ਵਿਲੱਖਣ ਸ਼ਖ਼ਸੀਅਤ ਹੈ–ਡਾ. ਮਿਨਹਾਸ (ਲੇਖ )

ਦਲਵੀਰ ਸਿੰਘ ਲੁਧਿਆਣਵੀ   

Email: dalvirsinghludhianvi@yahoo.com
Cell: +91 94170 01983
Address: 402-ਈ ਸ਼ਹੀਦ ਭਗਤ ਸਿੰਘ ਨਗਰ, ਪੱਖੋਵਾਲ ਰੋਡ
ਲੁਧਿਆਣਾ India 141013
ਦਲਵੀਰ ਸਿੰਘ ਲੁਧਿਆਣਵੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸੱਚ, ਰੂਹਾਨੀਅਤ ਤੇ ਪ੍ਰੇਮ ਦੇ ਮਾਰਗ ਉੱਤੇ ਚੱਲਣ ਵਾਲੀ ਆਦਰਸ਼ਵਾਦੀ ਸ਼ਖ਼ਸੀਅਤ ਦਾ ਨਾਮ ਹੈ, ਕੁਲਵਿੰਦਰ ਕੌਰ ਮਿਨਹਾਸ।  ਉਹ ਛਲ-ਕਪਟ ਤੋਂ ਦੂਰ, ਬਹੁਤ ਹੀ ਮਾਸੂਮ ਹੈ। ਦੁਆਬੇ ਦੇ ਪਿੰਡ ਸਰਹਾਲ ਮੁੰਡੀ ਵਿਚ ਪਿਤਾ ਸ. ਮੋਹਣ ਸਿੰਘ ਤੇ ਮਾਤਾ ਸੁਰਿੰਦਰ ਕੌਰ ਦੇ ਘਰ ਉਸ ਦਾ ਜਨਮ ਹੋਇਆ।  ਜਦੋਂ ਉਸ ਦਾ ਜਨਮ ਹੋਇਆ ਤਾਂ ਘਰ ਵਿਚ ਰੱਖੇ ਹੋਏ 'ਅਖੰਡ ਪਾਠ' ਦਾ ਭੋਗ ਪੈ ਰਿਹਾ ਸੀ।  ਜਦੋਂ ਭਾਈ ਜੀ ਨੇ 'ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ' ਦਾ ਜੈਕਾਰਾ ਛੱਡਿਆ ਤਾਂ ਉਸ ਨੇ ਇਸ 'ਦੁਨੀ ਸੁਹਾਵਾ ਬਾਗ' ਵਿਚ ਜਨਮ ਲਿਆ।  ਉਸ ਨੂੰ ਗੁੜ੍ਹ ਦੀ ਗੁੜ੍ਹਤੀ ਦੀ ਜਗ੍ਹਾ 'ਤੇ ਕੜਾਹ ਪ੍ਰਸਾਦਿ ਦ ਿਗੁੜ੍ਹਤੀ ਦਿੱਤੀ ਗਈ।  ਸ਼ਾਇਦ ਇਹੀ ਕਾਰਣ ਹੈ ਕਿ ਉਸ ਦਾ ਗੁਰਬਾਣੀ ਨਾਲ ਪ੍ਰੇਮ ਹੈ।
