ਤੇਰੇ ਪਿੱਛੇ ਮਾਪਿਆਂ ਦੀ ਪੱਗ ਪੈਰੀਂ ਰੋਲ ਦਿੱਤੀ
ਜਿਹੜੇ ਸੀਗੇ 'ਹੀਰੇ' ਪਲਾਂ 'ਚ ਬਣਗੇ ਵੇ ਮਿੱਟੀ
ਤੂੰ ਬਿਨਾਂ ਕਸੂਰੋਂ ਨੋਕ-ਝੋਕ ਜਿਹੀ ਕਰਦਾ ਰਹਿੰਨੈ ਵੇ
ਹੁਣ ਸੱਤ ਬੇਗਾਨਿਆਂ ਵਾਂਗੂੰ, ਕਾਹਤੋਂ ਲੜਦਾ ਰਹਿੰਨੈ ਵੇ
ਕੀਤੇ ਕੌਲ ਪੁਗਾਏ, ਜੁੱਤੀ ਪੈਰ ਨਾ ਪਾਉਂਦੀ ਸੀ
ਸਿਖਰ ਦੁਪਹਿਰੇ, ਰਾਤ ਕਾਲੀ ਕੁੰਡਾ ਖੜਕਾਉਂਦੀ ਸੀ
ਵਾਂਗ ਵੈਰੀ ਦੇ ਐਵੇਂ ਡੇਲੇ ਕੱਢਦਾ ਰਹਿੰਨੈ ਵੇ
ਹੁਣ ਸੱਤ ਬੇਗਾਨਿਆਂ ਵਾਂਗੂੰ, ਕਾਹਤੋਂ ਲੜਦਾ ਰਹਿੰਨੈ ਵੇ
ਖਿਲਾਫ ਕਚਹਿਰੀ ਭਾਈਆਂ ਦੇ ਸੀ ਬਿਆਨ ਕਰਾਤੇ ਵੇ
ਸਭ ਚਾਚੇ-ਤਾਇਆਂ ਤੇ ਵੀ ਪਰਚੇ ਦਰਜ ਕਰਾਤੇ ਵੇ
ਚੋਰੀ ਭੂਰਲ ਬਿਗਾਨੀ ਖੁਰਲੀ ਵਿੱਚੋਂ ਚਰਦਾ ਰਹਿੰਨੈ ਵੇ
ਹੁਣ ਸੱਤ ਬੇਗਾਨਿਆਂ ਵਾਂਗੂੰ, ਕਾਹਤੋਂ ਲੜਦਾ ਰਹਿੰਨੈ ਵੇ
ਜਾਤ-ਪਾਤ ਨਾ ਦੇਖੀ, ਨਾ ਕੋਈ ਰਿਸ਼ਤੇਦਾਰੀ ਵੇ
ਝੱਟ ਪਲਾਂ ਵਿੱਚ ਸਜਗੇ, ਆਪਾਂ ਲਾੜਾ-ਲਾੜੀ ਵੇ
ਗੈਰਾਂ ਲਈ ਤਾਂ ਜਾਨ ਤਲੀ ਤੇ ਧਰਦਾ ਰਹਿੰਨੈ ਵੇ
ਹੁਣ ਸੱਤ ਬੇਗਾਨਿਆਂ ਵਾਂਗੂੰ, ਕਾਹਤੋਂ ਲੜਦਾ ਰਹਿੰਨੈ ਵੇ
ਯਾਰੀ ਫੇਸ ਬੁੱਕ ਜਾਂ ਭੈਣੋਂ ਕੋਰਟ ਵਿਆਹ ਕਰਵਾਇਉ ਨਾ
'ਲੰਗਆਣੀਏ ਸਾਧੂ' ਦੀ ਗੱਲ ਵਿਅਰਥ ਗਵਾਇਓ ਨਾ
ਦੇਵੋ ਹੌਂਸਲਾ ਬਾਪੂ ਨੂੰ, ਕਿਉਂ ਖਰਦਾ ਰਹਿੰਨੈ ਵੇ
ਹੁਣ ਸੱਤ ਬੇਗਾਨਿਆਂ ਵਾਂਗੂੰ, ਕਾਹਤੋਂ ਲੜਦਾ ਰਹਿੰਨੈ ਵੇ