾਂ, ਕੂਕਾਂ, ਫਰਿਆਦਾਂ, ਰੇਤ ਵਿਚ ਚਿਚਲਾ ਰਹੇ ਲੱਖਾਂ ਪੁੰਨੂਆਂ ਦੇ ਪੈਰ,ਬੇਲੇ ਵਿਚ ਤੜਫਦੀਆਂ ਲੱਖਾਂ ਹੀਰਾਂ ਦੀਆਂ ਲਾਸ਼ਾਂ ਇਸ ਲੰਬੇ ਚੌੜੇ ੋਸਮਾਜ ਦਾ ਇਹ ਪਰਛਾਵਾਂ ਦ੍ਰਿਸ਼ਟੀਗੋਚਰ ਕਰਦੀਆਂ ਹਨ। ਜਿਥੋਂ ਦੀਆਂ ਗਲਤ ਕੀਮਤਾਂ ਇਸ ਅਸਲੀ ਵਿਲਕ ਦਾ ਕਾਰਨ ਹੈ। ਜਿਥੋਂ ਦੀ ਕੰਡਿਆਲੀ ਧਰਤੀ ਰਾਹ ਜਾਂਦੇ ਰਾਹੀਆਂ ਨੂੰ ਵਲੂੰਧਰ ਕੇ ਰੱਖ ਦਿੰਦੀ ਹੈ। ਜਿਥੋਂ ਦਾ ਖੂਨੀ ਵਾਤਾਵਰਣ ਪਿਆਰ ਕਰਨ ਵਾਲਿਆਂ ਨੂੰ ਪਾਗਲ ਕਹਿ , ਉਹਨਾ ਨੂੰ ਤੜਪਦਿਆਂ ਵੇਖ ਠੱਠੇ ਤੇ ਮਖੌਲ ਕਰਦਾ ਹੈ। ਜਿਸ ਸਮਾਜ ਦੇ ਖੋਟੇ ਸਿੱਕੇ ਪਿਆਰ ਜਿਹੀ ਅਨਮੋਲ ਵਸਤੂ ਨਾਲ ਇਨਸਾਫ ਨਹੀਂ ਕਰ ਸਕਦੇ। ਜਿਥੌਂ ਦੀ ਧਰਤੀ ਦਾ ਕੱਲਰ ਪਿਆਰ ਦੀਆਂ ਨਰਮ ਕੋਪਲਾਂ ਨੂੰ ਸਾੜ ਦਿੰਦਾ ਹੈ। ਉਹਨਾ ਮਸੂਮ ਜਿੰਦਾਂ ਨੂੰ ਸ਼ਰਧਾਂਜਲੀ ਦਿੰਦੀ ਅੰਮ੍ਰਿਤਾ ਪ੍ਰੀਤਮ ਚਿਲਾ ਉਠਦੀ ਹੈ
ਅਜੇ ਸਮਾਜੀ ਸਿੱਕੇ ਖੋਟੇ, ਅਜੇ ਉਲਾਰੂ ਵੱਟੇ ਇਸਦੇ
ਕੋਈ ਕੀਕਣ ਪਿਆਰ ਤੁਲਾਵੇ, ਦੂਰ ਪਿਆ ਕੋਈ ਗਾਵੇ।
ਸੋਹਣੀ ਦੀ ਆਵਾਜ਼ ਅੱਜ ਵੀ ਝਨਾਂ ਵਿਚੋਂ ਆ ਰਹੀ ਹੈ ਅਤੇ ਇਹ ਸਮਾਜ ਨੂੰ ਚਿਤਾਵਨੀ ਦੇ ਰਹੀ ਹੈ ਕਿ ਜੇ ਇਸਨੇ ਅਜੇ ਵੀ ਆਪਣਾ ਰੁੱਖ ਨਾ ਬਦਲਿਆ ਤਾਂ ਲੱਖਾਂ ਸੋਹਣੀਆਂ ਡੁੱਬ ਮਰਨਗੀਆਂ ਤਾਂ ਝਨਾਂ ਦੀ ਕੀ ਹਾਲਤ ਹੋਵੇਗੀ ਇਸ ਦਾ ਜਵਾਬ ਝਨਾਂ ਦੀਆਂ ਸ਼ੂਕਦੀਆਂ ਲਹਿਰਾਂ ਦੇਣਗੀਆਂ ਕਿ
ਇਸ਼ਕ ਝਨਾਂ ਸੁੱਕ ਨਾ ਜਾਏ, ਨਿਕਲ ਆਵੇ ਨਾ ,ਸੋਹਣੀ ਦਾ ਪਿੰਜਰ