ਉਸ ਨੇ ਗੁੱਡੀਆਂ-ਪਟੋਲੇ ਖੇਡਦਿਆਂ, ਝੋਲੇ ਵਿਚ ਦਾਣੇ ਪਾ ਕੇ ਭੱਠੀ 'ਤੇ ਭੁੰਨਾਉਣ ਜਾਂਦਿਆਂ, ਜਾਮਣ ਦੇ ਰੁੱਖ ਉਤੇ ਚੜ੍ਹ ਕੇ ਜਾਮਣਾਂ ਤੋੜਦਿਆਂ, ਸਰੋਂ ਦੇ ਫੁੱਲਾਂ ਦੇ ਖੇਤਾਂ ਵਿਚ ਤਿਤਲੀਆਂ ਨੂੰ ਫੜਣ ਲਈ ਉਨ੍ਹਾਂ ਪਿੱਛੇ ਦੌੜਦਿਆਂ, ਵੱੱਡੀ ਸਾਰੀ ਜਾਲੀ ਵਿਚ ਵੜ ਕੇ ਘਰਦਿਆਂ ਤੋਂ ਚੋਰੀ ਮੱਖਣ ਖਾਂਦਿਆਂ ਆਪਣੇ ਬਚਪਨ ਦੇ ਪਹਿਲੇ ਛੇ ਸਾਲ ਬਿਤਾਏ।  ਸਤਵੇਂ ਸਾਲ ਵਿਚ ਪੈਰ ਧਰਦਿਆਂ ਲੁਧਿਆਣਾ ਦੇ ਜਲੰਧਰ ਬਾਈਪਾਸ ਦੇ ਨੇੜੇ ਪਿੰਡ ਭੌਰਾ ਵਿਚ ਆ ਕੇ ਆਪਣੀ ਦਾਦੀ, ਮਾਤਾ- ਪਿਤਾ ਤੇ ਭੈਣ-ਭਰਾਵਾਂ ਨਾਲ ਰਹਿਣ ਲੱਗੀ। ਉਸ ਦੇ ਪਿਤਾ ਜੀ ਨੂੰ ਆਪਣੇ ਬੱਚਿਆਂ ਨੂੰ ਉਚ-ਵਿਦਿਆ ਦਿਵਾਉਣ ਦਾ ਸ਼ੌਕ ਸੀ ਕਿਉਂਕਿ ਉਨ੍ਹਾਂ ਦੇ ਮਾਮਾ ਜੀ ਪ੍ਰੋ: ਵਤਨ ਸਿੰਘ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਅੰਗਰੇਜ਼ਾਂ ਦੇ ਵੇਲੇ ਅੰਗਰੇਜ਼ੀ ਐਮ.ਏ. ਵਿਚ ਗੋਲਡ ਮੈਡਲਿਸਟ ਸਨ ਤੇ ਫੇਰ ਉਹ ਉਥੇ ਹੀ ਪ੍ਰੋਫੈਸਰ ਲੱਗ ਗਏ ਤੇ ਬਾਅਦ ਵਿਚ ਖਡੂਰ ਸਾਹਿਬ, ਸ੍ਰੀ ਗੁਰੂ ਅੰਗਦ ਦੇਵ ਕਾਲਜ ਦੇ ਪਹਿਲੇ ਪਿੰ੍ਰਸੀਪਲ ਨਿਯੁਕਤ ਹੋਏ ਸਨ। 
ਕੁਲਵਿੰਦਰ ਦੇ ਮਾਤਾ-ਪਿਤਾ ਕਹਿਣ ਨੂੰ ਭਾਵੇਂ ਲੁਧਿਆਣਾ ਸ਼ਹਿਰ ਆ ਗਏ ਸਨ, ਪਰ ਭੌਰਾ ਪਿੰਡ ਵਿਚ ਰਿਹਾਇਸ਼ ਹੋਣ ਕਰਕੇ ਸਾਰਾ ਮਾਹੌਲ ਪੇਂਡੂ ਸੀ।  ਸੂਰਜ ਚੜ੍ਹਣ ਤੱਕ ਕੋਈ ਸੁੱਤਾ ਨਹੀਂ ਸੀ ਰਹਿ ਸਕਦਾ।  