ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਇਕੱਤਰਤਾ
(ਖ਼ਬਰਸਾਰ)
ਲੁਧਿਆਣਾ -- ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੀ ਮਾਸਿਕ ਇਕੱਤਰਤਾ ਪੰਜਾਬੀ ਭਵਨ ਲੁਧਿਆਣਾ ਵਿਖੇ ਸਭਾ ਦੇ ਪ੍ਰਧਾਨ ਸ੍ਰੀ ਪ੍ਰੀਤਮ ਪੰਧੇਰ, ਜਨਮੇਜਾ ਸਿੰਘ ਜੌਹਲ ਅਤੇ ਡਾ ਕੁਲਵਿੰਦਰ ਕੌਰ ਮਿਨਹਾਸ ਦੀ ਪ੍ਰਧਾਨਗੀ ਹੇਠ ਹੋਈ। ਜਨਰਲ ਸਕੱਤਰ ਦਲਵੀਰ ਸਿੰਘ ਲੁਧਿਆਣਵੀ ਨੇ ਮੰਚ ਸੰਚਾਲਨ ਕਰਦਿਆਂ ਸਭਾ ਦੀ ਕਾਰ-ਗਾਜਰੀ 'ਤੇ ਚਾਨਣਾ ਪਾਇਆ।
ਸ੍ਰੀ ਜੌਹਲ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਕਈ ਵਾਰ ਲੇਖਕ ਵਿਖਾਇਆ ਕਰਦਾ-ਕਰਦਾ ਆਪਣੀ ਰਚਨਾ ਨੂੰ ਹੀ ਖ਼ਤਮ ਕਰ ਦਿੰਦਾ ਹੈ। ਉਨ੍ਹਾਂ ਬਹਿਸ ਦੌਰਾਨ ਇਹ ਵੀ ਕਿਹਾ ਕਿ ਔਰਤ ਦੇ ਮੁਕਾਬਲੇ ਬੰਦੇ ਦੀ ਸੋਚ ਵੱਧ ਗੁਲਾਮ ਹੁੰਦੀ ਹੈ।
ਸ੍ਰੀ ਬਲਕੌਰ ਸਿੰਘ ਗਿੱਲ ਨੇ ਭਾਸ਼ਾ ਉੱਤੇ ਆਪਣੇ ਵਿਚਾਰ ਪ੍ਰਗਟਾਉਂਦਿਆ ਕਿਹਾ ਕਿ ਜੇ ਦੁਨੀਆਂ ਵਿਚ ਭਾਸ਼ਾਵਾਂ ਦਾ ਅਧਿਐਨ ਕਰਨਾ ਹੋਵੇ ਤਾਂ ਉਹ ਪੰਜਾਬੀ ਹੀ ਕਰ ਸਕਦੇ ਹਨ।
ਰਚਨਾਵਾਂ ਦੇ ਦੌਰ ਦਾ ਆਗ਼ਾਜ਼ ਕਰਦਿਆਂ ਰਾਵਿੰਦਰ ਰਵੀ ਨੇ ਸੱਭਿਆਚਕ ਗੀਤ, ਰਜਿੰਦਰ ਵਰਮਾ ਨੇ ਮਿੰਨੀ ਕਹਾਣੀ, ਪ੍ਰਗਟ ਸਿੰਘ ਇਕੋਲਾਹਾ ਨੇ 'ਜਿਹੜੇ ਲੋਕੀਂ ਅਸੂਲਾਂ ਦਾ ਨਿਰਾਦਰ ਕਰਦੇ ਨੇ, ਜੀਵਨ ਦੀ ਹਰ ਬਾਜੀ ਅੱਧ ਵਿਚਕਾਰੇ ਹਰਦੇ ਨੇ', ਪੰਜਾਬੀ ਮਾਂ ਦਾ ਪ੍ਰਚਾਰ ਤੇ ਪਸਾਰ ਕਰਨ ਦੇ ਲਈ ਦਲਵੀਰ ਸਿੰਘ ਲੁਧਿਆਣਵੀ ਨੇ 'ਮਾਂ ਬੋਲੀ ਏ ਸਭ ਨੇ ਹੀ ਅਪਣਾਉਣੀ ਏ, ਹਰ ਇੱਕ ਨੇ ਹੀ ਇਸ ਦੀ ਸ਼ਾਨ ਵਧਾਉਣੀ ਏ', ਹਰਦੇਵ ਸਿੰਘ ਕਲਸੀ ਨੇ 'ਪੜ੍ਹੋ ਪੰਜਾਬੀ ਲਿਖੋ ਪੰਜਾਬੀ, ਪੰਜਾਬੀ ਦਾ ਸਤਿਕਾਰ ਕਰੋ', ਪ੍ਰੀਤਮ ਪੰਧੇਰ ਨੇ ਗ਼ਜ਼ਲ 'ਓਸ ਦੀਵੇ ਕੀ ਜਗਣਾ ਜਿਸ ਵਿਚ ਤੇਲ ਬਗਾਨਾ ਪਾਇਆ ਹੂ, ਉਹ ਹੀ ਜਗਦਾ ਰਹਿੰਦਾ ਜਿਸ ਨੇ ਆਪਣਾ ਖ਼ੂਨ ਜਲਾਇਆ ਹੂ', ਮਲਕੀਤ ਸਿੰਘ ਮਾਨ ਨੇ 'ਕੀ ਸਾਡਾ ਸਰਨਾਵਾਂ ਵੇ ਬਾਪੂ, ਕੀ ਸਾਡਾ ਸਰਨਾਵਾਂ', ਬਲਵਿੰਦਰ ਔਲੱਖ ਗਲੈਕਸੀ ਨੇ ਕੀਰਤੀ ਲੋਕਾਂ 'ਤੇ, ਦਲੀਪ ਅਵਧ ਨੇ ਹਿੰਦੀ ਭਾਸ਼ਾ ਵਿਚ ਪਾਖੰਡੀ ਬਾਬਿਆਂ 'ਤੇ, ਇੰਜ: ਸੁਰਜਨ ਸਿੰਘ ਨੇ ਗੰਧਲੇ ਵਾਤਾਵਰਣ 'ਤੇ, ਆਦਿ ਨੇ ਆਪੋ-ਆਪਣੇ ਰਚਨਾਵਾਂ ਪੇਸ਼ ਕੀਤੀਆ। ਰਚਨਾਵਾਂ 'ਤੇ ਉਸਾਰੂ ਬਹਿਸ ਤੇ ਸੁਝਾਅ ਵੀ ਦਿੱਤੇ ਗਏ। ਦਲਵੀਰ ਸਿੰਘ ਲੁਧਿਆਣਵੀ ਨੇ ਆਏ ਹੋਏ ਸਾਹਿਤਕਾਰਾਂ ਦਾ ਧਨਵਾਦ ਕਰਦਿਆਂ ਕਿਹਾ ਕਿ ਸਮਾਂ ਬਹੁਤ ਕੀਮਤੀ ਹੈ; ਹਰ ਇਕ ਨੂੰ ਇਸ ਦੀ ਕੀਮਤ ਤੋਂ ਜਾਣੂ ਹੋਣਾ ਚਾਹੀਦਾ ਹੈ।
ਦਲਵੀਰ ਸਿੰਘ ਲੁਧਿਆਣਵੀ