ਇਸ਼ਕ ਪਿਆ ਫਿਰ ਆਪ ਨਾ ਰੋਵੇ , ਵੇਖ ਹੁਸਨ ਦਾ ਭੈੜਾ ਮੰਦਰ।
ਇਸ਼ਕ ਦੇ ਇਤਿਹਾਸ ਵਿਚ ਸਦੀਵੀ ਚਮਕਦੇ ਹੀਰ ਰਾਂਝੇ, ਮਿਰਜ਼ਾ ਸਾਹਿਬਾਂ,ਸੱਸੀ ਪੁੰਨੂੰ, ਸੋਹਣੀ ਮਹੀਂਵਾਲ ਤੇ ਸ਼ੀਰੀਂ ਫਰਿਆਦ ਦੇ ਨਾਮ ਇਸ ਗੱਲ ਦੇ ਗਵਾਹ ਹਨ ਕਿ ਪਿਆਰ ਨੇ ਆਪਣੀ ਪ੍ਰਾਪਤੀ ਤੇ ਪੂਰਨਤਾ ਕੁਰਬਾਨੀ ਵਿਚ ਹੀ ਪਾਈ ਹੈ ਪਰ ਕਿੰਨੇ ਦੁਖ ਦੀ ਗੱਲ ਹੈ ਕਿ ਇਸ਼ਕ ਦੇ ਦੇਵਤਾ ਦੇ ਦਰ ਤੇ ਲੱਖਾਂ ਮਸੂਮ ਜਿੰਦੜੀਆਂ ਦੇ ਕੁਰਬਾਨੀ ਦੇਣ ਦੇ ਬਾਵਜੂਦ ਵੀ ਇਸ ਖੂਨੀ ਸਮਾਜ ਦੇ ਦਿਲ ਤੇ ਕੋਈ ਅਸਰ ਨਹੀਂ ਹੋਇਆ ਅਤੇ
ਹਰ ਸੋਹਣੀ ਦੇ ਕਦਮਾਂ ਅਗੇ, ਅਜੇ ਵੀ ਇਕ ਝਨਾਂ ਪਈ ਵੱਗੇ
ਹਰ ਸੱਸੀ ਦੇ ਪੈਰਾਂ ਹੇਠਾਂ, ਅਜੇ ਵੀ ਤੜਪਣ ਛਾਲੇ ।
ਇਸ ਵਿਚ ਇਕ ਅਟੱੰਲ ,ਸਚਾਈ ਹੈ ਜਿਸਨੂੰ ਕੋਈ ਝੁਠਲਾ ਨਹੀਂ ਸਕਦਾ ਕਿ ਸਾਡਾ ਸਮਾਜ ਪੁਰਾਣੀਆਂ ਕੀਮਤਾਂ ਵਿਚ ਫਸਿਆ ਅਜੇ ਬਾਹਰ ਨਹੀਂ ਨਿਕਲ ਸਕਿਆ । ਅਜੇ ਏਥੇ ਖੋਟੇ ਸਿੱਕੇ ਚਲ ਰਹੇ ਹਨ। ਨਵੇਂ ਸਿੱਕਿਆਂ ਦੀ ਕਦਰ ਪਾਉਣ ਦਾ ਸੁਨਹਿਰੀ ਸਮਾਂ ਅਜੇ ਨਹੀਂ ਆਇਆ। ਇਹ ਕਠੋਰ ਚਿੱਤ ਸਮਾਜ ਹਮੇਸ਼ਾ ਹੀ ਮਨੁੱਖਤਾ ਦੇ ਵਿਕਾਸ ਨੂੰ ਕੁਚਲਦਾ ਰਿਹਾ ਹੈ। ਇਸੇ ਤਰ੍ਹਾਂ ਸਾਡੇ ਵੱਡੇ ਵਡੇਰੇ ਜਿੰਨ੍ਰਾਂ ਦੇ ਦਿਮਾਗ ਵਿਗਿਆਨਕ ਸਮੇਂ ਦੇ ਚੰਨਾਂ ਦੇ ਨੂਰ ਤੋਂ ਖਾਲੀ ਹਨ ਉਹਨਾ ਨੂੰ ਪਿਆਰ ਦੀਆਂ ਕਦਰ ਕੀਮਤਾਂ ਦਾ ਕੀ ਪਤਾ। ਉਹਨਾ ਨੂੰ ਦਿਲ ਦੀਆਂ ਰੰਗਲੀਆਂ ਰੀਝਾਂ ਨਾਲ ਤੇ ਭਖਦੇ ਅਰਮਾਨਾ ਨਾਲ ਕੀ , ਪਿਆਰ ਨਾਲ ਕਿਵੇਂ ਇਨਸਾਫ ਕਰ ਸਕਦਾ ਹੈ ਇਹ ਸਮਾਜ ਜ਼ਮੀਨ ਦੇ ਟੋਟਿਆਂ, ਰੋਟੀ ਦੇ ਟੁਕੜਿਆਂ ਦਾ ਭੁੱਖਾ ਇਹ ਸਮਾਜ ਮੰਡੀਆਂ ਦੀ ਹਿਰਸ ਵਿਚ ਪ੍ਰੇਮੀਆਂ ਨੂੰ ਪ੍ਰੇਮਕਾਵਾਂ ਨਾਲੋਂ ਨਿਖੇੜ ਕੇ ਜੰਗ ਦੀ ਮੌਤ ਦਾ ਨਾਚ ਨਚਦਾ ਹੈ , ਉਥੇ ਰਗਾਂ ਤੇ ਨਸਲਾਂ ਦਾ ਫਰਕ ਸਾਂਝੀ ਲੁਕਾਈ ਵਿਚ ਨਿਖੇੜਾ ਪਾ ਦਿੰਦੇ ਹਨ । ਜਿਥੋਂ ਦੀ ਗਲਤ ਆਰਥਿਕ ਵੰਡ ਦਾ ਸਦਕਾ ਢਿੱਡੋਂ ਭੁੱਖੀਆਂ ਮਾਵਾਂ , ਵਿਲੂੰ ਵਿਲੂੰ ਕਰਦੇ ਗਰੀਬਾਂ ਦੇ ਬੱਚੇ ਅਮੀਰਾਂ ਦੇ ਹੱਥੋਂ ਡਿਗੀਆਂ ਜੂਠੀਆਂ ਛਿੱਲੜਾਂ ਲਈ ਤਰਸਦੇ ਹਨ ਅਤੇ ਇਕ ਦੂਸਰੇ ਨਾਲ ਲੜਦੇ ਹਨ, ਜਿੱਥੇ ਪਿਆਰ ਹੁਸਨ ਤੇ ਹੁਨਰ ਦਾ ਮੁੱਲ ਸੋਨੇ ਤੇ ਚਾਂਦੀ ਦੇ ਟੁਕੜਿਆਂ ਨਾਲ ਪਾਇਆ ਜਾਂਦਾ ਹੈ ਅਜਿਹੇ ਵਾਤਾਵਰਣ ਵਿਚ ਮਨੁੱਖੀ ਪਿਆਰ ਜਿਹੀ ਸੋਹਲ ਵਸਤੂ ਦਾ ਠੀਕ ਮੁੱਲ ਕਿਸ ਤਰਾਂ੍ਹ ਪਾਇਆ ਜਾ ਸਕਦਾ ਹੈ।
ਸਮਾਜ ਦੇ ਠੇਕੇਦਾਰ ਪਿਆਰ ਨੂੰ ਬੰਧਨਾ ਵਿਚ ਰੱਖਣਾ ਚਾਹੁੰਦੇ ਹਨ ਜਿਥੇ ਕੋਈ ਪਿਆਰ ਬੋਲ ਨਹੀਂ ਸਕਦਾ । ਇਥੋਂ ਤੱਕ ਕਿ ਕਿਸੇ ਨੂੰ ਇਕ ਦੂਜੇ ਨਾਲ ਖੁਲ੍ਹ ਲੈਣ ਦੀ ਆਗਿਆ ਨਹੀਂ। ਇਸ ਅੰਨ੍ਹੇ ਤੇ ਬੋਲੇ ਸਮਾਜ ਦੀ ਚੱਕੀ ਹਰ ਵੇਲੇ ਚਲ ਰਹੀ ਹੈ ਜੋ ਸਾਡੇ ਗਲੇ ਨੂੰ ਪੀਂਹਦੀ ਜਾ ਰਹੀ ਹੈ ਇਸ ਲਈ ਅੰਮ੍ਰਿਤਾ ਪ੍ਰੀਤਮ ਕਹਿੰਦੀ ਹੈ ਕਿ
ਇਸ਼ਕ ਨੂੰ ਆਦਤ ਨਾ ਪਾਉ ਬੋਲਣ ਦੀ ,
ਲੋਕ ਕੰਨਾਂ ਨੂੰ ਸੁਣਨ ਦੀ ਜਾਂਚ ਨਹਂੀ ਰਖਦੇ ।