ਸਵੇਰੇ ਚਾਰ ਵਜੇ ਮਾਤਾ-ਪਿਤਾ ਬੱਚਿਆਂ ਨੂੰ ਪੜ੍ਹਣ ਲਈ ਉਠਾ ਦਿੰਦੇ ਸਨ। ਜਿਉਂ ਜਿਉਂ ਕੁਲਵਿੰਦਰ ਵੱਡੀ ਹੁੰਦੀ ਗਈ, ਪੜ੍ਹਾਈ ਦੇ ਨਾਲ ਘਰ ਦੇ ਕੰਮਾਂ  ਵਿਚ ਮਾਤਾ-ਪਿਤਾ ਦਾ ਹੱਥ ਵਟਾਉਂਦੀ। ਸਵੇਰੇ ਉੱਠ ਕੇ ਪਹਿਲਾਂ ਪੜ੍ਹਣਾ, ਫੇਰ ਮੱਝਾਂ ਦਾ ਗੋਹਾ-ਕੂੜਾ ਚੁੱਕਣਾ ਤੇ ਸਾਰੇ ਘਰ ਦੀ ਸਫ਼ਾਈ ਕਰਕੇ ਸਕੂਲ ਜਾਣਾ।  ਗੌਰਮਿੰਟ ਪ੍ਰਾਇਮਰੀ ਸਕੂਲ ਘਰ ਦੇ ਪਿੱਛੇ ਹੋਣ ਕਰਕੇ ਅੱਧੀ ਛੁੱਟੀ ਘਰ ਆ ਜਾਣਾ, ਦਾਦੀ ਨੇ ਪੱਠੇ ਵੱਢਣ ਗਏ ਹੋਣਾ, ਪੱਠਿਆਂ ਦੀਆਂ ਭਰੀਆਂ ਸਿਰ ਉਤੇ ਚੁੱਕ ਕੇ ਅੱਧੀ ਛੁੱਟੀ ਵੇਲੇ ਵੀ ਲੈ ਕੇ ਆਉਣੀਆਂ। ਜੇ ਕੋਈ ਸਹੇਲੀ ਨਾਲ ਹੁੰਦੀ ਤਾਂ ਉਹ ਵੀ ਖੁਸ਼ੀ-ਖੁਸ਼ੀ ਪੱਠੇ ਚੁੱਕ ਲਿਆਉਂਦੀ।
ਆਲੇ-ਦੁਆਲੇ ਦੇ ਦਸਾਂ ਪਿੰਡਾਂ ਦੇ ਸਕੂਲਾਂ ਵਿਚੋਂ ਫਸਟ ਆ ਕੇ ਛੇਵੀਂ ਵਿਚ ਸ਼ਹਿਰ ਦੇ ਅੰਗਰੇਜ਼ੀ ਮੀਡੀਅਮ  ਸਕੂਲ਼ ਵਿਚ ਦਾਖਲਾ ਲੈ ਲਿਆ।  ਉਸ ਵੇਲੇ ਘਰ ਵਿਚ ਟੀ.ਵੀ. ਨਹੀਂ ਸੀ; ਸਿਰਫ਼ ਰੇਡੀਓ ਸੀ, ਜਿਸ ਤੋਂ ਪਿਤਾ ਜੀ ਖ਼ਬਰਾਂ, ਭੈਣਾਂ ਦਾ ਪ੍ਰੋਗਰਾਮ, ਠੰਢੂ ਰਾਮ  ਦਾ ਦਿਹਾਤੀ ਪ੍ਰੋਗਰਾਮ, ਫੌਜੀ ਵੀਰਾਂ ਦਾ ਪ੍ਰੋਗਰਾਮ ਤੇ ਗੁਰਬਾਣੀ ਵਿਚਾਰ ਸੁਣਦੇ।  ਬੀ.ਏ. ਤੱਕ ਪੁੱਜਦਿਆਂ ਉਸ ਦੀਆਂ ਰੁਚੀਆਂ ਲਗਭਗ ਧਾਰਮਿਕ ਹੋ ਗਈਆਂ।  ਕਾਲਜ ਜਾਣ ਤੋਂ ਪਹਿਲਾਂ ਨਿੱਤਨੇਮ ਦੀਆਂ ਬਾਣੀਆਂ ਦਾ ਪਾਠ ਕਰਨਾ ਤੇ ਗੁਰਦੁਆਰਾ ਸਾਹਿਬ ਜਾ ਕੇ ਕਥਾ-ਕੀਰਤਨ ਸੁਣਨਾ, ਉਸ ਦਾ ਨੇਮ ਬਣ ਚੁੱਕਾ ਸੀ।  