ਪੁਸਤਕ 'ਦਸ਼ਮੇਸ਼ ਪਿਤਾ ਮੇਰੇ ਅੰਗ ਸੰਗ' ਰਿਲੀਜ਼ (ਖ਼ਬਰਸਾਰ)


ਲੁਧਿਆਣਾ -- ਡਾ. ਕੁਲਵਿੰਦਰ ਕੌਰ ਮਿਨਹਾਸ ਦੀ ਪੁਸਤਕ 'ਦਸ਼ਮੇਸ਼ ਪਿਤਾ ਮੇਰੇ ਅੰਗ ਸੰਗ' ਯੁਨੈਸਕੋ ਕਲੱਬ ਆਫ਼ ਪੰਜਾਬ ਵੱਲੋਂ ਪੰਜਾਬੀ ਭਵਨ ਦੇ ਸੈਮੀਨਾਰ ਹਾਲ ਵਿਚ ਰਿਲੀਜ਼ ਕੀਤੀ ਗਈ।  ਸਮਾਗਮ ਦਾ ਆਰੰਭ ਸ਼ਬਦ ਗਾਇਣ ਨਾਲ ਕੀਤਾ ਗਿਆ।  ਸਮਾਰੋਹ ਦੇ ਮੁੱਖ ਮਹਿਮਾਨ ਸੰਤ ਸੁਖਜੀਤ ਸਿੰਘ ਜੀ ਸੀਚੇਵਾਲ ਨੇ ਪੁਸਤਕ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਡਾ. ਮਿਨਹਾਸ ਦੁਆਰਾ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ, ਉਪਦੇਸ਼ਾਂ ਅਤੇ ਵਰਤਮਾਨ ਸੰਦਰਭ ਵਿਚ ਲਿਖੀ ਗਈ ਇਹ ਇਕ ਵਿਲੱਖਣ ਪੁਸਤਕ ਹੈ ਜੋ ਸੰਭਾਲਣਯੋਗ ਹੈ।
ਸਮਾਗਮ ਦੀ ਪ੍ਰਧਾਨਗੀ ਕਰਦਿਆਂ ਡਾ ਸੁਰਜੀਤ ਪਾਤਰ ਨੇ ਕਿਹਾ, 'ਇਹ ਪੁਸਤਕ ਦਰਸਾਉਂਦੀ ਹੈ ਕਿ ਡਾ ਮਿਨਹਾਸ ਧਰਮ, ਸਾਹਿਤ ਤੇ ਸਭਿਆਚਾਰ ਪ੍ਰਤੀ ਸਮਰਪਿਤ ਹੈ'। ਪੰਜਾਬੀ ਸਾਹਿਤ ਅਕਾeਡਮੀ ਦੇ ਪ੍ਰਧਾਨ ਪ੍ਰੋ: ਗੁਰਭਜਨ ਗਿੱਲ ਨੇ ਕਿਹਾ ਕਿ ਇਸ ਪੁਸਤਕ ਵਿਚੋਂ ਦਸ਼ਮੇਸ਼ ਪਿਤਾ ਦਾ ਸਮੁੱਚਾ ਵਿਅਕਤਿਤਵ ਤੇ ਕ੍ਰਿਤਿਤਵ ਨਵੇਂ ਸਰੂਪ ਅਤੇ ਨਵੇਂ ਪਰਵੇਸ਼ ਦੀ ਲੋਡ਼ ਅਨੁਸਾਰ ਪ੍ਰਗਟ ਹੁੰਦਾ ਹੈ।

Photo
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਚੀਫ ਪ੍ਰਿੰ: ਰਾਮ ਸਿੰਘ ਕੁਲਾਰ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਇਹ ਰੂਹ ਨੂੰ ਠੰਡ ਪਹੁੰਚਾਉਣ ਵਾਲੀ ਪੁਸਤਕ ਹੈ।  ਸਾਨੂੰ ਮਾਣ ਹੈ ਕਿ ਅੱਜ ਵੀ ਸਿੱਖ ਕੌਮ ਵਿਚ ਕੁਲਵਿੰਦਰ ਕੌਰ ਵਰਗੀਆਂ ਬੀਬੀਆਂ ਹਨ।  ਯੁਨੈਸਕੋ ਕਲੱਬ ਦੇ ਪ੍ਰਧਾਨ ਡਾ. ਗਿਆਨ ਸਿੰਘ ਮਾਨ ਨੇ ਕਿਹਾ ਕਿ ਇਸ ਪੁਸਤਕ ਦਾ ਸਾਰਅੰਸ਼ ਇਹ ਹੈ ਕਿ ਦਸ਼ਮੇਸ਼ ਪਿਤਾ ਨੇ ਧਰਮ, ਰਾਸ਼ਟਰ ਤੇ ਦੇਸ਼ ਹਿੱਤ ਲਈ ਜੰਨ ਜਾਗਰਣ ਦਾ ਜੋ ਸੰਖ ਵਜਾਇਆ,ਉਸੇ ਸੰਖ ਦੀ ਧੁਨੀ ਅੱਜ ਦੇ ਸਿੱਖਿਆ, ਪਰਿਆਵਰਣ, ਲੋਕ ਨਿਰਮਾਣ, ਧਰਮ ਪ੍ਰਚਾਰ ਅਤੇ ਮਾਨਸਿਕ ਵਿਕਾਸ ਲਈ ਬਹੁਤ ਜ਼ਰੂਰੀ ਹੈ।
ਪ੍ਰੋ: ਨਰਿੰਜਨ ਤਸਨੀਮ ਨੇ ਫ਼ੋਨ ਉਤੇ ਇਸ ਪੁਸਤਕ ਬਾਰੇ ਆਪਣੇ ਵਿਚਾਰ ਪ੍ਰਸਤੁਤ ਕਰਦਿਆਂ ਕਿਹਾ, 'ਇਸ ਪੁਸਤਕ ਵਿਚ ਧਾਰਮਿਕ ਵਿਚਾਰਾਂ, ਸਾਹਿਤਿਕ ਰੁਚੀਆਂ ਅਤੇ ਨਿੱਜੀ ਅਕਾਂਖਿਆਵਾਂ ਦਾ ਅਨਿਖਡ਼ਵਾਂ     ਸੁਮੇਲ ਹੈ'।
ਡਾ. ਸਰਬਜੋਤ ਕੌਰ ਨੇ ਪੇਪਰ ਪਡ਼੍ਹਦਿਆਂ ਕਿਹਾ ਕਿ ਇਹ ਪੁਸਤਕ ਦਸ਼ਮੇਸ਼ ਪਿਤਾ ਦੇ ਆਦਰਸ਼ਾਂ, ਗੁਣਾਂ ਅਤੇ ਸਿੱਖਿਆਵਾਂ ਨੂੰ ਅੱਜ ਦੀ ਉਸ ਨੌਜਵਾਨ ਪੀਡ਼੍ਹੀ  ਦੇ ਸਨਮੁੱਖ ਰੱਖਦੀ ਹੈ ਜਿਹਡ਼ੀ ਧਰਮ, ਸਮਾਜ ਸੇਵਾ ਤੇ ਰਾਸ਼ਟਰ ਹਿੱਤ ਦੇ ਰਸਤੇ ਤੋਂ ਭਟਕ ਚੁੱਕੀ ਹੈ।