ਵਿਆਹ ਦਾ ਪ੍ਰਬੰਧ ਵੀ ਤਾਂ ਏਸੇ ਸਮਾਜ ਦਾ ਸੂਚਕ ਹੈ ।ਮਾਪੇ ਇਸ ਜ਼ਿਮੇਵਾਰੀ ਨੂੰ ਦਾਨ ਕਰਨ ਦੇ ਤੁਲ ਸਮਝਦੇ ਹਨ ਜਿਸ ਤਰ੍ਹਾਂ ਅੰਮ੍ਰਿਤਾ ਪ੍ਰੀਤਮ ਇਕ ਥਾਂ ਕਹਿੰਦੀ ਹੈ
ਕੰਨਿਆਂ ਦਾਨ, ਕੰਨਿਆਂ ਦਾਨ, ਮਹਾਂ ਕਲਿਆਣ
ਇਸ ਮਹਾਤਮ ਤੱਕ ਨਾ ਪਹੁੰਚੇ ਸਿਰ ਦਾਨਾ ਸਿਰ ਦਾਨ।
ਸਮਾਂ ਬੜੀ ਤੇਜ਼ੀ ਨਾਲ ਲੰਘ ਰਿਹਾ ਹੈ । ਜ਼ਮਾਨੇ ਦੀ ਤਬਦੀਲੀ ਨਾਲ ਸਮਾਜ ਵਿਚ ਵੀ ਤਬਦੀਲੀ ਆਉਣੀ ਚਾਹੀਦੀ ਹੈ ਪਰ ਅਜੇ ਏਥੇ ਪੁਰਾਣੀਆਂ ਕੀਮਤਾਂ ਨੂੰ ਨਵੀਂਆਂ ਕੀਮਤਾਂ ਰਾਹੀਂ ਤਬਦੀਲ ਨਹੀਂ ਕੀਤਾ ਜਾ ਰਿਹਾ। ਪਿਆਰ ਨੂੰ ਸਿੱਕਿਆਂ ਦੀ ਝਨਕਾਰ ਤੇ ਨਚਾਇਆ ਜਾ ਰਿਹਾ ਹੈ। ਚਿਲਵਾਂ ਖੋਟੇ ਸਿਕਿਆਂ ਨੂੰ ਮੁੜ ਟਕਸਾਲ ਤੇ ਲਿਆਉਣ ਲਈ ਅੰਮ੍ਰਿਤਾ ਪ੍ਰੀਤਮ ਉਕਸਾਉਂਦੀ ਹੋਈ ਆਪਣੇ ਪ੍ਰੀਤਮ ਨੂੰ ਕਹਿੰਦੀ ਹੈ
ਤੇਰੀਆਂ ਪੈੜਾਂ ਨੂੰ ਰਾਹ ਲੱਗੇ, ਮੇਰੀਆਂ ਪੈੜਾਂ ਨੂੰ ਰਾਹ ਲੱਗੇ
ਆਖ ਸਮੇਂ ਨੂੰ ਇਸ ਕੰਡਿਆਲੀ ਧਰਤੀ ਦਾ ਮੂੰਹ ਰੱਖੇ ।
ਤੇ ਅੰਮ੍ਰਿਤਾ ਦੀ ਕਵਿਤਾ ਅੱਜ ਵੀ ਸਮੇਂ ਦੀ ਸੂਚਕ ਹੈ ਅਤੇ ਉਸਦੀ ਰੂਹ ਨੂੰ ਸਮੇਂ ਤੇ ਵਿਸ਼ਵਾਸ ਹੈ ਕਿ ਜਿਸ ਦੀਆਂ ਕਬਰਾਂ ਨੇ ਇਸ ਕਹਾਣੀ ਨੂੰ ਵਲ੍ਹੇਟ ਲਿਆ ਹੈ ਅੱਜ ਉਹੀ ਸਮਾਂ ਕਬਰਾਂ ਵਿਚ ਸੁੱਤੀ ਪਈ ਇਸ ਕਹਾਣੀ ਨੂੰ ਜਗਾਏਗਾ
ਮੀਟੇ ਹੋਏ ਮੇਰੇ ਦੋ ਹੋਠਾਂ ਦੀ,
ਇਕ ਮਜਬੂਰ ਕਹਾਣੀ
ਸਮੇਂ ਦੀਆਂ ਕਬਰਾਂ ਨੂੰ
ਕੋਈ ਸਾਂਝੀਂ ਸਮਾਂ ਜਗਾਏਗਾ।