ਉਸ ਨੇ ਬੀ.ਏ. ਵਿਚ ਪੜ੍ਹਦਿਆਂ ਬਹੁਤ ਸਾਰੇ 'ਰਸਤਾ ਰੋਕੋ ਅੰਦੋਲਨਾਂ' ਵਿਚ ਵਰ੍ਹਦੀਆਂ ਗੋਲੀਆਂ ਦੀ ਪ੍ਰਵਾਹ ਕੀਤੇ ਬਿਨਾਂ ਹਿੱਸਾ ਲਿਆ।  ਸੰਤ ਹਰਚੰਦ ਸਿੰਘ ਲੌਂਗੋਵਾਲ ਵੱਲੋਂ ਸ਼ੁਰੂ ਕੀਤੇ ਧਰਮਯੁੱਧ ਮੋਰਚੇ ਦੌਰਾਨ ਪੰਜਾਬ ਦੀਆਂ ਮੰਗਾਂ ਦੀ ਖਾਤਰ ਜੇਲ੍ਹ ਕੱਟੀ।  ਇਨ੍ਹਾਂ ਦਿਨਾਂ ਦੌਰਾਨ ਸੰਤ ਭਿੰਡਰਾਂਵਾਲੇ ਅਤੇ ਸੰਤ ਲੌਂਗੋਵਾਲ ਦੇ ਵਿਚਾਰ ਸੁਣਨ ਦਾ ਉਸ ਨੂੰ ਅਵਸਰ ਪ੍ਰਾਪਤ ਹੋਇਆ। 
ਧਾਰਮਿਕ ਰੁਚੀਆਂ ਰੱਖਣ ਵਾਲੀ ਕੁਲਵਿੰਦਰ ਮਿਨਹਾਸ ਪ੍ਰਕ੍ਰਿਤੀ ਨੂੰ ਵੀ ਬੇਹੱਦ ਪ੍ਰੇਮ ਕਰਦੀ ਹੈ।  ਸੂਰਜ, ਚੰਦ, ਤਾਰੇ, ਫੁੱਲ , ਬੂਟੇ ਤੇ ਰੁੱਖ ਉਸ ਨੂੰ ਆਪਣੇ ਸਭ ਤੋਂ ਪਿਆਰੇ ਸਾਥੀ ਲੱਗਦੇ ਹਨ ਤੇ ਉਹ ਉਨ੍ਹਾਂ ਕੋਲੋਂ ਬਹੁਤ ਕੁਝ ਗ੍ਰਹਿਣ ਕਰਦੀ ਹੈ।  ਖਿੜੇ ਹੋਏ ਫੁੱਲਾਂ ਨੂੰ ਵੇਖ ਕੇ ਫੁੱਲਾਂ ਵਾਂਗ ਹੀ ਖਿੜ ਉੱਠਦੀ ਹੈ।
ਕੁਲਵਿੰਦਰ ਪੰਜਾਬੀ ਤੇ ਅੰਗਰੇਜ਼ੀ ਦੀ ਡਬਲ ਪੋਸਟ-ਗ੍ਰੇਜੂਏਟ ਹੈ।  ਉਸ ਨੇ ਬੀ. ਐੱਡ ਵੀ ਕੀਤੀ ਹੋਈ ਹੈ।  ਸੰਨ ੨੦੦੦ ਵਿਚ ਉਸ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਦਲੀਪ ਕੌਰ ਟਿਵਾਣਾ ਦੇ ਨਾਵਲਾਂ 'ਤੇ ਡਾਕਟਰੇਟ ਦੀ ਡਿਗਰੀ ਪ੍ਰਾਪਤ ਕੀਤੀ। ਜੇ ਸਾਹਿਤ ਦੇ ਖੇਤਰ ਵਿਚ ਉਸ ਦੁਆਰਾ ਪਾਏ ਗਏ ਯੋਗਦਾਨ ਦੀ ਗੱਲ ਕਰੀਏ ਤਾਂ ਉਹ ਅੱਜ ਤੱਕ ੧੧ ਪੁਸਤਕਾਂ ਪੰਜਾਬੀ ਸਾਹਿਤ ਨੂੰ ਅਰਪਣ ਕਰ ਚੁੱਕੀ ਹੈ।  