ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਨਾਲ ਸਾਹਿਤਕ ਮਿਲਣੀ (ਖ਼ਬਰਸਾਰ)


ਸ੍ਰੀ ਮੁਕਤਸਰ ਸਾਹਿਬ - ਲੋਕ-ਸਾਹਿਤ ਸਭਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਨਾਲ ਸਾਹਿਤਕ ਮਿਲਣੀ ਕਰਵਾਈ ਗਈ। ਇਸ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਸਨ ਪ੍ਰੋ. ਪਰਮਜੀਤ ਸਿੰਘ ਢੀਂਗਰਾ, ਜੋਰਾ ਸਿੰਘ ਸੰਧੂ, ਨਛੱਤਰ ਸਿੰਘ ਖੀਵਾ ਅਤੇ ਬਲਦੇਵ ਸਿੰਘ ਆਜ਼ਾਦ। ਸਮਾਗਮ ਦੇ ਸ਼ੁਰੂ ਵਿਚ ਸਾਹਿਤ ਸਭਾ ਵੱਲੋਂ ਮੁੱਖ ਮਹਿਮਾਨ ਪ੍ਰੋ. ਨੌਸ਼ਹਿਰਵੀ ਨੂੰ ਕਲਮ ਭੇਂਟ ਕਰਕੇ ਸਨਮਾਨ ਦਿੱਤਾ ਗਿਆ। ਲਖਵੀਰ ਸਿੰਘ ਬਲਾਲਾ (ਸਮਰਾਲਾ) ਨੇ ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਦੀ ਹਾਜ਼ਰੀਨ ਨਾਲ ਜਾਣ-ਪਹਿਚਾਣ ਕਰਵਾਉਂਦਿਆਂ ਕਿਹਾ ਕਿ ਜਿੱਥੇ ਪ੍ਰੋ. ਨੌਸ਼ਹਿਰਵੀ ਇੱਕ ਵਧੀਆ ਸਾਹਿਤਕਾਰ ਹੈ ਉੱਥੇ ਇੱਕ ਵਧੀਆ ਮਨੁੱਖ ਵੀ ਹੈ। ਇਹੀ ਕਾਰਨ ਹੈ ਕਿ ਸਮਰਾਲੇ ਦਾ ਚਾਹੇ ਕੋਈ ਬੱਚਾ ਹੋਵੇ ਚਾਹੇ ਨੌਜਵਾਨ ਹੋਵੇ ਸਾਰੇ ਪ੍ਰੋ. ਨਸ਼ਹਿਰਵੀ ਨੂੰ 'ਬਾਪੂ ਜੀ' ਬੁਲਾ ਕੇ ਸਤਿਕਾਰ ਦਿੰਦੇ ਹਨ। 

