ਥੱਕੇ ਹੋਏ ਦਿਲ ਆਰਾਮ ਕਰ
(ਲੇਖ )
ਪਰਜੀਵੀ ਲੋਕਾਂ, ਜਿਵੇਂ ਸਾਧਾਂ, ਤਾਂਤ੍ਰਕਾਂ, ਪਾਖੰਡੀਆਂ ਤੇ ਮੰਗਤਿਆਂ ਨੂੰ ਛੱਡ ਕੇ ਬਾਕੀ ਆਮ ਲੋਕਾਂ ਨੂੰ ਆਪਣੀ ਰੋਜ਼ੀ ਰੋਟੀ ਲਈ ਕੋਈ ਨਾ ਕੋਈ ਕੰਮ ਕਰਨਾ ਹੀ ਪੈਂਦਾ ਹੈ। ਇਥੋਂ ਤਕ ਕਿ ਮੁਠੀ ਭਰ ਧਨਾਢ ਲੋਕ ਜੋ ਮੂੰਹ ਵਿਚ ਚਾਂਦੀ ਦਾ ਚਮਚਾ ਲੈ ਕੇ ਪੈਦਾ ਹੁੰਦੇ ਹਨ ਨੂੰ ਵੀ ਆਪਣਾ ਕਾਰੋ ਬਾਰ, ਵਿਉਪਾਰ ਜਾਂ ਕੰਪਣੀ ਨੂੰ ਜਾਰੀ ਰਖਣ ਲਈ, ਦੇਖ ਭਾਲ ਕਰਨ ਲਈ ਕੁਝ ਨਾ ਕੁਝ ਕਰਨਾ ਪੈਂਦਾ ਹੈ। ਅੰਗਰੇਜ਼ੀ ਵਿਚ ਇਕ ਕਹਾਵਤ ਹੈ, "ਵਰਕ ਇਜ਼ ਵਰਸ਼ਿਪ" (ਕੰਮ ਹੀ ਪੂਜਾ ਹੈ)। ਹਰ ਧਰਮ ਵਿਚ ਸੱਚੀ ਸੁਚੀ ਕ੍ਰਿਤ ਨੂੰ ਸਲਾਹਿਆ ਗਿਆ ਹੈ।
ਕੋਈ ਨੌਕਰੀ ਕਰਦੇ ਹੋ ਜਾ ਆਪਣਾ ਕਾਰੋਬਾਰ, ਆਖਰ ਇਕ ਦਿਨ ਰੀਟਾਇਰ ਹੋਣਾ ਹੁੰਦਾ ਹੈ, ਸਰਕਾਰੀ ਨੌਕਰੀ ਵਿਚ ੫੮ ਜਾਂ ੬੦ ਸਾਲ ਦੀ ਉਮਰ ਹੋਣ ਜਾਣ 'ਤੇ ਸੇਵਾ-ਮੁਕਤ ਕੀਤਾ ਜਾਂਦਾ ਹੈ। ਕਾਰਪੋਰੇਟ ਜਾਂ ਕਈ ਪ੍ਰਾਈਵੇਟ ਅਦਾਰੇ ਵੀ ਇਕ ਸਮੇਂ ਸੇਵਾ-ਮੁਕਤ ਕਰ ਦਿੰਦੇ ਹਨ।
ਮੈਂ ਇਕ ਅੰਗਰੇਜ਼ੀ ਅਖ਼ਬਾਰ ਦੀ ਨੌਕਰੀ ਤੋਂ ੬੦ ਸਾਲ ਦੀ ਉਮਰ ਹੋਣ 'ਤੇ ਰੀਟਾਇਰ ਹੋ ਗਿਆ ਸੀ। ਇਕ ਡਾਕਟਰ, ਇੰਜਨੀਅਰ, ਕਲਾਕਾਰ ਜਾਂ ਪੱਤਰਕਾਰ ਕਦੀ ਰੀਟਾਇਰ ਨਹੀਂ ਹੁੰਦਾ। ਸਾਰੀ ਉਮਰ ਕੁਝ ਨਾ ਕੁਝ ਕਰਦਾ ਰਹਿੰਦਾ ਹੈ। ਨੌਕਰੀ ਤੋਂ ਸੇਵਾ-ਮੁਕਤ ਹੋ ਕੇ ਮੈਂ ਇਕ ਕਾਲਮਨਵੀਸ ਵਜੋਂ ਸੇਵਾ ਕਰ ਰਿਹਾ ਹਾਂ। ਹੁਣ ਉਹ ਵੀ ਜਾਪਦਾ ਹੈ ਕਿ ਕਰਨ ਦੇ ਸਮਰਥ ਨਹੀ ਹਾਂ, ਬਹੁਤ ਥੱਕ ਗਿਆ ਹਾਂ। ਕਦੀ ਕਦੀ ਸਮਾਂ ਲੱਗੇ ਜਾਂ ਜੀਅ ਕਰੇ ਤਾਂ ਕੁਝ ਨਾ ਕੁਝ ਲਿਖ ਲਿਆ ਕਰਾਂਗਾ। ਵੈਸੇ ਰਸਮੀ ਤੌਰ 'ਤੇ ਦੋਸਤਾਂ ਤੇ ਪਾਠਕਾਂ ਨੂੰ ਅਲਵਿਦਾ ਆਖ ਰਿਹਾ ਹਾਂ।
ਆਪਣੇ ਜੀਵਨ ਸਫ਼ਰ ਦੌਰਾਨ ਮੁਖ ਤੌਰ ਤੇ ੧੧ ਕੁ ਸਾਲ ਇਕ ਅਧਿਆਪਕ ਤੇ ਫਿਰ ਲਗਭਗ ੪੫ ਸਾਲ ਪੱਤਰਕਾਰ ਵਜੋਂ ਸੇਵਾ ਕੀਤੀ ਹੈ। ਜਿਥੇ ਵੀ ਰਿਹਾ, ਜੋ ਕੰਮ ਵੀ ਕੀਤਾ, ਪੂਰੀ ਲਗਨ, ਮੇਹਨਤ ਤੇ ਇਮਾਨਦਾਰੀ ਨਾਲ ਕੀਤਾ ਹੈ। ਮੈਂ ਆਪਣੀਆਂ ਇਨ੍ਹਾਂ ਸੇਵਾਵਾਂ ਅਤੇ ਜੀਵਨ ਤੋਂ ਪੂਰੀ ਤਰ੍ਹਾਂ ਸਤੁੰਸ਼ਟ ਹਾਂ।
ਆਪਣੀ ਜ਼ਿੰਦਗੀ ਵਿਚ ਬਹੁਤ ਹੀ ਔਕੜਾਂ, ਮੁਸ਼ਕਲਾਂ ਤੇ ਪ੍ਰੇਸ਼ਾਨੀਆਂ ਦਾ ਸਾਹਮਣਾ ਕੀਤਾ ਹੈ। ਅਨਪੜ੍ਹ ਮਾਪਿਆਂ ਨੇ ਬਹੁਤ ਚੰਗੇ ਸੰਸਕਾਰ ਦਿੱਤੇ ਸਨ ਜਿਸ ਕਾਰਨ ਸਹਿਣਸ਼ੀਲਤਾ ਹੈ, ਚਣੌਤੀਆਂ ਦਾ ਸਾਹਮਣਾ ਕਰਨਾ ਸਿਖਾਇਆ ਹੈ। ਇਨ੍ਹਾਂ ਮੁਸੀਬਤਾਂ ਕਾਰਨ ਮੇਰੀ ਥਾਂ ਕੋਈ ਹੋਰ ਹੁੰਦਾ ਤਾਂ ਸ਼ਾਇਦ ਕਈ ਵਾਰੀ ਖੁਦਕਸ਼ੀ ਕਰਨ ਦਾ ਯਤਨ ਕਰਦਾ। ਆਪਣੇ ਭੈਣ ਭਰਾਵਾਂ ਤੇ ਇਕ ਜਿਗਰੀ ਸਾਹਿਤਕਾਰ ਦੋਸਤ ਤੋਂ ਬਿਨਾ ਜ਼ਿੰਦਗੀ ਵਿਚ ਕਿਸੇ ਨੇ ਮੇਰੀ ਮਦਦ ਨਹੀਂ ਕੀਤੀ, ਮੇਰਾ ਕੋਈ "ਗੌਡ ਫਾਦਰ" ਨਹੀਂ , ਆਪਣੇ ਆਪ ਕਰੜੀ ਮੇਹਨਤ ਕਰ ਕੇ, ਸੰਘੱਰਸ਼ ਕਰ ਕੇ ਅਜ ਵਾਲੇ ਮੁਕਾਮ ਤੇ ਪੁੱਜਾ ਹਾਂ, "ਸੈਲਫ-ਮੇਡ" ਵਿਅਕਤੀ ਹਾਂ। ਜ਼ਿੰਦਗੀ ਬੜੀ ਹੀ ਔਖੀ ਬਿਤਾਈ ਹੈ। ਹੁਣ ਜ਼ਿੰਦਗੀ ਦੀ ਸ਼ਾਮ ਵਿਚ ਹਾਂ, ਮੇਰੀ ਅਰਦਾਸ ਹੈ ਕਿ ਮੌਤ ਤਾਂ ਸ਼ਾਤੀਪੂਰਬਕ ਆਏ।
ਕਿਹਾ ਜਾਂਦਾ ਹੈ ਕਿ ਹਰ ਵਿਅਕਤੀ ਨੂੰ ਮਰਨ ਪਿਛੋਂ ਧਰਮ-ਰਾਜ ਪਾਸ ਅਪਣੀ ਜ਼ਿੰਦਗੀ ਦਾ ਲੇਖਾ ਜੋਖਾ ਦੇਣ ਲਈ ਪੇਸ਼ ਹੋਣਾ ਹੁੰਦਾ ਹੈ, ਉਸ ਸਮੇਂ ਕਿਸੇ ਵਕੀਲ ਜਾਂ ਗਵਾਹ ਨੇ ਨਾਲ ਨਹੀਂ ਜਾਣਾ। ਮੈਂ ਅਪਣੀ ਜ਼ਿੰਦਗੀ ਦਾ ਲੇਖਾ ਜੋਖਾ ਦੇਣ ਲਈ ਹਰ ਸਮੇਂ ਤਿਆਰ ਹਾਂ, ਇਥੇ ਇਸ ਜਹਾਨ ਵਿਚ ਕਿਸੇ ਵੀ ਅਦਾਲਤ ਜਾਂ ਸੰਸਥਾ ਸਾਹਮਣੇ, ਅਤੇ ਧਰਮ-ਰਾਜ ਦੇ ਸਾਹਮਣੇ ਵੀ।
ਮੈਨੂੰ ਗੁਰਬਾਣੀ ਵਿਚ ਅਥਾਹ ਵਿਸ਼ਵਾਸ਼ ਹੈ, ਹਰ ਰੋਜ਼ ਸਵੇਰੇ ਤੇ ਸ਼ਾਮ ਨੂੰ ਪਾਠ ਵੀ ਕਰਦਾ ਹਾਂ, ਫਿਰ ਵੀ ਮੇਰਾ ਨਿੱਜੀ ਵਿਚਾਰ ਹੈ ਕਿ ਹੋਰ ਕੋਈ ਜਨਮ ਨਹੀਂ। ਨਾ ਇਸ ਜ਼ਿੰਦਗੀ ਤੋਂ ਪਹਿਲਾਂ ਮੇਰਾ ਕੋਈ ਹੋਰ ਜਨਮ ਸੀ ਤੇ ਨਾ ਹੀ ਪਿਛੋਂ ਹੋਵੇਗਾ। ਕੁਦਰਤ ਇਸੇ ਜਨਮ ਵਿਚ ਹਿਸਾਬ ਕਿਤਾਬ ਕਰ ਦਿੰਦੀ ਹੈ। ਮੇਰੀ ਜਾਣੇ ਅਨਜਾਣੇ ਕੀਤੀ ਹਰ ਗ਼ਲਤੀ ਦੀ ਸਜ਼ਾ ਮੈਨੂੰ ਇਥੇ ਮਿਲਦੀ ਰਹੀ ਹੈ, ਇਸੇ ਤਰ੍ਹਾਂ ਲਗਪਗ ਹਰ ਚੰਗੇ ਕੰਮ ਦਾ ਕਿਸੇ ਨਾ ਕਿਸੇ ਰੂਪ ਵਿਚ ਇਨਾਮ ਜਾਂ ਪ੍ਰਸੰਸਾ ਵੀ ਮਿਲਦੀ ਰਹੀ ਹੈ।
ਆਪਣੀ ਜ਼ਿੰਦਗੀ ਵਿਚ ਬਹੁਤ ਕੰਮ ਕੀਤਾ ਹੈ, ਦੋ ਵਿਅਕਤੀਆਂ ਦੇ ਬਰਾਬਰ, ਆਪਣੇ ਆਪ ਤੋਂ ਸਰੀਰਕ ਤੇ ਮਾਨਸਿਕ ਤੌਰ 'ਤੇ ਆਪਣੀ ਸਮਰਥਾ ਨਾਲੋਂ ਵੱਧ ਕੰਮ ਲਿਆ ਹੈ। ਹੁਣ ਸਰੀਰਕ ਤੇ ਮਾਨੋਸਕ ਤੌਰ 'ਤੇ ਬਹੁਤ ਹੀ ਥਕ ਗਿਆ ਹਾਂ ਅਤੇ ਆਰਾਮ ਕਰਨਾ ਚਾਹੁੰਦਾ ਹਾਂ। ਸਾਰੀ ਉਮਰ ਕੰਡਿਆਲੇ ਰਾਹਾਂ 'ਤੇ ਹੀ ਤੁਰਨਾ ਪਿਆ ਹੈ। ਹੁਣ ਆਰਾਮ ਕਰਨਾ ਮੇਰਾ ਹੱਕ ਵੀ ਹੈ। ਉਂਝ ਮੈਂ ਆਪਣੀ ਮੌਜ ਨਾਲ ਅਪਣੇ ਅੰਤਮ ਸਾਹਾਂ ਤਕ ਅਪਣੀ ਕਲਮ ਨਾਲ ਕੁਝ ਨਾ ਕੂਝ ਲਿਖ ਕੇ ਸਮਾਜ ਦੀ ਸੇਵਾ ਕਰਨੀ ਚਾਹੁੰਦਾ ਹਾਂ। ਫਰਾਂਸ ਦੀ ਇਕ ਬੜੀ ਹੀ ਪ੍ਰਸਿੱਧ ਪਂੇਟਿੰਗ ਹੈ ਜਿਸ ਵਿਚ ਦਿਖਾਇਆ ਹੈ ਕਿ ਇਕ ਬਜ਼ੁਰਗ ਚਿੱਤਰਕਾਰ ਦੇ ਹੱਥੋ ਉਸ ਦਾ ਬੁਰਸ਼ ਮੌਤ ਦਾ ਫਰਿਸ਼ਤਾ ਹੀ ਆ ਕੇ ਛੁਡਵਾਉਂਦਾ ਹੈ। ਮੇਰੀ ਅਰਦਾਸ ਹੈ ਕਿ ਮੌਤ ਦਾ ਦੂਤ ਹੀ ਆ ਕੇ ਮੇਰੇ ਹੱਥ 'ਚੋਂ ਕਲਮ ਛੁੱਡਵਾਏ। ਆਮੀਨ!