ਉਸ ਨੇ ਆਪਣੇ ਥੀਸਿਸ 'ਤੇ ਅਧਾਰਿਤ ਪੁਸਤਕ 'ਦਲੀਪ ਕੌਰ ਟਿਵਾਣਾ ਦੇ ਨਾਵਲਾਂ ਦਾ ਸਭਿਆਚਾਰਕ ਅੀਧਐਨ' ਸਭ ਤੋਂ ਪਹਿਲਾਂ ਛਪਵਾਈ।  ਫੇਰ ਨਿਬੰਧਾਂ ਦੀ ਪੁਸਤਕ 'ਜਿੰਨੀ ਚਾਖਿਆ ਪ੍ਰੇਮ ਰਸੁ' ਜੋ ਪੂਰੇ ਬ੍ਰਹਿਮੰਡ ਨੂੰ ਪ੍ਰੇਮ ਕਰਨ ਵਾਸਤੇ ਹੈ, ਛਪਵਾਈ। ਇਸ ਪੁਸਤਕ ਨੂੰ ਪੜ੍ਹ ਕੇ ਸ. ਜਸਵੰਤ ਸਿੰਘ ਕੰਵਲ ਬਹੁਤ ਪ੍ਰਭਾਵਿਤ ਹੋਏ ਸਨ ਤੇ ਇਹ ਪੁਸਤਕ ਹੀ ਕੰਵਲ ਸਾਹਿਬ ਨਾਲ ਜਾਣ-ਪਹਿਚਾਣ ਦਾ ਜ਼ਰੀਆ ਬਣੀ।  ਪੰਜਾਬੀ ਦੇ ਪ੍ਰਸਿੱਧ ਵਿਦਵਾਨ ਪ੍ਰੋ: ਪ੍ਰੀਤਮ ਸਿੰਘ ਨੇ ਇਸ ਪੁਸਤਕ ਨੂੰ ਪੜ੍ਹ ਕੇ ਇੱਕ ਚਿੱਠੀ ਵਿਚ ਲਿਖਿਆ ਸੀ 'ਕੁੜੀਏ, ਤੂੰ ਛੋਟੀ ਉਮਰ ਵਿਚ ਹੀ ਵੱਡੀਆਂ ਗੱਲਾਂ ਕਹਿਣ ਦਾ ਵਲ ਸਿੱਖ ਲਿਆ ਹੈ'। 
'ਜਿੰਦਗੀ ਸੰਘਰਸ਼ ਦਾ ਨਾਮ ਹੈ, ਇਨਸਾਨ ਹਾਰਨ ਲਈ ਨਹੀਂ ਜਿੱਤਣ ਲਈ ਪੈਦਾ ਹੋਇਆ ਹੈ, ਉਸ ਨੂੰ ਕਦੇ ਹੌਂਸਲਾ ਨਹੀਂ ਹਾਰਨਾ ਚਾਹੀਦਾ'-ਇਸ ਥੀਮ ਨਾਲ ਸੰਬੰਧਤ ਨਾਵਲ 'ਬੁੱਢੀ ਤੇ ਅਕਾਸ਼' ਲਿਖਿਆ।  ਭ੍ਰਿਸ਼ਟਾਚਾਰ ਨਾਲ ਸੰਬੰਧਤ ਨਾਵਲ 'ਹਨੇਰੇ 'ਚ ਚਾਂਦੀ ਲੀਕ'; ਸਮਾਜਿਕ ਰਿਸ਼ਤਿਆਂ ਵਿਚ ਪੈ ਰਹੀਆਂ ਤ੍ਰੇੜਾਂ ਨੂੰ ਦਰਸਾਉਂਦਾ ਨਾਵਲ 'ਮੈਂ ਇੰਝ ਨਹੀਂ ਕਰਾਂਗਾ'; ਪ੍ਰਦੂਸ਼ਣ ਦੀ ਸਮੱਸਿਆ  ਨਾਲ ਸੰਬੰਧਤ ਨਾਵਲ '—ਤੇ ਪਰਲੋ ਆ ਜਾਵੇਗੀ'  ਤੇ ਸਾਧੂ ਸੰਤਾਂ ਦੀ ਜ਼ਿੰਦਗੀ ਨਾਲ ਸੰਬੰਧਤ ਨਾਵਲ '---ਤੇ ਗੰਗਾ ਵਗਦੀ ਰਹੀ' ਲਿਖਿਆ। ਤਿੰਨ ਜੀਵਨੀਆਂ 'ਯਾਦਾਂ ਦੇ ਨਕਸ਼', 'ਕਰਮਯੋਗੀ ਸੰਤ ਬਲਬੀਰ ਸਿੰਘ ਜੀ ਸੀਚੇਵਾਲ' ਅਤੇ 'ਦਸ਼ਮੇਸ਼ ਪਿਤਾ ਮੇਰੇ ਅੰਗ ਸੰਗ' ਲਿਖੀਆ ਹਨ।  ਹਿੰਦੀ ਤੋਂ ਪੰਜਾਬੀ ਵਿਚ ਡਾ. ਗਿਆਨ ਸਿੰਘ ਮਾਨ ਦੀਆਂ ਪੁਸਤਕਾਂ "ਆਤੰਕ ਦਰ-ਆਤੰਕ' ਤੇ ਫੈਆਜ਼ ਫਾਰੂਖ਼ੀ ਦੀ ਪੁਸਤਕ 'ਉਹ ਤਿੰਨ ਦਿਨ' ਦਾ ਅਨੁਵਾਦ ਕੀਤਾ। ਇਸ ਤੋਂ ਇਲਾਵਾ ਪ੍ਰਿੰਸੀਪਲ ਸੁਰਜੀਤ ਸਿੰਘ ਭਾਟੀਆ ਦੇ ਅਭਿਨੰਦਨ  ਗ੍ਰੰਥ 'ਅਰਸ਼ਲੀਨ' ਤੇ ਪੁਸਤਕ ਸਿਰਜਣਧਾਰਾ ਦੇ ਸੰਪਾਦਕੀ ਬੋਰਡ ਦੀ ਮੈਂਬਰ  ਹੈ।  ਉਸ ਦੁਆਰਾ ਲਿਖੇ ਗਏ ਲੇਖ ਤੇ ਲਏ ਗਏ ਇੰਟਰਵਿਊ ਮੈਗਜ਼ੀਨਾਂ ਤੇ ਅਖ਼ਬਾਰਾਂ ਵਿਚ ਛਪਦੇ ਰਹਿੰਦੇ ਹਨ। 'ਟੌਪ ਟਾਈਮਜ਼' ਅਤੇ 'ਇਲਾਹੀ ਨੂਰ' ਮੈਗਜ਼ੀਨ ਦੀ ਉਹ ਮੈਨਜਿੰਗ ਐਡੀਟਰ ਰਹਿ ਚੁੱਕੀ ਹੈ। ਉਘੇ ਗੀਤਕਾਰ ਇੰਦਰਜਤ ਹਸਤਨਪੁਰੀ ਦੁਆਰਾ ਕੁਲਵਿੰਦਰ ਮਿਨਹਾਸ ਦਾ ਲਿਖਿਆ ਕਾਵਿ-ਚਿੱਤਰ ਵਿੱਚੋਂ ਕੁਝ ਸਤਰਾਂ ਪੇਸ਼ ਹਨ:
ਸੂਝਵਾਨ ਤੇ ਸੁਘੜ ਸਿਆਣੀ ਕੁਲਵਿੰਦਰ ਮਿਨਹਾਸ
ਨਵੇਂ ਯੁੱਗ ਦੀ ਨਵੀਂ ਕਹਾਣੀ ਕੁਲਵਿੰਦਰ ਮਿਨਹਾਸ
ਪੈਰ ਪਤਾਲ ਦੇ ਵਿਚ ਟਿਕਾ ਕੇ ਚੰਨ ਨੂੰ ਲਾਵੇ ਟਾਕੀ   
ਐਵੇਂ ਨਿੱਕੀ ਜਿਹੀ ਨਾ ਜਾਣੀ ਕੁਲਵਿੰਦਰ ਮਿਨਹਾਸ