ਡਾ. ਸਾਕ ਮੁਹੰਮਦ ਨੇ ਕਿਹਾ ਕਿ ਇਹ ਪੁਸਤਕ ਧਰਮ ਤੇ ਸਾਹਿਤ ਦਾ ਸੁੰਦਰ ਸੁਮੇਲ ਹੈ। ਦਲਵੀਰ ਸਿੰਘ ਲੁਧਿਆਣਵੀ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਇਹ ਪੁਸਤਕ ਪਡ਼੍ਹ ਕੇ ਪਤਾ ਲੱਗਦਾ ਹੈ ਕਿ ਦਸ਼ਮੇਸ਼ ਪਿਤਾ ਦੁਆਰਾ ਪਾਏ ਪੂਰਨਿਆਂ ਉੱਤੇ ਇਕੱਲੀ ਲੇਖਿਕਾ ਹੀ ਨਹੀਂ ਤੁਰਦੀ, ਸਗੋਂ ਲੁਕਾਈ ਨੂੰ ਵੀ ਤੁਰਨ ਲਈ ਪ੍ਰੇਰਦੀ ਹੈ। ਡਾ. ਰਾਜਿੰਦਰ ਟੋਕੀ, ਡਾ. ਗੁਲਜ਼ਾਰ ਪੰਧੇਰ ਤੇ ਗਿਆਨੀ ਦਲੇਰ ਸਿੰਘ ਨੇ ਪੁਸਤਕ ਬਾਰੇ ਵਿਚਾਰ ਪੇਸ਼ ਕੀਤੇ।
ਪੁਸਤਕ ਦੀ ਲੇਖਿਕਾ ਡਾ. ਕੁਲਵਿੰਦਰ ਕੌਰ ਮਿਨਹਾਸ ਨੇ ਕਿਹਾ, ' ਦਸ਼ਮੇਸ਼ ਪਿਤਾ ਬਚਪਨ ਤੋਂ ਹੀ ਮੇਰੇ ਜੀਵਨ ਦਾ ਆਦਰਸ਼ ਰਹੇ ਹਨ।  ਮੈਂ ਉਨ੍ਹਾਂ ਦੇ ਉਪਦੇਸ਼ਾਂ 'ਤੇ ਅਮਲ ਕਰਦਿਆਂ ਰੂਹਾਨੀਅਤ ਦੀ ਮੰਜ਼ਲ ਤੈਅ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ'। ਡਾ. ਮਿਨਹਾਸ ਨੇ ਪੁਸਤਕ ਦੀ ਪਹਿਲੀ ਕਾਪੀ ਆਪਣੀ ਮਾਤਾ ਸ੍ਰੀਮਤੀ ਸੁਰਿੰਦਰ ਕੌਰ ਤੇ ਭਰਾ ਸ. ਕੁਲਜੀਤ ਸਿੰਘ ਮਿਨਹਾਸ ਨੂੰ  ਭੇਟ ਕੀਤੀ।
ਇਸ ਅਵਸਰ 'ਤੇ ਮਾਤਾ ਵਿਪਨਪ੍ਰੀਤ ਕੌਰ ਜੀ ਨੂੰ  ਵਿਸ਼ੇਸ਼ ਤੌਰ 'ਤੇ ਸੰਤ ਸੁਖਜੀਤ ਸਿੰਘ ਜੀ ਸੀਚੇਵਾਲ ਦੁਆਰਾ ਸਨਮਾਨਿਤ ਕੀਤਾ ਗਿਆ ਕਿਉਂਕਿ ਉਹ ਨੌਜਵਾਨ ਪੀਡ਼੍ਹੀ ਨੂੰ ਗੁਰਬਾਣੀ ਨਾਲ ਜੋਡ਼ ਰਹੇ ਹਨ।  ਸ. ਜਸਵੰਤ ਸਿੰਘ ਨੇ ਬਾਖੂਬੀ ਮੰਚ ਸੰਚਾਲਨ ਦੀ ਭੂਮਿਕਾ ਨਿਭਾਈ।  ਅੰਤ ਵਿਚ ਡਾ. ਆਰ ਸੀ ਸ਼ਰਮਾ ਨੇ ਸਾਰਿਆਂ ਧੰਨਵਾਦ ਕੀਤਾ।

ਦਲਵੀਰ ਸਿੰਘ ਲੁਧਿਆਣਵੀ