Photo
ਡਾ. ਪਰਮਜੀਤ ਢੀਂਗਰਾ ਨੇ ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਦੀ ਨਵ-ਪ੍ਰਕਾਸ਼ਿਤ ਪੁਸਤਕ 'ਕਾਲੇ ਲਿਖ ਨਾ ਲੇਖ' ਬਾਰੇ ਬੋਲਦਿਆਂ ਇਸ ਪੁਸਤਕ ਨੂੰ ਪੰਜਾਬੀ ਸਾਹਿਤ ਦੀ ਪ੍ਰਾਪਤੀ ਕਿਹਾ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਦੌਰ ਵਿਚ ਸਾਨੂੰ ਪ੍ਰੋ. ਨੌਸ਼ਹਿਰਵੀ ਵਰਗੇ ਬੇਬਾਕ, ਸੱਚੇ-ਸੁੱਚੇ ਅਤੇ ਆਪਣੀ ਲੇਖਣੀ ਪ੍ਰਤੀ ਇਮਾਨਦਾਰ ਸਾਹਿਤਕਾਰਾਂ ਦੀ ਸਖ਼ਤ ਜਰੂਰਤ ਹੈ। ਹਾਜ਼ਰੀਨ ਨਾਲ ਆਪਣੀ ਕਲਮ ਦਾ ਸਫ਼ਰ ਸਾਂਝਾ ਕਰਦਿਆਂ ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਨੇ ਕਿਹਾ ਕਿ ਉਨ੍ਹਾਂ ਦਾ ਬਚਪਨ ਬਹੁਤ ਹੀ ਤੰਗੀਆਂ-ਤੁਰਸ਼ੀਆਂ ਵਿਚ ਬੀਤਿਆ ਪਰ ਫਿਰ ਵੀ ਉਨ੍ਹਾਂ ਨੇ ਜ਼ਿੰਦਗੀ ਦੀਆਂ ਸਮੱਸਿਆਵਾਂ ਨੂੰ ਖਿੜੇ ਮੱਥੇ ਸਵੀਕਾਰਿਆ। ਆਪਣੀ ਸਖ਼ਤ ਮਿਹਨਤ ਸਦਕਾ ਉਨ੍ਹਾਂ ਏਅਰ ਫੋਰਸ ਦੀ ਨੌਕਰੀ ਹਾਸਲ ਕੀਤੀ ਤੇ ਬਾਅਦ ਵਿਚ ਉਨ੍ਹਾਂ 32 ਸਾਲ ਕਾਲਜ ਲੈਕਚਰਾਰ ਵਜੋਂ ਵਿਦਿਆਰਥੀਆਂ ਨੂੰ ਵਿਦਿਆ ਦਾ ਚਾਨਣ ਵੰਡਿਆ। ਉਨ੍ਹਾਂ 1960 ਤੋਂ ਸਾਹਿਤ ਸਿਰਜਣਾ ਦਾ ਕਾਰਜ ਆਰੰਭਿਆ ਜੋ ਹੁਣ ਤੱਕ ਜਾਰੀ ਹੈ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ, ਆਰਥਿਕ ਨਾ-ਬਰਾਬਰੀ, ਕੱਟੜਵਾਦ ਅਤੇ ਰਾਜਨੀਤਿਕ ਲੁੱਟ ਆਦਿ ਵਿਸ਼ਿਆਂ ਤੇ ਉਹ ਲਗਾਤਾਰ ਆਪਣੀ ਕਲਮ ਚਲਾ ਰਹੇ ਹਨ। ਉਨ੍ਹਾਂ ਨੇ ਆਪਣੀਆਂ ਚੋਣਵੀਆਂ ਕਾਵਿ ਰਚਨਾਵਾਂ ਵੀ ਪੇਸ਼ ਕੀਤੀਆਂ ਜਿੰਨ੍ਹਾਂ ਨੂੰ ਹਾਜ਼ਰੀਨ ਵੱਲੋਂ ਬਹੁਤ ਸਰਾਹਿਆ ਗਿਆ। ਸਮਾਗਮ ਦੇ ਦੂਸਰੇ ਦੌਰ ਵਿਚ ਪ੍ਰੋ. ਲੋਕ ਨਾਥ, ਪ੍ਰੋ. ਨੱਛਤਰ ਸਿੰਘ ਖੀਵਾ, ਜਗਸੀਰ ਸ਼ਰਮਾ, ਤਿਲਕ ਰਾਜ ਕਾਹਲ, ਦਿਆਲ ਸਿੰਘ ਪਿਆਸਾ, ਮੁਖਤਿਆਰ ਸਿੰਘ, ਦਰਸ਼ਨ ਸਿੰਘ ਰਾਹੀ, ਚੌਧਰੀ ਅਮੀ ਚੰਦ, ਜਗਰੂਪ ਸਿੰਘ, ਹਰਜਿੰਦਰਪਾਲ ਸਿੰਘ, ਹਰਦੀਪ ਸਿੰਘ, ਸਤੀਸ਼ ਬੇਦਾਗ, ਬੂਟਾ ਸਿੰਘ ਵਾਕਫ਼, ਸਮਸ਼ੇਰ ਸਿੰਘ ਗਾਫ਼ਿਲ, ਮਨੋਹਰ ਲਾਲ ਭਟੇਜਾ ਐਮ. ਸੀ., ਕੇਸਰ ਸਿੰਘ ਬਬਾਣੀਆ, ਬਸੰਤ ਸਿੰਘ ਰਾਜੂ, ਤੀਰਥ ਸਿੰਘ ਕਮਲ, ਬਿੱਕਰ ਸਿੰਘ ਵਿਯੋਗੀ, ਹਰਮਿੰਦਰ ਕੋਹਾਰਵਾਲਾ, ਕੁਲਵੰਤ ਗਿੱਲ, ਬੋਹੜ ਸਿੰਘ ਮਲੱਣ, ਸੋਹਣ ਸਿੰਘ, ਸਰਦੂਲ ਸਿੰਘ, ਪਰਗਟ ਸਿੰਘ ਜੰਬਰ, ਰਾਜਿੰਦਰ ਸਿੰਘ, ਗੁਰਸੇਵਕ ਸਿੰਘ ਪ੍ਰੀਤ, ਰਣਜੀਤ ਥਾਂਦੇਵਾਲਾ, ਗੁਰਚਰਨ ਸਿੰਘ, ਗੁਰਜੰਟ ਸਿੰਘ ਧਿਗਾਣਾ, ਦਰਸ਼ਨ ਸਿੰਘ, ਗੁਰਪ੍ਰੀਤ ਸਿੰਘ, ਸੁਖਚੈਨ ਥਾਂਦੇਵਾਲਾ, ਦਾਤਾਰ ਸਿੰਘ, ਮੰਗਲ ਸਿੰਘ ਬਰਾੜ, ਚੰਦ ਸਿੰਘ ਲੱਧੂਵਾਲਾ ਆਦਿ ਨੇ ਆਪਣੀਆਂ ਰਚਨਾਵਾਂ ਦਾ ਪਾਠ ਕੀਤਾ। ਲੋਕ-ਸਾਹਿਤ ਸਭਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਕਰਵਾਇਆ ਗਿਆ ਇਹ ਇੱਕ ਬੇਹੱਦ ਸਫ਼ਲ ਸਮਾਗਮ ਸੀ ਜਿਸ ਦੀਆਂ ਯਾਦਾਂ ਦੀ ਖੁਸ਼ਬੂ ਦੇਰ ਤੱਕ ਹਾਜ਼ਰ ਸਾਹਿਤਕਾਰਾਂ ਦੇ ਮਨਾਂ ਨੂੰ ਤਾਜ਼ਗੀ ਦਿੰਦੀ ਰਹੇਗੀ।

ਬੂਟਾ ਸਿੰਘ ਵਾਕਫ਼