ਨਾਵਲਕਾਰੀ, ਪੱਤਰਕਾਰੀ, ਦੁਨੀਆਂਦਾਰੀ ਸਮਝੇ 
ਵੱਖਰਾ ਕਰਦੀ ਦੁੱਧ 'ਚੋਂ ਪਾਣੀ ਕੁਲਵਿੰਦਰ ਮਿਨਹਾਸ
ਕਿਸੇ ਲਿਖਤ ਦਾ ਵਾਂਗ ਮਸ਼ੀਨਾਂ ਜਦੋਂ ਸਕੈਨਿੰਗ ਕਰਦੀ
ਕਣਕ 'ਚੋਂ ਜਾਂਦੀ ਮੰਮਣੀ ਛਾਣੀ ਕੁਲਵਿੰਦਰ ਮਿਨਹਾਸ
ਨੇਕੀ, ਨਰਮੀ ਦੀ ਹੈ ਮੂਰਤ, ਨੀਅਤ  ਦੀ ਹੈ ਸੁੱਚੀ 
ਸਾਊ, ਸੁਹਿਰਦ ਤੇ ਬੀਬੀ ਰਾਣੀ ਕੁਲਵਿੰਦਰ ਮਿਨਹਾਸ
ਕੁਲਵਿੰਦਰ ਮਿਨਹਾਸ ਦੇ ਆਪਣੇ ਸ਼ਬਦਾਂ ਵਿਚ 'ਤੀਰਥ ਅਸਥਾਨਾਂ ਦੀ ਯਾਤਰਾ ਕਰਨਾ ਤੇ ਪਹਾੜਾਂ 'ਤੇ ਜਾਣਾ ਮੇਰਾ ਸ਼ੌਕ ਹੈ।  ਪ੍ਰਕ੍ਰਿਤੀ ਨਾਲ ਪ੍ਰੇਮ ਹੋਣ ਕਰਕੇ ਰੁੱਖਾਂ ਨੂੰ ਵੱਢਿਆ ਜਾਣਾ ਮੈਂ ਜ਼ਰ ਨਹੀਂ ਸਕਦੀ।   ਜਦੋਂ ਕੋਈ ਕਿਸੇ ਰੁੱਖ ਨੂੰ ਵੱਢਦਾ ਹੈ ਤਾਂ ਮੈਨੂੰ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਮੇਰੇ ਦਿਲ 'ਤੇ ਆਰਾ ਚੱਲ ਰਿਹਾ ਹੋਵੇ।  ਜਿੰਨਾ ਕੁ ਮੇਰੀ ਜਾਣ ਪਹਿਚਾਣ ਵਾਲਿਆਂ ਦਾ ਛੋਟਾ ਜਿਹਾ ਦਾਇਰਾ ਸੀ, ਉਨ੍ਹਾਂ ਵਿਚੋਂ ਕੁਝ ਸੱਜਣ ਪ੍ਰਭੂ ਨੂੰ ਪਿਆਰੇ ਹੋ ਗਏ ਹਨ।  ਬਾਹਰਲਾ ਮੇਲ-ਜੋਲ ਦਾ ਸਰਕਲ ਪਹਿਲਾਂ ਹੀ ਸੀਮਿਤ ਰੱਖਿਆ ਹੋਇਆ ਸੀ ਕਿਉਂਕਿ ਆਪਣੇ ਅੰਦਰਲੇ ਨਾਲ ਜੁੜਣ ਲਈ ਬਾਹਰ ਦੀ ਭੀੜ ਨੂੰ ਛੱਡਣਾ ਪੈਂਦਾ ਹੈ।  ਜਿਉਂ ਜਿਉਂ ਸੀਮਿਤ ਸਰਕਲ ਪ੍ਰਭ ਦੀ ਰਜ਼ਾ ਅਨੁਸਾਰ ਹੋਰ ਸੀਮਿਤ ਹੋਈ ਜਾ ਰਿਹਾ ਹੈ, ਮੈਂ ਆਪਣੇ ਅੰਦਰ ਹੋਰ ਗਹਿਰਾ ਉਤਰਦੀ ਜਾ ਰਹੀ ਹਾਂ। ਚੰਨ, ਸੂਰਜ ਤੇ ਤਾਰੇ ਮੇਰੇ ਪੱਕੇ ਸਾਥੀ ਬਣ ਗਏ ਹਨ ਜਿਨ੍ਹਾਂ ਨਾਲ ਮੈਂ ਗੱਲਾਂ ਕਰਦੀ ਹਾਂ।  ਇਹ ਸਾਰੇ ਮੈਨੂੰ ਮੇਰੇ ਆਪੇ ਨਾਲ ਜੋੜਣ ਵਿਚ ਸਹਾਈ ਹੁੰਦੇ ਹਨ।  ਪ੍ਰਮਾਤਮਾ ਨੇ ਜੋ ਮੈਨੂੰ ਇਕਾਂਤ ਤੇ ਇਕੱਲਾਪਨ ਦਿੱਤਾ ਹੈ, ਇਹ ਉਸ ਦੀ ਮੇਰੇ ਉਪਰ ਬਹੁਤ ਵੱਡੀ ਬਖ਼ਸ਼ਿਸ਼ ਹੈ। ਇਸ ਇਕਾਂਤ ਤੇ ਇਕੱਲੇਪਨ ਦੀ ਬਦੌਲਤ ਹੀ ਮੈਂ ਇਕ ਮਹਾਨ ਸ਼ਕਤੀ ਨਾਲ ਜੁੜਦੀ ਹਾਂ।  ਮੇਰਾ ਇਹ ਅਟੱਲ ਵਿਸ਼ਵਾਸ ਹੈ ਕਿ ਕਾਦਰ ਜਿਸ ਨੂੰ ਪ੍ਰੇਮ ਕਰਦਾ ਹੈ, ਉਸ ਨੂੰ ਆਪਣੇ ਨਾਲ ਜੋੜਣ ਲਈ ਨਾਮ ਦੀ ਦਾਤ ਬਖ਼ਸ਼ਿਸ਼ ਕਰਦਾ ਹੈ। ਉਹ ਦਾਤ ਉਸ ਨੇ ਮੈਨੂੰ ਬਖ਼ਸ਼ਿਸ਼ ਕੀਤੀ ਹੋਈ ਹੈ, ਜਿਸ ਲਈ ਆਪਣੇ-ਆਪ ਨੂੰ ਮੈਂ ਦੁਨੀਆਂ ਦਾ ਭਾਗਸ਼ਾਲੀ ਇਨਸਾਨ ਸਮਝਦੀ ਹਾਂ।  ਇਸ ਦਾਤ ਲਈ ਪ੍ਰਮਾਤਮਾ ਦਾ ਦਿਲੋਂ ਕੋਟਿ ਕੋਟਿ ਧੰਨਵਾਦ ਕਰਦੀ ਹਾਂ।  ਮੇਰੀ ਨਿੱਤ ਦੀ ਅਰਦਾਸ ਵਿਚ ਇਹ ਲਾਈਨਾਂ ਸ਼ਾਮਿਲ ਹੁੰਦੀਆਂ ਹਨ:
ਹੇ ਪ੍ਰਭੂ! ਹੇ ਦੀਨ ਦਇਆਲ!!
ਸਾਧੂ ਸੰਤਾਂ ਤੇ ਮਹਾਂਪੁਰਸ਼ਾਂ ਨੂੰ ਮੇਰੀ ਜ਼ਿੰਦਗੀ ਵਿਚ ਲਿਆਈ, 
ਲਾਲਚੀਆਂ ਤੇ ਸਵਾਰਥੀਆਂ ਨੂੰ ਮੇਰੇ ਕੋਲੋਂ ਦੂਰ ਭਜਾਈ,
ਆਪਣੇ ਨਾਮ ਵਿਚ ਮੇਰੀ ਲਿਵ ਲਗਾਈਂ, 
ਜਿੰਨਾ ਹੋ ਸਕੇ ਵੱਧ ਤੋਂ ਵੱਧ ਦੂਜਿਆਂ ਦਾ ਭਲਾ ਕਰਾਈਂ,
ਇਹੀ ਮੇਰੀ ਤੇਰੇ ਅੱਗੇ ਅਰਦਾਸ ਦਾਤਿਆ।'